ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ...


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 306ਵੇਂ ਸੰਪੂਰਨਤਾ ਦਿਵਸ 'ਤੇ ਵਿਸ਼ੇਸ਼
ਬਾਣੀ ਦੇ ਬੋਹਿਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਗੁਰੂ ਹੀ ਨਹੀਂ ਬਲਕਿ ਸਮੁੱਚੇ ਜਗਤ ਦੇ ਗੁਰੂ ਹਨ। ਇਸ ਦੀ ਵਡਿਆਈ ਅਤੇ ਅਚਰਜ ਸੋਭਾ ਇਹ ਵੀ ਹੈ ਕਿ ਇਸ ਵਿਚੋਂ ਸਮੁੱਚੀ ਲੋਕਾਈ ਨੂੰ ਵਿਸ਼ਵ ਪੱਧਰ 'ਤੇ ਸਰਬੱਤ ਦੇ ਭਲੇ ਦਾ ਪੈਗ਼ਾਮ ਨਸੀਬ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਇਹ ਵੀ ਹੈ ਕਿ ਇਹ ਪਾਵਨ ਸਰੂਪ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਤਿਆਰ ਤੇ ਸੰਪੂਰਨ ਕੀਤਾ। ਇਹ ਵੀ ਮਹਾਨਤਾ ਵਾਲੀ ਗੱਲ ਹੈ ਕਿ ਧਰਮ ਦੇ ਇਤਿਹਾਸ ਵਿਚ ਇਹ ਇਕ ਅਜਿਹਾ ਪਾਵਨ ਗ੍ਰੰਥ ਹੈ, ਜਿਸ ਦਾ ਗੁਰਦੁਆਰਾ ਸਾਹਿਬਾਨ 'ਚ ਰੋਜ਼ਾਨਾ ਪ੍ਰਕਾਸ਼ ਤੇ ਸੁਖ ਆਸਣ ਕੀਤਾ ਜਾਂਦਾ ਹੈ। ਲੱਖਾਂ ਪ੍ਰਾਣੀ ਰੋਜ਼ ਇਸ ਦੇ ਸਨਮੁਖ ਹੋ ਕੇ ਨਤਮਸਤਕ ਹੁੰਦਿਆਂ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸ ਕਰਦੇ ਹਨ। ਹਰ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਰੂਪ 'ਚ ਦਰਸ਼ਨ ਕਰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਅਜਿਹੇ ਬ੍ਰਹਮ ਦੇ ਬੋਲ ਅਤੇ ਪ੍ਰਮਾਤਮਾ ਦੇ ਗਿਆਨ ਦਾ ਸਾਗਰ ਹਨ, ਜਿਸ ਵਿਚ ਟੁੱਭੀ ਲਾ ਕੇ ਪ੍ਰਾਣੀ-ਮਾਤਰ ਆਤਮਿਕ-ਗਿਆਨ ਪ੍ਰਾਪਤ ਕਰਨ ਪਿੱਛੋਂ ਅਕਾਲ ਪੁਰਖ ਦੇ ਚਰਨ-ਕਮਲਾਂ ਦੀ ਪ੍ਰੀਤ ਪਾ ਸਕਦਾ ਹੈ :
ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ£ (ਅੰਗ 1058)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਰੰਕਾਰ ਦੀ ਵਿਚਾਰ ਕਰਦੀ ਤੇ ਥਾਹ ਦੱਸਦੀ ਹੈ ਅਤੇ ਧਰਮ ਦਾ ਮਾਰਗ ਦਰਸਾਉਂਦੀ ਹੈ। ਇਸ ਮਾਰਗ ਲਈ ਜ਼ਰੂਰੀ ਪਹਿਲੂ ਇਹ ਹੈ ਕਿ ਪਹਿਲਾਂ ਗੁਰਬਾਣੀ ਸੁਣਨੀ ਹੈ, ਫਿਰ ਪੜ੍ਹਨੀ ਹੈ ਤੇ ਵਿਚਾਰ ਉਪਰੰਤ ਉਸ ਅਨੁਸਾਰ ਜੀਵਨ ਜਿਊਣਾ ਹੈ। ਅਗਰ ਮਨੁੱਖ ਇਹ ਬ੍ਰਹਮ ਵਿਚਾਰ ਸੁਣ ਕੇ ਕਮਾ ਲਵੇ ਤਾਂ ਭਵ-ਸਾਗਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ ਅਤੇ ਉਸ ਦੀ ਸਮਾਈ ਨਿਰੰਕਾਰ ਵਿਚ ਹੋ ਜਾਂਦੀ ਹੈ। ਗੁਰੂ-ਫੁਰਮਾਨ ਹੈ :
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ£
ਜੋ ਸੁਣੇ ਕਮਾਵੈ ਸੁ ਉਤਰੈ ਪਾਰਿ£
ਜਨਮਿ ਨ ਮਰੈ ਨ ਆਵੈ ਨ ਜਾਇ£
ਹਰਿ ਸੇਤੀ ਓਹੁ ਰਹੈ ਸਮਾਇ£ (ਅੰਗ 370)
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਨਾਜ਼ਲ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਵੱਲੋਂ ਭਗਤਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਨੂੰ ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਬਚਨ 'ਪੋਥੀ' ਰੂਪ ਵਿਚ ਲਿਖ ਦਿੱਤੇ ਅਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮਿਕ ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਜੀ ਤੱਕ ਨਿਰੰਤਰ ਚਲਦਾ ਰਿਹਾ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦਾ ਦੁੱਖ ਹਰਣ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ਵਰਸੋਏ ਸਿੱਖਾਂ ਦੀ ਬਾਣੀ ਨੂੰ ਇਕੱਠਾ ਕਰ ਲਿਆ। ਸਾਰੀ ਬਾਣੀ ਨੂੰ ਘੋਖਿਆ ਅਤੇ ਰਾਗਾਂ ਅਨੁਸਾਰ ਤਰਤੀਬ ਦਿੱਤੀ। ਭਾਈ ਗੁਰਦਾਸ ਜੀ ਸਮੇਤ ਹੋਰ ਗੁਰਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦਾ ਸੰਕਲਨ ਕੀਤਾ। ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਪਾਵਨ ਬੀੜ ਲਿਖਣ ਦੀ ਸੇਵਾ ਨਿਭਾਈ। ਗੁਰੂ ਸਾਹਿਬ ਦੀ ਬਾਣੀ ਮਹਲਾ ਪਹਿਲਾ, ਦੂਜਾ, ਤੀਜਾ, ਚੌਥਾ ਤੇ ਪੰਜਵਾਂ ਆਦਿ ਕ੍ਰਮ ਅਨੁਸਾਰ ਅਤੇ ਉਸ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ। ਇਸੇ ਤਰ੍ਹਾਂ ਬਾਣੀ ਦੇ ਪਹਿਲਾਂ, ਪਦੇ, ਦੁਪਦੇ, ਤਿਪਦੇ, ਚੌਪਦੇ ਅਤੇ ਅਸ਼ਟਪਦੀਆਂ ਤੋਂ ਬਾਅਦ ਲੰਬੀ ਬਾਣੀ ਜਿਵੇਂ ਛੰਤ, ਵਾਰਾਂ, ਸਿਧ ਗੋਸ਼ਟਿ, ਅਨੰਦ ਸਾਹਿਬ ਆਦਿ ਨੂੰ ਰੱਖਿਆ। ਆਦਿ ਬੀੜ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਦਾ ਪਹਿਲਾ ਪ੍ਰਕਾਸ਼ ਭਾਦੋਂ 1661 ਬਿਕਰਮੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਸੇਵਾ-ਸੰਭਾਲ ਲਈ ਮੁੱਖ ਗ੍ਰੰਥੀ ਥਾਪਿਆ।
ਮੁਗਲਾਂ ਨਾਲ ਲੰਬੀ ਜੱਦੋ-ਜਹਿਦ ਮਗਰੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਤਲਵੰਡੀ ਸਾਬੋ (ਤਖ਼ਤ ਸ੍ਰੀ ਦਮਦਮਾ ਸਾਹਿਬ) ਟਿਕੇ ਤਾਂ ਉਨ੍ਹਾਂ ਨੇ ਆਦਿ ਬੀੜ ਦੀ ਸੰਪੂਰਨਤਾ ਦੀ ਵਿਚਾਰ ਕੀਤੀ। ਦਸਮੇਸ਼ ਪਿਤਾ ਜੀ ਨੇ ਆਪਣੇ ਪਿਆਰੇ ਸਿੱਖਾਂ ਵਿਚੋਂ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਗੁਰਦੁਆਰਾ ਲਿਖਣਸਰ ਦੇ ਸਥਾਨ 'ਤੇ ਆਦਿ ਬੀੜ ਦੀ ਪਹਿਲੀ ਤਰਤੀਬ ਨੂੰ ਬਰਕਰਾਰ ਰੱਖਦਿਆਂ ਹੋਇਆਂ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ। ਤੀਹ ਰਾਗਾਂ ਵਿਚ ਇਕ ਹੋਰ 'ਰਾਗ ਜੈਜਾਵੰਤੀ' ਸ਼ਾਮਿਲ ਹੋਣ ਨਾਲ ਬਾਣੀ ਇਕੱਤੀ ਰਾਗਾਂ ਵਿਚ ਹੋ ਗਈ। ਇਸ ਕਾਰਜ ਦੀ ਸੰਪੂਰਨਤਾ ਸੰਨ 1706 ਈ: ਨੂੰ ਹੋਈ। ਇਸ ਪਾਵਨ ਸਰੂਪ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ, ਸ੍ਰੀ ਹਜ਼ੂਰ ਸਾਹਿਬ, ਨੰਦੇੜ (ਮਹਾਰਾਸ਼ਟਰ) ਵਿਖੇ ਅਕਤੂਬਰ 1708 ਈ: ਨੂੰ ਜੋਤੀ-ਜੋਤਿ ਸਮਾਉਣ ਤੋਂ ਇਕ ਦਿਨ ਪਹਿਲਾਂ ਮੱਥਾ ਟੇਕ, ਗੁਰੂ-ਪਦਵੀ ਦੀ ਮੋਹਰ ਲਾ, ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ :
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ ਖੋਜ ਸ਼ਬਦ ਮੈ ਲੇਹ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)
ਪਾਤਸ਼ਾਹ ਵੱਲੋਂ ਹੋਏ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਲਈ ਪ੍ਰਤੱਖ ਗੁਰੂ ਹਨ। ਵਰਤਮਾਨ ਸਮੇਂ ਕੁਝ ਲੋਕ ਦੇਹਧਾਰੀ ਗੁਰੂ-ਡੰਮ੍ਹ ਦਾ ਪ੍ਰਚਾਰ ਕਰ ਰਹੇ ਹਨ। ਕਈ ਭੋਲੇ-ਭਾਲੇ ਲੋਕ ਵੀ ਅਜਿਹੇ ਲੋਕਾਂ ਦੇ ਝਾਂਸੇ ਵਿਚ ਆ ਕੇ ਗੁਰੂ ਤੋਂ ਬੇਮੁਖ ਹੋ ਰਹੇ ਹਨ। ਇਸ ਪ੍ਰਥਾਏ ਸਤਿਗੁਰਾਂ ਦੀ ਬਾਣੀ ਦਾ ਫ਼ਰਮਾਨ ਹੈ :
ਸਤਿਗੁਰ ਕੀ ਬਾਣੀ
ਸਤਿ ਸਰੂਪੁ ਹੈ ਗੁਰਬਾਣੀ ਬਣੀਐ£
ਸਤਿਗੁਰ ਕੀ ਰੀਸੈ ਹੋਰਿ ਕਚੁ
ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ£
(ਅੰਗ 304)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਸ੍ਰੀ ਗੁਰੂ ਰਾਮਦਾਸ ਜੀ ਗੁਰਸਿੱਖਾਂ ਨੂੰ ਨਸੀਹਤ ਰੂਪ ਵਿਚ ਇਹ ਹੁਕਮ ਕਰਦੇ ਹਨ ਕਿ ਸਤਿਗੁਰੂ ਦੀ ਬਾਣੀ ਹੀ ਸਤਿ ਕਰ ਕੇ ਮੰਨਣੀ ਹੈ, ਕਿਉਂਕਿ ਇਹ ਨਿਰੰਕਾਰ ਨੇ ਆਪ ਸਤਿਗੁਰਾਂ ਰਾਹੀਂ ਆਵੇਸ਼ ਕਰਾਈ ਹੈ। ਗੁਰੂ-ਡੰਮ੍ਹ ਤੋਂ ਸਾਵਧਾਨ ਰਹਿ ਕੇ ਸਤਿਗੁਰਾਂ ਦੁਆਰਾ ਦਿੱਤੇ ਹੁਕਮ ਦਾ ਪਾਲਣ ਕਰਨਾ ਹਰ ਸਿੱਖ ਦਾ ਪਹਿਲਾ ਤੇ ਆਖਰੀ ਫਰਜ਼ ਹੈ। ਸਤਿਗੁਰਾਂ ਦਾ ਫੁਰਮਾਨ ਹੈ :
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ£ (ਅੰਗ 308)
ਆਓ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਖੰਡੇ-ਬਾਟੇ ਦੀ ਪਾਹੁਲ ਛਕ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹਿਰਦੇ 'ਚ ਵਸਾ ਨਿਰੰਕਾਰ ਨਾਲ ਇਕਮਿਕਤਾ ਹਾਸਲ ਕਰੀਏ। ਸਤਿਗੁਰਾਂ ਦਾ ਹੁਕਮ ਹੈ :
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ£
ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ£
(ਅੰਗ 1424)
ਜਥੇ. ਅਵਤਾਰ ਸਿੰਘ ਮੱਕੜ
ਪ੍ਰਧਾਨ, ਐਸ.ਜੀ.ਪੀ.ਸੀ.