ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਉਲੰਪਿਕ ਹਾਕੀ ਵਿਚ ਮੱਲਾਂ ਮਾਰਨ ਵਾਲੇ ਸਿੱਖ


ਜਦੋਂ ਅਸੀਂ ਭਾਰਤੀ ਉਲੰਪਿਕ ਹਾਕੀ ਦੇ ਸੁਨਹਿਰੀ ਯੁੱਗ (1928-1956) ਦਾ ਇਤਿਹਾਸ ਫਰੋਲਦੇ ਹਾਂ ਤਾਂ ਉਸ ਵਿਚੋਂ 'ਅਨੇਕਤਾ ਵਿਚ ਏਕਤਾ' ਦੀ ਖ਼ੁਸ਼ਬੂ ਆਉਂਦੀ ਹੈ। ਹਾਕੀ ਖੇਡ ਤੋਂ ਪੈਦਾ ਹੋਈ ਇਸ ਖੁਸ਼ਬੂ ਨੇ ਭਾਰਤ ਦੇ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਦ੍ਰਿੜ੍ਹ ਅਤੇ ਮਜ਼ਬੂਤ ਕੀਤਾ ਹੈ। ਹਾਕੀ ਰੂਪੀ ਇਸ ਵੇਲ ਨੂੰ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਅਤੇ ਐਂਗਲੋ ਇੰਡੀਅਨ ਸਮਾਜ ਤੋਂ ਇਲਾਵਾ ਸਿੱਖ ਫਿਰਕੇ ਦੇ ਸੰਸਾਰ ਪ੍ਰਸਿੱਧ ਅਤੇ ਤਜਰਬੇਕਾਰ ਹਾਕੀ ਖਿਡਾਰੀਆਂ ਅਤੇ ਨੌਜਵਾਨ ਤੇਜਸਵੀ ਸਿਤਾਰਿਆਂ ਨੇ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਹੈ।
ਸੁਨਹਿਰੀ ਯੁੱਗ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦਿਆਂ ਹੋਇਆਂ ਜਿਨ੍ਹਾਂ ਸਿੱਖ ਖਿਡਾਰੀਆਂ ਨੇ ਭਾਰਤੀ ਹਾਕੀ ਨੂੰ ਅਕਾਸ਼ ਦੀਆਂ ਬੁਲੰਦੀਆਂ ਤੱਕ ਲਿਜਾਣ ਲਈ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਵਿਚ ਕਿਹਰ ਸਿੰਘ ਗਿੱਲ, ਗੁਰਮੀਤ ਸਿੰਘ, ਗੁਰਚਰਨ ਸਿੰਘ, ਤਰਲੋਚਨ ਸਿੰਘ ਬਾਵਾ, ਬਲਬੀਰ ਸਿੰਘ ਸੀਨੀਅਰ, ਗ੍ਰਹਿਨੰਦਨ ਸਿੰਘ ਨੰਦੀ, ਧਰਮ ਸਿੰਘ ਸੀਨੀਅਰ, ਸਵਰੂਪ ਸਿੰਘ, ਊਧਮ ਸਿੰਘ, ਬਾਲ ਕ੍ਰਿਸ਼ਨ ਸਿੰਘ, ਬਖ਼ਸ਼ੀਸ਼ ਸਿੰਘ, ਅਮੀਤ ਸਿੰਘ ਬਖ਼ਸ਼ੀ, ਗੁਰਦੇਵ ਸਿੰਘ, ਹਰਦਿਆਲ ਸਿੰਘ ਆਦਿ ਪ੍ਰਮੁੱਖ ਹਨ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਪਰੋਕਤ ਦਰਸਾਏ ਖਿਡਾਰੀਆਂ ਨੇ ਆਪਣਾ ਜੀਵਨ ਮੁਕੰਮਲ ਤੌਰ 'ਤੇ ਹਾਕੀ ਖੇਡ ਨੂੰ ਸਮਰਪਿਤ ਕਰ ਦਿੱਤਾ ਸੀ। ਸੱਚੀ ਖੇਡ ਭਾਵਨਾ, ਏਕਤਾ, ਇਕਸੁਰਤਾ ਅਤੇ ਇਕਸਾਰਤਾ ਉਨ੍ਹਾਂ ਦੇ ਖੇਡ ਜੀਵਨ ਦਾ ਮੂਲ ਅਧਾਰ ਸੀ। ਇਸੇ ਕਾਰਨ ਉਨ੍ਹਾਂ ਦੀ ਖੇਡ ਅਣਗਿਣਤ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਲੰਬੇ ਸਮੇਂ ਤੱਕ ਰਾਜ ਕਰਦੀ ਰਹੀ।
ਉਨ੍ਹਾਂ ਹਾਕੀ ਸਿਤਾਰਿਆਂ ਨੇ ਆਪਣੇ ਨਿੱਜੀ ਅਤੇ ਸਮੂਹਿਕ ਹਾਕੀ ਹੁਨਰ, ਹਮਲਾਵਰ, ਕਲਾਤਮਕ ਅਤੇ ਰੱਖਿਆਤਮਕ ਖੇਡ ਰਾਹੀਂ ਭਾਰਤੀ ਹਾਕੀ ਦੀ ਹਕੂਮਤ ਕਾਇਮ ਕੀਤੀ, ਇਸ ਦੇ ਮਾਣਮੱਤੇ ਵਿਰਸੇ ਨੂੰ ਸੰਭਾਲਿਆ, ਸਮੁੱਚੇ ਸੰਸਾਰ ਵਿਚ ਭਾਰਤ ਦਾ ਨਾਂਅ ਰੌਸ਼ਨ ਕੀਤਾ, ਮੌਜੂਦਾ ਖਿਡਾਰੀਆਂ ਨੂੰ ਲੋੜੀਂਦੀ ਸੇਧ ਦਿੱਤੀ ਅਤੇ ਭਵਿੱਖ ਵਿਚ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਲਈ ਇਕ ਚਾਨਣ-ਮੁਨਾਰੇ ਦਾ ਕੰਮ ਕੀਤਾ।
ਅਸਲ ਵਿਚ ਉਨ੍ਹਾਂ ਸਿੱਖ ਸਿਤਾਰਿਆਂ ਦੇ ਇਰਾਦੇ ਨੇਕ ਸਨ। ਖੇਡ ਪ੍ਰਤੀ ਇਮਾਨਦਾਰੀ ਅਤੇ ਦੇਸ਼ ਤੇ ਕੌਮ ਪ੍ਰਤੀ ਵਫਾਦਾਰੀ ਉਨ੍ਹਾਂ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਬਣ ਗਿਆ ਸੀ। ਉਨ੍ਹਾਂ ਦੀ ਕ੍ਰਿਸ਼ਮਈ ਖੇਡ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ। ਉਹ ਸੱਚਮੁੱਚ ਹਾਕੀ ਦੇ ਸੂਰਬੀਰ ਸਨ। ਸੰਸਾਰ ਵਿਚ ਉਨ੍ਹਾਂ ਨਾਲ ਦੀ ਹਾਕੀ ਬਹੁਤ ਘੱਟ ਲੋਕਾਂ ਨੇ ਖੇਡੀ। ਉਨ੍ਹਾਂ ਵਿਸ਼ਵ ਜੇਤੂਆਂ ਦੀ ਜਾਦੂਮਈ ਅਤੇ ਵਿਸਮੈਕਾਰੀ ਖੇਡ ਨੇ ਨਾ ਕੇਵਲ ਭਾਰਤ ਸਗੋਂ ਸਾਰੇ ਸੰਸਾਰ ਵਿਚ ਤਹਿਲਕਾ ਮਚਾ ਦਿੱਤਾ ਸੀ। ਉਨ੍ਹਾਂ ਹਾਕੀ ਮਹਾਂਰਥੀਆਂ ਦਾ ਖੇਡ ਜੀਵਨ, ਨਿਸਚੈ ਕਰ ਆਪਨੀ ਜੀਤ ਕਰੋਂ, ਸ਼ਬਦ ਦੀ ਪਵਿੱਤਰਤਾ ਅਤੇ ਸ਼ਕਤੀ, ਉਲੰਪਿਕ ਚਾਰਟਰ ਦੇ ਨਿਯਮਾਂ ਅਤੇ ਸਿਧਾਂਤਾਂ, ਸਖ਼ਤ ਅਨੁਸ਼ਾਸਨਕ ਖੇਡ ਕਾਰਜ-ਸ਼ੈਲੀ ਅਤੇ ਵਿਸ਼ਵ ਜੇਤੂ ਬਣਨ ਦੀ ਪ੍ਰਬਲ ਇੱਛਾ ਅਤੇ ਦ੍ਰਿੜ੍ਹਤਾ 'ਤੇ ਅਧਾਰਿਤ ਸੀ।
ਉਨ੍ਹਾਂ ਮਹਾਨ ਸਿੱਖ ਖਿਡਾਰੀਆਂ ਨੇ ਆਪਣਾ ਸਾਰਾ ਜੀਵਨ ਹਾਕੀ ਦੇ ਲੇਖੇ ਲਾ ਕੇ 1928 ਤੋਂ 1956 ਤੱਕ ਦੇ ਉਲੰਪਿਕ ਮੁਕਾਬਲਿਆਂ ਦੌਰਾਨ ਲਗਾਤਾਰ 6 ਗੋਲਡ ਮੈਡਲ ਜਿੱਤਣ ਵਿਚ ਮਹੱਤਵਪੂਰਨ ਸਹਿਯੋਗ ਦਿੱਤਾ ਅਤੇ ਭਾਰਤੀ ਹਾਕੀ ਨੂੰ ਸੁਨਹਿਰੀ ਰੰਗ ਵਿਚ ਰੰਗਿਆ। ਇਸੇ ਕਾਰਨ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਸੰਸਾਰ ਦੇ ਪੰਜਾਂ ਮਹਾਂਦੀਪਾਂ, ਅਮਰੀਕਾ, ਅਫਰੀਕਾ, ਆਸਟ੍ਰੇਲੀਆ, ਏਸ਼ੀਆ ਅਤੇ ਯੂਰਪ ਦੇ ਲੋਕਾਂ ਦੁਆਰਾ ਸਮਾਨ ਰੂਪ ਵਿਚ ਸਨਮਾਨਿਆ ਅਤੇ ਸਤਿਕਾਰਿਆ ਜਾਂਦਾ ਹੈ।
ਜਿਥੇ ਤੱਕ ਸਿੱਖ ਹਾਕੀ ਖਿਡਾਰੀਆਂ ਦਾ ਭਾਰਤੀ ਹਾਕੀ ਟੀਮਾਂ ਵਿਚ ਸ਼ਿਰਕਤ ਕਰਨ ਦਾ ਸਵਾਲ ਹੈ, 1928 ਤੋਂ 1936 ਤੱਕ ਔਸਤਨ ਇਕ ਸਿੱਖ ਖਿਡਾਰੀ ਭਾਰਤੀ ਟੀਮ ਵਿਚ ਸ਼ਾਮਿਲ ਕੀਤਾ ਗਿਆ, ਜਿਵੇਂ ਕਿ ਕਿਹਰ ਸਿੰਘ 1928 ਵਿਚ, ਕਰਨਲ ਗੁਰਮੀਤ ਸਿੰਘ 1932 ਵਿਚ ਅਤੇ ਗੁਰਚਰਨ ਸਿੰਘ 1936 ਵਿਚ। ਭਾਰਤ ਅਜ਼ਾਦ ਹੋਣ ਉਪਰੰਤ ਭਾਰਤੀ ਹਾਕੀ ਟੀਮਾਂ ਵਿਚ ਸਿੱਖ ਖਿਡਾਰੀਆਂ ਦੀ ਔਸਤ ਗਿਣਤੀ ਇਸ ਪ੍ਰਕਾਰ ਰਹੀ : 1948 ਤੋਂ 1956 ਤੱਕ 5, 1960 ਤੋਂ 1968 ਤੱਕ 9, 1972 ਤੋਂ 1980 ਤੱਕ 7, 1984 ਤੋਂ 1992 ਤੱਕ 4 ਅਤੇ 1996 ਤੋਂ 2004 ਤੱਕ 5 ਸਿੱਖ ਖਿਡਾਰੀ।
1960 ਤੋਂ 1972 ਦੇ ਸਮੇਂ ਦੌਰਾਨ ਜਿਨ੍ਹਾਂ ਸਿੱਖ ਖਿਡਾਰੀਆਂ ਦੇ ਸਾਰਥਿਕ ਸਹਿਯੋਗ ਨਾਲ ਭਾਰਤ ਨੇ ਇਕ ਸੋਨੇ ਦਾ (1964), ਇਕ ਚਾਂਦੀ ਦਾ (1960) ਅਤੇ 2 ਕਾਂਸੀ ਦੇ (1968 ਅਤੇ 1972) ਮੈਡਲ ਜਿੱਤੇ, ਉਹ ਸਨ ਪ੍ਰਿਥੀਪਾਲ ਸਿੰਘ, ਊਧਮ ਸਿੰਘ, ਬਾਲਕਿਸ਼ਨ ਸਿੰਘ, ਜੋਗਿੰਦਰ ਸਿੰਘ, ਜਸਵੰਤ ਸਿੰਘ, ਗੁਰਬਖਸ਼ ਸਿੰਘ, ਜਗਜੀਤ ਸਿੰਘ, ਧਰਮ ਸਿੰਘ ਮਾਨ, ਬਲਬੀਰ ਸਿੰਘ ਫ਼ੌਜ, ਦਰਸ਼ਨ ਸਿੰਘ, ਬਲਬੀਰ ਸਿੰਘ ਪੰਜਾਬ ਪੁਲਿਸ, ਬਲਬੀਰ ਸਿੰਘ ਰੇਲਵੇ, ਹਰਬਿੰਦਰ ਸਿੰਘ, ਇੰਦਰ ਸਿੰਘ, ਤਰਸੇਮ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਸੁਰਜੀਤ ਸਿੰਘ ਰੰਧਾਵਾ, ਗੁਰਬਖਸ਼ ਸਿੰਘ ਜੂਨੀਅਰ, ਮੁਖਬੈਨ ਸਿੰਘ, ਕੁਲਵੰਤ ਸਿੰਘ, ਹਰਚਰਨ ਸਿੰਘ, ਵਰਿੰਦਰ ਸਿੰਘ ਅਤੇ ਅਜੀਤ ਸਿੰਘ।
1980 ਦੀਆਂ ਮਾਸਕੋ ਉਲੰਪਿਕ ਖੇਡਾਂ ਦੌਰਾਨ ਭਾਰਤ ਨੇ ਹਾਕੀ ਵਿਚ ਅੱਠਵਾਂ ਗੋਲਡ ਮੈਡਲ ਜਿੱਤਿਆ। ਇਸ ਸੁਨਹਿਰੀ ਜਿੱਤ ਪਿੱਛੇ ਜਿਨ੍ਹਾਂ ਸਿੱਖ ਖਿਡਾਰੀਆਂ ਨੇ ਜਾਨ ਦੀ ਬਾਜ਼ੀ ਲਾਈ ਉਹ ਸਨ ਦਵਿੰਦਰ ਸਿੰਘ ਗਰਚਾ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ ਰਾਣਾ, ਰਵਿੰਦਰਪਾਲ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ।
1984 ਤੋਂ 2004 ਤੱਕ ਦੇ ਉਲੰਪਿਕ ਖੇਡਾਂ ਦੇ ਸਫ਼ਰ ਵਿਚ ਭਾਰਤੀ ਹਾਕੀ ਟੀਮਾਂ ਵਿਚ ਸਿੱਖ ਖਿਡਾਰੀਆਂ ਦੀ ਔਸਤ ਸੰਖਿਆ ਕੇਵਲ ਚਾਰ ਰਹਿ ਗਈ। ਇਨ੍ਹਾਂ 20 ਵਰ੍ਹਿਆਂ ਦੌਰਾਨ ਰਾਜਿੰਦਰ ਸਿੰਘ ਜੂਨੀਅਰ, ਹਰਦੀਪ ਸਿੰਘ, ਇਕਬਾਲਜੀਤ ਸਿੰਘ, ਮਹਿੰਦਰਪਾਲ ਸਿੰਘ, ਪ੍ਰਗਟ ਸਿੰਘ, ਜਗਬੀਰ ਸਿੰਘ, ਬਲਵਿੰਦਰ ਸਿੰਘ ਸ਼ੰਮੀ, ਜਗਦੇਵ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਢਿੱਲੋਂ, ਬਲਜੀਤ ਸਿੰਘ ਸੈਣੀ, ਰਮਨਦੀਪ ਸਿੰਘ, ਸੁਖਬੀਰ ਸਿੰਘ ਗਿੱਲ, ਗਗਨ ਅਜੀਤ ਸਿੰਘ, ਹਰਪਾਲ ਸਿੰਘ, ਸੰਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਜਿਹੇ ਨਾਮੀ ਖਿਡਾਰੀਆਂ ਨੇ ਜੇਤੂ ਮੰਚ 'ਤੇ ਚੜ੍ਹਨ ਲਈ ਪੂਰੀ ਵਾਹ ਲਾਈ ਪਰ ਉਹ ਕੋਈ ਮੈਡਲ ਨਹੀਂ ਜਿੱਤ ਸਕੇ।
2008 ਦੀਆਂ ਉਲੰਪਿਕ ਖੇਡਾਂ ਦਾ ਸਮਾਂ ਭਾਰਤੀ ਹਾਕੀ ਲਈ ਅਤਿ ਨਮੋਸ਼ੀ ਭਰਿਆ ਅਤੇ ਦਰਦਨਾਕ ਸੀ ਕਿਉਂਕਿ ਉਸ ਵੇਲੇ ਭਾਰਤੀ ਹਾਕੀ ਟੀਮ ਆਪਣੇ 80 ਵਰ੍ਹਿਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਉਲੰਪਿਕਸ ਵਿਚ ਪ੍ਰਵੇਸ਼ ਕਰਨ ਦੀ ਯੋਗਤਾ ਹਾਸਲ ਨਹੀਂ ਸੀ ਕਰ ਸਕੀ। ਇਥੇ ਇਹ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ ਕਿ ਜੇਕਰ ਭਾਰਤੀ ਚੋਣਕਾਰਾਂ ਨੇ 2008 ਦੀ ਭਾਰਤੀ ਹਾਕੀ ਟੀਮ ਵਿਚ ਡ੍ਰੈਗ ਫਲਿਕਰ ਸੰਦੀਪ ਸਿੰਘ ਨੂੰ ਸ਼ਾਮਿਲ ਕਰ ਲਿਆ ਹੁੰਦਾ ਤਾਂ ਭਾਰਤ ਨੇ ਬੀਜਿੰਗ ਉਲੰਪਿਕਸ ਲਈ ਪ੍ਰਵੇਸ਼ ਕਰਨ ਦੀ ਯੋਗਤਾ ਹਾਸਲ ਕਰ ਲੈਣੀ ਸੀ।
2012 ਲੰਦਨ ਉਲੰਪਿਕਸ ਲਈ ਮੌਸਮ ਖੁਸ਼ਗਵਾਰ ਹੈ ਅਤੇ ਭਾਰਤੀ ਹਾਕੀ ਟੀਮ ਮੁੜ ਜੱਗ ਜਿੱਤਣ ਲਈ ਹਰ ਪੱਖੋਂ ਤਿਆਰ ਹੈ। 16 ਮੈਂਬਰੀ ਭਾਰਤੀ ਟੀਮ ਵਿਚ 6 ਸਿੱਖ ਖਿਡਾਰੀ ਸ਼ਾਮਿਲ ਹਨ ਜਿਵੇਂ ਕਿ ਸੰਦੀਪ ਸਿੰਘ, ਸਰਦਾਰਾ ਸਿੰਘ, ਗੁਰਬਾਜ਼ ਸਿੰਘ, ਮਨਪ੍ਰੀਤ ਸਿੰਘ, ਧਰਮਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਚੰਦੀ। ਭਾਵੇਂ ਸਾਰੇ ਖਿਡਾਰੀ ਆਪੋ-ਆਪਣੀ ਪੁਜ਼ੀਸ਼ਨ 'ਤੇ ਮਹੱਤਵਪੂਰਨ ਹਨ ਪਰ ਫਿਰ ਵੀ ਭਾਰਤੀ ਟੀਮ ਦੀਆਂ ਜੇਤੂ ਚਾਲਾਂ ਡ੍ਰੈਗ ਫਲਿੱਕਰ ਸੰਦੀਪ ਸਿੰਘ ਅਤੇ ਸੈਂਟਰ ਹਾਫ਼ ਸਰਦਾਰਾ ਸਿੰਘ 'ਤੇ ਹੀ ਨਿਰਭਰ ਕਰਨਗੀਆਂ। ਭਾਰਤੀ ਟੀਮ ਦੇ ਕੋਚ ਮਾਈਕਲ ਨੌਬਜ਼ ਵੀ ਇਹ ਮੰਨਦੇ ਹਨ ਕਿ ਉਪ-ਕਪਤਾਨ ਸਰਦਾਰਾ ਸਿੰਘ ਅਤੇ ਡ੍ਰੈਗ ਫਲਿੱਕਰ ਅਤੇ ਫੁੱਲ ਬੈਕ ਸੰਦੀਪ ਸਿੰਘ ਦੀ ਵਧੀਆ ਖੇਡ ਲੰਦਨ ਉਲੰਪਿਕਸ ਵਿਚ ਭਾਰਤ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਰਦਾਰਾ ਸਿੰਘ ਇਸ ਵੇਲੇ ਦੁਨੀਆ ਦੇ ਸਿਖਰਲੇ ਦੋ ਜਾਂ ਤਿੰਨ ਖਿਡਾਰੀਆਂ 'ਚੋਂ ਇਕ ਹਨ। ਜੇਕਰ ਉਹ ਲੈਅ ਅਤੇ ਚੜ੍ਹਦੀਆਂ ਕਲਾਂ ਵਿਚ ਰਹੇ ਤਾਂ ਸਮੁੱਚੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਸੰਦੀਪ ਸਿੰਘ ਪੈਨਲਟੀ ਕਾਰਨਰਾਂ ਤੋਂ ਕਾਫ਼ੀ ਗੋਲ ਕਰਦੇ ਹਨ ਅਤੇ ਉਹ ਵੀ ਸਾਡੀ ਸਫ਼ਲਤਾ ਦੀ ਕੁੰਜੀ ਹੋਣਗੇ।
ਇਕਬਾਲ ਸਿੰਘ ਸਰੋਆ