ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਧੋ ਮਨ ਕਾ ਮਾਨੁ ਤਿਆਗਉ


ਸਾਧੋ ਮਨ ਕਾ ਮਾਨੁ ਤਿਆਗਉ£
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ
ਤਾ ਤੇ ਅਹਿਨਿਸਿ ਭਾਗਉ£ ੧£ ਰਹਾਉ£
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ
ਅਉਰੁ ਮਾਨੁ ਅਪਮਾਨਾ£
ਹਰਖ ਸੋਗ ਤੇ ਰਹੈ ਅਤੀਤਾ
ਤਿਨਿ ਜਗਿ ਤਤੁ ਪਛਾਨਾ£ ੧£
ਉਸਤਤਿ ਨਿੰਦਾ ਦੋਊ ਤਿਆਗੈ
ਖੋਜੈ ਪਦੁ ਨਿਰਬਾਨਾ £
ਜਨ ਨਾਨਕ ਇਹੁ ਖੇਲੁ ਕਠਨੁ ਹੈ
ਕਿਨਹੂੰ ਗੁਰਮੁਖਿ ਜਾਨਾ£ ੨£ ੧£ (ਪੰਨਾ ੨੧੮)
ਵੀਚਾਰ ਅਧੀਨ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ 9ਵੇਂ ਪਾਤਸ਼ਾਹ ਨੇ ਗਉੜੀ ਰਾਗ ਅੰਦਰ ਉਚਾਰਨ ਕੀਤਾ ਹੈ ਜੋ ਕਿ ਪਾਵਨ ਅੰਗ 218 'ਤੇ ਸੁਸ਼ੋਭਿਤ ਹੈ। ਦੁਨੀਆਂ ਦੀ ਨਜ਼ਰ ਦੇ ਭੁਲੇਖੇ ਨੂੰ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖਿਆ ਹੈ। ਦੁਨੀਆਂ ਦੀ ਹਾਲਤ ਹੈ : 'ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ£'' ਸੁਖਾਂ ਦਾ ਲੋਭ ਹੈ ਤੇ ਦੁੱਖਾਂ ਦਾ ਡਰ ਹੈ। ਦੁਨੀਆਂ, ਸੁੱਖ ਮਾਣਨ ਵਾਲਿਆਂ ਤੋਂ ਉਤਨੀ ਪ੍ਰਭਾਵਿਤ ਨਹੀਂ ਹੁੰਦੀ ਜਿਤਨੀ ਦੁੱਖ ਝੱਲਣ ਵਾਲਿਆਂ ਤੋਂ ਹੁੰਦੀ ਹੈ। ਕਈ ਵਾਰ ਮਨੁੱਖ ਆਪਣੇ ਦੁੱਖਾਂ ਦਾ ਮਾਰਿਆ ਘਰੋਂ ਨੱਸ ਜਾਂਦਾ ਹੈ ਅਤੇ ਆਪਣੀ ਪੂਜਾ ਪ੍ਰਤਿਸ਼ਠਾ ਦੇ ਸੁਖਾਂ ਦੀ ਲਾਲਸਾ ਕਾਰਨ ਅੱਗੇ ਜਾ ਕੇ ਦੁੱਖਾਂ ਦਾ ਪ੍ਰਬੰਧ ਕਰ ਲੈਂਦਾ ਹੈ।
ਦੇਸੁ ਛੋਡਿ ਪਰਦੇਸਹਿ ਧਾਇਆ£
ਪੰਚ ਚੰਡਾਲ ਨਾਲੇ ਲੈ ਆਇਆ£ ੪£
... ... ... ... ... ...
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ£
ਹੁਕਮੁ ਨ ਬੂਝੈ ਵਿਆਪਿਆ ਮਮਤਾ£ ੬£
ਦੁਨੀਆਂ ਅਜਿਹੇ ਬੰਦੇ ਤੋਂ ਪ੍ਰਭਾਵਿਤ ਹੁੰਦੀ ਹੈ ਜੋ ਭੁੱਖ ਦਾ ਦੁੱਖ ਸਹਿਣ ਕਰੇ, ਧੂਣੇ ਤਪਣ ਤੇ ਜਲ ਪਾਰੇ ਕਰਨ ਦਾ ਦੁੱਖ ਸਹੇ ਜਾਂ ਨੰਗੇ ਪੈਰੀਂ ਰਹਿਣ ਦਾ ਦੁੱਖ ਸਹਿਣ ਕਰੇ। ਜਿਤਨੇ ਜ਼ਿਆਦਾ ਦੁੱਖ ਸਹਿਣ ਕਰੇ ਉਤਨਾ ਵੱਡਾ ਤਪੱਸਵੀ, ਤਿਆਗੀ ਜਾਂ ਸੰਨਿਆਸੀ ਮੰਨਿਆ ਜਾਂਦਾ ਹੈ। ਅਜਿਹਾ ਤਿਆਗੀ ਇਸ ਕਰਕੇ ਦੁੱਖ ਸਹਿ ਰਿਹਾ ਹੈ ਤਾਂ ਕਿ ਪੂਜਾ ਪ੍ਰਤਿਸ਼ਠਾ ਦਾ ਸੁਖ ਮਿਲ ਸਕੇ, ਦੂਜੇ ਪਾਸੇ ਲੋਕ ਉਸਦੇ ਪੈਰਾਂ ਵਿਚ ਇਸ ਕਰਕੇ ਡਿੱਗ ਰਹੇ ਹਨ ਤਾਂ ਕਿ ਆਪਣੇ ਦੁੱਖ ਉਸ ਨੂੰ ਦੇ ਕੇ ਉਸ ਤੋਂ ਸੁਖ ਖਰੀਦੇ ਜਾ ਸਕਣ। ਇਸ ਕਰਕੇ ਜਿੱਥੇ ਸੰਸਾਰੀ ਦੁਖੀ ਹੈ ਉੱਥੇ ਤਿਆਗੀ ਵੀ ਦੁਖੀ ਹੈ। ਸੰਸਾਰੀ, ਤਿਆਗੀ ਤੋਂ ਰੱਬ ਦੀ ਆਸ ਲਾਈ ਬੈਠਾ ਹੈ ਅਤੇ ਤਿਆਗੀ, ਸੰਸਾਰੀ ਤੋਂ ਰੋਟੀਆਂ ਦੀ ਆਸ ਲਾਈ ਬੈਠਾ ਹੈ। ਪਾਤਸ਼ਾਹ ਨੇ ਅਜਿਹੇ ਸਾਧੂ ਤਿਆਗੀ ਦੀ ਗੱਲ ਇਸ ਸ਼ਬਦ ਵਿਚ ਕੀਤੀ ਹੈ, ਜੋ ਬਾਹਰੋਂ ਸਾਧੂ ਹੈ ਅਤੇ ਅੰਦਰੋਂ ਭੋਗੀ ਹੈ। ਸੰਸਾਰੀ ਬੰਦੇ ਨੂੰ ਪੈਸੇ ਦੀ ਪਕੜ ਹੋ ਸਕਦੀ ਹੈ, ਜ਼ਮੀਨ ਦੀ ਪਕੜ ਹੋ ਸਕਦੀ ਹੈ, ਕੁਰਸੀ ਦੀ ਪਕੜ ਹੋ ਸਕਦੀ ਹੈ, ਰੂਪ ਦੀ ਪਕੜ ਹੋ ਸਕਦੀ ਹੈ ਪਰ ਸਾਧੂ ਵੀ ਛੁੱਟਿਆ ਨਹੀਂ, ਉਸਨੂੰ ਤਿਆਗ ਦੀ ਪਕੜ ਹੈ। ਇਕ ਸੰਸਾਰੀ ਬੰਦਾ ਤਾਂ ਕਹਿ ਸਕਦਾ ਹੈ ਕਿ ਮੇਰੇ ਵਰਗਾ ਕੋਈ ਅਮੀਰ ਨਹੀਂ, ਪੜ੍ਹਿਆ ਲਿਖਿਆ ਨਹੀਂ, ਬਾਦਸ਼ਾਹ ਨਹੀਂ, ਰੂਪਵੰਤ ਨਹੀਂ। ਇਕ ਸਾਧੂ ਵੀ ਤਾਂ ਕਹਿ ਦਿੰਦਾ ਹੈ ਕਿ ਮੇਰੇ ਵਰਗਾ ਕੋਈ ਸਾਧੂ ਨਹੀਂ, ਤਪੱਸਵੀ ਨਹੀਂ, ਤਿਆਗੀ
ਨਹੀਂ। ਤਾਂ ਹੀ ਸਤਿਗੁਰੂ ਨੇ ਕਿਹਾ ਹੈ :
(1) ਹਮ ਬਡ ਕਬਿ ਕੁਲੀਨ ਹਮ ਪੰਡਿਤ
ਹਮ ਜੋਗੀ ਸੰਨਿਆਸੀ£
ਪੰਡਿਤ ਗੁਨੀ ਸੂਰ ਹਮ ਦਾਤੇ
ਏਹ ਬੁਧਿ ਕਬਹਿ ਨ ਨਾਸੀ£
(2) ਤੀਰਥਿ ਜਾਉ ਤ ਹਉ ਹਉ ਕਰਤੇ£
ਪੰਡਿਤ ਪੂਛਉ ਤ ਮਾਇਆ ਰਾਤੇ£
(3) ਘਾਟਿ ਨ ਕਿਨਹੀ ਕਹਾਇਆ
ਸਭਿ ਕਹਤੇ ਹਹਿ ਪਾਇਆ£
ਸਾਧੂ ਭੋਜਨ ਦਾ ਤਿਆਗੀ ਹੈ, ਕੱਪੜਿਆਂ ਦਾ ਤਿਆਗੀ ਹੈ, ਬੱਚੇ ਅਤੇ ਇਸਤਰੀ ਦਾ ਤਿਆਗੀ ਹੈ ਪਰ ਇਸ ਭਾਵਨਾ ਦਾ ਤਿਆਗੀ ਨਹੀਂ ਕਿ ਮੇਰੇ ਵਰਗਾ ਕੋਈ ਤਿਆਗੀ ਨਹੀਂ। ਅਜਿਹਾ ਸਾਧੂ ਇਸ ਗੱਲ 'ਤੇ ਵੀ ਹੰਕਾਰ ਕਰਦਾ ਹੈ ਕਿ ''ਮੈਂ ਹੰਕਾਰੀ ਨਹੀਂ, ਇਸੇ ਨੂੰ ਸੂਖਮ ਹਉਮੈ ਕਿਹਾ ਜਾਂਦਾ ਹੈ। ਇਹ ਵੀ ਸੱਚ ਹੈ ਕਿ ਭੋਗੀ ਦਾ ਭੋਗ ਤੋਂ ਛੁੱਟਣਾ ਸੌਖਾ ਹੈ ਪਰ ਤਿਆਗੀ ਦਾ ਤਿਆਗ ਤੋਂ ਛੁੱਟਣਾ ਬੜਾ ਔਖਾ ਹੈ ਕਿਉਂਕਿ ਭੋਗੀ ਹੋਈ ਵਸਤੂ, ਭੋਗਦਿਆਂ ਹੀ ਵਿਅਰਥ ਹੋ ਜਾਂਦੀ ਹੈ। ਕੋਈ ਫਿਲਮ ਦੇਖੀ ਜਾਂ ਗੀਤ ਸੁਣਿਆ, ਸੁਣਦਿਆਂ ਹੀ ਬੇਰਸਾ ਹੋ ਜਾਂਦਾ ਹੈ। ਇਕੋ ਫਿਲਮ ਨੂੰ ਕੌਣ ਵਾਰ-ਵਾਰ ਦੇਖਦਾ ਹੈ? ਇਕ ਸਬਜ਼ੀ ਕੌਣ ਵਾਰ-ਵਾਰ ਖਾਂਦਾ ਹੈ? ਵਿਕਾਰ ਦੂਰੋਂ ਹੀ ਸੋਹਣੇ ਲਗਦੇ ਹਨ, ਭੋਗਦਿਆਂ ਹੀ ਪੱਲੇ ਸਵਾਹ ਰਹਿ ਜਾਂਦੀ ਹੈ। ਕਾਮ ਭੋਗਦਿਆਂ ਹੀ ਪੱਲੇ ਪਛਤਾਵਾ ਰਹਿ ਜਾਂਦਾ ਹੈ। ਜਦੋਂ ਤੱਕ ਦੂਰ ਹੈ ਵਸਤੂ ਸਤਾਉਂਦੀ ਹੈ, ਹੱਥ ਵਿਚ ਆਈ ਕਿ ਵਿਅਰਥ ਹੋ ਗਈ। ਇਸੇ ਕਰਕੇ ਕਿਸੇ ਵਸਤੂ ਦੀ ਵਿਅਰਥਤਾ ਨੂੰ ਉਸਨੂੰ ਭੋਗਣ ਵਾਲਾ ਜਾਣ ਸਕਦਾ ਹੈ, ਉਸਨੂੰ ਤਿਆਗਣ ਵਾਲਾ ਨਹੀਂ। ਛੱਡੀ ਹੋਈ ਵਸਤੂ ਤਾਂ ਬੰਦੇ ਦਾ ਪਿੱਛਾ ਹੀ ਨਹੀਂ ਛੱਡਦੀ, ਇਹੀ ਕਾਰਨ ਹੈ ਇਸਤਰੀ ਦੇ ਤਿਆਗੀ ਨੂੰ ਅਚੇਤ ਰੂਪ ਵਿਚ ਇਸਤਰੀ ਸਤਾਉਂਦੀ ਹੈ ਤੇ ਮਾਇਆ ਦੇ ਤਿਆਗੀ ਨੂੰ ਮਾਇਆ ਦੇ ਸੁਪਨੇ ਆਉਂਦੇ ਹਨ। ਛੱਡੀ ਹੋਈ ਵਸਤੂ ਪਕੜ ਲੈਂਦੀ ਹੈ ਤੇ ਪਕੜੀ ਹੋਈ ਵਸਤੂ ਛੁੱਟ ਜਾਂਦੀ ਹੈ। ਇਤਿਹਾਸ ਗਵਾਹ ਹੈ ਰਾਜ ਭੋਗ ਨੂੰ ਪਕੜਨ ਵਾਲੇ, ਰਾਜੇ ਭਰਥਰੀ ਵਰਗੇ, ਗੋਪੀ
ਚੰਦ ਵਰਗੇ, ਸਿਧਾਰਥ ਵਰਗੇ, ਜੋਗੀ ਬਣ ਗਏ ਤੇ ਦੂਜੇ ਪਾਸੇ ਮਛਿੰਦਰ ਨਾਥ ਵਰਗਿਆਂ ਨੂੰ ਪਿਛਲੇਰੀ ਉਮਰ ਵਿਚ ਵੀ ਵਿਆਹ ਕਰਾਉਣ ਦਾ ਚੇਤਾ ਆ ਗਿਆ। ਰੋਟੀ ਦਾ ਤਿਆਗੀ, ਰੋਟੀ ਦੀ ਪਕੜ ਤੋਂ ਕਿਵੇਂ ਬਚ ਸਕਦਾ ਹੈ। ਜੇ ਭੁੱਖ ਹੈ ਤਾਂ ਪਕੜ ਰਹੇਗੀ ਹੀ ਤੇ ਭੁੱਖ ਨੂੰ ਰੋਟੀ ਖਾਧੇ ਬਿਨਾਂ ਕੋਈ ਮਿਟਾ ਨਹੀਂ ਸਕਦਾ। ਜੇ ਦਰਦ ਹੈ ਤਾਂ ਪਕੜ ਰਹੇਗੀ ਹੀ ਕਿਉਂਕਿ ਦਵਾਈ ਤੋਂ ਬਿਨਾਂ ਰੋਗ ਮਿਟਾਇਆ ਨਹੀਂ ਜਾ ਸਕਦਾ। ਇਸ ਸੱਚ ਨੂੰ ਸ੍ਰੀ ਕਬੀਰ ਜੀ ਨੇ ਵੀ ਬਿਆਨ ਕੀਤਾ ਹੈ ਕਿ ਕਿਸੇ ਰਾਜੇ ਨੂੰ ਉਸਦਾ ਹੰਕਾਰ ਮੁਬਾਰਕ ਪਰ ਧਾਰਮਿਕ ਅਖਵਾਉਣ ਵਾਲਾ ਬੰਦਾ ਵੀ ਹੰਕਾਰੀ ਹੋ ਗਿਆ:
ਕਬੀਰ ਮਾਇਆ ਤਜੀ ਤ ਕਿਆ ਭਇਆ
ਜਉ ਮਾਨ ਤਜਿਆ ਨਹੀ ਜਾਇ£
ਮਾਨ ਮੁਨੀ ਮੁਨਿਵਰ ਗਲੇ ਮਾਨ ਸਭੈ ਕਉ ਖਾਇ£
ਪਾਵਨ ਸ਼ਬਦ ਅੰਦਰ ਪਾਤਸ਼ਾਹ ਇਕ ਸਾਧੂ ਨੂੰ ਹੰਕਾਰ ਛੱਡਣ ਦੀ ਪ੍ਰੇਰਨਾ ਦੇ ਰਹੇ ਹਨ। ਇਕ ਹੋਵੇ ਸਾਧੂ ਤੇ ਦੂਜਾ ਹੰਕਾਰੀ। ਇਹ ਗੱਲ ਬੜੀ ਅਜੀਬ ਪ੍ਰਤੀਤ ਹੁੰਦੀ ਹੈ ਪਰ ਸੱਚ ਹੈ, ਫ਼ਰਕ ਸਿਰਫ਼ ਇਤਨਾ ਹੈ ਕਿ ਜੋ ਸਾਧੂ ਨਹੀਂ ਉਸਦਾ ਹੰਕਾਰ ਅਸਥੂਲ ਹੈ, ਜੋ ਸਾਧੂ ਹੈ ਉਸਦਾ ਹੰਕਾਰ ਸੂਖਮ ਹੈ। ਫ਼ਰਕ ਕੇਵਲ ਬਾਹਰੋਂ ਦੇਖਣ ਵਿਚ ਹੈ, ਬੁਨਿਆਦੀ ਤੌਰ ਤੇ ਜੋਗੀ ਤੇ ਭੋਗੀ ਇਕੋ ਤਲ ਤੇ ਖੜ੍ਹੇ ਹਨ ਕਿਉਂਕਿ ਹੰਕਾਰ ਦੀ ਜੜ੍ਹ ਮਨ ਵਿਚ ਹੈ ਤੇ ਸਰੀਰ ਤੇ ਇਸਦਾ ਅਸਰ ਦਿਖਾਈ ਦਿੰਦਾ ਹੈ। ਜੜ੍ਹ ਛੁਪੀ ਹੁੰਦੀ ਹੈ ਤੇ ਦਰੱਖਤ ਪ੍ਰਗਟ ਹੁੰਦਾ ਹੈ ਪਰ ਦੋਵੇਂ ਜੁੜੇ ਹੀ ਹੁੰਦੇ ਹਨ। ਇਸੇ ਲਈ ਗੁਰੂ ਜੀ ਨੇ ਸਮਝਾਇਆ : 'ਸਾਧੋ ਮਨ ਕਾ ਮਾਨੁ ਤਿਆਗਉ£' ਅਰਥਾਤ ਹੰਕਾਰ ਨੂੰ ਜੜ੍ਹੋਂ ਪੁੱਟਣ ਦੀ ਲੋੜ ਹੈ ਨਹੀਂ ਤਾਂ ਮਨ ਚਾਹੇ ਸਾਧੂ ਦਾ ਹੋਵੇ ਜਾਂ ਅਸਾਧੂ ਦਾ ਹੋਵੇ ਹੰਕਾਰ ਪੈਦਾ ਕਰ ਹੀ ਲਵੇਗਾ। ਇਕ ਕਹਿ ਰਿਹਾ ਮੇਰੇ ਵਰਗਾ ਰਾਜਾ ਕੋਈ ਨਹੀਂ, ਦੂਜਾ ਕਹਿ ਰਿਹਾ ਮੇਰੇ ਵਰਗਾ ਭਿਖਾਰੀ ਕੋਈ ਨਹੀਂ। ਇਕ ਨੂੰ ਮਹਿੰਗੇ ਕੱਪੜਿਆਂ ਦੀ ਆਕੜ ਹੈ ਦੂਜਾ ਨੰਗਾ ਰਹਿ ਕੇ ਹੀ ਆਫਰਿਆ ਫਿਰਦਾ ਹੈ। ਇਕ ਮਹਿੰਗੀ ਜੁੱਤੀ ਦੇ ਨਸ਼ੇ ਵਿਚ ਹੈ ਤੇ ਦੂਜੇ ਨੂੰ ਨੰਗੇ ਪੈਰੀਂ ਚੱਲਣ ਦੀ ਆਕੜ ਹੈ। ਇਕ ਛਤੀਹ ਪ੍ਰਕਾਰ ਦੇ ਭੋਜਨ ਦੇਖ ਕੇ ਨੱਕ ਚੜ੍ਹਾਉਂਦਾ ਹੈ ਤੇ ਦੂਜਾ ਗੰਦ ਮੰਦ ਖਾ ਕੇ ਆਪਣੇ ਆਪ ਨੂੰ ਸ੍ਰੇਸ਼ਟ ਸਮਝੀ ਬੈਠਾ ਹੈ। ਇਕ ਨੂੰ ਮਹਿਲ ਮਾੜੀਆਂ ਦਾ ਹੰਕਾਰ ਹੈ ਤੇ ਦੂਜੇ ਨੂੰ ਉਜਾੜ ਵਿਚ ਵੱਸਣ ਦਾ ਹੰਕਾਰ ਹੈ।
ਹਉਮੈ ਬੁਝੈ ਤ ਦਰਿ ਸੂਝੈ£
ਗਿਆਨ ਬਿਹੂਣਾ ਕਥਿ ਕਥਿ ਲੁਝੈ£
ਹੁਣ ਅਗਲੀ ਗੱਲ ਹੈ ਹੰਕਾਰ ਦੇ ਸੁਭਾਅ ਦੀ। ਹੰਕਾਰ ਹਮੇਸ਼ਾ ਦੂਜੇ ਨੂੰ ਝੁਕਾਉਂਦਾ ਹੈ। ਜੇ ਦੁਨਿਆਵੀ ਉਦਾਹਰਨਾਂ ਲਈਏ ਤਾਂ ਸਾਡੇ ਸਾਹਮਣੇ ਕਈ ਜ਼ਾਲਮ ਅਤੇ ਅਹੰਕਾਰੀ ਰਾਜਿਆਂ ਦੇ ਨਾਮ ਆ ਜਾਂਦੇ ਹਨ। ੱਹੰਕਾਰ ਆਪਣੇ ਵਿਰੋਧੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਔਰੰਗਜ਼ੇਬ ਨਹੀਂ ਚਾਹੁੰਦਾ ਕਿ ਹਿੰਦੋਸਤਾਨ ਵਿਚ ਕੋਈ ਗੈਰ-ਮੁਸਲਮਾਨ ਰਹੇ। ਹਿੰਦੂਆਂ ਦੇ ਜ਼ਬਰਦਸਤੀ ਜਨੇਊ ਉਤਾਰਨੇ, ਮੰਦਰ ਢਾਹ ਕੇ ਮਸੀਤਾਂ ਉਸਾਰਨੀਆਂ ਅਹੰਕਾਰ ਦਾ ਪ੍ਰਤੱਖ ਦਰਸ਼ਨ ਹੀ ਤਾਂ ਹੈ। ਦੂਜੇ ਦੇ ਧਰਮ ਨੂੰ ਬਦਲਣਾ, ਬੋਲੀ ਨੂੰ ਬਦਲਣਾ, ਪਹਿਰਾਵੇ ਨੂੰ ਬਦਲਣਾ, ਇਥੋਂ ਤੱਕ ਕਿ ਨਗਰਾਂ ਦੇ ਨਾਮ ਵੀ ਬਦਲ ਦਿੱਤੇ। ਫਿਰ ਬਾਬਰ ਨੂੰ ਜਾਬਰ ਕਹਿਣ ਦਾ ਕਾਰਨ ਵੀ ਤਾਂ ਇਹੋ ਹੀ ਹੈ। ਨਾਦਰਸ਼ਾਹ ਜਿਸ ਦਾ ਜਨਮ ਇਕ ਗਰੀਬ ਆਜਤੀ ਦੇ ਘਰ ਖੁਰਾਸਾਨ ਵਿਚ 1688 ਈ. ਵਿਚ ਹੋਇਆ ਜਿਸਨੇ 1739 ਈ. ਵਿਚ ਹਿੰਦੋਸਤਾਨ ਤੇ ਚੜ੍ਹਾਈ ਕੀਤੀ। ਮੁਹੰਮਦ ਸ਼ਾਹ ਰੰਗੀਲੇ ਨੇ ਹਾਰ ਖਾਧੀ। ਜਿੱਥੇ ਰਸਤੇ ਵਿਚ ਗਰੀਬ ਲੋਕਾਂ ਦੀ ਲੁੱਟ ਮਾਰ ਕੀਤੀ, ਉੱਥੇ ਦਿੱਲੀ ਵਿਚ ਕਤਲੇਆਮ ਦਾ ਹੁਕਮ ਵੀ ਦਿੱਤਾ। ਅਉਰ ਇਹ ਹੁਕਮ ਵੀ ਇਕ ਸੁਨਹਿਰੀ ਮਸੀਤ ਵਿਚ ਬੈਠ ਕੇ ਦਿੱਤਾ, ਕਿਉਂਕਿ ਹੰਕਾਰ ਕਦੇ ਵੀ ਰੱਬ ਦੇ ਘਰ ਦੀ ਪਹਿਚਾਣ ਨਹੀਂ ਕਰ ਸਕਦਾ। ਨੌਂ ਘੰਟਿਆਂ ਵਿਚ ਹਜ਼ਾਰਾਂ ਆਦਮੀ ਵੱਢੇ ਗਏ। ਹੰਕਾਰ ਨੇ ਹੁਕਮ ਦਿੱਤਾ ਕਿ ਤਖਤੇ ਤਾਊਸ ਅਤੇ ਕੋਹਿਨੂਰ ਹੀਰਾ ਮੇਰੇ ਕੋਲ ਹੀ ਹੋਵੇ ਦੂਜੇ ਕੋਲ ਕਿਉਂ ਹੋਵੇ। ਨਾਦਰਸ਼ਾਹ ਲੁੱਟ ਕੇ ਇਰਾਨ ਨੂੰ ਰਵਾਨਾ ਹੋ ਗਿਆ। 20 ਜੂਨ 1747 ਈ. ਵਿਚ ਆਪਣੀ ਹੀ ਜਾਤੀ ਦੇ ਬੰਦਿਆਂ ਹੱਥੋਂ ਇਸ ਦਾ ਕਤਲ ਹੋਇਆ ਤੇ ਇਸ ਦੀ ਦੇਹ ਮਸੁਹਦ ਸ਼ਹਿਰ ਵਿਚ ਸਪੁਰਦੇ ਖ਼ਾਕ ਕਰ ਦਿੱਤੀ ਗਈ। ਇਸੇ ਨਾਦਰਸ਼ਾਹ ਦਾ ਨਾਦਰਸ਼ਾਹੀ ਕਤਲਾਣ ਮਸ਼ਹੂਰ ਹੈ। ਫਿਰ ਚੰਗੇਜ਼ ਖਾਨ ਦੇ ਜ਼ੁਲਮ ਤੋਂ ਕੌਣ ਜਾਣੂ ਨਹੀਂ? ਇਸ ਦਾ ਜਨਮ 1154 ਈ. ਵਿਚ ਤਾਤਾਰ ਦੇ ਬਾਦਸ਼ਾਹ ''ਚਾਮ ਕੇ ਦਾਮ'' ਵਾਲੀ ਕਹਾਵਤ ਆਮ ਵਰਤੀ ਜਾਂਦੀ ਹੈ ਪਰ ਇਸ ਦਾ ਇਤਿਹਾਸਕ ਪਿਛੋਕੜ ਸ਼ਾਇਦ ਨਾ ਪਤਾ ਹੋਵੇ। ਇਹ ਪ੍ਰਸਿੱਧ ਹੈ ਕਿ ਨਿਜਾਮ ਭਿਸ਼ਤੀ ਨੇ ਹਮਾਯੂੰ ਨੂੰ ਡੁੱਬਦੇ ਨੂੰ ਬਚਾਇਆ ਸੀ। ਇਸ ਉਪਕਾਰ ਦੇ ਬਦਲੇ ਉਸ ਨੂੰ ਅੱਧੇ ਦਿਨ ਲਈ ਬਾਦਸ਼ਾਹਤ ਮਿਲ ਗਈ। ਇਤਨੇ ਸਮੇਂ ਲਈ ਉਸ ਨੇ ਧਾਤੂ ਦੇ ਸਿੱਕੇ ਦੀ ਥਾਂ ਚਮੜੇ ਦੇ ਸਿੱਕੇ ਦਾ ਪ੍ਰਚਾਰ ਕੀਤਾ। ''ਜਿਸ ਦੀ ਲਾਠੀ ਉਸਦੀ ਭੈਂਸ''। ਡਾਢੇ ਦਾ ਚਮੜਾ ਵੀ ਕਰਾਂਸੀ ਦਾ ਕੰਮ ਕਰਦਾ ਹੈ। ਇਸ ਸੰਬੰਧ ਵਿਚ ਕਿਸੇ ਕਵੀ ਦਾ ਸਵੱਯਾ ਬੜਾ ਪਿਆਰਾ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਜੇ ਮੂਰਖ ਨੂੰ ਰਾਜਾ ਬਣਾ ਦਿੱਤਾ ਜਾਵੇ ਤਾਂ ਸਿਆਣੇ ਦੇ ਕੀ ਕੰਮ ਆਏਗਾ। ਜੇ ਨੀਚ ਬੰਦਾ ਅਮੀਰ ਹੋ ਜਾਵੇ ਤਾਂ ਉਸਦਾ ਸਮਾਜ ਨੂੰ ਕੀ ਲਾਭ ਹੈ। ਜੇ ਜੋਗੀ ਦੇ ਹੱਥ ਚੰਦਨ ਆ ਜਾਵੇ ਤਾਂ
ਉਸਨੇ ਉਸਦੀ ਸਵਾਹ ਬਣਾ ਕੇ ਪਿੰਡੇ ਤੇ ਮੱਲ ਲੈਣੀ ਹੈ ਅਤੇ ਜੇਕਰ ਕਿਸੇ ਜੁੱਤੀਆਂ ਬਣਾਉਣ ਵਾਲੇ ਨੂੰ ਰਾਜਾ ਬਣਾ ਦਿੱਤਾ ਜਾਵੇ ਤਾਂ ਉਸਨੇ ਚਮੜੇ ਦੇ ਹੀ ਸਿੱਕੇ ਚਲਾਉਣੇ ਸ਼ੁਰੂ ਕਰ ਦੇਣੇ ਹਨ¸
ਸਾਹਿਬੀ ਪਾਇ ਅਜਾਨ ਕਹੂ
ਤੁ ਸੁਜਾਨਨ ਕੇ ਹੀ ਬੁਰੇ ਕਉ ਧਾਵਹਿ£
ਜੋ ਧਨ ਹਾਥਿ ਬੁਰੇ ਕੀ ਪਰੈ
ਤੁ ਭਲੇਨ ਹੂ ਕੇ ਕਛੂ ਕਾਮ ਨ ਆਵੈ£
ਜੋਗਿ ਬਢੈ ਤੁ ਬਨਾਇ ਕੈ ਖੱਪਰ
ਚੰਦਨ ਕਾਟਿ ਬਿਭੂਤਿ ਬਨਾਵੈ£
ਜਉ ਦਿਨ ਚਾਰ ਮਿਲੈ ਕਹੂ ਰਾਜ,
ਚਮਾਰ ਤੁ ਚਾਮ ਕੇ ਦਾਮ ਚਲਾਵੈ£
ਇੱਥੋਂ ਤੱਕ ਗੱਲ ਕੀਤੀ ਹੈ ਦੁਨਿਆਵੀ ਹੰਕਾਰੀਆਂ ਦੀ। ਆਉ ਹੁਣ ਗੱਲ ਕਰੀਏ ਧਾਰਮਿਕ ਹੰਕਾਰੀਆਂ ਦੀ। ਜਿਵੇਂ ਦੁਨੀਆਵੀ ਹੰਕਾਰੀ ਆਪਣੇ ਆਪ ਨੂੰ ਸੁਪਰੀਮ ਮੰਨਦਾ ਹੈ, ਉਸੇ ਤਰ੍ਹਾਂ ਧਾਰਮਿਕ ਹੰਕਾਰੀ ਦੁਨੀਆਂ ਤੋਂ ਆਪਣੇ ਆਪ ਨੂੰ ਸ੍ਰੇਸ਼ਟ ਮੰਨਦਾ ਹੈ। ਦੁਨੀਆਵੀ ਹੰਕਾਰੀ ਕਹਿੰਦਾ ਹੈ, ''ਹਉ ਬੰਧਉ ਹਉ ਸਾਧਉ ਬੈਰ£ ਹਮਰੀ ਭੂਮਿ ਕਉਨ ਘਾਲੈ ਪੈਰ£'' ਅਸੀਂ ਸੰਗਲ ਪਾ ਲਵਾਂਗੇ, ਅਸੀਂ ਤਾਂ ਬਦਲਾ ਲੈ ਕੇ ਰਹਾਂਗੇ, ਕੋਈ ਸਾਡੀ ਜ਼ਮੀਨ ਤੇ ਪੈਰ ਰੱਖ ਕੇ ਤਾਂ ਵੇਖੇ। ਧਾਰਮਿਕ ਹੰਕਾਰੀ ਕਹਿੰਦਾ ਹੈ, ''ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ£''
ਮੇਰੇ ਵਰਗਾ ਸਿਆਣਾ ਤੇ ਅਕਲ ਵਾਲਾ ਕੋਈ ਨਹੀਂ, ਪਰਮਾਤਮਾ ਨੂੰ ਵੀ ਕੁਝ ਨਹੀਂ ਸਮਝਦਾ। ਗੁਰੂ ਨਾਨਕ ਪਾਤਸ਼ਾਹ ਜੀ ਹੰਕਾਰੀਆਂ ਦਾ ਇਲਾਜ ਕਰਨ ਲਈ ਸੁਮੇਰ ਪਰਬਤ ਤੇ ਗਏ। ਰੋਗੀਆਂ ਦੀ ਭੀੜ ਨੇ ਉਸ ਵੈਦ ਦੀ ਵੈਦਗੀ ਨੂੰ ਆਪਣੇ ਰੋਗ ਤੇ ਵਰਤਣ ਦੀ ਥਾਂ ਆਪਣੇ ਰੋਗ ਨੂੰ ਉਸ ਵੈਦ ਦੀ ਵੈਦਗੀ ਤੇ ਵਰਤਣ ਦਾ ਯਤਨ ਕੀਤਾ ਹੈ। ਸੋਚਣ ਲੱਗੇ ਕਿਵੇਂ ਬਾਬੇ ਨੂੰ ਵੱਸ ਵਿਚ ਕਰੀਏ, ਇਹ ਗ੍ਰਿਹਸਤੀ ਹੈ ਤੇ ਗ੍ਰਿਹਸਤੀ ਵਾਸਤੇ ਸਭ ਤੋਂ ਵੱਡਾ ਬੰਧਨ ਮਾਇਆ ਹੈ। ਸਿੱਧ ਸੋਚਣ ਲੱਗੇ¸
ਖਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਿ ਲਾਲਾ£
ਫਿਰਿ ਆਇਆ ਗੁਰ ਨਾਥ ਜੀ!
ਪਾਣੀ ਠਉੜੁ ਨਹੀ ਉਸ ਤਾਲਾ£
ਗੁਰੂ ਜੀ ਉਹਨਾਂ ਦਾ ਹੁਕਮ ਮੰਨ ਕੇ ਪਾਣੀ ਲੈਣ ਚਲੇ
ਗਏ, ਉੱਥੇ ਪਾਣੀ ਦੀ ਜਗ੍ਹਾ ਹੀਰੇ ਮੋਤੀ ਸਨ। ਦੂਜੇ ਪਾਸੇ ਸਿੱਧ ਸੋਚਣ ਲੱਗੇ ਕਿ ਸ਼ਾਇਦ ਗੁਰੂ ਜੀ ਹੀਰਿਆਂ ਦੀ ਪੰਡ ਬੰਨ੍ਹ ਕੇ ਲਿਆਉਣਗੇ ਅਤੇ ਅਸੀਂ ਤਾੜੀ ਮਾਰ ਕੇ ਹੱਸ ਪਵਾਂਗੇ ਪ੍ਰੰਤੂ ਗੁਰੂ ਜੀ ਖਾਲੀ ਕਮੰਡਲ ਲੈ ਕੇ ਵਾਪਿਸ ਆ ਗਏ। ਸਿੱਧਾਂ ਨੇ ਗੁਰੂ ਜੀ ਨੂੰ ਪਾਣੀ ਨਾ ਲਿਆਉਣ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਕਿਹਾ ਉੱਥੇ ਪਾਣੀ ਹੈ ਹੀ ਨਹੀਂ ਸੀ। ਸਿੱਧ ਕਹਿਣ ਲੱਗੇ ਜੇ ਉੱਥੇ ਪਾਣੀ ਨਹੀਂ ਸੀ ਤਾਂ ਕੁਝ ਨਾ ਕੁਝ ਹੋਰ ਤਾਂ ਜ਼ਰੂਰ ਹੋਵੇਗਾ। ਗੁਰੂ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਮੇਰਾ ਵਾਸਤਾ ਕੇਵਲ ਪਾਣੀ ਨਾਲ ਸੀ, ਹੋਰ ਉੱਥੇ ਕੁਝ ਵੀ ਹੋਵੇ ਅਸਾਂ ਉਸ ਤੋਂ ਕੀ ਲੈਣਾ ਹੈ। ਇਹ ਸੁਣ ਕੇ ਸਿੱਧਾਂ ਦੇ ਮੂੰਹ ਸੀਤੇ ਗਏ, ਗੁਰੂ ਜੀ ਨੂੰ ਜਿੱਤਦੇ-ਜਿੱਤਦੇ ਖੁਦ ਹਾਰ ਗਏ। ''ਸਬਦਿ ਜਿਤੀ ਸਿਧਿ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ£'' ਜੋਗੀ ਹੋ ਕੇ ਵੀ ਉਹਨਾਂ ਦੇ ਮਨ ਵਿਚ ਹੀਰਿਆਂ ਦੀ ਇਤਨੀ ਕੀਮਤ ਹੈ। ਜੇਕਰ ਐਸਾ ਨਾ ਹੁੰਦਾ ਤਾਂ ਕਦੇ ਵੀ ਗੁਰੂ ਜੀ ਨੂੰ ਪਾਣੀ ਲੈਣ ਨਾ ਭੇਜਦੇ। ਦੂਜੇ ਪਾਸੇ ਗੁਰੂ ਜੀ ਨੂੰ ਹੀਰਿਆਂ ਦਾ ਖਿਆਲ ਹੀ ਨਾ ਆਇਆ। ਲਾਲਚ ਦਾ ਹਥਿਆਰ ਫੇਲ੍ਹ ਗਿਆ। ਸੁਮੇਰ ਪਰਬਤ ਤੇ ਵੀ ਗੁਰੂ ਜੀ ਦੀ ਸਿੱਧਾਂ ਨਾਲ ਗੋਸਟਿ ਹੋਈ, ਵੀਚਾਰ ਨਾਲ ਜਿੱਤਣ ਦਾ ਯਤਨ ਕੀਤਾ ਉਹ ਵੀ ਫੇਲ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਅਖੀਰ ਵਿਚ ਸਿੱਧਾਂ ਨੇ ਬਾਬੇ ਨੂੰ ਕਰਾਮਾਤ ਨਾਲ ਡਰਾਉਣਾ ਚਾਹਿਆ¸
ਸਿਧਿ ਬੋਲਨਿ ਸਭਿ ਅਵਖਧੀਆ
ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ।
ਰੂਪ ਵਟਾਏ ਜੋਗੀਆ
ਸਿੰਘ ਬਾਘਿ ਬਹੁ ਚਲਿਤਿ ਦਿਖਾਈ।
ਇਕਿ ਪਰਿ ਕਰਿਕੈ ਉਡਰਨਿ ਪੰਖੀ ਜਿਵੈ ਰਹੇ ਲੀਲਾਈ।
ਇਕ ਨਾਗ ਹੋਇ ਪਉਣ ਛੋੜਿਆ
ਇਕਨਾ ਵਰਖਾ ਅਗਨਿ ਵਸਾਈ।
ਤਾਰੇ ਤੋੜੇ ਭੰਗਰਿ ਨਾਥ
ਇਕ ਚੜਿ ਮਿਰਗਾਨੀ ਜਲੁ ਤਰਿ ਜਾਈ।
ਸਿਧਾਂ ਅਗਨਿ ਨ ਬੁਝੈ ਬੁਝਾਈ£ ੪੧£
ਸੋ ਹੰਕਾਰੀ ਚਾਹੇ ਦੁਨੀਆਵੀ ਹੋਵੇ ਜਾਂ ਧਾਰਮਿਕ ਹੋਵੇ ਦੂਜੇ ਨੂੰ ਹਰਾਉਣ ਦੀ, ਨੀਵਾਂ ਦਿਖਾਉਣ ਦੀ ਫਿਤਰਤ ਦੋਹਾਂ ਦੀ ਬਰਾਬਰ ਹੈ। ਔਰੰਗਜ਼ੇਬ ਤਲਵਾਰ ਦੀ ਵਰਤੋਂ ਕਰਦਾ ਹੈ ਤੇਜੋਗੀ ਵੀਚਾਰ ਦੀ ਵਰਤੋਂ ਕਰਦਾ ਹੈ। ਵਜ਼ੀਰ ਖਾਂ ਸਾਹਿਬਜ਼ਾਦਿਆਂ ਨੂੰ ਰਾਜ ਭਾਗ ਦਾ ਲਾਲਚ ਦਿੰਦਾ ਹੈ ਤੇ ਸਿੱਧ ਗੁਰੂ ਜੀ ਨੂੰ ਹੀਰਿਆਂ ਬਦਲੇ ਖਰੀਦਣਾ ਚਾਹੁੰਦੇ ਹਨ। ਨਾਦਰਸ਼ਾਹ ਦਾ ਹੰਕਾਰ ਕਤਲੇਆਮ ਦੀ ਗੱਲ ਕਰਦਾ ਹੈ ਅਤੇ ਜੋਗੀਆਂ, ਸਿੱਧਾਂ, ਸਾਧੂਆਂ ਦਾ ਹੰਕਾਰ ਕਰਾਮਾਤ ਦੀ ਗੱਲ ਕਰਦਾ ਹੈ। ਦੋਹਾਂ ਦੀ ਵਰਤੋਂ ਦਾ ਢੰਗ ਵੱਖੋ-ਵੱਖਰਾ ਹੈ ਪਰ ਦੋਹਾਂ ਦਾ ਮਕਸਦ ਇਕੋ ਹੀ ਹੈ, ਦੂਜੇ ਦੇ ਸਿਰ ਤੇ ਪੈਰ ਰੱਖ ਕੇ ਆਪ ਉੱਪਰ ਉਠਣਾ।
ਇਸੇ ਲਈ ਪਾਤਸ਼ਾਹ ਦੁਬਾਰਾ ਚੇਤਾਵਨੀ ਦੇ ਰਹੇ ਹਨ ਕਿ ਹੇ ਸਾਧੋ ਆਪਣੀ ਸਾਦਗੀ ਦਾ ਹੰਕਾਰ ਛੱਡ ਦੋਵੇ ਕਿਉਂਕਿ ਹੰਕਾਰ ਅਮਰ ਵੇਲ ਵਰਗਾ ਹੈ। ਅਮਰ ਵੇਲ ਦੀ ਜੜ੍ਹ ਕੋਈ ਨਹੀਂ ਹੁੰਦੀ ਨਾ ਪੱਤੇ ਅਤੇ ਨਾ ਹੀ ਫੁੱਲ ਹੁੰਦੇ ਹਨ। ਇਹ ਪੀਲੇ, ਰੰਗ ਦਾ ਇਕ ਜਾਲ ਜਿਹਾ ਬੁਣ ਦਿੰਤੀ ਹੈ। ਇਸ ਦੇ ਪਹਿਲੇ ਤੇ ਆਖਰੀ ਸਿਰੇ ਦਾ ਪਤਾ ਨਹੀਂ ਲਗਦਾ। ਇਸੇ ਤਰ੍ਹਾਂ ਹੰਕਾਰੀ ਬੰਦੇ ਦਾ ਜੀਵਨ ਇਕ ਜਾਲ ਤੋਂ ਵੱਧ ਕੁਝ ਨਹੀਂ।
ਅਰਥ : ਹੇ ਸੰਤ ਜਨੋ! ਮਨ ਦਾ ਹੰਕਾਰ ਛੱਡ ਦਿਓ। ਕਾਮ ਅਤੇ ਕ੍ਰੋਧ ਭੈੜੇ ਮਨੁੱਖ ਦੀ ਸੰਗਤ ਹੈ, ਇਸ ਤੋਂ ਵੀ ਦਿਨ ਰਾਤ ਪਰੇ ਰਹੋ। ਹੇ ਸੰਤ ਜਨੋ! ਜਿਹੜਾ ਮਨੁੱਖ ਸੁਖ ਅਤੇ ਦੁਖ ਨੂੰ ਇਕੋ ਜਿਹਾ ਜਾਣਦਾ ਹੈ ਅਤੇ ਜਿਹੜਾ ਆਦਰ ਤੇ ਨਿਰਾਦਰੀ ਨੂੰ ਵੀ ਇਕ ਜਾਣਦਾ ਹੈ ਤੇ ਜਿਹੜਾ ਮਨੁੱਖ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ ਉਸਨੇ ਜਗਤ ਵਿਚ ਜੀਵਨ ਦਾ ਭੇਤ ਸਮਝ ਲਿਆ ਹੈ। ਹੇ ਸੰਤ ਜਨੋ! ਉਸ ਮਨੁੱਖ ਨੇ ਅਸਲੀਅਤ ਨੂੰ ਲੱਭ ਲਿਆ ਹੈ ਜਿਹੜਾ ਨਾ ਕਿਸੇ ਦੀ ਖੁਸ਼ਾਮਦ ਕਰਦਾ ਹੈ ਤੇ ਨਾ ਹੀ ਕਿਸੇ ਦੀ ਨਿੰਦਾ ਕਰਦਾ ਹੈ ਅਤੇ ਜੋ ਉਸ ਆਤਮਿਕ ਅਵਸਥਾ ਦੀ ਭਾਲ ਕਰਦਾ ਹੈ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ ਪਰ ਇਹ ਜੀਵਨ ਦੀ ਖੇਡ ਖੇਡਣੀ ਔਖੀ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਨੂੰ ਸਮਝਦਾ ਹੈ।
ਰਾਜਦੀਪ ਸਿੰਘ ਰੋਪੜ