ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦਾ ਦਬੰਧ


ਸਤਿਕਾਰਯੋਗ ਜੀ,
ਗੁਰ ਫਤਹਿ!
ਤੁਹਾਨੂੰ ਚੇਤੇ ਹੋਵੇਗਾ 27 ਫਰਵਰੀ ਨੂੰ ਆਪਣੀ ਮੁਲਾਕਾਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਸੈਮੀਨਾਰ ਦੌਰਾਨ ਹੋਈ ਸੀ। ਤੁਸੀਂ ਪੰਜਾਬੀ ਤੇ ਸਿੱਖ ਸਭਿਆਚਾਰ ਬਾਰੇ ਇਕ ਮਹੱਤਵਪੂਰਨ ਸੁਆਲ ਖੜ੍ਹਾ ਕੀਤਾ ਸੀ। ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਜੁਆਬ ਤੋਂ ਸੰਤੁਸ਼ਟ ਨਹੀਂ ਸੀ ਹੋਏ। ਇਸ ਦੇ ਮੈਨੂੰ ਦੋ ਕਾਰਨ ਨਜ਼ਰ ਆਏ। ਇਕ ਤਾਂ ਆਪਣੇ ਆਪਸੀ ਵਾਰਤਾਲਾਪ ਦਾ ਇਹ ਪਹਿਲਾ ਮੌਕਾ ਸੀ। ਦੂਜਾ ਗੱਲਬਾਤ ਲਈ ਸਮਾਂ ਬੇਹੱਦ ਥੋੜ੍ਹਾ ਸੀ। ਜਿੰਨੀ ਕੁ ਗੱਲਬਾਤ ਚੱਲੀ ਉਸ ਤੋਂ ਸਾਫ਼ ਪਤਾ ਚਲਦਾ ਸੀ ਕਿ ਆਪਣੀ ਸਮਝ ਅੰਦਰ ਬਹੁਤ ਵੱਡਾ ਪਾੜਾ ਹੈ ਜੋ ਕਿਸੇ ਇਕ ਵਾਰਤਾਲਾਪ ਵਿਚ ਦੂਰ ਨਹੀਂ ਹੋ ਸਕਦਾ। ਪਹਿਲੇ ਪੜਾਅ ਉਤੇ ਤਾਂ ਇਕ ਦੂਜੇ ਦੇ ਮੱਤ ਨੂੰ ਸਮਝਿਆ ਹੀ ਜਾ ਸਕਦਾ ਹੈ। ਪਰ ਸਮੇਂ ਦੀ ਸੀਮਾ ਕਾਰਨ ਇਹ ਕਾਰਜ ਵੀ ਤਸੱਲੀਬਖ਼ਸ਼ ਹੱਦ ਤਕ ਪੂਰਾ ਨਹੀਂ ਸੀ ਹੋ ਸਕਿਆ। ਮੇਰਾ ਜੀ ਕਰਦਾ ਸੀ ਕਿ ਸਾਰੇ ਮਸਲੇ ਬਾਰੇ ਤੁਹਾਡੇ ਨਾਲ ਨਿੱਠ ਕੇ ਗੱਲਬਾਤ ਕੀਤੀ ਜਾਵੇ। ਕਿਉਂਕਿ ਤੁਹਾਡੇ ਸੁਆਲ ਵਿਚੋਂ ਸੁਹਿਰਦਤਾ ਤੇ ਸੰਜੀਦਗੀ ਦੀ ਸਾਫ਼ ਝਲਕ ਮਿਲਦੀ ਸੀ। ਇਸ ਚਿੱਠੀ ਰਾਹੀਂ ਮੈਂ ਤੁਹਾਡੇ ਨਾਲ ਵਿਚਾਰ ਅਧੀਨ ਮਸਲੇ ਬਾਰੇ ਮੇਰੀਆਂ ਕੁੱਝ ਬੁਨਿਆਦੀ ਸਿਧਾਂਤਕ ਧਾਰਨਾਵਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ, ਤਾਂ ਜੋ ਤੁਸੀਂ ਮੇਰੇ ਮੱਤ ਨੂੰ ਠੀਕ ਸੰਦਰਭ ਵਿਚ ਰੱਖ ਕੇ ਦੇਖ ਸਕੋ।
ਤੁਸੀਂ ਪੰਜਾਬੀ ਸਭਿਆਚਾਰ ਦੀ ਪਰਿਭਾਸ਼ਾ ਦਾ ਸੁਆਲ ਖੜ੍ਹਾ ਕੀਤਾ ਸੀ, ਅਤੇ ਨਾਲ ਹੀ ਇਸ ਮਾਮਲੇ ਵਿਚ cut off date ਦੇਣ ਦੀ ਮੰਗ ਕੀਤੀ ਸੀ।
    ਮੈਂ ਉਥੇ ਵੀ ਸਪਸ਼ਟ ਕੀਤਾ ਸੀ, ਅਤੇ ਇਥੇ ਫਿਰ ਇਹ ਗੱਲ ਦੁਹਰਾਉਣਾ ਚਾਹੁੰਦਾ ਹਾਂ ਕਿ ਕਿਸੇ ਵਰਤਾਰੇ ਨੂੰ ਸਮਝਣ ਲਈ ਪਰਿਭਾਸ਼ਾ ਤੋਂ ਆਰੰਭ ਕਰਨਾ ਵਿਸਲੇਸ਼ਣ ਦੀ ਦਰੁਸਤ ਵਿਧੀ ਨਹੀਂ ਹੁੰਦੀ। ਸਾਨੂੰ ਕਦੇ ਵੀ ਪਰਿਭਾਸ਼ਾ ਦੀ ਸੀਮਾ ਨੂੰ ਅੱਖੋਂ ਓਹਲੇ ਨਹੀ ਕਰਨਾ ਚਾਹੀਦਾ। ਕੁਦਰਤੀ ਅਤੇ ਸਮਾਜੀ ਵਰਤਾਰਿਆਂ ਅੰਦਰ ਏਨੀ ਵਿਭਿੰਨਤਾ ਹੈ ਕਿ ਕੋਈ ਵੀ ਇਕ ਵਰਤਾਰਾ ਕਿਸੇ ਦੂਜੇ ਵਰਤਾਰੇ ਦੀ ਹੂ-ਬ-ਹੂ ਨਕਲ ਨਹੀਂ। ਸਿਰਜਣਹਾਰ ਨੇ ਸ੍ਰਿਸ਼ਟੀ ਨੂੰ ਕੁੱਝ ਇਸ ਤਰ੍ਹਾਂ ਹੀ ਸਿਰਜਿਆ ਹੈ। ਸ੍ਰਿਸ਼ਟੀ ਦੇ ਇਸ ਨਿਯਮ ਨੂੰ ਉਲੰਘਿਆ ਨਹੀਂ ਜਾ ਸਕਦਾ। ਇਸ ਨੂੰ ਸਮਝਿਆ ਹੀ ਜਾ ਸਕਦਾ ਹੈ। ਇਸ ਕਰਕੇ ਕਿਸੇ ਖਾਸ ਵਰਤਾਰੇ ਬਾਰੇ ਵਿਕਸਤ ਕੀਤਾ ਕੋਈ ਸਿਧਾਂਤ ਸਾਡੇ ਲਈ ਆਮ ਸੇਧ ਹੀ ਮੁਹੱਈਆ ਕਰ ਸਕਦਾ ਹੈ। ਇਸ ਆਮ ਸੇਧ ਦੀ ਰੋਸ਼ਨੀ ਵਿਚ ਹਰ ਵਰਤਾਰੇ ਨੂੰ ਉਸ ਦੀ ਵਿਸੇਸ਼ਤਾ ਵਿਚ ਸਮਝਣਾ ਜਰੂਰੀ ਹੋ ਜਾਂਦਾ ਹੈ। ਪਰਿਭਾਸ਼ਾ ਦਾ ਰੋਲ ਸਿਰਫ ਇੰਨਾ ਹੀ ਸਮਝਣਾ ਚਾਹੀਦਾ ਹੈ। ਪਰਿਭਾਸ਼ਾ ਕਦੇ ਵੀ ਵਿਸਲੇਸ਼ਣ ਦਾ ਬਦਲ ਨਹੀਂ ਹੋ ਸਕਦੀ। ਸਮਾਜੀ ਹਕੀਕਤ ਨੂੰ ਜਾਨਣ ਦੀ ਖਰੀ ਵਿਗਿਆਨਕ ਵਿਧੀ ਹਕੀਕਤ ਦੇ ਅਨੁਸਾਰੀ ਜੀਵਤ ਸਿਧਾਂਤ ਵਿਕਸਤ ਕਰਨਾ ਹੈ, ਨਾ ਕਿ ਨਿਰਜਿੰਦ ਸਿਧਾਂਤ ਨੂੰ ਹਕੀਕਤ ਉਤੇ ਮੜ੍ਹਨਾ।
ਪੰਜਾਬੀ ਅਤੇ ਸਿੱਖ ਸਭਿਆਚਾਰ ਦੇ ਰੇੜਕੇ ਨੂੰ ਹੱਲ ਕਰਨ ਲਈ ਸਭ ਤੋਂ ਪਹਿਲੀ ਲੋੜ ‘ਸਭਿਆਚਾਰ‘ ਬਾਰੇ ਸਹੀ ਸਮਝ ਬਨਾਉਣਾ ਹੈ। ਸਭਿਆਚਾਰ ਨੂੰ ਸਿਰਫ ਖਾਣ-ਪੀਣ, ਪਹਿਨਣ-ਪਚਰਨ ਤੇ ਮੌਜ-ਮਸਤੀ ਦੇ ਰੂਪਾਂ ਤਕ ਸੁੰਗੇੜ ਕੇ ਦੇਖਣ ਦੀ ਗਲਤੀ ਆਮ ਕੀਤੀ ਜਾਂਦੀ ਹੈ। ਇਹ ਗੱਲ ਅਕਸਰ ਹੀ ਅੱਖੋਂ ਓਹਲੇ ਕਰ ਦਿਤੀ ਜਾਂਦੀ ਹੈ ਕਿ ਕਿਸੇ ਵੀ ਬਹੁਪਰਤੀ ਤੇ ਗੁੰਝਲਦਾਰ ਵਰਤਾਰੇ ਦਾ ਅਸਲੀ ਤੱਤ ਉਸ ਦੀਆਂ ਬਾਹਰੀ ਕੰਨੀਆਂ (periphery) ਤੋਂ ਨਹੀਂ, ਉਸ ਦੀ ‘ਗਿਰੀ‘ (core) ਤੋਂ ਨਿਰਧਾਰਿਤ ਹੁੰਦਾ ਹੈ। ਇਸ ਹਿਸਾਬ ਨਾਲ ਦੇਖਿਆਂ ਜਿਥੇ ਪੰਜਾਬੀ ਲੋਕਾਂ ਅੰਦਰ ਕੁੱਝ ਸਾਂਝੇ ਸਭਿਆਚਾਰਕ ਲੱਛਣਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਉਥੇ ਨਾਲ ਹੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਂਝੇ ਲੱਛਣ (ਜਿੰਨ੍ਹਾਂ ਦਾ ਸਬੰਧ ਜਿਆਦਾ ਕਰਕੇ ਖਾਣ-ਪੀਣ, ਪਹਿਨਣ-ਪਚਰਨ ਤੇ ਮੌਜ-ਮਸਤੀ ਦੇ ਰੂਪਾਂ ਨਾਲ ਹੈ) ਕਿਸੇ ਵੀ ਤਰ੍ਹਾਂ ਪੰਜਾਬੀ ਸਭਿਆਚਾਰ ਦੇ ਅਸਲ ਤੱਤ ਨੂੰ ਰੂਪਮਾਨ ਨਹੀਂ ਕਰਦੇ।
    ਸਭਿਆਚਾਰ ਦਾ ਅਸਲ ਤੱਤ ਉਹ ਗੱਲ ਹੈ ਜਿਹੜੀ ਕਿਸੇ ਭਾਈਚਾਰੇ ਦੇ ਮੈਂਬਰਾਂ ਨੂੰ ਇਕ ਖਾਸ ਕਿਸਮ ਦੇ ਸਾਂਚੇ ਵਿਚ ਢਾਲਦੀ ਹੈ; ਉਨ੍ਹਾਂ ਅੰਦਰ ਜ਼ਿੰਦਗੀ ਪ੍ਰਤੀ ਇਕ ਖਾਸ ਕਿਸਮ ਦਾ ਨਜ਼ਰੀਆ ਤੇ ਰਵਈਆ ਵਿਕਸਤ ਕਰਦੀ ਹੈ; ਉਨ੍ਹਾਂ ਅੰਦਰ ਖਾਸ ਕਿਸਮ ਦੀਆਂ ਸਮਾਜੀ ਤੇ ਸਭਿਆਚਾਰਕ ਕਦਰਾਂ-ਕੀਮਤਾਂ ਭਰਦੀ ਹੈ, ਅਥਵਾ ਉਨ੍ਹਾਂ ਦੀ ਸਮੁੱਚੀ ਸਖਸ਼ੀਅਤ ਤੇ ਜੀਵਨ-ਸ਼ੈਲੀ ਨੂੰ ਇਕ ਖਾਸ ਕਿਸਮ ਦੀ ਤਰਜ਼ ਉਤੇ ਢਾਲਦੀ ਹੈ। ਸਵਰਗਵਾਸੀ ਪ੍ਰਿੰ: ਤੇਜਾ ਸਿੰਘ ਦੇ ਸ਼ਬਦਾਂ ਵਿਚ: ‘ਹਰ ਇਕ ਕੌਮ ਦੀ ਆਪੋ ਆਪਣੀ ਰੂਹ ਹੁੰਦੀ ਹੈ, ਆਪੋ ਆਪਣੀ ਅੰਦਰਲੀ ਵਿਰਤੀ ਹੁੰਦੀ ਹੈ, ਜਿਸ ਅਨੁਸਾਰ ਉਸ ਦੇ ਭਾਵ ਢਲਦੇ ਹਨ, ਇਸ ਨੂੰ ਕਲਚਰ ਆਖਦੇ ਹਨ‘।
    ਇਸ ਦ੍ਰਿਸ਼ਟੀ ਤੋਂ ਦੇਖਿਆਂ ਸਾਫ਼ ਪਰਗਟ ਹੋ ਜਾਂਦਾ ਹੈ ਕਿ ਪੰਜਾਬੀ ਸਮਾਜ ਦੇ ਤਿੰਨੋਂ ਮੁੱਖ ਧਾਰਮਿਕ ਵਰਗਾਂ -ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ- ਵਿਚਕਾਰ ਸਭਿਆਚਾਰ ਦੇ ਕੁੱਝ ਕੁ ਪੱਖਾਂ ਦੀ ਸਾਂਝ ਦੇ ਬਾਵਜੂਦ ਉਨ੍ਹਾਂ ਦੀ ‘ਰੂਹ‘ ਇਕੋ ਜਿਹੀ ਨਹੀਂ, ਉਨ੍ਹਾਂ ਦੇ ‘ਅੰਦਰਲੀ ਵਿਰਤੀ‘ ਇਕੋ ਜਿਹੀ ਨਹੀਂ, ਉਨ੍ਹਾਂ ਦੇ ‘ਭਾਵ‘ ਸਾਂਝੇ ਨਹੀਂ। ਜੋ ਹਕੀਕਤ ਵਿਚ ਮੌਜੂਦ ਨਹੀਂ ਉਸ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ, ਅਤੇ ਕਲਪਨਾ ਕਦੇ ਵੀ ਯਥਾਰਥ ਦੀ ਥਾਂ ਨਹੀਂ ਲੈ ਸਕਦੀ।
    ਪਰ ਇਸ ਹਕੀਕਤ ਨੂੰ ਪਰਵਾਨ ਕਰ ਲੈਣ ਦਾ ਅਰਥ ਇਹ ਕਦਾਚਿਤ ਨਹੀ ਲਿਆ ਜਾਣਾ ਚਾਹੀਦਾ ਕਿ ਪੰਜਾਬੀ ਸਮਾਜ ਦੇ ਅਲੱਗ ਅਲੱਗ ਧਾਰਮਿਕ ਅੰਗਾਂ ਦੇ ਆਪਸ ਵਿਚ ਰਲ ਮਿਲ ਕੇ ਰਹਿਣ ਦੀ ਕੋਈ ਸੰਭਾਵਨਾ ਜਾਂ ਗੁੰਜਾਇਸ਼ ਨਹੀਂ। ਇਹ ਗੁਜ਼ਾਇੰਸ਼ ਮੌਜੂਦ ਹੈ ਪਰ ਇਸ ਦੇ ਅਮਲ ਵਿਚ ਸਾਕਾਰ ਹੋਣ ਲਈ ਸਭ ਤੋਂ ਪਹਿਲੀ ਤੇ ਬੁਨਿਆਦੀ ਸ਼ਰਤ ਇਹ ਹੈ ਕਿ ਇਕ ਦੂਜੇ ਵਰਗ ਦੀ ਵੱਖਰੀ ਪਛਾਣ ਦੇ ਸੱਚ ਨੂੰ ਇਮਾਨਦਾਰੀ ਸਹਿਤ ਪਰਵਾਨ ਕੀਤਾ ਜਾਵੇ ਅਤੇ ‘ਦੂਸਰੇ‘ ਦੇ ਆਪਣੀ ਵੱਖਰੀ ਪਛਾਣ ਕਾਇਮ ਰੱਖਣ ਦੇ ਅਧਿਕਾਰ ਦੀ ਤਹਿ-ਦਿਲੋਂ ਕਦਰ ਕੀਤੀ ਜਾਵੇ। ‘ਦੂਸਰੇ‘ ਦੇ ‘ਦੂਸਰੇਪਣ‘ ਨੂੰ ਹਿਕਾਰਤ ਦੀ ਦ੍ਰਿਸ਼ਟੀ ਨਾਲ ਦੇਖਣ ਵਾਲੀ ਪ੍ਰਵਿਰਤੀ ਤਿਆਗੀ ਜਾਵੇ। ਇਨ੍ਹਾਂ ਸਾਰੀਆਂ ਗੱਲਾਂ ਨੂੰ ਯਕੀਨੀ ਬਨਾਉਣ ਲਈ ਮੁਨਾਸਬ ਮੈਕੇਨਿਜਮ evolve ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਹੋਣ ਨਾਲ ਹੀ ਆਪਸੀ ਪਿਆਰ ਤੇ ਭਾਈਚਾਰਾ ਕਾਇਮ ਰੱਖਿਆ ਜਾ ਸਕਦਾ ਹੈ।
ਇਸ ਆਮ ਸਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੁੰਦਾ ਕਿ ਸਭਿਆਚਾਰ ਕੋਈ ਸਦਾ-ਸਥਿਰ ਰਹਿਣ ਵਾਲੀ ਸ਼ੈਅ ਨਹੀਂ। ਇਹ ਲਗਾਤਾਰ ਤਬਦੀਲ ਹੁੰਦਾ ਅਥਵਾ ਵਿਕਾਸ ਕਰਦਾ ਰਹਿੰਦਾ ਹੈ। ਪਰ ਸਭਿਆਚਾਰ ਦੇ ਵਿਕਾਸ ਦੇ ਅਮਲ ਦੀਆਂ ਕੁੱਝ ਵਿਸੇਸ਼ਤਾਈਆਂ ਹਮੇਸ਼ਾ ਧਿਆਨ ਵਿਚ ਰਹਿਣੀਆਂ ਚਾਹੀਦੀਆਂ ਹਨ। ਆਮ ਨਿਯਮ ਦੇ ਤੌਰ ‘ਤੇ ਇਹ ਵਿਕਾਸ ਦੋ ਕਿਸਮ ਦਾ ਹੋ ਸਕਦਾ ਹੈ। ਇਕ, ਜਿਸ ਨੂੰ ਅਸੀਂ ਮਿਕਦਾਰੀ ਪਰਿਵਰਤਨ (quantitative change) ਜਾਂ ਸਹਿਜ-ਪੱਧਰੇ ਵਿਕਾਸ (smooth development) ਦਾ ਨਾਂ ਦੇ ਸਕਦੇ ਹਾਂ, ਜਦੋਂ ਸਭਿਆਚਾਰ ਦਾ ਮੂਲ ਤੱਤ ਅਬਦਲ ਰਹਿੰਦਾ ਹੈ ਪਰ ਇਸ ਦੇ ਕੁੱਝ ਗੈਰ-ਪ੍ਰਮੁੱਖ ਪੱਖਾਂ ਵਿਚ ਤਬਦੀਲੀ ਆ ਜਾਂਦੀ ਹੈ। ਕੋਈ ਸਭਿਆਚਾਰ ਸਦੀਆਂ ਤਕ ਇਸ ਕਿਸਮ ਦੇ ਵਿਕਾਸ ਦਾ ਅਮਲ ਹੰਢਾ ਸਕਦਾ ਹੈ। ਪਰ ਇਤਿਹਾਸ ਅੰਦਰ ਕੁੱਝ ਮੋੜ ਅਜਿਹੇ ਆ ਜਾਂਦੇ ਹਨ ਜਦੋਂ ਕਿਸੇ ਸਭਿਆਚਾਰ ਅੰਦਰ ਸਿਫਤੀ ਪਰਿਵਰਤਨ ਦਾ ਪਿੜ ਤਿਆਰ ਹੋ ਜਾਂਦਾ ਹੈ। ਅਜਿਹਾ ਪਰਿਵਰਤਨ ਅਕਸਰ ਨਹੀਂ, ਇਤਿਹਾਸ ਅੰਦਰ ਬਹੁਤ ਹੀ ਵਿਰਲੇ ਮੌਕਿਆਂ ‘ਤੇ ਵਾਪਰਦਾ ਹੈ, ਜਿਸ ਦੇ ਠੋਸ ਕਾਰਨ ਇਤਿਹਾਸ ਅੰਦਰ ਮੌਜੂਦ ਹੁੰਦੇ ਹਨ। ਇਸ ਵਿਕਾਸ ਦਾ ਅਮਲ ਕਦੇ ਵੀ ਸਰਲ-ਪੱਧਰਾ (smooth) ਨਹੀਂ ਹੁੰਦਾ। ਇਹ ਅਮਲ ਹਮੇਸ਼ਾ ਹੀ ਇਨਕਲਾਬਾਂ ਨਾਲ ਜੁੜਿਆ ਹੁੰਦਾ ਹੈ, ਜਦੋਂ ਪੁਰਾਣੇ ਨੂੰ ਜੜ੍ਹੋਂ ਪੁੱਟਕੇ ਬਹੁਤ ਕੁੱਝ ਨਵਾਂ ਸਿਰਜਿਆ ਜਾਂਦਾ ਹੈ। ਸਿੱਖ ਇਨਕਲਾਬ ਇਸੇ ਵੰਨਗੀ ਵਿਚ ਆਉਂਦਾ ਹੈ। ਇਹ ਇਨਕਲਾਬ ਮਹੀਨਿਆਂ ਜਾਂ ਸਾਲਾਂ ਵਿਚ ਨੇਪਰੇ ਨਹੀਂ ਸੀ ਚੜ੍ਹਿਆ। ਇਸ ਨੂੰ ਤਕਰੀਬਨ ਦੋ ਸਦੀਆਂ ਲੱਗ ਗਈਆਂ ਸਨ (ਗੁਰੂ ਨਾਨਕ ਸਾਹਿਬ ਦੇ ‘ਵੇਈਂ ਪ੍ਰਵੇਸ਼‘ ਤੋਂ ਆਰੰਭ ਹੋ ਕੇ ਨਾਂਦੇੜ ਵਿਖੇ ਦਸਮ ਪਾਤਸ਼ਾਹ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖਸ਼ਣ ਤਕ)। ਇਸ ਕਰਕੇ ਇਸ ਦੀ ਕੋਈ cut of date ਨਹੀਂ ਦਿਤੀ ਜਾ ਸਕਦੀ। ਇਸ ਨੂੰ ਇਕ ਵਰਤਾਰੇ (process) ਦੇ ਰੂਪ ਵਿਚ ਹੀ ਸਮਝਿਆ ਜਾ ਸਕਦਾ ਹੈ। ਇਹ ਤਬਦੀਲੀ ਕਿਸੇ ਵੀ ਲਿਹਾਜ਼ ਨਾਲ ਸਧਾਰਨ ਨਹੀਂ ਸੀ। ਇਕ paradigm shift ਸੀ ਇਹ। ਜਦ paradigm shift ਵਾਪਰਦੀ ਹੈ ਤਾਂ ਪਿਛਲਾ ਬਹੁਤ ਕੁੱਝ (ਸਾਰਾ ਨਹੀਂ) ਰੱਦ ਤੇ ਬਹੁਤ ਕੁੱਝ redundant ਅਥਵਾ irrelevant ਹੋ ਜਾਂਦਾ ਹੈ। ਜਿਵੇਂ ਆਈਨਸਟੀਨ ਦੀ theory of relativity ਤੋਂ ਬਾਅਦ ਨਿਊਟਨ ਦੇ ਬਹੁਤ ਸਾਰੇ ਸਿਧਾਂਤ redundant ਹੋ ਗਏ ਸਨ। ਅਤੇ ਹੁਣ ਕੁਆਂਟਮ ਮਕੈਨਕਸ ਦੇ ਖੇਤਰ ਵਿਚ ਹੋਈਆਂ ਨਵੀਆਂ ਖੋਜਾਂ ਸਦਕਾ ਆਈਨਸਟੀਨ ਦੀਆਂ ਕੁੱਝ ਧਾਰਨਾਵਾਂ ਉਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਏ ਹਨ। ਸਿੱਖ ਇਨਕਲਾਬ ਤੋਂ ਬਾਅਦ, ਸਿੱਖ ਸਭਿਆਚਾਰ ਦੇ ਹਵਾਲੇ ਤੋਂ ਬਿਨਾਂ ਪੰਜਾਬੀ ਸਭਿਆਚਾਰ ਦੀ ਗੱਲ ਕਰ ਸਕਣੀ ਸੰਭਵ ਨਹੀਂ ਰਹਿ ਗਈ। ਅੱਜ ਜੇਕਰ ਕੋਈ ਜਣਾ ਪੰਜਾਬੀ ਸਭਿਆਚਾਰ ਨੂੰ ਸਿੱਖ ਸਭਿਆਚਾਰ ਨਾਲੋਂ ਉਤਮ ਮੰਨ ਕੇ ਚਲਦਾ ਹੈ, ਤਾਂ ਉਸ ਨੂੰ ਦੋ ਗੱਲਾਂ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰਨੀ ਪਏਗੀ। ਜਾਂ ਤਾਂ ਇਹ ਦਰਸਾਉਣਾ ਪਏਗਾ ਕਿ ਸਿੱਖ ਇਨਕਲਾਬ ਨਾਲ ਪੰਜਾਬੀ ਸਮਾਜ ਤੇ ਸਭਿਆਚਾਰ ਅੰਦਰ ਕੋਈ ਸਿਫਤੀ ਤਬਦੀਲੀ ਨਹੀਂ ਵਾਪਰੀ ਸੀ। ਅਥਵਾ ਇਕ ਆਮ ਜਿਹਾ ਪਰਿਵਰਤਨ ਹੀ ਆਇਆ ਸੀ। ਜਾਂ ਫਿਰ ਉਸ ਨੂੰ ਸਿੱਖ ਇਨਕਲਾਬ ਤੋਂ ਬਾਅਦ ਪੰਜਾਬ ਦੀ ਧਰਤੀ ਉਤੇ ਵਾਪਰੀ ਇਸ ਨਾਲੋਂ ਵੀ ਵੱਡੀ ਜਾਂ ਉਤਮ ਤਬਦੀਲੀ ਦੀ ਦੱਸ ਪਾਉਣੀ ਪਏਗੀ। ਅਰਥਾਤ ਗੁਰੂ ਸਹਿਬਾਨ ਦੇ ਸੰਦੇਸ਼ ਨਾਲੋਂ ਕਿਸੇ ਵੱਡੇ ਸੰਦੇਸ਼ ਦਾ ਸਬੂਤ ਦੇਣਾ ਪਏਗਾ, ਅਤੇ ਨਾਲ ਹੀ ਇਸ ਸੰਦੇਸ਼ ਦੀ ਬਦੌਲਤ ਇਤਿਹਾਸ ਵੱਲੋਂ ਅਸਲੋਂ ਹੀ ਨਵੀਂ ਕਰਵਟ ਲਏ ਜਾਣ ਦਾ ਠੋਸ ਵਰਨਣ ਕਰਨਾ ਪਏਗਾ। ਸਾਡੀ ਇਹ ਦ੍ਰਿੜ੍ਹ ਧਾਰਨਾ ਹੈ ਕਿ ਪੰਜਾਬ ਦੀ ਧਰਤੀ ਉਤੇ ਨਾ ਤਾਂ ਗੁਰੂ ਸਾਹਿਬਾਨ ਨਾਲੋਂ ਵੱਧ ਪ੍ਰਤਿਭਾਸ਼ਾਲੀ ਕੋਈ ਹੋਰ ਪੈਗੰਬਰ ਪੈਦਾ ਹੋਇਆ ਹੈ, ਨਾ ਸਿੱਖ ਚਿੰਤਨ ਨਾਲੋਂ ਵਧੇਰੇ ਚਮਤਕਾਰੀ ਕੋਈ ਹੋਰ ਚਿੰਤਨ ਪੈਦਾ ਹੋਇਆ ਹੈ ਜਿਸ ਨੇ ਸਿੱਖ ਅਮਲ ਨਾਲੋਂ ਵੱਡੇ ਅਮਲ ਨੂੰ ਜਨਮ ਦਿਤਾ ਹੋਵੇ ਅਤੇ ਸਿੱਖ ਸਦਾਚਾਰ ਦੀ ਅਪੂਰਣਤਾ ਜ਼ਾਹਰ ਕੀਤੀ ਹੋਵੇ। ਪੰਜਾਬ ਦਾ ਪਿਛਲੇ ਪੰਜ ਸੌ ਸਾਲਾਂ ਦਾ ਸਮੁੱਚਾ ਅਮਲ ਸਾਡੇ ਸਾਹਮਣੇ ਪਿਆ ਹੈ। ਇਸ ਨੂੰ ਅਧਾਰ ਬਣਾ ਕੇ ਜੇਕਰ ਕੋਈ ਦਾਨਸ਼ਵਰ ਪੰਜਾਬੀ ਸਭਿਆਚਾਰ ਨੂੰ ਸਿੱਖ ਸਭਿਆਚਾਰ ਨਾਲੋਂ ਉਤਮ ਦਰਸਾ ਦੇਵੇ ਤਾਂ ਸਾਨੂੰ ਸਿੱਖ ਸਭਿਆਚਾਰ ਨੂੰ ਛੱਡ ਕੇ ਪੰਜਾਬੀ ਸਭਿਆਚਾਰ ਅਪਨਾਉਣ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ।
    ਮੇਰਾ ਵਿਸ਼ਵਾਸ ਹੈ ਕਿ ਸਾਨੂੰ ਕਿਸੇ ਵੀ ਸਿਧਾਂਤ ਜਾਂ ਧਾਰਨਾ ਬਾਰੇ ਅਮੂਰਤ ਰੂਪ ਵਿਚ ਬਹਿਸ ਕਰਨ ਨਾਲੋਂ, ਕਿਸੇ ਸਿਧਾਂਤ ਦੀ ਸਾਰਥਿਕਤਾ ਨੂੰ ਜ਼ਿੰਦਗੀ ਦੇ ਠੋਸ ਅਮਲ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ। ਇਹ ਸਿਕੇਬੰਦ ਪਹੁੰਚ ਅਪਣਾ ਕੇ ਹੀ ਕਿਸੇ ਸਾਰਥਿਕ ਨਿਰਣੇ ਤੇ ਅੱਪੜਿਆ ਜਾ ਸਕਦਾ ਹੈ। ਉਮੀਦ ਹੈ ਕਿ ਮੇਰੇ ਦੁਆਾਰਾ ਪ੍ਰਗਟਾਏ ਗਏ ਇਨ੍ਹਾਂ ਵਿਚਾਰਾਂ ਉਤੇ ਤੁਸੀਂ ਗੰਭੀਰਤਾ ਨਾਲ ਗੌਰ ਕਰੋਗੇ ਅਤੇ ਜੇਕਰ ਮੇਰੇ ਵਿਚਾਰਾਂ ਅੰਦਰ ਤੁਹਾਨੂੰ ਕੋਈ ਵੀ ਕਾਣ ਜਾਂ ਤਰੁਟੀ ਨਜ਼ਰ ਆਵੇ ਤਾਂ ਮੈਨੂੰ ਉਸ ਤੋਂ ਜਾਣੂੰ ਕਰਵਾਉਣ ਦੀ ਕਿਰਪਾਲਤਾ ਕਰੋਗੇ।
ਅਜਮੇਰ ਸਿੰਘ