ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਮਰੀਕਾ ਗੋਲੀ ਕਾਂਡ : ਸਿੱਖ ਕਤਲ ਬਨਾਮ ਸਿੱਖ ਨਸਲਕੁਸ਼ੀ


ਅਮਰੀਕਾ ਦੇ ਗੁਰਦੁਆਰਾ ਓਕ ਕਰੀਕ ਵਿਚ ਹੋਏ ਗੋਲੀ ਕਾਂਡ ਨੇ ਇਕ ਵਾਰ ਪੂਰੀ ਸਿੱਖ ਕੌਮ ਨੂੰ ਝਟਕਾ ਦਿੱਤਾ ਹੈ। ਹਲਾਤਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਅਮਰੀਕਾ ਸਰਕਾਰ ਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਭਰੋਸੇ 'ਚ ਲੈ ਕੇ ਜਿਸ ਤਰ੍ਹਾਂ ਦੇ ਕਦਮ ਉਠਾਏ ਹਨ ਉਹ ਤਸੱਲੀ ਵਾਲੇ ਤਾਂ ਹਨ ਹੀ ਸਗੋਂ ਨਾਲ ਹੀ ਕਿਸੇ ਸਭਿਅਕ ਲੋਕਤੰਤਰ ਦੇਸ਼ ਤੱਕ 'ਸਾਫ਼-ਸੁਥਰਾ' ਰਾਹ ਬਣਾਉਣ ਵਾਲੇ ਵੀ ਹਨ। ਇਕ ਬਦਦਿਮਾਗ ਬੰਦੇ ਵੱਲੋਂ ਕੀਤੇ ਕਾਰੇ ਤੋਂ ਤੁਰੰਤ ਬਾਅਦ ਰਾਹਤ ਕਾਰਜਾਂ 'ਚ ਜੁਟੀ ਸਰਕਾਰ ਅਤੇ ਘਟਨਾ ਦੀ ਤੁਰੰਤ ਜਾਂਚ ਦੇ ਆਦੇਸ਼ ਦੇ ਕੇ ਅਮਰੀਕਾ ਸਰਕਾਰ ਨੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ। ਸਿੱਖ ਭਾਈਚਾਰੇ ਨਾਲ ਹਮਦਰਦੀ ਵਜੋਂ ਆਪਣੇ ਦੇਸ਼ ਦੇ ਕੌਮੀ ਝੰਡਿਆਂ ਨੂੰ ਕੁਝ ਦਿਨਾਂ ਲਈ ਝੁਕਾ ਕੇ ਰੱਖਣ ਦੇ ਫੁਰਮਾਨ ਨੇ ਇਸ ਸਰਕਾਰ ਪ੍ਰਤੀ ਕੋਈ ਗਿਲਾ-ਸ਼ਿਕਵਾ ਦਿਲ ਵਿਚ ਰੱਖਣ ਦੀ ਗੁੰਜਾਇਸ਼ ਨੂੰ ਘੱਟ ਕਰ ਦਿੱਤਾ ਹੈ। ਭਾਵੇਂ ਅਜਿਹੀਆਂ ਘਟਨਾਵਾਂ ਵਾਪਰਨ ਦੇ ਦੋਸ਼ ਤੋਂ ਸਰਕਾਰਾਂ ਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਫਿਰ ਵੀ ਮੰਨਿਆ ਜਾਂਦਾ ਹੈ ਕਿ ਅਚਾਨਕ ਹੋਈ ਅਜਿਹੀ ਘਟਨਾ ਵਾਪਰਨ ਲਈ ਸਰਕਾਰ ਕਿਸੇ ਹੱਦ ਤੱਕ ਮਾਫ਼ ਕੀਤੀ ਜਾ ਸਕਦੀ ਹੈ। ਇਹ ਮਾਫ਼ੀ ਤਾਂ ਹੀ ਸਹੀ ਮੰਨੀ ਜਾ ਸਕਦੀ ਹੈ ਜੇ ਸਰਕਾਰ ਹਾਦਸੇ ਤੋਂ ਤੁਰੰਤ ਬਾਅਦ ਆਪਣੇ ਫਰਜ਼ ਸਮਝ ਕੇ ਪੀੜਤ ਧਿਰਾਂ ਦੀ ਤਸੱਲੀ ਕਰਵਾ ਦੇਵੇ ਅਤੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਲਈ ਬਣਦੇ ਯਤਨ ਕਰੇ। ਤਸੱਲੀ ਵਾਲੀ ਗੱਲ ਹੈ ਕਿ ਅਮਰੀਕਾ ਗੁਰਦੁਆਰਾ ਗੋਲੀ ਕਾਂਡ ਵਿਚ ਹੁਣ ਤੱਕ ਦੇ ਘਟਨਾਕ੍ਰਮ ਵਿਚ ਸਥਾਨਕ ਸਰਕਾਰ ਨੇ ਆਪਣੇ ਬਣਦੇ ਫਰਜ਼ਾਂ ਦੀ ਚੰਗੀ ਤਰ੍ਹਾਂ ਪੂਰਤੀ ਕੀਤੀ ਹੈ। ਇਹਨਾਂ ਕਾਰਵਾਈਆਂ ਨਾਲ ਜਿੱਥੇ ਸਿੱਖ ਭਾਈਚਾਰੇ ਦਾ ਸਥਾਨਕ ਸਰਕਾਰ 'ਤੇ ਭਰੋਸਾ ਪੱਕਾ ਹੋਵੇਗਾ ਉਥੇ ਅਮਰੀਕੀ ਸਿੱਖਾਂ ਦਾ ਇਸ ਦੇਸ਼ ਪ੍ਰਤੀ ਪਿਆਰ ਹੋਰ ਗੂੜ੍ਹਾ ਹੋਵੇਗਾ।
ਸਿੱਖ ਕੌਮ ਮੂਲ ਰੂਪ ਵਿਚ ਜਿਸ ਭਾਰਤ ਦੇਸ਼ ਦੀ ਜੰਮਪਲ ਹੈ ਉਸ ਦੇਸ਼ ਦੀ ਬਹੁਗਿਣਤੀ ਕੌਮ ਦਾ ਹਮੇਸ਼ਾ ਇਹ ਦੋਸ਼ ਰਿਹਾ ਹੈ ਕਿ ਸਿੱਖ ਭਾਰਤ ਦੇਸ਼ ਨੂੰ ਆਪਣਾ ਦੇਸ਼ ਨਹੀਂ ਮੰਨਦੇ ਇਸੇ ਸੋਚ ਤਹਿਤ ਉਹ ਸਿੱਖਾਂ ਨੂੰ ਅੱਤਵਾਦੀ-ਵੱਖਵਾਦੀ ਲਕਵ ਜਦੋਂ ਪ੍ਰਭਾਸ਼ਿਤ ਕਰਦੇ ਰਹੇ ਹਨ। ਜਦ ਕਿ ਸਿੱਖਾਂ ਦਾ ਹਮੇਸ਼ਾ ਇਹ ਜਵਾਬ ਰਿਹਾ ਹੈ ਕਿ ਦੇਸ਼ ਪ੍ਰਤੀ ਪਿਆਰ ਅਤੇ ਰਾਸ਼ਟਰੀਅਤਾ ਤਾਂ ਹੀ ਸੰਭਵ ਹੋ ਸਕਦੀ ਹੈ ਜੇ ਦੇਸ਼ ਦੇ ਸਾਰੇ ਪ੍ਰਮੁੱਖ ਆਗੂ ਵੀ ਆਪਣੇ ਨਾਗਰਿਕਾਂ ਪ੍ਰਤੀ ਬਰਾਬਰ ਦਾ ਰਵੱਈਆ ਰੱਖਦੇ ਹੋਣ। ਕਿਸੇ ਖਾਸ ਵਰਗ ਦੇ ਲੋਕਾਂ ਪ੍ਰਤੀ ਇਕਤਰਫਾ ਰਵੱਈਆ ਰੱਖ ਕੇ ਉਹਨਾਂ ਤੋਂ ਰਾਸ਼ਟਰੀਅਤਾ ਪ੍ਰਤੀ ਹਿਤਕਾਰੀ ਭਾਵਨਾ ਦੀ ਉਮੀਦ ਰੱਖਣਾ ਸੰਭਵ ਨਹੀਂ ਹੁੰਦਾ। ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣ ਤੋਂ ਪਹਿਲਾਂ ਮੁਸਲਮਾਨ ਸ਼ਾਸਕਾਂ ਨਾਲ ਖੂਨ-ਡੋਲਵੀਆਂ ਲੜਾਈਆਂ ਲੜ ਕੇ ਜਿਸ ਦੇਸ਼ ਨੂੰ ਅਜ਼ਾਦ ਕਰਵਾਇਆ ਸੀ ਉਸ ਤੋਂ ਸਿੱਖ ਇਹ ਹੀ ਉਮੀਦ ਰੱਖਦੇ ਸਨ ਕਿ ਉਹਨਾਂ ਨਾਲ ਦੇਸ਼ ਵਿਚ ਬਰਾਬਰ ਦਾ ਸਲੂਕ ਹੋਵੇਗਾ ਅਤੇ ਕੁਰਬਾਨੀਆਂ ਦੇ ਇਵਜ਼ ਵਜੋਂ ਵੱਖਰੇ ਵੱਧ ਅਧਿਕਾਰ ਦੇ ਕੇ ਉਹਨਾਂ ਦੀ ਕੌਮ ਨੂੰ ਵਧਣ-ਫੁੱਲਣ ਦਾ ਹਰ ਮੌਕਾ ਦਿੱਤਾ ਜਾਵੇਗਾ। ਇਸ ਆਸ ਦੇ ਉਲਟ 1947 ਤੋਂ ਤੁਰੰਤ ਬਾਅਦ ਸਿੱਖ ਕੌਮ ਨਾਲ ਜਿਹੜਾ ਵਰਤਾਰਾ ਕੀਤਾ ਗਿਆ ਉਹ ਉਸ ਨੂੰ ਵਿਸ਼ੇਸ਼ ਮਾਨਤਾ ਦੇਣ ਦੀ ਥਾਂ ਉਸ ਦੀ ਹੋਂਦ ਖਤਮ ਕਰਨ ਵਾਲਾ ਸਾਬਤ ਹੋਇਆ। ਦੇਸ਼ ਦੀ ਅਜ਼ਾਦੀ ਤੋਂ ਅੱਧੀ ਸਦੀ ਦੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਸਿੱਖ ਕੌਮ ਨਾਲ ਬੇਸੁਮਾਰ ਬੇਇਨਸਾਫ਼ੀਆਂ ਕੀਤੀਆਂ ਗਈਆਂ ਕੌਮ ਦੀ ਆਰਥਿਕਤਾ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਪੰਜਾਬ ਨੂੰ ਤਿੰਨ ਵਾਰ ਕੱਟ-ਵੱਢ ਕੇ ਛੋਟਾ ਕਰ ਦਿੱਤਾ ਗਿਆ। ਪੰਜਾਬ ਦੇ ਕੁਦਰਤੀ ਵਸੀਲਿਆਂ ਨੂੰ ਕੇਂਦਰ ਨੇ ਆਪਣੇ ਕਾਬੂ ਹੇਠ ਰੱਖ ਕੇ ਇਸ ਧਰਤੀ ਦੇ ਹੱਕੀ ਲੋਕਾਂ ਨੂੰ ਗਰੀਬ ਕਰਨ ਦੀ ਕੁਟਲ ਨੀਤੀ ਵਰਤੀ ਗਈ। ਅਦਾਲਤਾਂ ਵਿਚ ਵੀ ਬੇਇਨਸਾਫ਼ੀ ਕੀਤੀ ਗਈ। ਸਿੱਖ ਧਰਮ ਦੇ ਪ੍ਰਮੁੱਖ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬੇਰਹਿਮੀ ਨਾਲ ਫੌਜੀ ਹਮਲਾ ਕੀਤਾ ਗਿਆ। ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹੋਰ ਸੂਬਿਆਂ ਵਿਚ ਵੀ ਸਿੱਖਾਂ ਨੂੰ ਸਮੂਹਿਕ ਰੂਪ ਵਿਚ ਬੇਹਿਆਈ ਨਾਲ ਕਤਲ ਕਰ ਦਿੱਤਾ ਗਿਆ। ਸਿੱਖ ਕੌਮ ਨੂੰ ਆਰਥਿਕ ਰੂਪ ਵਿਚ ਕਮਜ਼ੋਰ ਕਰਨ ਲਈ ਸਿੱਖ-ਸੰਪਤੀਆਂ ਨੂੰ ਲੁੱਟ ਤੋਂ ਬਾਅਦ ਅੱਗਾਂ ਲਾ ਕੇ ਸਵਾਹ ਕਰ ਦਿੱਤਾ ਗਿਆ। ਜਦੋਂ ਇਸ ਕਤਲੇਆਮ ਦਾ ਇਨਸਾਫ਼ ਲੈਣ ਲਈ ਸਿੱਖ ਦੇਸ਼ ਦੀਆਂ ਅਦਾਲਤਾਂ ਵਿਚ ਗਏ ਤਾਂ ਅਦਾਲਤਾਂ ਨੇ ਵੀ ਉਹਨਾਂ ਨੂੰ ਇਨਸਾਫ਼ ਨਾ ਦਿੱਤਾ। ਅਠਾਈ ਸਾਲ ਬੀਤਣ ਦੇ ਬਾਵਜੂਦ ਵੀ ਅਜੇ ਸਿੱਖ ਇਨਸਾਫ਼ ਦੀ ਉਡੀਕ ਵਿਚ ਅਦਾਲਤਾਂ ਦੇ ਗੇੜੇ ਖਾ ਰਹੇ ਹਨ। ਇਸ ਵੇਲੇ ਵੀ ਅਦਾਲਤਾਂ ਅਤੇ ਸਰਕਾਰਾਂ ਦੀ ਮਿਲੀਭੁਗਤ ਸਦਕਾ ਕੋਈ ਅਜਿਹਾ ਇਨਸਾਫ਼ ਮਿਲਦ ਦੀ ਉਮੀਦ ਬਾਕੀ ਨਹੀਂ ਹੈ ਜਿਸ ਨਾਲ ਸਿੱਖ ਮਾਣ ਨਾਲ ਇਹ ਕਹਿ ਸਕਣ ਕਿ ਉਹਨਾਂ ਨੂੰ ਆਪਣੇ ਦੇਸ਼ 'ਤੇ ਫਖ਼ਰ ਹੈ। ਫਿਰ ਦੇਸ਼ ਦੇ ਨੇਤਾ-ਸਿੱਖਾਂ ਤੋਂ ਇਹ ਉਮੀਦ ਕਿਵੇਂ ਰੱਖ ਸਕਦੇ ਹਨ ਕਿ ਭਾਵੇਂ ਦੇਸ਼ ਉਹਨਾਂ ਨੂੰ ਇਨਸਾਫ਼ ਵੀ ਨਾ ਦੇਵੇ ਪਰ ਉਹ ਫਿਰ ਵੀ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਆਂਚ ਨਾ ਆਉਣ ਦੇਣ। ਭਾਰਤ ਦੇਸ਼ ਦੇ ਪ੍ਰਮੁੱਖ ਨੇਤਾਵਾਂ ਲਈ ਅਮਰੀਕਾ ਗੁਰਦੁਆਰਾ ਗੋਲੀ ਕਾਂਡ ਦਾ ਸਾਕਾ ਆਪਣੇ ਫਰਜ਼ਾਂ ਪ੍ਰਤੀ ਜ਼ਿੰਮੇਵਾਰੀ ਸਮਝਣ ਲਈ ਮਸਾਲ ਬਣ ਸਕਦਾ ਹੈ। ਜੇ ਇਕ ਅਮਰੀਕੀ ਨਾਗਰਿਕ ਦੀ ਵਜ੍ਹਾ ਕਾਰਨ ਸਿੱਖ ਕੌਮ ਨੂੰ ਦੁੱਖ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਤਾਂ ਸਰਕਾਰ ਨੇ ਤੁਰੰਤ ਇਨਸਾਫ਼ ਦੇ ਰਾਹ ਵੀ ਖੋਲ੍ਹ ਦਿੱਤੇ ਤਾਂ ਕਿ ਉਹਨਾਂ ਦੇਸ਼ ਦਾ ਕੋਈ ਬੁਰਾ ਪ੍ਰਭਾਵ ਦੁਨੀਆਂ ਵਿਚ ਨਾ ਜਾਵੇ। ਜੇ ਇਸੇ ਤਰ੍ਹਾਂ ਭਾਰਤ ਦੇਸ਼ ਦੇ ਆਗੂ ਵੀ ਆਪਣੇ ਨਾਗਰਿਕਾਂ ਪ੍ਰਤੀ ਸੁਹਿਰਦਤਾ ਦਾ ਸਬਕ ਮਨ ਵਿਚ ਵਸਾ ਲੈਣ ਤਾਂ ਹਰ ਨਾਗਰਿਕ ਵਿਚ ਰਾਸ਼ਟਰੀਅਤਾ ਦੀ ਭਾਵਨਾ ਬਿਨਾਂ ਆਖੇ ਪ੍ਰਚੰਡ ਹੀ ਰਹੇਗੀ।