ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮੇਘੁ ਵਰਸੈ ਅੰਮ੍ਰਿਤ ਧਾਰ


ਅੰਬਰਾਂ ਵਿੱਚ ਪਈ ਸਤਰੰਗੀ ਪੀਂਘ ਸਾਉਣ ਮਹੀਨੇ ਦਾ ਹਾਸਲ ਹੁੰਦੀ ਹੈ। ਪਿੱਪਲਾਂ, ਟਾਹਲੀਆਂ ਤੇ ਬਰੋਟਿਆਂ ਉੱਤੇ ਪਈਆਂ ਪੀਂਘਾਂ ਆਸਮਾਨ 'ਤੇ ਬਿਖਰੇ ਸੱਤ ਰੰਗਾਂ ਦਾ ਹੀ ਪ੍ਰਤੀਬਿੰਬ ਹੁੰਦੀਆਂ ਹਨ। ਸਾਉਣ ਦੀ ਝੜੀ ਕਰਕੇ ਹੋ ਰਹੀ ਕਿਣਮਿਣ ਦਾ ਤਰੰਨਮ ਰੂਹਾਂ ਨੂੰ ਨਸ਼ਿਆ ਦਿੰਦਾ ਹੈ। ਜੇਠ-ਹਾੜ ਵਿੱਚ ਤਪੀ ਧਰਤ ਦਾ ਸੀਨਾ ਠਰਦਾ ਹੈ। ਨਦੀਆਂ-ਨਾਲੇ ਉੱਛਲਦੇ ਹਨ। ਸੁਖਵਿੰਦਰ ਅੰਮ੍ਰਿਤ ਕਹਿੰਦੀ ਹੈ, 'ਘੜਿਆਂ 'ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ'। ਇਸ ਰੁੱਤੇ ਤਨ, ਮਨ ਅਤੇ ਧਰਤੀ ਮੌਲਦੀ ਹੈ। ਲੂੰਹਦੀਆਂ ਪੌਣਾਂ ਦੇ ਸੀਨੇ ਠੰਢ ਪੈਂਦੀ ਹੈ। ਕੋਇਲਾਂ ਕੂਕਦੀਆਂ ਹਨ ਤੇ ਮੋਰ ਰੁਣ ਝੁਣ ਲਾਉਂਦੇ ਹਨ- 'ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣੁ ਆਇਆ' (ਵਡਹੰਸ ਮਹਲਾ ਪਹਿਲਾ, ਘਰੁ ਦੂਜਾ)। ਜਾਂ 'ਮੇਘੁ ਵਰਸੈ ਸਭਨੀ ਥਾਈ'।
ਬਾਰਾਮਾਹ ਵਿੱਚ ਸਾਵਣ ਦਾ ਮਹਾਤਮ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ :
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੈ ਛਾਰੁ
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰ
ਵਣੁ ਤਿਣੁ ਪ੍ਰਭ ਸੰਗ ਮਉਲਿਆ  ਸੰਮ੍ਰਥ ਪੁਰਖ ਅਪਾਰੁ
ਹਰਿ ਮਿਲਣੈ ਕੋ ਮਨੁ ਲੋਚਦਾ ਕਰਮ ਮਿਲਾਵਣਹਾਰੁ
ਜਿਨੀ ਸਖੀਏ ਪ੍ਰਭ ਪਾਇਆ ਹੰਉ ਤਿਨ ਕੈ ਸਦ ਬਲਿਹਾਰ
ਨਾਨਕ ਹਰ ਜੀ ਮਾਇਆ ਕਰਿ ਸਬਦਿ ਸਵਾਰਣਹਾਰੁ
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ
ਸਾਉਣ ਮਹੀਨੇ ਬਨਸਪਤੀ ਦੇ ਬਸਤਰ ਧੁਲ ਜਾਂਦੇ ਹਨ। ਚਾਰ-ਚੁਫੇਰੇ ਬਿਖਰਿਆ ਸਾਵਾ ਰੰਗ ਮਨ ਤੇ ਰੂਹ ਨੂੰ ਟੁੰਬਦਾ ਹੈ। ਕੁਦਰਤ ਦੇ ਬਲਿਹਾਰੇ ਜਾਣ ਨੂੰ ਚਿੱਤ ਕਰਦਾ ਹੈ। ਇਸ ਮਹੀਨੇ ਨੂੰ ਮਿਲਾਪਾਂ ਵਾਲੀ ਰੁੱਤ ਵੀ ਕਿਹਾ ਜਾਂਦਾ ਹੈ। ਨਵੀਆਂ ਵਿਆਹੀਆਂ ਮੁਟਿਆਰਾਂ ਵਿਛੜੀਆਂ ਸਹੇਲੀਆਂ ਅਤੇ ਪਰਿਵਾਰਾਂ ਨੂੰ ਮਿਲਦੀਆਂ ਹਨ। ਤੀਆਂ ਦੇ ਮੇਲੇ ਲੱਗਦੇ ਹਨ। ਪੀਂਘਾਂ ਪੈਣ ਨਾਲ ਬਰੋਟਿਆਂ ਦੇ ਵੀ ਭਾਗ ਖੁੱਲ੍ਹ ਜਾਂਦੇ ਹਨ। ਕੁਦਰਤ ਦੇ ਸੱਤ ਰੰਗ ਹੋਰ ਉੱਘੜਦੇ ਹਨ। ਭਾਦੋਂ ਮੁਕਲਾਵੇ ਵਾਲਾ ਮਹੀਨਾ ਹੈ। ਧੀਆਂ-ਧਿਆਣੀਆਂ ਮੁੜ ਸਹੁਰੇ ਜਾਣ ਦੀ ਤਿਆਰੀ ਕਰਦੀਆਂ ਹਨ, 'ਤੀਆਂ ਤੀਜ ਦੀਆਂ, ਭਾਦੋਂ ਦੇ ਮੁਕਲਾਵੇ'। ਸਾਉਣ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਹਨ ਅਤੇ ਭਾਦੋਂ ਨੂੰ (ਬੋਲੀਆਂ) ਮਾਰੀਆਂ ਜਾਂਦੀਆਂ ਹਨ। ਮੁਟਿਆਰਾਂ ਮੇਘਮਾਲਾ (ਬੱਦਲਾਂ ਦੀ ਲੜੀ) 'ਤੇ ਪੈੜਾਂ ਪਾਉਣ ਦੀ ਕੋਸ਼ਿਸ਼ ਵਿੱਚ ਪੀਂਘਾਂ ਆਸਮਾਨੀਂ ਚੜ੍ਹਾਉਂਦੀਆਂ ਹਨ। ਬਿਦ-ਬਿਦ ਪੈਂਦੀਆਂ ਬੋਲੀਆਂ ਦੀ ਕਿਣਮਿਣ ਵੱਖਰੀ ਹੁੰਦੀ ਹੈ ਜਿਹੜੀ ਮੇਘ ਦੇ ਨਾਦ ਨਾਲ ਰਲ ਕੇ ਕੋਈ ਇਲਾਹੀ ਨਜ਼ਾਰਾ ਪੇਸ਼ ਕਰਦੀ ਹੈ। ਪੰਜਾਬੀ ਦਾ ਮੁਹਾਵਰਾ ਹੈ, 'ਜਿਹੜੇ ਗਰਜਦੇ ਹਨ, ਉਹ ਬਰਸਦੇ ਨਹੀਂ' ਪਰ ਸਾਉਣ ਦੀ ਝੜੀ ਰੁਕਣ ਦਾ ਨਾਂ ਹੀ ਨਹੀਂ ਲੈਂਦੀ। ਮੇਘਨਾਦ, ਬੱਦਲ ਦੀ ਗਰਜ ਨੂੰ ਕਹਿੰਦੇ ਹਨ। ਗਰਜਦਾ ਬੱਦਲ ਝੜੀ ਲੱਗਣ ਤੋਂ ਵਰਜਦਾ ਹੈ। ਰਾਵਣ ਦੇ ਇੱਕ ਪੁੱਤਰ ਦਾ ਨਾਂ ਵੀ ਮੇਘਨਾਦ ਸੀ ਜਿਸ ਨੇ ਗਰਜਦਿਆਂ ਕਿਹਾ ਸੀ ਕਿ ਉਹ ਇੰਦਰ ਦੇਵਤਾ ਨੂੰ ਜਿੱਤ ਲਵੇਗਾ। ਇਸੇ ਕਰਕੇ ਮੇਘਨਾਦ ਦਾ ਦੂਜਾ ਨਾਂ ਇੰਦਰਜੀਤ ਸੀ। ਇੰਦਰ ਨੂੰ ਵਰਖਾ ਦਾ ਦੇਵਤਾ ਮੰਨਿਆ ਜਾਂਦਾ ਹੈ। ਗਰਜਣ ਵਾਲੇ ਮੇਘਨਾਦ ਨੇ ਮੀਂਹ ਵਰ੍ਹਾਉਣ ਵਾਲੇ ਦੇਵਤੇ ਨੂੰ ਤਾਂ ਕੀ ਜਿੱਤਣਾ ਸੀ ਸਗੋਂ ਖ਼ੁਦ ਲੰਕਾ ਦੇ ਮੈਦਾਨ-ਏ-ਜੰਗ ਵਿੱਚ ਰਾਮ ਅਤੇ ਲਛਮਣ ਹੱਥੋਂ ਪਰਲੋਕ ਸਿਧਾਰ ਗਿਆ।  ਵੈਸੇ ਮੋਰ ਨੂੰ ਵੀ ਮੇਘਨਾਦ ਕਿਹਾ ਜਾਂਦਾ ਹੈ ਜਿਹੜਾ ਬਰਸ ਰਹੇ ਮੇਘ ਦੀ ਧੁਨਿ ਜਾਂ ਨਾਦ ਨਾਲ ਪੈਲਾਂ ਪਾਉਣ ਲੱਗਦਾ ਹੈ। ਮਿਥਿਹਾਸ ਅਨੁਸਾਰ ਖ਼ੁਦਾ ਨਾ ਖਾਸਤਾ, ਜੇ ਮੇਘਨਾਦ (ਰਾਵਣ ਦਾ ਪੁੱਤਰ) ਇੰਦਰ ਦੇਵਤਾ ਦਾ ਫ਼ਾਤਿਹਾ ਪੜ੍ਹਨ ਵਿੱਚ ਕਾਮਯਾਬ ਹੋ ਜਾਂਦਾ ਤਾਂ ਫਿਰ ਸਾਉਣ ਦੀ ਝੜੀ ਦਾ ਕੀ ਬਣਦਾ?
ਇੱਕ ਲੋਕ ਬੋਲੀ ਵਿੱਚ ਸਾਉਣ ਮਹੀਨੇ ਨੂੰ ਇੰਜ ਚਿਤਰਿਆ ਗਿਆ ਹੈ:
ਸਾਉਣ ਮਹੀਨਾ ਦਿਨ ਗਿੱਧੇ ਦੇ
ਸਭੇ ਸਹੇਲੀਆਂ ਆਈਆਂ
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ
ਸਾਉਣ ਮਹੀਨੇ ਬਾਰੇ ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ, 'ਸਾਰੀ ਧਰਤ  ਲਲਾਰੀ ਸਾਵੀ ਰੰਗ ਗਿਆ'।
ਪਪੀਹਾ ਦਾ ਸ਼ਾਬਦਿਕ ਅਰਥ ਹੈ, 'ਪੀਣ ਦੀ ਈਹਾ (ਇੱਛਾ) ਵਾਲਾ'। ਕਾਦਰ ਦੀ ਕੁਦਰਤ ਨੇ ਪਪੀਹੇ, ਮੋਰਾਂ ਤੇ ਕੋਇਲਾਂ ਅਤੇ ਧਰਤੀ ਦੇ ਤਮਾਮ ਜੀਵ-ਜੰਤੂਆਂ ਦੀ ਪਿਆਸ ਮਿਟਾਉਣ ਲਈ ਕਾਰਗਰ ਪ੍ਰਬੰਧ ਕੀਤੇ ਹਨ। ਜਦੋਂ ਮੀਂਹ ਨਾ ਪਵੇ ਤਾਂ ਸਾਰੀ ਆਰਥਿਕਤਾ ਹਿੱਲ ਜਾਂਦੀ ਹੈ। ਇੰਦਰ ਆਪਣੇ ਏਰਾਵਤ ਹਾਥੀ 'ਤੇ ਬੱਦਲਾਂ ਵਿੱਚੋਂ ਵਿਚਰਦਾ ਹੋਇਆ ਮੇਘਲਾ ਵਰਸਾਉਂਦਾ ਹੈ- ਧਰਤੀ ਦੀ ਪਿਆਸ ਮਿਟਦੀ ਹੈ। ਸਾਉਣ ਮਹੀਨੇ ਨੂੰ ਸਮਰਪਿਤ 'ਪੰਖੜੀਆਂ' ਦੇ ਵਿਸ਼ੇਸ਼ ਕਾਲਮ ਵਿੱਚ ਸਰਬਜੀਤ ਬੇਦੀ ਲਿਖਦੇ ਹਨ :
…ਧਰਤ ਤਪੀ, ਵਣ ਤ੍ਰਿਣ ਪਾਣੀ-ਪਾਣੀ ਪੁਕਾਰਦਾ
ਜੰਗਲ 'ਚ, ਵਾੜਾਂ-ਝਾੜਾਂ 'ਚ
ਬੀਂਡਿਆਂ ਦੀ ਰੀਂ-ਰੀਂ ਸੁਣਦੀ
ਝੀਂਗਰ ਟ੍ਰੀਂ-ਟ੍ਰੀਂ ਅਲਾਪਦਾ
ਰੁੱਖਾਂ ਬਿਰਖਾਂ 'ਚ ਪੀਹੂ ਪੀਹੂ ਬੋਲਦੇ ਪਰਿੰਦੇ
ਜੇਠ ਹਾੜ ਦੀਆਂ ਸਿਖ਼ਰ ਦੁਪਹਿਰਾਂ 'ਚ ਪੰਛੀਆਂ ਦੀ ਚੁੰਝ ਖੁੱਲ੍ਹੀ
ਚਿੜੀ ਕਾਂ ਪਿਆਸੇ, ਕੰਕੜ ਪੱਥਰ ਚੁਗਦੇ, ਕਥਾ ਰਚਦੇ
ਟਟ੍ਹੀਰੀਆਂ ਤਤ੍ਹੀਰੀ ਤਤ੍ਹੀਰੀ ਕੁਰਲਾਉਂਦੀਆਂ
ਕੁੱਲ ਬਨਸਪਤੀ ਤਿਹਾਈ
ਰੁੱਖ ਮਨੁੱਖ ਧੁੱਪਾਂ ਸਹਿੰਦੇ, ਛਾਵਾਂ ਦੇਂਦੇ
ਕੋਈ ਝੜਿਆ ਪੱਤਾ, ਲੂ ਵਗਦੀ 'ਚ ਪਹੀਏ ਵਾਂਗ ਜਾਂਦਾ ਦੌੜਿਆ
ਇਸ ਤੋਂ ਬਾਅਦ ਸਰਬਜੀਤ ਬੇਦੀ ਪਰਬਤਾਂ ਵਿੱਚ ਜੰਮੀ ਬਰਫ਼, ਉਸ ਦੇ ਪਿਘਲਣ ਅਤੇ ਫਿਰ ਪਾਣੀਆਂ ਦੇ ਸਫ਼ਰ ਦੀ ਦਾਸਤਾਨ ਨੂੰ ਅਨੂਠੇ ਸ਼ਬਦਾਂ ਵਿੱਚ ਬਿਆਨਦੇ ਹਨ। ਸ਼ਬਦਾਵਲੀ ਇੰਨੀ ਸੁਆਦਲੀ ਹੈ ਜਿਸ ਨੂੰ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗੇ :
ਚਸ਼ਮੇ ਸੁੱਕੇ, ਨਦੀਆਂ ਰੇਤ 'ਚ ਡੁੱਬੀਆਂ
ਪਾਣੀ ਝੀਲ ਦਾ ਉੱਡ ਪੁੱਡ ਗਿਆਤ
ਜਲ ਬਲ ਗਈ ਹਵਾ, ਗ਼ਰਦ ਗ਼ੁਬਾਰ ਚੜ੍ਹਿਆ
ਉੱਡ ਸਕੇ ਜੋ ਉੱਡ ਗਏ ਜੀਅ ਜੰਤ, ਬੰਦੇ ਤੁਰ ਗਏ
ਜਿੱਥੇ ਵਗਦੇ ਝਰਨੇ, ਸਦਾ ਬਹਾਰ ਜੰਗਲ, ਨਮ ਹਵਾਵਾਂ
ਪਰਬਤੀਂ ਜਿੱਥੇ ਤੁਪਕਾ-ਤੁਪਕਾ ਬਰਫ਼ ਢਲਦੀ
ਨਦੀ ਜਿੱਥੋਂ ਤੁਰਦੀ, ਦਰਿਆ ਵਿੱਚ ਰਲਦੀ,
ਸਾਗਰ ਸਮੁੰਦਰ ਵੱਲ ਜਿੱਥੋਂ ਤੁਰਦੇ ਦਰਿਆ
ਮੌਨਸੂਨ ਪੌਣਾਂ ਦੇ ਕੰਧਾੜੇ ਚੜ੍ਹ ਦਰਿਆਵਾਂ ਮੁੜ ਪਰਬਤੀਂ ਆ ਵਸਣਾ,
ਇਹੋ ਜ਼ਿੰਦਗੀ! ਨਦੀਆਂ ਦਾ ਵਹਿਣਾ ਤੇ ਸੁੱਕਣਾ
ਝੀਲਾਂ ਦਾ ਭਰਨਾ ਤੇ ਉੱਡਣਾ
ਰੁੱਖਾਂ ਦਾ ਝੜਨਾ ਤੇ ਖਿੜਨਾ
ਰੁੱਤਾਂ ਦਾ ਆਉਣਾ ਜਾਣਾ, ਮਿਲਣਾ ਤੇ ਵਿਛੜਨਾ
ਕਦੇ ਅੱਗ ਵਰ੍ਹਦੀ, ਕਦੇ ਬਾਰਿਸ਼ ਨੇ ਵਰ੍ਹਨਾ!
ਇਹੋ ਜ਼ਿੰਦਗੀ! ਗਲੇਸ਼ੀਅਰ ਦੇ ਓਹਲੇ ਕਿਤੇ ਨੀਲਾ ਫੁੱਲ ਬਰਫਾਨੀ ਉੱਗਣਾ
ਕਿਤੇ ਜੇਠ ਹਾੜ 'ਚ ਤਿੱਖੜ ਦੁਪਹਿਰੇ, ਦੁਪਹਿਰਖਿੜੀ ਦਾ ਖਿੜਨਾ!
ਇਹੋ ਜ਼ਿੰਦਗੀ! ਕਿਤੇ ਧੁੱਪਾਂ ਲੱਭਣਾ, ਕਦੇ ਬਾਰਿਸ਼ 'ਚ ਭਿੱਜਣਾ!
ਮੌਸਮੀ ਕਾਲ-ਚੱਕਰ, ਜ਼ਿੰਦਗੀ ਵਰਗਾ ਲੱਗਦਾ ਹੈ। ਮੌਨਸੂਨ ਦਰਅਸਲ ਧਰਤੀ ਅਤੇ ਸਮੁੰਦਰ ਦੀ ਅਸੰਤੁਲਿਤ ਗਰਮੀ ਕਾਰਨ ਹੁੰਦਾ ਹੈ। ਖਾੜੀ ਬੰਗਾਲ ਅਤੇ ਅਰਬ ਸਾਗਰ ਤੋਂ ਚੱਲ ਰਹੀਆਂ ਮੌਸਮੀ ਪੌਣਾਂ ਦੀ ਗਤਿ ਮਿਤ ਨੂੰ ਸਮਝਣ ਵਾਲਾ ਸਹਿਜੇ ਹੀ ਜੀਵਨ ਦੇ ਰਹੱਸ ਨੂੰ ਸਮਝ ਸਕਦਾ ਹੈ। ਹਿਮ ਪਰਬਤਾਂ ਦੀ ਬਰਫ਼ ਪਿਘਲ ਕੇ ਦਰਿਆਵਾਂ ਵਿੱਚ ਵਹਿਣਾ। ਵਾਸ਼ਪੀਕਰਨ ਤੋਂ ਬਾਅਦ ਬੱਦਲਾਂ ਵਿੱਚ ਸਮਾ ਕੇ ਫਿਰ ਛਮ-ਛਮ ਬਰਸ ਜਾਣਾ, ਗਿਆਨ ਦੇ ਸੈਆਂ ਕਿਵਾੜ ਖੋਲ੍ਹਦਾ ਹੈ। ਧਰਤੀ,  ਸਮੁੰਦਰ, ਬੱਦਲ, ਮੌਨਸੂਨ ਅਤੇ ਧਰਤੀ ਦੇ ਜੀਆ-ਜੰਤ ਦਾ ਆਪਸ ਵਿੱਚ ਗਹਿਰਾ ਸਬੰਧ ਹੈ। ਮਿਥਿਹਾਸ ਦੀਆਂ ਖ਼ਿਆਲ ਉਡਾਰੀਆਂ ਨੇ ਵੀ ਸਮੁੰਦਰ ਅਤੇ ਮੇਘ ਦੀ ਸਾਂਝ ਪਾਈ ਹੈ। ਜਿਸ ਏਰਾਵਤ (ਐਰਾਵਤ) ਹਾਥੀ ਦੀ ਅਸਵਾਰੀ ਇੰਦਰ ਕਰਦਾ ਹੈ, ਉਹ 14 ਰਤਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਦੇਵਤਿਆਂ ਅਤੇ ਦੈਂਤਾਂ ਨੇ ਸਮੁੰਦਰ ਰਿੜਕ ਕੇ ਕੱਢਿਆ ਸੀ।
ਖੈਰ, ਸਾਉਣ ਆਬ-ਏ-ਹਯਾਤ ਦਾ ਪਰਵਾਹ ਬਰਸਾ ਰਿਹਾ ਹੈ- 'ਮੇਘੁ ਵਰਸੈ ਅੰਮ੍ਰਿਤ ਧਾਰ' (ਮਲਾਰ ਮਹਲਾ 5)। ਸ਼ਾਲਾ! ਸਾਉਣ ਧਰਤੀ ਉੱਤੇ ਸਦਾ ਸਾਵਾ ਗੀਤ ਲਿਖਦਾ ਰਹੇ ਅਤੇ 'ਸੋਕਾ' ਜਾਂ 'ਡੋਬਾ' ਵਾਲੀ ਨੌਬਤ ਕਦੇ ਨਾ ਆਵੇ।
ਵਰਿੰਦਰ ਵਾਲੀਆ