ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਖਤਰਨਾਕ ਹੋ ਸਕਦਾ ਹੈ ਵਧੇਰੇ ਪਾਣੀ ਪੀਣਾ


ਇਕ ਦਿਨ ਵਿਚ ਕਿੰਨਾ ਪਾਣੀ ਤੁਸੀਂ ਪੀਂਦੇ ਹੋ? ਸ਼ਾਇਦ ਅੱਠ ਜਾਂ ਦਸ ਗਿਲਾਸ ਜਾਂ ਇਸ ਤੋਂ ਵੀ ਜ਼ਿਆਦਾ। ਹੋ ਸਕਦਾ ਹੈ ਪਾਣੀ ਦੀ ਬੋਤਲ ਵੀ ਨਾਲ ਰੱਖਦੇ ਹੋ। ਕਾਰਨ ਬਹੁਤ ਸਾਰੇ ਹਨ... ਕਿਸੇ ਨੂੰ ਲਗਦਾ ਹੈ ਕਿ ਪਾਣੀ ਪੀਣ ਨਾਲ ਵਜ਼ਨ ਘਟਦਾ ਹੈ। ਕੋਈ ਖੂਬਸੂਰਤ ਚਮੜੀ ਲਈ ਪਾਣੀ ਪੀਂਦਾ ਹੈ। ਅਜਿਹਾ ਨਹੀਂ ਹੈ ਕਿ ਪਾਣੀ ਬਾਰੇ ਮਸ਼ਹੂਰ ਸਾਰੇ ਫਾਇਦੇ ਸੱਚ ਨਹੀਂ ਹਨ ਪਰ ਇਕ ਸੱਚ ਇਹ ਵੀ ਹੈ ਕਿ ਲੋੜ ਤੋਂ ਵੱਧ ਪਾਣੀ ਪੀਣਾ ਸਾਡੇ ਲਈ ਨੁਕਸਾਨਦੇਹ ਵੀ ਹੈ।
        ਵਧੇਰੇ ਕਰਕੇ ਲੋਕ ਸਿਰਫ ਪਾਣੀ ਦੇ ਫਾਇਦੇ ਤੋਂ ਹੀ ਜਾਣੂ ਹੁੰਦੇ ਹਨ। ਲੋੜ ਤੋਂ ਵਧੇਰੇ ਪਾਣੀ ਪੀਣਾ ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ, ਇਹ ਘੱਟ ਹੀ ਲੋਕ ਜਾਣਦੇ ਹਨ। ਮਾਹਿਰ ਮੰਨਦੇ ਹਨ ਕਿ ਜੇ ਮਨੁੱਖ ਲੋੜ ਤੋਂ ਵਧੇਰੇ ਪਾਣੀ ਪੀਂਦਾ ਹੈ ਤਾਂ ਉਸ ਦੇ ਗੁਰਦੇ (ਕਿਡਨੀ) 'ਤੇ ਵਾਧੂ ਭਾਰ ਪੈਂਦਾ ਹੈ ਜੋ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।
ਪੈਂਸੀਲੇਨੀਆ ਯੂਨੀਵਰਸਿਟੀ ਦੇ ਕਿਡਨੀ ਮਾਹਿਰ ਡਾ: ਸਟੈਨਲੇ ਗੋਲਡਫੈਰਬ ਆਪਣੀ ਵੈੱਬਸਾਈਟ ਵਿਚ ਲਿਖਦੇ ਹਨ ਕਿ ਲੋੜ ਤੋਂ ਵੱਧ ਪਾਣੀ ਪੀਣ ਨਾਲ ਕਿਡਨੀ ਨੂੰ ਆਪਣੀ ਸਮਰੱਥਾ ਤੋਂ ਜ਼ਿਅਦਾ ਕੰਮ ਕਰਨਾ ਪੈਂਦਾ ਹੈ। ਉਹ ਅੱਗੇ ਲਿਖਦੇ ਹਨ ਕਿ ਵਿਅਕਤੀ ਨੂੰ ਇਕ ਦਿਨ ਵਿਚ 10 ਗਿਲਾਸ ਜਾਂ ਤਿੰਨ ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਵਰਗੀ ਸਲਾਹ ਕਿੱਥੋਂ ਆਈ ਹੈ, ਇਸ ਦਾ ਕਿਸੇ ਨੂੰ ਨਹੀਂ ਪਤਾ। ਇਸ ਸਲਾਹ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ।
ਆਯੁਰਵੇਦ ਵੀ ਡਾ: ਗੋਲਡਫੈਰਬ ਦੀ ਗੱਲ ਨਾਲ ਸਹਿਮਤ ਹਨ। ਆਯੁਰਵੇਦ-ਹਰਬਲ ਟ੍ਰੀਟਮੈਂਟ ਐਂਡ ਪੰਚਕਰਮ ਸੈਂਟਰ ਦੇ ਐਮ. ਡੀ. ਡਾ: ਰਾਮ ਨਿਵਾਸ ਪ੍ਰਾਸ਼ਰ ਕਹਿੰਦੇ ਹਨ ਕਿ ਆਦਮੀ ਦਾ ਸਰੀਰ 70 ਫ਼ੀਸਦੀ ਪਾਣੀ ਨਾਲ ਬਣਿਆ ਹੁੰਦਾ ਹੈ, ਇਸ ਲਈ ਉਸ ਨੂੰ ਵਾਧੂ ਪਾਣੀ ਦੀ ਵਧੇਰੇ ਲੋੜ ਨਹੀਂ ਹੁੰਦੀ। ਉਸ ਨੂੰ ਕੇਵਲ ਓਨਾ ਹੀ ਪਾਣੀ ਪੀਣਾ ਚਾਹੀਦਾ ਹੈ, ਜਿੰਨੀ ਕਿ ਪਿਆਸ ਜਾਂ ਲੋੜ ਹੋਵੇ।
ਵੈਲਨੈਸ ਮਾਹਿਰ ਡਾ: ਇਸ਼ੀ ਖੋਸਲਾ ਤਾਂ ਮੰਨਦੀ ਹੈ ਕਿ ਲੋੜ ਤੋਂ ਵਧੇਰੇ ਪਾਣੀ ਪੀਣ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਦਰਅਸਲ ਪਿਛਲੇ ਕੁਝ ਇਕ ਸਾਲਾਂ ਵਿਚ ਪਾਣੀ ਦਾ ਏਨਾ ਪ੍ਰਚਾਰ ਕੀਤਾ ਗਿਆ ਹੈ ਕਿ ਹਰ ਵਿਅਕਤੀ ਪਾਣੀ ਨੂੰ ਹੈਲਥ ਟਾਨਿਕ ਸਮਝਣ ਲੱਗਾ ਹੈ। ਉਸ ਨੂੰ ਲਗਦਾ ਹੈ ਕਿ ਸਿਹਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਸ ਗੱਲ ਵਿਚ ਛੁਪਿਆ ਹੈ ਕਿ ਢੇਰ ਸਾਰਾ ਪਾਣੀ ਰੋਜ਼ ਪੀਤਾ ਜਾਏ।
ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਪਰ ਕਿੰਨਾ ਪਾਣੀ ਪੀਣਾ ਚਾਹੀਦਾ ਹੈ, ਇਸ ਬਾਰੇ ਲੋਕ ਅਣਜਾਣ ਹਨ। ਸਿਹਤ ਮਾਹਿਰ ਦਾ ਮਤਲਬ ਪਾਣੀ ਦੀ ਉਸ ਮਾਤਰਾ ਤੋਂ ਹੁੰਦਾ ਹੈ, ਜਿਸ ਨੂੰ ਅਸੀਂ ਰੋਜ਼ ਲੈਂਦੇ ਹਾਂ ਜੋ ਖਾਣ ਦੀਆਂ ਵੱਖ-ਵੱਖ ਚੀਜ਼ਾਂ ਦੇ ਜ਼ਰੀਏ ਵੀ ਸਾਡੇ ਸਰੀਰ ਵਿਚ ਜਾਂਦਾ ਹੈ। ਸਬਜ਼ੀ ਤੋਂ ਲੈ ਕੇ ਫਲ ਤੱਕ ਹਰ ਚੀਜ਼ ਵਿਚ ਪਾਣੀ ਦਾ ਅੰਸ਼ ਹੁੰਦਾ ਹੈ। ਇਹ ਅੰਸ਼ ਵੀ ਸਾਡੀ ਸਿਹਤ 'ਤੇ ਉਹੀ ਅਸਰ ਕਰਦਾ ਹੈ ਜੋ ਪਾਣੀ ਆਪਣੇ ਸ਼ੁੱਧ ਰੂਪ ਵਿਚ ਕਰਦਾ ਹੈ।
ਮੂਲੀ ਅਤੇ ਸ਼ਲਗਮ ਵਰਗੀਆਂ ਕਈ ਸਬਜ਼ੀਆਂ ਵਿਚ 90 ਫ਼ੀਸਦੀ ਪਾਣੀ ਹੁੰਦਾ ਹੈ। ਇਸੇ ਤਰ੍ਹਾਂ ਖਰਬੂਜ਼ੇ ਅਤੇ ਤਰਬੂਜ਼ ਵਿਚ ਵੀ ਭਾਰੀ ਮਾਤਰਾ ਵਿਚ ਪਾਣੀ ਪਾਇਆ ਜਾਂਦਾ ਹੈ। ਚਾਹ ਵਰਗੇ ਦੂਸਰੇ ਤਰਲ ਪਦਾਰਥਾਂ ਜ਼ਰੀਏ ਜੋ ਪਾਣੀ ਸਾਡੇ ਸਰੀਰ ਵਿਚ ਜਾਂਦਾ ਹੈ, ਉਹ ਵੀ ਲਾਭਦਾਇਕ ਹੁੰਦਾ ਹੈ। ਜਾਪਾਨ ਵਿਚ ਜ਼ਿਆਦਾਤਰ ਲੋਕ ਰੋਜ਼ 18 ਗਿਲਾਸ ਪਾਣੀ ਪੀਂਦੇ ਹਨ ਅਤੇ ਜਾਪਾਨੀਆਂ ਦੀ ਚਮੜੀ ਨੂੰ ਦੁਨੀਆ ਵਿਚ ਸਭ ਤੋਂ ਚੰਗੀ ਚਮੜੀ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਚੀਨੀਆਂ ਦੀ ਚਮੜੀ ਨੂੰ ਵੀ ਕਾਫੀ ਸੁੰਦਰ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਚਮੜੀ ਵਿਚ ਵੀ ਕੋਈ ਦਾਗ਼ ਜਾਂ ਧੱਬਾ ਨਹੀਂ ਹੁੰਦਾ।
ਪਾਣੀ ਦੇ ਫ਼ਾਇਦੇ ਦਾ ਏਨਾ ਪ੍ਰਚਾਰ ਕੀਤਾ ਗਿਆ ਕਿ ਲੋਕ ਭੁੱਲ ਗਏ ਕਿ ਹੱਦ ਤੋਂ ਬਾਹਰ ਕਿਸੇ ਵੀ ਚੀਜ਼ ਦੀ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ, ਪਾਣੀ ਦੀ ਵੀ। ਪਾਣੀ ਦੇ ਫ਼ਾਇਦੇ ਆਪਣੀ ਥਾਂ 'ਤੇ ਪਰ ਇਹ ਵੀ ਸੱਚ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਦਾ ਕਿਡਨੀ ਅਤੇ ਦਿਲ 'ਤੇ ਦਬਾਅ ਪੈਂਦਾ ਹੈ।
ਜੇ ਤੁਸੀਂ ਟੀ. ਵੀ. ਰੇਡੀਓ ਜਾਂ ਮੈਗਜ਼ੀਨ ਪੜ੍ਹ ਕੇ ਆਪਣੇ ਲਈ ਪਾਣੀ ਦੀ ਮਾਤਰਾ ਤੈਅ ਕਰਦੇ ਹੋ ਤਾਂ ਸ਼ਾਇਦ ਇਕ ਦਿਨ ਵਿਚ 18 ਗਿਲਾਸ ਪਾਣੀ ਪੀਂਦੇ ਹੋਣਗੇ। ਤੁਸੀਂ ਸੋਚਦੇ ਹੋਵੋਗੇ ਕਿ ਸਿਹਤ ਮਾਹਿਰ ਏਨੇ ਹੀ ਪਾਣੀ ਦੀ ਸਲਾਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਮਾਹਿਰ ਪਾਣੀ ਦੀ ਉਸ ਮਾਤਰਾ ਦੀ ਗੱਲ ਕਰਦੇ ਹਨ, ਜਿਸ ਦੀ ਵਰਤੋਂ ਹਰ ਰੋਜ਼ ਹੁੰਦੀ ਹੈ। ਜਿਵੇਂ ਸਬਜ਼ੀਆਂ ਅਤੇ ਫਲਾਂ ਰਾਹੀਂ ਲਿਆ ਜਾਂਦਾ ਪਾਣੀ, ਗ੍ਰੀਨ ਟੀ, ਚੌਲ ਰਾਹੀਂ ਮਿਲਣ ਵਾਲਾ ਪਾਣੀ ਅਤੇ ਦੁੱਧ ਰਾਹੀਂ ਮਿਲਣ ਵਾਲਾ ਪਾਣੀ। ਇਸ ਤੋਂ ਬਾਅਦ ਪਿਆਸ ਮਹਿਸੂਸ ਹੋਣ 'ਤੇ ਸ਼ੁੱਧ ਪਾਣੀ।
ਹੁਣ ਜ਼ਰਾ ਸੋਚੋ, ਜੇ ਤੁਸੀਂ ਅਜਿਹਾ ਭੋਜਨ ਕਰਦੇ ਹੋ, ਜਿਸ ਵਿਚ ਪਾਣੀ ਦੀ ਕਾਫੀ ਮਾਤਰਾ ਹੈ ਅਤੇ ਫਿਰ ਉਪਰੋਂ 18 ਗਿਲਾਸ ਪਾਣੀ ਜਾਂ ਦੋ ਲੀਟਰ ਪਾਣੀ ਵੀ ਪੀਂਦੇ ਹੋ ਤਾਂ ਜ਼ਾਹਿਰ ਹੈ ਕਿ ਤੁਹਾਡੇ ਸਰੀਰ ਵਿਚ ਲੋੜ ਤੋਂ ਵੱਧ ਪਾਣੀ ਜਾ ਰਿਹਾ ਹੈ। ਅਸੀਂ ਰੋਜ਼ਾਨਾ ਜਿਹੜੀਆਂ ਚੀਜ਼ਾਂ ਖਾਂਦੇ ਹਾਂ, ਉਨ੍ਹਾਂ ਵਿਚ ਪਾਣੀ ਦੀ ਲੋੜੀਂਦੀ ਮਾਤਰਾ ਹੁੰਦੀ ਹੈ। ਜਿਵੇਂ 100 ਗ੍ਰਾਮ ਸੇਬ ਵਿਚ 84.5 ਗ੍ਰਾਮ ਪਾਣੀ ਹੁੰਦਾ ਹੈ। 100 ਗ੍ਰਾਮ ਅੰਗੂਰ ਵਿਚ 81.8 ਗ੍ਰਾਮ ਪਾਣੀ ਹੁੰਦਾ ਹੈ। 85 ਗ੍ਰਾਮ ਸਵੀਟ ਕਾਰਨ ਵਿਚ 59.42 ਗ੍ਰਾਮ ਪਾਣੀ ਹੁੰਦਾ ਹੈ। 200 ਗ੍ਰਾਮ ਟਮਾਟਰ ਦੇ ਸੂਪ ਵਿਚ 185.24 ਗ੍ਰਾਮ ਪਾਣੀ ਹੁੰਦਾ ਹੈ। 100 ਗ੍ਰਾਮ ਅੰਬ ਵਿਚ 84 ਗ੍ਰਾਮ ਪਾਣੀ ਹੁੰਦਾ ਹੈ। ਦਹੀ ਅਤੇ ਲਸਣ ਵਿਚ ਵੀ ਲੋੜੀਂਦੀ ਮਾਤਰਾ ਵਿਚ ਪਾਣੀ ਹੁੰਦਾ ਹੈ। ਜੂਸ, ਚਾਹ ਜਾਂ ਦੁੱਧ, ਲੀਚੀ, ਗਾਜਰ, ਮੁਨੱਕਾ, ਖਜੂਰ, ਸ਼ਲਗਮ ਵਿਚ ਵੀ ਪਾਣੀ ਹੁੰਦਾ ਹੈ।
ਡਾ. ਵਿਕਾਸ ਮਾਨਵ