ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


15 ਅਗਸਤ 1947 ਤੇ ਸਿੱਖ


14 ਅਗਸਤ ਦੀ ਰਾਤ ਨੂੰ 12 ਵਜੇ ਜਦ ਘੜੀ ਦੀਆਂ ਦੋਨੋਂ ਸੂਈਆਂ ਨੰਬਰ ਬਾਰਾਂ 'ਤੇ ਇਕੱਠੀਆਂ ਹੋਈਆਂ ਤਾਂ ਲਾਲ ਕਿਲ੍ਹੇ ਦੇ ਫਲੈਗ ਪੋਸਟ ਤੋਂ ਯੂਨੀਅਨ ਜੈਕ ਉਤਾਰ ਲਿਆ ਗਿਆ। ਕੁਝ ਹੀ ਮਿੰਟਾਂ ਵਿਚ 15 ਅਗਸਤ ਦੀ ਆਮਦ ਦੇ ਨਾਲ ਯੂਨੀਅਨ ਜੈਕ ਦੀ ਥਾਂ ਤਰੰਗਾ ਲਹਿਰਾਉਣ ਲੱਗਾ। ਭਾਰਤ ਦੀ ਜਾਗਦੀ ਵਸੋਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਭਾਸ਼ਣ ਸੁਣਿਆ। ਸੱਚ ਹੀ ਤਾਂ ਆਖਿਆ ਸੀ ਪੰਡਿਤ ਜੀ ਨੇ ਅੱਜ ਵਰਗੀ ਵੱਡੀ ਤਬਦੀਲੀ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ। ਸਭ ਤੋਂ ਵੱਡੀ ਤਬਦੀਲੀ ਤਾਂ ਪੰਡਿਤ ਜੀ ਦੇ ਜੀਵਨ ਵਿਚ ਆਈ ਸੀ, ਇਕ ਗੁਲਾਮ ਹੁਣ ਤਾਜਦਾਰ ਹੋ ਗਿਆ ਸੀ, ਉਸਨੂੰ ਗ੍ਰਿਫਤਾਰ ਕਰਨ ਵਾਲੀ ਪੁਲੀਸ ਹੁਣ ਉਸ ਦੀ ਤਾਬਿਆਦਾਰੀ ਵਿਚ ਹਾਜ਼ਰ ਹੋ ਗਈ ਸੀ।
ਭਾਰਤੀ ਫੌਜੀ ਜਾਗ ਰਹੇ ਸਨ। ਭਾਰਤ ਦੀ ਪੁਲਿਸ ਜਾਗ ਰਹੀ ਸੀ। ਭਾਰਤ ਦੀ ਅਫਸਰਸ਼ਾਹੀ ਜਾਗ ਰਹੀ ਸੀ। ਉਹ ਸਮਝਦੇ ਸਨ ਕਿ ਫਰੰਗੀ ਰਾਜ ਜਾਣ ਨਾਲ ਫਰੰਗੀ ਅਫਸਰਾਂ ਦੀ ਹੂਤ ਹਾਤ ਵੀ ਜਾਂਦੀ ਲੱਗੇਗੀ। ਉਹਨਾਂ ਦੇ ਸਵੈਮਾਨ ਨੂੰ ਚੋਟ ਮਾਰਨ ਵਾਲਾ ਸਦਾ ਲਈ ਚਲਾ ਜਾਵੇਗਾ। ਉਹਨਾਂ ਵਿਚਾਰਿਆਂ ਨੂੰ ਇਹ ਗਿਆਨ ਥੋੜ੍ਹਾ ਸੀ ਕਿ ਹਕੂਮਤ ਦੀ ਵਾਗ ਡੋਰ ਸੰਭਾਲਣ ਵਾਲੇ ਸਿਆਸੀ ਆਗੂ ਇਹੋ ਜਿਹੀ ਭ੍ਰਿਸ਼ਟ ਸਰਕਾਰ ਦਾ ਗਠਨ ਕਰਨਗੇ ਕਿ ਹਰ ਕੋਈ ਪੁਕਾਰ ਉਠੇਗਾ ਕਿ ਅੱਗੇ ਨਾਲੋਂ ਪਿੱਛਾ ਭਲਾ।
15 ਅਗਸਤ 1947 ਤੱਕ ਕੁਝ ਭਾਰਤੀਆਂ ਦੀਆਂ ਬੇੜੀਆਂ ਅਤੇ ਕੜੀਆਂ ਪਤਲੀਆਂ ਸਨ (ਗਾਂਧੀ ਜੀ ਨੂੰ ਤਾਂ ਸਰਕਾਰੀ ਮਹਿਮਾਨ ਦੀ ਤਰ੍ਹਾਂ ਸਰ ਆਗਾ ਖਾਨ ਦੀ ਕੋਠੀ ਵਿਚ ਨਜ਼ਰ ਬੰਦ ਰੱਖਿਆ ਜਾਂਦਾ ਸੀ) ਅਤੇ ਮੋਟੀਆਂ ਬੇੜੀਆਂ ਵਾਲਿਆਂ ਲਈ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਸਨ। ਗਾਂਧੀ ਜੀ ਦੀ ਭਾਗਾਂ ਵਾਲੀ ਬੱਕਰੀ ਦੇ ਖਾਣ ਲਈ ਅੰਗੂਰ ਮਿਲਦੇ ਸਨ ਜਦ ਕਿ ਮੋਟੀ ਬੇੜੀਆਂ ਵਾਲਿਆਂ ਲਈ ਘਟੀਆ ਖੁਰਾਕ, ਜੇਲ੍ਹਰਾਂ ਦਾ ਤਸ਼ੱਦਦ, ਖਾਣ ਪੀਣ ਉਠਣ ਬੈਠਣ ਅਤੇ ਟੱਟੀ ਪਿਸ਼ਾਬ ਸਭ ਕਾਸੇ ਲਈ ਇਕੋ ਕਮਰਾ। ਪਰ ਉਹ ਸੀ ਨਾ ਕਰਦੇ, ਉਠਦੇ ਬੈਠਦੇ ਗੁਲਾਮੀ ਦਾ ਜੂਲਾ ਵਗ੍ਹਾ ਮਾਰਨ ਦਾ ਹੀ ਸੁਪਨਾ ਸਾਕਾਰ ਕਰਨ ਲਈ ਆਪਣੀ ਜਾਨ ਜਾਇਦਾਦ ਸਭ ਦਾਅ 'ਤੇ ਲਾਈ ਬੈਠੇ ਸਨ। ਜਾਗਦੇ ਉਹ ਆਜ਼ਾਦੀ ਲਈ ਜੂਝਦੇ ਸਨ ਅਤੇ ਸੌਂਦੇ ਤਾਂ ਆਜ਼ਾਦੀ ਦਾ ਸੁਪਨਾ ਲੈਂਦੇ ਸਨ (ਰਾਤੀਂ ਸੁੱਤੇ ਪਏ ਮੈਨੂੰ ਇਕ ਖੁਆਬ ਆ ਗਿਆ ਭੱਜੇ ਜਾਣ ਫਰੰਗੀ ਇਨਕਲਾਬ ਆ ਗਿਆ)।
ਆਖਰ 15 ਅਗਸਤ 1947 ਨੂੰ ਜਦ ਇਨਕਲਾਬ ਆਇਆ ਤਾਂ ਉਸ ਨੂੰ ਲਿਆਉਣ ਲਈ ਸੰਘਰਸ਼ ਕਰਨ ਵਾਲੇ ਤਾਂ ਜੇਲ੍ਹਾਂ ਵਿਚ ਡੱਕੇ ਹੋਏ ਸਨ ਅਤੇ ਬਰਤਾਨੀਆਂ ਸਰਕਾਰ ਆਪਣੇ ਚੁਣੇ ਹੋਏ ਚਹੇਤੇ ਆਗੂਆਂ ਹੱਥ ਭਾਰਤ ਦੀ ਹਕੂਮਤ ਦੀ ਵਾਗ ਡੋਰ ਸੰਭਾਲ ਰਹੀ ਸੀ। ਜਦ ਤੱਕ ਨਹਿਰੂ ਸਰਕਾਰ ਪੂਰੀ ਤਰ੍ਹਾਂ ਕਾਬਜ਼ ਨਹੀਂ ਹੋਈ ਆਜ਼ਾਦੀ ਲਈ ਆਪਾ ਵਾਰਨ ਵਾਲੇ ਜੇਲ੍ਹਾਂ ਵਿਚ ਹੀ ਡੱਕੇ ਰਹੇ।
ਆਜ਼ਾਦੀ ਦੇ ਘੁਲਾਟੀਆਂ ਦਾ ਵੀ ਇਹੋ ਸੁਪਨਾ ਸੀ ਕਿ ਆਜ਼ਾਦੀ ਮਿਲਣ ਉਪਰੰਤ ਰਲ ਮਿਲ ਕੇ ਇਕ ਐਸੀ ਸਰਕਾਰ ਬਣਾਈ ਜਾਵੇਗੀ ਜੋ ਬਗੈਰ ਕਿਸੇ ਵਿਤਕਰੇ ਦੇ ਹਰ ਬਸ਼ਰ ਦੀ ਜਾਨ ਮਾਲ ਦੀ ਰਾਖੀ ਕਰੇਗੀ। ਸਰਕਾਰ ਜਰਾਇਮ ਪੇਸ਼ਾ ਲੋਕਾਂ ਤੇ ਕਾਬੂ ਪਾਏਗੀ ਅਤੇ ਬਾਹਰੀ ਹਮਲਾਵਰਾਂ ਤੋਂ ਦੇਸ਼ ਦੀ ਰਾਖੀ ਕਰੇਗੀ। ਲੋਕਾਂ ਦੇ ਧਰਮ ਅਤੇ ਵਿਚਾਰਾਂ ਤੇ ਸਰਕਾਰ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਕਰੇਗੀ। ਦੇਸ਼ ਦਾ ਹਰ ਬਸ਼ਰ ਸ਼ਖਸੀ ਆਜ਼ਾਦੀ ਦਾ ਨਿੱਘ ਮਾਣ ਸਕੇਗਾ। ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਡਿਤ ਨਹਿਰੂ ਜਨਤਾ ਨਾਲ ਇਹੋ ਇਕਰਾਰ ਕਰਦੇ ਆਏ ਸਨ। ਪਰ ਹਕੂਮਤ ਹੱਥ ਆਉਂਦਿਆਂ ਹੀ ਸਾਰੇ ਇਕਰਾਰ ਫਿੱਕੇ ਪੈ ਗਏ। ਕੋਟ ਪੈਂਟ ਟਾਈ ਦੀ ਥਾਂ ਕੁੜਤਾ ਪਜਾਮਾ ਅਤੇ ਨਹਿਰੂ ਜੈਕਟ ਆ ਗਏ। ਅੰਗਰੇਜ਼ੀ ਟੋਪ ਦੀ ਜਗ੍ਹਾ ਟਕੇ ਦੀ ਗਾਂਧੀ ਟੋਪੀ ਨੇ ਸੰਭਾਲ ਲਈ। ਭਾਰਤ ਆਜ਼ਾਦੀ ਨਾਲ ਸਦੀਆਂ ਦੀ ਗੁਲਾਮੀ ਦੀ ਜ਼ਹਿਨੀਅਤ ਨਾ ਗਈ ਜਿਵੇਂ ਹਰ ਔਰਤ ਸੱਸ ਬਣ ਕੇ ਨੂੰਹ ਨਾਲ ਉਹੋ ਵਿਹਾਰ ਕਰਦੀ ਹੈ ਜੋ ਉਸ ਨਾਲ ਹੁੰਦਾ ਰਿਹਾ ਸੀ ਠੀਕ ਉਸੇ ਤਰ੍ਹਾਂ ਹਕੂਮਤ ਦੀ ਕੁਰਸੀ 'ਤੇ ਬੈਠਣ ਵਾਲਿਆਂ ਕੀਤਾ। ਪੰਜਾਬੀਆਂ ਨੂੰ ਖਾਸ ਕਰ ਸਿੱਖਾਂ ਨੂੰ ਆਜ਼ਾਦੀ ਦਾ ਨਿੱਘ ਮਾਨਣ ਦਾ ਅਵਸਰ ਦੇਣ ਦੇ ਇਕਰਾਰ ਨੂੰ ਛਿੱਕੇ ਟੰਗ ਕੇ ਗੁਲਾਮੀ ਦਾ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੱਤਾ। ਆਜ਼ਾਦੀ ਤੋਂ ਪਹਿਲਾਂ ਗਾਂਧੀ ਜੀ ਨੇ ਚਾਂਦਨੀ ਚੌਂਕ ਗੁਰਦਵਾਰੇ ਵਿਚ ਆਪਣੇ ਭਾਸ਼ਣ ਦੌਰਾਨ ਆਖਿਆ ਸੀ ਕਿ ਸਿੱਖਾਂ ਨਾਲ ਪੂਰਾ ਇਨਸਾਫ ਹੋਵੇਗਾ ਅਗਰ ਕਾਂਗਰਸ ਬੇਇਨਸਾਫੀ ਕਰੇਗੀ ਤਾਂ ਸਿੱਖਾਂ ਪਾਸ ਆਪਣੇ ਹੱਕ ਹਾਸਲ ਕਰਨ ਲਈ ਕਿਰਪਾਨ ਹੈ। ਆਪਣੇ ਆਪ ਨੂੰ ਅਹਿੰਸਾ ਦਾ ਮਸੀਹਾ ਕਹਾਉਣ ਵਾਲਾ ਤਲਵਾਰ ਚੁੱਕਣ ਦੀ ਗੱਲ ਕਰੇ ਤਾਂ ਸਮਝ ਲੈਣਾ ਚਾਹੀਦਾ ਸੀ ਕਿ ਦਾਲ ਵਿਚ ਕੁਝ ਕਾਲਾ ਹੈ ਪਰ ਸਾਡੇ ਵਿਚੋਂ ਹੀ ਕੁਝ ਜ਼ਰ-ਖਰੀਦ ਆਗੂ ਜੈਕਾਰਿਆਂ ਦੀ ਗੂੰਜ ਵਿਚ ਸਭ ਕੁਝ ਲੁਕਾ ਦਿੰਦੇ ਹਨ। ਇਸੇ ਤਰ੍ਹਾਂ ਪੰਡਿਤ ਜੀ ਨੇ ਵੀ ਸਿੱਖਾਂ ਨੂੰ ਇਕ ਵਿਸ਼ਵਾਸ ਦਿਵਾਇਆ ਸੀ ਕਿ ਮੁਲਕ  ਵਿਚ ਇਕ ਐਸਾ ਖਿੱਤਾ ਬਣਾ ਦਿੱਤਾ ਜਾਵੇਗਾ ਜਿਥੇ ਦੇਸ਼ ਦੀ ਬਹਾਦਰ ਸਿੱਖ ਕੌਮ ਆਜ਼ਾਦੀ ਦਾ ਨਿੱਘ ਮਾਣ ਸਕੇ। ਸਭ ਤੋਂ ਪਹਿਲਾ ਤੋਹਫਾ ਜੋ ਨਹਿਰੂ ਸਰਕਾਰ ਨੇ ਆਜ਼ਾਦੀ ਦੇ ਘੋਲ ਵਿਚ ਵਿਤੋਂ ਬਾਹਰ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਦਿੱਤਾ ਉਹ ਸੀ ਕਿਰਪਾਨ 'ਤੇ ਪਾਬੰਦੀ। ਮਾਸਟਰ ਤਾਰਾ ਸਿੰਘ ਜੀ ਬੜੇ ਹਊਮੇ ਨਾਲ ਪੰਡਤ ਜੀ ਨੂੰ ਮਿਲਣ ਤੁਰ ਗਏ। ਦਿੱਲੀ ਪੁੱਜਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਗਏ। ਵਕਤ ਮਿਲਣ 'ਤੇ ਜਦ ਪੰਡਿਤ ਜੀ ਨੂੰ ਅਤੇ ਗ੍ਰਹਿ ਮੰਤਰੀ ਪਟੇਲ ਜੀ ਨੂੰ ਮਿਲ ਕੇ ਕੀਤੇ ਇਕਰਾਰਾਂ ਦਾ ਚੇਤਾ ਕਰਵਾਇਆ ਤਾਂ ਜਵਾਬ ਮਿਲਿਆ ਸੀ (ਅਬ ਵਕਤ ਬਦਲ ਚੁੱਕਾ ਹੈ) ਸਿਰਫ ਏਨਾ ਕਹਿਣਾ ਹੀ ਬਾਕੀ ਸੀ ਕਿ ਵਾਹ ਭਈ ਸਿੱਖੋ ਤੁਮ ਲੋਗੋਂ ਨੇ ਇਤਿਹਾਸ ਸੇ ਕਭੀ ਕੁਛ ਨਹੀਂ ਸੀਖਾ ਹਮਾਰੇ ਬਜ਼ੁਰਗ ਤੋ ਆਟੇ ਕੀ ਗਊ ਬਨਾ ਕਰ ਖਾਈ ਹੂਈ ਕਸਮੇਂ ਤੋੜ ਦੇਨੇ ਮੇਂ ਮਾਹਰ ਥੇ ਹਮ ਨੇ ਤੋ ਸਿਰਫ ਬਾਤੋਂ ਕੇ ਗੁਲਗੁਲੇ ਪਕਾਏ ਥੇ ਤੁਮ ਉਨ ਬਾਤੋਂ ਪਰ ਇਤਮਾਦ ਲੇ ਆਏ ਤੋ ਹਮਾਰਾ ਕਿਆ ਕਸੂਰ।
 ਬਰਤਾਨੀਆਂ ਸਰਕਾਰ 'ਤੇ ਇਹ ਦੋਸ਼ ਲਾਇਆ ਜਾਂਦਾ ਸੀ ਕਿ ਉਸ ਨੇ ਸੂਬਿਆਂ ਦੀ ਰੂਪ ਰੇਖਾ ਇਸ ਢੰਗ ਨਾਲ ਉਲੀਕੀ ਹੋਈ ਸੀ ਕਿ ਇਕ ਇਕ ਸੂਬੇ ਵਿਚ ਦੋ ਤਿੰਨ ਭਾਸ਼ਾ ਬੋਲੀਆਂ ਜਾਂਦੀਆਂ ਸਨ। ਨਹਿਰੂ ਸਰਕਾਰ ਨੇ ਬਾਕੀ ਸੂਬੇ ਤਾਂ ਭਾਸ਼ਾ ਦੇ ਅਧਾਰ 'ਤੇ ਬਣਾ ਦਿੱਤੇ ਪਰ ਪੰਜਾਬੀ ਸੂਬੇ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ। ਵੱਡਾ ਕਾਰਨ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਨੇਸਤੋ ਨਾਬੂਦ ਕਰਨਾ ਸੀ। ਬੋਲੀ ਵਿਰਸੇ ਨਾਲੋਂ ਟੁੱਟੀਆਂ ਕੌਮਾਂ ਮਿਟ ਜਾਂਦੀਆਂ ਹਨ। ਪੰਜਾਬੀ ਸੂਬਾ ਬਣਾਉਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ। ਪੰਜਾਬੀ ਮੋਰਚਾ ਲੱਗਾ ਹੋਇਆ ਸੀ ਪੰਡਤ ਨਹਿਰੂ ਇਕ ਵਾਰ ਬਾਜ ਪੁਰ (ਯੂ. ਪੀ.) ਗਿਆ ਜਦ ਤਕਰੀਰ ਕਰਨ ਲੱਗਾ ਤਾਂ ਪੰਡਾਲ ਵਿਚੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਗੂੰਜਣ ਲੱਗੇ ਪੰਡਿਤ ਜੀ ਸੁਭਾ ਅਨੁਸਾਰ ਅੱਗ ਬਗੋਲਾ ਹੋ ਕੇ ਅਪਮਾਨਕ ਸ਼ਬਦਾਂ ਦੀ ਵਰਤੋਂ ਕਰਦਾ ਹੋਇਆ ਆਖਣ ਲੱਗਾ ਬਦਤਮੀਜ਼ ਕਹੀਂ ਕੇ ਨਿਕਲ ਜਾਓ ਜਹਾਂ ਸੇ। “ਛੇਤੀ ਹੀ ਬਾਅਦ ਨੈਨੀਤਾਲ ਜ਼ਿਲ੍ਹੇ 'ਚੋਂ ਪੰਜਾਬੀਆਂ ਨੂੰ ਕੱਢਣ ਦੀ ਮੁਹਿੰਮ ਚੱਲ ਪਈ। ਪੰਜਾਬੀਆਂ ਨੂੰ ਫਾਰਮਾਂ ਵਿਚੋਂ ਕੱਢ ਕੇ ਕੈਂਪਾਂ ਵਿਚ ਡੱਕ ਦਿੱਤਾ ਗਿਆ। ਪੰਜਾਬੀ, ਪ੍ਰਤਾਪ ਸਿੰਘ ਕੈਰੋਂ ਪਾਸ ਫਰਿਆਦੀ ਹੋਏ ਤਾਂ ਕਿਤੇ ਜਾ ਕੇ ਉਹਨਾਂ ਫਾਰਮਰਾਂ ਦਾ ਮੁੜ ਵਸੇਬਾ ਹੋਇਆ। ਦੁਬਾਰਾ 2006 ਵਿਚ ਨੈਨੀਤਾਲ ਜ਼ਿਲ੍ਹੇ ਵਿਚ ਪੰਜਾਬੀ ਫਾਰਮਰਾਂ ਤੇ ਪੁਲੀਸ ਦਾ ਅਤਿਆਚਾਰ ਦੁਨੀਆਂ ਨੇ ਦੇਖਿਆ ਹੈ। ਮੈਂ ਖੁਦ 10 ਸਾਲ ਯੂ. ਪੀ. ਵਿਚ ਫਾਰਮ ਕੀਤੀ ਹੈ ਜ਼ਮੀਨ ਆਬਾਦ ਕਰਨ ਲੱਗਿਆਂ ਜਿੱਦਾਂ ਸੱਪਾਂ ਦੀਆਂ ਸਿਰੀਆਂ ਮਿੱਧਣੀਆਂ ਪੈਂਦੀਆਂ ਹਨ ਉਹ ਇਕ ਲੰਬੀ ਦਾਸਤਾਨ ਹੈ।
1947 ਤੋਂ ਲੈ ਕੇ 1964 ਤੱਕ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਇੰਨੇ ਸਾਲਾਂ ਵਿਚ ਬਗੈਰ ਕਿਸੇ ਪੰਜ ਸਾਲਾ ਯੋਜਨਾ ਦੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਦਿਨ-ਬ-ਦਿਨ ਵਧਿਆ। ਗਰੀਬ ਅਤੇ ਅਮੀਰ ਵਿਚ ਪਾੜਾ ਵਧਿਆ। ਕਾਂਗਰਸ ਦੇ ਵਕਾਰ ਨੂੰ ਧੱਕਾ ਲੱਗਾ। ਪਰ ਪੰਡਿਤ ਜੀ ਭਾਰਤ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਦੀ ਬਜਾਏ ਏਸ਼ੀਆ ਦਾ ਲੀਡਰ ਬਣਨ ਵਿਚ ਰੁੱਝੇ ਰਹੇ। ਹਿੰਦੀ ਚੀਨੀ ਭਾਈ-ਭਾਈ ਬਣਦੇ ਬਣਦੇ ਖੂਨੀ ਹੋਲੀ ਖੇਡਣ ਲੱਗ ਪਏ।
ਪੰਡਿਤ ਜੀ ਤੋਂ ਬਾਅਦ ਲਾਲ ਬਹਾਦਰ ਸ਼ਾਸ਼ਤਰੀ ਨੇ ਕੁਝ ਸਮੇਂ ਲਈ ਦੇਸ਼ ਦੀ ਵਾਗ ਡੋਰ ਸੰਭਾਲੀ। 'ਜੈ ਜਵਾਨ ਜੈ ਕਿਸਾਨ' ਦਾ ਨਾਹਰਾ ਦਿੱਤਾ ਕੁਝ ਸੰਵਾਰ ਸਕਣ ਤੋਂ ਪਹਿਲਾਂ ਹੀ ਇਕ ਭੇਦਭਰੀ ਮੌਤ ਨਾਲ ਕਾਲੇ ਪਰਦੇ ਓਹਲੇ ਹੋ ਗਿਆ। ਇੰਨੇ ਕੁਰੱਪਟ ਦੇਸ਼ ਵਿਚ ਇਕ ਸ਼ਰੀਫ ਆਦਮੀ ਟਿਕ ਵੀ ਕਿੱਦਾਂ ਸਕਦਾ ਸੀ।
ਡਰਾਈਵਰ ਸੀਟ 'ਤੇ ਨਹਿਰੂ ਜੀ ਦੀ ਬੇਟੀ ਬੀਬੀ ਇੰਦਰਾ ਆਉਣ ਨਾਲ ਭਾਰਤ ਨਹਿਰੂ ਪਰਿਵਾਰ ਦੀ ਬਾਦਸ਼ਾਹਤ ਬਣ ਕੇ ਰਹਿ ਗਿਆ। ਪੰਜਾਬੀ ਸੂਬੇ ਦੀ ਮੰਗ ਆਪਣੇ ਬਾਪ ਦੀ ਤਰ੍ਹਾਂ ਲਟਕਾਈ ਰੱਖੀ। ਇੰਦਰਾ ਦੇ ਕੁਝ ਸਮੇਂ ਰਾਜ ਭਾਗ ਤੋਂ ਦੂਰ ਹੋਣ ਨਾਲ ਗੁਲਜ਼ਾਰੀ ਲਾਲ ਨੰਦਾ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਕੇ ਪੰਜਾਬੀਆਂ ਨੂੰ ਇਕ ਲੰਗੜਾ ਪੰਜਾਬੀ ਸੂਬਾ ਬਣਾ ਦਿੱਤਾ। ਜੰਗਲਾਤ ਹਿਮਾਚਲ ਵਿਚ ਚਲੇ ਗਏ, ਇੰਡਸਟਰੀ ਹਰਿਆਣਾ ਪਾਸ ਚਲੀ ਗਈ, ਬੇਟ ਦਾ ਇਲਾਕਾ ਅਤੇ ਲੈਫਟ ਰਾਈਟ ਕਰਨ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਪੰਜਾਬੀਆਂ ਦੇ ਹਿੱਸੇ 1 ਨਵੰਬਰ 1966 ਨੂੰ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78, 79 ਅਤੇ 80 ਨਾਲ ਹੈਡਵਰਕਸ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਵੀ ਕੇਂਦਰ ਪਾਸ ਚਲਾ ਗਿਆ। ਇਹ ਤਾਂ ਪੰਜਾਬੀਆਂ ਦੀ ਖਾਸਕਰ ਸਿੱਖਾਂ ਦੀ ਤਕਦੀਰ ਚੰਗੀ ਸੀ ਜੋ ਉਹ ਰੋਜ਼ੀ ਰੋਟੀ ਦੀ ਭਾਲ ਵਿਚ ਪ੍ਰਦੇਸ਼ਾਂ ਨੂੰ ਪਲਾਇਨ ਕਰ ਗਏ ਨਹੀਂ ਤਾਂ ਭਾਰਤ ਸਰਕਾਰ ਤਾਂ ਉਹਨਾਂ ਨੂੰ ਘਸਿਆਰੇ ਬਣਾਉਣ 'ਤੇ ਤੁਲੀ ਹੋਈ ਸੀ।
1978 ਦੀ ਵਿਸਾਖੀ ਤੋਂ ਸ਼ੁਰੂ ਹੋਇਆ ਨਿਰੰਕਾਰੀ ਕਾਂਡ ਅਕਾਲ ਤਖਤ 'ਤੇ ਭਾਰਤ ਦੀ ਫੌਜ ਵਲੋਂ ਸ਼ਰਮਨਾਕ ਹਮਲੇ ਦੇ ਰੂਪ ਵਿਚ ਸਾਹਮਣੇ ਆਇਆ। ਹਰਿਮੰਦਰ ਕੰਪਲੈਕਸ ਇਕ ਕਿਲ੍ਹੇ ਵਿਚ ਤਬਦੀਲ ਹੋਣ ਨਾਲ ਉਸ ਸਥਾਨ ਦੀ ਧਾਰਮਿਕ ਪਵਿੱਤਰਤਾ ਨੂੰ ਵੱਡੀ ਠੇਸ ਪੁੱਜੀ। ਅੰਦਰ ਬੈਠੇ ਐਲਾਨ ਕਰ ਰਹੇ ਸਨ ਕਿ ਉਹ ਹਰਿਮੰਦਰ ਦੀ ਪਵਿੱਤਰਤਾ ਨੂੰ ਭੰਗ ਨਹੀਂ ਹੋਣ ਦੇਣਗੇ। ਇੰਦਰਾ ਗਾਂਧੀ ਦੀ ਸਰਕਾਰ ਆਖ ਰਹੀ ਸੀ ਕਿ ਉਸ ਨੇ ਭੰਗ ਹੋਈ ਹਰਿਮੰਦਰ ਦੀ ਪਵਿੱਤਰਤਾ ਨੂੰ ਮੁੜ ਬਹਾਲ ਕਰਨਾ ਹੈ। ਭਾਰਤੀ ਫੌਜ ਦੀ ਗੋਲੀ ਬਾਹਰੋਂ ਅੰਦਰ ਵੱਲ ਜਾਂਦੀ ਸੀ ਅਤੇ ਜਵਾਬ ਵਿਚ ਪਵਿੱਤਰਤਾ ਦੀ ਰਾਖੀ ਕਰਨ ਵਾਲਿਆਂ ਦੀ ਗੋਲੀ ਬਾਹਰ ਵੱਲ ਆਉਂਦੀ ਸੀ ਦੋਵਾਂ ਦੀਆਂ ਗੋਲੀਆਂ ਪਵਿੱਤਰਤਾ ਵਿਚਾਰੀ ਨੂੰ ਛਨਣੀ ਛਨਣੀ ਕਰ ਰਹੀਆਂ ਸਨ। 4 ਜੂਨ 1984 ਨੂੰ ਵਰਤੇ ਸ਼ਰਮਨਾਕ ਦੁਖਾਂਤ ਤੋਂ ਵੀ ਸਿੱਖ ਆਗੂਆਂ ਨੇ ਸਿਆਸੀ ਲਾਹਾ ਹੀ ਲਿਆ। ਅੱਜ ਤੱਕ ਕਦੇ ਵੀ ਨਿਰਪੱਖ ਹੋ ਕੇ ਉਸ ਸ਼ਰਮਨਾਕ ਘਟਨਾ ਬਾਰੇ ਵਿਚਾਰ ਨਹੀਂ ਕੀਤੀ ਅਤੇ ਨਾ ਕਦੇ ਕਰਨ ਦੀ ਉਮੀਦ ਹੈ। ਹਾਂ 'ਸਾਡਾ ਧਰਮ ਅਤੇ ਸਿਆਸਤ' ਇਕੱਠੇ ਹਨ ਦੀ ਬੇਸੁਆਦ ਖਿਚੜੀ ਜ਼ਰੂਰ ਰਿੱਝਦੀ ਰਹੇਗੀ। ਪ੍ਰਦੇਸ਼ਾਂ ਵਿਚ ਆ ਕੇ ਵੀ ਅਸੀਂ ਕੁਝ ਨਹੀਂ ਸਿੱਖਿਆ। ਹਰ ਹਫ਼ਤੇ ਜਦ ਅਖ਼ਬਾਰ ਆਉਂਦੀ ਹੈ ਤਾਂ ਕਿਸੇ ਨਵੇਂ ਗੁਰੂ ਘਰ ਬਣਨ ਦੀ ਸੂਚਨਾ ਪੜ੍ਹਨ ਨੂੰ ਮਿਲਦੀ ਹੈ ਦਾਨ ਲਈ ਅਪੀਲ ਹੁੰਦੀ ਹੈ। ਦੋ-ਤਿੰਨ ਵਰਕੇ ਪਰਤਣ ਨਾਲ ਉਸੇ ਅਖ਼ਬਾਰ ਵਿਚ ਕਿਸੇ ਗੁਰਦੁਆਰੇ ਵਿਚ ਹੋਈ ਹੱਥੋਪਾਈ ਦਾ ਵਰਨਣ ਹੁੰਦਾ ਹੈ। ਵਕੀਲਾਂ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਹਨ ਆਪਣੀਆਂ ਦਾੜ੍ਹੀਆਂ ਵਕੀਲਾਂ ਅਤੇ ਜੱਜਾਂ ਦੇ ਹੱਥਾਂ ਵਿਚ ਫੜਾ ਕੇ ਆਖਦੇ ਹਾਂ ਝਟਕਾ ਜ਼ਰਾ ਆਹਿਸਤਾ ਮਾਰਨਾ। ਮੋੜ ਪੈਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ। ਆਪਣੀ ਇਸ ਖਿੱਚੋਤਾਣ ਦਾ ਦੋਸ਼ ਅਸੀਂ ਦੂਸਰਿਆਂ ਸਿਰ ਮੜ ਦਿੰਦੇ ਹਾਂ।
'84 ਦੇ ਸਿੱਖ ਕਤਲੇਆਮ ਵਿਚ ਦਿੱਲੀ, ਕਾਨਪੁਰ ਅਤੇ ਹੋਰ ਕਈ ਸ਼ਹਿਰਾਂ ਵਿਚ ਹੋਏ ਸ਼ਰਮਨਾਕ ਤਾਂਡਵ ਨਾਚ ਦੇ ਦੋਸ਼ੀ ਰਾਜ ਭਾਗ ਦੀਆਂ ਕੁਰਸੀਆਂ ਦਾ ਅਨੰਦ ਮਾਣਦੇ ਆ ਰਹੇ ਹਨ। ਮਜ਼ਲੂਮਾ ਦੀ ਕੋਈ ਸੁਣਵਾਈ ਨਹੀਂ। ਪੰਜਾਬ ਦੀ ਜੁਆਨੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਡੱਕੀ ਹੋਈ ਬਾਗੀ ਹੋ ਗਈ ਹੈ। ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ। ਮਨੂ ਸਿਮਰਤੀ ਵਿਚ ਜੋ ਦਲਿਤਾਂ ਨਾਲ ਸਲੂਕ ਕਰਨ ਲਈ ਦਰਜ ਹੈ ਸਾਡੇ ਨਾਲ ਉਹੀ ਕੁਝ ਹੋ ਰਿਹਾ ਹੈ। ਗੁਰੂ ਨਾਨਕ ਦਾ ਆਦਰਸ਼ 'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚ ਨਾਨਕੁ ਤਿਨ ਕੇ ਸੰਗਿ ਸਾਥਿ' ਨੂੰ ਭੁੱਲ ਭੁਲਾ ਕੇ ਮਰਿਆਦਾ ਦਾ ਹਊਆ ਖੜ੍ਹਾ ਕਰਕੇ ਆਪਸੀ ਵੰਡੀਆਂ ਪਾਈ ਜਾ ਰਹੇ ਹਾਂ ਦਲਿਤ ਭਾਈਚਾਰਾ ਸਾਥੋਂ ਦੂਰ ਹੁੰਦਾ ਜਾ ਰਿਹਾ ਹੈ। ਪੰਜਾਬ ਦੀ ਜੁਆਨੀ ਪ੍ਰਦੇਸ਼ਾਂਂ ਵੱਲ ਨੂੰ ਜਾ ਰਹੀ ਹੈ। ਬਿਹਾਰ ਤੋਂ ਅਤੇ ਹੋਰ ਸੂਬਿਆਂ ਤੋਂ ਕਾਮੇ ਆ ਕੇ ਪੰਜਾਬ ਵਿਚ ਵਸ ਰਹੇ ਹਨ। ਪੰਜਾਬ ਵਿਚ ਹੀ ਅਕਲੀਅਤ ਬਣਨ ਨੂੰ ਜ਼ਿਆਦਾ ਸਮਾਂ ਨਹੀਂ ਲੱਗਣਾ। ਜੀ ਸਦਕੇ ਖਾਲਿਸਤਾਨ ਦੀ ਮੰਗ ਕਰੋ ਕੋਈ ਨਹੀਂ ਰੋਕਦਾ ਪਰ ਖਾਲਿਸਤਾਨ ਦੀ ਮੰਜ਼ਿਲ 'ਤੇ ਪੁੱਜਣ ਲਈ ਕੋਈ ਤਰਕੀਬ ਤਾਂ ਹੋਣੀ ਚਾਹੀਦੀ ਹੈ ਬਗੈਰ ਰਾਹ ਤੋਂ ਜੈਕਾਰੇ ਨਾਹਰੇ ਅਤੇ ਮੁਜ਼ਾਹਰੇ ਸਿਰਫ਼ ਦਿਖਾਵਾ ਬਣ ਕੇ ਰਹਿ ਜਾਂਦੇ ਹਨ। ਪ੍ਰਾਪਤੀ ਕੁਝ ਵੀ ਨਹੀਂ ਹੁੰਦੀ। ਹੁਣ ਵੋਟਾਂ ਦਾ ਯੁੱਗ ਹੈ, ਭੁੱਕੀ ਅਤੇ ਨਸ਼ੇ 'ਤੇ ਵਿਕਣ ਵਾਲੀਆਂ ਵੋਟਾਂ ਨਾਲ ਕੋਈ ਤਬਦੀਲੀ ਨਹੀਂ ਆ ਸਕਣੀ। ਸੋ ਕਿਸੇ ਵੀ ਪ੍ਰਾਪਤੀ ਲਈ ਲੋਕਾਈ ਨੂੰ ਜਾਗਰੂਕ ਕਰਨਾ ਅਤਿ ਜ਼ਰੂਰੀ ਹੈ।
ਦਲਿਤ ਭਾਈਚਾਰੇ ਨਾਲ ਜੋ ਇਖਤਲਾਫ ਹੋ ਰਹੇ ਹਨ ਉਹ ਦੂਰ ਕੀਤੇ ਜਾਣ। ਭਈਆ ਹੁਣ ਪੰਜਾਬ ਦਾ ਵਸਨੀਕ ਹੈ ਉਸ ਨਾਲ ਨਫ਼ਰਤ ਕਰਨ ਦੀ ਬਜਾਏ ਉਸ ਨੂੰ ਆਪਣੇ ਨਾਲ ਜੋੜੋ। ਕਥਾ, ਕੀਰਤਨ ਪ੍ਰਚਾਰ ਦਾ ਇਕ ਜ਼ਰੀਆ ਹੈ ਜਨਤਾ ਦਾ ਵਿਸ਼ਵਾਸ ਜਿੱਤਣ ਲਈ ਸੁਚੱਜਾ ਵਿਉਹਾਰ ਜ਼ਰੂਰੀ ਹੈ। ਵਾਸ਼ਿੰਗਟਨ ਜਾਂ ਯੂ. ਐਨ. ਓ. ਨੇ ਖਾਲਿਸਤਾਨ ਬਣਾ ਕੇ ਸਾਡੇ ਹੱਥ ਨਹੀਂ ਫੜਾਉਣਾ। ਸਾਨੂੰ ਇਸ ਕੰਮ ਲਈ ਜਨ-ਸਾਧਾਰਨ ਨੂੰ ਆਪਣੇ ਚੰਗੇ ਵਿਉਹਾਰ ਨਾਲ ਇਸ ਮੰਗ ਦਾ ਹਿੱਸਾ ਬਣਾਉਣਾ ਪੈਣਾ ਹੈ। ਕਿਸੇ ਵੀ ਮੰਜ਼ਿਲ 'ਤੇ ਪੁੱਜਣ ਲਈ ਨੇਕ ਇਰਾਦਾ ਚਾਹੀਦਾ ਹੈ
ਇਰਾਦੇ ਨੇਕ ਹੋਂ ਤੋ ਮੰਜ਼ਿਲ ਚਲ ਕਰ ਆਤੀ ਹੈ
ਸਮੁੰਦਰ ਰਾਹ ਦੇਤੇ ਹੈਂ ਚੱਟਾਨੇ ਥ੍ਰ ਥਰਾਤੀ ਹੈਂ
ਮੁਹਿੰਦਰ ਸਿੰਘ ਘੱਗ