ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਹੋਣ ਦੀ ਲੋੜ


ਵਿਸ਼ਵ ਭਰ ਵਿਚ ਹਰ ਕੋਈ ਵਿਅਕਤੀ ਆਪਣੇ ਮੁਲਕ ਨੂੰ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰੂਪ ਵਿਚ ਵੇਖਣ ਦੀ ਤਮੰਨਾ ਰੱਖਦਾ ਹੈ, ਪਰ ਭਾਰਤ ਵਿਚ ਵਧੇਰੇ ਕਰਕੇ ਅਜਿਹਾ ਜਜ਼ਬਾ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿਉਂਕਿ ਭਾਰਤ ਦੀ ਇਕ ਅਰਬ ਵੱਸੋਂ ਦੇ ਮਨਾਂ ਅੰਦਰ ਭਾਰਤੀ ਹੋਣ ਦਾ ਅਹਿਸਾਸ ਹਿੰਦੂਵਾਦੀ ਕੱਟੜਪੰਥੀ ਸਾਜਿਸ਼ਾਂ ਨੇ ਪੈਦਾ ਹੀ ਨਹੀਂ ਹੋਣ ਦਿੱਤਾ।
ਉਂਝ ਭਾਵੇਂ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਅਤੇ ਭਾਰਤੀ ਸੰਵਿਧਾਨ ਅੰਦਰ ਕਿਸੇ ਵੀ ਧਰਮ ਅਤੇ ਇਸ਼ਟ ਨੂੰ ਮੰਨਣ ਦੀ ਪੂਰਨ ਤੌਰ 'ਤੇ ਅਜ਼ਾਦੀ ਹੈ। ਭਾਰਤ ਵਿਚ ਵੱਖ-ਵੱਖ ਧਰਮਾਂ ਅਤੇ ਸਭਿਅਤਾ ਨਾਲ ਸਬੰਧਤ ਲੋਕ ਰਹਿੰਦੇ ਹਨ ਅਤੇ ਵੱਖ-ਵੱਖ ਭਾਸ਼ਾਵਾਂ 'ਤੇ ਆਧਾਰਤ ਸੂਬੇ ਬਣੇ ਹੋਏ ਹਨ। ਪਰ ਇਸ ਸਭ ਦੇ ਬਾਵਜੂਦ ਵੀ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਵਜੋਂ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ। ਇਕ ਲੋਕਤੰਤਰਿਕ ਦੇਸ਼ ਹੋਣ ਦੇ ਨਾਤੇ ਭਾਰਤ ਅੰਦਰ ਹਰ ਨਾਗਰਿਕ ਨੂੰ ਆਪਣੇ ਵਿਚਾਰ ਲਿਖ ਜਾਂ ਬੋਲ ਕੇ ਪ੍ਰਗਟ ਕਰਨ ਦਾ ਮੌਲਿਕ ਅਧਿਕਾਰ ਹੈ, ਪਰ ਫਿਰ ਵੀ ਘੱਟ ਗਿਣਤੀਆਂ ਵਾਲੀਆਂ ਕੌਮਾਂ ਦੇ ਆਗੂਆਂ ਨੂੰ ਆਪਣੀਆਂ ਮੰਗਾਂ ਦੀ ਗੱਲ ਕਰਨ ਬਦਲੇ ਵੱਖ-ਵੱਖ ਫੌਜਦਾਰੀ ਕੇਸਾਂ ਦੀਆਂ ਧਾਰਾਵਾਂ ਵਿਚ ਉਲਝਾ ਕੇ ਉਹਨਾਂ ਦੀ ਅਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾਂਦੇ ਹਨ।
ਅਸਲ ਵਿਚ ਭਾਰਤ ਦੇ ਆਦਿਵਾਸੀ ਲੋਕ, ਜੋ ਇੱਥੋਂ ਦੇ ਮੂਲ ਵਾਸੀ ਸਨ, ਨੂੰ ਜਾਤਾਂ-ਪਾਤਾਂ ਵਿਚ ਵੰਡ ਕੇ ਭਾਰਤ ਅੰਦਰ ਵਪਾਰ ਕਰਨ ਆਏ ਆਰੀਅਨ ਲੋਕ ਇੱਥੇ ਰਾਜ-ਸੱਤਾ ਦੇ ਮਾਲਕ ਬਣ ਬੈਠੇ। ਇਹੀ ਕਾਰਨ ਹੈ ਕਿ ਓਦੋਂ  ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਲੋਕਾਂ ਦੇ ਮਨਾਂ ਅੰਦਰ ਕੌਮੀ ਸਾਂਝ ਪੈਦਾ ਹੀ ਨਹੀਂ ਹੋ ਸਕੀ। ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਸਮੇਂ ਦੌਰਾਨ ਭਾਰਤ ਅੰਦਰ ਛੇ ਹਜ਼ਾਰ ਜਾਤਾਂ ਹਨ ਅਤੇ ਅੱਗੇ ਜਾ ਕੇ ਇਹਨਾਂ ਵਿਚ ਹੋਰ ਉਪ-ਜਾਤਾਂ ਹਨ, ਜਿਨ੍ਹਾਂ ਦੀ ਗਿਣਤੀ ਅੱਗੇ ਹਜ਼ਾਰਾਂ ਵਿਚ ਹੈ।
ਸਮੁੱਚੇ ਦੇਸ਼ ਨੂੰ ਜਾਤ-ਪਾਤ ਦੇ ਚੱਕਰਾਂ ਵਿਚ ਪਾ ਕੇ ਸੱਤਾ ਪ੍ਰਾਪਤ ਕਰਨੀ 'ਮਨੂੰ ਸਿਮਰਤੀ' ਦਾ ਉਦੇਸ਼ ਸੀ, ਜਿਸ ਵਿਚ ਕੱਟੜਪੰਥੀ ਹਿੰਦੂਤਵ ਸ਼ਕਤੀਆਂ ਕਾਮਯਾਬ ਵੀ ਰਹੀਆਂ। ਇਹ ਕੈਸੀ ਵਿਡੰਬਨਾ ਹੈ ਕਿ ਜੇਕਰ ਤੁਸੀਂ ਭਾਰਤ ਦੇ ਇਕ ਆਮ ਨਾਗਰਿਕ ਨੂੰ ਉਸ ਦੇ ਦੇਸ਼ ਦਾ ਨਾਂ ਪੁੱਛੋਗੇ ਤਾਂ ਉਹ ਸਿੱਧੇ ਤੌਰ 'ਤੇ 'ਹਿੰਦੁਸਤਾਨ' ਦਾ ਨਾਂ ਲਵੇਗਾ, ਪਰ ਹੈਰਾਨੀਜਨਕ ਪਹਿਲੂ ਤਾਂ ਇਹ ਹੈ ਕਿ ਸਮੁੱਚੇ ਸੰਸਾਰ ਦੇ ਨਕਸ਼ੇ 'ਤੇ 'ਹਿੰਦੁਸਤਾਨ' ਨਾਂ ਦਾ ਮੁਲਕ ਹੀ ਕੋਈ ਨਹੀਂ ਹੈ। ਦੇਸ਼ ਦਾ ਸੰਵਿਧਾਨਕ ਨਾਂ 'ਇੰਡੀਆ' ਹੈ, ਜਿਸ ਦਾ ਹਿੰਦੀ ਰੁਪਾਂਤਰਣ ਭਾਵ 'ਭਾਰਤ' ਤੋਂ ਹੈ।
ਸਮੁੱਚੇ ਸੰਸਾਰ ਅੰਦਰ ਜਿਸ ਨਾਂ ਦਾ ਕੋਈ ਮੁਲਕ ਨਹੀਂ, ਅਸੀਂ ਆਪਣੇ-ਆਪ ਨੂੰ ਉਸ ਦੇਸ਼ ਦਾ ਨਾਗਰਿਕ ਦੱਸ ਰਹੇ ਹਾਂ। ਇਹ ਕੋਈ ਆਮ ਵਰਤਾਰਾ ਨਹੀਂ ਹੈ, ਸਗੋਂ ਹਿੰਦੂਤਵ ਸ਼ਕਤੀਆਂ ਦੀ ਸਾਲਾਂਬੱਧੀ ਰਚੀ ਸਾਜਿਸ਼ ਦਾ ਸਿੱਟਾ ਹੈ ਕਿ ਸਾਡੀ ਮਾਨਸਿਕਤਾ ਵਿਚ ਹਿੰਦੂਵਾਦੀ ਵਿਚਾਰਧਾਰਾ ਨੂੰ ਸ਼ਾਮਲ ਕਰਨ ਲਈ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਜਾ ਰਹੇ ਹਨ।
ਭਾਰਤ ਅੰਦਰ ਭਾਵੇਂ ਬਹੁਗਿਣਤੀ ਹਿੰਦੂਆਂ ਦੀ ਹੈ ਪਰ ਮੁਸਲਮਾਨ, ਸਿੱਖ, ਜੈਨੀ, ਈਸਾਈ ਅਤੇ ਬੋਧੀਆਂ ਸਮੇਤ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਇਸ ਰਾਸ਼ਟਰ ਦਾ ਹਿੱਸਾ ਹਨ। ਫਿਰ ਕਿਉਂ ਹਿੰਦੂਵਾਦੀ ਕੱਟੜਪੰਥੀ ਭਾਰਤ ਨੂੰ ਸਿਰਫ਼ ਤੇ ਸਿਰਫ਼ ਇਕ ਹਿੰਦੂ-ਰਾਸ਼ਟਰ ਵਜੋਂ ਪੇਸ਼ ਕਰਨ ਵਿਚ ਲੱਗੇ ਹੋਏ ਹਨ। ਇਹ ਗੱਲ ਮੇਰੀ ਸਮਝ ਤੋਂ ਪਰ੍ਹੇ ਹੈ।
ਭਾਰਤ ਸਰਕਾਰ ਵੱਲੋਂ ਸੰਨ 2011 ਵਿਚ ਕੀਤੀ ਗਈ ਮਰਦਮਸ਼ੁਮਾਰੀ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਅੰਦਰ ਹਿੰਦੂ 80.5%, ਮੁਸਲਿਮ 13.4%, ਕ੍ਰਿਸਚੀਅਨ 2.3%, ਸਿੱਖ 1.9% ਅਤੇ ਹੋਰ ਧਰਮਾਂ ਨਾਲ ਸਬੰਧਤ 1.8% ਲੋਕ ਰਹਿੰਦੇ ਹਨ। ਭਾਰਤ ਦੇ ਇਤਿਹਾਸ ਉਪਰ ਸਰਸਰੀ ਨਜ਼ਰ ਮਾਰੀਏ ਤਾਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਇਸ ਦੇਸ਼ ਵਿਚ ਘੱਟ-ਗਿਣਤੀਆਂ ਵਿਰੁੱਧ ਸਰਕਾਰੀ ਸ਼ਹਿ 'ਤੇ ਜ਼ੁਲਮ ਹੀ ਨਹੀਂ ਕੀਤਾ ਗਿਆ, ਸਗੋਂ ਉਹਨਾਂ ਦੀਆਂ ਹੱਕੀ ਮੰਗਾਂ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਆਦਿ ਦੋਸ਼ ਲਾ ਕੇ ਜੇਲ੍ਹਾਂ ਵਿਚ ਡੱਕਿਆ ਜਾਂਦਾ ਰਿਹਾ ਹੈ। ਸਿੱਖ ਕੌਮ ਅੱਗੇ ਅੱਜ ਹਜ਼ਾਰਾਂ ਹੀ ਸਵਾਲ ਮੂੰਹ ਅੱਡੀ ਖੜ੍ਹੇ ਹਨ, ਜਿਨ੍ਹਾਂ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਮੌਜੂਦਾ ਦੌਰ ਵਿਚ ਭਾਰਤੀ ਸੰਵਿਧਾਨ ਦੀ ਵਰਤੋਂ ਦੋ ਪਹਿਲੂਆਂ ਤੋਂ ਕੀਤੀ ਜਾਂਦੀ ਹੈ, ਜੋ ਠੀਕ ਰੁਝਾਨ ਨਹੀਂ ਹੈ ਅਤੇ ਘੱਟ ਗਿਣਤੀਆਂ ਵਿਰੁੱਧ ਸਾਜਿਸ਼ ਦਾ ਪ੍ਰਤੱਖ ਸਬੂਤ ਹੈ। ਹਿੰਦੁਸਤਾਨ ਅਤੇ ਖਾਲਿਸਤਾਨ ਵਿਚ ਮੇਰੀ ਸਮਝ ਅਨੁਸਾਰ ਸ਼ਬਦੀ ਤੌਰ 'ਤੇ ਕੋਈ ਬਹੁਤਾ ਅੰਤਰ ਨਹੀਂ, ਕਿਉਂਕਿ 'ਹਿੰਦੁਸਤਾਨ' ਤੋਂ ਭਾਵ ਹਿੰਦੂਆਂ ਦਾ ਦੇਸ਼ ਅਤੇ 'ਖਾਲਿਸਤਾਨ' ਤੋਂ ਭਾਵ ਖਾਲਸਿਆਂ ਦਾ ਦੇਸ਼ ਤੋਂ ਹੈ। ਭਾਰਤ ਅੰਦਰ ਕੱਟੜ ਹਿੰਦੂਵਾਦੀ ਜਥੇਬੰਦੀਆਂ ਪੂਰੀ ਤਾਕਤ ਅਤੇ ਸਰਗਰਮੀ ਨਾਲ ਘੱਟ-ਗਿਣਤੀਆਂ ਵਿਰੁੱਧ ਨਿੱਤ ਦਿਨ ਜ਼ਹਿਰ ਘੋਲਦੀਆਂ ਹਨ ਅਤੇ ਅਜਿਹੀਆਂ ਸਭ ਕਾਰਵਾਈਆਂ ਲਈ ਇਹਨਾਂ ਹਿੰਦੂਵਾਦੀ ਜਥੇਬੰਦੀਆਂ ਨੂੰ ਆਪਣੇ ਸਿਆਸੀ ਆਕਾਵਾਂ ਦੀ ਪੂਰੀ ਸ਼ਹਿ ਹੈ, ਕਿਉਂਕਿ ਦੋਹਾਂ ਦਾ ਇਕ ਨੁਕਤੀ ਪ੍ਰੋਗਰਾਮ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਵਜੋਂ ਪ੍ਰਚਲਿਤ ਕਰਨਾ ਹੈ ਅਤੇ ਘੱਟ ਗਿਣਤੀਆਂ ਖਾਸ ਤੌਰ 'ਤੇ ਸਿੱਖਾਂ ਨੂੰ ਇਕ 'ਦਹਿਸ਼ਤਗਰਦ ਕੌਮ' ਵਜੋਂ ਸੰਸਾਰ ਅੱਗੇ ਪੇਸ਼ ਕਰਨਾ ਹੈ। ਭਾਰਤ ਅੰਦਰ ਆਮ ਹੀ 'ਹਿੰਦੀ, ਹਿੰਦੂ, ਹਿੰਦੁਸਤਾਨ', 'ਹਿੰਦੁਸਤਾਨ ਮੇਂ ਰਹਿਨਾ ਹੈ ਤੋ ਜੈ ਸ੍ਰੀ ਰਾਮ ਕਹਿਨਾ ਹੋਗਾ' ਆਦਿ ਜਿਹੇ ਫਿਰਕੂ ਨਾਹਰੇ ਲਾਏ ਜਾਂਦੇ ਹਨ ਅਤੇ ਹੈਰਾਨੀਜਨਕ ਪਹਿਲੂ ਤਾਂ ਇਹ ਹੈ ਕਿ ਸਰਕਾਰੀ ਸਮਾਗਮਾਂ ਵਿਚ ਵੱਡੇ-ਵੱਡੇ ਕੇਂਦਰੀ ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਸਟੇਜਾਂ ਤੋਂ ਸ਼ਰੇਆਮ 'ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ' ਗੀਤ ਗਾਇਆ ਜਾਂਦਾ ਹੈ। ਪਰ ਕਿਸੇ ਨੂੰ ਇਸ ਸੰਸਾਰ 'ਚ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਦੇ ਉਲਟ ਜੇਕਰ ਸਿੱਖ ਆਗੂ ਕਿਸੇ ਧਾਰਮਿਕ ਸਮਾਗਮ, ਰੈਲੀ ਜਾਂ ਚੋਣ ਜਲਸੇ ਵਿਚ ਖਾਲਿਸਤਾਨ ਜ਼ਿੰਦਾਬਾਦ ਦਾ ਨਾਹਰਾ ਲਾ ਦਿੰਦਾ ਹੈ ਤਾਂ ਉਹ ਸਰਕਾਰਾਂ ਅਤੇ ਕੱਟੜਪੰਥੀ ਹਿੰਦੂਵਾਦੀ ਸ਼ਕਤੀਆਂ ਨੂੰ ਕਿਸੇ ਭਿਆਨਕ ਦਹਿਸ਼ਤਗਰਦ ਵਾਂਗ ਜਾਪਣ ਲੱਗਦਾ ਹੈ ਅਤੇ ਤੁਰੰਤ ਉਸ ਨੂੰ ਦੇਸ਼-ਧ੍ਰੋਹ ਦੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾ ਹੈ। ਸਿੱਖ ਕੌਮ ਦੇ ਮਹਾਨ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਪੰਚ ਪ੍ਰਧਾਨੀ ਦੇ ਆਗੂ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਅਨੇਕਾਂ ਹੀ ਸਿੱਖ ਕੌਮ ਦੇ ਅਨਮੋਲ ਹੀਰਿਆਂ ਨਾਲ ਅਜਿਹਾ ਵਰਤਾਰਾ ਇਕ ਨਹੀਂ, ਸਗੋਂ ਅਨੇਕਾਂ ਵਾਰ ਵਾਪਰ ਚੁੱਕਿਆ ਹੈ। ਜੇਕਰ 'ਹਿੰਦੂਸਤਾਨ ਜ਼ਿੰਦਾਬਾਦ' ਦਾ ਨਾਹਰਾ ਲਾਉਣਾ ਦੇਸ਼ ਧ੍ਰੋਹ ਨਹੀਂ ਤਾਂ ਫਿਰ 'ਖਾਲਿਸਤਾਨ ਜ਼ਿੰਦਾਬਾਦ' ਦਾ ਨਾਹਰਾ ਦੇਸ਼ ਧ੍ਰੋਹ ਕਿਸ ਤਰ੍ਹਾਂ ਬਣ ਜਾਂਦਾ ਹੈ?
ਭਾਰਤ ਵਿਚ ਫਿਲਮਾਂ ਨੂੰ ਪਾਸ ਕਰਨ ਅਤੇ ਉਹਨਾਂ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਸੈਂਸਰ ਬੋਰਡ ਬਣਿਆ ਹੋਇਆ ਹੈ। ਪਰ ਫਿਰ ਵੀ 'ਰਾਜਾ ਹਿੰਦੁਸਤਾਨੀ', 'ਹਮ ਹੈਂ ਹਿੰਦੁਸਤਾਨੀ', 'ਹਿੰਦੁਸਤਾਨ ਕੀ ਕਸਮ', 'ਫਿਰ ਭੀ ਦਿਲ ਹੈ ਹਿੰਦੁਸਤਾਨੀ' ਵਰਗੀਆਂ ਫਿਲਮਾਂ ਬਿਨਾਂ ਕਿਸੇ ਰੋਕ-ਟੋਕ ਜਾਰੀ ਕੀਤੀਆਂ ਜਾ ਰਹੀਆਂ ਹਨ। ਅਸਲ ਵਿਚ ਇਹ ਸਭ ਕੁਝ ਹਿੰਦੂ ਮਾਨਸਿਕਤਾ ਵਾਲੇ ਕੱਟੜਪੰਥੀ ਲੋਕਾਂ ਦੀ ਇਕ ਸਾਜਿਸ਼ ਹੈ, ਜਿਸ ਤਹਿਤ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਕੇ ਸਾਰੀ ਮਾਨਸਿਕਤਾ ਅੰਦਰ ਹਿੰਦੂ ਸੋਚ ਭਰੀ ਜਾ ਰਹੀ ਹੈ, ਜਿਸ ਤੋਂ ਘੱਟ ਗਿਣਤੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਸੁਨਾਮ ਸਮੇਤ ਅਨੇਕਾਂ ਦੇਸ਼ ਭਗਤਾਂ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ, ਨਾ ਕਿ ਹਿੰਦੁਸਤਾਨ ਲਈ। ਅੰਗਰੇਜ਼ਾਂ ਵਿਰੁੱਧ 'ਭਾਰਤ ਛੱਡੋ ਅੰਦੋਲਨ' ਚੱਲਿਆ।
ਮੇਰੇ ਕਹਿਣ ਤੋਂ ਭਾਵ ਕਿ ਪ੍ਰਿੰਟ ਤੇ ਇਲੈਕਟ੍ਰੋਨਿਕਸ ਮੀਡੀਏ ਦੀ ਮਦਦ ਨਾਲ ਇੰਡੀਆ ਜਾਂ ਭਾਰਤ ਦੀ ਥਾਂ ਸਾਡੇ ਦਿਮਾਗ ਵਿਚ ਭਾਰਤ ਦਾ ਨਾਂ 'ਹਿੰਦੁਸਤਾਨ' ਬਿਠਾ ਦਿੱਤਾ ਗਿਆ ਹੈ।
ਕੇਂਦਰ ਵਿਚ ਵਾਜਪਾਈ ਦੀ ਸਰਕਾਰ ਸਮੇਂ 'ਲੋਕ ਜਨ ਸ਼ਕਤੀ ਪਾਰਟੀ' ਦੇ ਮੁਖੀ 'ਰਾਮ ਬਿਲਾਸ ਪਾਸਵਾਨ' ਨੇ ਭਾਰਤ ਨੂੰ ਹਿੰਦੁਸਤਾਨ ਵਜੋਂ ਪ੍ਰਚਾਰਣ ਦੀ ਨਿਖੇਧੀ ਕਰਦਿਆਂ ਕਾਫ਼ੀ ਬਹਿਸ ਕੀਤੀ ਸੀ।
ਇਕ ਵੱਖਰੇ ਦੇਸ਼ ਵਜੋਂ ਖਾਲਿਸਤਾਨ ਦੀ ਹੋਂਦ ਸਥਾਪਿਤ ਕਰਨ ਲਈ ਲੋਕਤੰਤਰਿਕ ਢੰਗ ਨਾਲ ਅਵਾਜ਼ ਉਠਾਉਣੀ ਜਾਇਜ਼ ਹੈ? ਅਜਿਹੇ ਮਾਮਲੇ ਵਿਚ ਦਿੱਲੀ ਦੀ ਸਰਕਾਰ ਚੁੱਪ ਵੱਟ ਲੈਂਦੀ ਹੈ।
ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ, ਪਰ ਅਜੋਕੇ ਸਮੇਂ ਦੌਰਾਨ ਘੱਟ ਗਿਣਤੀਆਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। ਕਿੰਨੇ ਹੀ ਸਿੱਖ ਵੀਰ, ਜੋ ਸਰਕਾਰਾਂ ਵੱਲੋਂ ਕਾਲੀ ਸੂਚੀ ਵਿਚ ਦਰਜ ਕਰ ਦਿੱਤੇ ਗਏ ਹਨ, ਆਪਣੀ ਮਿੱਟੀ ਅਤੇ ਆਪਣੀ ਕੌਮ ਦੇ ਘਰ ਤੋਂ ਦੂਰ ਰਹਿ ਰਹੇ ਹਨ। ਇਹ ਅਨਿਆਂ ਕਦੋਂ ਖਤਮ ਹੋਵੇਗਾ? ਮੁੱਕਦੀ ਗੱਲ ਤਾਂ ਇਹ ਹੈ ਕਿ ਘੱਟ ਗਿਣਤੀਆਂ ਨੂੰ ਹਿੰਦੂਵਾਦੀ ਸਾਜਿਸ਼ਾਂ ਤੋਂ ਸੁਚੇਤ ਹੋ ਕੇ ਆਪਣੀਆਂ ਹੱਕੀ ਮੰਗਾਂ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ, ਇਸ ਵਿਚ ਹੀ ਘੱਟ ਗਿਣਤੀਆਂ ਦੀ ਭਲਾਈ ਹੈ।
ਕੁਲਵੰਤ ਸਿੰਘ ਟਿੱਬਾ
98557-71379