ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਕੌਮ ਦਾ ਅਨਮੋਲ ਹੀਰਾ ਕਰਮ ਸਿੰਘ ਹਿਸਟੋਰੀਅਨ


ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦਾ ਨਾਂਅ ਇਤਿਹਾਸਕਾਰਾਂ ਦੀ ਮੂਹਰਲੀ ਕਤਾਰ 'ਚ ਆਉਂਦੈ। ਕਰਮ ਸਿੰਘ ਦਾ ਜਨਮ ਸੰਨ 1884 ਈ: ਵਿਚ ਪਿੰਡ ਝਬਾਲ (ਜ਼ਿਲ੍ਹਾ ਅੰਮ੍ਰਿਤਸਰ) 'ਚ ਸ: ਝੰਡਾ ਸਿੰਘ ਦੇ ਘਰ ਹੋਇਆ। ਆਪ ਨੇ ਝਬਾਲ ਦੇ ਪ੍ਰਾਇਮਰੀ ਸਕੂਲ ਤੋਂ ਮੁਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਮਿਡਲ ਅਤੇ ਤਰਨ ਤਾਰਨ ਤੋਂ ਦਸਵੀਂ ਪਾਸ ਕੀਤੀ। ਸੰਨ 1902 ਵਿਚ ਖਾਲਸਾ ਕਾਲਜ ਅੰਮ੍ਰਿਤਸਰ 'ਚ ਐਫ. ਐਸ. ਸੀ. ਵਿਚ ਦਾਖਲਾ ਲਿਆ। ਸੰਨ 1905 ਵਿਚ ਪੜ੍ਹਾਈ ਦੇ ਅਖੀਰਲੇ ਸਾਲ ਦੇ ਇਮਤਿਹਾਨਾਂ ਵਿਚ ਹਾਲੇ ਕੁਝ ਕੁ ਮਹੀਨੇ ਹੀ ਰਹਿੰਦੇ ਸਨ ਕਿ ਇਤਿਹਾਸ ਦੀ ਖੋਜ ਕਰਨ ਦਾ ਉਦੇਸ਼ ਲੈ ਕੇ ਪੜ੍ਹਾਈ ਵਿਚੇ ਛੱਡ ਕੇ ਘਰੋਂ ਨਿਕਲ ਤੁਰੇ। ਸੰਤ ਅਤਰ ਸਿੰਘ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਕਰਮ ਸਿੰਘ ਨੇ ਇਤਿਹਾਸ ਦੀ ਖੋਜ ਦੌਰਾਨ ਗੁਰੂ ਨਾਨਕ ਸਾਹਿਬ ਦੀ ਮੱਕਾ, ਮਦੀਨਾ ਤੇ ਬਗਦਾਦ ਦੀ ਯਾਤਰਾ ਦੀ ਖੋਜ ਲਈ ਇਨ੍ਹਾਂ ਸਥਾਨਾਂ 'ਤੇ ਜਾਣ ਦਾ ਫੈਸਲਾ ਕੀਤਾ। ਮੱਕੇ ਦੀ ਯਾਤਰਾ 'ਤੇ ਗ਼ੈਰ-ਮੁਸਲਮਾਨ ਦੇ ਜਾਣ 'ਤੇ ਪੂਰਨ ਪਾਬੰਦੀ ਹੈ। ਆਪ ਨੇ ਭਾਈ ਤਖਤ ਸਿੰਘ ਦੀ ਅਗਵਾਈ ਲੈ ਕੇ ਹਾਜੀ ਦਾ ਭੇਸ ਧਾਰਨ ਕਰ ਲਿਆ ਅਤੇ ਹਾਜੀਆਂ ਦੇ ਜਥੇ 'ਚ ਸ਼ਾਮਿਲ ਹੋ ਕੇ ਬਗਦਾਦ ਪਹੁੰਚ ਗਏ। ਆਪ ਮੱਕੇ ਤਾਂ ਨਾ ਜਾ ਸਕੇ ਪਰ ਬਗਦਾਦ ਵਿਚ ਗੁਰੂ ਨਾਨਕ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਕੇ ਵਾਪਸ ਆ ਗਏ। ਉਸ ਸਮੇਂ ਗੁਰਦੁਆਰਿਆਂ ਉੱਪਰ ਮਹੰਤਾਂ ਦੇ ਕਬਜ਼ੇ ਸਨ। ਆਪ ਨੇ ਬਗਦਾਦ ਯਾਤਰਾ ਤੋਂ ਮੁੜਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣੀ ਚਾਹੀ ਪਰ ਮਹੰਤ ਨੇ ਦੇਗ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ, ਕਿਉਂਕਿ ਆਪ ਸਿੰਘ ਸਭਾ ਲਹਿਰ ਨਾਲ ਸਬੰਧ ਰੱਖਦੇ ਸਨ ਅਤੇ ਸਿੰਘ ਸਭੀਆਂ ਦੀ ਦੇਗ ਕਰਨ 'ਤੇ ਮਹੰਤਾਂ ਨੇ ਰੋਕ ਲਗਾ ਰੱਖੀ ਸੀ। ਪਟਿਆਲਾ ਰਿਆਸਤ ਦੇ ਮੁੱਖ ਮੰਤਰੀ ਸਰ ਜੋਗਿੰਦਰ ਸਿੰਘ ਨੇ ਕਰਮ ਸਿੰਘ ਨੂੰ 'ਸਟੇਟ ਹਿਸਟੋਰੀਅਨ' ਮੁਕੱਰਰ ਕਰ ਦਿੱਤਾ ਪਰ ਆਪ ਨੇ ਆਜ਼ਾਦ ਤੌਰ 'ਤੇ ਵਿਚਰਨ ਦੇ ਉਦੇਸ਼ ਨਾਲ ਛੇਤੀ ਹੀ ਇਹ ਨੌਕਰੀ ਛੱਡ ਦਿੱਤੀ। ਉਸ ਤੋਂ ਬਾਅਦ ਪਟਿਆਲਾ ਦੇ ਪਿੰਡ ਪਤਾਰਸੀ ਵਿਚ ਜ਼ਮੀਨ ਖਰੀਦ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਉੱਤਰ ਪ੍ਰਦੇਸ਼ ਦੇ ਨੈਨੀਤਾਲ ਕੋਲ ਤਿੰਨ ਕੁ ਹਜ਼ਾਰ ਵਿੱਘੇ ਜ਼ਮੀਨ ਖਰੀਦ ਲਈ ਅਤੇ ਨਯਾ ਗਾਓਂ ਪਿੰਡ 'ਚ ਰਿਹਾਇਸ਼ ਕਰ ਲਈ। ਕੁਝ ਸਮੇਂ ਬਾਅਦ ਕਰਮ ਸਿੰਘ ਬਿਮਾਰ ਪੈ ਗਏ। ਇਸ ਤੋਂ ਬਾਅਦ ਮਲੇਰੀਆ ਹੋ ਗਿਆ। ਬੇਪ੍ਰਵਾਹੀ ਵਰਤਣ ਕਾਰਨ ਬਿਮਾਰੀ ਵਧਦੀ ਹੀ ਗਈ। ਆਖਰਕਾਰ ਕੌਮ ਦਾ ਇਹ ਹੀਰਾ 10 ਸਤੰਬਰ 1930 ਨੂੰ ਸਦੀਵੀ ਵਿਛੋੜਾ ਦੇ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਰਾਜਪੁਰਾ (ਪਟਿਆਲਾ), ਬੱਸੀ ਪਠਾਣਾਂ (ਫਤਹਿਗੜ੍ਹ ਸਾਹਿਬ) ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਰਹਿ ਰਹੇ ਹਨ। ਗੁਰੂ ਨਾਨਕ ਸਾਹਿਬ ਦੇ ਜਨਮ 'ਤੇ ਕੀਤੀ ਗਈ ਇਤਿਹਾਸਕ ਖੋਜ 'ਕੱਤਕ ਕਿ ਵਿਸਾਖ' ਉੱਪਰ ਕੁਝ ਸਮੇਂ ਲਈ ਕੁਝ ਕਾਰਨਾਂ ਕਰਕੇ ਚੀਫ ਖਾਲਸਾ ਦੀਵਾਨ ਨੇ ਰੋਕ ਲਗਾ ਰੱਖੀ ਸੀ। ਉਸ ਮਹਾਨ ਇਤਿਹਾਸਕਾਰ ਨੂੰ ਅਸੀਂ ਪ੍ਰਣਾਮ ਕਰਦੇ ਹਾਂ।
- ਗੁਰਪ੍ਰੀਤ ਸਿੰਘ ਤਲਵੰਡੀ