ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਿਲਵਾਕੀ ਦੇ ਗੁਰਦੁਆਰੇ ਦੀ ਦੁਖਦਾਈ ਘਟਨਾ ਅਤੇ 'ਗੋਰੇ-ਵਡੱਪਣ' ਦੀ ਪਨਪਦੀ-ਧਮਕੀ


ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਚ 5 ਅਗਸਤ 2012 ਨੂੰ ਜੋ ਅਫਸੋਸਨਾਕ ਘਟਨਾ ਵਾਪਰੀ ਹੈ, ਉਹ ਬਹੁਤ ਨਾਜ਼ਕ ਤੇ ਖਤਰਨਾਕ ਕਿਸਮ ਦੀ ਹੈ ਅਤੇ ਇਸ ਨੂੰ ਮਹਿਜ਼ ਇਕ ਸਾਬਕਾ-ਫੌਜੀ ਵੱਲੋਂ ਕੀਤੀ ਗਈ ਪਾਗ਼ਲਾਨਾ-ਕਾਰਵਾਈ ਕਰਾਰ ਦੇ ਕੇ ਦਰ-ਗੁਜ਼ਰ ਨਹੀਂ ਕੀਤਾ ਜਾ ਸਕਦਾ। ਅਮਰੀਕਾ ਵਿਚ ਪਿਛਲੇ ਕੁਝ ਸਮੇਂ ਵਿਚ ਵਾਪਰੀਆਂ ਘਟਨਾਵਾਂ ਜਿਵੇਂ ਕੌਲੋਰੈਡੋ ਦੇ ਸਿਨਮੇ 'ਤੇ ਹਮਲੇ ਤੇ ਕਈ ਹੋਰ ਅਜਿਹੀਆਂ ਘਟਨਾਵਾਂ ਆਪਸੀ ਨਫ਼ਰਤ ਤੇ ਘਰੇਲੂ-ਅੱਤਵਾਦ ਨੂੰ ਭਲੀ-ਭਾਂਤ ਦਰਸਾ ਰਹੀਆਂ ਹਨ। 'ਗੋਰੇ-ਵਡੱਪਣ' ਦਾ ਅਹਿਸਾਸ ਉਸ ਅਮਰੀਕੀ ਕੌਮ ਵਿਚ ਪਨਪਣਾ ਸ਼ੁਰੂ ਹੋ ਗਿਆ ਹੈ ਜੋ ਆਪਣੇ-ਆਪ ਨੂੰ ਆਜ਼ਾਦੀ, ਬਰਾਬਰੀ ਤੇ ਮਨੁੱਖੀ-ਅਧਿਕਾਰਾਂ ਦਾ ਅਲੰਬਰਦਾਰ ਸਮਝਦੀ ਹੈ ਅਤੇ ਸਾਰੀ ਦੁਨੀਆਂ ਵਿਚ ਅੱਤਵਾਦ ਨੂੰ ਖਤਮ ਕਰਨ ਦਾ ਦਾਅਵਾ ਕਰਦੀ ਹੈ। ਪਰ ਇਸ ਦਾ ਇਹ ਮਤਲਬ ਵੀ ਨਹੀਂ ਲਿਆ ਜਾਣਾ ਚਾਹੀਦਾ ਕਿ ਜੋ ਕੁਝ ਅਮਰੀਕਾ ਵਿਚ ਪਨਪ ਰਿਹਾ ਹੈ, ਉਸ ਦੇ ਪਿੱਛੇ ਕੋਈ ਸਾਜਿਸ਼ ਹੈ ਜਾਂ ਉਸ ਦੇ ਪਿੱਛੇ ਉਸ ਦੇਸ਼ ਦੀ ਸਰਕਾਰੀ-ਮਸ਼ੀਨਰੀ ਦਾ ਹੱਥ ਹੈ, ਪ੍ਰੰਤੂ ਇਸ ਸਭ ਕੁਝ ਲਈ ਜੋ ਉੱਥੇ ਵਾਪਰ ਰਿਹਾ ਹੈ, ਦੀ ਅਸੂਲਨ- ਜ਼ਿੰਮੇਵਾਰੀ ਉਸ ਦੀ ਜ਼ਰੂਰ ਬਣਦੀ ਹੈ। ਸੱਤਾਂ-ਸਮੁੰਦਰਾਂ ਤੋਂ ਪਾਰ ਕਿਸੇ ਵੀ ਦੇਸ਼ ਵਿਚ ਫੇਲੇ 'ਅੱਤਵਾਦ' ਦੇ ਵਿਰੁੱਧ ਲੜਨ ਲਈ ਆਪਣੀਆਂ ਫੌਜਾਂ ਭੇਜਣ ਦਾ ਅਧਿਕਾਰ ਆਪਣੇ ਪਾਸ ਰੱਖਣਾ ਅਜਿਹੇ ਮੌਕੇ ਲੌਜਿਕ ਅਤੇ ਇਨਸਾਫ਼ ਦੀ ਕਸਵੱਟੀ 'ਤੇ ਨਹੀਂ ਪੂਰਾ ਨਹੀਂ ਉੱਤਰ ਰਿਹਾ। ਭਾਵੇਂ ਇਸ ਸਮੇਂ ਇਸ ਘਟਨਾ ਬਾਰੇ ਕਿਸੇ ਸਿੱਟੇ 'ਤੇ ਪਹੁੰਚਣਾ ਸਮੇਂ ਤੋਂ ਪਹਿਲਾਂ ਕਰਨ ਵਾਲੀ ਗੱਲ ਹੋਵੇਗੀ, ਪਰ ਇਹ ਪਹਿਲੀ ਨਜ਼ਰੇ ਇਹ ਗੋਰਿਆਂ ਦੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਉਪਰ ਸਮਝਣ ਵਾਲੀ 'ਖੁਸ਼ਫਹਿਮੀ' ਤੇ 'ਭਾਵਨਾ' ਜਾਪਦੀ ਹੈ। ਇਹ ਭਾਵਨਾ ਅਮਰੀਕਾ ਦੀ 'ਸਿਵਲ-ਵਾਰ' ਤੋਂ ਪਹਿਲਾਂ ਵੀ ਮੌਜੂਦ ਸੀ ਤੇ ਇਹ 1990ਵਿਆਂ ਤੱਕ ਦੱਖਣੀ ਅਫ਼ਰੀਕਾ ਅਤੇ ਯੂਰਪ ਦੇ ਕੁਝ ਭਾਗਾਂ ਵਿਚ ਵੱਖ-ਵੱਖ ਸਮਿਆਂ ਵਿਚ ਇਸੇ ਤਰ੍ਹਾਂ ਚੱਲਦੀ ਰਹੀ। ਇਸ ਦਾ ਸਬੰਧ ਗੋਰੇ-ਨਫ਼ਰਤੀ ਗਰੁੱਪਾਂ ਨਾਲ ਨਹੀਂ, ਸਗੋਂ ਰਾਜਨੀਤਕ, ਆਰਥਿਕ ਤੇ ਸੱਭਿਆਚਾਰਕ ਸਿਸਟਮ ਨਾਲ ਹੈ ਜਿਸ ਵਿਚ ਇਹ ਲੋਕ ਤਾਕਤ ਹਥਿਆਉਂਦੇ ਹਨ ਅਤੇ ਪਦਾਰਥਕ-ਸਰੋਤਾਂ ਤੇ ਬੁੱਧੀਮਾਨੀ ਉਪਰ ਵੀ ਆਪਣਾ ਅਧਿਕਾਰ ਜਮਾ ਲੈਂਦੇ ਹਨ। ਜਿਨ੍ਹਾਂ ਕੋਲੋਂ ਕੁਝ ਖੋਹ ਲਿਆ ਜਾਂਦਾ ਹੈ ਜਾਂ ਜਿਨ੍ਹਾਂ ਨਾਲ ਵਿਤਕਰਾ ਹੋ ਰਿਹਾ ਹੁੰਦਾ ਹੈ, ਉਨ੍ਹਾਂ ਵੱਲੋਂ ਅੱਤਵਾਦ ਦਾ ਰਸਤਾ ਅਪਣਾਉਣ ਦੀ ਕੋਈ ਤੁਕ ਬਣਦੀ ਹੈ, ਭਾਵੇਂ ਉਹ ਵੀ ਏਨਾ ਠੀਕ ਨਹੀਂ ਹੈ, ਪਰੰਤੂ ਇਨ੍ਹਾਂ 'ਰੱਜੇ-ਪੁੱਜੇ' ਗਰੁੱਪਾਂ ਵੱਲੋਂ ਇਹੋ ਜਿਹੀਆਂ ਹਰਕਤਾਂ ਕਰਨੀਆਂ ਦਾ ਕੋਈ ਆਧਾਰ ਨਹੀਂ ਬਣਦਾ। ਇਹ ਤਾਂ ਸ਼ਰੇਆਮ ਬਦਮਾਸ਼ੀ ਹੈ। ਬਦਕਿਸਮਤੀ ਨਾਲ ਸਿੱਖ-ਕੌਮ ਦੇ ਹਿੱਸੇ ਇਹ ਅੱਤਵਾਦ ਸਹਿਣਾ ਹੀ ਆਇਆ ਹੈ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਹੋਵੇ। ਸਿੱਖ ਅਜਿਹੀਆਂ ਨਸਲੀ-ਘਟਨਾਵਾਂ ਦੇ ਨਿਸ਼ਾਨੇ ਆਪਣੀ ਵੱਖਰੀ ਦਿੱਖ ਕਾਰਨ ਬਣਦੇ ਹਨ। ਇਕ ਸਰਵੇਖਣ ਅਨੁਸਾਰ ਸਿੱਖਾਂ ਵਿਰੁੱਧ ਇਸ ਤਰ੍ਹਾਂ ਦੀਆਂ ਨਫ਼ਰਤ ਭਰੀਆਂ ਘਟਨਾਵਾਂ ਅਮਰੀਕਾ ਵਿਰੁੱਧ 9/11 ਦੇ ਹਮਲੇ ਤੋਂ ਬਾਦ ਜ਼ਿਆਦਾਤਰ ਵਾਪਰੀਆਂ। ਅਮਰੀਕਾ ਦੀ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਦੀ ਗਹਿਰਾਈ ਤੱਕ ਪਹੁੰਚਣ ਦੀ ਜ਼ਰੂਰਤ ਹੁ ਤੇ ਇਨ੍ਹਾਂ ਅੱਤਵਾਦੀ-ਸੰਗਠਨਾਂ, ਇਨ੍ਹਾਂ ਦੇ ਕੰਮ ਕਰਨ ਦੇ ਢੰਗਾਂ-ਤਰੀਕਿਆਂ, ਇਨ੍ਹਾਂ ਦੀਆਂ ਭਵਿੱਖ-ਮਈ ਯੋਜਨਾਵਾਂ ਆਦਿ ਬਾਰੇ ਗੰਭੀਰਤਾ ਨਾਲ ਸੋਚਣ ਦੀ ਅਤਿਅੰਤ ਲੋੜ ਹੈ। ਸਰਕਾਰ ਨੂੰ ਇਨ੍ਹਾਂ ਦੇ ਵਿਰੁੱਧ ਸਖ਼ਤ ਤੇ ਫੈਸਲਾਕੁਨ ਕਦਮ ਉਠਾਉਣੇ ਚਾਹੀਦੇ ਹਨ।
ਸਿੱਖ-ਕੌਮ ਲਈ ਵੀ ਆਪਣੀਆਂ ਕਾਰਵਾਈਆਂ 'ਤੇ ਸੰਜਮ ਰੱਖਣ ਦੀ ਜ਼ਰੂਰਤ ਹੈ। ਇਸ ਦੇ ਸੰਵੇਦਨ-ਸ਼ੀਲ ਨੌਜੁਆਨ ਜੋਸ਼ ਵਿਚ ਆਪ-ਮੁਹਾਰੇ ਹੋ ਕੇ ਆਪਣੀ ਹੋਸ਼ ਗੁਆ ਕੇ ਕਿਧਰੇ ਇਨ੍ਹਾਂ ਉਕਸਾਊ-ਸਥਿਤੀਆਂ ਤੇ ਘਟਨਾਵਾਂ ਦੇ ਸ਼ਿਕਾਰ ਨਾ ਹੋ ਜਾਣ। ਇਸ ਕੌਮ ਨੂੰ ਆਪਣੇ ਗੌਰਵ-ਮਈ ਇਤਿਹਾਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਾਰੀਆ ਸਿੱਖ-ਸੰਸਥਾਵਾਂ ਅਤੇ ਨੇਤਾਵਾਂ ਨੂੰ ਭਵਿੱਖ ਵਿਚ ਆਪਣੀ ਕੌਮ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਉਣ ਲਈ ਇਕੱਠੇ ਹੋ ਕੇ ਸੋਚਣ ਦੀ ਲੋੜ ਹੈ, ਨਾ ਕਿ ਇਨ੍ਹਾਂ ਤੋਂ ਕੋਈ ਨਿੱਜੀ ਜਾਂ ਰਾਜਸੀ-ਲਾਹਾ ਲੈਣ ਦੀ। ਭਾਵੇਂ ਕਿਸੇ ਗਈ ਹੋਈ ਜਾਨ ਦਾ ਮੁੱਲ ਤਾਂ ਨਹੀਂ ਤਾਰਿਆ ਜਾ ਸਕਦਾ ਪਰ ਉਸ ਦੇ ਨਜ਼ਦੀਕੀ-ਰਿਸ਼ਤੇਦਾਰ ਦੀ ਯੋਗ ਮਦਦ ਕਰਕੇ ਕੁਝ ਹੱਦ ਤੱਕ ਉਸ ਦੁੱਖ ਨੂੰ ਘਟਾਇਆ ਜਾ ਸਕਦਾ ਹੈ। ਇਹ ਸਮਾਂ ਸਿੱਖ-ਕੌਮ ਦੇ ਲੀਡਰਾਂ ਅਤੇ ਅਮਰੀਕੀ ਸਰਕਾਰੀ ਏਜੰਸੀਆਂ ਦੋਹਾਂ ਲਈ ਆਪਣੇ-ਆਪਣੇ ਕੰਮਾਂ ਵਿਚ ਧਿਆਨ ਕੇਂਦ੍ਰਿਤ ਕਰਨ ਦਾ  ਹੈ। ਦੋਹਾਂ ਨੂੰ ਇਸ ਸਮੇਂ ਸੁਹਿਰਦਤਾ ਵਿਖਾਉਣ ਦੀ ਲੋੜ ਹੈ।
(ਲੇਖਕ ਟੋਰਾਂਟੋ ਵਿਚ ਪ੍ਰੈਕਟਿਸ ਕਰ ਰਿਹਾ ਇਥੋਂ ਦਾ ਮਸ਼ਹੂਰ ਵਕੀਲ ਹੈ)
(ਪੰਜਾਬੀ-ਰੂਪ : ਡਾ. ਸੁਖਦੇਵ ਸਿੰਘ ਝੰਡ)