ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਛੋਟੀ ਰਹਰਾਸਿ ਬਨਾਮ ਵੱਡੀ ਰਹਰਾਸਿ


ਸਿੱਖ ਸਮਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਏਕੁ ਪਿਤਾ ਏਕਸ ਕੇ ਹਮ ਬਾਰਿਕ£' ਦੇ ਸਿਧਾਂਤ ਉੱਤੇ ਪਹਿਰਾ ਦੇਂਦਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਮੌਜੂਦਾ ਸਮੇਂ ਤੱਕ ਗੁਰੂ-ਸਿਧਾਂਤ ਉੱਪਰ ਅਟੁੱਟ ਵਿਸ਼ਵਾਸ ਰੱਖਦਾ ਹੈ ਭਾਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ 35 ਮਹਾਂਪੁਰਖਾਂ ਦੀ ਹੈ ਪਰ ਫਿਰ ਵੀ ਸਿਧਾਂਤ ਪੱਖੋਂ ਕਿਸੇ ਇਕ ਮਹਾਂਪੁਰਖ ਦਾ ਸਿਧਾਂਤ ਦੂਸਰੇ ਮਹਾਂਪੁਰਖ ਦੇ ਸਿਧਾਂਤ ਨਾਲ ਨਹੀਂ ਟਕਰਾਉਂਦਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 1604 ਈ. ਵਿਚ ਹੀ ਭਾਈ ਗੁਰਦਾਸ ਜੀ ਤੋਂ ਸੇਵਾ ਲੈਂਦਿਆਂ (ਭਗਤ ਕਾਨ੍ਹਾ, ਪੀਲੂ, ਛੱਜੂ ਆਦਿਕ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਕਰਕੇ) ਇਸ ਪੱਖ ਨੂੰ ਪ੍ਰਧਾਨ ਮੰਨਿਆ ਸੀ ਕਿ ਕੋਈ ਐਸੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਹੋ ਜਾਏ ਜਿਸ ਤੋਂ ਸਿਧਾਂਤਕ ਪੱਖੋਂ ਟਪਲਾ ਖਾ ਕੇ ਆਉਣ ਵਾਲੇ ਸਮੇਂ ਵਿਚ 'ਏਕੁ ਪਿਤਾ' ਜੀ ਦੀ ਇਸ ਔਲਾਦ (ਸਿੱਖ ਕੌਮ) ਵਿਚ ਕਿਸੇ ਪ੍ਰਕਾਰ ਦੀ ਦੁਬਿਧਾ ਪੈਦਾ ਹੋ ਜਾਵੇ। 1708 ਈ. ਤੱਕ ਇਸ ਸਿਧਾਂਤ ਉੱਪਰ ਪਹਿਰਾ ਦੇਂਦਿਆਂ ਅਤੇ ਸਿੱਖ ਕੌਮ ਨੂੰ ਏਕੇ ਵਿਚ ਪਰੋ ਕੇ ਰੱਖਣ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।
  1708 ਈ. ਤੋਂ ਲੈ ਕੇ (20ਵੀਂ ਸਦੀ ਦੇ ਮੱਧ ਤੱਕ) ਬਾਬਾ ਬੰਦਾ ਸਿੰਘ ਬਹਾਦਰ ਜੀ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ ਆਦਿਕ) ਸਮਿਆਂ ਦੌਰਾਨ ਸਿੱਖ ਕੌਮ ਉੱਤੇ ਅਨੇਕਾਂ ਮੁਸੀਬਤਾਂ ਆਈਆਂ। ਮੀਰੀ ਤੇ ਪੀਰੀ ਦੇ ਸਿਧਾਂਤ ਉੱਪਰ ਪਹਿਰਾ ਦੇਣ ਵਾਲੀ ਕੌਮ ਦਾ ਪੀਰੀ ਨੂੰ ਸਮਝਣ ਤੇ ਸਮਝਾਉਣ ਵਾਲਾ ਪੱਖ ਕਮਜ਼ੋਰ ਹੁੰਦਾ ਗਿਆ ਅਤੇ ਮੀਰੀ ਵਾਲਾ ਪੱਖ ਕਦੇ ਕਮਜ਼ੋਰ ਅਤੇ ਕਦੇ ਮਜ਼ਬੂਤ ਹੁੰਦਾ ਰਿਹਾ। ਵਾਰ-ਵਾਰ ਦੀਆਂ ਜੰਗਾਂ-ਯੁੱਧਾਂ ਕਾਰਨ ਸਿੱਖਾਂ ਨੂੰ ਆਪਣੇ ਨਿਜੀ ਘਰ ਅਤੇ ਗੁਰੂ ਘਰ (ਗੁਰਦੁਆਰੇ) ਛੱਡ ਜੰਗਲਾਂ ਵਿਚ ਵਾਸਾ ਕਰਨਾ ਪਿਆ। ਇਸ ਸਮੇਂ ਦੌਰਾਨ ਹੀ ਇਕ ਸਹਿਜਧਾਰੀ ਵਰਗ, ਜਿਨ੍ਹਾਂ ਦੇ ਮਨਾਂ ਵਿਚ ਗੁਰੂ ਅਤੇ ਸਿੱਖ ਸਮਾਜ ਪ੍ਰਤੀ ਪਿਆਰ ਸੀ। ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ ਮੌਕਾ (ਸਮਾਂ) ਮਿਲ ਗਿਆ, ਕਿਉਂਕਿ ਸਰਕਾਰ ਨੂੰ ਵੀ ਇਸ ਵਰਗ ਤੋਂ ਆਪਣੇ ਲਈ ਕੋਈ ਖਤਰਾ ਨਹੀਂ ਸੀ।
  ਗੁਰੂ-ਸਿਧਾਂਤ ਪ੍ਰਤੀ ਇਹਨਾਂ ਦਾ ਬਹੁਤਾ ਬੋਧ ਨਾ ਹੋਣ ਦੇ ਕਾਰਨ ਅਤੇ ਕੁਝ ਸਮਾਜ ਨੂੰ ਜਾਤ-ਪਾਤ, ਕਰਮ-ਕਾਂਡਾਂ ਵਿਚ ਵੰਡਣ ਦੇ ਹਮਾਇਤੀ (ਸਨਾਤਨੀ-ਮਨੂੰਵਾਦੀ ਸੋਚ) ਵੀਰਾਂ ਨੂੰ ਵੀ ਗੁਰਮਤਿ ਸਿਧਾਂਤ ਵਿਚ ਮਿਲਾਵਟ ਕਰਨ ਦਾ ਇਹ ਢੁਕਵਾਂ ਸਮਾਂ ਮਿਲ ਗਿਆ। ਸਮੇਂ-ਸਮੇਂ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰਾਂ ਆਦਿਕ) ਨੇ ਆਪਣੇ ਵਿਰਸੇ ਨੂੰ ਇਸ ਮਿਲਾਵਟ ਤੋਂ ਨਿਖਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਵਰਤਮਾਨ ਸਮੇਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਮਿਲਾਵਟ ਨੂੰ ਕੱਢ ਪਾਉਣ ਵਿਚ ਸਿੱਖ ਸਮਾਜ ਨੂੰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋ ਸਕੀ ਅਤੇ ਵਰਤਮਾਨ ਸਮੇਂ ਵਿਚ ਇਸ ਸੁਧਾਈ ਲਈ ਕੋਈ ਖਾਸ ਯਤਨ ਕੀਤੇ ਵੀ ਨਹੀਂ ਜਾ ਰਹੇ ਤਾਂ ਜੋ 'ਏਕੁ ਪਿਤਾ' ਦੇ ਬਾਰਿਕ ਲਈ ਗੁਰਮਤਿ ਸਿਧਾਂਤ ਨੂੰ ਸਮਝਣਾ ਅਤੇ ਪ੍ਰਚਾਰਨਾ ਇਸ ਵਿਗਿਆਨਕ ਯੁੱਗ ਵਿਚ ਆਸਾਨ ਹੋ ਸਕੇ। ਮੈਂ ਇਹਨਾਂ ਵਿਸ਼ਿਆਂ ਨੂੰ ਸਿੱਖ-ਸਮਾਜ ਸਾਹਮਣੇ ਰੱਖਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ ਤਾਂ ਜੋ ਇਹਨਾਂ ਭੁੱਲੇ-ਵਿਸਰੇ ਵਿਸ਼ਿਆਂ ਲਈ ਸਿੱਖ ਕੌਮ ਅੰਦਰ ਚਰਚਾ ਆਰੰਭ ਹੋ ਸਕੇ।
  ਵਰਤਮਾਨ ਸਮੇਂ ਦੀ ਇਹ ਸਮੱਸਿਆ ਪ੍ਰਧਾਨ ਹੈ ਕਿ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ (ਟੀਕੇ) ਕੀਤੇ ਗਏ ਹਨ, ਉਤਨੀਆਂ ਹੀ ਸਿੱਖ ਸਮਾਜ ਵਿਚ ਪ੍ਰਚਾਰਕ ਸੰਸਥਾਵਾਂ ਹਨ ਜਿਨ੍ਹਾਂ ਦੀਆਂ ਅਲੱਗ-ਅਲੱਗ ਮਰਯਾਦਾਵਾਂ ਹਨ। ਸ੍ਰੀ ਅਕਾਲ ਤਖਤ ਸਾਹਿਬ ਸਿੱਖ ਸਮਾਜ ਦੀ ਸੁਪਰੀਮ ਕੋਰਟ ਹੋਣ ਦੇ ਬਾਵਜੂਦ ਵੀ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤੀ ਸਿੱਖ ਰਹਿਤ ਮਰਯਾਦਾ ਨੂੰ ਬਹੁਤਾ ਸਿੱਖ ਸਮਾਜ ਮਾਨਤਾ ਨਹੀਂ ਦੇ ਰਿਹਾ, ਦੇ ਬਾਵਜੂਦ ਵੀ ਅਕਾਲ ਤਖਤ ਸਾਹਿਬ ਕੋਈ ਸਖਤ ਫੈਸਲਾ ਲੈਣ ਤੋਂ ਅਸਮਰੱਥ ਹੈ।
  ਹਥਲੇ ਲੇਖ ਵਿਚ ਆਪਾਂ ਗੁਰੂ-ਸਿਧਾਂਤ ਅਨੁਸਾਰ ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ 'ਰਹਰਾਸਿ ਸਾਹਿਬ' ਬਾਰੇ ਹੀ ਵੀਚਾਰ ਕਰਾਂਗੇ। ਸਿੱਖ ਸਮਾਜ ਇਸ ਗੁਰੂ ਸਿਧਾਂਤ ਉਤੇ ਤਾਂ ਇਕ ਮੱਤ ਹੀ ਹੈ ਕਿ 1604 ਈ. ਤੋਂ ਲੈ ਕੇ 1708 ਈ. ਤੱਕ ਪੰਜ ਸ਼ਬਦ 'ਸੋ ਦਰੁ' ਅਤੇ ਚਾਰ ਸ਼ਬਦ 'ਸੋ ਪੁਰਖੁ' ਸਿਰਲੇਖ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰ. 8 ਤੋਂ 12 ਤੱਕ ਦਰਜ (ਨੌਂ ਸ਼ਬਦ ਰਹਿਰਾਸ) ਹੀ ਪੜ੍ਹੀ ਜਾਂਦੀ ਰਹੀ ਹੈ। ਭਾਈ ਗੁਰਦਾਸ ਜੀ ਆਪਣੀ ਛੇਵੀਂ ਵਾਰ ਦੀ ਪਉੜੀ ਨੰ. 3 ਵਿਚ 'ਗੁਰਸਿਖ ਦੀ ਰਹਿਣੀ' ਸਿਰਲੇਖ ਅਧੀਨ ਜ਼ਿਕਰ ਕਰਦੇ ਹਨ ਕਿ 'ਸੰਝੈ ਸੋਦਰੁ ਗਾਵਣਾ, ਮਨ ਮੇਲੀ ਕਰਿ ਮੇਲ ਮਿਲੰਦੇ'। ਭਾਵ-ਸ਼ਾਮ ਵੇਲੇ ਸੋ ਦਰੁ (ਰਹਰਾਸਿ) ਪੜ੍ਹਦੇ ਤੇ ਵਿਚਾਰਦੇ ਹਨ। ਗੁਰੂ-ਪ੍ਰੇਮੀਆਂ ਨਾਲ ਮੇਲ ਰੱਖਦੇ (ਮਿਲਦੇ ਮਿਲਾਉਂਦੇ) ਹਨ।
  ਪਾਠਕਾਂ ਨੂੰ ਯਾਦ ਹੋਵੇਗਾ ਕਿ ਰਹਰਾਸਿ ਸਾਹਿਬ ਨੂੰ ਹੀ ਪਹਿਲਾਂ 'ਸੋ ਦਰੁ' ਕਿਹਾ ਜਾਂਦਾ ਸੀ। ਇਹੀ ਸੋ ਦਰੁ ਦਾ ਸਰੂਪ ਬਾਣੀ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਪੜ੍ਹੀ ਜਾਂਦੀ ਸੀ, ਦਾ ਪ੍ਰਮਾਣ ਸਾਡੇ ਸਾਹਮਣੇ ਭਾਈ ਨੰਦ ਲਾਲ ਜੀ ਦੁਆਰਾ ਰਚਿਤ ਰਹਿਤਨਾਮਾ ''ਬਿਨ ਰਹਰਾਸਿ ਸਮਾ ਜੋ ਖੋਵੈ, ਕੀਰਤਨ ਪੜ੍ਹੇ ਬਿਨਾ ਜੋ ਸੋਵੈ£'' ਇੱਥੇ ' ਸੋ ਦਰੁ' ਤੋਂ 'ਰਹਰਾਸਿ' ਲਿਖਣ ਦਾ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ 'ਸੋਦਰੁ' ਵਿਚ ਦਰਜ ਸ਼ਬਦ ''ਗੁਰਮਤਿ ਨਾਮੁ ਮੇਰਾ ਪ੍ਰਾਣ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ£'' ਮੰਨਿਆ ਜਾਂਦਾ ਹੈ। 1604 ਈ. ਤੋਂ ਪਹਿਲਾਂ ਦੀ ਰਹਰਾਸਿ ਬਾਰੇ ਜਾਣਕਾਰੀ ਵੀ ਸਾਨੂੰ ਇਹਨਾਂ 9 ਸ਼ਬਦਾਂ (ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ 4 ਸ਼ਬਦ, ਗੁਰੂ ਰਾਮਦਾਸ ਜੀ ਦੇ 3 ਸ਼ਬਦ ਅਤੇ ਗੁਰੂ ਅਰਜਨ ਦੇਵ ਜੀ ਦੇ 2 ਸ਼ਬਦ) ਵਿਚੋਂ ਹੀ ਮਿਲ ਜਾਂਦੀ ਹੈ ਕਿਉਂਕਿ ਇਹ ਸਾਰੇ ਸ਼ਬਦ ਗੁਰੂ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋ-ਦੋ ਵਾਰ ਉਚਾਰਨ ਕੀਤੇ ਹਨ। ਇਕ ਸ਼ਬਦ ਦਾ ਤਾਂ ਤਿੰਨ ਵਾਰੀ ਦਰਜ ਹੋਣਾ ਹੀ ਰਹਰਾਸਿ ਬਾਣੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਾਬੂਤ ਹੁੰਦੀ ਮੰਨੀਦੀ ਹੈ।
  ਗੁਰੂ ਨਾਨਕ ਦੇਵ ਜੀ ਨੇ ਸਾਰੀ ਪ੍ਰਿਥਵੀ ਦਾ ਭ੍ਰਮਣ ਕਰਨ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ ਇਕ ਜਗ੍ਹਾ ਸਤਸੰਗਤ ਲਗਾਉਣੀ ਸ਼ੁਰੂ ਕੀਤੀ ਤਾਂ ਸ਼ਾਮ ਨੂੰ ਇਹਨਾਂ ਨੌਂ ਸ਼ਬਦਾਂ ਵਿਚੋਂ ਕੇਵਲ ਚਾਰ ਸ਼ਬਦ (ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ) ਹੀ ਪੜ੍ਹੇ ਜਾਂਦੇ ਸਨ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ 'ਕਰਤਾਰਪੁਰ ਵਾਪਸੀ' ਸਿਰਲੇਖ ਅਧੀਨ ਪਹਿਲੀ ਵਾਰ ਦੀ ਪਉੜੀ ਨੰ. 38 'ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ।' ਵਿਚ ਕਰਦੇ ਹਨ। ਅੱਗੇ ਦੀ ਵੀਚਾਰ ਸ਼ੁਰੂ ਕਰਨ ਤੋਂ ਪਹਿਲਾਂ ਪਾਠਕ ਵੀਰਾਂ ਨੂੰ ਇਕ ਸਵਾਲ ਦਾ ਜਵਾਬ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਆਖਿਰ ਗੁਰੂ ਜੀ ਨੇ ਇਹ ਚਾਰੇ ਸ਼ਬਦ ਆਸਾ ਰਾਗ ਵਿਚੋਂ ਅੰਗ ਨੰ. 348-349, 350 ਤੇ 357 ਵਿਚੋਂ ਹੀ ਕਿਉਂ ਚੁਣੇ ਹਨ? ਜਦਕਿ ਗੁਰਬਾਣੀ ਤਾਂ ਸਾਰੀ ਹੀ ਇਕ ਬਰਾਬਰ ਅਸੀਂ ਮੰਨਦੇ ਹਾਂ। ਫਿਰ ਆਸਾ ਰਾਗ ਗਾਉਣ ਦਾ ਸਮਾਂ ਵੀ ਵਿਦਵਾਨ ਵੀਰ ਸਵੇਰੇ 6-00 ਤੋਂ 9-00 ਵਜੇ ਦਾ ਹੀ ਲਗਭਗ ਮੰਨਦੇ ਹਨ ਕਿਉਂਕਿ 'ਆਸਾ ਦੀ ਵਾਰ' ਦਾ ਕੀਰਤਨ ਵੀ ਸਵੇਰੇ ਹੀ ਹੁੰਦਾ ਆ ਰਿਹਾ ਹੈ।
  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਮੋਟੇ ਤੌਰ 'ਤੇ ਦੋ ਬਿੰਦੂਆਂ 'ਤੇ ਆਧਾਰਿਤ ਹੈ ਪਹਿਲਾ ਕਾਰਨ ਸਮਾਜ ਨੂੰ ਆਕਾਰ ਦੀ ਪੂਜਾ ਤੋਂ ਵਰਜ ਕੇ ਨਿਰਾਕਾਰ ਦੀ ਪੂਜਾ ਨਾਲ ਜੋੜਨਾ, ਇਸ ਵਾਸਤੇ ਗੁਰੂ ਜੀ ਨੇ ਅਕਾਰ ਰੂਪ ਦੇਵੀ-ਦੇਵਤਿਆਂ ਦੀ ਹੋਂਦ ਨੂੰ ਮੁਢੋਂ ਹੀ ਰੱਦ ਕਰਨ ਦੀ ਬਜਾਏ ਉਹਨਾਂ ਦੀ ਹੋਂਦ ਦੇ ਬਰਾਬਰ ਲੰਬੀ ਲਕੀਰ ਖਿੱਚ ਦਿੱਤੀ ਤਾਂ ਜੋ ਇਹਨਾਂ ਦੀ ਹੋਂਦ ਹੀ ਪਰਮਾਤਮਾ ਜੀ ਦੇ ਮੁਕਾਬਲੇ ਨਾ-ਮਾਤਰ ਲੱਗਣ ਲੱਗ ਜਾਵੇ ਕਿਉਂਕਿ ਪਹਿਲਾਂ ਸਮਾਜ ਨੇ 'ਕੀਤੇ ਕਉ ਮੇਰੈ ਸਮਾਨੈ ਕਰਣਹਾਰੁ ਤ੍ਰਿਣੁ ਜਾਨੈ£ 613£ ਭਾਵ-ਪੈਦਾ ਕੀਤੇ ਗਏ ਇਹਨਾਂ ਦੇਵੀ-ਦੇਵਤਿਆਂ ਨੂੰ ਸਮਾਜ ਨੇ ਮੇਰੂ ਪਰਬਤ ਦੀ ਤਰ੍ਹਾਂ ਬੇਅੰਤ ਪਸਾਰੇ ਵਾਲਾ (ਵੱਡਾ) ਮੰਨ ਲਿਆ ਪਰ ਪੈਦਾ ਕਰਨ ਵਾਲਾ ਪ੍ਰਭੂ ਘਾਹ ਦੇ ਤੀਲੇ ਵਾਂਗ ਮਾਮੂਲੀ ਜਿਹਾ ਲੱਗਣ ਲੱਗ ਪਿਆ ਸੀ। ਇਸ ਵਿਸ਼ੇ ਨੂੰ ਮੁੱਖ ਰੱਖ ਕੇ ਹੀ ਗੁਰੂ ਜੀ ਨੇ 'ਸੋ ਦਰੁ' ਵਾਲਾ ਸ਼ਬਦ ਸੁਭ੍ਹਾ ਤੇ ਸ਼ਾਮ ਦੀ ਬਾਣੀ ਵਿਚ ਦਰਜ ਕਰਕੇ ਇਹਨਾਂ ਦੇਵੀ-ਦੇਵਤਿਆਂ ਨੂੰ ਵੀ ਪ੍ਰਭੂ ਜੀ ਦੇ ਗੁਣ ਗਾਉਂਦੇ ਦਰਸਾਇਆ ਗਿਆ ਹੈ ਤਾਂ ਜੋ ਸਮਾਜ ਅਖੌਤੀ ਮੇਰੂ ਪਰਬਤ (ਦੇਵਤਿਆਂ) ਦੀ ਅਸਲੀਅਤ ਨੂੰ ਸਮਝ ਕੇ 'ਏਕੁ ਪਿਤਾ' ਦੀ ਔਲਾਦ ਮਹਿਸੂਸ ਕਰਦਾ ਆਪਸੀ ਪ੍ਰੇਮ-ਭਾਵਨਾ, ਏਕਤਾ, ਪਰਉਪਕਾਰੀ, ਗ੍ਰਿਹਸਤੀ, ਕਿਰਤੀ, ਵਹਿਮ ਭਰਮ ਰਹਿਤ, ਜਾਤ-ਪਾਤ ਰਹਿਤ ਆਦਿਕ ਗੁਣਾਂ ਭਰਪੂਰ ਸਮਾਜ ਸਿਰਜ ਸਕੇ ਜੋ ਕਿ ਗੁਰੂ ਸਿਧਾਂਤ ਦਾ ਦੂਸਰਾ ਵਿਸ਼ਾ (ਅੰਗ, ਭਾਗ) ਮੰਨਿਆ ਜਾਂਦਾ ਹੈ।
  ਵੈਸੇ ਇਹ ਦੋਵੇਂ ਵਿਸ਼ੇ (ਨਿਰਾਕਾਰ ਦੀ ਪੂਜਾ ਅਤੇ ਅਕਾਰ ਰੂਪ ਆਪਸੀ ਪ੍ਰੇਮ) ਇਕ ਸਿੱਕੇ ਦੇ ਹੀ ਦੋ ਪਹਿਲੂ ਹਨ ਪਰ ਪ੍ਰਧਾਨ ਵਿਸ਼ਾ ਨਿਰਾਕਾਰ ਦੀ ਪੂਜਾ ਵੱਲ ਪ੍ਰੇਰਿਤ ਕਰਨਾ ਸੀ ਤਾਂ ਜੋ ਦੂਸਰੇ ਵਿਸ਼ੇ ਨੂੰ ਲਾਗੂ ਕਰਨਾ ਆਸਾਨ ਹੋ ਜਾਵੇ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੀ ਗੁਰੂ ਜੀ ਨੇ ਚਾਰੋਂ ਸ਼ਬਦ ਆਸਾ ਰਾਗ ਵਿਚੋਂ ਉਹ ਲਏ ਗਏ ਜਿਨ੍ਹਾਂ ਰਾਹੀਂ ਨਿਰਾਕਾਰ ਪ੍ਰਭੂ ਜੀ ਨੂੰ ਸੰਬੋਧਨ ਰੂਪ ਵਿਚ ਪੇਸ਼ ਕਰਕੇ ਭਗਤ-ਜਨ ਉਸ ਦੀ ਉਸਤਤਿ ਕਰ ਸਕਣ। ਲਗਭਗ 60 ਸਾਲ ਤੱਕ ਰਹਰਾਸਿ ਸਾਹਿਬ ਜੀ ਦਾ ਇਤਨਾ ਸਰੂਪ (ਚਾਰ ਸ਼ਬਦ) ਹੀ ਸਿੱਖ ਸਮਾਜ ਵਿਚ ਪੜ੍ਹੇ ਅਤੇ ਵਿਚਾਰੇ ਜਾਂਦੇ ਰਹੇ ਸਨ। ਉਪਰੋਕਤ ਸਿਧਾਂਤ ਨੂੰ ਹੀ ਅੱਗੇ ਵਿਸਥਾਰ ਦਿੰਦਿਆਂ ਗੁਰੂ ਰਾਮਦਾਸ ਜੀ ਨੇ 'ਸੋ ਪੁਰਖੁ' ਸਿਰਲੇਖ ਅਧੀਨ 2 ਸ਼ਬਦ ਅਤੇ 'ਹਰਿ ਕੇ ਜਨ ਸਤਿਗੁਰ ਸਤਿ ਪੁਰਖਾ' ਵਾਲਾ ਇਕ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਚਾਰ ਸ਼ਬਦਾਂ ਨਾਲ ਜੋੜ ਕੇ ਰਹਰਾਸਿ ਸਾਹਿਬ ਜੀ ਦਾ ਸਰੂਪ ਕੁਝ ਵਧਾ ਦਿੱਤਾ (ਘੱਟੋ-ਘੱਟ 25 ਸਾਲ ਤੱਕ ਸ਼ਾਮ ਦੀ ਬਾਣੀ ਦਾ ਇਹੀ ਸਰੂਪ ਸੀ) ਪਰ ਸਿਧਾਂਤਕ ਪੱਖ ਨੂੰ ਨੁਕਸਾਨ ਨਹੀਂ ਪਹੁੰਚਣ ਦਿੱਤਾ। ਸ਼ਾਇਦ ਕੁਝ ਗੁਰਮੁਖ ਪ੍ਰੇਮੀ ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਵੀ ਪੰਜਵੇਂ ਪਾਤਸ਼ਾਹ ਜੀ ਵਲੋਂ ਦਰਜ ਨੂੰ ਹੀ ਤਰਜੀਹ ਦੇ ਰਹੇ ਹੋਣ ਪਰ ਇਸ ਸਿਧਾਂਤ ਨੂੰ ਮੰਨਣਾ ਅਸੰਭਵ ਹੈ, ਕਿਉਂਕਿ
      (1) ਗੁਰੂ ਰਾਮਦਾਸ ਜੀ ਦੇ ਤਿੰਨੇ ਸ਼ਬਦਾਂ ਦਾ ਦੋ-ਦੋ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਣਾ ਅਤੇ ਤਿੰਨੇ ਸ਼ਬਦਾਂ ਵਿਚ ਦੋਵੇਂ ਥਾਈਂ ਮ: 4 ਸਿਰਲੇਖ ਦਾ ਲਿਖਣਾ ਹੀ ਦੁਬਿਧਾ ਨਹੀਂ ਰਹਿਣ ਦਿੰਦਾ।
      (2) ਜੇਕਰ ਪੰਜਵੇਂ ਪਾਤਸ਼ਾਹ ਜੀ ਨੇ ਹੀ ਦਰਜ ਕੀਤੇ ਹੁੰਦੇ ਤਾਂ ਮ: 2 ਅਤੇ ਮ: 3 ਦਾ ਇਕ ਵੀ ਸ਼ਬਦ ਰਹਰਾਸਿ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਵਲੋਂ ਵੀ ਪ੍ਰਭੂ ਜੀ ਦੀ ਉਸਤਤਿ ਕਰਨ ਵਿਚ ਮਨ ਦੀ ਇਕਾਗਰ ਦਾ ਸਹਿਯੋਗ ਰੱਖਣ ਲਈ ਮਨ ਨੂੰ ਸੰਬੋਧਨ ਰੂਪ ਵਿਚ ਬਿਆਨ ਕਰਨ ਵਾਲੇ ਦੋ ਸ਼ਬਦ (ਇਕ 'ਸੋ ਦਰੁ' ਸਿਰਲੇਖ ਦੇ ਅਖੀਰ ਵਿਚ ਅਤੇ ਇਕ 'ਸੋ ਪੁਰਖੁ' ਸਿਰਲੇਖ ਦੇ ਅੰਤ ਵਿਚ) ਦਰਜ ਕਰਕੇ ਨੌਂ ਸ਼ਬਦਾਂ ਦਾ ਸੰਗ੍ਰਹਿ ਰਹਰਾਸਿ ਸਾਹਿਬ ਜੀ ਦਾ ਸਰੂਪ ਬਣਾ ਦਿੱਤਾ ਜੋ ਕਿ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰ. 8 ਤੋਂ 12 ਤੱਕ ਦਰਜ ਹੈ। ਇਹ ਨੌਂ ਸ਼ਬਦ (ਰਹਰਾਸਿ) 1604 ਈ. ਤੋਂ 1708 ਈ. ਤੱਕ ਘੱਟੋ-ਘੱਟ 104 ਸਾਲ ਤੱਕ ਪੜ੍ਹੀ ਜਾਣ ਵਾਲੀ ਸ਼ਾਮ ਦੀ ਬਾਣੀ ਸੀ।
  ਪਹਿਲਾਂ ਵਿਚਾਰੇ ਅਨੁਸਾਰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਸਿੱਖਾਂ 'ਤੇ ਆਈਆਂ ਮੁਸੀਬਤਾਂ ਕਾਰਨ ਸਿੱਖ ਇਸ ਸਿਧਾਂਤ ਨੂੰ ਲਾਗੂ ਕਰਵਾਉਣ ਵਿਚ ਅਸਮਰੱਥ ਰਹੇ, ਜਿਸ ਕਾਰਨ ਸਹਿਜਧਾਰੀ ਤੇ ਮਨੂੰਵਾਦੀ ਸੋਚ ਨੇ ਉਪਰੋਕਤ ਸਿਧਾਂਤ 'ਤੇ ਸਹੀ ਪਹਿਰਾ ਨਾ ਦੇਣਾ ਅਤੇ ਸੋਚੀ ਸਮਝੀ ਨੀਤੀ ਅਨੁਸਾਰ ਹੀ ਰਹਰਾਸਿ ਸਾਹਿਬ ਦੀ ਬਾਣੀ ਦੇ ਕਈ ਸਰੂਪਾਂ ਦੇ ਅੱਜ ਤੱਕ ਦਰਸ਼ਨ ਕਰਨ ਨੂੰ ਮਿਲਦੇ ਹਨ, ਅਕਤੂਬਰ 1931 ਤੋਂ 1945 ਤੱਕ ਸਿੱਖ ਸਮਾਜ ਦੀਆਂ ਹਰੇਕ ਜਥੇਬੰਦੀਆਂ ਨੇ ਮਿਲ ਕੇ ਗੁਰਮਤਿ ਸਿਧਾਂਤਾਂ ਦੇ ਰਹੁ-ਰੀਤ ਦਾ ਖਰੜਾ ਤਿਆਰ ਕਰਵਾ ਕੇ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਲਈ ਲਾਗੂ ਕਰਵਾਇਆ ਤਾਂ ਜੋ ਸਿੱਖ ਸਮਾਜ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪਹਿਰਾ ਦਿੰਦਾ ਹੋਇਆ 'ਏਕੁ ਪਿਤਾ ਏਕਸ ਕੇ ਬਾਰਿਕ' ਦਾ ਧਾਰਨੀ ਬਣਿਆ ਰਹੇ। ਜਿਸ ਨੂੰ ਅੱਜ ਸਿੱਖ ਸਮਾਜ ਵਿਚ 'ਸਿੱਖ ਰਹਿਤ ਮਰਯਾਦਾ' ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਅਤੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਲੱਖਾਂ ਦੀ ਗਿਣਤੀ ਵਿਚ ਹਰ ਸਾਲ ਛਪਵਾ ਕੇ ਫ੍ਰੀ ਵੰਡਦੀ ਆ ਰਹੀ ਹੈ। ਉਸੇ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ. 9 'ਤੇ 'ਨਾਮ ਬਾਣੀ ਦਾ ਅਭਿਆਸ' ਸਿਰਲੇਖ ਅਧੀਨ ਰਹਰਾਸਿ ਬਾਣੀ ਦਾ ਸਰੂਪ ਇਉਂ ਅੰਕਿਤ ਹੈ-
  ਸੋ ਦਰੁ ਰਹਰਾਸਿ : ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿਚ ਇਹ ਬਾਣੀਆਂ ਸ਼ਾਮਲ ਹਨ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੇ ਨੌਂ ਸ਼ਬਦ ('ਸੋ ਦਰੁ' ਤੋਂ ਲੈ ਕੇ 'ਸਰਣਿ ਪਰੇ ਕੀ ਰਾਖਹੁ ਸਰਮਾ' ਤੱਕ), ਬੇਨਤੀ ਚੌਪਈ ਪਾਤਸ਼ਾਹੀ 10 (“ਹਮਰੀ ਕਰੋ ਹਾਥ ਦੈ ਰੱਛਾ” ਤੋਂ ਲੈ ਕੇ “ਦੁਸਟ ਦੋਖ ਤੇ ਲੇਹੁ ਬਚਾਈ”) ਤੱਕ ਸ੍ਵੈਯਾ ('ਪਾਂਇ ਗਹੇ ਜਬ ਤੇ ਤੁਮਰੇ') ਅਤੇ ਦੋਹਰਾ ('ਸਗਲ ਦੁਆਰ ਕਉ ਛਾਡਿ ਕੈ') ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ 5 'ਤੇਰਾ ਕੀਤਾ ਜਾਤੋ ਨਾਹੀ।'
  ਗੁਰੂ-ਸਿਧਾਂਤ ਦਾ ਇਤਨਾ ਸਪੱਸ਼ਟ ਹੋਣਾ, ਭਾਈ ਗੁਰਦਾਸ ਜੀ ਦੁਆਰਾ ਉਸ ਦੀ ਪੁਸ਼ਟੀ ਕਰਨਾ, ਭਾਈ ਨੰਦ ਲਾਲ ਜੀ ਦੇ ਵਿਚਾਰ ਮੌਜੂਦ ਹੁੰਦਿਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਸਪੱਸ਼ਟ ਸੰਕੇਤ ਹੋਣ ਦੇ ਬਾਵਜੂਦ ਵੀ ਅੱਜ ਸਿੱਖ ਸਮਾਜ ਵਿਚ ਸ਼ਾਮ ਨੂੰ ਪੜ੍ਹੀ ਜਾਣ ਵਾਲੀ 'ਰਹਰਾਸਿ ਸਾਹਿਬ' ਜੀ ਦੀ ਬਾਣੀ ਵਿਚ ਭਿੰਨਤਾ ਹੋਣੀ, 'ਏਕੁ ਪਿਤਾ ਏਕਸ ਕੇ ਹਮ ਬਾਰਿਕ'£ ਅਖਵਾਉਣ ਵਾਲੇ ਸਿੱਖ ਸਮਾਜ ਲਈ ਇਸ ਵਿਗਿਆਨਕ ਯੁੱਗ ਵਿਚ ਕੋਈ ਸ਼ੁੱਭ ਸੰਕੇਤ ਨਹੀਂ ਕਹੇ ਜਾ ਸਕਦੇ।
  ਵਰਤਮਾਨ ਸਮੇਂ ਦੀ ਵੱਡੀ ਰਹਰਾਸਿ ਵਿਚੋਂ ਮੈਂ ਕੁਝ ਕੁ ਹਵਾਲੇ ਪਾਠਕਾਂ ਸਾਹਮਣੇ ਰੱਖਣਾ ਚਾਹੁੰਦਾ ਹਾਂ ਤਾਂ ਕਿ ਪਾਠਕ- ਜਨ ਆਪ ਨਿਰਣਾ ਕਰ ਲੈਣ ਕਿ ਅਸੀਂ ਕਿੰਨਾ ਕੁ ਗੁਰੂ-ਸਿਧਾਂਤ 'ਤੇ ਪਹਿਰਾ ਦੇ ਰਹੇ ਹਾਂ :
  (1) 'ਨੌਂ ਸ਼ਬਦ' ਰਹਰਾਸਿ ਦੇ ਸੰਗ੍ਰਹਿ ਦੇ ਅਖੀਰ ਵਿਚ ਅਸੀਂ ਪੜ੍ਹਦੇ ਹਾਂ-'ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ਸੇਵਾ ਸਾਧ ਨ ਜਾਨਿਆ ਹਰਿ ਰਾਇਆ£ ਕਹੁ ਨਾਨਕ ਹਮ ਨੀਚ ਕਰੰਮਾ ਸਰਣਿ ਪਰੇ ਕੀ ਰਾਖਹੁ ਸਰਮਾ£' ਭਾਵ-ਹੇ ਪ੍ਰਭੂ ਜੀਉ! ਮੈਂ ਜ਼ਿੰਦਗੀ ਦੌਰਾਨ ਕੋਈ ਨੇਕ ਕੰਮ ਨਹੀਂ ਕੀਤਾ ਪਰ ਹੁਣ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ, ਮੇਰੀ ਇੱਜ਼ਤ ਰੱਖਣਾ। ਇਸ ਸ਼ਬਦ ਤੋਂ ਅਗਲਾ ਸ਼ਬਦ ਛੋਟੀ ਰਹਰਾਸਿ ਸਾਹਿਬ ਪੜ੍ਹਨ ਵਾਲੇ ਪੜ੍ਹਦੇ ਹਨ ਕਿ 'ਹਮਰੀ ਕਰੋ ਹਾਥ ਦੈ ਰੱਛਾ£ ਪੂਰਨ ਹੋਇ ਚਿਤ ਕੀ ਇੱਛਾ£' ਭਾਵ-ਹੇ ਪ੍ਰਭੂ ਜੀਉ! ਕਿਰਪਾ ਕਰਕੇ ਮੇਰੀ ਆਪ ਜੀ ਦੇ ਚਰਨਾਂ ਵਿਚ ਜੁੜਨ ਵਾਲੀ ਜੋ ਤਾਂਘ ਹੈ ਉਹ ਪੂਰੀ ਹੋ ਜਾਵੇ ਪਰ
  ਵੱਡੀ ਰਹਰਾਸਿ ਪੜ੍ਹਨ ਵਾਲੇ ਵੀਰ ਇਹਨਾਂ ਦੋਵਾਂ ਸ਼ਬਦਾਂ ਦੇ ਵਿਚਕਾਰ ਦੋ ਸ਼ਬਦ ਹੋਰ ਵੀ ਪੜ੍ਹਦੇ ਹਨ ਜਿਵੇਂ 'ਪੁਨਿ ਰਾਛਸ ਕਾ ਕਾਟਾ ਸੀਸਾ£ ਸ੍ਰੀ ਅਸਿਕੇਤੁ ਜਗਤ ਕੇ ਈਸਾ£' ਭਾਵ ਫਿਰ ਜਗਤ ਦੇ ਮਾਲਕ ਅਸਿਕੇਤ ਨੇ ਰਾਖਸ਼ ਦਾ ਸੀਸ ਕੱਟ ਦਿੱਤਾ। ਹੁਣ ਪਾਠਕ-ਜਨ ਨਿਰਣਾ ਕਰਨ ਕਿ ਉਪਰੋਕਤ ਦੋਵੇਂ ਸ਼ਬਦ ਪ੍ਰਭੂ ਜੀ ਨੂੰ ਸੰਬੋਧਨ ਰੂਪ ਵਿਚ ਆਪਣੇ ਮਨੋਂ ਪ੍ਰਭੂ ਜੀ ਨਾਲ ਪਈ ਦੂਰੀ ਦਾ ਜ਼ਿਕਰ ਹੈ ਤਾਂ ਜੋ ਪ੍ਰਭੂ ਕਿਰਪਾ ਕਰਕੇ ਇਹ ਦੂਰੀ ਮਿਟਾ ਦੇਵੇ ਪਰ ਇਸ ਹੇਠਲੇ ਸ਼ਬਦ ਵਿਚ ਅਸਕੇਤ ਰਾਖਸ਼ ਦਾ ਸੀਸ ਕੱਟ ਰਿਹਾ ਹੈ। ਕੀ ਇਹ ਸਿਧਾਂਤ ਉਪਰੋਕਤ ਸਿਧਾਂਤ ਨਾਲ ਮੇਲ ਖਾਂਦਾ ਹੈ?
  (2) ਉਪਰੋਕਤ ਸ਼ਬਦ 'ਹਮਰੀ ਕਰੋ ਹਾਥ ਦੈ ਰੱਛਾ' ਅਤੇ 'ਪੁਨਿ ਰਾਛਸ ਕਾ.....' ਵਾਲਾ ਸ਼ਬਦ ਦਸਮ ਗ੍ਰੰਥ ਵਿਚ ਦਰਜ ਰਚਨਾ 'ਚਰਿਤ੍ਰੋ ਪਾਖਿਆਨ' ਵਿਚ ਤ੍ਰੀਆ ਚਰਿਤ੍ਰ (ਭਾਵ ਔਰਤ ਦੇ 403 ਚਰਿੱਤਰ) ਦੇ ਵਰਨਣ ਦਾ ਭਾਗ ਹੈ, ਵਿਚ 'ਹਮਰੀ ਕਰੋ ਹਾਥ...। ਵਾਲਾ ਸ਼ਬਦ 377 ਚਰਿਤ੍ਰ ਹੈ ਜਦਕਿ 'ਪੁਨਿ ਰਾਛਸ' ਵਾਲਾ ਸ਼ਬਦ 375 ਵਾਲਾ ਚਰਿਤ੍ਰ ਹੈ ਜਦਕਿ ਇਸੇ ਰਚਨਾ ਦਾ ਪਹਿਲਾ ਚਰਿਤ੍ਰ 'ਸਤਿ ਸੰਧਿ ਇਕ ਭੂਪ ਭਨਿਜੈ£ ਪ੍ਰਥਮ ਸਤਿਜੁਗ ਬੀਚ ਕਹਿਜੈ£'' ਭਾਵ-ਸਤਿਸੰਧਿ ਦਾ ਰਾਜਾ ਸਤਿਯੁਗ ਵਿਚ ਹੋਇਆ ਕਹੀਦਾ ਹੈ ਜਿਸਦਾ ਯਸ਼ ਚੌਦਾਂ ਲੋਕਾਂ ਵਿਚ ਹੁੰਦਾ ਸੀ, ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ, ਇਹਨਾਂ ਪੂਰੇ ਸ਼ਬਦਾਂ ਵਿਚ ਇਸ ਅਕਾਰ ਰੂਪੀ ਰਾਜੇ ਦੀ ਮਹਿਮਾ ਹੈ ਜਦਕਿ 'ਨੌ ਸ਼ਬਦ' ਰਹਰਾਸਿ ਵਿਚ ਕੇਵਲ ਨਿਰਾਕਾਰ ਪ੍ਰਭੂ ਜੀ ਦੀ ਉਪਮਾ ਕੀਤੀ ਹੈ ਪਾਠਕ ਜਨ ਆਪ ਨਿਰਣੈ ਕਰਨ ਕਿ ਕਿਹੜੀ ਸੰਸਥਾ ਗੁਰੂ-ਸਿਧਾਂਤ ਤੇ ਕਿੰਨਾ ਕੁ ਸਹੀ ਪਹਿਰਾ ਦੇ ਰਹੀ ਹੈ। ਛੋਟੀ ਰਹਰਾਸਿ ਸਾਹਿਬ ਪੜ੍ਹਨ ਵਾਲੇ ਵੀਰ 'ਤ੍ਰੀਆ ਚਰਿਤ੍ਰ' ਦੇ ਚਰਿਤ੍ਰ ਨੰ. 377 ਤੋਂ 401 ਤੱਕ ਕੁਲ 25 ਚਰਿਤ੍ਰ ਪੜ੍ਹਦੇ ਹਨ ਜਦਕਿ ਵੱਡੀ ਰਹਰਾਸਿ ਪੜ੍ਹਨ ਵਾਲੇ ਵੀਰ ਦੋ ਚਰਿਤ੍ਰ ਹੋਰ 'ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸ਼ੁਭਗਤਾ' (402) ਅਤੇ 'ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।' (403 ਚਰਿਤ੍ਰ) ਆਦਿ ਪੜ੍ਹਨ ਵਾਲਿਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਆ ਰਹੀ ਸ਼ਾਮ ਦੀ ਬਾਣੀ ਦਾ ਸਿਧਾਂਤਕ ਰੂਪ ਹੀ ਬਦਲ ਦਿੱਤਾ। ਗੁਰਬਾਣੀ ਵਿਚੋਂ ਵੀ ਕੁਝ ਉਹ ਸ਼ਬਦ ਪੜ੍ਹੇ ਜਾਂਦੇ ਹਨ ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਮੌਜੂਦ ਹੋਣ ਦੇ ਬਾਵਜੂਦ ਵੀ 'ਨੌ ਸ਼ਬਦਾਂ' ਦੇ ਸੰਗ੍ਰਹਿ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ ਜਿਵੇਂ 'ਹਰਿ ਜੁਗੁ ਜੁਗੁ ਭਗਤ ਉਪਾਇਆ£ (ਮ: 4, ਅੰਗ 451), 'ਦੁਖੁ ਦਾਰੂ ਸੁਖੁ ਰੋਗੁ ਭਇਆ£ (ਮ: 1, 469), 'ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ£ (ਮ: 5, 517), ਰਖੇ ਰਖਣਹਾਰਿ ਆਪਿ ਉਬਾਰਿਅਨੁ£ (ਮ: 5, 517) ਆਦਿਕ ਸ਼ਬਦਾਂ ਨੂੰ ਰਹਰਾਸਿ ਦਾ ਭਾਗ ਬਣਾ ਕੇ, ਸਿੱਖ ਕੌਮ ਦੀ ਏਕਤਾ ਲਈ ਖਤਰਾ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਿਸ ਨੂੰ ਗੁਰਮਤਿ ਵਿਰੋਧੀ ਸਮਾਜ ਦੀ ਸਾਜ਼ਿਸ਼ (ਚਾਲ) ਕਹੀ ਜਾ ਸਕਦੀ ਹੈ।
      ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਸਪੱਸ਼ਟ ਸੰਕੇਤ ਹਨ, ''ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ£'' ਮ: 4 'ਸੋ ਦਰੁ' । ਪਰ ਕੁਝ ਬਿਪਰ (ਮੰਨੂੰ) ਵਾਦੀ ਸੋਚ, ਜਿਨ੍ਹਾਂ ਨੇ ਸਦੀਆਂ ਤੋਂ ਸਮਾਜ ਨੂੰ ਜਾਤ-ਪਾਤ, ਵਰਣ-ਆਸ਼ਰਮ, ਵਹਿਮਾਂ-ਭਰਮਾਂ ਰਾਹੀਂ ਸਮਾਜ ਦੀ ਏਕਤਾ ਦਾ ਵਿਰੋਧ ਕੀਤਾ ਹੈ। ਸ਼ਾਇਦ ਅੱਜ ਉਹੀ ਵਰਗ ਸਿੱਖੀ ਸਰੂਪ ਵਿਚ ਸਾਡੀਆਂ ਪ੍ਰਚਾਰਕ ਸੰਸਥਾਵਾਂ ਤੱਕ ਪਹੁੰਚ ਬਣਾ ਚੁੱਕਾ ਹੈ। ਜ਼ਰੂਰਤ ਹੈ ਇਸ ਵਰਗ ਦੀ ਪਹਿਚਾਣ ਕਰਕੇ ਸਿੱਖੀ ਵਿਹੜੇ ਦੀ ਸਫਾਈ ਕੀਤੀ ਜਾਵੇ।
     ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਚਕਾਰ ਝੂਲਦੇ ਦੋ ਲੰਬੇ-ਉੱਚੇ ਨਿਸ਼ਾਨ ਸਾਹਿਬ ਤੋਂ ਸਾਨੂੰ ਕੁਝ ਕੁ ਇਸ਼ਾਰੇ ਮਿਲਦੇ ਹਨ, ਜੇਕਰ ਉਨ੍ਹਾਂ ਉੱਤੇ ਅਮਲ ਕੀਤਾ ਜਾਵੇ ਤਾਂ ਸਿੱਖ ਸਮਾਜ ਵਿਚ ਏਕਤਾ ਆ ਸਕਦੀ ਹੈ। ਉਹ ਇਸ਼ਾਰੇ ਹਨ ਕਿ ਸ੍ਰੀ ਦਰਬਾਰ ਸਾਹਿਬ ਜੀ (ਪੀਰੀ) ਵੱਲ ਵਾਲਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ (ਮੀਰੀ) ਵਾਲੇ ਨਿਸ਼ਾਨ ਸਾਹਿਬ ਤੋਂ ਉੱਚਾ ਹੈ ਭਾਵ-ਮੀਰੀ ਨੂੰ ਪੀਰੀ ਦੇ ਅਧੀਨ ਰੱਖਿਆ ਜਾਵੇ। ਮੌਜੂਦਾ ਸਮੇਂ ਵਿਚ ਸਭ ਕੁਝ ਇਸ ਦੇ ਵਿਪਰੀਤ ਹੋ ਰਿਹਾ ਹੈ, ਜ਼ਰੂਰਤ ਹੈ ਵਿਵੇਕੀ ਗੁਰੂ-ਪਿਆਰਿਆਂ ਨੂੰ ਇਕ ਹੋਰ ਲਹਿਰ ਲਈ ਅੱਗੇ ਆਉਣ ਦੀ, ਤਾਂ ਜੋ ''ਮਾਰਿਆ ਸਿਕਾ ਜਗਤ ਵਿਚਿ ਨਾਨਕਿ ਨਿਰਮਲ ਪੰਥ ਚਲਾਇਆ£'' ਭਾਈ ਗੁਰਦਾਸ ਜੀ ਅਨੁਸਾਰ ਨਿਰਮਲ ਪੰਥ (ਖਾਲਸਾ) ਦੀ ਵਿਲੱਖਣਤਾ ਨੂੰ ਸਦੀਵੀ ਕਾਇਮ ਰੱਖਿਆ ਜਾ ਸਕੇ।
ਅਵਤਾਰ ਸਿੰਘ ਗਿਆਨੀ