ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਰਤੀ ਅਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਕਿਵੇਂ ਸ਼ਰੀਕ ਹੋਣ


ਹਰ ਸਾਲ ਭਾਰਤ ਜਦੋਂ ਆਪਣਾ ਅਜ਼ਾਦੀ ਦਿਨ ਮਨਾਉਂਦਾ ਹੈ ਤਾਂ ਇਸੇ ਦੇਸ਼ ਦੇ ਸ਼ਹਿਰੀ ਸਿੱਖਾਂ ਨੂੰ ਖੁਸ਼ੀ ਦੀ ਥਾਂ ਜਿਹੜੀ ਪੀੜ ਦਾ ਅਹਿਸਾਸ ਹੁੰਦਾ ਹੈ ਉਹ ਪਿਛਲੇ 65 ਸਾਲਾਂ ਤੋਂ ਲਗਾਤਾਰ ਵਧ ਹੀ ਰਹੀ ਹੈ। ਸਿਵਾਏ ਪਛਤਾਵੇ ਦੇ ਹੁਣ ਸਿੱਖਾਂ ਦੇ ਪੱਲੇ ਕੁਝ ਨਹੀਂ ਹੈ ਜਿਸ ਦੇ ਆਸਰੇ ਉਹ ਦੇਸ਼ ਦੀ ਅਜ਼ਾਦੀ ਦੀ ਖੁਸ਼ੀ ਵਿਚ ਸ਼ਰੀਕ ਹੋ ਸਕਣ। ਦੁਨੀਆਂ ਭਰ ਵਿਚ ਇਹ ਰਵਾਇਤ ਸਾਂਝੀ ਹੈ ਕਿ ਜਦੋਂ ਕੋਈ ਦੇਸ਼ ਦੂਜੇ ਮੁਲਕ ਤੋਂ ਅਜ਼ਾਦ ਹੋਣ ਦੀ ਖੁਸ਼ੀ ਵਿਚ ਅਜ਼ਾਦੀ ਦਿਹਾੜਾ ਮਨਾਉਂਦਾ ਹੈ ਤਾਂ ਉਸ ਦੇਸ਼ ਦਾ ਹਰ ਨਾਗਰਿਕ ਇਸ ਦਿਨ 'ਤੇ ਫ਼ਖਰ ਮਹਿਸੂਸ ਕਰਕੇ ਖੁਸ਼ੀਆਂ ਵਿਚ ਸ਼ਰੀਕ ਹੁੰਦਾ ਹੈ। ਦੁਨੀਆਂ ਭਰ ਦੀ ਇਹ ਸਾਂਝੀ ਰਵਾਇਤ ਭਾਰਤ ਦੀ ਅਜ਼ਾਦੀ ਦਿਹਾੜੇ ਸਮੇਂ ਇਕਸਾਰ ਲਾਗੂ ਨਹੀਂ ਹੁੰਦੀ। ਇਥੋਂ ਦੇ ਸਿੱਖ ਨਾਗਰਿਕ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਅਜ਼ਾਦੀ ਦੀਆਂ ਸੁੱਖ ਵਾਲੀਆਂ ਸਹੂਲਤਾਂ ਮਿਲਣ ਦੀ ਥਾਂ ਗੁਲਾਮੀ ਦੇ ਤੌਰ ਤਰੀਕਿਆਂ ਵਿਚ ਹੀ ਕੁਝ ਫਰਕ ਆਇਆ ਹੈ। ਹਾਲਾਂਕਿ ਸਿੱਖਾਂ ਨੇ ਇਸ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਠੱਨਵੇਂ ਫੀਸਦੀ ਕੁਰਬਾਨੀਆਂ ਵੀ ਕੀਤੀਆਂ ਹਨ। ਸਿੱਖ ਸਮਝਦੇ ਹਨ ਕਿ 1947 ਤੋਂ ਬਾਅਦ ਸਿਰਫ਼ ਇਹ ਫਰਕ ਜ਼ਰੂਰ ਪਿਆ ਹੈ ਕਿ ਉਹ ਹੁਣ ਆਪਣੀ ਮਰਜ਼ੀ ਨਾਲ ਇਹ ਫੈਸਲਾ ਕਰ ਸਕਦੇ ਹਨ ਕਿ ਉਹਨਾਂ ਨੇ ਗੁਲਾਮੀ ਕਿਸ ਸਿਆਸੀ ਪਾਰਟੀ ਦੇ ਪ੍ਰਬੰਧ ਹੇਠ ਕਰਨੀ ਹੈ। ਸਿੱਖਾਂ ਦੇ ਮਨ ਵਿਚ ਅਜਿਹੀ ਸੋਚ ਪੈਦਾ ਕਰਨ ਦੇ ਦੋਸ਼ੀ ਭਾਰਤੀ ਹੁਕਮਰਾਨਾਂ ਨੇ ਸਿੱਖਾਂ ਦੀ ਪੀੜ ਨੂੰ ਸਮਝ ਕੇ ਕਦੇ ਵੀ ਆਪਣੇ ਦੇਸ਼ ਦੇ ਸਿੱਖਾਂ ਦਾ ਭਰੋਸਾ ਜਿੱਤਣ ਲਈ ਯਤਨ ਨਹੀਂ ਕੀਤੇ। ਇਸ ਦਾ ਸਿੱਟਾ ਇਹ ਨਿਕਲਿਆ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤ ਖਿਲਾਫ਼ ਸਿੱਖਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ। ਭਾਰਤ ਦੇ ਅਜ਼ਾਦੀ ਦਿਨ 15 ਅਗਸਤ ਨੂੰ ਜਦੋਂ ਭਾਰਤ ਅਜ਼ਾਦੀ ਦਿਨ ਮਨਾ ਰਿਹਾ ਹੁੰਦਾ ਹੈ ਤਾਂ ਵਿਦੇਸ਼ਾਂ ਵਿਚ ਸਿੱਖ ਇਸ ਦੇਸ਼ ਖਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹੁੰਦੇ ਹਨ। ਕਈ ਥਾਵਾਂ 'ਤੇ ਤਾਂ ਇਸ ਖੁਸ਼ੀ ਵਾਲੇ ਦਿਨ ਨੂੰ ਰੋਸ ਵਜੋਂ 'ਕਾਲੇ ਦਿਵਸ' ਵਜੋਂ ਮਨਾਉਣ ਦੀਆਂ ਖ਼ਬਰਾਂ ਵੀ ਮਿਲਦੀਆਂ ਹਨ। ਫਿਰ ਵੀ ਭਾਰਤੀ ਹਕੂਮਤਾਂ ਸਿੱਖਾਂ ਦੇ ਦਰਦ ਨੂੰ ਪਛਾਨਣ ਦੀ ਥਾਂ ਹੁਕਮਰਾਨੀ-ਹੈਂਕੜ ਨਾਲ ਵਿਰੋਧ ਦਾ ਮੁਕਾਬਲਾ ਕਰਨ ਵਿਚ ਰੁੱਝ ਜਾਂਦੀਆਂ ਹਨ।
ਦੂਸਰੇ ਪਾਸੇ ਸਿੱਖ ਇਹ ਗੱਲ ਮੰਨਦੇ ਹਨ ਕਿ ਭਾਵੇਂ ਉਹਨਾਂ ਨੇ ਸੱਚ ਦੇ ਰਾਹ 'ਤੇ ਚੱਲ ਕੇ ਇਸ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਵਿਦੇਸ਼ੀ ਹਾਕਮਾਂ ਨਾਲ ਯੁੱਧਾਂ ਵਿਚ ਆਪਣਾ ਅਸੀਮ ਯੋਗਦਾਨ ਪਾਇਆ ਪਰ ਉਹ ਭਾਰਤ ਦੀ ਬਹੁਗਿਣਤੀ ਕੌਮ ਦੀ ਕੁਟਨੀਤਕ ਰਾਜਨੀਤੀ ਦਾ ਮੁਕਾਬਲਾ ਨਹੀਂ ਕਰ ਸਕੇ। ਅੰਗਰੇਜ਼ਾਂ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਜਦੋਂ ਸਿੱਖ ਕੋਈ ਸਾਢੇ ਤਿੰਨ ਲੱਖ ਵਰਗ ਕਿਲੋਮੀਟਰ ਵਿਚ ਰਾਜ ਕਰਦੇ ਸਨ ਤਾਂ ਉਸ ਸਮੇਂ ਤੋਂ ਹੀ ਸਿੱਖਾਂ ਦੀ ਸ਼ਕਤੀ ਨੂੰ ਵੰਡ ਕੇ ਨਕਾਰਾ ਕਰ ਦੇਣ ਦੀਆਂ ਚਾਲਾਂ ਸ਼ੁਰੂ ਹੋ ਗਈਆਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮਨੂੰਨੀਤੀ ਨਾਲ ਖਤਮ ਕਰਨ ਸਮੇਂ 23 ਮਾਰਚ 1849 ਨੂੰ ਸਿੱਖ ਸ਼ਕਤੀ ਦਾ ਭੋਗ ਪਾ ਦਿੱਤਾ ਗਿਆ। ਸਿੱਖਾਂ ਨੂੰ ਅੰਗਰੇਜ਼ੀ ਰਾਜ ਹੇਠ ਕਰਨ ਤੋਂ ਬਾਅਦ ਪੂਰੇ ਭਾਰਤ ਨੇ ਰਲ ਕੇ ਸਿੱਖ ਵਸੋਂ ਵਾਲੇ ਪੰਜਾਬ ਨੂੰ ਅੰਗਰੇਜ਼ਾਂ ਦੀ ਮਦਦ ਨਾਲ ਖਤਮ ਕਰਨਾ ਜਾਰੀ ਰੱਖਿਆ। ਇਸ ਸਮੇਂ ਹੀ ਦੇਸ਼ ਦੇ ਸ਼ਰਮਾਏਦਾਰੀ ਅਤੇ ਵਪਾਰੀ ਵਰਗ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਅੰਗਰੇਜ਼ਾਂ ਦੀਥਾਂ ਉਹ ਆਪ ਚੰਗਾ ਵਪਾਰ ਕਰ ਸਕਦੇ ਹਨ ਤਾਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਫਿਰ ਸਿੱਖਾਂ ਨੂੰ ਅੱਗੇ ਲਾ ਲਿਆ। ਪਰ ਅਜ਼ਾਦੀ ਮਿਲਦੇ ਹੀ 15 ਅਗਸਤ 1947 ਤੱਕ ਪੰਜਾਬ ਦੀ ਸ਼ਕਤੀ ਸਾਢੇ ਤਿੰਨ ਲੱਖ ਵਰਗ ਕਿਲੋਮੀਟਰ ਘੇਰੇ ਤੋਂ ਘਟ ਕੇ ਮਹਿਜ਼ ਡੇਢ ਲੱਖ ਵਰਗ ਕਿਲੋਮੀਟਰ ਤੱਕ ਸੀਮਤ ਕਰ ਦਿੱਤੀ ਗਈ। 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ ਪਰ ਪੰਜਾਬ ਨੂੰ ਦੋ ਵੱਖ-ਵੱਖ ਮੁਲਕਾਂ ਵਿਚ ਵੰਡ ਕੇ ਸਿੱਖਾਂ ਨੂੰ ਫਿਰ ਦੁਬਾਰਾ ਹੋਰ ਸ਼ਕਤੀਹੀਣ ਕਰ ਦਿੱਤਾ ਗਿਆ। ਲੱਖਾਂ ਦੀ ਗਿਣਤੀ ਵਿਚ ਸਿੱਖ ਮਾਰੇ ਗਏ ਅਤੇ ਜ਼ਮੀਨ ਜਾਇਦਾਦ ਤੋਂ ਵਾਂਝੇ ਹੋ ਗਏ। ਬੇਸੁਮਾਰ ਬੇਪਤੀਆਂ ਪੱਲੇ ਪਈਆਂ। ਸਿੱਖ ਦੇ ਧਾਰਮਿਕ ਸਥਾਨ ਨਨਕਾਣਾ ਸਾਹਿਬ ਸਮੇਤ ਅਨੇਕਾਂ ਜਾਨ ਤੋਂ ਪਿਆਰੇ ਗੁਰੂ ਘਰ ਪਾਕਿਸਤਾਨ ਵਿਚ ਰਹਿ ਗਏ। ਇਸ ਵੇਲੇ ਵੀ ਸਿੱਖਾਂ ਨੂੰ ਖੁਸ਼ੀ ਸੀ ਕਿ ਅਸੀਂ ਵੀ ਅਜ਼ਾਦ ਹੋ ਗਏ ਹਾਂ ਜਿਸ ਅਜ਼ਾਦੀ ਦੀ ਬਦੌਲਤ ਉਹ ਆਪਣੇ ਸਾਰੇ ਦੁੱਖ ਭੁਲਾ ਦੇਣਗੇ।
ਅਜ਼ਾਦ ਭਾਰਤ ਵਿਚ ਸਿੱਖ ਸ਼ਕਤੀ ਨੂੰ ਖੰਡਿਤ ਕਰਨ ਦਾ ਮੁਗਲ ਅਤੇ ਅੰਗਰੇਜ਼ਾਂ ਦਾ ਤਰੀਕਾ ਫਿਰ ਵਰਤਿਆ ਗਿਆ। ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਨੂੰ ਵੱਖਰੇ ਸੂਬਿਆਂ ਦਾ ਦਰਜਾ ਦੇ ਕੇ ਪੰਜਾਬ ਨੂੰ ਹੁਣ ਸਿਰਫ਼ ਪੰਜਾਹ ਹਜ਼ਾਰ ਵਰਗ ਕਿਲੋਮੀਟਰ ਤੱਕ ਸੀਮਤ ਕਰ ਦਿੱਤਾ ਗਿਆ। ਪੰਜਾਬ ਦੇ ਸਿੱਖਾਂ ਨਾਲ 1947 ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਬੇਸ਼ਰਮੀ ਨਾਲ ਭੁਲਾ ਦਿੱਤਾ ਗਿਆ। ਕਥਿਤ ਆਪਣੀ ਹਕੂਮਤ ਵੱਲੋਂ ਅਜੇ ਵੀ ਸਿੱਖਾਂ ਨਾਲ ਦੁਸ਼ਮਣੀ ਦੀ ਭਾਵਨਾ ਵਾਲੀ ਪਿਆਸ ਨੂੰ ਮਿਟਾਉਣ ਲਈ ਇਥੋਂ ਦੇ ਆਰਥਿਕ ਵਸੀਲੇ ਆਪਣੇ ਕਬਜ਼ੇ ਹੇਠ ਕਰ ਲਏ ਗਏ ਇਹ ਪੈਂਹਟ ਕੁ ਸਾਲਾਂ ਵਿਚ ਹੀ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਭਾਵਨਾ ਤਹਿਤ ਤਿੰਨ ਵੱਡੇ ਸਮੂਹਿਕ ਕਤਲੇਆਮ ਕੀਤੇ ਗਏ। ਸਿੱਖਾਂ ਦੇ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਹਕੂਮਤ ਨੇ ਆਪਣਾ ਜ਼ੋਰ ਦਿਖਾਇਆ ਅਤੇ ਅਜੇ ਵੀ ਕਈ ਪੱਖਾਂ ਤੋਂ ਸਿੱਖਾਂ ਨੂੰ ਖਤਮ ਕਰਨ ਦੇ ਢੰਗ ਤਰੀਕੇ ਚੱਲ ਰਹੇ ਹਨ। ਇਥੋਂ ਤੱਕ ਕਿ ਦੇਸ਼ ਦੀਆਂ ਅਦਾਲਤਾਂ ਵੀ ਆਪਣੇ ਫੈਸਲੇ ਕਾਨੂੰਨ ਅਨੁਸਾਰ ਕਰਨ ਦੀ ਥਾਂ ਘੱਟ ਗਿਣਤੀ ਸਿੱਖਾਂ ਨੂੰ ਇਨਸਾਫ਼ ਦੇਣ ਦੀ ਹਿੰਮਤ ਨਹੀਂ ਕਰ ਸਕਦੀਆਂ। ਭਾਰਤ ਦੇ ਸਿੱਖ ਮਹਿਸੂਸ ਕਰਦੇ ਹਨ ਕਿ ਉਹ ਦੇਸ਼ ਨੂੰ ਲੱਖਾਂ ਕੁਰਬਾਨੀਆਂ ਨਾਲ ਅਜ਼ਾਦ ਕਰਵਾ ਕੇ ਵੀ ਨੁਕਸਾਨਦਾਇਕ ਅਜ਼ਾਦੀ ਪ੍ਰਾਪਤ ਕਰ ਸਕੇ ਹਨ। ਅਜਿਹੇ ਹਾਲਾਤਾਂ ਵਿਚ ਉਹ ਦੇਸ਼ ਦੀ ਅਜ਼ਾਦੀ ਦੇ ਜਸ਼ਨਾਂ ਵਿਚ ਖੁਸ਼ੀ ਕਿਵੇਂ ਮਨਾ ਸਕਦੇ ਹਨ? ਜੇਕਰ ਭਾਰਤੀ ਹਕੂਮਤਾਂ ਇਹ ਮਹਿਸੂਸ ਕਰਦੀਆਂ ਹਨ ਕਿ ਉਹਨਾਂ ਨੇ ਸਿੱਖਾਂ ਨੂੰ ਵੀ ਬਰਾਬਰ ਦੇ ਸ਼ਹਿਰੀ ਮੰਨ ਕੇ ਹਰ ਪੱਖੋਂ ਬਰਾਬਰ ਰੱਖਣਾ ਹੈ ਤਾਂ ਉਹਨਾਂ ਨੂੰ ਸਿੱਖਾਂ ਦਾ ਦਿਲ ਜਿੱਤਣ ਲਈ ਇਨਸਾਫ਼ ਦਾ ਰਾਹ ਫੜਨਾ ਪਵੇਗਾ। ਉਹਨਾਂ ਨੂੰ ਸਿੱਖਾਂ ਦੇ ਖੋਹੇ ਹੱਕ ਫਿਰ ਬਹਾਲ ਕਰਨੇ ਪੈਣਗੇ। ਅਜਿਹਾ ਕਰਕੇ ਭਾਰਤ ਦੇਸ਼ ਘਰੇਲੂ ਪੱਧਰ 'ਤੇ ਇਕਜੁੱਟ ਹੋ ਕੇ ਮਜ਼ਬੂਤੀ ਦੇ ਰਾਹ ਤੁਰ ਸਕੇਗਾ।