ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਰਤ ਦਾ ਸੁਤੰਤਰਤਾ ਅੰਦੋਲਨ ਅਤੇ ਪੰਜਾਬ


ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਪੰਜਾਬ ਦੇ ਯੋਗਦਾਨ ਦਾ ਵਰਣਨ ਕਰਦਿਆਂ ਲਿਖ ਦਿੱਤਾ ਜਾਂਦਾ ਹੈ ਕਿ ਸੁਤੰਤਰਤਾ ਦੀ ਲੜਾਈ ਲੜਦਿਆਂ ਕਾਲੇ ਪਾਣੀਆਂ ਦੀ ਸਜ਼ਾ ਭੁਗਤਣ  ਵਾਲੇ ਕੁੱਲ ਇੰਨੇ ਸਨ ਅਤੇ ਇਨ੍ਹਾਂ ਵਿੱਚ ਇੰਨੇ ਪੰਜਾਬੀ ਸਨ ਜਾਂ ਭਾਰਤ ਦੀ ਸੁਤੰਤਰਤਾ ਦੀ ਲੜਾਈ ਲੜਦਿਆਂ ਇੰਨੇ ਦੇਸ਼ ਭਗਤਾਂ ਨੂੰ ਫਾਂਸੀ ਹੋਈ ਤੇ ਇਸ ਵਿੱਚ ਪੰਜਾਬੀ ਇੰਨੇ ਸਨ। ਭਾਵ ਸੁਤੰਤਰਤਾ ਅੰਦੋਲਨ ਵਿੱਚ ਪੰਜਾਬ ਦੇ ਯੋਗਦਾਨ ਨੂੰ ਸਿਰਫ਼ ਸਿਰਾਂ ਦੀ ਗਿਣਤੀ ਅਨੁਸਾਰ ਨਾਪਿਆ-ਤੋਲਿਆ ਜਾਂਦਾ ਹੈ। ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਸੁਤੰਤਰਤਾ ਅੰਦੋਲਨ ਸਿਰਫ਼ ਕਾਂਗਰਸ ਪਾਰਟੀ ਦੇ ਅੰਦੋਲਨ ਦੇ ਇਤਿਹਾਸ ਨੂੰ ਹੀ ਸਾਹਮਣੇ ਰੱਖ ਕੇ ਲਿਖਿਆ ਜਾਂ ਬਿਆਨਿਆ ਜਾਂਦਾ ਹੈ।
ਮੁਲਕ ਵਿੱਚ 1857 ਦੇ ਗਦਰ ਅਤੇ ਕਾਂਗਰਸ ਦੇ ਅੰਦੋਲਨ ਤੋਂ ਇਲਾਵਾ ਹੋਰ ਵੀ ਅਨੇਕਾਂ ਸੁਤੰਤਰਤਾ ਸੰਗਰਾਮ ਚੱਲਦੇ ਰਹੇ ਸਨ। ਪੰਜਾਬ ਵਿੱਚ ਸਿਰਫ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਹੀ ਅੰਦੋਲਨ ਨਹੀਂ ਚੱਲਿਆ ਸਗੋਂ ਇਹ ਅੰਦੋਲਨ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਮੁਗਲਾਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਵੀ ਚੱਲਿਆ ਸੀ। ਇਸ ਦਾ ਭਾਰਤੀ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਹੈ।
ਦੂਜੀ ਗੱਲ ਇਹ ਕਿ ਹਰ ਸਮੇਂ ਇਹੀ ਦੇਖਿਆ ਜਾ ਰਿਹਾ ਹੈ ਕਿ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਪੰਜਾਬ ਦਾ ਕੀ ਯੋਗਦਾਨ ਸੀ। ਇਹ ਕਦੇ ਵੀ ਨਹੀਂ ਦੇਖਿਆ ਗਿਆ ਕਿ ਪੰਜਾਬ ਦੇ ਸੁਤੰਤਰਤਾ ਅੰਦੋਲਨ ਵਿੱਚ ਬਾਕੀ ਭਾਰਤ ਦਾ ਕੀ ਯੋਗਦਾਨ ਰਿਹਾ ਹੈ? ਭਾਰਤੀ ਸੁਤੰਤਰਤਾ ਦਾ ਇਤਿਹਾਸ ਲਿਖਣ ਵਾਲਿਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਹੈ ਕਿ ਪੰਜਾਬ ਇੱਕ ਵਾਰ ਵਿਦੇਸ਼ੀ ਗੁਲਾਮੀ ਵਿੱਚੋਂ ਸੰਨ1947 ਤੋਂ ਪਹਿਲਾਂ 1765 ਈ. ਵਿੱਚ ਵੀ ਸੁਤੰਤਰ ਹੋ ਚੁੱਕਿਆ ਸੀ। 1765 ਵਿੱਚ ਆਜ਼ਾਦ ਹੋਏ ਪੰਜਾਬ ਦਾ ਸੁਤੰਤਰ ਰਾਜ 1849 ਤੱਕ ਪੂਰੇ 85 ਸਾਲ ਰਿਹਾ ਸੀ। ਸੰਨ1947 ਵਿੱਚ ਤਾਂ ਪੂਰਾ ਭਾਰਤ ਸੁਤੰਤਰ ਹੋਇਆ ਸੀ। ਪੰਜਾਬ ਵਿੱਚ ਤਾਂ ਸੁਤੰਤਰਤਾ ਅੰਦੋਲਨ 1469 ਤੋਂ ਲੈ ਕੇ ਚੱਲਿਆ ਹੋਇਆ ਸੀ ਅਤੇ 1849 ਤੋਂ ਬਾਅਦ ਫਿਰ ਚੱਲ ਪਿਆ ਸੀ। 1947 ਵਿੱਚ ਤਾਂ ਭਾਰਤ ਅਤੇ ਪਾਕਿਸਤਾਨ ਨੂੰ ਆਜ਼ਾਦੀ ਮਿਲੀ ਸੀ ਪਰ ਪੰਜਾਬੀਆਂ ਦਾ ਭਾਰੀ ਨੁਕਸਾਨ ਹੋਇਆ ਸੀ। ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅਤੇ ਇਸ ਦੀ ਫ਼ਿਰਕੂ ਏਕਤਾ ਨੂੰ ਲੀਰੋ-ਲੀਰ ਕਰਕੇ ਫਿਰ ਭਾਰਤ ਤੇ ਪਾਕਿਸਤਾਨ ਆਜ਼ਾਦ ਹੋਏ ਸਨ।
ਇਹ ਪੁਰਾਣੇ ਪੰਜਾਬ ਦੀ ਸੁਤੰਤਰਤਾ ਨਾਲ ਜੁੜੇ ਹੋਏ ਕੁਝ ਅਣਗੌਲੇ ਮੁੱਦੇ ਹਨ। ਸਭ ਤੋਂ ਪਹਿਲਾ ਮੁੱਦਾ ਇਹ ਹੈ ਕਿ ਪੰਜਾਬ, ਅੱਜ ਦਾ ਛੋਟਾ ਜਿਹਾ ਪੰਜਾਬੀ ਸੂਬਾ ਨਹੀਂ ਹੈ। ਇਹ ਪੰਜਾਬੀ ਸੂਬਾ ਤਾਂ ਰਾਜਨੀਤੀ ਦੇ ਕੋਝੇ ਵਾਰਾਂ ਵਿੱਚੋਂ ਮਸਾਂ-ਮਸਾਂ ਬਚ ਕੇ ਨਿਕਲਿਆ ਹੋਇਆ ਇੱਕ ਛੋਟਾ ਜਿਹਾ ਖੇਤਰ ਹੈ। ਪੰਜਾਬ ਤਾਂ ਉਹ ਧਰਤੀ ਹੈ ਜਿਸ ਨੂੰ ਦਰਿਆਵਾਂ ਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਪੰਜਾਬ ਉਹ ਖੇਤਰ ਹੈ ਜਿਸ ਵਿੱਚ ਰਹਿਣ ਵਾਲੇ ਪੰਜਾਬੀ ਹਨ, ਹਿੰਦੂ, ਮੁਸਲਮਾਨ ਜਾਂ ਸਿੱਖ ਨਹੀਂ। ਦੂਜਾ ਅਣਗੌਲਿਆ ਮੁੱਦਾ ਇਹ ਹੈ ਕਿ ਸਾਡੇ ਇਤਿਹਾਸਕਾਰਾਂ ਨੂੰ ਇਸ ਗੱਲ ਦਾ ਭੋਰਾ-ਭਰ ਵੀ ਅਹਿਸਾਸ ਨਹੀਂ ਹੈ ਕਿ ਜਦੋਂ ਵੀ ਪੰਜਾਬ ਆਜ਼ਾਦ ਹੋਇਆ ਹੈ ਤਾਂ ਇਸ ਨੇ ਸਾਰੇ ਹਿੰਦੁਸਤਾਨ ਨੂੰ ਮਜ਼ਬੂਤ ਹੀ ਕੀਤਾ ਹੈ।
ਹਿੰਦੁਸਤਾਨ ਦੀ ਗੁਲਾਮੀ ਗਿਆਰ੍ਹਵੀਂ ਸਦੀ ਦੇ ਮੁੱਢ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਮੰਦਰ ਤੱਕ ਉੱਤਰੀ ਅਤੇ ਮੱਧ ਭਾਰਤ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਸੀ। ਉਸ ਤੋਂ ਬਾਅਦ ਮੁਹੰਮਦ ਗੌਰੀ ਨੇ ਇਸ ਉਜਾੜੇ ਅਤੇ ਬਰਬਾਦੀ ਨੂੰ ਜਾਰੀ ਰੱਖਿਆ ਸੀ। ਇਹ ਉਜਾੜਾ ਪੂਰੀਆਂ ਦੋ ਸਦੀਆਂ ਚੱਲਦਾ ਰਿਹਾ ਸੀ। ਇਸ ਸਮੇਂ ਦੌਰਾਨ ਹਿੰਦੁਸਤਾਨ ਦੀ ਸੋਨਾ-ਚਾਂਦੀ ਅਤੇ ਅਨਾਜ ਦੇ ਰੂਪ ਵਿੱਚ ਜਿੰਨੀ ਵੀ ਧਨ-ਦੌਲਤ ਸੀ ਉਹ ਸਾਰੀ ਦੀ ਸਾਰੀ ਗਜ਼ਨਵੀ ਅਤੇ ਗੌਰੀ ਹਮਲਾਵਰ ਲੈ ਜਾਂਦੇ ਰਹੇ ਸਨ। ਤੇਰ੍ਹਵੀਂ ਸਦੀ ਦੇ ਸ਼ੁਰੂ (1206 ਈ.) ਵਿੱਚ ਗੌਰੀ ਦੇ ਇੱਕ ਗੁਲਾਮ ਜਰਨੈਲ ਕੁਤਬਦੀਨ ਐਬਕ ਨੇ ਪਹਿਲੀ ਵਿਦੇਸ਼ੀ ਹਕੂਮਤ ਕਾਇਮ ਕੀਤੀ ਸੀ ਜਿਹੜੀ ਪਹਿਲਾਂ ਸੁਲਤਾਨਾਂ ਅਤੇ ਫਿਰ ਮੁਗਲਾਂ ਦੇ ਰੂਪ ਵਿੱਚ ਅਠਾਰ੍ਹਵੀਂ ਸਦੀ ਦੇ ਅੱਧ ਤੱਕ ਹਿੰਦੁਸਤਾਨ 'ਤੇ ਰਹੀ ਸੀ। ਇਸ ਤੋਂ ਬਾਅਦ ਅੰਗਰੇਜ਼ ਹਕੂਮਤ 1947 ਤੱਕ ਰਹੀ ਸੀ। ਇਉਂ ਹਿੰਦੁਸਤਾਨ ਦੀ ਗੁਲਾਮੀ ਗਿਆਰ੍ਹਵੀਂ ਸਦੀ ਤੋਂ ਸ਼ੁਰੂ ਹੋ ਕੇ 1947 ਤੱਕ ਭਾਵ ਸਾਢੇ ਨੌਂ ਸਦੀਆਂ ਤੱਕ ਰਹੀ ਸੀ।
ਗਿਆਰ੍ਹਵੀਂ ਤੋਂ ਲੈ ਕੇ ਪੰਦਰਵੀਂ ਸਦੀ ਤੱਕ ਸਮੁੱਚੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਇੱਕ ਵੀ ਸਮਾਂ ਐਸਾ ਨਹੀਂ ਦਿਸਦਾ ਜਦੋਂ ਕਿਸੇ ਹਿੰਦੁਸਤਾਨੀ ਧਿਰ ਨੇ ਵਿਦੇਸ਼ੀ ਰਾਜ ਖ਼ਿਲਾਫ਼ ਕੋਈ ਸੰਘਰਸ਼ ਛੇੜਿਆ ਹੋਵੇ। ਮੱਧ ਯੁੱਗ ਵਿੱਚ ਚੱਲੀ ਭਾਰਤ ਦੀ ਭਗਤੀ ਲਹਿਰ ਵੀ ਵਿਦੇਸ਼ੀ ਸਾਮਰਾਜ ਖ਼ਿਲਾਫ਼  ਕੋਈ ਗੱਲ ਨਹੀਂ ਕਰ ਸਕੀ। ਇਹ ਸਿਰਫ਼ ਗੁਰੂ ਨਾਨਕ ਦੇਵ ਜੀ ਦੀ ਸਿੱਖ ਲਹਿਰ ਹੀ ਸੀ ਜਿਸ ਨੇ ਵਿਦੇਸ਼ੀ ਹਮਲਾਵਰਾਂ ਅਤੇ ਇੱਥੋਂ ਦੇ ਜ਼ਾਲਮ ਹਾਕਮਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਸਿਰਫ਼ ਗੁਰੂ ਨਾਨਕ ਦੇਵ ਜੀ ਹੀ ਬਾਬਰ ਦੇ ਹਮਲਿਆਂ ਨਾਲ ਹਿੰਦੁਸਤਾਨ ਦੀ ਹੋਈ ਬਰਬਾਦੀ ਬਾਰੇ ਬੋਲ ਰਹੇ ਸਨ। ਉਸ ਸਮੇਂ ਹਿੰਦੁਸਤਾਨ ਦਾ ਨਾ ਤਾਂ ਕੋਈ ਨੇਤਾ ਸੀ ਜਿਸ ਨੇ ਬਾਬਰ ਖ਼ਿਲਾਫ਼ ਆਵਾਜ਼ ਉਠਾਈ ਹੋਵੇ ਅਤੇ ਨਾ ਹੀ ਕੋਈ ਐਸੀ ਸਮਕਾਲੀ ਲਿਖਤ ਜਿਸ ਵਿੱਚ ਬਾਬਰ ਵੱਲੋਂ ਕੀਤੀ ਗਈ ਬਰਬਾਦੀ ਦੀ ਦਾਸਤਾਨ ਲਿਖੀ ਗਈ ਹੋਵੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਦੋ ਵਾਰ ਹਿੰਦੁਸਤਾਨ ਨਾਂ ਆਇਆ ਹੈ ਅਤੇ ਇਹ ਦੋਵੇਂ ਵਾਰ ਹੀ ਬਾਬਰ ਵੱਲੋਂ ਕੀਤੀ ਗਈ ਬਰਬਾਦੀ ਦਾ ਹਾਲ ਬਿਆਨ ਕਰਦਾ ਹੈ।
ਸਮਝਿਆ ਜਾ ਸਕਦਾ ਹੈ ਕਿ ਸੋਲ੍ਹਵੀਂ ਸਦੀ ਵਿੱਚ ਬਾਬਰ ਦੇ ਹਮਲਿਆਂ ਰਾਹੀਂ ਹਿੰਦੁਸਤਾਨ ਅਤੇ ਹਿੰਦੁਸਤਾਨੀ ਲੋਕਾਂ ਦੀ ਬਰਬਾਦੀ ਦਾ ਬਿਰਤਾਂਤ  ਦੱਸਣ ਵਾਲਾ ਇਹ ਇੱਕੋ-ਇੱਕ ਲਿਖਤੀ ਦਸਤਾਵੇਜ਼ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਰਵਾਣੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੀ ਇਹ ਗੁਰੂ ਨਾਨਕ ਦੇਵ ਜੀ ਦਾ ਸੁਤੰਤਰਤਾ ਸੰਗਰਾਮ ਨਹੀਂ ਸੀ? ਕੀ ਇਹ ਆਵਾਜ਼ ਪੰਜਾਬ ਵਿੱਚੋਂ ਨਹੀਂ ਉੱਠੀ ਸੀ? ਇਸ ਲਈ ਜਦੋਂ ਵੀ ਪੰਜਾਬ ਦੇ ਯੋਗਦਾਨ ਨੂੰ ਹਿੰਦੁਸਤਾਨ ਦੇ ਸੁਤੰਤਰਤਾ ਸੰਗਰਾਮ ਦੇ ਸੰਦਰਭ ਵਿੱਚ ਬਿਆਨ ਕਰਨਾ ਹੈ ਤਾਂ ਇਸ ਦਾ ਆਗਾਜ਼ ਸਿੱਖ ਲਹਿਰ ਤੋਂ ਹੀ ਕਰਨਾ ਹੋਵੇਗਾ। ਸਿੱਖ ਲਹਿਰ (ਧਰਮ) ਇੱਕ ਕਿਸਮ ਦਾ ਸੁਤੰਤਰਤਾ ਸੰਗਰਾਮ ਹੀ ਸੀ। ਆਵਾਜ਼ ਉਠਾਉਣ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੀ ਕੈਦ ਵਿੱਚ ਬੰਦ ਹੋਣਾ ਪਿਆ ਸੀ। ਇਹ ਬਾਮੁਸ਼ੱਕਤ ਕੈਦ ਸੀ। ਗੁਰੂ ਸਾਹਿਬ ਨਾਲ ਕੈਦ ਵਿੱਚ ਚੱਕੀ ਪੀਹਣ ਦੀ ਜੁੜੀ ਗੱਲ ਉਨ੍ਹਾਂ ਦੀ ਕੈਦ ਨੂੰ ਬਾ-ਮੁਸ਼ੱਕਤ ਬਣਾ ਦਿੰਦੀ ਹੈ।
ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਉਪਰ ਵਾਰ-ਵਾਰ ਮਾਰੂ ਹਮਲੇ ਕਰਕੇ ਉਨ੍ਹਾਂ ਦਾ ਬਹੁਤ ਭਾਰੀ ਜਾਨੀ-ਮਾਲੀ ਨੁਕਸਾਨ ਕਰ  ਦੇਣਾ ਆਦਿ ਭਿਆਨਕ ਸਾਕੇ ਇਹੀ ਦਰਸਾਉਂਦੇ ਹਨ ਕਿ ਸਿੱਖ ਲਹਿਰ ਨੇ ਬਹੁਤ ਵੱਡੇ ਪੱਧਰ ਤੱਕ ਆਪਣੇ ਸੁਤੰਤਰਤਾ ਸੰਗਰਾਮ ਨੂੰ ਵਧਾ ਲਿਆ ਸੀ। ਸਮੇਂ ਦੀਆਂ ਸਰਕਾਰਾਂ ਸਿੱਖ ਸੰਘਰਸ਼ ਦੀ ਤੀਬਰਤਾ ਤੋਂ ਖ਼ਤਰਾ ਮਹਿਸੂਸ ਕਰਨ ਲੱਗੀਆਂ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਸਿੱਖ ਸੰਘਰਸ਼ ਦੇ ਨੇਤਾਵਾਂ ਨੂੰ ਸ਼ਹੀਦ ਕਰਨ ਦਾ ਫ਼ੈਸਲਾ ਕੀਤਾ ਸੀ। ਉਹ ਸੋਚਦੇ ਸਨ ਕਿ ਸ਼ਾਇਦ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਨਾਲ ਸਿੱਖ ਸੰਘਰਸ਼ ਨੂੰ ਦਬਾ ਲਿਆ ਜਾਵੇਗਾ ਪਰ ਸਿੱਖ ਸੰਘਰਸ਼ ਦੀਆਂ ਜੜ੍ਹਾਂ ਲੋਕਾਂ ਵਿੱਚ ਲੱਗੀਆਂ ਹੋਈਆਂ ਸਨ। ਇਸ ਲਈ ਇਨ੍ਹਾਂ ਸ਼ਹਾਦਤਾਂ ਨਾਲ ਸਿੱਖ ਸੰਘਰਸ਼ ਦਬਣ ਦੀ ਥਾਂ ਹੋਰ ਉੱਭਰ ਕੇ ਸਾਹਮਣੇ ਆਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਘਰਸ਼ ਨੂੰ ਤੀਬਰ ਗਤੀ ਪ੍ਰਦਾਨ ਕਰਨ ਲਈ ਖ਼ਾਲਸੇ ਦੀ ਸਾਜਨਾ ਕੀਤੀ। ਖ਼ਾਲਸੇ ਦੀ ਸਾਜਨਾ ਕਰਨ ਨਾਲ  ਇਸ ਨੇ ਬਕਾਇਦਾ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰ ਲਿਆ ਸੀ। ਇਹ ਹਥਿਆਰਬੰਦ ਸੰਘਰਸ਼ ਉਸ ਸਮੇਂ ਤੱਕ ਚਲਦਾ ਰਿਹਾ ਸੀ ਜਦੋਂ ਤੱਕ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਜਿੱਤ ਕੇ ਪੰਜਾਬ ਦੇ ਬਹੁਤ ਵੱਡੇ ਹਿੱਸੇ ਵਿੱਚੋਂ ਵਿਦੇਸ਼ੀ ਮੁਗ਼ਲ ਸਾਮਰਾਜ ਨੂੰ ਉਲਟਾ ਕੇ ਇੱਥੋਂ ਦੇ ਲੋਕਾਂ ਦਾ ਰਾਜ ਕਾਇਮ ਨਹੀਂ ਕਰ ਲਿਆ। ਹੁਣ ਦੇਖਣਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਸਿੱਖ ਲਹਿਰ ਦਾ ਸਿੱਟਾ ਕਿਸ ਰੂਪ ਵਿੱਚ ਨਿਕਲਿਆ ਸੀ? ਸਿੱਟਾ ਸੀ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ। ਸਿੱਖ ਲਹਿਰ ਦਾ ਸਿੱਟਾ ਇੱਥੋਂ ਦੇ ਲੋਕਾਂ ਦੇ ਆਪਣੇ ਰਾਜ ਦੀ ਸਥਾਪਨਾ ਵਿੱਚ ਨਿਕਲਿਆ ਸੀ। ਇਹ ਗੱਲ ਆਪਣੇ-ਆਪ ਹੀ ਪੂਰੀ ਤਰ੍ਹਾਂ ਸਪਸ਼ਟ ਕਰ ਦਿੰਦੀ ਹੈ ਕਿ ਸਿੱਖ ਲਹਿਰ ਹਿੰਦੁਸਤਾਨ ਦੀ ਸੁਤੰਤਰਤਾ ਲਈ ਸ਼ੁਰੂ ਕੀਤਾ ਗਿਆ ਸੰਗਰਾਮ ਸੀ। ਭਾਵੇਂ ਇਸ ਸੰਗਰਾਮ ਨੂੰ ਧਾਰਮਿਕ ਸਰੂਪ ਦੇ ਕੇ ਸ਼ੁਰੂ ਕੀਤਾ ਗਿਆ ਸੀ। ਹਿੰਦੁਸਤਾਨ ਦੀ ਪਰੰਪਰਾ ਹੈ ਕਿ ਇੱਥੇ ਹਰ ਸੰਘਰਸ਼ ਧਾਰਮਿਕ ਮੁਹਾਵਰੇ ਵਿੱਚ ਹੀ ਸ਼ੁਰੂ ਕੀਤਾ ਜਾਂਦਾ ਰਿਹਾ ਹੈ। ਇਹੋ ਹਿੰਦੁਸਤਾਨੀ ਸੱਭਿਆਚਾਰ ਦੀ ਖ਼ੂਬਸੂਰਤੀ ਹੈ।
ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਰਾਹੀਂ ਕਾਇਮ ਕੀਤਾ ਗਿਆ ਲੋਕਰਾਜ ਥੋੜ੍ਹਾ ਸਮਾਂ ਹੀ ਰਿਹਾ ਪਰ ਇਸ ਨੇ ਸਿੱਖ ਸੰਘਰਸ਼ ਦੀ ਹਿੰਮਤ ਅਤੇ ਤਾਕਤ ਨੂੰ ਦਰਸਾ ਦਿੱਤਾ ਸੀ। ਮੁਗ਼ਲ ਹਕੂਮਤ ਜ਼ਿਆਦਾ ਭਾਰੂ ਸੀ। ਗੁਰੂ ਸਾਹਿਬਾਨ ਨੇ ਲੋਕ ਸ਼ਕਤੀ ਨੂੰ ਜਥੇਬੰਦ ਕੀਤਾ ਸੀ। ਇਸ ਲਈ ਇਹ ਲੋਕ ਸ਼ਕਤੀ ਸਮੇਂ-ਸਮੇਂ 'ਤੇ ਮਾਰਾਂ ਵੀ ਖਾਂਦੀ ਰਹੀ ਅਤੇ ਨੁਕਸਾਨ ਵੀ ਸਹਿੰਦੀ ਰਹੀ ਸੀ ਪਰ ਇਸ ਨੇ ਆਪਣਾ ਉਦੇਸ਼ ਨਹੀਂ ਛੱਡਿਆ। ਇਸ ਦਾ ਉਦੇਸ਼ ਹਿੰਦੁਸਤਾਨੀ ਲੋਕਾਂ ਨੂੰ ਸੁਤੰਤਰ ਕਰਵਾਉਣਾ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਲੋਕਾਂ ਦਾ  ਰਾਜ ਕਾਇਮ ਕਰਨਾ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਤੋਂ 55 ਸਾਲ ਬਾਅਦ 1765 ਵਿੱਚ ਇਸੇ ਲੋਕ ਸ਼ਕਤੀ ਨੇ ਮਿਸਲਾਂ ਦੇ ਰੂਪ ਵਿੱਚ ਪੰਜਾਬ ਦੀ ਧਰਤੀ 'ਤੇ ਰਾਜ ਸਥਾਪਿਤ ਕਰ ਲਿਆ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ਾਲ ਬਾਦਸ਼ਾਹਤ ਕਾਇਮ ਕਰ ਲਈ ਸੀ। ਇਹ ਸਭ ਕੁਝ ਸਿੱਖ ਲਹਿਰ ਦੀ ਹੀ ਦੇਣ ਸੀ। ਮਹਾਰਾਜਾ ਰਣਜੀਤ ਸਿੰਘ ਦੀ ਵਿਸ਼ਾਲ ਬਾਦਸ਼ਾਹਤ ਵਿੱਚ ਸਤਲੁਜ ਦਰਿਆ ਤੋਂ ਲੈ ਕੇ ਪੰਜਾਬ, ਜੰਮੂ, ਕਸ਼ਮੀਰ, ਤਿੱਬਤ ਅਤੇ ਕਾਬੁਲ ਤੱਕ ਉੱਤਰੀ ਭਾਰਤ ਦਾ ਸਿੰਧ ਤੋਂ ਪਰੇ ਤੱਕ ਵਿਸ਼ਾਲ ਖੇਤਰ ਸ਼ਾਮਲ ਸੀ। ਜਦੋਂ ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦੀ ਗੁਲਾਮੀ ਵਿੱਚ ਜਕੜਿਆ ਹੋਇਆ ਸੀ ਉਸ ਸਮੇਂ ਹਿੰਦੁਸਤਾਨ ਦਾ ਇਹ ਵਿਸ਼ਾਲ ਖੇਤਰ ਆਪਣੇ ਹੀ ਲੋਕਾਂ ਦੀ ਹਕੂਮਤ ਹੇਠ ਪੂਰੀ ਤਰ੍ਹਾਂ ਸੁਤੰਤਰ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਮੁੱਢਲੇ ਸਮੇਂ ਵਿੱਚ ਸਤਲੁਜ ਤੋਂ ਉਰਲੇ ਇਲਾਕੇ ਨੂੰ ਵੀ ਯਮੁਨਾ ਦਰਿਆ ਤੱਕ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਇੱਥੋਂ ਦੇ ਰਜਵਾੜਿਆਂ ਨੇ ਆਪਣੀ ਮਦਦ 'ਤੇ ਅੰਗਰੇਜ਼ਾਂ ਨੂੰ ਬੁਲਾ ਲਿਆ ਸੀ। ਉੱਤਰੀ ਭਾਰਤ ਦੇ ਇਸ ਵਿਸ਼ਾਲ ਖੇਤਰ ਦੀ ਸੁਤੰਤਰਤਾ 1849 ਤੱਕ ਬਣੀ ਰਹੀ ਸੀ। ਇਸ ਸਮੇਂ ਦੌਰਾਨ ਜਿਹੜੀਆਂ ਦੋ ਸਿੱਖ-ਅੰਗਰੇਜ਼ ਜੰਗਾਂ ਹੋਈਆਂ ਸਨ ਉਹ ਵੀ ਇਸ ਖੇਤਰ ਦੀ ਆਜ਼ਾਦੀ ਨੂੰ ਬਚਾਉਣ ਖਾਤਰ ਹੀ ਸਨ। ਬਦਕਿਸਮਤੀ ਨਾਲ ਇਨ੍ਹਾਂ ਜੰਗਾਂ ਵਿੱਚ ਪੰਜਾਬੀ ਫ਼ੌਜਾਂ ਦੀ ਹਾਰ ਹੋ ਗਈ ਸੀ। ਪਰ ਜੇ ਇਨ੍ਹਾਂ ਦਾ ਸਿੱਟਾ ਜਿੱਤ ਵਿੱਚ ਨਿਕਲਦਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੰਗਰੇਜ਼ਾਂ ਕੋਲੋਂ ਘੱਟੋ-ਘੱਟ ਸਾਰਾ ਉੱਤਰੀ ਭਾਰਤ ਸਿੰਧ ਤੋਂ ਲੈ ਕੇ ਜਮੁਨਾ ਤੱਕ ਆਜ਼ਾਦ ਕਰਵਾ ਲਿਆ ਜਾਣਾ ਸੀ। ਇਸ ਲਈ ਦੋ ਸਿੱਖ-ਅੰਗਰੇਜ਼ ਜੰਗਾਂ ਨੂੰ ਵੀ ਹਿੰਦੁਸਤਾਨ ਦੇ ਸੁਤੰਤਰਤਾ ਸੰਗਰਾਮ ਦੀ ਕੜੀ ਵਜੋਂ ਹੀ ਦੇਖਣਾ ਚਾਹੀਦਾ ਹੈ।
ਇਕ ਅਸਲੀਅਤ ਅਸੀਂ ਅਜੇ ਤੱਕ ਨਹੀਂ ਦੇਖ ਸਕੇ ਕਿ ਪੰਜਾਬ 1765 ਵਿੱਚ ਹੀ ਆਜ਼ਾਦ ਹੋ ਗਿਆ ਸੀ। ਇਤਿਹਾਸਕਾਰ ਅਤੇ ਸਿਆਸੀ ਨੇਤਾ ਦਿਨ-ਰਾਤ ਇਹੀ ਰਾਗ ਅਲਾਪ ਰਹੇ ਹਨ ਕਿ ਭਾਰਤ 1947 ਵਿੱਚ ਆਜ਼ਾਦ ਹੋਇਆ ਸੀ। ਬੇਸ਼ੱਕ ਪੰਜਾਬੀ ਨੇਤਾ 1849 ਵਿੱਚ ਆਜ਼ਾਦੀ ਖੋ ਬੈਠੇ ਸਨ ਅਤੇ ਆਜ਼ਾਦੀ ਦੀ ਇਸ ਹਾਰ ਵਿੱਚ ਰਜਵਾੜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਜਦੋਂ ਪੰਜਾਬ ਸੁਤੰਤਰ ਸੀ ਤਾਂ ਹਿੰਦੁਸਤਾਨ ਦੇ ਜਸਵੰਤ ਰਾਓ ਹੋਲਕਰ ਜਿਹੇ ਨੇਤਾ ਅਤੇ ਨੇਪਾਲ ਦੇ ਗੋਰਖਾ ਨੇਤਾ ਵੀ ਪੰਜਾਬ ਵਿੱਚ ਸ਼ਰਨ ਲੈਣ ਲਈ ਆਉਂਦੇ ਸਨ। ਹੋਰ ਤਾਂ ਹੋਰ ਤਖ਼ਤੋਂ ਲੱਥੇ ਸ਼ਾਹ ਜ਼ਮਾਨ ਜੈਸੇ ਅਫ਼ਗ਼ਾਨ ਬਾਦਸ਼ਾਹ ਵੀ ਪੰਜਾਬ ਵਿੱਚ ਸ਼ਰਨ ਲੈਣ ਲਈ ਆਏ ਸਨ ਜਿਨ੍ਹਾਂ ਨੇ ਖ਼ੁਦ ਆਪਣੇ ਸਾਮਰਾਜ ਸਮੇਂ ਪੰਜਾਬ ਨੂੰ ਲੁੱਟਿਆ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਜਾਂ ਕਹਿ ਲਈਏ ਕਿ ਖ਼ਾਲਸੇ ਨੇ 1765 ਤੋਂ ਲੈ ਕੇ 1849 ਤੱਕ ਪੰਜਾਬ ਦੀ ਧਰਤੀ 'ਤੇ ਰਾਜ ਸਮੇਂ ਪੰਜਾਬ ਵਿੱਚੋਂ ਫ਼ਿਰਕਾਪ੍ਰਸਤੀ ਮਿਟਾ ਕੇ ਪੰਜਾਬੀਅਤ ਦਾ ਅਹਿਸਾਸ ਪੈਦਾ ਕੀਤਾ ਸੀ। ਕਿਸੇ ਵੀ ਹਿੰਦੂ ਅਤੇ ਮੁਸਲਮਾਨ ਲਈ ਰਣਜੀਤ ਸਿੰਘ ਸਿਰਫ਼ ਇੱਕ ਮਹਾਰਾਜਾ ਹੀ ਸੀ। ਕਿਸੇ ਨੂੰ ਵੀ ਉਸ ਦੇ ਖ਼ਾਲਸਾ ਹੋਣ ਦਾ ਅਹਿਸਾਸ ਨਹੀਂ ਸੀ ਹੁੰਦਾ। ਫ਼ਕੀਰ ਅਜ਼ੀਜ਼ੂਦੀਨ, ਦੀਵਾਨ ਮੋਹਕਮ ਚੰਦ, ਸਰਦਾਰ ਹਰੀ ਸਿੰਘ ਨਲੂਆ ਆਦਿ ਨੇਤਾ ਕਿਸੇ ਨੂੰ ਵੀ ਮੁਸਲਮਾਨ, ਹਿੰਦੂ ਅਤੇ ਸਿੱਖ ਦਾ ਅਹਿਸਾਸ ਨਹੀਂ ਹੋਣ ਦਿੰਦੇ ਸਨ ਸਗੋਂ ਪੰਜਾਬ ਦੇ ਮਹਾਨ ਵਜ਼ੀਰ, ਜਰਨੈਲ ਅਤੇ ਨੇਤਾ ਹੋਣ ਦਾ ਅਹਿਸਾਸ ਦਿੰਦੇ ਸਨ। ਸ਼ਾਹ ਮੁਹੰਮਦ ਦਾ ਕਿੱਸਾ ਇੱਕ ਪੰਜਾਬੀ ਹੋਣ ਦਾ ਐਸਾ ਅਹਿਸਾਸ ਪੈਦਾ ਕਰਦਾ ਹੈ ਜਿਸ 'ਤੇ ਸਿੱਖ ਅੱਜ ਵੀ ਮਾਣ ਮਹਿਸੂਸ ਕਰਦੇ ਹਨ ਭਾਵ ਪੰਜਾਬ ਵਿੱਚ ਸਿੱਖ ਰਾਜ ਨੇ ਫ਼ਿਰਕਿਆਂ ਦਾ ਭੇਦ-ਭਾਵ ਮਿਟਾਇਆ ਸੀ ਪਰ ਜਿਉਂ ਹੀ ਇੱਥੇ ਅੰਗਰੇਜ਼ਾਂ ਦਾ  ਕਬਜ਼ਾ ਹੋਇਆ ਤਾਂ ਉਨ੍ਹਾਂ ਨੇ ਫਿਰ ਤੋਂ ਪੰਜਾਬ ਨੂੰ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਵਿੱਚ ਵੰਡ ਦਿੱਤਾ ਸੀ।
ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਕਾਬੁਲ ਦੇ ਤਖ਼ਤ ਉਪਰ ਅੰਗਰੇਜ਼ਾਂ ਨੇ ਦੋਸਤ ਮੁਹੰਮਦ ਖਾਂ ਨੂੰ ਬਿਠਾ ਕੇ ਮੁਸਲਮਾਨੀ ਇਲਾਕੇ ਫਿਰ ਉਸ ਨਾਲ ਜੋੜ ਦਿੱਤੇ ਸਨ, ਜੰਮੂ-ਕਸ਼ਮੀਰ ਨੂੰ ਅਲੱਗ ਕਰਕੇ ਅਤੇ ਰਾਜਾ ਗੁਲਾਬ ਸਿੰਘ ਡੋਗਰਾ ਨੂੰ ਇਸ ਦਾ ਮਹਾਰਾਜਾ ਬਣਾ ਕੇ ਇੱਕ ਹਿੰਦੂ ਸਟੇਟ ਬਣਾ ਦਿੱਤੀ ਗਈ ਸੀ। ਲਾਹੌਰ ਸੂਬੇ ਨੂੰ ਅਲੱਗ ਕਰਕੇ ਇਸ ਨੂੰ ਮਹਾਰਾਜਾ ਦਲੀਪ ਸਿੰਘ ਤੋਂ ਖੋਹ ਕੇ ਅੰਗਰੇਜ਼ਾਂ ਨੇ ਸਿੱਧਾ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਇੱਕ ਪਾਸੇ ਉਹ ਪੰਜਾਬ ਦੇ ਸੁਤੰਤਰ ਮਹਾਰਾਜਾ ਦਲੀਪ ਸਿੰਘ ਨੂੰ ਤਖ਼ਤ ਤੋਂ ਲਾਹ ਕੇ ਜਲਾਵਤਨ ਕਰ ਰਹੇ ਸਨ ਪਰ ਦੂਜੇ ਪਾਸੇ ਰਾਜਾ ਗੁਲਾਬ ਸਿੰਘ ਡੋਗਰਾ ਦੇ ਰੂਪ ਵਿੱਚ ਨਵੇਂ ਹੱਥ ਠੋਕੇ ਮਹਾਰਾਜੇ ਬਣਾ ਰਹੇ ਸਨ।  ਭਾਰਤੀ ਨੇਤਾਵਾਂ  ਨੇ ਇੱਕ ਵਾਰ ਵੀ ਇਹ ਗੱਲ ਨਹੀਂ ਸੋਚੀ ਕਿ ਉਹ ਅੰਗਰੇਜ਼ਾਂ ਦੀ ਕੂਟਨੀਤੀ ਦਾ ਸ਼ਿਕਾਰ ਹੋ ਕੇ ਭਾਰਤੀ ਉਪ-ਮਹਾਂਦੀਪ ਨੂੰ ਫ਼ਿਰਕਿਆਂ ਵਿੱਚ ਵੰਡ ਕੇ ਆਜ਼ਾਦੀ ਮੰਗ ਰਹੇ ਹਨ। ਸਿੱਖ ਪੰਜਾਬ ਵਿੱਚ ਤੀਜਾ ਫ਼ਿਰਕਾ ਨਹੀਂ ਸੀ ਸਗੋਂ ਇਹ ਹਿੰਦੂਆਂ ਅਤੇ ਮੁਸਲਮਾਨਾਂ ਦਾ ਸਾਂਝਾ ਪੁਲ ਸੀ। ਅੰਗਰੇਜ਼ਾਂ ਨੇ ਇਸ ਸਾਂਝੇ ਪੁਲ ਨੂੰ ਤੋੜ ਦਿੱਤਾ ਸੀ। ਮੁਸਲਿਮ ਲੀਗ ਅਤੇ ਕਾਂਗਰਸ ਨੇ ਅੰਗਰੇਜ਼ਾਂ ਦੇ ਇਸ ਤੋੜੇ ਹੋਏ ਸਾਂਝੇ ਪੁਲ ਨੂੰ ਉਸੇ ਤਰ੍ਹਾਂ ਟੁੱਟਿਆਂ ਹੀ ਰਹਿਣ ਦਿੱਤਾ ਸੀ। ਇਸ ਤਰ੍ਹਾਂ ਭਾਰਤੀ ਨੇਤਾ ਵੀ ਅੰਗਰੇਜ਼ਾਂ ਦੀਆਂ ਪਾੜੋ ਅਤੇ ਰਾਜ ਕਰੋ ਦੀਆਂ ਨੀਤੀਆਂ ਦਾ ਸ਼ਿਕਾਰ ਹੁੰਦੇ ਰਹੇ ਸਨ। ਇਹੀ ਕਾਰਨ ਸੀ ਕਿ ਭਾਰਤ ਦੀ ਆਜ਼ਾਦੀ ਦਾ ਸੰਘਰਸ਼ ਕਰਨ ਵਾਲੀਆਂ ਦੋਵੇਂ ਮੁੱਖ ਧਿਰਾਂ ਕਾਂਗਰਸ ਅਤੇ ਮੁਸਲਿਮ ਲੀਗ ਫ਼ਿਰਕੂ ਆਧਾਰ 'ਤੇ ਹੀ ਆਪਣੀਆਂ ਮੰਗਾਂ ਰੱਖਦੀਆਂ ਰਹੀਆਂ। ਪੰਜਾਬ ਅਸੈਂਬਲੀ ਵਿੱਚ ਫ਼ਿਰਕਿਆਂ ਦੀ ਗਿਣਤੀ ਮੁਤਾਬਕ ਨੁਮਾਇੰਦਿਆਂ ਦੀ ਗਿਣਤੀ ਨਿਯਤ ਕੀਤੀ ਗਈ ਸੀ। ਕਾਂਗਰਸ ਨੇ ਇਸ ਫ਼ਿਰਕੂ ਪ੍ਰਬੰਧ ਦਾ ਕੋਈ ਵਿਰੋਧ ਨਹੀਂ ਕੀਤਾ।
ਅੱਜ ਦੇ ਛੋਟੇ ਜਿਹੇ ਪੰਜਾਬ ਦੀ ਲੀਡਰਸ਼ਿਪ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਪੰਜਾਬ ਦਾ ਯੋਗਦਾਨ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਲੋੜ ਪੰਜਾਬ ਅਤੇ ਪੰਜਾਬੀਅਤ ਨੂੰ ਉਭਾਰਨ ਦੀ ਹੈ, ਸਿਰਾਂ ਦੀਆਂ ਗਿਣਤੀਆਂ ਅਨੁਸਾਰ ਪੰਜਾਬੀਆਂ ਦਾ ਯੋਗਦਾਨ ਦੇਖਣ ਦੀ ਨਹੀਂ।
ਡਾ. ਸੁਖਦਿਆਲ ਿਸੰਘ