ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ...


ਸ਼ਹੀਦ ਊਧਮ ਸਿੰਘ ਦਾ ਨਾਂ ਭਾਰਤ ਦੇ ਕੌਮੀ ਸਪੂਤਾਂ ਵਿੱਚ ਸ਼ੁਮਾਰ ਹੁੰਦਾ ਹੈ। ਸੁਨਾਮ ਵਿਖੇ ਸ੍ਰੀ ਟਹਿਲ ਸਿੰਘ ਤੇ ਹਰਨਾਮ ਕੌਰ ਦੇ ਘਰ ਸੰਨ 1899 ਵਿੱਚ ਜਨਮ ਲੈਣ ਵਾਲੇ ਇਸ ਬਾਲਕ ਦਾ ਨਾਂ ਸ਼ੇਰ ਸਿੰਘ ਰੱਖਿਆ ਗਿਆ ਸੀ। ਘਰ ਦੇ ਵਿੱਚ ਬਹੁਤ ਗ਼ਰੀਬੀ ਹੋਣ ਕਰਕੇ ਇਨ੍ਹਾਂ ਦੇ ਪਿਤਾ ਟਹਿਲ ਸਿੰਘ ਨੇ ਸ਼ੇਰ ਸਿੰਘ ਤੇ ਇਨ੍ਹਾਂ ਦੇ ਵੱਡੇ ਭਰਾ ਸਾਧੂ ਸਿੰਘ ਨਾਲ ਸ੍ਰੀ ਅੰਮ੍ਰਿਤਸਰ ਵਸੇਬਾ ਕਰਨ ਦਾ ਮਨ ਬਣਾਇਆ ਪਰ ਰਾਹ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਦੇ ਪੁਰਾਣੇ ਹਮਦਰਦ ਮਿੱਤਰ ਸ੍ਰੀ ਧੰਨਾ ਸਿੰਘ ਦੇ ਪਰਿਵਾਰ ਨੇ ਸ੍ਰੀ ਅੰਮ੍ਰਿਤਸਰ ਵਿੱਚ ਇਨ੍ਹਾਂ ਦੋਵਾਂ ਭਰਾਵਾਂ ਨੂੰ ਆਪਣੀ ਸਰਪ੍ਰਸਤੀ ਹੇਠ ਅਨਾਥ ਆਸ਼ਰਮ ਵਿੱਚ ਰੱਖਿਆ ਤੇ ਅੰਮ੍ਰਿਤ ਛਕਾ ਕੇ ਸ਼ੇਰ ਸਿੰਘ ਦਾ ਨਾਂ ਊਧਮ ਸਿੰਘ ਰੱਖਿਆ। ਸ. ਊਧਮ ਸਿੰਘ ਨੇ 1918 ਵਿੱਚ ਮੈਟ੍ਰਿਕ ਪਾਸ ਕੀਤੀ ਤੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦੇ ਸ਼ਹੀਦੀ ਸਾਕੇ ਤੋਂ ਬਾਅਦ ਵਲੂੰਧਰੇ ਤੇ ਦੁਖੀ ਮਨ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਹੁੰ ਖਾਧੀ ਕਿ ਉਹ ਕੌਮ ਦਾ ਘਾਣ ਕਰਨ ਵਾਲੇ ਅੰਗਰੇਜ਼ ਹਾਕਮਾਂ ਤੋਂ ਇਸ ਗੈਰਮਨੁੱਖੀ ਕਤਲੋਗਾਰਤ ਦਾ ਬਦਲਾ ਲੈਣਗੇ। ਇਸ ਵਾਸਤੇ ਉਨ੍ਹਾਂ ਨੇ ਸੰਨ 1919 ਵਿੱਚ ਹੀ ਇੰਗਲੈਂਡ ਵੱਲ ਚਾਲੇ ਪਾ ਦਿੱਤੇ।
ਇੰਗਲੈਂਡ ਪੁੱਜਣ ਲਈ ਉਹ ਅਫ਼ਰੀਕਾ ਤੇ ਯੂਰਪ ਦੇ ਮੁਲਕਾਂ ਵਿੱਚ ਗਏ ਤੇ ਉੱਥੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਰਗਰਮ ਲੋਕਾਂ ਅਤੇ ਸੰਸਥਾਵਾਂ ਨਾਲ ਸੰਪਰਕ ਕੀਤਾ। ਉਹ 1924 ਵਿੱਚ ਭਾਰਤ ਵਾਪਸ ਆ ਗਏ ਅਤੇ ਫਿਰ ਉਸ ਸਾਲ ਹੀ ਉਹ ਅਮਰੀਕਾ ਪੁੱਜਣ ਵਿੱਚ ਸਫ਼ਲ ਹੋ ਗਏ। ਇੱਥੇ ਉਨ੍ਹਾਂ ਦਾ ਸੰਪਰਕ ਗਦਰ ਪਾਰਟੀ ਦੇ ਮੋਢੀ ਬਾਬਾ ਸੋਹਨ ਸਿੰਘ ਭਕਨਾ ਨਾਲ ਹੋਇਆ। ਇੱਥੇ ਤਿੰਨ ਸਾਲ ਰਹਿਣ ਤੋਂ ਬਾਅਦ ਸ. ਭਗਤ ਸਿੰਘ ਦੇ ਸੱਦੇ 'ਤੇ ਬਾਬਾ ਸੋਹਨ ਸਿੰਘ ਭਕਨਾ ਦੀ ਸਹਿਮਤੀ ਨਾਲ ਉਹ 25 ਸਾਥੀਆਂ ਸਮੇਤ ਅਸਲਾ ਤੇ ਗੋਲੀ-ਸਿੱਕਾ ਲੈ ਕੇ ਭਾਰਤ ਪਹੁੰਚੇ। ਇਸ ਉਪਰੰਤ ਉਹ 1927 ਵਿੱਚ ਗ੍ਰਿਫ਼ਤਾਰ ਹੋਏ ਤੇ 1931 ਦੇ ਅਖ਼ੀਰ ਤਕ ਜੇਲ੍ਹ ਵਿੱਚ ਰਹੇ। ਆਪਣੇ ਆਦਰਸ਼ ਤੇ ਪਰਮ-ਮਿੱਤਰ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਉਹ ਸਿਰਫ਼ ਇੱਕ ਵਾਰ ਕੁਝ ਦਿਨ ਲਈ ਸੁਨਾਮ ਆਏ ਤੇ ਫਿਰ ਤਿੰਨ ਸਾਲ ਲਈ ਸ੍ਰੀ ਅੰਮ੍ਰਿਤਸਰ ਵਿਖੇ ਆਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਚਲਾਉਂਦੇ ਰਹੇ ਪਰ ਉਹ ਹਮੇਸ਼ਾਂ ਜਲ੍ਹਿਆਂਵਾਲੇ ਬਾਗ ਦੇ ਕਾਤਲਾਂ ਖ਼ਾਸ ਕਰਕੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਜਨਰਲ ਮਾਈਕਲ ਓਡਵਾਇਰ ਤੇ ਉਸ ਦੇ     ਮਾਤਹਿਤ ਬ੍ਰਿਗੇਡੀਅਰ ਜਨਰਲ ਰੈਜੀਨਲਡ ਡਾਇਰ ਤੋਂ ਬਦਲਾ ਲੈਣ ਦੀਆਂ ਸਬੀਲਾਂ ਬਣਾਉਂਦੇ ਰਹੇ। ਇਸ ਸਮੇਂ ਸ. ਊਧਮ ਸਿੰਘ ਨੇ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ। ਅਖ਼ੀਰ ਸੰਨ 1934 ਵਿੱਚ ਉਹ ਕਸ਼ਮੀਰ, ਜਰਮਨੀ, ਇਟਲੀ, ਫਰਾਂਸ ਤੇ ਆਸਟਰੀਆ ਜਿਹੇ ਮੁਲਕਾਂ ਦੇ ਰਾਹੀਂ ਵਿੰਗ-ਵਲਾਵੇਂ ਪਾ ਕੇ ਲੰਡਨ ਪਹੁੰਚਣ ਵਿੱਚ ਸਫ਼ਲ ਹੋ ਗਏ।
ਆਖ਼ਰ ਕੁਰਬਾਨੀ ਦੇ ਪੁੰਜ ਸ਼ਹੀਦ ਊਧਮ ਸਿੰਘ ਨੂੰ 21 ਸਾਲ ਬਾਅਦ ਆਪਣੇ ਦੇਸ਼ ਤੇ ਕੌਮ ਪ੍ਰਤੀ ਚੁੱਕੀ ਸਹੁੰ ਪੂਰੀ ਕਰਨ ਦਾ ਮੌਕਾ ਮਿਲਿਆ। ਲੰਡਨ ਦੇ ਕੈਕਸਟਨ ਹਾਲ ਵਿੱਚ 13 ਮਾਰਚ 1940 ਨੂੰ ਇੱਕ ਮੀਟਿੰਗ ਵਿੱਚ ਮਾਈਕਲ ਓਡਵਾਇਰ ਤੇ ਉਸ ਦੇ ਭਾਰਤ ਵਿੱਚ ਸਹਾਇਕ ਸੈਕਟਰੀ ਆਫ਼ ਸਟੇਟ ਲਾਰਡ ਜ਼ੈਟਲੈਂਡ ਇਕੱਠੇ ਹੋਏ ਸਨ। ਇੱਥੇ ਸ਼ਹੀਦ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰ ਕੇ ਤੇ ਜ਼ੈਟਲੈਂਡ ਨੂੰ ਗ਼ੰਭੀਰ ਰੂਪ ਵਿੱਚ ਜ਼ਖ਼ਮੀ ਕਰਕੇ ਆਪਣੇ ਮਨ ਦੀ ਮੁਰਾਦ ਪੂਰੀ ਕੀਤੀ। ਉਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਆਦਰਸ਼ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਲੰਡਨ ਪੁਲੀਸ ਦੇ ਹਵਾਲੇ ਕਰ ਦਿੱਤਾ। ਸੰਖੇਪ ਜਿਹੇ ਮੁਕੱਦਮੇ ਤੋਂ ਬਾਅਦ ਜਸਟਿਸ ਐਟਕਿਨਸਨ ਦੀ ਅਦਾਲਤ ਨੇ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਇਸ ਉਪਰੰਤ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਲੰਡਨ ਦੀ ਇੱਕ ਜੇਲ੍ਹ ਪੈਨਟੋਨਵਿਲੇ ਵਿਖੇ ਫ਼ਾਂਸੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਆਪਣੇ ਆਦਰਸ਼ ਸ਼ਹੀਦੇ ਆਜ਼ਮ ਸ.  ਭਗਤ ਸਿੰਘ ਤੋਂ ਉਮਰ ਵਿੱਚ 8 ਸਾਲ ਵੱਡੇ ਸਨ ਪਰ ਸ. ਭਗਤ ਸਿੰਘ ਦੀ 23 ਮਾਰਚ 1931 ਨੂੰ ਹੋਈ ਸ਼ਹੀਦੀ ਨੂੰ ਸਿਰ ਮੱਥੇ ਰੱਖਦੇ ਹੋਏ ਉਹ ਕਿਹਾ ਕਰਦੇ ਸਨ ਕਿ ਮੈਂ ਆਪਣੇ ਵੀਰ ਭਗਤ ਸਿੰਘ ਨਾਲੋਂ 10 ਸਾਲ ਪਿੱਛੇ ਹਾਂ।
ਗ਼ੌਰਤਲਬ ਹੈ ਕਿ ਅਦਾਲਤ ਵਿੱਚ ਜੋ ਅਖ਼ੀਰਲੇ ਸ਼ਬਦ ਸ. ਊਧਮ ਸਿੰਘ ਨੇ ਜੱਜ ਨੂੰ ਕਹੇ, ਉਹ ਇਹ ਸਨ, '' ਮੈਂ ਮਰਨ ਤੋਂ ਰੱਤੀ ਭਰ ਵੀ ਨਹੀਂ ਡਰਦਾ, ਸਗੋਂ ਮੈਨੂੰ ਇਸ ਤਰ੍ਹਾਂ ਮਰਨ 'ਤੇ ਮਾਣ ਹੈ ਕਿ ਮੈਂ ਆਪਣੀ ਦੇਸ਼ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਵਾਲੇ ਰਾਹ 'ਤੇ ਚੱਲ ਕੇ ਤੁਹਾਨੂੰ ਕੁੱਤਿਆਂ ਨੂੰ ਉੱਥੋਂ ਭਜਾਉਣਗੇ ਤੇ ਮੇਰਾ ਦੇਸ਼ ਅਜ਼ਾਦ ਹੋ ਜਾਏਗਾ।'' ਸ਼ਹੀਦ ਊਧਮ ਸਿੰਘ ਦੇ ਸ਼ਬਦਾਂ ਵਿੱਚ ਆਪਣੇ ਕ੍ਰਾਂਤੀਕਾਰੀ ਸਾਥੀਆਂ ਵਾਂਗ ਸੱਚਾਈ ਤੇ ਪਰਿਪੱਕਤਾ ਸੀ। ਅੱਜ ਅਸੀਂ ਸ਼ਹੀਦ ਊਧਮ ਸਿੰਘ ਵਰਗੇ ਭਾਰਤ ਮਾਂ ਦੇ ਸਪੂਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਆਜ਼ਾਦੀ ਤੇ ਰਾਜਭਾਗ ਮਾਣ ਰਹੇ ਹਾਂ।
ਭਾਰਤ ਦੀ ਜੰਗ-ਏ-ਆਜ਼ਾਦੀ ਦੀ ਜੇ ਗੱਲ ਕਰੀਏ ਤਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਤੇ ਊਧਮ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਤੋਂ ਲੈ ਕੇ ਹੁਣ ਤਕ ਅੰਮ੍ਰਿਤਸਰ ਦਿੱਲੀ ਤੇ ਕਾਰਗਿਲ ਤਕ ਦੇ ਸ਼ਹੀਦਾਂ ਬਾਰੇ ਸਾਨੂੰ ਜਾਂ ਤਾਂ ਗਿਆਨ ਹੀ ਨਹੀਂ ਹੈ ਜਾਂ ਸਾਡਾ ਇਹ ਗਿਆਨ ਬਹੁਤ ਅਧੂਰਾ ਹੈ। ਸ. ਭਗਤ ਸਿੰਘ ਵਰਗੇ ਕੌਮੀ ਪੱਧਰ ਦੇ ਦਾਰਸ਼ਨਿਕ ਸ਼ਹੀਦਾਂ ਨੂੰ ਪਹਿਲੀ ਗੱਲ ਤਾਂ ਅਸੀਂ ਬੰਬਾਂ-ਪਿਸਤੌਲਾਂ ਵਾਲੇ ਗਰਮ ਖ਼ਿਆਲੀਏ ਕ੍ਰਾਂਤੀਕਾਰੀ ਤੇ ਇੱਥੋਂ ਤਕ ਕਿ ਅਤਿਵਾਦੀ ਹੀ ਸਮਝਦੇ ਹਾਂ। ਅਸੀਂ ਉਨ੍ਹਾਂ ਦੇ ਸੰਘਰਸ਼ ਤੇ ਕੁਰਬਾਨੀ ਨੂੰ ਕਤਲੋਗਾਰਤ ਵਰਗੀ ਕਾਰਵਾਈ ਸਮਝ ਕੇ ਆਪਣੀ ਟੈਂਅ-ਟੈਂਅ ਕਰਨੋਂ ਨਹੀਂ ਹਟਦੇ। ਇਸ ਪਿੱਛੇ ਸਾਡਾ ਇੱਕ ਸੁਆਰਥੀ ਜਿਹਾ ਮੰਤਵ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਹ ਰਿਹਾ ਹੈ ਕਿ ਅਸੀਂ ਇਹ ਮੰਨਣ ਤੇ ਲੋਕਾਂ ਨੂੰ ਦੱਸਣ ਲਈ ਤਿਆਰ ਹੀ ਨਹੀਂ ਕਿ ਸਾਡੇ ਇਹ ਨੌਜਵਾਨ ਸ਼ਹੀਦ ਜੋਸ਼ ਨਾਲ ਹੋਸ਼ ਵੀ ਰੱਖਦੇ ਸਨ ਅਤੇ ਉਹ ਬੜੇ ਸੂਝਵਾਨ ਤੇ ਸਿਆਣੇ ਸਨ। ਉਹ ਹਮੇਸ਼ਾਂ ਸਮਾਜਿਕ ਬਰਾਬਰੀ ਤੇ ਭਾਈਚਾਰੇ ਦੀ ਗੱਲ ਕਰਦੇ  ਸਨ ਪਰ ਸੱਚਾਈ ਇਹ ਕਿ ਇਹ ਗੱਲ ਸਾਨੂੰ ਰਾਸ ਨਹੀਂ ਆਉਂਦੀ।
ਇਸ ਦੇ ਨਾਲ ਹੀ ਇਹ ਵੀ ਪ੍ਰਮਾਣਿਤ ਸੱਚਾਈ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਵੀ ਕਦੇ ਆਪਣਾ ਸੁਨਹਿਰੀ ਭਵਿੱਖ ਚਿਤਵਿਆ ਸੀ। ਇਸ ਸੰਦਰਭ ਵਿਚ ਮਦਨ ਲਾਲ ਢੀਂਗਰਾ ਇੰਗਲੈਂਡ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗਿਆ ਸੀ ਪਰ ਆਪਣੇ ਦੇਸ਼ ਪ੍ਰੇਮ ਸਦਕਾ ਉਸ ਸਮੇਂ ਦੇ ਸੈਕਟਰੀ ਆਫ਼ ਸਟੇਟ ਕਰਜ਼ਨ ਵਾਇਲੀ ਨੂੰ ਪਾਰ ਬੁਲਾਉਣ ਦੇ ਜੁਰਮ ਵਿੱਚ ਉਹ ਇੰਗਲੈਂਡ ਦੀ ਧਰਤੀ 'ਤੇ ਫਾਂਸੀ ਚੜ੍ਹਨ ਵਾਲਾ ਸਭ ਤੋਂ ਪਹਿਲਾ ਪੰਜਾਬੀ ਬਣਿਆ। ਇਸ ਤਰ੍ਹਾਂ ਹੀ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਕੈਲੇਫੋਰਨੀਆ ਯੂਨੀਵਰਸਿਟੀ ਬਾਰਕਲੇ ਵਿਖੇ ਪੜ੍ਹਨ ਗਿਆ ਸੀ। ਉਥੇ ਉਹ ਸਾਨਫਰਾਂਸਿਸਕੋ ਵਿੱਚ ਸਰਗਰਮ ਗ਼ਦਰ ਪਾਰਟੀ ਦਾ ਅਹਿਮ ਮੈਂਬਰ ਬਣਿਆ ਤੇ ਉਸ ਨੇ ਪਾਰਟੀ ਦਾ ਅਖ਼ਬਾਰ 'ਗ਼ਦਰ' ਚਲਾਇਆ।
ਜੇ ਫੇਰ ਭਗਤ ਸਿੰਘ ਦੀ ਗੱਲ ਕਰੀਏ ਤਾਂ ਇਸ ਵਿਦਵਾਨ ਦਾਰਸ਼ਨਿਕ ਨੇ ਰਾਜਨੀਤੀ, ਸਾਹਿਤ ਤੇ ਇਤਿਹਾਸ ਦੀਆਂ 75 ਦੇ ਕਰੀਬ ਸੰਸਾਰ ਪ੍ਰਸਿੱਧ ਕਿਤਾਬਾਂ ਪੜ੍ਹੀਆਂ ਸਨ। ਇਨ੍ਹਾਂ ਵਿੱਚੋਂ 45 ਦੇ ਕਰੀਬ ਕਿਤਾਬਾਂ ਤਾਂ ਉਨ੍ਹਾਂ ਨੇ ਫਾਂਸੀ ਲੱਗਣ  ਤੋਂ ਪਹਿਲਾਂ ਲਾਹੌਰ ਜੇਲ੍ਹ ਵਿੱਚ ਤਕਰੀਬਨ ਇੱਕ ਸਾਲ ਅੱਠ ਮਹੀਨੇ ਦੇ ਸਮੇਂ ਵਿੱਚ ਹੀ ਪੜ੍ਹੀਆਂ ਸਨ। ਉਨ੍ਹਾਂ ਦੀ ਵਿਦਵਤਾ ਤੋਂ ਅੰਗਰੇਜ਼ ਜੱਜ ਵੀ ਪ੍ਰਭਾਵਿਤ ਸਨ। ਅਦਾਲਤ ਸਾਹਮਣੇ ਉਨ੍ਹਾਂ ਦੇ ਬਿਆਨਾਂ ਅਤੇ ਉਨ੍ਹਾਂ ਦੀ 440 ਸਫ਼ਿਆਂ ਦੇ ਕਰੀਬ ਡਾਇਰੀ ਦੇ ਪੰਨਿਆਂ 'ਤੇ ਉਲੀਕੀਆਂ ਟਿੱਪਣੀਆਂ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਦੇ ਦਾਰਸ਼ਨਿਕ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਨੇ ਠੀਕ ਹੀ ਕਿਹਾ ਸੀ ਕਿ ਜੇ ਸਰਦਾਰ ਭਗਤ ਸਿੰਘ ਜਿਉਂਦੇ ਰਹਿੰਦੇ ਤਾਂ ਉਹ ਭਾਰਤ ਦੇ ਮਹਾਨ ਦਾਰਸ਼ਨਿਕ ਹੋਣੇ ਸਨ। ਲੋਕਾਂ ਦਾ ਇਹ ਸਭ ਤੋਂ ਪਿਆਰਾ ਸ਼ਹੀਦ ਇੱਕ ਵਿਦਵਾਨ, ਦਾਰਸ਼ਨਿਕ ਤੇ ਚਿੰਤਕ ਸੀ, ਜਿਸ ਦੀਆਂ ਸਾਡੇ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਾਤ ਬਾਰੇ ਟਿੱਪਣੀਆਂ ਅੱਜ 80 ਸਾਲ ਬਾਅਦ ਭਵਿੱਖ ਬਾਣੀ ਬਣ ਕੇ ਸੱਚੋ-ਸੱਚ ਸਾਬਤ ਹੋ ਰਹੀਆਂ ਹਨ।
ਗ਼ੌਰਤਲਬ ਹੈ ਕਿ ਸਾਡੇ ਕੌਮੀ ਸ਼ਹੀਦਾਂ ਦੇ ਸੰਘਰਸ਼ਾਂ ਤੇ ਕੁਰਬਾਨੀਆਂ ਪਿੱਛੇ  ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਭਗਤੀ ਵਰਗਾ ਇੱਕ ਆਦਰਸ਼ ਮਨੋਰਥ ਸੀ ਅਤੇ ਕੌਮ ਪ੍ਰਤੀ ਭਾਈਚਾਰੇ ਤੇ ਬਰਾਬਰੀ ਦਾ ਫ਼ਲਸਫ਼ਾ ਸੀ। ਅਸੀਂ ਆਪਣੇ ਸ਼ਹੀਦਾਂ ਦੇ ਜੀਵਨਾਂ ਬਾਰੇ ਹੀ ਪੂਰਨ ਤੌਰ 'ਤੇ ਨਹੀਂ ਜਾਣਦੇ ਤਾਂ ਫਿਰ ਉਨ੍ਹਾਂ ਦੇ ਫ਼ਲਸਫ਼ੇ ਤੇ  ਸੰਕਲਪਾਂ ਬਾਰੇ ਕਿਸ ਤਰ੍ਹਾਂ ਜਾਗਰੂਕ ਹੋ ਸਕਦੇ ਹਾਂ?
ਇਸ ਸੰਦਰਭ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ ਕਿਹਾ ਸੀ ਕਿ ਮੈਂ ਫਿਰ ਆਵਾਂਗਾ ਤੇ ਦੇਸ਼ ਦੀ ਆਜ਼ਾਦੀ ਲਈ ਉਦੋਂ ਤੱਕ ਫ਼ਾਂਸੀ ਦਾ ਰੱਸਾ ਚੁੰਮਦਾ ਰਹਾਂਗਾ ਕਿ ਜਦੋਂ ਤਕ ਮੇਰਾ ਦੇਸ਼ ਆਜ਼ਾਦ ਨਹੀਂ ਹੋ ਜਾਂਦਾ। ਉਨ੍ਹਾਂ ਤੋਂ ਪਹਿਲਾਂ ਤੇ ਉਨ੍ਹਾਂ ਤੋਂ ਬਾਅਦ, ਕਿੰਨੇ ਹੀ ਸਾਡੇ ਵਤਨ ਦੇ ਸਪੂਤਾਂ ਨੇ ਫ਼ਾਂਸੀ ਦੇ ਤਖ਼ਤੇ 'ਤੇ ਖੜ੍ਹ ਕੇ ਇਹ ਸ਼ਬਦ ਦੁਹਰਾਏ ਸਨ ਕਿ ਉਨ੍ਹਾਂ ਦੀ ਖਾਹਿਸ਼ ਹੈ ਕਿ ਉਹ ਦੁਬਾਰਾ  ਭਾਰਤ ਦੀ ਧਰਤੀ 'ਤੇ ਜਨਮ ਲੈਣ ਤੇ ਉਦੋਂ ਤੱਕ ਦੇਸ਼ ਤੋਂ ਕੁਰਬਾਨ ਹੁੰਦੇ ਰਹਿਣ ਕਿ ਜਿੰਨੀ ਦੇਰ ਭਾਰਤ ਆਜ਼ਾਦ ਨਹੀਂ ਹੁੰਦਾ। ਇਸ ਤੋਂ ਇਲਾਵਾ ਜੇ ਕਿਸੇ ਸ਼ਹੀਦ ਨੇ ਕੋਈ ਹੋਰ ਖਾਹਿਸ਼ ਜ਼ਾਹਰ ਕੀਤੀ ਹੈ ਤਾਂ ਉਹ ਖਾਹਿਸ਼ ਰਾਮ ਪ੍ਰਸਾਦ ਬਿਸਮਿੱਲ ਦੀ ਅੰਤਿਮ ਖਾਹਿਸ਼ ਵਾਂਗ ਇਹ ਸੀ ਕਿ 'ਕੁਛ ਆਰਜ਼ੂ ਨਹੀਂ, ਹੈ ਆਰਜ਼ੂ ਤੋ ਯੇਹ। ਕੋਈ ਰਖ ਦੇ ਜ਼ਰਾ ਸੀ ਖ਼ਾਕੇ-ਵਤਨ ਕਫ਼ਨ ਮੇਂ'।
 ਹਾਂ! ਉਨ੍ਹਾਂ ਨੇ ਸਾਨੂੰ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਦਾ ਸਬਕ ਦੇਣ ਮਾਤਰ ਇਹ ਸੰਦੇਸ਼ ਜ਼ਰੂਰ ਦਿੱਤਾ 'ਜਬ ਲਿਖੋ ਤਾਰੀਖ ਗੁਲਸ਼ਨ ਕੀ ਯੇ ਲਿਖਨਾ ਮਤ ਭੂਲਨਾ ਕਿ ਹਮ ਨੇ ਭੀ ਲੁਟਾਯਾ ਹੈ ਆਸ਼ਿਆਂ ਅਪਨਾ'। ਇਹ ਵੀ ਇਤਿਹਾਸਕ ਸੱਚਾਈ ਹੈ ਕਿ ਉਹ ਸਾਥੋਂ ਰੁਖ਼ਸਤ ਹੋਣ ਤੋਂ ਪਹਿਲਾਂ ਸਾਨੂੰ 'ਖ਼ੁਸ਼ ਰਹੋ ਅਹਿਲੇ ਵਤਨ ਹਮ ਤੋ ਸਫ਼ਰ ਕਰਤੇ ਹੈਂ' ਵਰਗਾ ਅਸ਼ੀਰਵਾਦ ਦੇ ਕੇ ਗਏ ਸਨ।  ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਕੌਮ ਦੇ ਸ਼ਹੀਦਾਂ ਦਾ ਆਪਣੇ ਵਤਨ ਦੀ ਮਿੱਟੀ ਨਾਲ ਕਿੰਨਾ ਅਲੌਕਿਕ ਮੋਹ ਸੀ।
ਸ਼ਹੀਦ ਮਦਨ ਲਾਲ ਢੀਂਗਰਾ, ਸਰਦਾਰ ਕਰਤਾਰ ਸਿੰਘ ਸਰਾਭਾ, ਸੁਖਦੇਵ, ਸ਼ਹੀਦ ਸਰਦਾਰ ਭਗਤ ਸਿੰਘ ਤੇ ਸ਼ਹੀਦ ਸਰਦਾਰ ਊਧਮ ਸਿੰਘ ਤਕ ਅਨੇਕਾਂ ਹੀ ਦੇਸ਼ਭਗਤ ਦੇਸ਼ ਦੀ ਆਜ਼ਾਦੀ ਲਈ ਲਾਸਾਨੀ ਕੁਰਬਾਨੀਆਂ ਦੇ ਗਏ। ਅੱਜ ਇਨ੍ਹਾਂ ਦੀ ਬੇਮਿਸਾਲ ਘਾਲਣਾ ਤੇ ਸੰਘਰਸ਼ਾਂ ਦੇ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਤਾਂ ਮਾਣ ਰਹੇ ਹਾਂ ਪਰ ਅਸੀਂ ਆਪਣੇ ਇਨ੍ਹਾਂ ਆਜ਼ਾਦੀ-ਦਾਤਿਆਂ ਨੂੰ ਭੁੱਲ ਹੀ ਗਏ ਹਾਂ। ਸਗੋਂ ਹੁਣ ਸਾਡੇ ਆਗੂ ਆਪਣੀਆਂ ਸਿਆਸੀ ਕੁਰਸੀਆਂ ਤੇ ਵੋਟ ਬੈਂਕਾਂ ਨੂੰ ਬਚਾਉਣ ਲਈ ਅਤੇ ਸਾਡੀ ਜਨਤਾ ਆਪਣੀਆਂ ਪਾਰਟੀਆਂ ਦੇ ਆਗੂਆਂ ਦੇ ਮਗਰ ਲੱਗ ਕੇ ਲਾਭ-ਲਾਹੇ ਲੈਣ ਲਈ ਕੁਰਬਾਨੀ ਦੇ ਪੁੰਜ ਸ਼ਹੀਦਾਂ ਤੇ ਸੰਘਰਸ਼ੀ ਯੋਧਿਆਂ ਨੂੰ ਯਾਦ ਕਰਦੇ ਹਾਂ।
31 ਜੁਲਾਈ 2012 ਨੂੰ ਸ਼ਹੀਦ ਊਧਮ ਸਿੰਘ ਦੀ ਸਲਾਨਾ ਬਰਸੀ ਹੈ। ਸਿਰਫ਼ ਇੱਕ ਦਿਨ ਵਾਸਤੇ ਭਾਰਤ ਦੇ ਇਸ ਮਹਾਨ ਸ਼ਹੀਦ ਦੇ ਜੱਦੀ ਸ਼ਹਿਰ ਸੁਨਾਮ ਵਿੱਚ ਰਾਜਸੱਤਾ ਵਾਲੇ ਅਗਲੇ ਸਾਲ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਸੁੱਖ-ਸਾਂਦ ਮੰਗਣ ਜਾਣਗੇ। ਵਿਰੋਧੀ ਪਾਰਟੀਆਂ, ਰਾਜ ਸੱਤਾ ਵਾਲੀ ਪਾਰਟੀ ਸ਼ਹੀਦਾਂ ਦੇ ਨਾਂ 'ਤੇ ਰਾਜਭਾਗ ਮੰਗਣ ਜਾਣਗੀਆਂ, ਜਦੋਂਕਿ ਸੱਚਾਈ ਇਹ ਹੈ ਕਿ 1974 ਤੱਕ ਤਾਂ ਸ਼ਹੀਦ ਊਧਮ ਸਿੰਘ ਨੂੰ ਕਿਸੇ ਨੇ ਗੌਲਿਆ ਹੀ ਨਹੀਂ। ਪਹਿਲੀ ਵਾਰ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ਼ਹੀਦ ਊਧਮ ਸਿੰਘ ਦੀ ਬਰਾਦਰੀ ਵਿੱਚੋਂ ਸਾਧੂ ਸਿੰਘ ਥਿੰਦ ਸੁਲਤਾਨਪੁਰ ਲੋਧੀ ਦੇ ਉੱਦਮ ਉਪਰਾਲੇ ਸਦਕਾ ਜੁਲਾਈ 1974 ਨੂੰ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਸਰਕਾਰ ਰਾਹੀਂ ਮੰਗਵਾਈਆਂ ਸਨ ਪਰ ਅੱਜ ਤਕ ਆਈਆਂ ਸਾਰੀਆਂ ਸਰਕਾਰਾਂ ਅਤੇ ਸਮੇਤ ਗਵਰਨਰੀ ਰਾਜਾਂ ਨੇ ਸੁਨਾਮ ਵਿਖੇ ਸ਼ਹੀਦੀ ਮੈਮੋਰੀਅਲ ਦਾ ਨੀਂਹ ਪੱਥਰ ਹੀ ਰੱਖਿਆ ਹੈ। ਇਸ ਮੈਮੋਰੀਅਲ ਦਾ ਨੀਂਹ ਪੱਥਰ ਰੱਖਣ ਵਿੱਚ ਜੇ 37 ਸਾਲ ਲੱਗੇ ਹਨ ਤਾਂ ਇਸ ਦੇ ਮੁਕੰਮਲ ਹੋਣ ਵਿੱਚ ਕਿੰਨਾਂ ਸਮਾਂ ਲੱਗੇਗਾ? ਇਹ ਸਾਡੀ ਸ਼ਹੀਦਾਂ ਪ੍ਰਤੀ ਅਕ੍ਰਿਤਘਣਤਾ, ਅਹਿਸਾਨ ਫ਼ਰਾਮੋਸ਼ੀ ਤੇ ਬਦਨੀਤੀ ਦੀ ਜਿਉਂਦੀ ਜਾਗਦੀ ਤਸਵੀਰ ਹੈ। ਇਹ  ਸਾਡੇ ਸਿਆਸੀ ਤੇ ਸਮਾਜਿਕ ਆਗੂਆਂ ਲਈ ਸ਼ਰਮ ਦੀ ਗੱਲ ਹੈ।
ਇਸ ਤੋਂ ਇਲਾਵਾ ਇਸ ਪ੍ਰਸੰਗ ਵਿਚ ਅਸੀਂ ਸ਼ਹੀਦਾਂ ਨੂੰ ਜਾਣੇ-ਅਣਜਾਣੇ ਉਨ੍ਹਾਂ ਦੇ ਕੌਮੀ ਰੁਤਬੇ-ਮੁਰਾਤਬੇ ਤੋਂ ਥੱਲੇ ਲਾਹ ਕੇ ਉਨ੍ਹਾਂ ਵਿੱਚ ਆਪਣੇ ਸੁਆਰਥ ਲਈ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਅਜਿਹੀ ਸੌੜੀ ਸੋਚ ਤੇ ਕੋਝੀ ਕਾਰਵਾਈ ਦਾ ਨਤੀਜਾ ਇਹ ਹੋਇਆ ਹੈ ਕਿ ਹੁਣ ਅਸੀਂ ਦੇਸ਼ ਦੇ ਕੌਮੀ ਸਪੂਤਾਂ ਨੂੰ ਕੌਮੀ ਪੱਧਰ ਤੋਂ ਉਤਾਰ ਕੇ ਨਗਰਾਂ ਤੇ ਗੋਤਾਂ ਦੇ ਪੱਧਰ ਤਕ ਹੀ ਲੈ ਆਏ ਹਾਂ। ਉਸ ਤੋਂ ਵੀ ਵੱਡੇ ਸਿਤਮ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਵੋਟ ਬੈਂਕ ਕਾਇਮ ਕਰਨ ਦੀ ਖਾਤਰ ਆਪਣੇ ਰਚੇ ਹੋਏ ਚੱਕਰਵਿਊ ਵਿਚ ਇਨ੍ਹਾਂ ਸੂਰਬੀਰ ਸਪੂਤਾਂ ਨੂੰ ਜਾਤ-ਪਾਤ ਤੇ ਗੋਤ-ਗੋਤਰਾਂ ਦੇ ਅਧਾਰ 'ਤੇ ਵੰਡਣ ਤੋਂ ਵੀ ਬਾਜ਼ ਨਹੀਂ ਆਉਂਦੇ।
ਰੱਬ ਖੈਰ ਕਰੇ ਕਿ ਸਾਡੀ ਗੁਲਾਮ ਤੇ ਬੀਮਾਰ ਮਾਨਸਿਕਤਾ ਦੇ ਕਾਰਨ ਕਿਤੇ ਆਮ ਲੋਕਾਂ ਦਾ ਇਹ ਖ਼ਦਸ਼ਾ ਹਕੀਕਤ ਨਾ ਬਣ ਜਾਵੇ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਸਾਡਾ ਸ਼ਾਨਾਮੱਤਾ ਇਤਿਹਾਸ ਸਾਡੀ ਅਣਗਹਿਲੀ ਕਰਕੇ ਮਿਥਿਹਾਸ ਹੀ ਬਣ ਜਾਵੇਗਾ। ਇਸ ਤਰ੍ਹਾਂ ਹੀ ਇਸ ਵਹਿਮ ਦਾ ਵੀ ਸੱਚ ਵਿੱਚ ਤਬਦੀਲ ਹੋਣ ਦਾ ਡਰ ਹੈ ਕਿ ਅਮੀਰ ਨੈਤਿਕ ਕਦਰਾਂ-ਕੀਮਤਾਂ ਵਾਲਾ ਸਾਡਾ ਸੱਭਿਆਚਾਰ ਕਿਤੇ ਭੁੱਲੀ-ਵਿਸਰੀ ਦਾਸਤਾਨ ਹੀ ਨਾ ਬਣ ਜਾਵੇ। ਇਹ ਡਰ-ਖ਼ਦਸ਼ਾ ਵੀ ਗ਼ਲਤ ਨਹੀਂ ਹੈ ਕਿ ਸਾਡੀ ਅਜਿਹੀ ਬੇਮਾਇਨਾ ਸੋਚ ਤੇ ਖਾਮ-ਖ਼ਿਆਲੀਆਂ ਦੀ ਜੰਗ ਕਿਤੇ ਸਾਡੇ ਦੇਸ਼ ਦੀ ਅਖੰਡਤਾ ਤੇ ਆਜ਼ਾਦੀ ਨੂੰ ਹੀ ਖ਼ਤਰਾ ਨਾ  ਖੜ੍ਹਾ ਕਰ ਦੇਵੇ।
ਜ਼ਿਕਰਯੋਗ ਹੈ ਕਿ ਸ਼ਹੀਦਾਂ ਦੇ ਜਨਮ ਤੇ ਬਰਸੀਆਂ ਮਨਾਉਂਦੇ ਸਮੇਂ ਅਸੀਂ ਆਪਣੇ-ਆਪਣੇ ਮੰਤਵ ਤੇ ਮਨੋਰਥ ਨਾਲ ਸ਼ਹੀਦਾਂ ਦੀਆਂ ਕੁਰਬਾਨੀਆ ਦਾ ਮੁੱਲ ਵੱਟਦੇ ਹਾਂ। ਸਾਡੇ ਆਗੂ ਵੀ ਜਾਣਦੇ ਹਨ ਕਿ ਜਨਤਾ ਨੂੰ ਕਿਹੜੀ ਗੱਲ ਭਰਮਾਉਂਦੀ ਹੈ। ਸਰਕਾਰਾਂ ਸ਼ਹੀਦਾਂ ਦੇ ਅਸਲੀ ਸੰਕਲਪ ਨੂੰ ਲਾਂਭੇ ਕਰਕੇ ਜਨਤਾ ਨੂੰ ਘੁੰਗਣੀਆਂ ਮਾਤਰ ਪ੍ਰਸ਼ਾਦ ਹੀ ਦੇਣਾ ਚਾਹੁੰਦੀਆਂ ਹਨ ਕਿਉਂਕਿ ਸ. ਭਗਤ ਸਿੰਘ ਵਰਗੇ ਅਨੇਕਾਂ ਨੌਜਵਾਨ ਸ਼ਹੀਦਾਂ ਦਾ ਸੰਕਲਪ ਤਾਂ ਦੇਸ਼ ਵਾਸੀਆਂ ਨੂੰ ਸ਼ੋਸ਼ਣ ਤੇ ਭ੍ਰਿਸ਼ਟਾਚਾਰ ਰਹਿਤ ਸਮਾਜ ਦੇਣ ਦਾ ਸੀ। ਸ਼ਾਇਦ ਸਰਕਾਰਾਂ ਨੂੰ ਵੀ ਪਤਾ ਹੈ ਕਿ ਸਮਾਜ ਨੂੰ ਸ਼ਹੀਦਾਂ ਦੀ ਸੋਚ ਮੁਤਾਬਕ ਆਰਥਿਕ ਬਰਾਬਰੀ ਤੇ ਭਾਈਚਾਰੇ ਦੇ ਸਮਾਜ ਦੇਣ ਦੀ ਗੱਲ ਉਨ੍ਹਾਂ ਦੇ ਵੱਸ ਵਿੱਚ ਨਹੀਂ ਰਹੀ। ਇਸ ਲਈ ਸਾਡੇ ਆਗੂ ਉਹ ਹੀ ਨਾਅਰਾ ਬੁਲੰਦ ਕਰ ਦਿੰਦੇ ਹਨ, ਜਿਹੜਾ ਉਨ੍ਹਾਂ ਨੂੰ ਵਕਤੀ ਤੌਰ 'ਤੇ  ਢੁਕਦਾ ਹੋਵੇ।
ਇਹ ਹੋਰ ਵੀ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਤਕਰੀਬਨ ਪਿਛਲੀ ਇੱਕ ਸਦੀ ਖ਼ਾਸ ਤੌਰ 'ਤੇ ਅਜ਼ਾਦੀ ਤੋਂ ਬਾਅਦ ਆਪਣੇ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦੀਆਂ ਕੌਮ ਪ੍ਰਤੀ ਕੀਤੀਆਂ ਕੁਰਬਾਨੀਆਂ ਤੇ ਉਨ੍ਹਾਂ ਦੇ ਜੀਵਨ ਫ਼ਲਸਫ਼ੇ ਨੂੰ ਦੁਨੀਆਂ ਵਿੱਚ ਪ੍ਰਚਾਰਣ ਤੇ ਪ੍ਰਸਾਰਣ ਲਈ ਕੀ ਕੀਤਾ ਅਤੇ ਹੁਣ ਕੀ ਕਰ ਰਹੇ ਹਾਂ? ਕੀ ਅਸੀਂ ਆਪਣੇ ਸਾਹਿਤ ਤੇ ਇਤਿਹਾਸ ਜਾਂ ਆਪਣੇ ਵਿਦਿਅਕ ਕੋਰਸਾਂ ਵਿੱਚ ਆਪਣੇ ਕੁਰਬਾਨੀ ਦੇ ਪੁੰਜਾਂ ਨੂੰ ਯੋਗ ਸਥਾਨ ਦੇ ਸਕੇ ਹਾਂ?
ਇਹ ਵੀ ਸਮਝਣ ਵਾਲੀ ਗੱਲ ਹੈ ਕਿ ਜਿੰਨੀ ਦੇਰ ਸਾਡਾ ਕੌਮੀ ਇਤਿਹਾਸ, ਸਾਹਿਤ ਅਤੇ ਸਾਡੇ ਵਿਦਿਅਕ ਕੋਰਸ ਸਾਡੇ ਇਤਿਹਾਸਿਕ ਤੱਥਾਂ ਨੂੰ ਠੀਕ ਪ੍ਰਸੰਗ ਵਿੱਚ ਸਾਡੀਆਂ ਆਪਣੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਤਕ ਨਹੀਂ ਪਹੁੰਚਾਉਂਦੇ,  ਉਨੀ ਦੇਰ ਅਸੀਂ ਕਦਾਚਿੱਤ ਵੀ ਆਪਣੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਨਹੀਂ ਜੋੜ ਸਕਾਂਗੇ।
ਕੁਲਬੀਰ ਸਿੰਘ ਸਿੱਧੂ