ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਹਾਇਪਰ-ਯੂਰੇਸੀਮੀਆਂ ਜਾਂ ਗਾਊਟ


‘ਗਾਊਟ’ ਸ਼ਬਦ, ਸਭ ਤੋਂ ਪਹਿਲਾਂ 1200 ਏ.ਡੀ. ਵਿਚ ਰੈਂਡੋਲਫਸ ਨੇ ਵਰਤਿਆ ਸੀ। ਇਹ ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ’ਇਕ ਤੁਬਕਾ’। ਆਕਸਫੋਰਡ ਦੇ ਸ਼ਬਦ-ਕੋਸ਼ ਅਨੁਸਾਰ ਇਸ ਦਾ ਮਤਲਬ ਹੈ ‘‘ਖੂਨ ’ਚੋਂ ਬੀਮਾਰੀ ਵਾਲੇ ਪਦਾਰਥ (ਯੂਰਿਕ ਏਸਿਡ) ਦਾ ਜੋੜਾਂ ਅਤੇ ਉਨ੍ਹਾਂ ਦੇ ਦੁਆਲੇ ਤੰਤੂਆਂ ਵਿਚ ਜੰਮਣਾ’’। ਇਸ ਰੋਗ ਸਬੰਧੀ ਪਹਿਲਾ ਦਸਤਾਵੇਜ਼ 2600 ਬੀ.ਸੀ. ਵਿਚ ਯੂਨਾਨ ’ਚੋਂ ਮਿਲਦਾ ਹੈ।
ਇਕ ਅੰਗਰੇਜ਼ ਡਾਕਟਰ ਥਾਮਸ ਸਿਡਨਹੈਮ ਨੇ 1683 ਵਿਚ ਆਪਣੀ ਖੋਜ ਦੇ ਆਧਾਰ ’ਤੇ ਦੱਸਿਆ ਸੀ ਕਿ ਇਸ ਰੋਗ ਦੀ ਸਮੱਸਿਆ ਬੰਦਿਆਂ ਵਿਚ ਵਧੇਰੇ ਹੁੰਦੀ ਹੈ ਤੇ ਇਸ ਦਾ ਦਰਦ, ਅੱਧੀ ਰਾਤ ਤੋਂ ਬਾਅਦ ਸ਼ੁਰੂ ਹੁੰਦਾ ਹੈ। ਗਾਊਟ ਦੇ 75‚ ਤੋਂ ਵਧੇਰੇ ਕੇਸਾਂ ਵਿਚ ਪੈਰ ਦਾ ਅੰਗੂਠਾ ਹੀ ਬਲੀ ਦਾ ਬੱਕਰਾ ਬਣਦਾ ਹੈ। ਕਈ ਵਾਰ ਇੰਜ ਵੇਖਿਆ ਗਿਆ ਹੈ ਕਿ ਬੰਦਾ ਰਾਤ ਨੂੰ ਠੀਕ-ਠਾਕ ਸੁੱਤਾ, ਦੋ-ਢਾਈ ਵਜੇ, ਪੈਰ ਦੇ ਅੰਗੂਠੇ ਜਾਂ ਅੱਡੀ ਵਿਚ ਐਸੀ ਪੀੜ ਸ਼ੁਰੂ ਹੋਈ ਕਿ ਨੀਂਦ ਹਰਾਮ ਹੋ ਗਈ। ਦਰਦ ਇਦਾਂ ਦੀ ਹੁੰਦੀ ਏ ਜਿਵੇਂ ਕੋਈ ਹੱਡੀ ਟੁੱਟ ਗਈ ਹੋਵੇ ਜਾਂ ਕੋਈ ਜੋੜ ਨਿਕਲ ਗਿਆ ਹੋਵੇ। ਸਾਰਾ ਸਰੀਰ ਕੰਬਣ ਲੱਗਦਾ ਹੈ, ਥੋੜ੍ਹਾ ਜਿਹਾ ਬੁਖ਼ਾਰ ਵੀ ਲਗਦਾ ਹੈ ਤੇ ਪੱਖੇ ਦੀ ਹਵਾ ਵੀ ਦਰਦ ਨੂੰ ਵਧਾਉਂਦੀ ਹੈ। ਪੈਰ ਨੂੰ ਚਾਦਰ/ਖੇਸ ਨਾਲ ਕੱਜਣ ਵੇਲੇ ਕੱਪੜੇ ਦੀ ਛੋਹ ਵੀ ਪੀੜ ਵਧਾਉਂਦੀ ਹੈ। ਰਾਤ ਬੜੇ ਤਸੀਹਿਆਂ ਵਿਚ ਗੁਜ਼ਰਦੀ ਹੈ।
ਪਿਛਲੇ ਕੁਝ ਦਹਾਕਿਆਂ ਦੌਰਾਨ ਗਾਊਟ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇਕ ਤੋਂ ਦੋ ਪ੍ਰਤੀਸ਼ਤ ਵਾਧਾ ਹੋਇਆ ਹੈ। ਇਹ ਵਾਧਾ ਜਨਤਾ ਵਿਚ ਰਿਸਕ ਫੈਕਟਰਜ਼, ਜੀਵਨ ਕਾਲ ਵਿੱਚ ਵਾਧਾ ਅਤੇ ਖਾਣ ਪੀਣ ਦੀਆਂ ਵਸਤਾਂ ਵਿਚ ਤਬਦੀਲੀਆਂ ਹੋਣ ਕਾਰਨ ਹੋਇਆ ਹੈ।
ਗਾਊਟ, ਜੋੜਾਂ ਦੀ ਇਕ ਐਸੀ ਮੈਡੀਕਲ ਸਥਿਤੀ ਹੈ ਜਿਸ ਵਿਚ ਜੋੜਾਂ ਵਿੱਚ ਅਸਹਿਣਯੋਗ ਦਰਦ, ਸੋਜ ਅਤੇ ਲਾਲਗੀ ਆ ਜਾਂਦੀ ਹੈ ਤੇ ਇਸ ਹਿੱਸੇ ਦਾ ਤਾਪਮਾਨ ਬਾਕੀ ਦੁਆਲੇ ਤੋਂ ਵਧ ਜਾਂਦਾ ਹੈ। ਜਦ ਇਸ ਦਾ ਦੌਰਾ ਪੈਂਦਾ ਹੈ ਤਾਂ ਦਰਦ ਇੰਨੀ ਜ਼ਿਆਦਾ ਹੁੰਦੀ ਹੈ ਜਿਵੇਂ ਸੁੱਜੇ ਹੋਏ ਜੋੜ ਵਿਚ ਛੁਰੀਆਂ ਵੱਜ ਰਹੀਆਂ ਹੋਣ। ਉਸ ਜਗ੍ਹਾ ’ਤੇ ਪੱਖੇ ਦੀ ਹਵਾ ਵੀ ਲੱਗਦੀ ਹੈ।  ਪੈਰ ’ਤੇ ਭਾਰ ਪਾਉੇਣ ਦੀ ਗੱਲ ਛੱਡੋ, ਇਸ ਦਰਦ ਦੀ ਡਿਗਰੀ ਇੰਨੀ ਹੁੰਦੀ ਹੈ ਕਿ ਪੈਰ ਉਤੇ ਕੋਈ ਕੱਪੜਾ (ਜਿਵੇਂ ਚਾਦਰ, ਖੇਸ, ਜਾਂ  ਪਹਿਨਣ ਲੱਗਿਆਂ ਪਜਾਮਾ/ਪੈਂਟ ਆਦਿ ਦਾ ਪੌਂਚਾ ਵੀ) ਲੱਗ ਜਾਵੇ ਤਾਂ ਜਾਨ ਕੱਢਣ ਵਾਲੀ ਪੀੜ ਹੁੰਦੀ ਹੈ। ਕਈ ਰੋਗੀ, ਗੁਰਦੇ ਦੀਆਂ ਪੱਥਰੀਆਂ (ਯੂਰਿਕ ਏਸਿਡ ਵਾਲੀਆਂ) ਜਾਂ ਯੈਰੇਟ-ਨੈਫਰੋਪੈਥੀ ਨਾਲ ਆਉਂਦੇ ਹਨ। ਇਹ ਰੋਗ (ਗਾਊਟ) ਖੂਨ ਵਿਚ ਯੂਰਿਕ ਏਸਿਡ ਦਾ ਪੱਧਰ ਵਧਣ ਨਾਲ ਹੁੰਦਾ ਹੈ। ਵਧਿਆ ਹੋਇਆ ਯੂਰਿਕ ਏਸਿਡ ਜੋੜਾਂ ਤੇ ਨਾਲ ਲਗਦੇ ਪੱਠਿਆਂ ਵਿਚ ਕਿਣਕਿਆਂ    (ਕ੍ਰਿਸਟਲਜ਼) ਵਾਂਗ ਜੰਮ ਜਾਂਦਾ ਹੈ ਜਿਸ ਨਾਲ ਜੋੜਾਂ ਵਿਚ ਤਕਲੀਫ ਪੈਦਾ ਹੋ ਜਾਂਦੀ ਹੈ। ਇਤਿਹਾਸਕ ਤੌਰ ’ਤੇ ਇਸ ਰੋਗ ਨੂੰ ‘‘ਮਹਾਰਾਜਿਆਂ ਦਾ ਰੋਗ’’ (ਡਿਸਈਜ਼ ਆਫ ਕਿੰਗਜ਼) ਜਾਂ ਅਮੀਰ ਲੋਕਾਂ ਦੀ ਬੀਮਾਰੀ ਕਿਹਾ ਗਿਆ ਹੈ। ਕਿਉਂਕਿ ਇਹ ਸਮੱਸਿਆ ‘‘ਪੀਣ ਖਾਣ’’ ਵਾਲੇ ਰਾਇਲ ਸਟਾਇਲ ਲੋਕਾਂ ਨੂੰ ਵਧੇਰੇ ਹੁੰਦੀ ਹੈ। ਭਾਵੇਂ ਮੈਡੀਕਲ ਸਾਹਿਤ ’ਚ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਫਿਰ ਵੀ ਕਈ ਵਿਚਾਰ- ਵਟਾਂਦਰਿਆਂ ਤੇ ਨਿਜੀ ਤਜਰਬੇ ਤੋਂ ਮਹਿਸੂੁਸ ਕੀਤਾ ਗਿਆ ਹੈ ਗਾਊਟ (ਹਾਇਪਰ- ਯੂਰੀਸੀਮੀਆਂ) ਵਾਲੇ ਵਿਅਕਤੀਆਂ ਦਾ ਦਿਮਾਗ਼ ਬੜੀ ਤੇਜ਼ੀ ਨਾਲ ਕੰਮ ਕਰਦਾ ਹੈ ਤੇ ਇਹ ਲੋਕ ਬੜੇ ਜ਼ਹੀਨ ਹੁੰਦੇ ਹਨ।
ਨਿਮਨਲਿਖਤ ਕੁਝ ਜ਼ਹੀਨ ਲੋਕਾਂ ਨੂੰ ਇਹ ਤਕਲੀਫ ਰਹੀ ਸੀ:
ਕਈ ਯੁੱਧ ਕਰਕੇ ਜਿੱਤਾਂ ਹਾਸਲ ਕਰਨ ਵਾਲਾ ਸਿਕੰਦਰ ਮਹਾਨ, ਅੰਗਰੇਜ਼ੀ ਦੇ ਮਸ਼ਹੂਰ ਪਲੇਅ ਰਾਇਟਰ ਤੇ ਮਹਾਨ ਕਵੀ ਸੈਕਸਪੀਅਰ ਸਮੁੰਦਰ ਦੀਆਂ ਯਾਤਰਾਵਾਂ ਕਰਕੇ ਕਈ ਟਾਪੂ ਤੇ ਜਗ੍ਹਾ ਖੋਜਣ ਵਾਲਾ ਕਰਿਸਟੋਫਰ ਕੋਲੰਬਸ, ‘ਲਾਅਜ਼ ਆਫ ਮੋਸ਼ਨ/ਇਨਰਸ਼ੀਆ’ ਤੇ ਗੁਰੂਤਾ (ਗਰੈਵਿਟੀ) ਵਾਲੇ ਮਸ਼ਹੂਰ ਸਾਇੰਸਦਾਨ ਨਿਊਟਨ, ਆਇਰਲੈਂਡ ਦਾ ਮਹਾਰਾਜਾ ਹੈਨਰੀ ਅਠਵਾਂ।
ਐਂਟੋਨੀ ਵੇਨ ਲਿਊਵੈਂਟਹੌਕ ਨੇ ਸਭ ਤੋਂ ਪਹਿਲਾਂ, ਸੰਨ 1679 ਵਿਚ ਖੁਰਦਬੀਨ ਰਾਹੀਂ ਯੂਰਿਕ ਏਸਿਡ ਦੇ ਕਿਣਕੇ ਦਰਸਾਏ ਸਨ। ਸੰਨ 1848 ਵਿਚ ਅੰਗਰੇਜ਼ ਡਾਕਟਰ ਐਲਫ੍ਰਡ ਬੇਰਿੰਗ ਗਰੋਡ ਨੇ ਦੱਸਿਆ ਸੀ ਕਿ ਯੂਰਿਕ ਏਸਿਡ ਦਾ ਜੋੜਾਂ ਵਿਚ ਜਮਾਂ ਹੋਣਾ ਹੀ ਗਾਊਟ ਰੋਗ ਦੇ ਲੱਛਣਾਂ ਦਾ ਕਾਰਨ ਹੈ।
ਇਸ ਰੋਗ ਦਾ ਪੱਕਾ ਪਤਾ ਜਾਂ ਡਾਇਗਨੋਸਿਸ, ਮਰੀਜ਼ ਦੇ ਲੱਛਣ, ਖੂਨ ਵਿਚ ਯੂਰਿਕ ਏਸਿਡ ਦਾ ਪੱਧਰ ਤੇ ਉਸ ਜੋੜ ਦਾ ਐਕਸਰੇ, ਇਕੱਠੇ ਹੋਏ ਅਸਾਧਾਰਣ ਤਰਲ ਦੇ ਖੁਰਦਬੀਨੀ ਜਾਂਚ ਨਾਲ ਯੂਰਿਕ ਏਸਿਡ ਦੇ ’ਕਿਣਕੇ’ ਦੇਖਣ ਨਾਲ ਬਣਦਾ ਹੈ। ਨਸੇਡ (ਨਾਨ- ਸਟੀਰਾਇਡਲ ਐਂਟੀ ਇਨਫਲੇਮੇਟਰੀ ਡਰੱਗਸ), ਕੌਲਚੀਸੀਨ ਆਦਿ ਦਵਾਈਆਂ ਨਾਲ, ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਂਦੀ ਹੈ ਤੇ ਪੀੜ ਠੀਕ ਹੋ ਜਾਣ ਤੋਂ ਬਾਅਦ ਯੂਰਿਕ ਏਸਿਡ ਦਾ ਲੈਵਲ ਘਟਾਉਣ ਵਾਸਤੇ ਜੀਵਨ-ਵਿਧੀ ਵਿਚ ਤਬਦੀਲੀਆਂ ਅਤੇ ਕਈ ਹੋਰ ਦਵਾਈਆਂ (ਐਲੋਪਿਊਰੀਨੋਲ) ਲੈਣੀਆਂ ਪੈਂਦੀਆਂ ਹਨ ਤੇ ਇਹ ਲੈਵਲ ਕੰਟਰੋਲ ’ਚ ਰੱਖਿਆ ਜਾ ਸਕਦਾ ਹੈ।
ਹਾਇਪਰ ਯੂਰਿਸੀਮੀਆਂ: ਖੂਨ ਵਿਚ ਯੂਰਿਕ ਏਸਿਡ ਦੇ ਵਧੇ ਹੋਏ ਲੈਵਲ ਨੂੰ ਹਾਇਪਰ ਯੂਰਿਸੀਮੀਆਂ ਕਿਹਾ ਜਾਂਦਾ ਹੈ, (ਉਵੇਂ ਹੀ ਜਿੱਦਾਂ ਸ਼ੂਗਰ ਦੇ ਰੋਗੀ ਦੇ ਖੂਨ ਵਿਚ ਵਧੇ ਹੋਏ ਸ਼ੂਗਰ ਦੇ ਲੈਵਲ ਨੂੰ ਹਾਇਪਰ ਗਲਾਇਸੀਮੀਆਂ)। ਯੂਰਿਕ ਏਸਿਡ ਦਾ ਨਾਰਮਲ ਲੈਵਲ ਦਾ ਉਪਰਲਾ ਪੱਧਰ, ਮਰਦਾਂ ਵਿਚ 6.8 ਮਿਲੀਗ੍ਰਾਮ ਪ੍ਰਤੀਸ਼ਤ ਤੇ ਔਰਤਾਂ ਵਿਚ 6 ਮਿਲੀਗ੍ਰਾਮ ਪ੍ਰਤੀਸ਼ਤ ਹੁੰਦਾ ਹੈ।
ਇਸ ਵਾਧੇ ਦੇ ਕਈ ਕਾਰਨ ਹਨ:
ਜੈਨੇਟਿਕ ਕਾਰਨ, ਪਰਿਵਾਰਕ ਪਿੱਠ-ਭੂਮੀ ਮੋਟਾਪਾ, ਗੁਰਦਾ ਰੋਗ ਜਿਸ ਵਿਚ ਯੂਰਿਕ ਏਸਿਡ ਦੀ ਕਲੀਅਰੈਂਸ ਸਹੀ ਨਾ ਹੋਵੇ (ਰੀਨਲ ਇਨਸਫੀਸ਼ੈਂਸੀ), ਹਾਈ ਬਲੱਡ ਪ੍ਰੈਸ਼ਰ, ਸ਼ਰਾਬ ਦਾ ਵਧੇਰੇ ਸੇਵਨ (ਸਭ ਤੋਂ ਮਹੱਤਵਪੂਰਨ ਕਾਰਨ ਹੈ)।
ਭੋਜਨ ਵਿਚ ’ਪਿਊਰੀਨਜ਼’ ਦਾ ਵਧੇਰੇ ਹੋਣਾ ਹਾਇਪਰ ਯੂਰਿਸੀਮੀਆਂ ਦਾ ਕਾਰਣ ਬਣਦਾ ਹੈ। ਪਿਊਰੀਨਜ਼ ਵਾਲੇ ਭੋਜਨ ਨਿਮਨਲਿਖਤ ਹਨ: ਮਾਂਹ, ਰਾਜਮਾਂਹ ਤੇ ਛਿੱਲੜ ਵਾਲੀਆਂ ਦਾਲਾਂ, ਪਾਲਕ, ਟਮਾਟਰ,  ਰੈਡ- ਮੀਟ (ਮਟਨ) ਸ਼ਰਾਬ, ਵਧੇਰੇ ਪ੍ਰੋਟੀਨ ਵਾਲੇ ਭੋਜਨ (ਜਿਵੇਂ ਪਨੀਰ) ਆਦਿ। ਭਾਵੇਂ ਕੁਝ ਨਵੇਂ ਅਧਿਐਨਾਂ ਮੁਤਾਬਕ ਬਹੁਤੇ ਪ੍ਰਹੇਜ਼ ਲੋੜੀਂਦੇ ਨਹੀਂ ਫਿਰ ਵੀ ਸ਼ਰਾਬ ਤੇ ਰੈਡ ਮੀਟ ਵਗੈਰਾ ਤੇ ਸਰੀਰ ਦੇ ਭਾਰ ਨੂੰ ਕੰਟਰੋਲ ਕਰਨਾ/ਰੱਖਣਾ ਜ਼ਰੂਰੀ ਹੈ।
ਮੇਰੇ ਨਿਜੀ ਤਜਰਬੇ ਅਨੁਸਾਰ ਬਰਸਾਤਾਂ ਜਾਂ ਸਲਾਭੇ ਵਾਲੇ ਮੌਸਮ ਵਿਚ ਇਸ (ਗਾਊਟ) ਦੇ ਦੌਰੇ  ਵਧੇਰੇ  ਪੈਂਦੇ  ਹਨ। ਵਰਤ ਰੱਖਣ ਜਾਂ ਭੁੱਖੇ ਰਹਿਣ ਨਾਲ ਵੀ ਪਿਊਰੀਨਜ਼ ਵਧਦੀਆਂ ਹਨ ਤੇ ਗਾਊਟ ਦਾ ਦੌਰਾ ਪੈ ਸਕਦਾ ਹੈ।
ਔਰਤਾਂ ਵਿਚ, ਹਾਇਪਰ-ਯੂਰੀਸੀਮੀਆਂ ਹੋਣ ਦੇ ਬਾਵਜੂਦ ਕਈ ਵਾਰ ’ਟਿਪੀਕਲ ਗਾਊਟ’ ਦੀ ਦਰਦ ਦਾ ਦੌਰਾ ਨਹੀਂ ਪੈਂਦਾ, ਉਂਜ ਜੋੜਾਂ ਵਿਚ ਦਰਦਾਂ ਰਹਿੰਦੀਆਂ ਹਨ। ਪਰ ਗੁਰਦੇ ਵਿਚ ਪਥਰੀਆਂ ਬਣ ਜਾਂਦੀਆਂ ਹਨ ਜੋ ਇਸ ਨੂੰ ਖ਼ਰਾਬ ਕਰ ਦੇਂਦੀਆਂ ਹਨ। ਇਕ ਐਸਾ ਹੀ ਕੇਸ ਜਿਸ ਦਾ ਮੈਂ ਨਿਰੀਖਣ ਕੀਤਾ ਸੀ, ਮੈਨੂੰ ਕਦੀ ਨਹੀਂ ਭੁੱਲਦਾ। ਨੁਕਸਾਨੇ ਹੋਏ ਇਕ ਗੁਰਦੇ ਨੂੰ ਅਪਰੇਸ਼ਨ ਦੁਆਰਾ ਕੱਢਿਆ ਗਿਆ ਤੇ ਮੇਰੇ ਵਿਭਾਗ ਵਿਚ ਜਾਂਚ ਲਈ ਭੇਜਿਆ ਗਿਆ। ਨਿਰੀਖਣ ਦੌਰਾਨ ਜਦ ਇਸ ਨੂੰ ਕੱਟ ਕੇ ਵੇਖਿਆ ਤਾਂ ਪਤਾ ਲੱਗਾ ਕਿ ਉਹਦੇ ਅੰਦਰ ਚਿੱਟੇ ਤੇ ਸੂਹੇ ਰੰਗ ਦੇ ਕਿਣਕਿਆਂ ਨਾਲ ਭਰੀਆਂ ਛੋਟੀਆਂ-ਵੱਡੀਆਂ ਥੈਲੀਆਂ ਜੇਹੀਆਂ ਬਣੀਆਂ ਹੋਈਆਂ ਸਨ। ਵੱਡੀਆਂ ਨਾਲੀਆਂ ਵਿਚ ਕੁਝ ਪਥਰੀਆਂ (ਯੂਰਿਕ ਏਸਿਡ ਸਟੋਨ) ਵੀ ਸਨ, ਜਿਨ੍ਹਾਂ ਕਰਕੇ ਗੁਰਦਾ ਖ਼ਰਾਬ ਹੋ ਚੁੱਕਾ ਸੀ। ਕਿਣਕਿਆਂ ਦੀ ਖ਼ੁਰਦਬੀਨੀ ਜਾਂਚ ਤੋਂ ਪਤਾ ਲੱਗਾ ਕਿ ਉਹ ਯੂਰਿਕ ਏਸਿਡ ਦੇ ਕਰਿਸਟਲ ਸਨ। ਗੁਰਦੇ ਦੇ ਤੰਤੂਆਂ ਦੇ ਛੋਟੇ ਟੁਕੜੇ ਖ਼ੁਰਦਬੀਨੀ ਜਾਂਚ ਲਈ ਲੈ ਲਏ ਗਏ। ਅਪਰੇਸ਼ਨ ਦੇ ਤਿੰਨ ਦਿਨਾਂ ਬਾਅਦ ਜਦ ਮਰੀਜ਼, ਸਰਜਰੀ ਦੀ ਦਰਦ ਤੋਂ ਠੀਕ ਤੇ ਗੱਲਬਾਤ ਕਰਨ  ਜੋਗੀ  ਹੋਈ ਤਾਂ ਵਾਰਡ ਵਿਚ ਜਾਂ ਕੇ ਉਸ ਨੂੰ, ਹਾਇਪਰ-ਯੂਰੀਸੀਮੀਆਂ ਜਾਂ ਗਾਊਟ ਬਾਰੇ ਪੁੱਛਿਆ ਗਿਆ ਤਾਂ ਉਹਨੂੰ ਕੁਝ ਵੀ ਨਹੀਂ ਸੀ ਪਤਾ। ਯੂਰਿਕ ਏਸਿਡ ਦਾ ਟੈਸਟ ਕਰਵਾਉਣ ਲਈ ਉਹਦੇ ਖ਼ੂਨ ਦਾ ਸੈਂਪਲ ਲਿਆ ਗਿਆ। ਰਿਪੋਰਟ ਅਨੁਸਾਰ ਇਸ ਦਾ ਲੈਵਲ 8.2 ਮਿਲੀਗ੍ਰਾਮ ਪ੍ਰਤੀਸ਼ਤ ਸੀ ਅਰਥਾਤ ਹਾਇਪਰ ਯੂਰੀਸੀਮੀਆਂ (ਨਾਰਮਲ 6 ਮਿਲੀਗ੍ਰਾਮ)। ਅਪਰੇਸ਼ਨ ਤੋਂ ਪਹਿਲਾਂ ਸਰਜਨ ਨੂੰ ਤੇ ਮਰੀਜ਼ ਬੀਬੀ ਨੂੰ ਵੀ ਸਿਰਫ ਇਹੀ ਪਤਾ ਸੀ ਕਿ ਪਥਰੀ ਕਰਕੇ ਗੁਰਦਾ ਨੁਕਸਾਨਿਆ ਗਿਆ ਹੈ। ਇਹ ਨਹੀਂ ਸੀ ਪਤਾ ਕਿ ਉਹ ਇਕ ਹਾਇਪਰ-ਯੂਰੀਸੀਮੀਆਂ ਦਾ ਕੇਸ ਹੈ ਜਿਸ ਨਾਲ ਪਥਰੀ ਵੀ ਬਣੀ ਤੇ ਗੁਰਦਾ ਵੀ ਨੁਕਸਾਨਿਆ ਗਿਆ ਸੀ ਤੇ ਗੁਰਦੇ ਦੀ ਕੁਰਬਾਨੀ ਦੇਣੀ ਪਈ ਸੀ।
ਇਨਵੈਸਟੀਗੇਸ਼ਨਜ਼: ਖ਼ੂਨ ਦੇ ਟੈਸਟ ਜਿਵੇਂ ਹੀਮੋਗਲੋਬਿਨ, ਈ.ਐਸ ਆਰ; ਟੀ.ਐਲ.ਸੀ.; ਡੀ. ਐਲ. ਸੀ,; ਯੂਰਿਕ-ਏਸਿਡ ਲੈਵਲ ਤੇ ਗੁਰਦੇ ਚੈਕ ਕਰਨ ਦੇ ਟੈਸਟ- ਬਲੱਡ ਯੂਰੀਆ, ਕ੍ਰੀਐਟੀਨੀਨ।
ਇਲਾਜ: ਮੁਕੰਮਲ ਮੁਆਇਨੇ ਤੇ ਪੂਰੀ ਜਾਂਚ ਤੋਂ ਬਾਅਦ ਐਲੋਪਿਊਰੀਨੋਲ/ ਜ਼ਾਇਲੋਰਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਲੰਮਾਂ ਸਮਾਂ ਖਾਣੀਆਂ ਪੈਂਦੀਆਂ ਹਨ। ਰੋਗ ਪੁਰਾਣਾ ਹੋ ਜਾਵੇ ਤੇ ਅੰਗੂਠਾ (ਪੈਰ ਦਾ) ਜ਼ਿਆਦਾ ਖ਼ਰਾਬ ਹੋ ਜਾਵੇ ਤਾਂ ਕਈ ਵਾਰ ਅਪਰੇਸ਼ਨ ਕਰਕੇ ਕੱਟਣਾ ਪੈਂਦਾ ਹੈ।
ਯਾਦ ਰੱਖਣ ਯੋਗ:
ਵਰਜ਼ਿਸ਼ ਨਾਲ ਸਰੀਰ ਨੂੰ ਕਿਰਿਆਸ਼ੀਲ ਰੱਖੋ, ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਨੂੰ ਵਿਚ ਰੱਖੋ।  ਵਰਜਿਤ ਆਹਾਰ ਤੋਂ ਪ੍ਰਹੇਜ਼ ਰੱਖੋ।
ਭਾਵੇਂ ਕੁਝ ਦਵਾਈਆਂ ਸੁਝਾਈਆਂ ਗਈਆਂ ਹਨ, ਫਿਰ ਵੀ ਸੈਲਫ ਮੈਡੀਕੇਸ਼ਨ ਬਿਲਕੁਲ ਨਾ ਕਰੋ। ਅਗਰ ਕਿਸੇ ਨੂੰ ਇਸ ਤਰ੍ਹਾਂ ਦੇ ਲੱਛਣ ਹੋਣ ਤਾਂ ਮਾਹਿਰ ਡਾਕਟਰ ਦੀ ਸਲਾਹ ਨਾਲ ਜਾਂਚ ਤੇ ਇਨਵੈਸਟੀਗੇਸ਼ਨਜ਼ ਤੋਂ ਬਾਅਦ ਹੀ ਇਲਾਜ ਕਰਵਾਓ।
ਡਾ.ਮਨਜੀਤ ਸਿੰਘ ਬੱਲ