ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਨ ਹਉ ਤੇਰਾ ਪੂੰਗਰਾ ਨ ਤੂੰ ਮੇਰੀ ਮਾਇ


ਨ ਹਉ ਤੇਰਾ ਪੂੰਗਰਾ ਨ ਤੂੰ ਮੇਰੀ ਮਾਇ£
ਸ੍ਰਿਸ਼ਟੀ ਰਚਨਾ ਦੇ ਆਰੰਭ ਤੋਂ ਹੀ ਭਗਤਾਂ ਗੁਰਮੁਖਾਂ ਦਾ ਜੋੜ ਸੰਸਾਰੀ ਲੋਕਾਂ ਨਾਲ ਨਹੀਂ ਬਣ ਸਕਿਆ। ਜਿਵੇਂ ਦਿਨ ਤੇ ਰਾਤ ਦਾ ਕੋਈ ਜੋੜ ਨਹੀਂ ਤਿਵੇਂ ਹੀ 'ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ'' ਦਾ ਕਰਤਾਰੀ ਨਿਯਮ ਅਟੱਲ ਹੈ। ਜਿਹੜੇ ਲੋਕ ਰਾਜ ਮਦ ਵਿਚ ਮਸਤ ਹੁੰਦੇ ਹਨ ''ਮਾਇਆਧਾਰੀ ਅਤਿ ਅੰਨਾ ਬੋਲਾ'' ਹੋਣ ਕਰਕੇ ਨਾ ਸੱਚ ਸੁਣਦੇ ਹਨ, ਨਾ ਸੱਚ ਨੂੰ ਸਹਾਰਦੇ ਹਨ ਕਿਉਂਕਿ ''ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ£'' (ਪੰਨਾ ੬੯੬)
ਸਮੇਂ ਦੀ ਹਕੂਮਤ ਨੇ ਭਗਤ ਨਾਮਦੇਵ ਜੀ ਵਰਗਿਆਂ ਦਾ ਬੋਲਿਆ ਸਚ ਕਦੇ ਬਰਦਾਸ਼ਤ ਨਹੀਂ ਕੀਤਾ ਰਾਜ ਮਦ ਵਿਚ ਭਗਤ ਜੀ ਉਤੇ ਰਾਮ ਕਹਿਣ ਤੇ ਪਾਬੰਦੀ ਲਾ ਦਿੱਤੀ। ਹੁਕਮ ਕੀਤਾ ਕਿ ਕੇਵਲ ਖੁਦਾ ਕਹਿ ਕੇ ਹੀ ਪਰਮਾਤਮਾ ਨੂੰ ਸੰਬੋਧਨ ਕੀਤਾ ਜਾ ਸਕਦਾ ਹੈ। ਇਹ ਉਹ ਸਮਾਂ ਸੀ ਜਦੋਂ ਦੇਵਲ ਦੇਵਤਿਆਂ ਕਰੁ ਲਾਗਾ ਜਾਂ ''ਨਾਉ ਖੁਦਾਈ ਅਲਹੁ ਭਇਆ'' (ਪੰਨਾ ੪੭੦), ਭਗਤਾ ਬਣਿ ਆਈ ਪ੍ਰਭ ਅਪਨੇ ਸਿਉ'' (ਪੰਨਾ ੧੯੧) ਕਾਰਨ ਭਗਤ ਨਿਰਭਉ ਤੇ ਨਿਰਵੈਰ ਹੁੰਦੇ ਹਨ, ਇਸ ਗੱਲ ਤੋਂ ਇਨਕਾਰੀ ਹੋ ਗਏ ਕਿ ਜਬਰ-ਜ਼ੁਲਮ ਅਧੀਨ ਐਸਾ ਕੁਝ ਨਹੀਂ ਕਰਾਂਗਾ। ਹਕੂਮਤ ਨੇ ਭਗਤ ਜੀ ਨੂੰ ਹਾਥੀ ਦੇ ਪੈਰਾਂ ਥੱਲੇ ਲਤਾੜਨ ਦਾ ਹੁਕਮ ਚਾੜ੍ਹ ਦਿੱਤਾ। ਭਗਤ ਜੀ ਦੇ ਮਾਤਾ ਅੰਦਰ ਮਮਤਾ ਜਾਗੀ, ਆਖਣ ਲੱਗੀ, ਬੇਟਾ' ਮੈਂ ਤੈਨੂੰ ਛੈਣੇ ਵਜਾ ਵਜਾ ਗਾਉਂਦਿਆਂ ਸੁਣਿਆ ਹੈ, ''ਕਰੀਮਾਂ ਰਹੀਮਾਂ ਅਲਾਹ ਤੂੰ ਗਨੀ£ ਹਾਜ਼ਰਾ ਹਜੂਰਿ ਦਰਿ ਪੇਸਿ ਤੂ ਮਨੀ£ (ਪੰਨਾ ੭੨੭) ਅੱਜ ਤੈਨੂੰ ਕੀ ਹੋਣ ਲੱਗਾ ਹੈ। ਜੇ ਆਪਣੀ ਜਾਨ ਬਖਸ਼ੀ ਲਈ ਖੁਦਾ ਖੁਦਾ ਕਹਿ ਦੇਵੇਂ। ਇਹ ਤੇਰੀ ਜ਼ਿੰਦਗੀ ਅਤੇ ਮਾਂ ਦੀ ਮਮਤਾ ਦਾ ਸਵਾਲ ਹੈ ਮਮਤਾ ਕੁਰਲਾ ਉਠੀ ''ਰੁਦਨ ਕਰੈ ਨਾਮੇ ਕੀ ਮਾਇ£ ਛੋਡਿ ਰਾਮ, ਕੀ ਨ ਭਜਹਿ ਖੁਦਾਇ£'' (ਪੰਨਾ ੧੧੬੫) ਪਰ ਰੱਬੀ ਸਿਮਰਨ ਦੀ ਦ੍ਰਿੜ੍ਹਤਾ ਤੇ 'ਸਭੈ ਘਟਿ ਰਾਮ ਬੋਲੈ' ਦੀ ਆਵਾਜ਼ ਬੁਲੰਦ ਹੋਈ£ ਨ ਹਉ ਤੇਰਾ ਪੂੰਗਰਾ ਨ ਤੂ ਮੇਰੀ ਮਾਇ£ ਪਿੰਡ ਪਰੈ ਤਉ ਹਰਿ ਗੁਨ ਗਾਇ£ ਕਰੈ ਗਜਿੰਦ ਸੁੰਡ ਕੀ ਚੋਟ£ ਨਾਮਾ ਉਬਰੈ ਹਰਿ ਕੀ ਓਟਿ£ (ਪੰਨਾ ੧੧੬੫)
ਗੁਰਸਿੱਖ ਜਦੋਂ ''ਗੁਰੂ ਮਾਨਿਓ ਗ੍ਰੰਥ'' ਦਾ ਹੁਕਮ ਪਾਲਦਿਆਂ ਗੁਰਬਾਣੀ ਨੂੰ ਨਮਸਕਾਰ ਕਰਦਾ ਹੈ ਤਾਂ ਇਕ ਖਿਆਲ ਵਾਰ ਵਾਰ ਆਉਂਦਾ ਹੈ, ''ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ£'' ਅਜੋਕਾ ਨੌਜਵਾਨ ਸੋਚਦਾ ਹੈ। ਜੋ ਗੁਰਮਤਿ ਵੀਚਾਰ ਹਨ ਇਨ੍ਹਾਂ ਨੂੰ ਜੀਵਨ ਵਿਚ ਕਿਵੇਂ ਹੰਢਾਇਆ ਜਾ ਸਕਦਾ ਹੈ? ਇਤਿਹਾਸ ਆਪਣੇ ਆਪ ਨੂੰ ਦੁਹਰਾਂਦਾ ਹੈ ਸਿੱਖਾਂ ਨੇ ਇਸ ਬਾਣੀ ਨੂੰ ਕੇਵਲ ਪੜ੍ਹਿਆ ਹੀ ਨਹੀਂ ਬਲਕਿ ਜੀਵਿਆ ਹੈ।
ਅੰਮ੍ਰਿਤ ਦੇ ਦਾਤੇ ਨੇ ''ਪੀ ਅੰਮ੍ਰਿਤ ਅਘਾਨਿਆ£'' ਦੀ ਐਸੀ ਦਾਤ ਬਖਸ਼ੀ ਕਿ ਇਕ ਨਿਰਾਸ਼ ਭਟਕਦੇ ਬੈਰਾਗੀ ਸੰਨਿਆਸੀ ਨੂੰ ਸਰਹਿੰਦ ਫਤਹਿ ਕਰਨ ਦੀ ਹਿੰਮਤ ਬਖਸ਼ੀ ਪਰ ਸਰਹੰਦ ਫ਼ਤਹਿ ਤੋਂ ਪਹਿਲਾਂ ਉਸ ਨੇ ਆਪਣੇ ਮਨ ਤੇ ਫਤਹਿ ਪਾਈ, ਸਦਾ ਚਿਰ ਜੀਵੋ। ਦਾ ਜੀਵਨ ਟਿਕਾਅ ਪ੍ਰਾਪਤ ਕੀਤਾ। ਗੁਰੂ ਦੇ ਇਨ੍ਹਾਂ ਬਚਨਾਂ ਨੂੰ ਪੱਲੇ ਬੰਨ੍ਹ ਲਿਆ।
''ਫਾਹੇ ਕਾਟੇ ਮਿਟੇ ਗਵਨ ਫਤਹਿ ਭਈ ਮਨਿ ਜੀਤ£ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ£'' ਨਾਲ ਹੀ ਜ਼ਾਲਮਾਂ ਨੂੰ ਸੋਧ ਸਰਹਿੰਦ ਫਤਹਿ ਕਰਕੇ ਸਭ
ਸੁਖਾਲੀ ਵੁਠੀਆ ਏਹੁ ਹੋਆ ਹਲੇਮੀ ਰਾਜੁ ਜੀਉ£'' (੨੫੮) ਸਰਬੱਤ ਦਾ ਭਲਾ ਮੰਗਣ ਵਾਲਾ ਖਾਲਸਾ ਰਾਜ ਕਾਇਮ ਕੀਤਾ। ਅਨੇਕਾਂ ਮੁਹਿੰਮਾਂ ਸਰ ਕੀਤੀਆਂ, ਕਿਲ੍ਹੇ ਸਥਾਪਿਤ ਕੀਤੇ, ਜਗੀਰਦਾਰੀ ਪ੍ਰਥਾ ਨੂੰ ਨੱਥ ਪਾਈ, ਗੁਰੂ ਕਾ ਸੱਚਾ ਸਿੱਖ ਹੋਣ ਦਾ ਪੱਕਾ ਸਬੂਤ ਦਿੱਤਾ, ਜਦੋਂ ਨਾਨਕਸ਼ਾਹੀ ਸਿੱਕੇ ਤੇ ਇਹ ਇਬਾਰਤ ਦਰਜ ਕੀਤੀ।
ਸਿੱਕਾ ਜ਼ਦ ਬਰ ਹਰ ਦੋ ਆਲਿਮ
ਤੇਗਿ ਨਾਨਕ ਵਾਹਿਬ ਅਸਤ£
ਫਤਹਿ ਗੋਬਿੰਦ ਸਿੰਘ ਸਾਹਿ ਸਾਹਾਂ
ਫਜਲਿ ਸਚਾ ਸਾਹਿਬ ਅਸਤ।
ਭਾਵ ਦੋਹਾਂ ਜਹਾਨਾਂ ਦੇ ਸੱਚ ਪਾਤਸ਼ਾਹ ਦੀ ਕਿਰਪਾ ਨਾਲ ਇਹ ਸਿੱਕਾ ਜਾਰੀ ਕੀਤਾ ਗਿਆ। ਗੁਰੂ ਨਾਨਕ ਦੀ ਤੇਗ ਹਰੇਕ ਦਾਤ ਬਖਸ਼ਦੀ ਹੈ, ਅਕਾਲ ਪੁਰਖ ਦੀ ਮਿਹਰ ਨਾਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਫ਼ਤਹਿ ਹੋਈ। ਇੰਝ ਹੀ ਖਾਲਸਾ ਰਾਜ ਦੀ ਮੋਹਰ ਵੀ ਜਾਰੀ ਕੀਤੀ ਗਈ ਜਿਸ ਤੇ ਲਿਖਿਆ ਸੀ ''ਅਜਮਤਿ ਨਾਨਕ ਗੁਰੂ ਹਮ
ਜ਼ਾਹਿਰੋ ਹਮ ਬਾਤਨ ਅਸਤ£ ਪਾਤਸ਼ਾਹ ਦੀਨੋ ਦੁਨੀਆ ਆਪ ਸੱਚਾ ਸਾਹਿਬ ਅਸਤ£''
ਭਾਵ¸ਅੰਦਰ ਬਾਹਰ, ਸਾਰੇ ਪਾਸੇ, ਗੁਰੂ ਨਾਨਕ ਦੀ ਹੀ ਵਡਿਆਈ ਹੈ। ਉਹ ਸੱਚਾ ਰੱਬ ਦੀਨ ਦੁਨੀਆਂ ਦੋਹਾਂ ਦਾ ਵਾਲੀ ਹੈ।)
ਕੁਝ ਸਮੇਂ ਬਾਅਦ ਇਸ ਦੀ ਥਾਂ ਤੇ ਇਹ ਮੋਹਰ ਬਦਲ ਦਿੱਤੀ ਗਈ। ²
ਦੇਗੋ ਤੇਗੋ ਫਤਹਿ ਨੁਸਰਤ ਬੇਦਿਰੰਗ£ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ£ ਜਿਸ ਦਾ ਭਾਵ ਹੈ ਕਿ ਦੇਗ ਤੇਗ ਅਤੇ ਫ਼ਤਹਿ ਬਿਨਾਂ ਕਿਸੇ ਦੇਰੀ ਤੋਂ ਗੁਰੂ ਨਾਨਕ
ਸਾਹਿਬ, ਗੁਰੂ ਗੋਬਿੰਦ ਤੋਂ ਹਾਸਿਲ ਹੋਈ।
ਲਗਭਗ ਅੱਠ ਮਹੀਨੇ ਦੇ ਲੰਮੇ ਘੇਰੇ ਪਿੱਛੋਂ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚੋਂ 740 ਸਿੰਘਾਂ ਸਮੇਤ ਬੰਦਾ ਸਿੰਘ ਬਹਾਦਰ ਫੜਿਆ ਗਿਆ। ਨਾਲ ਚਾਰ ਸਾਲ ਦਾ ਬੇਟਾ ਅਜੈ ਸਿੰਘ, ਪਤਨੀ ਤੇ ਇਕ ਗੋਲੀ ਵੀ ਗ੍ਰਿਫਤਾਰ ਕੀਤੀ ਗਈ। 740 ਸਿੰਘਾਂ ਤੋਂ ਇਲਾਵਾ ਦੋ ਹਜ਼ਾਰ ਸਿੱਖਾਂ ਦੇ ਸਿਰ ਲੈ ਕੇ ਅਬਦੁਲ ਸਮੁਦ ਖਾਨ ਦਿੱਲੀ ਪੁੱਜਾ। ਫਰੁਖਸੀਅਰ ਨੇ ਖੁਸ਼ੀ ਵਿਚ ਦੋ ਵਾਰ ਨਿਮਾਜ਼ ਪੜ੍ਹੀ, ਜਸ਼ਨ ਮਨਾਉਣ ਦਾ ਐਲਾਨ ਕੀਤਾ।
5 ਮਾਰਚ, 1716 ਨੂੰ ਬਾਦਸ਼ਾਹ ਨੇ ਸਰਬਰਾਹ ਖ਼ਾਨ ਕੋਤਵਾਲ ਨੂੰ ਹੁਕਮ ਕੀਤਾ ਕਿ ਬੰਦਾ ਸਿੰਘ ਦੇ 17 ਖਾਸ ਸਾਥੀਆਂ ਨੂੰ ਛੱਡ ਕੇ ਰੋਜ਼ਾਨਾ ਇਕ-ਇਕ ਸੌ ਸਿੰਘਾਂ ਦਾ ਕਤਲ ਕੀਤਾ ਜਾਏ, ਇਹ ਕਤਲੇਆਮ ਉਸੇ ਦਿਨ ਤੋਂ ਸ਼ੁਰੂ ਹੋ ਗਿਆ, ਮੁਸਲਮਾਨ ਬਣਨ ਤੇ ਜਾਨ ਬਖਸ਼ੀ ਦੀ ਪੇਸ਼ਕਸ਼ ਕੀਤੀ ਪਰ ਇਕ ਵੀ ਸਿੱਖ ਸਿਦਕ ਤੋਂ ਨਾ ਡੋਲਿਆ, ਸਗੋਂ ਉਹ ਕਹਿੰਦੇ ਸਨ ਮੁਕਤਾ! (ਮੁਕਤ ਕਰਨ ਵਾਲਾ ਯਾਨੀ ਜੱਲਾਦ) ਮੈਨੂੰ ਪਹਿਲਾਂ ਸ਼ਹੀਦ ਕਰ (ਖਾਫ਼ੀ ਖ਼ਾਨ) 700 ਤੋਂ ਵੱਧ ਸਿੱਖ 12 ਮਾਰਚ ਤੱਕ ਸ਼ਹੀਦ ਕਰ ਦਿੱਤੇ ਗਏ, ਲਾਸ਼ਾਂ ਦੇ ਟੁਕੜੇ ਕਰਕੇ ਦਿੱਲੀ ਦੇ ਚੌਹੀਂ ਪਾਸੀਂ ਟੰਗ ਦਿੱਤੇ ਗਏ ਤਾਂ ਕਿ ਲੋਕਾਂ ਅੰਦਰ ਦਹਿਸ਼ਤ ਪੈਦਾ ਹੋਵੇ। ਟੁਕੜਿਆਂ ਦਾ ਮਾਸ ਗਿਰਝਾਂ ਨੇ ਖਾ ਲਿਆ। ਕਾਫੀ ਦੇਰ ਤੱਕ ਪਿੰਜਰ ਤੇ ਹੱਡੀਆਂ ਲਟਕਦੀਆਂ ਰਹੀਆਂ। ਮੁਸਲਮਾਨ ਬੱਚੇ ਇਨ੍ਹਾਂ ਹੱਡੀਆਂ ਨੂੰ ਪੱਥਰ ਮਾਰ-ਮਾਰ ਕੇ ਆਪਣੇ ਗੁੱਸੇ ਨੂੰ ਸ਼ਾਂਤ ਕਰਦੇ ਸਨ। (ਤਾਰੀਖਿ ਮੁਹੰਮਦ ਸ਼ਾਹੀ) ਆਖਿਰ ਬੰਦਾ ਸਿੰਘ ਨੂੰ ਪਿੰਜਰੇ ਵਿਚੋਂ ਕੱਢ ਕੇ ਜ਼ਮੀਨ ਤੇ ਬਿਠਾਇਆ ਗਿਆ। ਉਸ ਦਾ ਸੱਜਾ ਹੱਥ ਆਜ਼ਾਦ ਕਰਕੇ ਹੱਥ ਵਿਚ ਛੁਰਾ ਦੇ ਕੇ ਆਪਣੇ ਪੁੱਤਰ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਗਿਆ ਪਰ ਬੰਦਾ ਅਡੋਲ ਬੈਠਾ ਰਿਹਾ। ਜੱਲਾਦ ਨੇ ਪੁੱਤਰ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਧੱਕਣ ਦਾ ਯਤਨ ਕੀਤਾ। ਪਹਿਲਾਂ ਸੱਜੀ ਅੱਖ ਫਿਰ ਖੱਬੀ ਅੱਖ ਤੇਜ਼ ਧਾਰ ਨਾਲ ਕੱਢ ਦਿੱਤੀ ਗਈ। ਫਿਰ ਦੋਨੋਂ ਪੈਰ ਦੋਨੋਂ ਹੱਥ ਕੱਟ ਦਿੱਤੇ ਗਏ, ਸਿਰ ਵਿਚ ਹਥੌੜਾ ਮਾਰ ਕੇ ਸਿਰ ਫੇਹ ਦਿੱਤਾ ਗਿਆ। ਜੰਬੂਰਾਂ ਨਾਲ ਮਾਸ ਨੋਚਿਆ ਗਿਆ ਫਿਰ ਲਾਸ਼ ਦੇ ਕਈ ਟੋਟੇ ਕਰ ਦਿੱਤੇ ਗਏ। ਬੰਦਾ, ਕਬੀਰ ਜੀ ਦਾ ਇਹ ਕਥਨ ਸੱਚ ਕਰ ਗਿਆ। ''ਹੁਕਮ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ£'' (ਪੰਨਾ ੧੩੫੦)
ਇਨ੍ਹਾਂ ਸ਼ਹੀਦੀਆਂ ਵੇਲੇ ਇਕ ਹੋਰ ਅਚੰਭਾ ਹੋਇਆ ਕਿ ਇਕ ਨਵ-ਵਿਆਹੇ ਨੌਜਵਾਨ ਦੀ ਮਾਂ ਮਿੰਨਤਾਂ ਕਰਕੇ ਰਤਨ ਚੰਦ ਦੀਵਾਨ ਦੀ ਸਿਫਾਰਸ਼ ਨਾਲ ਵੱਡੇ ਵਜ਼ੀਰ ਸਈਅਦ ਅਬਦੁੱਲਾ ਖਾਨ ਕੋਲ ਪੁੱਜ ਗਈ ਉਸ ਨੇ ਕਿਹਾ ਮੇਰਾ ਪੁੱਤਰ ਸਿੱਖ ਨਹੀਂ, ਛੱਡ ਦਿਤਾ ਜਾਏ, ਰਿਹਾਈ ਦੀ ਚਿੱਠੀ ਲੈ ਕੇ ਜੱਲਾਦ ਕੋਲ ਪੁੱਜੀ ਤੇ ਕਿਹਾ, ਮੇਰਾ ਪੁੱਤਰ ਸਿੱਖ ਨਹੀਂ, ਵੱਡੇ ਵਜ਼ੀਰ ਦਾ ਹੁਕਮ ਲੈ ਕੇ ਆਈ ਹਾਂ। ਮੇਰੇ ਪੁੱਤਰ ਨੂੰ ਰਿਹਾਅ ਕਰਦਿੱਤਾ ਜਾਏ। ਇਹ ਸੁਣ ਕੇ ਪੁੱਤਰ ਚੀਖਿਆ ਤੇ ਕਹਿਣ ਲੱਗਾ, 'ਮਨ ਨਮੇ ਦਾਨਮ ਕਿ ਈ ਮਾਦਰ ਕੀਸਤ,
ਵ ਈਂ ਅਰੂਸ ਅਜ਼ ਕੁਜਾ ਆਵੁਰਦਾ! ਵਈ!ਂ ਚਿਗੂਨਾ ਸੁਖ਼ ਨਹਾਇਮੀ ਗੋਇੰਦ! ਰਫੀਕਾਨਿ ਮਨ ਗੁਜ਼ਸਤੰਦ, ਵ ਅਕਨੂੰ ਵਕਤਿ ਮਾ ਅਜ਼ ਦਸਤ ਮੀਰਵਈ ਵਈ, ਮੁਹਲਤ ਬਾਇਸ ਆਜ਼ਾਰਿ ਮਾਸਤ'' ਭਾਵ ਮੈਂ ਨਹੀਂ ਜਾਣਦਾ ਕਿ ਇਹ ਕਿਸ ਦੀ ਮਾਂ ਹੈ ਤੇ ਇਹ ਵਹੁਟੀ ਕਿੱਥੋਂ ਲਿਆਈ ਹੈ। ਇਹ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਮੇਰੇ ਸਾਥੀ ਲੰਘ ਗਏ ਮੇਰਾ ਵਕਤ ਹੱਥੋਂ ਜਾ ਰਿਹਾ ਹੈ। ਇਸ ਘੜੀ ਪਿੱਛੇ ਰਹਿਣਾ ਮੇਰੇ ਲਈ ਦੁਖਦਾਈ ਹੈ। ਇਸ ਤਰ੍ਹਾਂ ਸਚਮੁੱਚ ਗੁਰਸਿੱਖਾਂ ਨੇ 'ਗੁਰਬਾਣੀ ਬਣੀਐ' ਰਾਹੀਂ ਜੀਵਨ ਘਾੜਤ ਘੜੀ। ਆਪਾ ਗੁਰੂ ਪੰਥ ਤੋਂ ਵਾਰਿਆ, ਸਦੀਆਂ ਪਿੱਛੋਂ ਫਿਰ ਸੱਚ ਕਰ ਵਿਖਾਇਆ। ਨ ਹਉ ਤੇਰਾ ਪੂੰਗਰਾ ਨ ਤੂ ਮੇਰੀ ਮਾਇ£ ਪਿੰਡ ਪਰੈ ਤਉ ਹਰਿ ਗੁਨ ਗਾਇ£
ਇਨ੍ਹਾਂ ਗੁਰੂ ਕੇ ਲਾਲਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਤੇ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਵਿਚ ਪਰਪੱਕ ਹੋ ਸਕੀਏ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਉਜਲਾ ਹੋ ਸਕੇ।
ਪ੍ਰਿੰਸੀਪਲ ਗਿਆਨੀ ਬਲਜੀਤ ਸਿੰਘ