ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ੍ਰਿਸ਼ਟੀ ਦੇ ਸਿਰਜਣਹਾਰ ਨੂੰ ਵੀ ਕਦੇ ਲੱਭਿਆ ਜਾ ਸਕੇਗਾ?


ਰੱਬ ਨੂੰ ਨਾ ਮੰਨਣ ਵਾਲਾ, ਨਾਸਤਿਕ, ਅਧਰਮੀ, ਬੇਦੀਨ ਜਾਂ ਕਾਫ਼ਿਰ ਅਖਵਾਉਂਦਾ ਹੈ। ਇਤਿਹਾਸ ਦੇ ਵਰਕੇ ਫਰੋਲਦਿਆਂ ਕਈ ਮਹਾਨ ਵਿਗਿਆਨੀਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਸੱਚ ਦੀ ਭਾਲ ਤੋਂ ਬਾਅਦ ਜ਼ਿੰਦਾ ਸਾੜਨ ਵਰਗੀਆਂ ਮਿਸਾਲੀ ਸਜ਼ਾਵਾਂ ਮਿਲੀਆਂ ਹਨ। ਸੱਚ ਨੂੰ ਸੂਲੀ 'ਤੇ ਚੜ੍ਹਨ ਦਾ ਚਾਅ ਹੁੰਦਾ ਹੈ। ਸੱਚ ਨੂੰ ਜ਼ਿਬ੍ਹਾ ਕਰਨ ਵਾਲੇ ਆਖਰ ਖਲਨਾਇਕਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਹਨ। ਜਿਹੜੇ ਖੋਜੀ ਅੰਨ੍ਹੀ ਸ਼ਰਧਾ ਨੂੰ ਦੀਦੇ ਭੇਟ ਕਰਨ ਦੀ 'ਗੁਸਤਾਖ਼ੀ' ਕਰਦੇ ਹਨ, ਉਨ੍ਹਾਂ ਨੂੰ ਕਈ ਵਾਰੀ ਕਾਫ਼ਿਰ ਸਮਝਿਆ ਜਾਂਦਾ ਹੈ। ਅਜਿਹੀਆਂ ਖੋਜਾਂ ਨਾਲ ਜਦੋਂ ਸਦੀਆਂ ਪੁਰਾਣੀ ਆਸਥਾ ਟੁੱਟਦੀ ਹੈ ਤਾਂ ਜ਼ਲਜ਼ਲੇ ਦਾ ਅਹਿਸਾਸ ਹੁੰਦਾ ਹੈ। ਦਰਅਸਲ ਵਿਗਿਆਨ ਅਜੋਕੇ ਯੁੱਗ ਦੀ ਰੀੜ੍ਹ ਦੀ ਹੱਡੀ ਹੈ। ਸੰਸਾਰ ਭਰ ਦੇ ਵਿਗਿਆਨੀਆਂ ਦੀ ਘੋਰ ਤਪੱਸਿਆ ਤੋਂ ਬਾਅਦ ਜਦੋਂ ਬ੍ਰਹਿਮੰਡ ਦੀ ਰਚਨਾ ਦੇ ਭੇਦ ਖੁੱਲ੍ਹਣ ਦਾ ਦਾਅਵਾ ਹੋਇਆ ਤਾਂ ਇਸ ਨੂੰ ਸਦੀ ਦੀ ਸਭ ਤੋਂ ਮਹਾਨ ਖੋਜ ਗਰਦਾਨਿਆ ਗਿਆ। ਕਈਆਂ ਨੇ ਇਸ ਦੀ 'ਰੱਬ' ਨੂੰ ਲੱਭਣ ਵਾਲੀ ਖੋਜ ਨਾਲ ਵੀ ਤੁਲਨਾ ਕੀਤੀ ਹੈ। ਜੇ 'ਖ਼ੁਦਾਈ ਤੱਤ' ਲੱਭਣ ਵਿੱਚ ਕਣ-ਮਾਤਰ ਵੀ ਸੱਚਾਈ ਹੋਵੇ ਤਾਂ ਫਿਰ ਖੋਜੀਆਂ ਨੂੰ ਕਾਫ਼ਿਰ ਨਹੀਂ ਸਗੋਂ 'ਰੱਬ ਦੇ ਬੰਦੇ' ਮੰਨਣ ਵਿੱਚ ਕੋਈ ਹਰਜ ਨਹੀਂ। ਕਿਸੇ ਸਮੇਂ ਧਰਤੀ ਨੂੰ ਬ੍ਰਹਿਮੰਡ ਦਾ ਕੇਂਦਰ ਸਮਝਿਆ ਜਾਂਦਾ ਸੀ। ਆਦਮੀ ਦਿਸਹੱਦਿਆਂ ਤੋਂ ਪਾਰ ਦੀ ਅਸਲੀਅਤ ਜਾਣਨ ਬਾਰੇ ਘੱਟ-ਵੱਧ ਹੀ ਸੋਚਦਾ ਸੀ। ਉਸ ਦੀ ਸੀਮਤ ਸੋਚ ਨੇ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸਾਂ ਨੂੰ ਜਨਮ ਦਿੱਤਾ। ਉਸ ਨੇ ਕਦੀ ਚਿਤਵਿਆ ਵੀ ਨਹੀਂ ਸੀ ਕਿ ਸਾਡੀ ਧਰਤੀ ਵੀ ਹੋਰਨਾਂ ਗ੍ਰਹਿਆਂ ਦੀ ਤਰ੍ਹਾਂ ਇੱਕ ਗ੍ਰਹਿ ਹੈ। ਬਰੂਨੋ ਨੂੰ ਥਮ੍ਹਲੇ ਨਾਲ ਬੰਨ੍ਹ ਕੇ ਜ਼ਿੰਦਾ ਇਸ ਲਈ ਜਲਾ ਦਿੱਤਾ ਗਿਆ ਕਿ ਉਸ ਨੇ ਸੂਰਜ, ਤਾਰਿਆਂ, ਧਰਤੀ ਅਤੇ ਹੋਰ ਗ੍ਰਹਿਆਂ ਦੇ ਗਰਦਿਸ਼ ਵਿੱਚ ਹੋਣ ਤੋਂ ਇਲਾਵਾ ਪੁਲਾੜ ਅਤੇ ਬ੍ਰਹਿਮੰਡ ਬਾਰੇ ਸੱਚ ਬੋਲਣ ਦੀ ਜੁਰੱਅਤ ਕੀਤੀ ਸੀ। ਲੱਖਾਂ ਸਾਲ ਮਨੁੱਖ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਾ ਹੋਇਆ ਕਿ ਉਸ ਦੇ ਅੱਖ ਝਪਕਦਿਆਂ ਹੀ ਤਾਰੇ ਤੇ ਸਿਆਰੇ ਲੱਖਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦੇ ਹਨ। ਧਰਤੀ ਤੋਂ ਕੇਵਲ ਚਾਰ ਕੁ ਲੱਖ ਕਿਲੋਮੀਟਰ ਦੀ ਦੂਰੀ ਵਾਲਾ ਚੰਦਰਮਾ ਵੀ ਉਸ ਨੂੰ 'ਚੰਦਾ ਮਾਮਾ' ਲੱਗਦਾ ਰਿਹਾ। ਬ੍ਰਹਿਮੰਡ ਦੀ ਰਚਨਾ ਦੇ ਅਰਬਾਂ ਸਾਲ ਬਾਅਦ ਵੀ 'ਚੰਨ' ਆਪਣੇ 'ਭਣੇਵੇਂ-ਭਣੇਵੀਆਂ' ਨੂੰ ਮਿਲਣ ਲਈ ਧਰਤੀ 'ਤੇ ਨਾ ਉਤਰਿਆ। ਸ਼ਰਧਾ ਅਤੇ ਆਸਥਾ ਨੇ ਫਿਰ ਵੀ ਇਹ ਰਿਸ਼ਤਾ ਟੁੱਟਣ ਨਾ ਦਿੱਤਾ। ਆਖਰ ਨੀਲ ਆਰਮਸਟਰਾਂਗ ਵਰਗੇ ਪੁਲਾੜ ਪਾਂਧੀਆਂ ਨੇ ਸੁੰਨੇ ਰਾਹਾਂ ਦਾ ਸਫ਼ਰ ਤੈਅ ਕਰਕੇ ਚੰਦਰਮਾ ਦੀ ਅਸਲੀਅਤ ਦਾ ਖ਼ੁਲਾਸਾ ਕੀਤਾ।
ਸੋਲ੍ਹਵੀਂ ਸਦੀ ਵਿੱਚ ਜਰਮਨ ਤਾਰਾ ਵਿਗਿਆਨੀ ਨਿਕੋਲਸ ਕੋਪਰਨੀਕਸ (1473-1543) ਅਤੇ ਇਸ ਤੋਂ ਅਗਲੀ ਸਦੀ ਵਿੱਚ ਗਲੀਲੀਓ ਨੇ ਜਦੋਂ ਸੂਰਜ-ਮੰਡਲ ਦੇ ਤੱਥ ਜੱਗ-ਜ਼ਾਹਰ ਕੀਤੇ ਤਾਂ ਉਨ੍ਹਾਂ ਨੂੰ ਵੀ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ।
ਵਿਗਿਆਨ ਨੂੰ ਗਿਆਨ ਦਾ ਪਿਛਲੱਗ ਸਮਝਿਆ ਜਾਂਦਾ ਹੈ। ਵਿਗਿਆਨ ਦੀ ਕੋਈ ਸੀਮਾ ਹੋ ਸਕਦੀ ਹੈ, ਕਲਪਨਾ ਦੀ ਨਹੀਂ। ਵਿਗਿਆਨ ਨਵੇਂ ਦਿਸਹੱਦੇ ਸਿਰਜਦਾ ਹੈ ਪਰ ਗਿਆਨ ਦਾ ਕੋਈ ਹੱਦ-ਬੰਨਾ ਜਾਂ ਸੀਮਾ ਨਹੀਂ ਹੁੰਦੀ। ਬ੍ਰਹਿਮੰਡ ਦੀ ਰਚਨਾ, ਨਿਰੰਤਰ ਪਰਿਕਰਮਾ ਕਰ ਰਹੇ ਗ੍ਰਹਿਆਂ ਅਤੇ ਪੁਲਾੜ ਦੀ ਰਚਨਾ ਦੇ ਭੇਦ ਮਨੁੱਖ ਨੂੰ ਸਦੀਆਂ ਤੋਂ ਟੁੰਬਦੇ ਰਹੇ ਹਨ। ਬ੍ਰਹਿਮੰਡ ਜਾਂ ਸ੍ਰਿਸ਼ਟੀ ਦੀ ਰਚਨਾ ਬਾਰੇ ਅੱਜ ਤਕ ਕੋਈ ਠੋਸ ਸਬੂਤ ਨਹੀਂ ਸਨ ਮਿਲੇ। ਫਿਰ ਵੀ ਮਨੁੱਖ ਨੇ ਹਿੰਮਤ ਨਹੀਂ ਹਾਰੀ। ਅਰਬਾਂ ਸਾਲ ਦੇ ਧੁੰਦੂਕਾਰੇ (ਸਿਆਹ ਪਦਾਰਥ) ਬਾਰੇ ਅਜੇ ਵੀ ਮੁਕੰਮਲ ਜਾਣਕਾਰੀ ਹਾਸਲ ਨਹੀਂ ਹੋਈ। ਸਵਿਟਜ਼ਰਲੈਂਡ ਅਤੇ ਫਰਾਂਸ ਦੀ ਸਰਹੱਦ 'ਤੇ 300 ਫੁੱਟ ਡੂੰਘੀ ਅਤੇ 27 ਕਿਲੋਮੀਟਰ ਲੰਮੀ ਮਹਾ-ਪ੍ਰਯੋਗਸ਼ਾਲਾ ਵਿੱਚ 13.7 ਖਰਬ ਸਾਲ ਪਹਿਲਾਂ ਹੋਏ 'ਬਿੱਗ ਬੈਂਗ' (ਮਹਾਂ ਧਮਾਕਾ) ਵਰਗਾ ਮਾਹੌਲ ਸਿਰਜਿਆ ਗਿਆ ਜਿਸ ਤੋਂ ਬਾਅਦ ਸ੍ਰਿਸ਼ਟੀ ਹੋਂਦ ਵਿੱਚ ਆਈ ਸੀ। 'ਖ਼ੁਦਾਈ ਤੱਤ' ਨੂੰ ਲੱਭਣ ਤੋਂ ਬਾਅਦ ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਉਹ ਅਗਲੇ ਸਾਲ ਤਕ ਇਸ 'ਤੇ 'ਪੱਕੀ ਮੋਹਰ' ਲਗਾ ਦੇਣਗੇ। ਇਸ ਖੋਜ ਸਦਕਾ ਬ੍ਰਹਿਮੰਡ, ਅਕਾਸ਼ਗੰਗਾ ਅਤੇ ਤਾਰਿਆਂ ਆਦਿ ਦੀ ਰਚਨਾ ਦੇ ਅਰਬਾਂ ਸਾਲ ਪੁਰਾਣੇ ਭੇਦ ਵੀ ਖੁੱਲ੍ਹ ਜਾਣਗੇ। ਮਹਾ-ਖੋਜ ਵਿੱਚ ਖ਼ੁਦਾਈ ਤੱਤ ਲੱਭਣ ਦੇ ਦਾਅਵਿਆਂ ਦੇ ਬਾਵਜੂਦ ਵਿਗਿਆਨੀ ਕਹਿ ਰਹੇ ਹਨ ਕਿ ਇਹ ਖੋਜ ਆਖਰੀ ਨਹੀਂ ਹੈ। ਭਾਵ, ਇਹ ਅੰਤਿਮ ਸੱਚ ਨਹੀਂ ਹੈ।
ਸੂਰਜ-ਮੰਡਲ ਨੂੰ ਜਾਣਨ ਦੀ ਜਗਿਆਸਾ ਸਦੀਆਂ ਪੁਰਾਣੀ ਹੈ। ਮਹਾਭਾਰਤ ਦੇ ਇੱਕ ਕਾਂਡ ਵਿੱਚ ਧਰਮਰਾਜ ਯੁਧਿਸ਼ਟਰ ਅਤੇ ਯਕਸ਼ ਦਰਮਿਆਨ ਦਿਲਚਸਪ ਸੰਵਾਦ ਵੀ ਇਸ ਜਗਿਆਸਾ ਦਾ ਠੋਸ ਸਬੂਤ ਹੈ। ਸਰੋਵਰ ਵਿੱਚੋਂ ਵਾਰੀ-ਵਾਰੀ ਪਾਣੀ ਲੈਣ ਗਏ ਤ੍ਰਿਹਾਏ ਪਾਂਡਵ ਭਰਾ ਜਦੋਂ ਯਕਸ਼ ਦੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰਕੇ ਲੋਟਾ ਭਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਮੂਰਛਿਤ ਹੋ ਜਾਂਦੇ ਹਨ। ਆਖਰ ਵਿੱਚ ਯੁਧਿਸ਼ਟਰ ਸਰੋਵਰ ਕੰਢੇ ਪੁੱਜਦਾ ਹੈ ਤਾਂ ਉਹ ਆਪਣੇ ਭਰਾਵਾਂ ਨੂੰ ਹੋਸ਼ ਵਿੱਚ ਲਿਆਉਣ ਲਈ ਪਾਣੀ ਦਾ ਕਰਮੰਡਲ ਭਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਯਕਸ਼ ਉਸ ਨੂੰ ਚਿਤਾਵਨੀ ਦਿੰਦਾ ਹੈ ਕਿ ਜੇ ਉਸ ਨੇ ਉਸ ਦੇ ਸਵਾਲਾਂ ਦਾ ਉੱਤਰ ਨਾ ਦਿੱਤਾ ਤਾਂ ਉਸ ਦਾ ਵੀ ਹਾਲ ਉਸ ਦੇ ਭਰਾਵਾਂ ਵਰਗਾ ਹੋਵੇਗਾ। ਸਬਰ ਅਤੇ ਸੰਤੋਖ ਦੀ ਮੂਰਤ ਯੁਧਿਸ਼ਟਰ ਜਦੋਂ ਸਵਾਲ ਕਰਨ ਲਈ ਕਹਿੰਦਾ ਹੈ ਤਾਂ ਯਕਸ਼ ਸਵਾਲਾਂ ਦੀ ਬੁਛਾੜ ਕਰ ਦਿੰਦਾ ਹੈ। ਇਨ੍ਹਾਂ ਵਿੱਚੋਂ ਕੁਝ ਸਵਾਲ ਸਨ 'ਸੂਰਜ ਕੌਣ ਚੜ੍ਹਾਉਂਦਾ ਹੈ? ਉਸ ਦੇ ਚਾਰੇ ਤਰਫ਼ ਕੌਣ ਚੱਲਦੇ ਹਨ? ਉਸ ਨੂੰ ਕੌਣ ਲੋਪ ਕਰਦਾ ਹੈ'? ਯੁਧਿਸ਼ਟਰ ਦਾ ਜਵਾਬ ਸੀ, 'ਬ੍ਰਹਮਾ ਸੂਰਜ ਨੂੰ ਚੜ੍ਹਾਉਂਦਾ ਹੈ। ਦੇਵਤਾ ਉਸ ਦੇ ਚਾਰੋਂ ਤਰਫ਼ ਚੱਲਦੇ ਹਨ। ਧਰਮ-ਅਧਰਮ ਉਸ ਨੂੰ ਅਸਤ ਕਰਦਾ ਹੈ ਅਤੇ ਉਹ ਸੱਚ-ਆਚਾਰ ਵਿੱਚ ਪੂਜਣਯੋਗ ਹੈ'।
ਇਤਿਹਾਸ ਅਤੇ ਮਿਥਿਹਾਸ ਵਿੱਚ ਅਜਿਹੇ ਅਣਗਿਣਤ ਹਵਾਲੇ ਮਿਲਦੇ ਹਨ ਜਦੋਂ ਮਨੁੱਖ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ ਜਗਿਆਸਾ ਵਿਖਾਈ ਹੋਵੇ।
ਗੁਰੂ ਨਾਨਕ ਦੇਵ ਸੁਹਿਰਦ ਖੋਜੀ ਵਾਂਗ ਸਦਾ ਸੱਚ ਦੀ ਭਾਲ ਵਿੱਚ ਉਦਾਸੀਆਂ ਕਰਦੇ ਰਹੇ। ਸੂਰਜ ਨੂੰ ਪਾਣੀ ਦੇਣ ਜਾਂ ਮੱਕੇ ਨੂੰ 'ਘੁਮਾਉਣ' ਦੇ ਅਰਥ ਸਮਝਾਉਣ ਲਈ ਉਨ੍ਹਾਂ ਨੂੰ ਸਬੰਧਿਤ ਫ਼ਿਰਕਿਆਂ ਦਾ ਮੁਹਾਵਰਾ ਵਰਤਣਾ ਪਿਆ। ਨਾਨਕ ਨੇ ਦਿੱਸਦੇ ਅਤੇ ਦਿਸਹੱਦਿਆਂ ਤੋਂ ਪਾਰ ਦੇ ਸੱਚ ਦਾ ਸੁਮੇਲ ਕਰਕੇ ਸਦੀਵੀ ਸੱਚ ਲੱਭਣ ਲਈ ਖੋਜ ਕੀਤੀ। ਜਪੁਜੀ ਸਾਹਿਬ ਵਿੱਚ ਬਾਬੇ ਨਾਨਕ ਨੇ ਉਨ੍ਹਾਂ ਅਣਗਿਣਤ ਸਵਾਲਾਂ ਦਾ ਜਵਾਬ ਦਿੱਤਾ ਹੈ, ਜਿਸ ਦਾ ਜਵਾਬ ਅਰਬਾਂ ਸਾਲ ਬਾਅਦ ਖਰਬਾਂ ਰੁਪਏ ਖਰਚ ਕੇ ਵੀ ਨਹੀਂ ਮਿਲ ਰਿਹਾ। ਮਿਥਿਹਾਸ ਮੁਤਾਬਕ ਧਰਤੀ ਬਲਦ ਦੇ ਸਿੰਙ  ਉੱਤੇ ਟਿਕੀ ਹੋਈ ਹੈ। ਜਦੋਂ ਧੌਲ ਸਿੰਙ ਬਦਲਦਾ ਹੈ ਤਾਂ 'ਭੁਚਾਲ' ਆਉਂਦਾ ਹੈ। ਨਾਨਕ ਨੇ ਸਵਾਲ ਕੀਤਾ, 'ਧਵਲੈ ਉਪਰਿ ਕੇਤਾ ਭਾਰੁ/ਧਰਤੀ ਹੋਰੁ ਪਰੈ ਹੋਰੁ ਹੋਰੁ/ ਤਿਸ ਤੇ ਭਾਰੁ ਤਲੈ ਕਵਣੁ ਜੋਰ' (ਭਾਵ, ਬਲਦ ਉੱਤੇ ਕਿੰਨਾ ਕੁ ਭਾਰ ਹੈ? ਇਸ ਧਰਤੀ ਤੋਂ ਪਰੇ ਅਣਗਿਣਤ ਘਨੇਰੇ ਆਲਮ ਹਨ। ਫਿਰ ਉਹ ਕਿਹੜੀ ਤਾਕਤ ਹੈ ਜੋ ਉਨ੍ਹਾਂ ਦੇ ਬੋਝ ਨੂੰ ਠੁੰਮ੍ਹਣਾ ਦਿੰਦੀ ਹੈ?)। ਬ੍ਰਹਮ ਕਣ ਨੂੰ ਲੱਭਣ ਦੇ ਠੋਸ ਦਾਅਵਿਆਂ ਅਤੇ ਵਿਗਿਆਨੀਆਂ ਦੀ ਵਰ੍ਹਿਆਂ-ਬੱਧੀ ਘਾਲਣਾ ਨੂੰ ਸਲਾਮ ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਸ੍ਰਿਸ਼ਟੀ ਦੇ ਸਿਰਜਣਹਾਰ ਨੂੰ ਵੀ ਕਦੇ ਲੱਭਿਆ ਜਾ ਸਕੇਗਾ? ਖਰਬਾਂ ਸਾਲ ਬਾਅਦ ਅਜੇ ਮਸਾਂ ਇੱਕ 'ਬ੍ਰਹਮ ਕਣ' ਹੀ ਹੱਥ ਲੱਗਿਆ ਹੈ, ਜਿਸ ਤੋਂ ਇਹ ਸਾਰਾ ਪਸਾਰਾ ਹੋਇਆ ਮੰਨਿਆ ਜਾਂਦਾ ਹੈ। ਸ੍ਰਿਸ਼ਟੀ ਪੈਦਾ ਕਰਨ ਵਾਲਾ ਪਹਿਲਾ ਕਣ ਕਿਸ ਨੇ ਪੈਦਾ ਕੀਤਾ? ਇਸ ਤੋਂ ਵੀ ਅਗਲਾ ਸਵਾਲ ਹੈ, ਜੇ ਪਹਿਲੇ ਕਣ ਦਾ ਸਿਰਜਣਹਾਰ ਲੱਭ ਵੀ ਗਿਆ ਤਾਂ  ਇਸ ਦਾ ਜਵਾਬ ਕਦੇ ਮਿਲੇਗਾ ਕਿ ਰੱਬ ਨੂੰ ਆਖਰ ਰੱਬ ਕਿਸ ਨੇ ਬਣਾਇਆ ਹੈ? ਜਪੁਜੀ ਵਿੱਚ ਅੰਕਿਤ ਹੈ, 'ਕੀਤਾ ਪਸਾਉ ਏਕੋ ਕਵਾਉ/ਤਿਸ ਤੇ ਹੋਏ ਲਖ ਦਰਿਆਉ' (ਇੱਕ ਸ਼ਬਦ ਨਾਲ ਜਗਤ ਦਾ ਪਸਾਰਾ ਹੋ ਗਿਆ ਅਤੇ ਉਸ ਦੇ ਉਚਾਰਣ ਨਾਲ ਲੱਖਾਂ ਦਰਿਆ ਵਹਿਣੇ ਸ਼ੁਰੂ ਹੋ ਗਏ)। ਇੱਕ ਹੋਰ ਸ਼ਬਦ, 'ਅਰਬਦ ਨਰਬਦ ਧੁੰਧੂਕਾਰਾ/ਧਰਣਿ ਨ ਗਗਨਾ ਹੁਕਮੁ ਅਪਾਰਾ' (ਅਣਗਿਣਤ ਜੁਗਾਂ ਤਕ ਘੁੱਪ ਹਨੇਰਾ ਸੀ। ਉਸ ਵੇਲੇ ਨਾ ਜ਼ਮੀਨ ਤੇ ਨਾ ਆਸਮਾਨ ਸੀ)।
ਜੇ ਕਲਪਨਾ ਦੀ ਕੋਈ ਹੱਦ ਹੈ ਤਾਂ ਫਿਰ 'ਖੰਡ ਬ੍ਰਹਮੰਡ ਪਾਤਾਲ ਅਰੰਭੇ/ ਗੁਪਤਹੁ ਪ੍ਰਗਟੀ ਆਇਦਾ/ਤਾ ਕਾ ਅੰਤ ਨ ਜਾਣੈ ਕੋਈ' ਨੂੰ ਮਿੱਥ ਲੈਣਾ ਚਾਹੀਦਾ ਹੈ।    
ਵਰਿੰਦਰ ਵਾਲੀਆ