ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਸਾਹਿਤ ਸਭਾਵਾਂ ਬਣਾਉਣ ਦੀ ਜ਼ਰੂਰਤ


ਪਿਛਲੇ ਸੰਪਾਦਕੀ ਲੇਖ ਵਿਚ ਅਸੀਂ ਗੱਲ ਕਰ ਰਹੇ ਸੀ ਕਿ ਪੰਜਾਬੀ ਸਾਹਿਤ ਸਭਾਵਾਂ ਨੂੰ ਖੱਬੇ ਪੱਖੀ ਸੋਚ ਤੋਂ ਮੁਕਤ ਕਰਨ ਦੀ ਬੜੀ ਲੋੜ ਹੈ, ਕਿਉਂਕਿ ਇਹ ਸਾਹਿਤ ਸਭਾਵਾਂ ਜਿਹੜੀਆਂ ਕਿ (ਕਥਿੱਤ) ਪੰਜਾਬੀ ਭਾਈਚਾਰੇ ਨੂੰ ਇਕ ਮੰਨ ਕੇ ਚਲਦੀਆਂ ਹਨ ਪਰ ਨਾਲ ਹੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਪਾਠਕਾਂ ਅਤੇ ਲੇਖਕਾਂ ਨੂੰ ਧਰਮ ਦੇ ਖੇਤਰ 'ਚੋਂ ਬਾਹਰ ਕੱਢ ਕੇ ਕਮਿਊਨਿਸਟ ਸੋਚ ਵੱਲ ਤੋਰਿਆ ਜਾਵੇ। ਅਜਿਹੀ ਹੀ ਸੋਚ ਨੂੰ ਲੈ ਕੇ ਇਹ ਸਾਹਿਤ ਸਭਾਵਾਂ ਅਕਸਰ ਸਿੱਖ ਮਾਮਲਿਆਂ ਵੱਲੋਂ ਅੱਖਾਂ ਮੀਚ ਲੈਂਦੀਆਂ ਹਨ ਜਾਂ ਫਿਰ ਸਿਰਫ਼ ਕੰਮ-ਚਲਾਊ ਜਿਹੇ ਸ਼ਬਦ ਵਰਤ ਕੇ ਅਸਲੀ ਰੰਗ ਵਿਚ ਆ ਜਾਂਦੀਆਂ ਹਨ। ਇਹਨਾਂ ਦੀ ਆਪਣੀ ਸੋਚਣੀ ਤਹਿਤ ਸਮਾਜ ਨੂੰ ਕਾਣੀ ਅੱਖ ਨਾਲ ਦੇਖਣ ਕਰਕੇ ਉਹ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੇ ਅਸਮਰੱਥ ਹੋ ਜਾਂਦੀਆਂ ਹਨ।
ਸਿੱਖਾਂ ਦਾ ਪਿਛਲਾ ਤਜਰਬਾ ਰਿਹਾ ਹੈ ਕਿ ਜਦੋਂ ਉਹ ਪੰਜਾਬੀ ਸਭਿਆਚਾਰ ਨੂੰ ਵੱਡਾ ਮੰਨ ਕੇ ਚਲਦੇ ਹਨ ਤਾਂ ਉਹ ਕੌਮੀ ਨੁਕਸਾਨ ਵੱਲ ਕਦਮ ਪੁੱਟ ਰਹੇ ਹੁੰਦੇ ਹਨ। ਪੰਜਾਬੀ ਸਭਿਆਚਾਰ ਵਿਚ ਉਹ ਸਾਰੇ ਫੋਕਟ ਰਸਮਾਂ-ਰਿਵਾਜ਼ ਅਤੇ ਪੂਜਾ-ਅਰਚਾ ਵੀ ਸ਼ਾਮਲ ਹੈ ਜਿਸ ਦਾ ਸਿੱਖ ਸਭਿਅਤਾ ਨਾਲ ਵਿਰੋਧ ਹੈ। ਖੱਬੇ ਪੱਖੀ ਪ੍ਰਭਾਵ ਹੇਠ ਪੰਜਾਬੀ ਸਾਹਿਤ ਸਭਾਵਾਂ ਸਿੱਖਾਂ ਅਤੇ ਕਥਿੱਤ ਪੰਜਾਬੀ ਸਭਿਆਚਾਰ ਨੂੰ ਇਕ ਕਰਨ ਲਈ ਕਾਹਲੀਆਂ ਹਨ ਜਦ ਕਿ ਸਿੱਖਾਂ ਅਤੇ ਪੰਜਾਬੀਆਂ ਦੇ ਧਾਰਮਿਕ ਅਤੇ ਸਮਾਜਿਕ ਸਰੋਕਾਰ ਇਕ ਨਹੀਂ ਹਨ। ਕਈ ਵਾਰ ਤਾਂ ਇਸ ਰਲਵੀਂ ਸਭਿਅਤਾ ਨੇ ਸਿੱਖ ਸਰੋਕਾਰਾਂ ਦਾ ਵਿਰੋਧ ਵੀ ਕੀਤਾ ਹੈ ਜਿਸ ਵਿਚ ਪੰਜਾਬ ਨੂੰ ਕਾਨੂੰਨੀ ਵੱਧ ਅਧਿਕਾਰ, ਪਾਣੀਆਂ ਅਤੇ ਪੰਜਾਬੀ ਬੋਲੀ ਦੇ ਮਸਲੇ ਵਿਚ ਸਾਂਝੇ ਸਭਿਆਚਾਰ ਨੇ ਸਿੱਖ ਸਰੋਕਾਰਾਂ ਦਾ ਵਿਰੋਧ ਕੀਤਾ ਹੈ। ਪੰਜਾਬ ਦਾ ਪੰਜਾਬੀ ਵਪਾਰੀ ਵਰਗ ਕਦੇ ਸਿੱਖ ਸਰੋਕਾਰਾਂ ਨਾਲ ਮਿਲ ਕੇ ਨਹੀਂ ਚੱਲ ਸਕਦਾ। ਇਕ ਵੱਡੀ ਗਿਣਤੀ ਵਾਲੀ ਪੰਜਾਬੀ ਲੇਖਕ ਸਭਾ ਇੰਦਰਾ ਗਾਂਧੀ ਦੀ ਮੌਤ 'ਤੇ ਅਫਸੋਸ ਦਾ ਮਤਾ ਤਾਂ ਪਾ ਦਿੰਦੀ ਹੈ ਪਰ ਉਸੇ ਪੰਜਾਬੀ ਸਭਾ ਨੂੰ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਅਤੇ ਨਵੰਬਰ 1984 ਵਿਚ ਦੇਸ਼ ਭਰ ਵਿਚ ਹੋਇਆ 'ਸਿੱਖ ਕਤਲੇਆਮ' ਬੇਚੈਨ ਨਹੀਂ ਕਰਦਾ। ਇਹਨਾਂ ਸਾਹਿਤ ਸਭਾਵਾਂ ਵਿਚ ਜਦੋਂ ਸਿੱਖ ਆਪਣੀਆਂ ਸਮੱਸਿਆਵਾਂ ਦੀ ਕੋਈ ਗੱਲ ਕਰਦੇ ਹਨ ਤਾਂ ਮੁੱਢਲੇ ਆਗੂਆਂ ਨੂੰ ਪੰਜਾਬੀ ਭਾਈਚਾਰੇ ਵਿਚ ਦੁਫੇੜ ਪੈ ਰਹੀ ਪ੍ਰਤੀਤ ਹੁੰਦੀ ਹੈ। ਆਪਣੀਆਂ ਕੌਮੀ ਔਖਾਂ ਨੂੰ ਸਾਹਿਤ ਵਿਚ ਲੈ ਕੇ ਆਉਣ ਵਾਲੇ ਲੇਖਕਾਂ ਵੱਲੋਂ ਸਾਹਿਤ ਸਭਾਵਾਂ ਪਾਸਾ ਵੱਟ ਲੈਂਦੀਆਂ ਹਨ। ਇਸ ਤਰ੍ਹਾਂ ਸਿੱਖ ਸਰੋਕਾਰਾਂ ਦੀ ਗੱਲ ਕਰਨ ਵਾਲਾ ਲੇਖਕ ਇਕੱਲਾ ਜਿਹਾ ਰਹਿ ਜਾਂਦਾ ਹੈ।
ਜਦੋਂ ਸਿੱਖ ਸਾਹਿਤ ਦੀ ਗੱਲ ਚਲਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਪਾਸ ਗੁਰੂ ਨਾਨਕ ਸਾਹਿਬ ਦਾ 'ਸ਼ਬਦ ਗੁਰੂ' ਸਿਧਾਂਤ ਅੱਗੇ ਹੈ ਜਿਸ ਵਿਚ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਸਖਸ਼ੀ ਗੁਰੂ ਦੀ ਥਾਂ 'ਸ਼ਬਦ ਗੁਰੂ' ਨਾਲ ਜੁੜਨ ਦੀ ਹਦਾਇਤ ਕੀਤੀ। ਸਾਰੇ ਗੁਰੂ ਸਾਹਿਬਾਨਾਂ ਨੇ ਸਿੱਖ ਸਾਹਿਤ ਦੀ ਰਚਨਾ ਅਤੇ ਉਤਸਾਹਿਤ ਕਰਨ ਵਿਚ ਵਿਸ਼ੇਸ਼ ਉਪਰਾਲੇ ਕੀਤੇ। ਇਸੇ ਸਮੇਂ ਵਿਚ ਹੀ ਅਧਿਆਤਮਿਕ ਸਾਹਿਤ ਦੀ ਵੱਡੀ ਪੱਧਰ 'ਤੇ ਰਚਨਾ ਕੀਤੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਤ ਰਚਨਾ ਨੂੰ ਬਲ ਦੇਣ ਲਈ ਬਵੰਜਾ ਕਵੀਆਂ ਦਾ ਗਠਨ ਕਰਕੇ 'ਸਿੱਖ ਸਾਹਿਤ ਸਭਾਵਾਂ' ਦਾ ਅਗਾਜ਼ ਵੀ ਕੀਤਾ। ਸਮੇਂ ਦੇ ਗੇੜ ਨਾਲ ਸਿੱਖ ਸੰਕਟ ਦੇ ਸਮਿਆਂ ਵਿਚ ਇਹ ਰੀਤ ਚਾਲੂ ਨਾ ਰੱਖ ਸਕੇ ਜਿਸ ਨਾਲ ਸਿੱਖ ਸਰੋਕਾਰਾਂ ਵਾਲੇ ਸਾਹਿਤ ਦੀ ਘਾਟ ਪੈਦਾ ਹੋ ਗਈ। ਸਮੇਂ-ਸਮੇਂ ਸਿਰ ਕੁਝ ਸਿੱਖ ਸ਼ਖਸੀਅਤਾਂ ਨੇ ਆਪਣੇ ਤੌਰ 'ਤੇ ਭਾਵੇਂ ਸਾਹਿਤ ਦੀ ਰਚਨਾ ਜ਼ਰੂਰ ਕੀਤੀ ਪਰ ਸੰਗਠਨ ਰੂਪ ਵਿਚ 'ਸਿੱਖ ਸਾਹਿਤ ਸਭਾਵਾਂ' ਦੀ ਰੀਤ ਚਾਲੂ ਨਾ ਰਹਿ ਸਕੀ। ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ 2006 ਵਿਚ 'ਸਿੱਖ ਲੇਖਕ ਸੰਮੇਲਨ' ਕਰਕੇ ਇਸ ਰੀਤ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ ਵੀ ਕੀਤਾ ਪਰ ਇਹ ਯਤਨ ਅੱਗੇ ਨਾ ਵਧ ਸਕੇ। ਇਸ ਵੇਲੇ ਹਾਲਤ ਇÂ ਹੈ ਕਿ ਸਿੱਖ ਲੇਖਕਾਂ ਨੂੰ ਆਪਣੇ ਕੌਮੀ ਸਰੋਕਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕੋਈ ਸਾਂਝਾ ਪਲੇਟਫਾਰਮ ਨਹੀਂ ਹੈ। ਇਹੀ ਕਾਰਨ ਹੈ ਕਿ ਇਸ ਵੇਲੇ ਦੀਆਂ ਸਿੱਖ ਕੌਮ ਨਾਲ ਸਬੰਧਤ ਲਿਖਤਾਂ ਵਿਚ ਇਕਸੁਰਤਾ ਦੀ ਥਾਂ ਵਖਰੇਵਾ ਹੋਣ ਕਾਰਨ ਕੌਮ ਦੀ ਨਵੀਂ ਪੀੜ੍ਹੀ ਕੌਮ ਦੇ ਬੁੱਧੀਜੀਵੀ ਵਰਗ ਦਾ ਵੱਖਰਾ-ਵੱਖਰਾ ਸਟੈਂਡ ਦੇਖ ਕੇ ਸਸੋਪੰਜ 'ਚ ਪੈ ਰਹੀ ਹੈ। ਸਿੱਖ ਨਵੀਂ ਪੀੜ੍ਹੀ ਦਾ ਪੰਜਾਬੀ ਅਤੇ ਸਿੱਖ ਸਾਹਿਤ ਨਾਲੋਂ ਮੋਹ ਟੁੱਟ ਰਿਹਾ ਹੈ। ਨਵੀਆਂ ਲਾਇਬਰੇਰੀਆਂ ਹੋਂਦ ਵਿਚ ਨਹੀਂ ਆ ਰਹੀਆਂ ਪੁਰਾਣੀਆਂ ਵੀ ਪਾਠਕਾਂ ਵੱਲੋਂ ਖਾਲੀ ਹੋ ਰਹੀਆਂ ਹਨ। ਸਿੱਖ ਸਮਾਜ ਨੂੰ ਆਪਣੇ ਕੌਮੀ ਵਿਰਸੇ ਨਾਲ ਜੋੜਨ ਵਾਲੀਆਂ ਪੁਸਤਕਾਂ ਪਾਠਕਾਂ ਦੀ ਉਡੀਕ ਵਿਚ ਨਕਾਰਾ ਹੋ ਰਹੀਆਂ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕੌਮ ਪਾਸ ਗਿਆਨ ਨੂੰ ਨਵੀਨ ਕਰਨ ਲਈ ਉਸ ਦੇ ਬੁੱਧੀਜੀਵੀ ਵਰਗ ਦਾ ਇਕਸੁਰ ਅਤੇ ਗਤੀਸ਼ੀਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨੁਕਤੇ ਤੋਂ ਸਿੱਖ ਧਰਮ ਵਿਚ ਆਈ ਖੜੋਤ ਨੂੰ ਤੋੜਨ ਲਈ ਜ਼ਰੂਰੀ ਹੈ ਕਿ ਇਕ ਸਾਂਝੀ ਅੰਤਰਰਾਸ਼ਟਰੀ ਸਿੱਖ ਸਾਹਿਤ ਸਭਾ' ਦਾ ਗਠਨ ਕੀਤਾ ਜਾਵੇ ਇਸ ਦੀਆਂ ਸ਼ਾਖਾਵਾਂ ਸੂਬਾ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਸਥਾਪਿਤ ਕੀਤੀਆਂ ਜਾਣ। ਇਸ ਤਰ੍ਹਾਂ ਕਰਨ ਨਾਲ ਜਿਥੇ ਨਵੀਂ ਸਿੱਖ ਪੀੜ੍ਹੀ ਆਪਣੀ ਕੌਮ ਦੇ ਸਰੋਕਾਰਾਂ ਵੱਲ ਖਿੱਚੀ ਜਾਵੇਗੀ ਉਥੇ ਕੌਮ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਬੁੱਧੀਜੀਵੀ ਵਰਗ ਵਿਚ ਇਕਸੁਰਤਾ ਵੀ ਪੈਦਾ ਹੋਵੇਗੀ।