ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬੀ ਸਾਹਿਤ ਸਭਾਵਾਂ ਨੂੰ 'ਸੂਹੇਸ਼ਾਹੀ ਵਿਚਾਰਧਾਰਾ' ਤੋਂ ਮੁਕਤ ਕਰਵਾਉਣ ਦੀ ਲੋੜ


ਸਾਹਿਤ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਸਾਹਿਤ ਦੇ ਰਚਨਹਾਰੇ ਬੁੱਧੀਜੀਵੀ ਵਰਗ ਦੇ ਸਿਰ 'ਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਸਮਾਜ ਵਿਚ ਆ ਰਹੀਆਂ ਤਬਦੀਲੀਆਂ ਨੂੰ ਵਾਚ ਕੇ ਲੋਕਾਂ ਨੂੰ ਅਗਾਊ ਸੂਚਿਤ ਕਰੇ ਅਤੇ ਜੇ ਉਹ ਸਮਾਜ ਵਿਚ ਕਿਸੇ ਅਜਿਹੀ ਤਬਦੀਲੀ ਨੂੰ ਮਹਿਸੂਸ ਕਰਨ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਸਮਾਜ ਨੂੰ ਖਤਰਾ ਪੈਦਾ ਹੋਣ ਦਾ ਡਰ ਬਣਦਾ ਦਿਸੇ ਤਾਂ ਉਹ ਆਪਣੇ ਫਰਜ਼ਾਂ ਨੂੰ ਜਾਣ ਕੇ ਆਪਣੇ ਸੱਚੇ-ਸੁੱਚੇ ਵਿਚਾਰ ਪੇਸ਼ ਕਰੇ। ਇਹ ਜ਼ਿੰਮੇਵਾਰੀ ਵੀ ਸਾਹਿਤਕਾਰਾਂ ਸਿਰ ਹੀ ਬਣਦੀ ਹੈ ਕਿ ਉਹ ਜ਼ਮੀਨ 'ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਹਰ ਸਮੇਂ ਇਮਾਨਦਾਰੀ ਨਾਲ ਤਤਪਰ ਰਹਿਣ। ਸਾਹਿਤਕਾਰਾਂ ਵੱਲੋਂ ਰਚੀਆਂ ਜਾ ਰਹੀਆਂ ਕਹਾਣੀਆਂ, ਕਵਿਤਾਵਾਂ, ਲੇਖਾਂ ਦਾ ਮੁੱਖ ਵਿਸ਼ਾ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਰੌਚਿਕ ਢੰਗ ਨਾਲ ਬਿਆਨ ਕਰਨਾ ਅਤੇ ਪਿਛਲੇ ਚੰਗੇ ਹੋਏ ਕੰਮਾਂ ਦੀ ਸਹੁਰਤਾ ਕਰਨੀ ਹੋਣਾ ਜ਼ਰੂਰੀ ਹੈ।
ਪਿਛਲੇ ਕੋਈ ਦੋ ਦਹਾਕਿਆਂ ਤੋਂ ਪੰਜਾਬੀ ਦੇ ਬਹੁਤੇ ਸਾਹਿਤਕਾਰਾਂ ਨੇ ਸਾਹਿਤ ਨੂੰ ਮਹਿਜ ਮਨੋਰੰਜਨ ਦਾ ਸਾਧਨ ਬਣਾ ਲਿਆ ਹੈ। ਕਿਸੇ ਚਲੰਤ ਮਾਮਲੇ ਨੂੰ ਲੈ ਕੇ ਤੁਰੰਤ ਕਵਿਤਾਵਾਂ, ਲੇਖ ਲਿਖਣ ਦੀ ਬਰਸਾਤ ਸ਼ੁਰੂ ਹੋ ਜਾਂਦੀ ਹੈ ਜਿਸ ਵਿਚੋਂ ਕੋਈ ਅਜਿਹੀ ਸੇਧ ਨਹੀਂ ਹੁੰਦੀ ਜਿਸ ਨਾਲ ਪੜ੍ਹਨ ਵਾਲਾ ਕੋਈ ਗੁਣ ਗ੍ਰਹਿਣ ਕਰ ਸਕੇ। ਪੰਜਾਬ ਸਮੇਤ ਦੁਨੀਆਂ ਦੇ ਹੋਰ ਮੁਲਕਾਂ ਵਿਚ ਬਣੀਆਂ ਸਾਹਿਤ ਸਭਾਵਾਂ ਆਪਣੇ ਸਮਾਗਮਾਂ ਵਿਚ ਪੱਖਪਾਤੀ ਰਚਨਾਵਾਂ ਪੇਸ਼ ਕਰਦੀਆਂ ਆ ਰਹੀਆਂ ਹਨ। ਇਹ ਪੰਜਾਬੀ ਸਾਹਿਤ ਦੀ ਮਾੜੀ ਕਿਸਮਤ ਹੀ ਸਮਝੀ ਜਾਵੇਗੀ ਕਿ ਇਹਨਾਂ ਸਾਹਿਤ ਸਭਾਵਾਂ ਵਿਚ ਜ਼ਿਆਦਾਤਰ ਕਮਿਊਨਿਸਟ ਵਿਚਾਰਧਾਰਾ ਪੱਖੀ ਲੋਕਾਂ ਦਾ ਦਬਦਬਾ ਬਣਿਆ ਹੋਇਆ ਹੈ ਜਿਹੜਾ ਪੰਜਾਬੀ ਸਾਹਿਤ ਵਿਚ ਖੁਸ਼ਕੀ ਪੈਦਾ ਕਰ ਰਿਹਾ ਹੈ। ਇਹ ਹੀ ਕਾਰਨ ਹੈ ਕਿ ਹੁਣ ਸਾਹਿਤ ਪੜ੍ਹਨ ਵਾਲਿਆਂ ਨਾਲੋਂ ਸਾਹਿਤ ਦੇ ਰਚਨਹਾਰਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ। ਜਨਸਧਾਰਨ ਸਾਹਿਤ ਖੇਤਰ ਨੂੰ ਵਿਹਲੇ ਲੋਕਾਂ ਦੀ 'ਡੰਗ ਟਪਾਊ' ਜੁਗਤ ਵਜੋਂ ਦੇਖ ਰਿਹਾ ਹੈ। ਇਸੇ ਜਨਸਧਾਰਨ ਵਲੋਂ ਕਮਿਊਨਿਸਟ ਵਿਚਾਰਧਾਰਾ ਨੂੰ ਨਕਾਰ ਦੇਣ ਤੋਂ ਬਾਅਦ ਇਹਨਾਂ ਦੇ ਪੰਜਾਬੀ ਸਾਹਿਤ ਵਿਚ ਬਣੇ ਦਬਦਬੇ ਕਾਰਨ ਆਮ ਲੋਕਾਂ ਦੀ ਸਾਹਿਤ 'ਚ ਰੁਚੀ ਖਤਮ ਹੋ ਰਹੀ ਹੈ। ਪੰਜਾਬੀ ਸਾਹਿਤ ਨੂੰ ਇਸ 'ਖੁਸ਼ਕਬਾਦੀ ਲਾਲ ਵਿਚਾਰਧਾਰਾ' ਨੇ ਆਪਣੇ ਕਲਾਵੇ ਵਿਚ ਲੈਣ ਲਈ 'ਪੰਜਾਬੀ ਸਾਹਿਤ ਸਭਾਵਾਂ' 'ਤੇ ਕਬਜ਼ਾ ਕਰਕੇ ਜਿਹੜੇ ਖੋਜ-ਪੱਤਰ ਪੜ੍ਹੇ ਜਾ ਰਹੇ ਹਨ ਉਹਨਾਂ ਵਿਚ ਪੱਖਪਾਤੀ ਸੋਚ ਦਾ ਬੋਲਬਾਲਾ ਹੋ ਗਿਆ ਹੈ। ਆਪਣੇ ਸਮਾਗਮਾਂ ਵਿਚ ਸਮਾਜਿਕ ਵਿਸ਼ਲੇਸਨ ਕਰਨ ਸਮੇਂ ਦੇਖਿਆ ਜਾ ਸਕਦਾ ਹੈ ਕਿ ਇਸ ਵਿਚ 'ਸਮਾਜ ਦੇ ਸਿੱਖ ਸਰੋਕਾਰਾਂ' ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਜਦਕਿ ਸੱਚ ਇਹ ਹੈ ਕਿ ਪੰਜਾਬੀ ਸਾਹਿਤ ਜਗਤ ਵਿਚੋਂ 'ਸਿੱਖ ਸਰੋਕਾਰਾਂ' ਦੀ ਗੱਲ ਛੂਹੇ ਬਿਨਾਂ ਪੰਜਾਬੀ ਜਨ-ਜੀਵਨ ਦਾ ਸਹੀ ਮੁਲੰਮਣ ਕੀਤਾ ਹੀ ਨਹੀਂ ਜਾ ਸਕਦਾ। ਦੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਸਾਹਿਤ ਸਭਾਵਾਂ 'ਕਾਲ-ਵੰਡ' ਵਿਸ਼ਲੇਸਨ ਕਰਦੀਆਂ ਹਨ ਤਾਂ ਮੁਗਲ ਕਾਲ, ਅੰਗਰੇਜ਼ ਕਾਲ ਅਤੇ ਕਮਿਊਨਿਸਟ ਲਹਿਰ ਨੂੰ ਹੀ ਮਾਨਤਾ ਦਿੰਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ-ਕਾਲ, ਉਹਨਾਂ ਦੇ ਖੋਜ ਪਰਚਿਆਂ 'ਚ ਘੱਟ ਹੀ ਸ਼ਾਮਲ ਹੁੰਦਾ ਹੈ। ਪ੍ਰੇਸ਼ਾਨੀ ਵਾਲੀ ਹਾਲਤ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਚੰਗੀਆਂ-ਭਲੀਆਂ ਸਾਹਿਤ ਸਭਾਵਾਂ ਵੀ ਕਮਿਊਨਿਸਟ ਵਿਚਾਰਧਾਰਾ ਦੇ ਪ੍ਰਭਾਵ ਅਧੀਨ 1978 ਤੋਂ ਲੈ ਕੇ 1995 ਤੱਕ 'ਸਿੱਖ ਨਸਲਕੁਸ਼ੀ' ਨੂੰ 'ਅੱਤਵਾਦ ਦਾ ਦੌਰ' ਕਹਿ ਕੇ ਅੱਗੇ ਲੰਘ ਜਾਂਦੀਆਂ ਹਨ। ਇਹ ਉਹ ਦੌਰ ਹੈ ਜਦੋਂ ਪੰਜਾਬ ਨਾਲ ਹੁੰਦੇ ਅਨਿਆਂ ਅਤੇ ਜ਼ੁਲਮ ਵਿਰੁੱਧ ਉਠੇ ਲੋਕਾਂ ਨੂੰ ਸਰਕਾਰ ਨੇ ਹਥਿਆਰਬੰਦ ਸੰਘਰਸ਼ ਦੇ ਰਾਹ ਚੱਲਣ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ਨੂੰ ਬਣਦੇ ਹੱਕ ਅਤੇ ਇਨਸਾਫ਼ ਦੇਣ ਦੀ ਥਾਂ 'ਗੋਲੀ ਮਾਰਨ' ਵਾਲੀ ਨੀਤੀ ਵਰਤ ਕੇ ਲੱਖਾਂ ਦੀ ਗਿਣਤੀ ਵਿਚ ਸਿੱਖ ਲੋਕਾਂ ਨੂੰ 'ਮੌਤ ਦੇ ਘਾਟ' ਉਤਾਰ ਦਿੱਤਾ। ਇਸੇ ਕਾਲ ਵਿਚ ਹੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕੀਤਾ ਗਿਆ, ਦਿੱਲੀ ਸਮੇਤ ਦੇਸ਼ ਦੇ ਤਕਰੀਬਨ ਸਾਰੇ ਸੂਬਿਆਂ ਵਿਚ ਹੀ ਬੇਕਸੂਰ ਸਿੱਖਾਂ ਨੂੰ ਗਲ਼ਾ ਵਿਚ ਟਾਇਰ ਪਾ ਕੇ ਸਾੜਿਆ ਗਿਆ, ਪੈਟਰੌਲ ਪਾ ਕੇ ਉਹਨਾਂ ਦੀਆਂ ਜਾਇਦਾਦਾਂ ਤਬਾਹ ਕਰ ਦਿੱਤੀਆਂ ਅਤੇ ਸਿੱਖ ਬੀਬੀਆਂ ਦੀ ਸ਼ਰੇਆਮ ਬੇਪਤੀ ਕੀਤੀ ਗਈ। ਇਸ ਧੱਕੇਸ਼ਾਹੀ ਖਿਲਾਫ਼ ਸਰਕਾਰ ਵਿਰੁੱਧ ਉੱਠੀ ਸਿੱਖ ਜਵਾਨੀ ਨੂੰ ਆਪਣੇ ਸ਼ਹਿਰੀ ਮੰਨਣ ਦੀ ਥਾਂ ਸਰਕਾਰ ਨੇ ਅੱਤਵਾਦੀ ਘੋਸ਼ਿਤ ਕਰਕੇ ਬੇਹਿਸਾਬਾ ਖੂਨ ਡੋਲ੍ਹਿਆ। ਘਰਾਂ 'ਚੋਂ ਚੁੱਕ ਕੇ ਨੌਜੁਆਨਾਂ ਨੂੰ ਖਤਮ ਕੀਤਾ ਗਿਆ ਅਤੇ ਸਿੱਖ ਔਰਤਾਂ ਨੂੰ ਥਾਣਿਆਂ ਵਿਚ ਜਲੀਲ ਕੀਤਾ ਗਿਆ। ਵੀਹਵੀਂ ਸਦੀ ਦੀ ਇਸ ਭਿਆਨਕ ਤਬਾਹੀ ਦਾ ਨਿਰਪੱਖ ਵਿਸ਼ਲੇਸਨ ਕਰਨ ਦੀ ਥਾਂ ਇਹਨਾਂ ਸਾਹਿਤ ਸਭਾਵਾਂ ਨੇ ਇਸ ਨੂੰ ਸਰਕਾਰੀ ਬੋਲੀ ਬੋਲ ਕੇ 'ਅੱਤਵਾਦ ਦਾ ਦੌਰ' ਕਹਿ ਕੇ ਛੱਡ ਦਿੱਤਾ। ਇਥੇ ਹੀ ਬੱਸ ਨਹੀਂ ਇਹਨਾਂ ਸਾਹਿਤ ਸਭਾਵਾਂ ਨੇ ਕਦੇ ਪੰਜਾਬ ਦੇ ਕਾਨੂੰਨੀ ਹੱਕਾਂ ਦੀ ਕੀਤੀ ਜਾ ਰਹੀ ਲੁੱਟ ਜਿਵੇਂ ਪਾਣੀਆਂ ਨੂੰ ਖੋਹੇ ਜਾਣ, ਚੰਡੀਗੜ੍ਹ ਦਾ ਮਾਮਲਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਮੁੜ ਪ੍ਰਾਪਤੀ ਬਾਰੇ ਵੀ ਕਦੇ ਗੱਲ ਨਹੀਂ ਕੀਤੀ। ਪੰਜਾਬ ਦੀ ਡੁੱਬ ਰਹੀ ਕਿਸਾਨੀ ਬਾਰੇ ਵੀ ਡੰਗ ਟਪਾਊ ਸ਼ਬਦਾਂ ਨਾਲ ਹੀ ਸਾਰ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਹੋਕਾ ਦੇਣ ਵਾਲੀਆਂ ਇਹ ਪਾਸਕੂ ਜਥੇਬੰਦੀਆਂ ਸਦਾ ਸਰਕਾਰ ਦੀਆਂ ਨੀਤੀਆਂ ਖਿਲਾਫ਼ ਭੰਡੀ-ਪ੍ਰਚਾਰ ਕਰਦੀਆਂ ਹਨ ਪਰ ਜਦੋਂ ਸਿੱਖ ਆਪਣੇ ਕੌਮੀ ਹੱਕਾਂ ਲਈ ਸਰਕਾਰ ਖਿਲਾਫ਼ ਸੰਘਰਸ਼ ਕਰਦੇ ਹਨ ਤਾਂ ਇਹ ਅਖੌਤੀ 'ਸੂਹੇਸ਼ਾਹੀ' ਜਥੇਬੰਦੀਆਂ ਸਰਕਾਰੀ ਬੋਲੀ ਬੋਲਣ ਲੱਗ ਜਾਂਦੀਆਂ ਹਨ। ਅੱਗੇ ਜਾ ਕੇ ਫਿਰ ਉਹਨਾਂ ਦੀ ਕਲੋਲਮਈ ਵਿਚਾਰਧਾਰਾ ਪੰਜਾਬੀ ਸਾਹਿਤ ਸਮਾਗਮਾਂ ਵਿਚ 'ਅੱਤਵਾਦ-ਅੱਤਵਾਦ' ਦਾ ਰੌਲਾ ਪਾਉਣ ਲੱਗ ਜਾਂਦੀ ਹੈ ਜਾਂ ਫਿਰ 'ਸਿੱਖ ਮੰਗਾਂ ਅਤੇ ਹੱਕਾਂ ਦੀ ਜੱਦੋ ਜਹਿਦ' ਨੂੰ ਛੇੜਨੋਂ ਹੀ ਗੁਰੇਜ਼ ਕੀਤਾ ਜਾਂਦਾ ਹੈ। ਇਹ 'ਸੂਹੇਸ਼ਾਹੀ' ਵਿਚਾਰਧਾਰਾ ਜਿਹੜੀ ਕਿ 'ਸਿੱਖ ਸਮਾਜ ਦੇ ਸਰੋਕਾਰਾਂ' ਨੂੰ ਪੰਜਾਬੀ ਸਮਾਜ ਦਾ ਹਿੱਸਾ ਹੀ ਨਹੀਂ ਮੰਨਦੀ ਉਸ ਨੂੰ ਨਿਰਪੱਖ ਸਮਾਜਿਕ ਬੁੱਧੀਜੀਵੀ ਨਹੀਂ ਮੰਨਿਆ ਜਾ ਸਕਦਾ, ਨਾ ਹੀ ਇਹਨਾਂ ਦੁਆਰਾ ਰਚਿਆ ਗਿਆ ਸਾਹਿਤ ਸਮਾਜ ਨੂੰ ਸਹੀ ਸੇਧ ਦੇਣ ਦੀ ਸਮਰੱਥਾ ਰੱਖਦਾ ਹੈ ਕਿਉਂਕਿ ਸਮਾਜ ਪ੍ਰਤੀ ਕਾਣੀ ਸੋਚ ਰੱਖਣ ਵਾਲੀ ਵਿਚਾਰਧਾਰਾ ਸਮੁੱਚੇ ਸਮਾਜ ਨੂੰ ਸਹੀ ਸੇਧ ਨਹੀਂ ਦੇ ਸਕਦੀ। ਇਹਨਾਂ ਦੀ ਇਕਪਾਸੜ ਵਿਚਾਰਧਾਰਾ ਨੇ ਪੰਜਾਬੀ ਸਾਹਿਤ ਦੀ ਰਵਾਨਗੀ ਮੱਠੀ ਕਰ ਦਿੱਤੀ ਹੈ। ਸਿੱਟੇ ਵਜੋਂ ਪੰਜਾਬੀ ਸਾਹਿਤ ਜਗਤ ਵਿਚ ਮਨੋਰੰਜਨ ਅਤੇ ਪੱਖਪਾਤੀ ਸੋਚ ਭਾਰੂ ਹੋ ਗਈ ਹੈ। ਪੰਜਾਬੀ ਪਾਠਕ ਲਗਾਤਾਰ ਸਾਹਿਤ ਤੋਂ ਪਾਸੇ ਹੋ ਰਿਹਾ ਹੈ। ਇਸ ਵੇਲੇ ਜ਼ਰੂਰੀ ਹੋ ਗਿਆ ਹੈ ਕਿ ਪੰਜਾਬੀ ਸਾਹਿਤ ਜਗਤ ਵਿਚ ਨਿਰਪੱਖਤਾ ਬਣਾਈ ਰੱਖਣ ਲਈ ਸਾਹਿਤ ਸਭਾਵਾਂ ਵਿਚ ਪੱਖਪਾਤੀ ਲੋਕਾਂ ਨੂੰ ਮਾਨਤਾ ਦੇਣੀ ਬੰਦ ਕੀਤੀ ਜਾਵੇ। ਨਾਲ ਦੀ ਨਾਲ ਪੰਜਾਬੀ ਪਾਠਕ ਵਰਗ ਦੀਆਂ ਮਨੋਰੰਜਕ ਰੁਚੀਆਂ ਨੂੰ ਉਭਾਰਨ ਦੀ ਥਾਂ ਉਹਨਾਂ ਨੂੰ ਸਮਾਜਿਕ ਸਰੋਕਾਰਾਂ ਵੱਲ ਚੱਲਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮਸਲੇ ਦਾ ਹੱਲ ਕਰਨ ਲਈ ਚੱਲਣ ਵੇਲੇ ਸਭ ਤੋਂ ਪਹਿਲਾਂ ਕਦਮ ਪੰਜਾਬੀ ਸਾਹਿਤ ਸਭਾਵਾਂ ਤੋਂ 'ਸੂਹੇਸ਼ਾਹੀ' ਜੂਲੇ ਦਾ ਪਾਸੇ ਕਰਨਾ ਜ਼ਰੂਰੀ ਹੈ।