ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਚੰਦੂ ਪਾਪੀ ਅਤੇ ਉਸ ਦੇ ਖਾਨਦਾਨ ਦਾ ਸਿੱਖਾਂ ਨਾਲ ਮੁੱਢਲਾ ਧਰੋਹ


2006 ਵਿਚ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਦਾ 400 ਸਾਲਾ ਦਿਨ ਮਨਾਇਆ ਤਾਂ ਬਾਦਲ ਨੇ ਆਰ. ਐਸ. ਐਸ. ਦੇ ਅਜੰਡੇ 'ਤੇ ਅਮਲ ਕਰਦਿਆਂ ਫ਼ਿਰਕੂ ਹਿੰਦੂ ਪਾਰਟੀ ਭਾਰਤੀ ਜਨਤਾ ਪਾਰਟੀ  ਦੀ ਲੀਡਰ ਸੁਸ਼ਮਾ ਸਵਰਾਜ ਨੂੰ ਵੀ ਸੱਦਿਆ। ਇਹ ਉਹੀ ਸੁਸ਼ਮਾ ਸਵਰਾਜ ਸੀ ਜਿਸ ਨੇ ਪੰਜਾਬ ਦੇ ਚੀਫ਼ ਮਨਿਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਸਤੇ ਕਾਨੂੰਨ ਬਣਾਏ ਜਾਣ ਦੇ ਖ਼ਿਲਾਫ਼ ਪਾਰਲੀਮੈਂਟ ਵਿਚ ਪੰਜਾਬ ਦੇ ਹੱਕਾਂ ਦੇ ਖ਼ਿਲਾਫ਼ ਰੱਜ ਕੇ ਬੋਲਿਆ ਸੀ ਅਤੇ ਪੰਜਾਬ ਵੱਲੋਂ ਕੀਤੇ ਕਾਨੂੰਨ ਦੇ ਖ਼ਿਲਾਫ਼ ਤੂਫ਼ਾਨ ਖੜਾ ਕੀਤਾ ਸੀ।
ਇਸ ਸੁਸ਼ਮਾ ਸਵਰਾਜ ਨੇ ਆਪਣੀ ਸਿੱਖ ਦੁਸ਼ਮਣੀ ਦਾ ਇਜ਼ਹਾਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਸ਼ਤਾਬਦੀ ਦੇ ਤਰਨਤਾਰਨ ਵਾਲੇ ਸਮਾਗਮ ਵਿਚ ਵੀ ਕੀਤਾ ਅਤੇ ਇਕ 'ਹਿੰਦੂ ਭਰਾ' ਚੰਦੂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦੇ ਮੁਜਰਮਾਂ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਸੁਸ਼ਮਾ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਦੀ ਸ਼ਹੀਦੀ ਪਿੱਛੇ ਸਿਰਫ਼ ਜਹਾਂਗੀਰ ਹੀ ਸੀ ਅਤੇ (ਉਸ ਦੇ 'ਹਿੰਦੂ ਭਰਾ') ਚੰਦੂ ਦਾ ਕੋਈ ਰੋਲ ਨਹੀਂ ਸੀ। ਇਹ ਗੱਲ ਗ਼ੌਰ ਕਰਨ ਵਾਲੀ ਹੈ ਕਿ ਇਸ ਨੁਕਤੇ 'ਤੇ ਸੁਸ਼ਮਾ ਸਵਰਾਜ ਦੀ ਸਿੱਖ ਦੁਸ਼ਮਣੀ ਉਸ ਦੀ ਨਿਜੀ ਨਹੀਂ ਸੀ ਬਲ ਕਿ ਆਰ. ਐਸ. ਐਸ. ਦੇ ਅਜੰਡੇ ਦਾ ਇਕ ਹਿੱਸਾ ਸੀ। ਇਸੇ ਕੜੀ ਦਾ ਹਿੱਸਾ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਮਈ 2010 ਵਿਚ ਚੱਪੜ ਚਿੜੀ ਵਿਚ ਸਿੱਖਾਂ ਦੀ ਸਟੇਜ 'ਤੋਂ ਬੰਦਾ ਸਿੰਘ ਬਹਾਦਰ ਨੂੰ ਸਿੱਖੀ ਤੋਂ ਵੀ ਖ਼ਾਰਜ ਕਰ ਕੇ ਬੰਦਾ ਬੈਰਾਗੀ ਕਹਿ ਗਏ ਸਨ ਤੇ ਇਨ੍ਹਾਂ ਦਾ ਆਸਾ ਰਾਮ ਅਤੇ ਸ੍ਰੀ ਸ੍ਰੀ ਰਵੀ ਸ਼ੰਕਰ (ਉਸ ਦਾ ਇਕ ਸ਼੍ਰੀ ਨਾਲ ਨਹੀਂ ਸਰਦਾ) ਅਨੰਦਪੁਰ ਸਾਹਿਬ ਵਿਚ ਨਵੰਬਰ 2011 ਵਿਚ ਗੁਰਬਾਣੀ ਦੇ ਹੀ ਉਲਟ ਬੋਲ ਗਏ ਸਨ। ਜਨਤਾ ਦਲ ਦਾ ਚੌਧਰੀ ਚਰਨ ਸਿੰਘ, ਭਾਜਪਾ ਦਾ ਰਾਜਨਾਥ ਸਿੰਹ ਤੇ ਅਡਵਾਨੀ ਤਾਂ ਅਜਿਹੀਆਂ ਹਰਕਤਾਂ ਕਈ ਵਾਰ ਕਰ ਚੁਕੇ ਸਨ।
ਖ਼ੈਰ ਚੰਦੂ ਦੇ ਮੁੱਦੇ ਵਲ ਆਵਾਂ; ਸੁਸ਼ਮਾ ਨੇ ਚੰਦੂ ਦੀ ਵਕਾਲਤ ਕਰ ਕੇ ਉਸ ('ਹਿੰਦੂ ਭਰਾ') ਨੂੰ ਬਰੀ ਕਰਨ/ ਕਰਵਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਉਂਞ ਉਸ ਦੀ ਮਦਦ 'ਤੇ ਕਈ ਪੱਗਾਂ ਵਾਲੇ ਵੀ ਉਤਰੇ; ਪੱਗਾਂ ਵਾਲੇ ਕਈ ਝੋਲੀ ਚੁਕ ਆਰ.ਐਸ. ਐਸ. ਅਤੇ ਭਾਜਪਾ ਦੀ ਚਾਪਲੂਸੀ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਨ। ਮਹਿੰਦਰ ਸਿੰਘ (ਇੰਚਾਰਜ ਭਾਈ ਵੀਰ ਸਿੰਘ ਸਦਨ), ਮਹੀਪ ਸਿੰਘ ਨੇ ਸੁਸ਼ਮਾ ਸਵਰਾਜ ਦਾ ਡੱਟ ਕੇ ਡਿਫ਼ੈਂਸ ਕੀਤਾ (ਵੇਖੋ ਕਿਤਾਬ: ਸਿੱਖ ਹਿਸਟਰੀ ਇਨ ਟੈਨ ਵਾਲੂਮਜ਼, ਜਿਲਦ ਨੌਵੀਂ, ਸਫ਼ੇ 195-197)।
ਹੁਣ ਗੁਰੂ ਸਾਹਿਬ ਦੀ ਸ਼ਹਾਦਤ ਦੀ ਹਕੀਕਤ ਦਾ ਜ਼ਿਕਰ ਕਰਦੇ ਹਾਂ। ਗੁਰੂ ਅਰਜਨ ਸਾਹਿਬ ਨੇ 1581 ਵਿਚ ਗੁਰਗੱਦੀ ਦੀ ਸੇਵਾ ਸੰਭਾਲੀ ਸੀ। 25 ਸਾਲ ਦੇ ਆਪਣੇ ਅਹਿਦ (ਸਮੇਂ) ਵਿਚ ਉਨ੍ਹਾਂ ਨੇ ਚਾਰ ਨਵੇਂ ਨਗਰ ਵਸਾਏ, ਬਹੁਤ ਸਾਰੀਆਂ ਬਾਉਲੀਆਂ ਅਤੇ ਖੂਹ ਲਵਾਏ, ਸਮਾਜ ਸੇਵਾ ਦੇ ਕਈ ਪ੍ਰਾਜੈਕਟ ਸਰਅੰਜਾਮ ਕੀਤੇ, ਸਿੱਖ ਧਰਮ ਦਾ ਪ੍ਰਚਾਰ ਤੇ ਪਰਸਾਰ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਤੇ ਸਿੱਖਾਂ ਨੂੰ 'ਸ਼ਬਦ ਗੁਰੂ” ਦੇ ਲੜ ਲਾਇਆ। ਇਸ ਸਮੇਂ ਵਿਚ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਸਿੱਖ ਧਰਮ ਵਿਚ ਸ਼ਾਮਿਲ ਹੋਏ। ਇਸ ਸਾਰੇ ਨੂੰ ਵੇਖ ਕੇ ਸਿਰਫ਼ ਉਨ੍ਹਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਤੇ ਫ਼ਿਰਕਾਪ੍ਰਸਤ ਹਿੰਦੂ ਹੀ ਨਹੀਂ ਬਲਕਿ ਮੁਤੱਸਬੀ ਮੁਸਲਮਾਨ ਵੀ ਸਿੱਖਾਂ ਤੋਂ ਖਾਰ ਖਾਣ ਲਗ ਪਏ ਸਨ। ਇਨ੍ਹਾਂ ਮੁਸਲਮਾਨਾਂ ਵਿਚੋਂ ਸਭ ਤੋਂ ਸਿਖਰ ਦਾ ਫ਼ਿਰਕੂ ਸੀ ਸਰਹੰਦ ਦਾ ਸ਼ੈਖ਼ ਅਹਿਮਦ, ਜੋ ਨਕਸ਼ਬੰਦੀ ਫ਼ਿਰਕੇ ਦਾ ਆਗੂ ਸੀ। ਉਸ ਦੀ ਫ਼ਿਰਕੂ ਸੋਚ ਨਵੀਂ ਨਹੀਂ ਸੀ ਉਭਰੀ ਪਰ ਅਕਬਰ ਉਸ ਦੇ ਜ਼ਹਿਰੀਲੇ ਅਸਰ ਹੇਠਾਂ ਨਹੀਂ ਸੀ ਆ ਸਕਿਆ ਇਸ ਕਰ ਕੇ ਉਸ ਸ਼ੈਖ਼ ਦੀਆਂ ਚਾਲਾਂ ਕਾਮਯਾਬ ਨਾ ਹੋ ਸਕੀਆਂ। 16 ਅਕਤੂਬਰ 1605 ਦੇ ਦਿਨ ਅਕਬਰ ਦੀ ਮੌਤ ਹੋ ਗਈ। ਉਸ ਦੀ ਥਾਂ ਜਹਾਂਗੀਰ ਬਾਦਸ਼ਾਹ ਬਣਿਆ। ਜਹਾਂਗੀਰ ਦੇ ਆਲੇ ਦੁਆਲੇ ਕੱਟੜ ਮੌਲਵੀਆਂ ਦਾ ਘੇਰਾ ਪਿਆ ਹੋਇਆ ਸੀ। ਇਸ ਕਾਰਨ ਉਹ ਸ਼ੈਖ਼ ਅਹਿਮਦ ਦੇ ਅਸਰ ਹੇਠਾਂ ਵੀ ਆ ਗਿਆ ਅਤੇ ਅਕਬਰ ਦੀ ਸੁਲਹਕੁਲ ਪਾਲਿਸੀ ਛੱਡ ਕੇ ਗ਼ੈਰ-ਮੁਸਲਮਾਨਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿਤਾ । ਉਸ ਨੇ ਜਜ਼ੀਆ ਵੀ ਦੋਬਾਰਾ ਲਾ ਦਿਤਾ ਤੇ ਮੰਦਰ ਵੀ ਢਾਹੁਣੇ ਸ਼ੁਰੂ ਕਰ ਦਿਤੇ। ਸਿਰਫ਼ ਆਪਣੇ ਰਾਜਪੂਤ ਨਾਨਕਿਆਂ ਨੂੰ ਛੱਡ ਕੇ ਉਹ ਹਰ ਗ਼ੈਰ-ਮੁਸਲਮ ਨੂੰ ਤਰ੍ਹਾਂ-ਤਰ੍ਹਾਂ ਨਾਲ ਤੰਗ ਕਰਨ ਲਗ ਪਿਆ।
ਇਨ੍ਹਾਂ ਦਿਨਾਂ ਵਿਚ ਹੀ ਜਹਾਂਗੀਰ ਦੇ ਪੁਤਰ ਖੁਸਰੋ ਨੇ ਮੁਗ਼ਲ ਸਲਤਨਤ ਦਾ ਹਾਕਮ ਆਪ ਬਣਨ ਵਾਸਤੇ ਜਹਾਂਗੀਰ ਤੋਂ ਬਗ਼ਾਵਤ ਕਰ ਦਿਤੀ (ਜਹਾਂਗੀਰ ਇਕ ਅੱਯਾਸ਼ ਸ਼ਹਿਜ਼ਾਦਾ ਸੀ, ਇਸ ਕਰ ਕੇ ਅਕਬਰ ਵੀ ਚਾਹੁੰਦਾ ਸੀ ਕਿ ਉਸ ਦੀ ਮੌਤ ਪਿੱਛੋਂ ਜਹਾਂਗੀਰ ਦੀ ਥਾਂ 'ਤੇ ਉਸ ਦਾ ਪੋਤਾ ਖੁਸਰੋ ਤਖ਼ਤ 'ਤੇ ਬੈਠੇ)। ਖੁਸਰੋ ਮਥਰਾ ਤੋਂ ਹੁੰਦਾ ਹੋਇਆ, ਹਜ਼ਾਰਾਂ ਫ਼ੌਜਾਂ ਨਾਲ, ਲਾਹੌਰ ਵਲ ਚਲ ਪਿਆ। ਰਸਤੇ ਵਿਚ ਉਸ ਨੇ ਗੋਇੰਦਵਾਲ ਕੋਲ ਬਿਆਸ ਦਰਿਆ ਦਾ ਪੱਤਣ ਪਾਰ ਕੀਤਾ। ਇਸ ਮੌਕੇ 'ਤੇ ਉਹ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਵੀ ਗਿਆ ਹੋਵੇਗਾ। ਗੋਇੰਦਵਾਲ ਤੋਂ ਖੁਸਰੋ ਲਾਹੌਰ ਪੁੱਜਾ ਪਰ ਉਹ ਲਾਹੌਰ ਦੇ ਕਿਲ੍ਹੇ 'ਤੇ  ਕਬਜ਼ਾ ਨਾ ਕਰ ਸਕਿਆ। ਉਸ ਨੂੰ ਹੋਰ ਕਿਸੇ ਪਾਸਿਓਂ ਵੀ ਮਦਦ ਨਾ ਮਿਲ ਸਕੀ। ਅਖ਼ੀਰ ਪਹਿਲੀ ਮਈ 1606 ਦੇ ਦਿਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਖੁਸਰੋ ਦੀ ਗ੍ਰਿਫ਼ਤਾਰੀ ਮਗਰੋਂ ਜਹਾਂਗੀਰ ਲਾਹੌਰ ਆ ਗਿਆ ਸੀ। ਉਹ ਲਾਹੌਰ ਜਾਂਦਿਆਂ 26 ਅਪ੍ਰੈਲ 1606 ਦੇ ਦਿਨ ਗੋਇੰਦਵਾਲ ਤੋਂ ਦਰਿਆ ਬਿਆਸ ਦਾ ਪੱਤਣ ਪਾਰ ਕਰ ਕੇ ਰਾਤ ਵੇਲੇ ਝਬਾਲ (ਚੌਪਾਲ) ਦੀ ਸਰਾਂ ਵਿਚ ਰੁਕਿਆ ਸੀ। ਇਸ ਵੇਲੇ ਤਕ ਉਸ ਨੇ ਗੁਰੂ ਅਰਜਨ ਸਾਹਿਬ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੀ ਸੁਣੀ, ਹਾਲਾਂ ਕਿ ਉਹ ਖੁਸਰੋ ਦੀ ਜ਼ਰਾ-ਮਾਸਾ ਵੀ ਮਦਦ ਕਰਨ ਵਾਲੇ ਹਰ ਇਕ ਸ਼ਖ਼ਸ ਨੂੰ ਸਜ਼ਾ ਸੁਣਾ ਰਿਹਾ ਸੀ।
ਇਨ੍ਹੀਂ ਦਿਨੀਂ ਹੀ ਕਲਾਨੌਰ ਦਾ ਇਕ ਖਤਰੀ ਚੰਦੂ ਨਾਂ ਦਾ ਬੰਦਾ ਵੀ ਮੁਗ਼ਲਾਂ ਦਾ ਜੀਅ ਹਜ਼ੂਰ ਸੀ; ਉਸ ਨੂੰ ਲਾਹੌਰ ਦੇ ਸੂਬੇਦਾਰ ਨੇ ਦੀਵਾਨ ਦਾ ਅਹੁਦਾ ਦਿੱਤਾ ਹੋਇਆ ਸੀ; ਇਹ ਅਹੁਦਾ ਅਮੀਰ-ਵਜ਼ੀਰ ਵਰਗਾ ਹੁੰਦਾ ਹੈ। ਉਸ ਬਾਰੇ ਇਕ ਗੱਲ ਆਮ ਸੋਮਿਆਂ ਵਿਚ ਮਿਲਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਸਪੁੱਤਰ (ਗੁਰੂ) ਹਰਿਗੋਬਿੰਦ ਸਾਹਿਬ ਵਾਸਤੇ ਉਸ ਦੀ ਧੀ ਦਾ ਰਿਸ਼ਤਾ ਸੰਗਤਾਂ ਦੇ ਆਖਣ 'ਤੇ ਕਬੂਲ ਨਹੀਂ ਕੀਤਾ ਸੀ। ਉਹ ਉਸ ਦਿਨ ਤੋਂ ਹੀ ਗੁਰੂ ਸਾਹਿਬ ਅਤੇ ਸਿੱਖਾਂ ਨਾਲ ਖ਼ਾਰ ਖਾਂਦਾ ਸੀ ਤੇ ਬਦਲਾ ਲੈਣ ਵਾਸਤੇ ਮੌਕੇ ਲਭਦਾ ਰਹਿੰਦਾ ਸੀ। ਇਨ੍ਹਾਂ ਸੋਮਿਆਂ ਮੁਤਾਬਿਕ ਇਸ ਚੰਦੂ ਨੇ ਹੀ ਸ਼ਿਕਾਇਤਾਂ ਲਾ ਕੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਕਰਵਾਈ ਸੀ। ਚੰਦੂ ਨੇ ਜਹਾਂਗੀਰ ਕੋਲ ਆਪਣੀ ਧੀ ਦਾ ਰਿਸ਼ਤਾ ਕਬੂਲ ਨਾ ਕਰਨ ਦੀ ਗੱਲ ਨਹੀਂ ਕੀਤੀ ਹੋਵੇਗੀ ਬਲਕਿ ਉਹ ਸ਼ਿਕਾਇਤ ਲਾਈ ਹੋਵੇਗੀ ਜਿਸ ਤੋਂ ਜਹਾਂਗੀਰ ਭੜਕ ਪਵੇ ਤੇ ਇਹ ਸ਼ਿਕਾਇਤ ਯਕੀਨਨ ਖੁਸਰੋ ਦੇ ਨਾਲ ਸਬੰਧ ਜੋੜਨਾ ਅਤੇ ਗੁਰੂ ਜੀ ਨੂੰ ਇਸਲਾਮ ਵਾਸਤੇ ਖ਼ਤਰਾ ਸਾਬਿਤ ਕਰਨ ਬਾਰੇ ਹੀ ਹੋ ਸਕਦੀ ਸੀ।
ਸਿਰਫ਼ ਚੰਦੂ ਹੀ ਨਹੀਂ ਹੋਰ ਖਤਰੀਆਂ ਤੇ ਪੰਡਤਾਂ ਨੇ ਵੀ ਗੁਰੂ ਜੀ ਦੇ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਹੋਣਗੀਆਂ (ਪੰਡਤਾਂ ਤੇ ਖਤਰੀਆਂ ਨੇ ਗੁਰੂ ਅਮਰ ਦਾਸ ਸਾਹਿਬ ਵੇਲੇ 1566 ਵਿਚ ਅਕਬਰ ਕੋਲ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਸਨ) ਤੇ ਉਸ ਨੇ ਗੁਰੂ ਜੀ ਨੂੰ 'ਤਲਬ' ਵੀ ਕੀਤਾ ਸੀ ਪਰ ਗੁਰੂ ਰਾਮਦਾਸ ਨੇ ਅਕਬਰ ਨਾਲ ਮੁਲਾਕਾਤ ਕਰ ਕੇ ਹਿੰਦੂਆਂ ਦੇ ਅਸਲ ਮਨਸ਼ੇ ਦਾ ਰਾਜ਼ ਖੋਲ੍ਹਿਆ ਤਾਂ ਅਕਬਰ ਨੇ ਉਲਟਾ ਹਿੰਦੂਆਂ ਨੂੰ ਹੀ ਝਿੜਕਿਆ ਸੀ)।
ਖ਼ੈਰ, ਚੰਦੂ ਤੇ ਹੋਰ ਹਿੰਦੂਆਂ ਦੀਆਂ ਝੂਠੀਆਂ ਕਹਾਣੀਆਂ ਦੇ ਅਸਰ ਹੇਠਾਂ ਆ ਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ। ਜਹਾਂਗੀਰ ਖ਼ੁਦ ਆਪਣੀ ਲਿਖਤ ਵਿਚ ਇਹ ਮੰਨਦਾ ਹੈ ਕਿ ਉਸ ਨੇ ਗੁਰੂ ਸਾਹਿਬ ਨੂੰ ਇਸ ਕਰ ਕੇ ਸ਼ਹੀਦ ਕਰਵਾਇਆ ਸੀ ਕਿ ਉਨ੍ਹਾਂ ਨੇ ਖੁਸਰੋ ਨੂੰ 'ਅਸ਼ੀਰਵਾਦ' ਦਿੱਤਾ ਸੀ ਅਤੇ ਆਪਣੇ ਪ੍ਰਚਾਰ ਨਾਲ ਕਈ ਮੁਸਲਮਾਨਾਂ ਨੂੰ ਵੀ ਸਿੱਖ ਧਰਮ ਵਿਚ ਸ਼ਾਮਿਲ ਕਰ ਲਿਆ ਸੀ।
ਜਹਾਂਗੀਰ ਨੇ 22 ਮਈ ਨੂੰ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕੀਤਾ। ਗੁਰੂ ਸਾਹਿਬ ਨੂੰ ਇਸ ਦਾ ਪਤਾ ਅਗਲੇ ਦਿਨ ਹੀ ਲਗ ਗਿਆ। ਉਨ੍ਹਾਂ ਨੇ 25 ਮਈ ਨੂੰ ਗੁਰੂ ਹਰਿਗੋਬੰਦ ਸਾਹਿਬ ਨੂੰ ਗੁਰਗੱਦੀ ਦੀ ਸੇਵਾ ਸੰਭਾਲ ਦਿਤੀ ਤੇ ਆਪ ਹੀ ਲਾਹੌਰ ਚਲੇ ਪਏ। ਉਨ੍ਹਾਂ ਨੂੰ 26 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਜਹਾਂਗੀਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਜਹਾਂਗੀਰ ਨੇ ਗੁਰੂ ਜੀ ਨੂੰ 'ਯਾਸਾ-ਓ-ਸਿਆਸਤ' ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ।
ਕੇਸਰ ਸਿੰਘ ਛਿਬਰ ਮੁਤਾਬਿਕ ਚਾਰ ਦਿਨ ਉਨ੍ਹਾਂ ਨੂੰ ਬੰਨ੍ਹ ਕੇ ਰਾਵੀ ਦੇ ਕੰਢੇ, 'ਤੱਤੀ ਤਵੀ ਵਾਂਗ' ਤਪਦੀ ਹੋਈ ਰੇਤ ਵਿਚ, ਰੱਖਿਆ ਗਿਆ ਅਤੇ ਤਰ੍ਹਾਂ-ਤਰ੍ਹਾਂ ਦੇ ਤਸੀਹੇ ਗਏ ਤੇ ਉਥੋਂ ਲੰਘਦੇ ਮੁਸਲਮਾਨ ਉਨ੍ਹਾਂ 'ਤੇ ਪੱਥਰ ਮਾਰਦੇ ਗਏ ਤੇ ਇਨ੍ਹਾਂ ਵਿਚੋਂ ਇਕ ਪੱਥਰ ਜਾਨ ਲੇਵਾ ਸਾਬਿਤ ਹੋਇਆ। ਮਗਰੋਂ, ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਬੰਨ੍ਹ ਕੇ ਰਾਵੀ ਦਰਿਆ ਵਿਚ ਰੋੜ੍ਹ ਦਿਤਾ ਗਿਆ (ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਦਾ, ਚੈਪਟਰ 5, ਬੰਦ 137-39)।
ਦਬਿਸਤਾਨ-ਇ-ਮਜ਼ਾਹਿਬ ਦੇ ਲੇਖਕ ਮੁਤਾਬਿਕ ਗੁਰੂ ਜੀ ਨੂੰ ਤਪਦੀ ਰੇਤ ਵਿਚ ਬਿਠਾ ਕੇ ਉਨ੍ਹਾਂ ਦੇ ਨੰਗੇ ਜਿਸਮ 'ਤੇ ਤੱਤੀ ਰੇਤ ਪਾਈ ਗਈ ਸੀ ਤੇ ਨਾਲ ਹੀ ਹੋਰ ਤਸ਼ੱਦਦ ਵੀ ਕੀਤਾ ਗਿਆ ਸੀ ਜਿਸ ਨਾਲ ਉਨ੍ਹਾਂ ਦਾ ਜਿਸਮ ਛਾਲੇ ਪੈਣ ਮਗਰੋਂ ਸੜ-ਗਲ ਗਿਆ ਤੇ ਅਖ਼ੀਰ ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਦਰਿਆ ਵਿਚ ਰੋੜ੍ਹ ਦਿੱਤਾ ਗਿਆ। (ਮਊਬਾਦ ਜ਼ੁਲਫ਼ਿਕਾਰ ਅਰਦਸਤਾਨੀ, ਦਬਿਸਤਾਨ-ਇ-ਮਜ਼ਾਹਿਬ, ਸਫ਼ਾ 35)। ਰਾਵੀ ਦਰਿਆ ਵਿਚ ਰੋੜ੍ਹਨ ਸਬੰਧੀ ਵੀ ਕੁਝ ਕਵੀਆਂ ਨੇ ਇਹ ਗੱਪ ਵੀ ਜੋੜ ਦਿੱਤੀ ਕਿ ਗੁਰੂ ਸਾਹਿਬ ਨੂੰ ਰੱਸਿਆਂ ਨਾਲ ਬੰਨ੍ਹ ਕੇ ਦਰਿਆ ਵਿਚ ਨਹੀਂ ਸੀ ਸੁੱਟਿਆ ਗਿਆ ਬਲਕਿ ਉਨ੍ਹਾਂ ਨੇ 'ਖ਼ੁਦ ਇਸ਼ਨਾਨ ਕਰਨ ਦੀ ਖ਼ਾਹਿਸ਼ ਕਰ ਕੇ ਦਰਿਆ ਵਿਚ ਛਲਾਂਗ ਮਾਰੀ ਸੀ' ਤੇ ਵਾਪਿਸ ਮੁੜ ਕੇ ਨਹੀਂ ਆਏ ਸਨ; ਇਹ ਲੇਖਕ ਇਹ ਕਹਿਣਾ ਚਾਹੁੰਦੇ ਹਨ ਕਿ ਮੁਗ਼ਲਾਂ ਨੇ ਉਨ੍ਹਾਂ ਨੂੰ ਸ਼ਹੀਦ ਨਹੀਂ ਕੀਤਾ ਸੀ ਤੇ ਸਿਰਫ਼ ਤਸੀਹੇ ਦਿੱਤੇ ਸਨ।
ਗੁਰੂ ਜੀ ਨੂੰ ਇਹ ਤਸੀਹੇ ਦੇਣ ਦੀ ਡਿਊਟੀ ਲਾਹੌਰ ਦੇ ਫ਼ੌਜਦਾਰ ਮੁਰਤਜ਼ਾ ਖ਼ਾਨ ਨੇ ਚੰਦੂ ਲਾਲ ਦੀ ਲਾਈ ਸੀ। ਚੰਦੂ ਦਾ ਰੋਲ ਏਥੇ ਹੀ ਖ਼ਤਮ ਨਹੀਂ ਹੋ ਗਿਆ; ਗੁਰੂ ਜੀ ਦੀ ਸ਼ਹੀਦੀ ਮਗਰੋਂ ਵੀ ਚੰਦੂ ਸਿੱਖਾਂ ਦੇ ਖ਼ਿਲਾਫ਼ ਮੁਗ਼ਲ ਹਾਕਮਾਂ ਦੇ ਕੰਨ ਭਰਦਾ ਰਹਿੰਦਾ ਸੀ।
ਅਕਤੂਬਰ 1618 ਵਿਚ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਕੀਤੇ ਗਏ ਤਾਂ ਇਸ ਮਗਰੋਂ ਦੋ ਵਾਰ ਉਨ੍ਹਾਂ ਦੀ ਮੁਲਾਕਾਤ ਜਹਾਂਗੀਰ ਨਾਲ ਹੋਈ 27 ਜਨਵਰੀ 1619 ਦੇ ਦਿਨ ਗੋਇੰਦਵਾਲ ਵਿਚ ਅਤੇ 8 ਫ਼ਰਵਰੀ 1619 ਦੇ ਦਿਨ ਕਲਾਨੌਰ ਵਿਚ। ਕਲਾਨੌਰ ਦੀ ਮੀਟਿੰਗ ਵਿਚ ਜਹਾਂਗੀਰ ਨਾਲ ਲੰਮੀ ਬੈਠਕ ਹੋਈ ਸੀ ਜਿਸ ਵਿਚ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣ ਬਾਰੇ ਚਰਚਾ ਹੋਇਆ ਦੀ ਜਿਸ ਮਗਰੋਂ ਜਹਾਂਗੀਰ ਨੇ ਚੰਦੂ ਨੂੰ ਸਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਸੀ। ਜਹਾਂਗੀਰ ਨੇ ਹੁਕਮ ਜਾਰੀ ਕੀਤਾ ਕਿ ਚੰਦੂ ਨੂੰ ਗ੍ਰਿਫ਼ਤਾਰ ਕਰ ਕੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਜਾਵੇ। ਜਦ ਉਸ ਨੂੰ ਗੁਰੂ ਸਾਹਿਬ ਕੋਲ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਲਾਹੌਰ ਦੀ ਸੰਗਤ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਜਿਨ੍ਹਾਂ ਨੇ ਉਸ ਨੂੰ ਜ਼ੁਲਮ ਕਰਦਾ ਵੇਖਿਆ ਸੀ ਉਹੀ ਉਸ ਦੀ ਸਜ਼ਾ ਨੀਅਤ ਕਰਨ। ਸੰਗਤ ਨੇ ਫ਼ੈਸਲਾ ਕੀਤਾ ਕਿ ਚੰਦੂ ਦੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਤੇ ਗਲ ਵਿਚ ਰੱਸੀ ਪਾ ਕੇ ਸਾਰੇ ਨਗਰ ਵਿਚ ਘੁਮਾਇਆ ਜਾਵੇ ਤੇ ਜ਼ਲੀਲ ਕਰ ਕੇ ਛੱਡ ਦਿੱਤਾ ਜਾਵੇ; ਬਸ ਏਨੀ ਸਜ਼ਾ ਹੀ ਕਾਫ਼ੀ ਹੈ। ਇਵੇਂ ਹੀ ਕੀਤਾ ਗਿਆ। ਚੰਦੂ ਨੂੰ ਸਾਰੇ ਪਾਸੇ ਘੁਮਾ ਕੇ ਜਦ ਭਠਿਆਰਿਆਂ ਦੇ ਮੁਹੱਲੇ ਵਿਚ ਲਿਜਾਇਆ ਗਿਆ ਤਾਂ ਉਥੇ ਜਦ ਉਹ ਗੁਰਦਿੱਤਾ ਭਠਿਆਰਾ ਜਿਸ ਨੂੰ ਚੰਦੂ ਨੇ ਗੁਰੂ ਸਾਹਿਬ ਦੇ ਜਿਸਮ 'ਤੇ ਰੇਤ ਪਾਉਣਾ ਵਾਸਤੇ ਤਾਈਨਾਤ ਕੀਤਾ (ਡਿਊਟੀ ਦਿੱਤੀ) ਸੀ ਦੇ ਘਰ ਅੱਗੋਂ ਲੰਘਿਆ ਤਾਂ ਉਸ ਨੇ (ਇਸ ਗੁੱਸੇ ਵਿਚ ਚੰਦੂ ਨੇ ਉਸ ਦੇ ਹੱਥੋਂ ਕੀ ਜ਼ੁਲਮ ਕਰਵਾਇਆ ਸੀ) ਆਪਣੇ ਹੱਥ ਵਿਚ ਫੜਿਆ ਕੜਛਾ (ਜਿਸ ਨਾਲ ਉਹ ਗੁਰੂ ਜੀ ਦੇ ਜਿਸਮ 'ਤੇ ਰੇਤ ਪਾਉਂਦਾ ਰਿਹਾ ਸੀ) ਚੰਦੂ ਦੇ ਸਿਰ ਵਿਚ ਕੱਢ ਮਾਰਿਆ। ਇਸ ਕੜਛੇ ਦੇ ਵੱਜਣ ਨਾਲ ਹੀ ਚੰਦੂ ਉਥੇ ਡਿਗ ਕੇ ਮਰ ਗਿਆ।
ਚੰਦੂ ਤਾਂ ਮਰ ਗਿਆ ਪਰ ਉਸ ਦਾ ਇਕਲੋਤਾ ਪੁਤਰ ਕਰਮ ਚੰਦ ਵੀ ਸਿੱਖਾਂ ਨਾਲ ਬਾਪ ਵਾਂਙ ਦੁਸ਼ਮਣੀ ਰਖਦਾ ਸੀ; ਪਿਓ ਦੀ ਮੌਤ ਮਗਰੋਂ ਉਹ ਸਕੀਮਾਂ ਬਣਾਉਣ ਲਗ ਪਿਆ ਕਿ ਉਹ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਬਦਲਾ ਕਿਵੇਂ ਲਵੇ। ਬਿਆਸ ਦਰਿਆ ਦੇ ਕੰਢੇ ਰੁਹੀਲਾ ਨਾਂ ਦੇ ਇਕ ਪਿੰਡ ਦਾ ਥੇਹ ਸੀ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਖ਼ਰੀਦ ਕੇ ਇਥੇ 'ਗੋਬਿੰਦਪੁਰ' (ਹੁਣ ਹਰਗੋਬਿੰਦਪੁਰ) ਨਾਂ ਦਾ ਇਕ ਪਿੰਡ ਵਸਾ ਦਿੱਤਾ ਸੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਕਿਲ੍ਹੇ ਵਿਚ ਰਹਿਣ ਦੇ ਦੌਰਾਨ ਚੰਦੂ ਦੇ ਪੁਤਰ ਕਰਮ ਚੰਦ ਨੇ ਆਪਣੇ ਸਹੁਰੇ ਭਗਵਾਨ ਦਾਸ ਦੀ ਮਦਦ ਨਾਲ ਕਬਜ਼ਾ ਕਰ ਲਿਆ ਹੋਇਆ ਸੀ। ਗਵਾਲੀਅਰ ਵਿਚੋਂ ਰਿਹਾਈ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਗੋਇੰਦਵਾਲ ਆ ਕੇ ਰਹਿਣ ਲਗ ਪਏ ਸਨ। ਉਹ ਵਿਚੋਂ ਕੁਝ ਸਮਾਂ ਧਰਮ ਪ੍ਰਚਾਰ ਦੇ ਦੌਰੇ 'ਤੇ ਮਾਝਾ, ਸਿਆਲਕੋਟ, ਜੰਮੂ ਤੇ ਕਸ਼ਮੀਰ ਵੱਲ ਵੀ ਗਏ ਸਨ। ਇਕ ਦਿਨ ਵਾਸਤੇ, 28 ਜਨਵਰੀ 1620 ਦੇ ਦਿਨ, ਉਹ ਗੁਰੂ-ਦਾ-ਚੱਕ (ਚੱਕ ਰਾਮਦਾਸ, ਹੁਣ ਅੰਮ੍ਰਿਤਸਰ) ਵੀ ਆਏ ਸਨ ਤੇ ਫਿਰ ਗੋਇੰਦਵਾਲ ਪਰਤ ਗਏ ਸਨ। ਇੱਥੇ ਉਨ੍ਹਾਂ ਨੂੰ ਰੁਹੀਲਾ (ਗੋਬਿੰਦਪੁਰ) ਉਤੇ ਚੰਦੈ ਦੇ ਪੁੱਤਰ ਵੱਲੋਂ ਕਬਜ਼ਾ ਕਰਨ ਦਾ ਪਤਾ ਲੱਗਾ। ਇਹ ਗੱਲ ਸਤੰਬਰ 1621 ਦੀ ਹੈ। ਗੁਰੂ ਜੀ ਕੁਝ ਸਿੱਖਾਂ ਨੂੰ ਲੈ ਕੇ ਗੋਬਿੰਦਪੁਰ ਜਾ ਪੁੱਜੇ ਅਤੇ ਉਥੇ ਕਬਜ਼ਾ ਕਰ ਕੇ ਬੈਠੇ ਚੰਦੂ ਦੇ ਨੌਕਰਾਂ ਨੂੰ ਭਜਾ ਦਿੱਤਾ। ਉਹ ਨੌਕਰ ਕਲਾਨੌਰ ਗਏ ਤੇ ਕਰਮ ਚੰਦ ਨੂੰ ਦੱਸਿਆ। ਭਾਵੇ ਕਰਮ ਚੰਦ ਦਾ ਬਾਪ ਮਰ ਚੁਕਾ ਸੀ ਪਰ ਉਹ ਇਕ ਅਮੀਰ ਬਾਪ ਦਾ ਪੁੱਤਰ ਹੋਣ ਕਰ ਕੇ ਕਾਫ਼ੀ ਅਮੀਰ ਵੀ ਸੀ ਅਤੇ  ਉਸ ਕੋਲ ਨਿਜੀ ਫ਼ੋਜ ਵੀ ਸੀ। ਉਸ ਨੇ ਆਪਣੇ ਸਹੁਰੇ ਭਗਵਾਸ ਦਾਸ ਘੇਰੜ (ਜੋ ਖ਼ੁਦ ਇਕ ਵੱਡਾ ਜਾਗੀਰਦਾਰ ਸੀ) ਅਤੇ ਆਪਣੇ ਸਾਲੇ ਕਰਮ ਚੰਦ ਨਾਲ ਰਾਬਤਾ ਕੀਤਾ; ਘੇਰੜ ਨੇ ਵੀ ਆਪਣੀ ਨਿਜੀ ਫ਼ੌਜ ਨੂੰ ਤਿਆਰ ਹੋਣ ਦਾ ਹੁਕਮ ਕੀਤਾ। ਦੋਹਾਂ ਘਰਾਂ ਨੇ ਫ਼ੌਜ ਇਕੱਠੀ ਕਰ ਕੇ ਰੁਹੀਲਾ ਪਿੰਡ ਵੱਲ ਕੂਚ ਕਰ ਦਿੱਤਾ। ਇਹ ਗੱਲ 27 ਸਤੰਬਰ 1621 ਦੀ ਹੈ। ਉਸ ਵੇਲੇ ਰੁਹੀਲਾ ਵਿਚ ਬਹੁਤ ਥੋੜ੍ਹੇ ਸਿੱਖ ਮੌਜੁਦ ਸਨ ਪਰ ਉਹ ਸਨ ਸਾਰੇ ਜੁਝਾਰੂ ਇਸ ਕਰ ਕੇ ਉਨ੍ਹਾਂ ਨੇ ਅੱਗੇ ਵੱਧ ਕੇ ਲੜੇ ਤੇ ਹੱਥੋ-ਹੱਥੀ ਲੜਾਈ ਵਿਚ ਹਮਲਾਵਰਾਂ ਦੇ ਖ਼ੂਬ ਆਹੂ ਲਾਹੇ। ਇਸ ਲੜਾਈ ਵਿਚ (ਚੰਦੂ ਦਾ ਕੁੜਮ) ਭਗਵਾਨ ਦਾਸ ਘੇਰੜ ਮਾਰਿਆ ਗਿਆ ਸੀ ਅਤੇ ਉਸ ਦਾ ਪੁੱਤਰ ਰਤਨ ਚੰਦ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਸੀ। ਅਖ਼ੀਰ ਕਈ ਸਾਥੀ ਮਰਵਾ ਕੇ ਅਤੇ ਬੁਰੀ ਤਰ੍ਹਾਂ ਹਾਰ ਖਾ ਕੇ ਹਮਲਾਵਰ ਮੈਦਾਨ ਛੱਡ ਗਏ।
ਭਗਵਾਨ ਦਾਸ ਦੇ ਮਰਨ ਦੇ ਬਾਵਜੂਦ ਕਰਮ ਚੰਦ ਤੇ ਰਤਨ ਚੰਦ ਟਲੇ ਨਹੀਂ। ਛੇ ਦਿਨ ਮਗਰੋਂ ਚੰਦੂ ਦਾ ਪੱਤਰ ਤੇ ਜਲੰਧਰ ਤੋਂ ਮੁਗ਼ਲਾਂ ਦੀ ਫ਼ੌਜ ਨੂੰ ਵੀ ਚੜ੍ਹਾ ਲਿਆਇਆ ਤੇ ਤਿੰਨਾਂ (ਭਗਵਾਨ ਦਾਸ ਦੇ ਪੁੱਤਰ ਦੀ, ਕਰਮ ਚੰਦ ਦੀ ਤੇ ਮੁਗ਼ਲ ਫ਼ੌਜ) ਨੇ ਫੇਰ ਗੁਰੂ ਜੀ 'ਤੇ ਹਮਲਾ ਕਰ ਦਿੱਤਾ । 3 ਅਕਤਬਰ 1621 ਦੇ ਦਿਨ ਫਿਰ ਜ਼ਬਰਦਸਤ ਲੜਾਈ  ਹੋਈ ਜਿਸ ਵਿਚ ਕਰਮ ਚੰਦ (ਚੰਦੂ ਦਾ ਪੁਤਰ) ਅਤੇ ਰਤਨ ਚੰਦ (ਭਗਵਾਨ ਦਾਸ ਦਾ ਪੁੱਤਰ ਤੇ ਕਰਮ ਚੰਦ ਦਾ ਸਾਲਾ) ਮਾਰੇ ਗਏ। ਚੰਦੂ ਦਾ ਪੁੱਤਰ ਕਰਮ ਚੰਦ ਦੀ ਅਜੇ ਕੋਈ ਔਲਾਦ ਨਹੀਂ ਸੀ ਤੇ ਇਸ ਤਰ੍ਹਾਂ ਚੰਦੂ ਦਾ ਖ਼ਾਨਦਾਨ ਖ਼ਤਮ ਹੋਇਆ।
ਇਸ ਲੜਾਈ ਬਾਰੇ ਬਾਰੇ “ਭੱਟ ਵਹੀ ਮੁਲਤਾਨੀ ਸਿੰਧੀ” ਵਿਚ ਇੰਞ ਜ਼ਿਕਰ ਆਉਂਦਾ ਹੈ: “ਨਾਨੂ ਬੇਟਾ ਮੂਲੇ ਕਾ, ਪੋਤਾ ਰਾਉ ਕਾ, ਪੜਪੋਤਾ ਚਾਹੜ ਕਾ, ਬੰਸ ਬੀਝੇ ਕਾ, ਬੰਝਰਾਉਂਤ, ਸਾਲ ਸੋਲਾਂ ਸੈ ਅਠੱਤ੍ਰਾ, ਕੱਤਕ ਪ੍ਰਵਿਸ਼ਟੇ ਤੀਜ ਕੇ ਦਿਹੁੰ, ਗਾਮ ਰੁਹੀਲਾ ਪਰਗਣਾ ਬਟਾਲਾ ਕੇ ਮਲ੍ਹਾਨ, ਗੁਰੂ ਕਾ ਬਚਨ ਪਾਇ ਰਤਨਾ ਬੇਟਾ ਭਗਵਾਨੇ ਕਾ, ਕਰਮਾ ਬੇਟਾ ਚੰਦੂ ਕਾ, ਬਾਸੀ ਕਲਾਨੌਰ ਕੋ ਮਾਰ ਕੇ ਮਰਾ। ਗੈਲੋਂ ਮਥਰਾ, ਬੇਟਾ ਭਿਖੇ ਕਾ, ਪੋਤਾ ਰਈਏ ਕਾ, ਪੜਪੋਤਾ ਨਰਸੀ ਕਾ, ਬੰਸ ਭਗੀਰਥ ਕਾ, ਕੌਸ਼ਿਸ਼ ਗੋਤ੍ਰ ਗੌੜ ਬ੍ਰਾਹਮਣ, ਪਰਾਗਾ ਬੇਟਾ ਗੋਤਮ ਕਾ, ਭਾਰਗਵ ਗੋਤ੍ਰ, ਛਿੱਬਰ ਬ੍ਰਾਹਮਣ, ਹੋਰ ਰਣ ਜੂਝੰਤੇ ਗੁਰੂ ਕੇ ਜੋਧੇ ਸਾਮ੍ਹੇ ਮਾਥੇ ਰਣ ਮੇਂ ਜੂਝ ਕਰ ਮਰੇ ।” (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬੰਝਰਾਉਂਤੋ ਕਾ)।      
ਡਾ. ਹਰਜਿੰਦਰ ਸਿੰਘ ਦਿਲਗੀਰ