ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਹ ਕੇਹੀ ਅਜ਼ਾਦੀ?


ਕਹਿਣ ਨੂੰ ਭਾਵੇਂ ਅਸੀਂ ਆਜ਼ਾਦ ਹਾਂ ਪ੍ਰੰਤੂ ਇਕ ਵਾਰ ਸਾਨੂੰ ਆਪਣੀ ਛਾਤੀ ਤੇ ਹੱਥ ਰੱਖ ਕੇ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਸੱਚੀ-ਮੁੱਚੀ ਆਜ਼ਾਦ ਹਾਂ, ਉਹ ਕੌਮ ਜਿਹੜੀ ਧਾਰਮਿਕ, ਆਰਥਿਕ, ਸੱਭਿਆਚਾਰਕ ਤੇ ਸਮਾਜਿਕ ਤੌਰ ਤੇ ਗੁਲਾਮ ਹੋਵੇ ਉਸ ਨੂੰ ਕੋਈ ਆਜ਼ਾਦ ਕਿਵੇਂ ਮੰਨ ਸਕਦਾ ਹੈ? ਭਾਵੇਂ ਆਜ਼ਾਦੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ, ਪ੍ਰੰਤੂ ਹਾਕਮ ਧਿਰਾਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਮਨੁੱਖ ਨੂੰ ਤੇ ਵਿਸ਼ੇਸ਼ ਕਰਕੇ ਅਣਖ਼ੀ ਮਨੁੱਖ ਨੂੰ ਗੁਲਾਮ ਬਣਾਉਣ ਦਾ ਹਰ ਉਪਰਾਲਾ ਕਰਦੀਆਂ ਹਨ। ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨੇ ਘੱਟ ਗਿਣਤੀ ਹੋਣ ਦੇ ਬਾਵਜੂਦ ਇਕ ਵੱਡੇ ਇਨਕਲਾਬ ਨੂੰ ਜਨਮ ਦਿੱਤਾ ਅਤੇ ਇਹੋ ਕਾਰਨ ਸੀ ਕਿ ਦਸ਼ਮੇਸ਼ ਪਿਤਾ ਦੇ ਸਾਜੇ ਖਾਲਸਾ ਨੇ ਮੁੱਠੀ ਭਰ ਹੋਣ ਦੇ ਬਾਵਜੂਦ ਬਹੁ-ਗਿਣਤੀ ਤੇ ਆਪਣੀ ਗੁਣਾਤਮਿਕ ਸਰਦਾਰੀ ਸਿੱਧ ਕਰਕੇ ''ਸਰਦਾਰ ਜੀ'' ਦਾ ਖਿਤਾਬ ਪ੍ਰਾਪਤ ਕੀਤਾ। ਪ੍ਰੰਤੂ ਅਫਸੋਸ ਹੈ ਕਿ ਖਾਲਸਾ ਪੰਥ ਉਸ ਸਰਦਾਰੀ ਨੂੰ ਉਸ ਰੂਪ ਵਿੱਚ ਕਾਇਮ ਨਹੀਂ ਰੱਖ ਸਕਿਆ, ਜਿਸ ਰੂਪ ਵਿੱਚ ਕਲਗੀਧਰ ਪਾਤਸ਼ਾਹ ਨੇ 'ਰਾਜ ਕਰੇਗਾ ਖਾਲਸਾ' ਦੇ ਨਾਅਰੇ ਨਾਲ ਪੰਥ ਨੂੰ ਬਖਸ਼ੀ ਸੀ। ਹਰ ਸਾਲ 15 ਅਗਸਤ ਦਾ ਦਿਨ ਸੁਚੇਤ ਸਿੱਖਾਂ ਵਿੱਚ ਗੁਲਾਮੀ ਦੀ ਪੀੜਾਂ ਜਗਾ ਜਾਂਦਾ ਹੈ। ਅੱਜ ਭਾਵੇਂ ਅਸੀਂ 'ਬਿਗਾਨਿਆਂ ਦੀ ਸ਼ਾਦੀ ਵਿੱਚ ਅਬਦੁੱਲੇ ਵਾਂਗੂੰ ਦੀਵਾਨੇ' ਹੋਏ ਬੜੇ ਚਾਅ ਨਾਲ ਬਾਵਰੇਂ ਹੋ ਕੇ ਜਸ਼ਨ ਮਨਾਉਂਦੇ ਹਾਂ, ਪ੍ਰੰਤੂ ਕਿਉਂਕਿ ਅੱਜ ਕੌਮ ਨਸ਼ੇੜੀ ਅਤੇ ਕਰਮਕਾਂਡੀ ਲੋਕਾਂ ਦੀ ਬਹੁਗਿਣਤੀ ਕਾਰਨ ਆਪਣੀ ਉਸ ਅਣਖ਼ ਅਤੇ ਗ਼ੈਰਤ ਨੂੰ ਗਵਾਉਂਦੀ ਜਾ ਰਹੀ ਹੈ, ਜਿਹੜੀ ਅਣਖ਼ ਤੇ ਗ਼ੈਰਤ ਦਸ਼ਮੇਸ਼ ਪਿਤਾ ਨੇ ਕੌਮ ਨੂੰ ਬਖ਼ਸ਼ੀ ਸੀ। ਸਾਨੂੰ ਅੱਜ ਆਪਣੀ ਸਰੀਰਕ ਆਜ਼ਾਦੀ, ਮਾਨਸਿਕ ਆਜ਼ਾਦੀ, ਸਮਾਜਿਕ ਆਜ਼ਾਦੀ ਤੇ ਖ਼ਾਸ ਕਰਕੇ ਧਾਰਮਿਕ ਆਜ਼ਾਦੀ ਦਾ ਗਿਆਨ ਹੀ ਨਹੀਂ, ਫਿਰ ਅਸੀਂ ਰਾਜਨੀਤਿਕ ਆਜ਼ਾਦੀ ਕਿੱਥੋਂ ਹਾਸਲ ਕਰਨੀ ਹੈ? ਸਿੱਖ ਪੰਥ ਦੀ ਬੁਨਿਆਦ ਇਸ ਦੁਨੀਆ ਤੇ ਹਲੀਮੀ ਰਾਜ ਦੀ ਸਥਾਪਨਾ ਨੂੰ ਲੈ ਕੇ ਹੋਈ ਸੀ ਤਾਂ ਕਿ ਇਸ ਦੁਨੀਆ 'ਚੋਂ ਜ਼ੋਰ-ਜਬਰ, ਜ਼ੁਲਮ, ਧੱਕੇਸ਼ਾਹੀ ਅਤੇ ਬੇਇਨਸਾਫ਼ੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ ਅਤੇ ਹਰ ਬਸ਼ਰ ਨੂੰ ਪੂਰਨ ਆਜ਼ਾਦੀ ਨਾਲ ਆਪਣੇ ਮਾਨਵੀ ਅਧਿਕਾਰਾਂ ਦੀ ਵਰਤੋਂ ਕਰਕੇ, ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣ ਦਾ ਹੱਕ ਪ੍ਰਾਪਤ ਹੋਵੇ। ''ਸੱਭੈ ਸਾਂਝੀਵਾਲ ਸਦਾਇਨ ਕੋਇ ਨਾ ਦਿੱਸੇ ਬਾਹਰਾ ਜੀਓ' ਅਨੁਸਾਰ ਹਰ ਤਰ੍ਹਾਂ ਦਾ ਊਚ-ਨੀਚ, ਭੇਦ-ਭਾਵ ਤੇ ਵਿਤਕਰਾ ਸਦਾ ਲਈ ਸਮਾਪਤ ਹੋ ਜਾਵੇ। ਪ੍ਰੰਤੂ ਜਾਬਰ, ਹਾਕਮ ਧਿਰਾਂ ਨੂੰ ਮਾਨਵਤਾ ਦੀ ਭਲਾਈ ਦਾ ਸਿਧਾਂਤ ਸਵੀਕਾਰ ਨਹੀਂ ਸੀ ਅਤੇ ਉਨ੍ਹਾਂ ਸਿੱਖੀ ਦੇ ਇਸ ਇਨਕਲਾਬ ਨੂੰ ਆਪਣਾ ਦੁਸ਼ਮਣ ਮੰਨਿਆ ਅਤੇ ਸਿੱਖੀ ਦੇ ਜਨਮ ਤੋਂ ਲੈ ਕੇ ਅੱਜ ਤੱਕ ਸਿੱਖੀ ਹੋਂਦ ਨੂੰ ਮਿਟਾਉਣ ਲਈ ਹਮਲੇ ਤੇ ਹਮਲਾ ਕਰ ਰਹੇ ਹਨ। ਇਸ ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦੀ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਇਸ ਦੇਸ਼ ਦੇ ਅੰਨ ਭੰਡਾਰ ਨੂੰ ਭਰਕੇ, ਭੁੱਖੇ ਮਰਦੇ ਭਾਰਤੀਆਂ ਦੇ ਢਿੱਡ ਭਰੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਟੈਂਕਾਂ ਅੱਗੇ ਛਾਤੀਆਂ ਤੇ ਬੰਬ ਬੰਨ੍ਹ ਕੇ ਅੱਗੇ ਪਏ ਅਤੇ ਚਿੱਥੜੇ-ਚਿੱਥੜੇ ਹੋ ਕੇ ਲਾਲ ਕਿਲ੍ਹੇ ਤੇ ਪਾਕਿਸਤਾਨੀ ਝੰਡਾ ਲਹਿਰਾਉਣ ਲਈ ਅੱਗੇ ਵਧ ਰਹੀਆਂ ਪਾਕਿਸਤਾਨੀ ਫੌਜਾਂ ਦੇ ਦੰਦ ਖੱਟੇ ਕੀਤੇ। ਪ੍ਰੰਤੂ ਜਿਵੇਂ ਹੀ ਦੇਸ਼ ਆਜ਼ਾਦ ਹੋਇਆ, ਸਿੱਖਾਂ ਦੀ ਕੁਰਬਾਨੀ ਦਾ ਮੁੱਲ ਉਨ੍ਹਾਂ ਨੂੰ ਜਰਾਇਮ ਪੇਸ਼ਾ ਹੋਣ ਦਾ ਖਿਤਾਬ ਦੇ ਕੇ ਦਿੱਤਾ ਗਿਆ। ਆਪਣੀ ਮਾਂ-ਬੋਲੀ ਪੰਜਾਬੀ ਦੇ ਅਧਾਰਿਤ ਸੂਬੇ ਦੀ ਮੰਗ ਕੀਤੀ ਤਾਂ ਡਾਂਗਾਂ, ਗੋਲੀਆਂ ਤੇ ਜੇਲ੍ਹਾਂ ਮਿਲੀਆ। ਫਿਰ ਲੰਗੜੀ ਸੂਬੀ ਦੇ ਦਿੱਤੀ ਗਈ। ਜਿਸ ਨੂੰ ਅੱਜ ਤੱਕ ਆਪਣੀ ਰਾਜਧਾਨੀ ਹੀ ਨਸੀਬ ਨਹੀਂ ਹੋਈ। ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਜੇ ਅਨੰਦਪੁਰ ਸਾਹਿਬ ਦਾ ਮਤਾ ਮੰਗਿਆ ਤਾਂ ਦੇਸ਼ ਧ੍ਰੋਹੀ ਗਰਦਾਨਿਆਂ ਗਿਆ ਅਤੇ ਜਦੋਂ ਹਰ ਪਾਸੇ ਹੁੰਦੇ ਧੱਕੇ ਅਤੇ ਵਿਤਕਰੇ ਤੋਂ ਦੁਖੀ ਹੋ ਕੇ ਸਿੱਖਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਦੇ ਸਵੈਮਾਣ ਤੇ ਜ਼ਮੀਰ ਨੂੰ ਗੁਲਾਮੀ ਦਾ ਹੋਰ ਬੋਝ ਝੱਲਣਾ ਔਖਾ ਹੋ ਗਿਆ। ਫਿਰ ਜਦੋਂ ਆਪਣਾ ਘਰ ਮੰਗਿਆ ਤਾਂ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ, ਜਿਹੜਾ ਨਸਲਕੁਸ਼ੀ ਦੀ ਇੰਤਹਾ ਤੱਕ ਪੁੱਜਿਆ। ਅੱਜ ਦੇਸ਼ ਦੀ ਬਹੁਗਿਣਤੀ ਜਿਹੜੀ ਫਿਰਕੂ ਨਫ਼ਰਤ ਦੀ ਜਾਨੂੰਨੀ ਹੱਦ ਤੱਕ ਸ਼ਿਕਾਰ ਹੈ, ਉਸ ਵੱਲੋਂ ਸਿੱਖੀ ਨੂੰ ਹੜੱਪਣ ਲਈ ਆਏ ਦਿਨ ਅੰਦਰੂਨੀ ਤੇ ਬਾਹਰੀ ਹਮਲੇ ਜਾਰੀ ਹਨ। ਉਹ ਹਾਕਮ ਧਿਰਾਂ ਜਿਨ੍ਹਾਂ ਦੇ ਆਗੂਆਂ ਗਾਂਧੀ ਤੇ ਨਹਿਰੂ ਨੇ ਆਜ਼ਾਦੀ ਤੋਂ ਪਹਿਲਾ ਸਿੱਖਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਯਾਦ ਕਰਨ ਦੀ ਅੱਜ ਕਿਸੇ ਨੂੰ ਕਦੇ ਕੋਈ ਲੋੜ ਮਹਿਸੂਸ ਨਹੀਂ ਹੋਈ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਉਹ ਵਾਅਦੇ ਯਾਦ ਕਰਵਾਉਣ ਵਾਲਾ ਰਿਹਾ ਹੈ। ਕਿਉਂਕਿ ਯਾਦ ਕਰਵਾਉਣ ਵਾਲੇ ਸੱਤਾ ਦੀ ਲਾਲਸਾ ਕਾਰਨ ਸਿੱਖ ਦੁਸ਼ਮਣ ਸ਼ਕਤੀਆਂ ਦੀ ਝੋਲੀ ਜਾ ਬੈਠੇ ਹਨ। ਸਰਦਾਰ ਨੂੰ 'ਸਰਦਾਰੀ' ਦੇ ਅਰਥ ਭੁੱਲ ਗਏ ਹਨ। ਇਸ ਲਈ ਸ਼ੇਰ, ਭੇਡਾਂ ਦੇ ਇੱਜੜ ਵਿੱਚ ਆਪਣੀ ਪਹਿਚਾਣ ਹੀ ਭੁੱਲ ਗਿਆ ਹੈ। ਭਾਵੇਂ ਕਿ ਸਿੱਖਾਂ ਦੀ ਜ਼ਮੀਨ ਦੇ ਕਿਸੇ ਛੋਟੇ ਜਿਹੇ ਟੁਕੜੇ ਦੀ ਮਾਲਕੀ, ਸਿੱਖ ਧਰਮ ਦਾ ਨਿਸ਼ਾਨਾ ਨਹੀਂ, ਕਿਉਂਕਿ ਗੁਰੂ ਸਾਹਿਬਾਨ ਦਾ ਇਨਕਲਾਬ ਸਮੁੱਚੀ ਮਾਨਵਤਾ ਲਈ ਹੈ। ਪ੍ਰੰਤੂ ਮਨੁੱਖ ਦੀ ਸੰਪੂਰਨ ਆਜ਼ਾਦੀ ਦਾ ਨਾਅਰਾ ਵਿਸ਼ਵ ਨੂੰ ਦੇਣ ਵਾਲੀ ਕੌਮ ਹੀ ਜੇ ਮਾਨਸਿਕ ਰੂਪ ਵਿੱਚ ਗੁਲਾਮ ਹੋ ਜਾਵੇ ਤਾਂ ਗੁਰੂ ਸਾਹਿਬਾਨ ਦਾ ਮਿਸ਼ਨ ਅੱਗੇ ਕਿਵੇਂ ਵਧੇਗਾ। ਦੇਸ਼ ਦੀ ਆਜ਼ਾਦੀ ਦਾ ਦਿਵਸ ਸਿੱਖ ਕੌਮ ਨੂੰ ਜਗਾਉਣ ਲਈ ਇੱਕ ਚੁਣੌਤੀ ਜ਼ਰੂਰ ਹੈ ਤਾਂ ਕਿ ਅਸੀਂ ਆਪਣੇ ਮਨਾ ਵਿੱਚ ਇੱਕ ਵਾਰ ਝਾਤੀ ਮਾਰ ਕੇ ਇਨ੍ਹਾਂ ਸ਼ਬਦਾਂ ਤੇ ਡੂੰਘੀ ਵਿਚਾਰ ਜ਼ਰੂਰ ਕਰ ਲਈਏ। ਗੁਰੂ ਦੇ ਸਿੱਖਾਂ! ਦੇਸ਼ ਅਜ਼ਾਦ ਹੋਇਆ, ਵਧੀ ਇੱਜ਼ਤ ਤੇਰੀ ਕੇ ਬਦਨਾਮ ਹੋਇਆ ਤੂੰ? ਆਪਣੀ ਛਾਤੀ ਤੇ ਹੱਥ ਰੱਖ ਕੇ ਦੱਸ, ਅਜ਼ਾਦ ਹੋਇਓ ਕਿ ਗੁਲਾਮ ਹੋਇਓ ਤੂੰ?
ਜਸਪਾਲ ਸਿੰਘ ਹੇਰਾਂ