ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬੀ ਖੁਦਕੁਸ਼ੀਆਂ ਦੇ ਰਾਹ ਕਿਉਂ?


ਪੰਜਾਬ ਹੁਣ ਪੰਜ ਪਾਣੀਆਂ ਦੀ ਧਰਤ ਨਾ ਹੋ ਕੇ ਢਾਈ ਦਰਿਆਵਾਂ ਦੀ ਧਰਤੀ ਬਣ ਕੇ ਰਹਿ ਗਿਆ ਹੈ। ਕਿਸੇ ਸਮੇਂ ਪੰਜਾਬ ਬਹੁਤ ਵਿਸ਼ਾਲ ਹੁੰਦਾ ਸੀ ਜਿਸ ਦੀ ਰਾਜਧਾਨੀ ਲਾਹੌਰ ਪੰਜਾਬ ਦਾ ਸੱਭਿਆਚਾਰਕ ਕੇਂਦਰ ਸੀ, ਜਦੋਂਕਿ ਮੌਜੂਦਾ ਪੰਜਾਬ ਦੀ ਰਾਜਧਾਨੀ ਦਾ ਫ਼ੈਸਲਾ ਵੰਡ ਦਰ ਵੰਡ ਤੋਂ 46 ਸਾਲ ਬਾਅਦ ਵੀ ਨਹੀਂ ਕੀਤਾ ਜਾ ਸਕਿਆ। ਜਿਹੜੇ ਢਾਈ ਦਰਿਆ ਰਹਿ ਗਏ ਹਨ, ਉਹ ਅਸੀਂ ਸ਼ਹਿਰਾਂ ਦੀ ਗੰਦਗੀ ਅਤੇ ਸਨਅਤਾਂ ਦੀ ਰਹਿੰਦ-ਖੂੰਹਦ ਸੁੱਟ ਕੇ ਪੂਰੀ ਤਰ੍ਹਾਂ ਬਰਬਾਦ ਕਰ ਲਏ ਹਨ। ਇਨ੍ਹਾਂ ਦਾ ਪਾਣੀ ਹੁਣ ਮਨੁੱਖਾਂ, ਪਸ਼ੂ-ਪੰਛੀਆਂ ਦੇ ਯੋਗ ਨਹੀਂ ਰਿਹਾ। ਦਰਿਆਵਾਂ ਅਤੇ ਧਰਤੀ ਹੇਠਲਾ ਪਾਣੀ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਏਨਾ ਪਲੀਤ ਹੋ ਗਿਆ ਹੈ ਕਿ ਇਹ ਅਨਾਜਾਂ ਤੇ ਹੋਰ ਖਾਧ ਪਦਾਰਥਾਂ ਰਾਹੀਂ ਮਾਵਾਂ ਦੇ ਦੁੱਧ ਤਕ ਪਹੁੰਚ ਗਿਆ ਹੈ। ਪੰਜਾਬ ਕੈਂਸਰ ਦੀ ਮਾਰ ਹੇਠ ਹੈ। ਅਸੀਂ ਵੱਧ ਝਾੜ ਲੈਣ ਦੀ ਇੱਛਾ ਤਹਿਤ ਭਾਰਤ ਦੇ 1.54 ਫ਼ੀਸਦੀ ਰਕਬੇ ਦੇ ਮਾਲਕ ਹੁੰਦੇ ਹੋਏ ਵੀ ਭਾਰਤ 'ਚ ਵਰਤੀਆਂ ਜਾ ਰਹੀਆਂ ਖੇਤੀ ਰਸਾਇਣਕ ਖਾਦਾਂ ਦਾ 15 ਤੋਂ 18 ਫ਼ੀਸਦੀ ਵਰਤ ਰਹੇ ਹਾਂ। ਖੇਤ ਨੂੰ ਛੇ ਮਹੀਨੇ ਵਿਹਲਾ ਰੱਖਣਾ, ਦੇਸੀ ਤੇ ਹਰੀ ਖਾਦ ਦੀ ਵਰਤੋਂ ਕਰਨੀ, ਗੋਡੀ ਕਰਨੀ ਅਤੇ ਕੁੱਲ ਮਿਲਾ ਕੇ ਹੱਥੀਂ ਕੰਮ ਕਰਨਾ ਤਾਂ ਅਸੀਂ ਭੁੱਲ ਹੀ ਗਏ ਹਾਂ। ਕਣਕ-ਝੋਨੇ ਦੇ ਨਾੜ ਨੂੰ ਅੱਗ ਲਾ ਕੇ ਅਸੀਂ ਸਾਲ 'ਚ ਦੋ ਵਾਰ ਧਰਤੀ ਮਾਂ ਦਾ ਸੀਨਾ ਸਾੜਦੇ ਹਾਂ। ਬਾਬੇ ਨਾਨਕ ਦਾ ਕਿਰਤ ਕਰਨ ਜਾਂ ਕੰਮ ਸੱਭਿਆਚਾਰ ਦਾ ਖ਼ਤਮ ਹੋ ਜਾਣਾ ਪੰਜਾਬੀਆਂ ਦੀ ਸਮੂਹਿਕ ਖ਼ੁਦਕੁਸ਼ੀ ਦਾ ਮੁੱਖ ਆਧਾਰ ਕਿਹਾ ਜਾ ਸਕਦਾ ਹੈ।
ਵਿਸ਼ਵ ਭਰ ਦੇ ਸਮਝਦਾਰ ਲੋਕਾਂ ਅਨੁਸਾਰ ਮਨੁੱਖ ਦੀਆਂ ਤਿੰਨ ਮਾਵਾਂ ਹਨ। ਇਹ ਹਨ- ਮਾਂ ਜਨਨੀ, ਮਾਂ ਧਰਤੀ ਅਤੇ ਮਾਂ-ਬੋਲੀ। ਬਦਕਿਸਮਤੀ ਨੂੰ ਮਾਂ ਜਨਨੀ ਬਾਰੇ ਸਾਡਾ ਵਿਉਹਾਰ ਬੇਹੱਦ ਦੋਗਲਾ ਤੇ ਦੰਭੀ ਹੈ। ਅਸੀਂ ਵਿਸ਼ਵ ਭਰ ਦੇ ਵਿਦਵਾਨਾਂ ਦੇ ਕਥਨ ਦੁਹਰਾ ਕੇ ਮਾਂ ਦਾ ਜਸ ਗਾਇਨ ਵੀ ਕਰੀ ਜਾਂਦੇ ਹਾਂ, ਕਵਿਤਾਵਾਂ/ਗੀਤ ਵੀ ਗਾ ਰਹੇ ਹਾਂ, ਲੇਖ ਲਿਖ ਰਹੇ ਹਾਂ ਅਤੇ ਸੈਮੀਨਾਰ ਕਰਵਾ ਰਹੇ ਹਾਂ ਪਰ ਮਾਵਾਂ ਦੇ ਭਾਈਚਾਰੇ ਦੀ ਦੁਰਗਤ ਕਰਨ ਵਿੱਚ ਵੀ ਅਸੀਂ ਮੋਹਰੀ ਹਾਂ। ਅਸੀਂ ਬਾਬੇ ਨਾਨਕ ਵੱਲੋਂ ਨਾਰੀ ਦੀ ਬਰਾਬਰਤਾ, ਸੁਤੰਤਰਤਾ ਤੇ ਮੁਕਤੀ ਲਈ ਉਠਾਈ ਬੁਲੰਦ ਆਵਾਜ਼ ਦੇ ਮੁਕਤ ਕੰਠ ਪ੍ਰਸ਼ੰਸਕ ਹਾਂ ਪਰ ਮਾਂ ਦੀ ਕੁੱਖ ਨੂੰ ਕਬਰਿਸਤਾਨ ਬਣਾਉਣ 'ਚ ਵੀ ਅਸੀਂ ਮੋਹਰੀ ਤਿੰਨ ਪ੍ਰਾਂਤਾਂ ਵਿੱਚ ਹਾਂ। ਦਸਵਾਂ ਹਿੱਸਾ ਪਰਿਵਾਰਾਂ ਨੂੰ ਛੱਡ ਕੇ ਮਾਵਾਂ ਦੇ ਭਾਈਚਾਰੇ ਨਾਲ ਜਨਮ ਤੋਂ ਮਰਨ ਤਕ ਅਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿਤਕਰਾ ਜਾਰੀ ਹੈ। ਜੇਕਰ ਅੱਜ ਕੁਝ ਧੀਆਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੀਆਂ ਹਨ ਤਾਂ ਇਹ ਅਪਵਾਦ ਹੀ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਅਸਲ ਵਿੱਚ ਇਹ ਉਹ ਬਹਾਦਰ ਧੀਆਂ ਹਨ ਜਿਹੜੀਆਂ ਕੁੱਖ ਵਿੱਚ ਹੋ ਰਹੇ ਕਤਲੇਆਮ, ਸਮਾਜ 'ਚ ਹੋ ਰਹੀ ਗੁੰਡਾਗਰਦੀ ਅਤੇ ਨਸ਼ਿਆਂ ਦੇ ਮੱਕੜਜਾਲ ਤੋਂ ਬਚ ਕੇ ਸਿਖ਼ਰਾਂ ਛੋਹ ਰਹੀਆਂ ਹਨ। ਇਨ੍ਹਾਂ ਧੀਆਂ ਨੂੰ ਸਲਾਮ ਕਰਨਾ ਬਣਦਾ ਹੈ ਪਰ ਸਮੂਹਿਕ ਰੂਪ 'ਚ ਮਾਵਾਂ, ਧੀਆਂ, ਭੈਣਾਂ ਦੇ ਭਾਈਚਾਰੇ ਦੀ ਹਾਲਤ ਬੇਹੱਦ ਤਰਸਯੋਗ ਹੈ। ਦਲਿਤਾਂ ਤੇ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਦੀ ਹੋਣੀ ਹੋਰ ਵੀ ਤਰਸਯੋਗ ਹੈ।
ਸਾਡੀ ਸਭ ਤੋਂ ਘਟੀਆ ਪਹੁੰਚ ਮਾਂ-ਬੋਲੀ ਪ੍ਰਤੀ ਹੈ। ਸਾਡੀ ਸੋਚ ਵਿੱਚ ਗੁਲਾਮ ਮਾਨਸਿਕਤਾ ਏਨੀ ਭਾਰੂ ਹੈ ਕਿ ਅੰਗਰੇਜ਼ਾਂ ਦੀ ਗੁਲਾਮੀ ਦੀ ਜੰਜ਼ੀਰ ਨੂੰ ਅਸੀਂ ਬੇਸ਼ਕੀਮਤੀ ਹਾਰ ਸਮਝ ਰਹੇ ਹਾਂ। ਅੰਗਰੇਜ਼ੀ ਜਾਂ ਹਿੰਦੀ ਬੋਲਣ ਨੂੰ ਸੱਭਿਅਕ ਹੋਣ ਦਾ ਪ੍ਰਮਾਣ ਮੰਨਿਆ ਜਾ ਰਿਹਾ ਹੈ। ਸਿੱਖਿਆ ਦੇ ਵਪਾਰੀਕਰਨ ਤੇ ਨਿੱਜੀਕਰਨ ਨੇ ਅੰਗਰੇਜ਼ੀ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੱਤਾ ਹੈ। ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਤੇ ਹਿੰਦੀ ਹੈ। ਪੰਜਾਬ ਦੇ ਬਹੁਤੇ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਬੋਲਣ 'ਤੇ ਪਾਬੰਦੀ ਹੈ। ਪੰਜਾਬੀ ਬੋਲਦੇ ਫੜੇ ਜਾਣ 'ਤੇ ਜੁਰਮਾਨਾ ਹੁੰਦਾ ਹੈ। ਪੰਜਾਬ ਸਰਕਾਰ ਕੋਲ ਆਪਣੇ ਹੀ ਬਣਾਏ ਅੱਧੇ-ਅਧੂਰੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਨਾ ਤਾਂ ਇੱਛਾ ਸ਼ਕਤੀ ਹੈ ਅਤੇ ਨਾ ਹੀ ਲੋੜੀਂਦੀ ਮਸ਼ੀਨਰੀ। ਬੱਚੇ ਨੂੰ ਮਾਸੂਮੀਅਤ ਦੀ ਉਮਰ ਵਿੱਚ ਹੀ ਪੜ੍ਹਨ ਪਾਉਣਾ ਅਤੇ ਮੁੱਢਲੀ ਪੜ੍ਹਾਈ ਗ਼ੈਰ-ਮਾਤ-ਭਾਸ਼ਾ 'ਚ ਕਰਵਾਉਣੀ ਕੌਮ ਵਿਰੁੱਧ ਇੱਕ ਅਪਰਾਧ ਹੈ। ਉਹ ਇਹ ਗੱਲ ਬਿਲਕੁਲ ਵੀ ਸਮਝਣ ਨੂੰ ਤਿਆਰ ਨਹੀਂ ਹਨ ਕਿ ਬੱਚਿਆਂ ਨੂੰ ਛੋਟੀ ਉਮਰ ਅਤੇ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਦੇ ਕੇ ਅਸੀਂ ਮਾਨਸਿਕ ਤੇ ਸਰੀਰਕ ਤੌਰ 'ਤੇ ਇੱਕ ਬੌਣੀ ਪੀੜ੍ਹੀ ਤਿਆਰ ਕਰ ਰਹੇ ਹਾਂ। ਭਾਸ਼ਾ, ਸਿੱਖਿਆ ਤੇ ਗਿਆਨ ਦਾ ਮਾਧਿਅਮ ਹੈ। ਕੋਈ ਜਿੰਨੀਆਂ ਮਰਜ਼ੀ ਭਾਸ਼ਾ ਸਿੱਖੇ, ਪੜ੍ਹੇ ਤੇ ਬੋਲੇ ਪਰ ਪਹਿਲ ਮਾਂ-ਬੋਲੀ ਨੂੰ ਮਿਲਣੀ ਚਾਹੀਦੀ ਹੈ। ਜਿਸ ਨੂੰ ਮਾਂ-ਬੋਲੀ ਠੀਕ ਢੰਗ ਨਾਲ ਨਹੀਂ ਆਉਂਦੀ, ਉਸ ਨੂੰ ਵਿਦੇਸ਼ੀ ਭਾਸ਼ਾ 'ਚ ਵੀ ਪੁਖ਼ਤਗੀ ਪ੍ਰਾਪਤ ਨਹੀਂ ਹੋ ਸਕਦੀ।
ਅੱਜ ਸਭ ਤੋਂ ਚਿੰਤਾਜਨਕ ਸਥਿਤੀ ਪੰਜਾਬੀ ਨੌਜਵਾਨਾਂ ਦੀ ਹੈ। ਪੰਜਾਬੀ ਨੌਜਵਾਨ ਅਨੇਕਾਂ ਕਾਰਨਾਂ ਵਸ ਪੜ੍ਹ ਨਹੀਂ ਰਹੇ ਅਤੇ ਵਿਗੜ ਰਹੇ ਹਨ। ਜਿੱਧਰ ਵੇਖੋ ਮੁੰਡਿਆਂ ਦੀਆਂ ਢਾਣੀਆਂ ਵਿਹਲੀਆਂ ਗੱਪਾਂ ਮਾਰਦੀਆਂ ਦਿਸਣਗੀਆਂ ਜਾਂ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਆਵਾਰਾਗਰਦੀ ਕਰਦੀਆਂ ਜਾਂ ਹੋਟਲਾਂ/ਰੈਸਟੋਰੈਂਟਾਂ 'ਚ ਸ਼ਰਾਬ ਦੇ ਦੌਰ ਚਲਾਉਂਦੀਆਂ ਮਿਲਣਗੀਆਂ। ਪੜ੍ਹਾਈ ਦੇ ਸਿਖ਼ਰ ਦੀ ਪ੍ਰਾਪਤੀ ਦੇ ਪੱਖ ਤੋਂ ਮੁੰਡੇ ਅਪਵਾਦ ਹੀ ਹਨ। ਰਹਿੰਦੀ ਕਸਰ ਮੋਬਾਇਲ ਫ਼ੋਨਾਂ, ਇੰਟਰਨੈੱਟ ਅਤੇ ਕ੍ਰਿਕਟ ਨੇ ਕੱਢ ਦਿੱਤੀ ਹੈ। ਮੋਬਾਇਲ ਫ਼ੋਨਾਂ, ਟੀ.ਵੀ. ਅਤੇ ਇੰਟਰਨੈੱਟ ਦੀ ਬੇਲੋੜੀ ਵਰਤੋਂ ਹੋ ਰਹੀ ਹੈ। ਨੌਜਵਾਨਾਂ ਦਾ 'ਕੀਮਤੀ ਸਮਾਂ' ਇਹ ਅਤਿ ਤਕਨੀਕੀ ਸੰਦ ਖਾ ਰਹੇ ਹਨ। ਦੁੱਖਦਾਈ ਗੱਲ ਇਹ ਹੈ ਕਿ ਸਰਕਾਰਾਂ ਤੇ ਸਮਾਜ ਵੀ ਨੌਜਵਾਨਾਂ ਨੂੰ ਅਣਗੌਲਿਆ ਕਰ ਰਹੇ ਹਨ। ਸਰਕਾਰਾਂ ਉਚੇਰੀ ਪੜ੍ਹਾਈ ਸਸਤੀ ਨਹੀਂ ਕਰ ਰਹੀਆਂ, ਸਿੱਖਿਆ ਨੂੰ ਸਮਾਜ ਤੇ ਰੁਜ਼ਗਾਰਮੁਖੀ ਨਹੀਂ ਬਣਾ ਰਹੀਆਂ ਅਤੇ ਨਾ ਹੀ ਕੋਈ ਰੁਜ਼ਗਾਰ ਮੁਹੱਈਆ ਕਰਵਾ ਰਹੀਆਂ ਹਨ। ਮੱਧ-ਵਰਗੀ ਮਾਪੇ ਆਪਣੇ ਕੰਮਾਂ-ਕਾਰਾਂ ਤੇ ਐਸ਼ੋ-ਇਸ਼ਰਤ 'ਚ ਗਲਤਾਨ ਹਨ। ਉਹ ਆਪਣੇ ਬੱਚਿਆਂ ਨੂੰ ਖਰਚਣ ਲਈ ਪੈਸੇ ਤਾਂ ਦਿੰਦੇ ਹਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੰਦੇ ਅਤੇ ਨਾ ਹੀ ਉਨ੍ਹਾਂ ਦੀ ਯੋਗ ਅਗਵਾਈ ਕਰਦੇ ਹਨ। ਗ਼ਰੀਬ ਮਾਪੇ ਨਾ ਆਪਣੇ ਮੁੰਡਿਆਂ ਨੂੰ ਪੜ੍ਹਾਉਣ ਦੇ ਸਮਰੱਥ ਹਨ ਅਤੇ ਨਾ ਹੀ ਸਮਝਾਉਣ-ਬੁਝਾਉਣ ਦੇ ਯੋਗ ਹਨ। ਭਾਰਤ ਵਿੱਚ ਲੱਖਾਂ ਬੱਚੇ ਹਰ ਸਾਲ ਲਾਪਤਾ ਹੋ ਰਹੇ ਹਨ। ਸੰਸਦ ਵਿੱਚ ਪੇਸ਼ ਰਿਪੋਰਟ ਅਨੁਸਾਰ ਇਨ੍ਹਾਂ ਲਾਪਤਾ ਬੱਚਿਆਂ 'ਚੋਂ ਲਗਪਗ ਇੱਕ ਤਿਹਾਈ ਕਦੇ ਵੀ ਆਪਣੇ ਘਰ ਨਹੀਂ ਪਰਤਦੇ। ਰਾਸ਼ਟਰੀ ਪੱਧਰ 'ਤੇ ਲਾਪਤਾ ਬੱਚਿਆਂ 'ਚੋਂ 40 ਫ਼ੀਸਦੀ ਲੜਕੇ ਘਰ ਨਾ ਪਰਤਣ ਵਾਲੇ ਬਦਨਸੀਬ ਬੱਚਿਆਂ ਵਿੱਚ ਸ਼ਾਮਲ ਹਨ ਪਰ ਤਿੰਨ ਰਾਜ ਵੱਖਰਾ ਰੁਝਾਨ ਪੇਸ਼ ਕਰਦੇ ਹਨ ਜਿੱਥੇ ਸਥਾਈ ਰੂਪ 'ਚ ਲਾਪਤਾ ਹੋਣ ਵਾਲੇ ਮੁੰਡੇ, ਕੁੜੀਆਂ ਨਾਲੋਂ ਵੱਧ ਹਨ। ਇਹ ਰਾਜ ਹਨ- ਪੰਜਾਬ-66.7 ਫ਼ੀਸਦੀ, ਜੰਮੂ ਅਤੇ ਕਸ਼ਮੀਰ 61.3 ਫ਼ੀਸਦੀ ਅਤੇ ਹਰਿਆਣਾ 60 ਫ਼ੀਸਦੀ। ਕੁੜੀਆਂ ਦਾ ਸਥਾਈ ਜਾਂ ਅਸਥਾਈ ਰੂਪ 'ਚ ਗੁੰਮ ਜਾਣਾ ਵਧੇਰੇ ਦੁੱਖਦਾਈ ਤੇ ਸ਼ਰਮਨਾਕ ਹੈ ਪਰ ਇੱਥੇ ਇਹ ਦੱਸਣਾ ਕੁਥਾਂ ਨਹੀਂ ਹੈ ਕਿ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਮਾਦਾ ਭਰੂਣ ਹੱਤਿਆ ਦੀ ਲਾਹਨਤ ਸਭ ਤੋਂ ਵੱਧ ਹੈ।
ਬਹੁਤੇ ਪ੍ਰਾਈਵੇਟ ਕਾਲਜ ਕੁੜੀਆਂ ਲਈ ਖੁੱਲ੍ਹ ਰਹੇ ਹਨ। ਸ਼ਾਇਦ ਮੁੰਡਿਆਂ 'ਚ ਵਧ ਰਹੀ ਅਨੁਸ਼ਾਸਣਹੀਣਤਾ ਨੂੰ ਰੋਕਣਾ ਪ੍ਰਬੰਧਕਾਂ ਦੇ ਵੱਸ 'ਚ ਨਹੀਂ ਰਿਹਾ। ਪੰਜਾਬ ਦੇ ਪਿੰਡਾਂ ਵਿੱਚ 67 ਫ਼ੀਸਦੀ ਗ਼ਰੀਬ ਕਿਸਾਨ ਪਰਿਵਾਰਾਂ ਅਤੇ 90 ਫ਼ੀਸਦੀ ਦਲਿਤ ਪਰਿਵਾਰਾਂ ਦਾ ਇੱਕ ਵੀ ਬੱਚਾ ਮੈਟ੍ਰਿਕ ਪਾਸ ਨਹੀਂ ਹੈ। ਪੰਜਾਬ ਵਿੱਚ ਲਗਪਗ 45 ਲੱਖ ਮੁੰਡੇ-ਕੁੜੀਆਂ ਬੇਰੁਜ਼ਗਾਰ ਹਨ। ਇਹ ਅਨਪੜ੍ਹ ਤੇ ਬੇਰੁਜ਼ਗਾਰ ਨਸ਼ਿਆਂ, ਅਸਮਾਜਿਕ ਗਤੀਵਿਧੀਆਂ ਅਤੇ ਜਾਇਜ਼-ਨਾਜਾਇਜ਼ ਪਰਵਾਸ ਕਰਨ ਲਈ ਮਜਬੂਰ ਹਨ। ਪੰਜਾਬ ਦੀ ਜਵਾਨੀ ਨਸ਼ਿਆਂ ਅਤੇ ਕਿਸਾਨੀ ਕਰਜ਼ੇ ਨੇ ਤਬਾਹ ਕਰ ਦਿੱਤੀ ਹੈ। ਪੰਜਾਬ ਵਿੱਚ ਸ਼ਰਾਬ ਦੀ ਵਧਦੀ ਖ਼ਪਤ, ਫੜ੍ਹੇ ਤੇ ਐਲਾਨੇ ਜਾ ਰਹੇ ਨਸ਼ਿਆਂ ਦੀ ਮਾਤਰਾ ਅਤੇ ਵੱਖ-ਵੱਖ ਅਧਿਐਨਾਂ ਦੇ ਸਿੱਟੇ ਵੇਖੇ ਜਾ ਸਕਦੇ ਹਨ। ਨਸ਼ਾ ਛੁਡਾਊ ਕੇਂਦਰਾਂ, ਨਸ਼ਾ ਛੁਡਾਉਣ ਵਾਲੇ ਅਖ਼ਬਾਰੀ ਇਸ਼ਤਿਹਾਰਾਂ, ਨਸ਼ੇ ਕਾਰਨ ਵਧ ਰਹੇ ਤਲਾਕਾਂ ਦੀ ਗਿਣਤੀ ਵੀ ਨਸ਼ਿਆਂ ਦੀ ਭਿਅੰਕਰਤਾ ਦਰਸਾਉਣ ਲਈ ਕਾਫ਼ੀ ਹੈ। ਲੁੱਟਾਂ-ਖੋਹਾਂ, ਚੋਰੀਆਂ, ਡਾਕਿਆਂ, ਅਗਵਾ, ਕਤਲਾਂ ਤੇ ਬਲਾਤਕਾਰਾਂ ਅਤੇ ਹੋਰ ਅਸਮਾਜਿਕ ਕਾਰਵਾਈਆਂ ਦਾ ਕਾਰਨ ਵਧ ਰਹੇ ਨਸ਼ੇ ਹਨ। ਪੰਜਾਬ ਦੀਆਂ ਜ਼ੇਲ੍ਹਾਂ 'ਚ ਸਮਰੱਥਾ ਤੋਂ ਲਗਪਗ 60 ਫ਼ੀਸਦੀ ਵੱਧ ਕੈਦੀ ਤੇ ਹਵਾਲਾਤੀ ਹਨ। ਅਰਬ ਤੇ ਯੂਰਪੀਨ ਦੇਸ਼ਾਂ, ਅਮਰੀਕਾ ਤੇ ਕੈਨੇਡਾ ਦੀ ਸ਼ਾਇਦ ਕੋਈ ਜੇਲ੍ਹ ਅਜਿਹੀ ਨਾ ਹੋਵੇ ਜਿਸ ਵਿੱਚ ਪੰਜਾਬੀ ਮੁੰਡੇ ਕੈਦ ਨਾ ਹੋਣ।
ਪੰਜਾਬ ਦੇ ਪਿੰਡਾਂ ਖ਼ਾਸ ਕਰਕੇ ਸੀਮਾਵਰਤੀ, ਕੰਢੀ ਤੇ ਬੇਟ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਦੂਰ ਦੇ ਪਿੰਡਾਂ ਵਿੱਚ ਸਿਹਤ, ਸਿੱਖਿਆ, ਬਿਜਲੀ, ਸੂਚਨਾ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ। ਸਕੂਲਾਂ ਤੇ ਸਿਹਤ ਕੇਂਦਰਾਂ ਵਿੱਚ ਅਧਿਆਪਕ, ਡਾਕਟਰ ਤੇ ਪੈਰਾ-ਮੈਡੀਕਲ ਸਟਾਫ਼ ਨਹੀਂ ਹੈ। ਮੁੱਢਲੀਆਂ ਸਰੀਰਕ ਪਰਖਾਂ ਲਈ ਪ੍ਰਯੋਗਸ਼ਾਲਾਵਾਂ, ਦਵਾਈਆਂ ਅਤੇ ਸਹਾਇਕ ਸਿੱਖਿਆ ਸਮੱਗਰੀ ਨਹੀਂ ਹੈ। ਜਿਹੜਾ ਥੋੜ੍ਹਾ-ਬਹੁਤ ਸਟਾਫ਼ ਹੈ, ਉਹ ਕਦੇ-ਕਦਾਈਂ ਹੀ ਆਉਂਦਾ-ਜਾਂਦਾ ਹੈ ਅਤੇ ਅਮਲੀ ਤੌਰ 'ਤੇ ਕੋਈ ਕੰਮ ਨਹੀਂ ਕਰਦਾ। ਸਰਕਾਰੀ ਸਿੱਖਿਆ ਤੇ ਸਿਹਤ ਤੰਤਰ ਦੀ ਹਾਲਤ ਏਨੀ ਬਦਤਰ ਹੈ ਕਿ ਇਨ੍ਹਾਂ ਵਿੱਚ ਪੜ੍ਹਨ ਅਤੇ ਇਲਾਜ ਕਰਾਉਣ ਲਈ ਕੇਵਲ ਅਤਿ ਗ਼ਰੀਬ ਵਿਅਕਤੀ ਹੀ ਜਾਂਦੇ ਹਨ। ਇਹ ਪੰਜਾਬ ਦੀ ਵੱਸੋਂ ਦਾ ਸਭ ਤੋਂ ਹੇਠਲਾ ਹਿੱਸਾ ਹੈ। ਇਹ ਵਰਗ ਏਨਾ ਗੁਰਬਤ ਮਾਰਿਆ, ਅਨਪੜ੍ਹਤਾ ਤੇ ਅਗਿਆਨਤਾ ਦੀ ਦਲਦਲ 'ਚ ਫਸਿਆ ਹੋਇਆ ਹੈ ਕਿ ਉਹ ਪੂਰੀ ਤਰ੍ਹਾਂ ਚੇਤਨਾ ਸੰਕਟ ਦਾ ਸ਼ਿਕਾਰ ਹੈ। ਉਸ ਵਿੱਚ ਹੱਕਾਂ ਪ੍ਰਤੀ ਚੇਤਨਾ ਤੇ ਸਵੈ-ਮਾਣ ਮਰ ਚੁੱਕਾ ਹੈ। ਸਾਹਿਤਕ ਆਲੋਚਨਾ ਦੀ ਭਾਸ਼ਾ 'ਚ ਇਨ੍ਹਾਂ ਨੂੰ 'ਹਾਸ਼ੀਆਗਤ ਲੋਕ' ਆਖਿਆ ਜਾਂਦਾ ਹੈ। ਇਹ ਮੁੱਖ ਰੂਪ ਵਿੱਚ ਪਿੰਡਾਂ ਤੇ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ 'ਚ ਰਹਿੰਦੇ ਦਲਿਤ, ਕਨਾਲਾਂ 'ਚ ਜ਼ਮੀਨਾਂ ਦੇ ਮਾਲਕ ਕਿਸਾਨ, ਖੇਤ ਮਜ਼ਦੂਰ ਅਤੇ ਕਿਰਤ ਦੇ ਘੇਰੇ 'ਚੋਂ ਬਾਹਰ ਕਰ ਦਿੱਤੇ ਗਏ ਪੇਂਡੂ ਕਾਰੀਗਰ ਹਨ। ਪੰਜਾਬੀ ਭਾਈਚਾਰੇ ਦਾ ਇਹ ਇੱਕ ਤਿਹਾਈ ਭਾਗ ਸਰਕਾਰਾਂ ਲਈ ਵੋਟਾਂ ਦੇ ਦਿਨਾਂ ਤੋਂ ਛੁੱਟ ਪੂਰੀ ਤਰ੍ਹਾਂ ਅਪ੍ਰਸੰਗਿਕ ਹੈ।
ਪੰਜਾਬ ਵਿੱਚ ਸਮੁੱਚੇ ਭਾਰਤ ਵਾਂਗ ਪੂਰੀ ਤਰ੍ਹਾਂ ਇਲਾਜਯੋਗ ਬੀਮਾਰੀਆਂ ਕਾਰਨ ਹੁੰਦੀਆਂ ਮੌਤਾਂ ਤੋਂ ਇਲਾਵਾ ਸੜਕੀ ਦੁਰਘਟਨਾਵਾਂ 'ਚ ਹੁੰਦੀਆਂ ਰੋਜ਼ਾਨਾ ਲਗਪਗ ਇੱਕ ਦਰਜਨ ਮੌਤਾਂ ਨਸ਼ਿਆਂ ਕਾਰਨ ਹੁੰਦੀਆਂ ਹਨ। ਇਸ ਤੋਂ ਦੁੱਗਣੀਆਂ ਮੌਤਾਂ ਅਤੇ ਕਿਸਾਨੀ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਗ਼ੈਰ-ਕੁਦਰਤੀ ਤੇ ਬੇਵਕਤ ਆਖੀਆਂ ਜਾ ਸਕਦੀਆਂ ਹਨ। ਇਨ੍ਹਾਂ ਮੌਤਾਂ ਨਾਲ ਜੁੜਿਆ ਆਰਥਿਕ ਤੇ ਸਮਾਜਿਕ ਨੁਕਸਾਨ ਬੇਹਿਸਾਬ ਹੈ। ਸੜਕ ਦੁਰਘਟਨਾਵਾਂ ਨਾਲ ਦੋ ਦਰਜਨ ਤੋਂ ਵੱਧ ਵਿਅਕਤੀ ਫੱਟੜ ਹੋ ਜਾਂਦੇ ਹਨ ਅਤੇ ਇਨ੍ਹਾਂ 'ਚੋਂ ਅੱਧੇ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ। ਮਾਦਾ ਭਰੂਣ ਹੱਤਿਆ, ਦਾਜ ਦੀ ਬਲੀ ਚੜ੍ਹਦੀਆਂ ਧੀਆਂ-ਭੈਣਾਂ ਤੇ ਕਥਿਤ ਅਣਖ ਖਾਤਰ ਹੋ ਰਹੇ ਕਤਲ ਵੀ ਗ਼ੈਰ-ਕੁਦਰਤੀ ਅਤੇ ਬੇਵਕਤ ਮੌਤਾਂ ਦੇ ਖ਼ਾਤੇ ਵਿੱਚ ਹਨ। ਇਹ ਸਾਰੀਆਂ ਮੌਤਾਂ ਤੇ ਵਰਤਾਰੇ ਪੰਜਾਬ ਦੀ ਸਮੂਹਿਕ ਖ਼ੁਦਕਸ਼ੀ ਦੇ ਸੰਕੇਤ ਹਨ। ਪੰਜਾਬ ਵਿੱਚ ਵਧ ਰਿਹਾ ਡੇਰਾਵਾਦ ਅਤੇ ਜਾਤੀਗਤ ਵੱਖਰਤਾ ਦਾ ਰੁਝਾਨ ਪੰਜਾਬ ਦੇ ਵਰਤਮਾਨ ਤੇ ਭਵਿੱਖ ਲਈ ਬੇਹੱਦ ਖ਼ਤਰਨਾਕ ਹੈ। ਜਾਤ ਅਧਾਰਤ ਪੂਜਾ ਸਥਾਨਾਂ, ਡੇਰੇਦਾਰਾਂ, 'ਸੰਤਾਂ-ਮਹਾਂਪੁਰਸ਼ਾਂ', ਸਾਧਾਂ, ਬ੍ਰਹਮ ਗਿਆਨੀਆਂ ਅਤੇ ਸਵਾਮੀਆਂ ਦੀ ਗਿਣਤੀ ਦਾ ਵਧਣਾ ਬਹੁਤ ਹੀ ਖ਼ਤਰਨਾਕ ਹੈ। ਇਨ੍ਹਾਂ ਦੀ ਭੂਮਿਕਾ ਰਾਜਸੀ ਆਗੂਆਂ, ਅਪਰਾਧੀਆਂ ਤੇ ਉੱਚ ਅਫ਼ਸਰਸ਼ਾਹਾਂ ਨਾਲ ਮਿਲ ਕੇ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਚੋਣਾਂ ਵਿੱਚ ਇਹ ਡੇਰੇਦਾਰ ਲੋਕਾਂ 'ਚ ਫੈਲੀ ਵਿਆਪਕ ਅਨਪੜ੍ਹਤਾ-ਅਗਿਆਨਤਾ ਦਾ ਲਾਭ ਲੈ ਕੇ ਧਨ-ਕੁਬੇਰਾਂ ਤੇ ਅਪਰਾਧੀਆਂ ਨੂੰ ਕੌਂਸਲਰ, ਵਿਧਾਇਕ ਅਤੇ ਸੰਸਦ ਮੈਂਬਰ ਬਣਾ ਦਿੰਦੇ ਹਨ ਅਤੇ ਫਿਰ ਆਪਣੀ ਐਸ਼ੋ-ਇਸ਼ਰਤ ਤੇ ਸੌੜੇ ਹਿੱਤਾਂ ਲਈ ਰਾਜਸੀ ਆਗੂਆਂ ਤੇ ਅਫ਼ਸਰਸ਼ਾਹਾਂ ਨੂੰ ਵਰਤਦੇ ਹਨ। ਡੇਰਿਆਂ ਵਿੱਚ ਹੁੰਦੇ ਕੁਕਰਮਾਂ ਦੀਆਂ ਖ਼ਬਰਾਂ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ। ਇਸ ਲਈ ਇਸ ਨਾਪਾਕ ਗੱਠਜੋੜ ਨੂੰ ਤੋੜਨਾ ਪੰਜਾਬ ਨੂੰ ਸਮੂਹਿਕ ਖ਼ੁਦਕੁਸ਼ੀ ਤੋਂ ਬਚਾਉਣ ਲਈ ਬੇਹੱਦ ਜ਼ਰੂਰੀ ਹੈ।
ਜੇਕਰ ਪੰਜਾਬ ਦੇ ਹਾਕਮਾਂ ਨੇ ਪ੍ਰਾਂਤ ਨੂੰ ਸਮੂਹਿਕ ਖ਼ੁਦਕੁਸ਼ੀ ਤੋਂ ਰੋਕਣਾ ਹੈ ਤਾਂ ਪੰਜਾਬ ਨੂੰ ਅਜਿਹਾ ਵਿਕਾਸ ਮਾਡਲ ਅਪਨਾਉਣਾ ਹੋਵੇਗਾ ਜਿਹੜਾ ਕੁਦਰਤ ਤੇ ਮਨੁੱਖ ਪੱਖੀ ਹੋਵੇ, ਜਿਹੜਾ ਮਾਂ ਧਰਤੀ, (ਸਮੇਤ ਜਲ ਸ੍ਰੋਤਾਂ ਦੇ) ਮਾਂ-ਜਨਨੀ, ਮਾਂ-ਬੋਲੀ ਅਤੇ ਸਮੁੱਚੇ ਭੂ-ਮੰਡਲੀ ਵਾਤਾਵਰਨ ਨੂੰ ਬਚਾਉਂਦਾ ਹੋਵੇ। ਰੁੱਖਾਂ, ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਸਰਕਾਰੀ ਸਿੱਖਿਆ ਤੇ ਸਿਹਤ ਤੰਤਰ ਨੂੰ ਬਚਾਉਣਾ ਬੇਹੱਦ ਲਾਜ਼ਮੀ ਹੈ। ਇਨ੍ਹਾਂ ਦੋਵਾਂ ਖੇਤਰਾਂ ਦਾ ਵਪਾਰੀਕਰਨ ਤੇ ਨਿੱਜੀਕਰਨ ਰੋਕਣਾ ਵੀ ਜ਼ਰੂਰੀ ਹੈ। ਪੈਦਾਵਾਰ ਲੋੜ ਅਧਾਰਤ ਹੋਵੇ ਨਾ ਕਿ ਮੁਨਾਫ਼ਾ ਪ੍ਰੇਰਿਤ। ਅਜਿਹਾ ਵਿਕਾਸ ਮਾਡਲ ਅਪਨਾਉਣ ਤੇ ਲਾਗੂ ਕਰਨ ਨਾਲ ਹੀ ਪੰਜਾਬ ਬਚ ਸਕਦਾ ਹੈ।      
ਡਾ. ਅਨੂਪ ਸਿੰਘ
98768-01268