ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਤੰਦਰੁਸਤ ਰਹਿਣ ਲਈ ਸੁਆਦਾਂ ਨੂੰ ਛੱਡਣਾ ਪਵੇਗਾ


ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਦੁਨੀਆਂ ਸੁਆਦਾਂ ਨੇ ਪੱਟੀ ਹੈ। ਇੱਕ ਜੀਭ ਦੇ ਸੁਆਦ ਕਰਕੇ ਅਸੀਂ ਕਿੰਨੀਆਂ ਬੀਮਾਰੀਆਂ ਸਹੇੜ ਲੈਂਦੇ ਹਾਂ। ਜਦੋਂ ਕੋਈ ਬੀਮਾਰ ਪੈ ਜਾਂਦਾ ਹੈ ਤਾਂ ਉਸਨੂੰ ਡਾਕਟਰ ਕੁੱਝ ਚੀਜ਼ਾਂ ਨਾ ਖਾਣ ਦੀ ਸਲਾਹ ਦਿੰਦੇ ਹਨ। ਪਤਾਂ ਤਾਂ ਮਰੀਜ਼ ਨੂੰ ਵੀ ਹੁੰਦਾ ਹੈ ਕਿ ਜੇਕਰ ਉਹ ਚੀਜ਼ ਜਿਸਦਾ ਪ੍ਰਹੇਜ਼ ਕੀਤਾ ਗਿਆ ਹੈ, ਖਾਧੀ ਗਈ ਤਾਂ ਉਸਦੀ ਖੈਰ ਨਹੀਂ ਪਰ 'ਜੀਭ' ਵਿਚਾਰੀ ਲੱਖ ਯਤਨਾਂ ਦੇ ਬਾਵਜੂਦ ਵੀ ਸਮਝਾਇਆ ਨਹੀਂ ਸਮਝਦੀ, ਲੱਖ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਬੰਦਾ ਜੀਭ ਅੱਗੇ ਹਾਰ ਜਾਂਦਾ ਹੈ। ਬੱਸ ਇੱਕ ਵਾਰ ਕਿਸੇ ਚੀਜ਼ ਦਾ ਸੁਆਦ ਪੈ ਜਾਵੇ ਤਾਂ ਉਸਨੂੰ ਛੱਡਣਾ ਔਖਾ ਹੋ ਜਾਂਦਾ। ਵਿਆਹ ਸ਼ਾਦੀਆਂ ਜਾਂ ਪ੍ਰੋਗਰਾਮਾਂ ਵਿੱਚ ਬਣੇ ਗਰਮ ਗਰਮ ਪਕੌੜੇ ਜਾਂ ਟਿੱਕੀਆਂ, ਦਹੀਂ  ਭਲਿਆਂ ਨੂੰ ਦੇਖਕੇ ਕਿਹੜੀ ਜੀਭ ਹੈ ਜੋ ਲਲਚਾਉਂਦੀ ਨਹੀਂ। ਫਿਰ ਤਾਂ ਭਾਵੇਂ ਕਿਸੇ ਦਾ ਗਲ ਖਰਾਬ ਜਾਂ ਖੰਘ ਜਾਂ ਪੇਟ ਖਰਾਬ ਇੱਕ ਵਾਰ ਬੰਦਾ ਸੋਚਦਾ ਦੇਖੀ ਜਾਊ, ਜੋ ਹੁੰਦਾ ਹੋ ਜਾਏ। ਇੱਕ ਟਿੱਕੀ ਤਾਂ ਖਾਣੀ ਹੀ ਖਾਣੀ ਜਾਂ ਕਈ ਵਾਰ ਅਜਿਹੇ ਮਰੀਜ਼ਾਂ ਨਾਲ ਵੀ ਵਾਹ ਪੈਂਦਾ ਜੋ ਕਹਿਣਗੇ ਜੀ ਖੰਘ ਤਾਂ ਹਟਦੀ ਹੀ ਨਹੀਂ ਸੀ ਮੈਂ ਤਾਂ ਅੱਕ ਕੇ ਫਿਰ ਪਕੌੜੇ ਖਾ ਹੀ ਲਏ, ਦੇਖੀ ਜਾਊ, ਡਾਕਟਰ ਸਾਹਿਬ ਬੈਠੇ ਆ। ਕਈ ਵਾਰ ਮੈਰਿਜ ਪੈਲੇਸਾਂ ਜਾਂ ਪ੍ਰੋਗਰਾਮਾਂ ਵਿਚੋਂ ਬੈਠੇ ਬੈਠੇ ਕਈ ਮਰੀਜਾਂ ਦਾ ਫੋਨ ਆਉਂਦਾ ਹੈ। ਡਾਕਟਰ ਸਾਹਿਬ ਪਾਰਟੀ 'ਚ ਬੈਠੇ ਆਂ ਮਿੱਤਰ ਯਾਰ ਜ਼ਿੱਦ ਕਰੀ ਜਾਂਦੇ ਨੇ, ਊ ਤਾਂ ਥੋਡੀ ਬੰਦ ਕੀਤੀ ਹੋਈ ਆ ਇੱਕ ਅੱਧਾ ਪੈਗ ਜਾ ਲਾ ਲਈਏ। ਜੇ ਤੁਸੀਂ ਕਹੋ ਤਾਂ ਪੀ ਲਊਂ ਨਹੀ ਤਾਂ ਰਹਿਣ ਦਿੰਨੇ ਆਂ। ਮਤਲਬ ਕਿ ਇੱਕ ਵਾਰ ਡਾਕਟਰ ਦੇ ਮੂੰਹੋਂ ਹੀ ਕਢਵਾਉਣਾ ਹੁੰਦਾ ਕਿਉਂਕਿ ਜੇਕਰ ਕੱਲ੍ਹ ਨੂੰ ਕੋਈ ਤਕਲੀਫ ਹੋ ਗਈ ਤਾਂ ਉਹੀ ਮਰੀਜ਼ ਨੇ ਡਾਕਟਰ ਸਿਰ ਭਾਂਡਾ ਭੰਨਣਾ, ਤੁਸੀਂ ਹੀ ਤਾਂ ਕਿਹਾ ਸੀ ਜੀ ਵੀ ਲਾ ਲੈ ਇੱਕ ਅੱਧਾ। ਭਾਵ ਕਿ ਪ੍ਰਹੇਜ਼ ਕਰਨ ਤੋਂ ਦੁਨੀਆਂ ਬਹੁਤ ਚੱਲਦੀ ਹੈ। ਇਹੀ ਕਾਰਨ ਹੈ ਕਿ ਸਾਡੇ ਲੋਕਾਂ ਦਾ ਬੀਮਾਰੀਆਂ ਤੋਂ ਖਹਿੜਾ ਨਹੀਂ ਛੁੱਟਦਾ। ਮੈਂ ਇਥੇ ਇਹ ਗੱਲ ਵੀ ਲਿਖ ਸਕਦਾ ਸੀ ਕਿ ਬੀਮਾਰੀਆਂ ਲੋਕਾਂ ਦਾ ਖਹਿੜਾ ਨਹੀਂ ਛੱਡਦੀਆਂ। ਪਰ ਅਸਲ ਗੱਲ ਇਹ ਹੈ ਕਿ ਲੋਕ ਬੀਮਾਰੀਆਂ ਤੋਂ ਖਹਿੜਾ ਛੁਡਾਕੇ ਰਾਜ਼ੀ ਹੀ ਨਹੀਂ। ਕੋਈ ਵੀ ਬਿਮਾਰੀ ਲੈ ਲਓ ਸ਼ੂਗਰ, ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਤੇਜ਼ਾਬ, ਇਹ ਸਾਰੀਆਂ ਮਾਡਰਨ ਮਨੁੱਖ ਦੀਆਂ ਸਹੇੜੀਆਂ ਹੋਈਆਂ ਹੀ ਤਾਂ ਹਨ। ਖਾਣ-ਪੀਣ ਨੂੰ ਖੁੱਲ੍ਹਾ-ਡੁੱਲਾ ਕੰਮ ਦਾ ਡੱਕਾ ਨਹੀਂ ਤੋੜਨਾ, ਗੋਗੜਾਂ ਵਧੀ ਜਾਂਦੀਆਂ, ਬੀਮਾਰੀਆਂ ਲੱਗੀ ਜਾਂਦੀਆਂ।
ਵਿਆਹ-ਸ਼ਾਦੀਆਂ ਵਿੱਚ ਅਕਸਰ ਜਾਣ ਦਾ ਮੌਕਾ ਮਿਲਦਾ ਰਹਿੰਦਾ। ਲੋਕਾਂ ਵੱਲ ਦੇਖ ਦੇਖਕੇ ਹੀ ਚਿੱਤ ਭਰ ਜਾਂਦਾ। ਕਈ ਲੋਕਾਂ ਨੇ ਤਾਂ ਢਿੱਡ ਨੂੰ ਢਿੱਡ ਨਹੀਂ ਰੂੜੀ ਸਮਝ ਰੱਖਿਆ। ਜੋ ਆਉਂਦਾ ਤੁੰਨੀ ਜਾਂਦੇ ਆ। ਉਹ ਇਹ ਨਹੀਂ ਦੇਖਦੇ ਕਿ ਸਰੀਰ ਨੂੰ ਚੱਲਦਾ ਰੱਖਣ ਲਈ ਕਿੰਨੇ ਕੁ ਅੰਨ ਪਾਣੀ ਦੀ ਲੋੜ ਹੈ। ਬੱਸ ਜਿੰਨਾਂ ਚਿਰ ਤੱਕ ਅੱਖਾਂ ਦੀ ਭੁੱਖ ਅਤੇ ਜੀਭ ਦਾ ਸੁਆਦ ਮੁੱਕਦਾ ਨਹੀਂ, ਉਦੋਂ ਤੱਕ ਦੱਬੀ ਤੁਰੀ ਜਾਂਦੇ ਆ। ਉਹਨਾਂ ਵਿੱਚ ਕਈ ਤਾਂ ਦੂਜੇ ਦਿਨ ਹਸਪਤਾਲਾਂ 'ਚ ਹੁੰਦੇ ਆ ਕਈ ਫਿਰ ਦੂਜੇ ਦਿਨ ਕਿਸੇ ਹੋਰ ਵਿਆਹ-ਸ਼ਾਦੀ 'ਚ ਟੱਕਰ ਜਾਂਦੇ ਆ। ਅਜਿਹੇ ਲੋਕ ਇੱਕ ਨਾ ਇੱਕ ਦਿਨ ਜ਼ਰੂਰ ਬੀਮਾਰ ਪੈਂਦੇ ਹਨ। ਫਿਰ ਬੀਮਾਰੀਆਂ ਵੀ ਅਜਿਹੀਆਂ ਲੱਗਦੀਆਂ ਹਨ ਕਿ ਡਾਕਟਰ ਸਾਰਾ ਕੁੱਝ ਹੀ ਛੁਡਵਾ ਦਿੰਦੇ ਹਨ, ਜਿਹੜੇ ਤਾਂ ਡਾਕਟਰਾਂ ਦੇ ਆਖੇ ਲੱਗ ਜਾਂਦੇ ਹਨ ਉਹ ਬਚ ਜਾਂਦੇ ਹਨ ਬਾਕੀ ਅੱਲ੍ਹਾ ਨੂੰ ਪਿਆਰੇ ਹੋ ਜਾਂਦੇ ਹਨ। ਇੱਕ ਤਾਂ ਅੱਜਕੱਲ੍ਹ ਦੇ ਖਾਣੇ ਜ਼ਿਆਦਾ ਚਟਪਟੇ ਸੁਆਦਲੇ ਹੋ ਗਏ ਉਹਨਾਂ ਵਿਚਲੇ ਜਰੂਰੀ ਤੱਤ ਬਿਲਕੁੱਲ ਖ਼ਤਮ ਹੋ ਗਏ। ਬਸ ਸਿਰਫ ਸੁਆਦ ਤੱਕ ਹੀ ਸੀਮਤ ਹਨ। ਅਜਿਹੇ ਖਾਣੇ ਖਾ ਕੇ ਇੱਕ ਵਾਰ ਜੀਭ ਦਾ ਸੁਆਦ ਤਾਂ ਚੱਖ ਲਿਆ ਜਾਂਦਾ ਹੈ ਪਰ ਬਾਅਦ ਵਿੱਚ ਪਛਤਾਵਾ ਹੀ ਪੱਲੇ ਪੈਂਦਾ ਹੈ। ਅਜਿਹੇ ਖਾਣਿਆਂ ਤੋਂ ਸਾਨੂੰ ਗੁਰਬਾਣੀ ਵੀ ਵਰਜਿਤ ਕਰਦੀ ਹੈ :-
ਬਾਬਾ ਹੋਰੁ ਖਾਣਾ ਖੁਸੀ ਖੁਆਰੁ£
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰੁ£
ਖਾਈਏ 'ਮਨ ਭਾਉਂਦਾ ਪਹਿਨੀਏ ਜਗ ਭਾਉਂਦਾ' ਦਾ ਨਾਅਰਾ ਵੀ ਤੰਦਰੁਸਤੀ ਤੋਂ ਕੋਹਾਂ ਦੂਰ ਲੈ ਜਾਂਦਾ ਹੈ ਕਿਉਂਕਿ ਮਨ ਭਾਉਂਦਾ ਖਾਣਾ ਬੀਮਾਰੀ ਦਾ ਕਾਰਨ ਬਣਦਾ ਹੈ। ਸਿਆਲਾਂ ਵਿੱਚ ਪੰਜਾਬੀਆਂ ਦਾ ਮਨ ਭਾਉਂਦਾ ਖਾਣਾ ਸਰੋਂ ਦਾ ਸਾਗ ਵਿੱਚ ਖਾਸਾ ਸਾਰਾ ਘਿਓ ਜਾਂ ਮੱਖਣ, ਨਾਲ ਮੱਕੀ ਦੀ ਰੋਟੀ। ਇਹ ਸਿਰ=ੇ ਦਾ ਬੀਮਾਰੀ ਦਾ ਘਰ ਹੈ। ਨਾ ਤਾਂ ਸਰੋਂ ਵਧੀਆ ਮਿਲਦੀ ਹੈ ਨਾ ਘਿਓ। ਲੋਕ ਅੱਠ-ਅੱਠ, ਦਸ-ਦਸ ਦਿਨ ਸਾਗ ਨੂੰ ਤੜਕੇ ਲਾ ਲਾ ਕੇ ਛਕੀ ਜਾਂਦੇ ਆ ਫਿਰ ਕਿਸੇ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਕਿਸੇ ਨੂੰ ਤੇਜ਼ਾਬ ਕਿਉਂਕਿ ਪਾਣੀ ਪੀਣ ਦੀ ਆਦਤ ਸਾਨੂੰ ਹੈ ਨਹੀਂ, ਚਾਹ ਦੇ ਕੌਲੇ ਜਿੰਨੇ ਮਰਜ਼ੀ ਛਕ ਜਾਓ। ਜਿੰਨਾਂ ਚਿਰ ਤੱਕ ਅਸੀਂ ਪੁਰਾਣੀਆਂ ਖਾਣ-ਪੀਣ ਦੀਆਂ ਆਦਤਾਂ ਨਹੀਂ ਛੱਡਦੇ ਉਨਾਂ ਚਿਰ ਬੀਮਾਰੀਆਂ ਸਾਡਾ ਖਹਿੜਾ ਨਹੀਂ ਛੱਡਣਗੀਆਂ ਕਿਉਂਕਿ ਅਸੀਂ ਹੱਥੀਂ ਕੰਮ ਕਰਨ ਦੀ ਆਦਤ ਨੂੰ ਤਾਂ ਛੱਡ ਦਿੱਤਾ ਪਰ ਖਾਣ-ਪੀਣ ਉਹੀ ਚੱਲਦੈ।
ਗੱਲ ਸੁਆਦਾਂ ਦੀ ਚੱਲਦੀ ਹੈ। ਏਡਜ਼ ਅਤੇ ਹੈਪਾਟਾਇਟਸ ਵਰਗੀਆਂ ਬੀਮਾਰੀਆਂ ਵੀ ਸੁਆਦਾਂ ਦਾ ਹੀ ਸਿੱਟਾ ਹੈ। ਖਾਸ ਕਰਕੇ ਏਡਜ਼ ਤਾਂ ਸੈਕਸ ਦੇ ਸੁਆਦ ਦਾ ਮੁੱਖ ਕਾਰਨ ਹੈ। ਬਹੁਤ ਥੋੜੇ ਕੇਸ ਅਜਿਹੇ ਮਿਲਦੇ ਹਨ ਜਿੰਨ੍ਹਾਂ ਨੂੰ ਸੂਈਆਂ ਕਰਕੇ ਏਡਜ਼ ਹੁੰਦੀ ਹੈ। ਬਹੁਤਾਤ ਤਾਂ ਸੁਆਦਾਂ ਦੀ ਪੱਟੀ ਹੋਈ ਆ। ਇੱਕ ਵਾਰ ਦੇ ਸੁਆਦ ਮਗਰ ਸਾਰੀ ਉਮਰ ਦਾ ਰੋਗ ਜਾਂ ਜਿੰਦਗੀ ਤੋਂ ਹੱਥ ਧੋ ਲੈਣੇ, ਇਹ ਕਿਥੋਂ ਦੀ ਸਿਆਣਪ ਹੈ।
ਕਈ ਮਰੀਜ਼ਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਫਲਾਣਾ ਤਾਂ ਸਭ ਕੁੱਝ ਖਾ ਜਾਂਦਾ। ਮੈਂ ਅਗਰ ਦੋ ਪਕੌੜੇ ਹੀ ਖਾ ਲਵਾਂ ਤਾਂ ਗਧੀ ਗੇੜ ਪਾ ਦਿੰਦੇ ਆ ਜਾਂ ਕਈ ਪੀਣ ਦੇ ਸ਼ੌਕੀਨ ਅਕਸਰ ਹੀ ਇਹ ਗੱਲ ਆਖ ਦਿੰਦੇ ਹਨ। ਡਾਕਟਰ ਸਾਹਿਬ ਮੇਰਾ ਇੱਕ ਯਾਰ ਉਹ ਤਾਂ ਬੋਤਲ ਪੀ ਜਾਂਦਾ ਪਰ ਮੈਨੂੰ ਤਾਂ ਇੱਕੋ ਹੀ ਹਜ਼ਮ ਨਹੀਂ ਆਉਂਦਾ। ਜਦੋਂ ਅਸੀਂ ਆਪਣੇ ਆਪ ਦਾ ਦੂਜਿਆਂ ਨਾਲ ਮੁਕਾਬਲਾ ਕਰਦੇ ਰਹਾਂਗੇ ਤੰਦਰੁਸਤ ਨਹੀਂ ਹੋਵਾਂਗੇ, ਨਾਲੇ ਸਿਆਣੇ ਕਹਿੰਦੇ ਆ ਕਿ ਆਪ ਤੋਂ ਨੀਵਿਆਂ ਵੱਲ ਦੇਖ ਕੇ ਜੀਓ, ਨਾਲੇ ਮੁਕਾਬਲਾ ਕਰਨਾ ਤਾਂ ਚੰਗੀਆਂ ਆਦਤਾਂ ਦਾ ਕਰੋ ਨਾ ਕਿ ਫਲਾਣਾ ਬੋਤਲ ਪੀ ਜਾਂਦਾ ਪਰ ਮੇਰੇ ਇੱਕੋ ਹਜ਼ਮ ਨਹੀਂ ਹੁੰਦਾ।
ਕਈ ਵਾਰ ਮਰੀਜ਼ ਪੁੱਛ ਲੈਂਦੇ ਹਨ ਕਿ ਡਾਕਟਰ ਸਾਹਿਬ ਤੁਸੀਂ ਫਿਰ ਵਿਆਹ-ਸ਼ਾਦੀਆਂ 'ਚ ਜਾ ਕੇ ਕੁੱਝ ਨਹੀਂ ਖਾਂਦੇ। ਇਹ ਸਵਾਲ ਲੱਗਪੱਗ ਸਾਰੇ ਡਾਕਟਰਾਂ ਨੂੰ ਮਰੀਜ਼ ਅਕਸਰ ਹੀ ਕਰ ਦਿੰਦੇ ਹਨ। ਉਥੇ ਮੇਰਾ ਜਵਾਬ ਹੁੰਦਾ ਹੈ ਕਿ ਭਾਈ ਅਸੀਂ ਜਿਉਣ ਲਈ ਖਾਂਦੇ ਹਾਂ, ਖਾਣ ਲਈ ਨਹੀਂ ਜਿਉਂਦੇ। ਵਿਆਹ-ਸ਼ਾਦੀਆਂ ਵਿੱਚ ਜਿੱਥੋਂ ਤੱਕ ਹੋ ਸਕੇ ਬਹੁਤਾ ਖਾਣ-ਪੀਣ ਤੋਂ ਗੁਰੇਜ਼ ਹੀ ਕਰੀਦਾ, ਕਿਉਂਕਿ ਹਰੇਕ ਚੀਜ਼ ਨੂੰ ਸੁਆਦਲਾ ਬਣਾਉਣ ਲਈ ਹਲਵਾਈ ਆਪਣਾ ਪੂਰਾ ਤਾਣ ਲਾ ਦਿੰਦੈ, ਕੋਈ ਇਹ ਨਾ ਕਹਿ ਦਏ ਕਿ ਫਲਾਣੀ ਚੀਜ਼ ਸੁਆਦ ਨਹੀਂ ਸੀ ਹੁਣ ਤਾਂ ਹਲਵਾਈ ਮੂੰਗੀ ਦੀ ਦਾਲ ਵਿੱਚ ਵੀ ਦਾਖਾਂ ਪਾਉਣ ਲੱਗ ਪਏ। ਕਹਿਣ ਤੋਂ ਭਾਵ ਇਹ ਹੈ ਕਿ ਲੋੜ ਅਨੁਸਾਰ ਖਾਓ, ਅੰਨ ਦੀ ਬੇਅਦਬੀ ਨਾ ਕਰੋ, ਜਿਸ ਦਿਨ ਜ਼ਿਆਦਾ ਤਲਿਆ ਫਲਿਆ ਖਾਧਾ ਜਾਵੇ, ਪਾਣੀ ਦੀ ਮਾਤਰਾ ਹੋਰ ਵਧਾ ਦਿਓ, ਸੈਰ ਕਰੋ, ਜਾਂ ਜਿਸ ਦਿਨ ਪਾਰਟੀ 'ਤੇ ਖਾਧਾ ਪੀਤਾ ਹੋਵੇ, ਉਸ ਰਾਤ ਨੂੰ ਕੁੱਝ ਨਾ ਖਾਓ, ਇਸ ਨਾਲ ਪੇਟ ਠੀਕ ਰਹਿੰਦਾ ਹੈ, ਵੱਧ ਖਾਧਾ ਹਜ਼ਮ ਹੋ ਜਾਂਦਾ ਹੈ। ਜੇਕਰ ਜ਼ਿਆਦਾ ਹੀ ਭੁੱਖ ਲੱਗੀ ਹੋਵੇ ਤਾਂ ਸਲਾਦ ਵਗੈਰਾ ਖਾ ਕੇ ਹੀ ਗੁਜ਼ਾਰਾ ਕਰੋ। ਅਗਰ ਤੁਸੀਂ ਘੱਤੇ ਤੇ ਘੱਤਾ ਸੁੱਟਦੇ ਚਲੇ ਗਏ ਤਾਂ ਮਿਹਦਾ ਤੁਹਾਡੀ ਇਸ ਬਦਨੀਤੀ ਦਾ ਸ਼ਿਕਾਰ ਹੋ ਕੇ ਹਜ਼ਮ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ ਅਤੇ ਬੀਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ।  
ਡਾ. ਅਮਨਦੀਪ ਸਿੰਘ ਟੱਲੇਵਾਲੀਆ
98146-99446
E-mail : tallewalia@gmail.com