ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਰੱਬ ਦੀ ਖੋਜ ਦਾ ਚਿੱਟਾ ਝੂਠ


ਗੁੱਝੇ ਰਹੱਸਾਂ ਨੂੰ ਸਲਝਾਉਣ ਲਈ ਸਾਇੰਸ ਲਗਾਤਾਰ ਯਤਨਸ਼ੀਲ ਰਹਿੰਦੀ ਹੈ। ਵੱਖ-ਵੱਖ ਖੇਤਰਾਂ ਵਿਚ ਸਾਇੰਸ ਦੀਆਂ ਲੱਭਤਾਂ ਮੁਨੱਖੀ ਸਭਿੱਅਤਾ ਨੂੰ ਤਰੱਕੀ ਦੀਆਂ ਉੱਚ ਮੰਜ਼ਿਲਾਂ ਵੱਲ ਲਿਜਾਂਦੀਆਂ ਹਨ। ਵਿਸ਼ਵ ਪੱਧਰ ਤੇ ਮਨੁੱਖਤਾ ਵੱਲੋ ਕਾਇਮ ਕੀਤੇ ਹੈਰਾਨੀਜਨਕ ਕਾਰਨਾਮੇ ਕੁਦਰਤ ਦੇ ਗੁੱਝੇ ਭੇਦਾਂ ਨੂੰ ਸਾਇੰਸ ਰਾਹੀ ਲੱਭਣ ਕਾਰਨ ਹੀ ਸਥਾਪਿਤ ਹੋ ਸਕੇ ਹਨ। ਵਿਗਿਆਨ ਦੀਆਂ ਖੋਜਾਂ ਤੇ ਕਾਢਾਂ ਮੁਨੱਖਤਾ ਦੇ ਚੰਗੇ ਵਿਕਾਸ ਤੇ ਵਾਧੇ ਲਈ ਹੁੰਦੀਆਂ ਹਨ।ਵਿਸ਼ਵ ਵਿਗਿਆਨੀ ਆਪਣੀ ਸਖਤ ਮਾਨਸਿਕ ਤੇ ਸਰੀਰਕ ਕਿਰਤ ਸ਼ਕਤੀ ਨਾਲ ਮੁਨੱਖਤਾ ਨੂੰ ਮਹਾਨ ਖੋਜਾਂ ਤੇ ਕਾਢਾਂ ਦੀ ਮਹਾਨ ਦੇਣ ਪ੍ਰਦਾਨ ਕਰਦੇ ਹਨ।ਅੱਗੋਂ ਸੱਤਾ ਦੇ ਰਹਿਬਰਾਂ ਨੇ ਸੋਚਣਾ ਹੁੰਦਾ ਹੈ ਕਿ ਇਹਨਾਂ ਖੋਜਾਂ ਤੇ ਕਾਢਾਂ ਅਤੇ ਉਸ ਦੀ ਵੱਖ-ਵੱਖ ਖੇਤਰਾਂ 'ਚ ਹੁੰਦੀ ਵਰਤੋਂ ਨੂੰ ਮੁਨੱਖਤਾ ਦੀ ਭਲਾਈ ਲਈ ਵਰਤਣਾ ਹੈ ਜਾਂ ਮੁਨਾਫੇ ਦੇ ਸੰਦ ਵਜੋਂ।
ਤਾਜ਼ਾ ਖੋਜ ਅਨੁਸਾਰ ਸਵਿੱਟਜ਼ਰਲੈਂਡ ਸਥਿਤ ਯੂਰਪੀਅਨ ਸੈਂਟਰ ਫਾਰ ਨਿਊਕਲੀਅਰ ਰਿਸਰਚ ਦੇ ਵਿਗਿਆਨੀਆਂ ਨੇ 5 ਦਹਾਕਿਆਂ ਦੀ ਸਖਤ ਮਿਹਨਤ ਸਦਕਾ ਹੱਥ ਨਾ ਆਉਣ ਵਾਲੇ ਹਿਗਸ ਬੋਸੋਨ ਜਾਂ ਗਾੱਡ ਪਾਰਟੀਕਲ ਨਾਂ ਦੇ ਸਭ ਤੋਂ ਛੋਟੇ ਉਪ ਪ੍ਰਮਾਣੂ ਸੂਖਮ ਕਣ ਨੂੰ ਲੱਭ ਲੈਣ ਦੀ ਘੋਸ਼ਣਾ ਕੀਤੀ ਹੈ। ਇਸ ਕਣ ਦਾ ਭਾਰ 125 ਗਿਗਾਇਲੈਕਟ੍ਰਾਨ ਬੋਲਟ ਹੈ।ਦੁਨੀਆ ਭਰ ਦੇ ਵਿਗਿਆਨੀਆਂ ਨੇ ਜੇਨੇਵਾ ਵਿਚ 10 ਅਰਬ ਡਾਲਰ ਦੀ ਲਾਗਤ ਨਾਲ 27 ਕਿਲੋਮੀਟਰ ਲੰਬੀ ਗੋਲਾਕਾਰ ਸੁਰੰਗ ਬਣਾਈ ਜਿਸਨੂੰ ਲਾਰਜ ਹੈਡ੍ਰਾਨ ਕਾਲਾਇਡਰ ਕਿਹਾ ਗਿਆ। ਕਾਲਾਇਡਰ 'ਚ ਪ੍ਰੋਟੋਨਸ ਨੂੰ ਰੋਸ਼ਨੀ ਦੀ ਰਫ਼ਤਾਰ ਨਾਲ ਦੋੜਾਕੇ ਆਪਸ ਵਿਚ ਟਕਰਾਇਆਂ ਗਿਆ।ਟੱਕਰ ਨਾਲ ਜੋ ਐਨਰਜੀ (ਊਰਜਾ) ਪੈਦਾ ਹੋਈ, ਇਸ ਵਿਚ ਕੋਈ ਕਣ ਵਜੂਦ ਵਿਚ ਆਇਆ ਤਦ ਅਜਿਹੇ ਸੰਕੇਤ ਮਿਲੇ ਕਿ ਗਾੱਡ ਪਾਰਟੀਕਲ ਵੀ ਪੈਦਾ ਹੋਇਆ ਹੈ। ਵਜੂਦ ਵਿਚ ਆਉਣ ਤੇ ਹੀ ਹਿਗਸ ਬੋਸੋਨ ਖਤਮ ਹੋ ਗਿਆ। ਉਸਦੇ ਪਿੱਛੇ ਕੇਵਲ ਸੰਕੇਤ ਵਜੋ ਕੁਝ ਨਿਸ਼ਾਨ ਹੀ ਬਚੇ।ਵਿਗਿਆਨੀਆਂ ਨੂੰ ਇਹਨਾਂ ਸੰਕੇਤਾਂ ਤੋਂ ਨੇੜੇ ਭਵਿੱਖ 'ਚ ਚੰਗੀਆਂ ਉਮੀਦਾਂ ਹਨ। ਠੋਸ ਸਬੂਤ ਲੱਭਣੇ ਹਾਲੇ ਬਾਕੀ ਹਨ। ਹਿਗਸ ਬੋਸੋਨ ਨੂੰ ਹੁਣ ਤੱਕ ਪ੍ਰਯੋਗਾ ਰਾਹੀ ਸਾਬਿਤ ਨਹੀਂ ਕੀਤਾ ਜਾ ਸਕਿਆਂ ਸਿਰਫ ਮੋਜੂਦਗੀ ਦੇ ਸੰਕੇਤ ਮਿਲੇ ਸਨ। ਇਸ ਦੀ ਮੌਜੂਦਗੀ ਦੇ ਠੋਸ ਸਬੂਤ ਮਿਲਣ ਤੇ ਹੀ ਇਹ ਸਵਾਲ ਸੁਲਝਾਏ ਜਾ ਸਕਣਗੇ ਕਿ ਕਣਾਂ ਵਿਚ ਭਾਰ ਕਿਂਉ ਹੁੰਦਾ ਹੈ? 13 ਅਰਬ 70 ਕਰੋੜ ਸਾਲ ਪਹਿਲਾਂ ਮਹਾਂਵਿਸਫੋਟ (ਬਿੱਗ ਬੈਂਗ) ਨਾਲ ਬ੍ਰਹਿਮੰਡ ਦੀ ਉਤਪੱਤੀ ਕਿਵੇਂ ਹੋਈ? ਤਾਰੇ ਤੇ ਗ੍ਰਹਿ ਜੀਵਨ ਨਿਰਮਾਣ ਲਈ ਇਕ ਦੂਜੇ ਨਾਲ ਕਿਵੇਂ ਜੁੜੇ? ਕੁੱਲ ਖੋਜ ਬਾਰੇ ਸਰਨ ਦੇ ਮਹਾਂ ਨਿਰਦੇਸ਼ਕ ਡਾ: ਰਾੱਲਫ਼ ਮੁਤਾਬਿਕ ਫਿਲਹਾਲ “ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਖੋਜਿਆਂ ਗਿਆ ਕਣ ਸਟੈਡਰਡ ਮਾਡਲ ਦੇ ਮੁਤਾਬਿਕ ਹਿਗਸ ਬੋਸੋਨ ਹੈ ਜਾ ਕੋਈ ਇਕਦਮ ਨਵਾਂ ਕਣ। ਉਹਨਾਂ ਮੁਤਾਬਿਕ ਹਾਲੇ ਇਹ ਦਾਅਵਾ ਨਹੀ ਕੀਤਾ ਜਾ ਸਕਦਾ ਕਿ ਇਹ ਇਕ ਅਲੱਗ ਕਣ ਹੈ ਜਾਂ ਅਜੇ ਤੱਕ ਨਹੀ ਖੋਜੇ ਜਾ ਸਕੇ ਕਣਾਂ ਚੋਂ ਪਹਿਲਾ ਕਣ ਹੈ।”
ਹਿਗਸ ਬੋਸੋਨ ਦੇ ਸਿਧਾਂਤ ਦਾ ਪ੍ਰਤੀਪਾਦਨ ਬਰਾਤਨੀਆਂ ਦੇ ਵਿਗਿਆਨੀ ਪ੍ਰੋਫੈਸਰ ਪੀਟਰ ਹਿਗਸ ਨੇ 1960 'ਚ ਕੀਤਾ।ਪੀਟਰ ਹਿਗਸ ਨੇ 1965 ਵਿਚ “ਗਾੱਡ ਪਾਰਟੀਕਲ” ਵਿਚਾਰ ਪੇਸ਼ ਕੀਤਾ। ਭਾਰਤੀ ਵਿਗਿਆਨੀ ਸਤਿੰਦਰ ਨਾਥ ਬੋਸ ਜੋ ਆਈਨਸਟਾਇਨ ਦੇ ਸਮਕਾਲੀ ਸਨ ਤੇ ਪੀਟਰ ਹਿਗਸ ਦੀ ਇਸ ਖੇਤਰ 'ਚ ਮਹੱਤਵਪੂਰਨ ਦੇਣ ਸਦਕਾ ਇਸਨੂੰ 'ਹਿਗਸ ਬੋਸੋਨ' ਵੀ ਕਿਹਾ ਜਾਂਦਾ ਹੈ। ਹਿਗਸ ਬੋਸੋਨ ਦੇ ਸਿਧਾਂਤ ਅਨੁਸਾਰ ਖਾਲੀ ਜਗਾ ਵਿਚ ਇਕ ਫੀਲਡ ਬਣਿਆ ਹੋਇਆ ਹੈ ਤੇ ਜਿਸਨੂੰ ਹਿਗਸ ਫੀਲਡ ਕਿਹਾ ਜਾਦਾ ਹੈ ਤੇ ਇਸ ਵਿਚਲੇ ਕਣਾਂ ਨੂੰ ਹਿਗਸ ਬੋਸੋਨ। ਇਸ ਸਿਧਾਂਤ ਅਨੁਸਾਰ ਹਿਗਸ ਬੋਸੋਨ ਉਹ ਕਣ ਹੈ ਜੋ ਪਦਾਰਥ ਨੂੰ ਮਾਸ ਪ੍ਰਦਾਨ ਕਰਦਾ ਹੈ। ਇਹ ਮੂਲ ਕਣ ਹੈ ਜਿਸਦਾ ਇਕ ਫੀਲਡ ਹੈ ਜੋ ਬ੍ਰਹਿਮੰਡ ਵਿਚ ਹਰ ਜਗਾ ਮੋਜੂਦ ਹੈ ਜਦ ਦੂਸਰਾ ਕੋਈ ਕਣ ਇਸ ਫੀਲਡ 'ਚੋਂ ਗੁਜ਼ਰਦਾ ਹੈ ਤਾਂ ਰੁਕਾਵਟ ਪੈਦਾ ਕਰਦਾ ਹੈ। ਜਿਸ ਤੋਂ ਉਸਨੂੰ ਮਾਸ ਪ੍ਰਦਾਨ ਹੁੰਦਾ ਹੈ। ਪੰ੍ਰਤੂ ਇਸਦੇ ਹੋਣ ਦੇ ਪ੍ਰਯੋਗਾਤਮਕ ਸਬੂਤ ਚਾਹੀਦੇ ਹਨ। ਤਾਜ਼ਾਂ ਪ੍ਰਯੋਗਾਂ ਨੇ ਇਸੇ ਕਣ ਦੇ ਸੰਕੇਤਾਂ ਦੀ ਘੋਸ਼ਣਾ ਕੀਤੀ ਹੈ।
ਇਸ ਮਹੱਤਵਪੂਰਨ ਖੋਜ ਸਦਕਾ ਸਿਸ਼੍ਰਟੀ ਦੇ ਰਹੱਸਾਂ ਦੇ ਅਹਿਮ ਖੁਲਾਸੇ ਹੋ ਸਕਣਗੇ। ਇਕ ਅੰਦਾਜ਼ੇ ਮੁਤਾਬਿਕ ਤਾਂ ਇਸ ਕਣ ਦੀ ਲੱਭਤ ਨਾਲ ਕੋਈ ਵੀ ਬਿਮਾਰੀ ਲਾ-ਇਲਾਜ ਨਹੀਂ ਹੋਵੇਗੀ। ਪਿਛਲੇ 100 ਸਾਲਾਂ ਦੀ ਇਸ ਸਭ ਤੋਂ ਅਹਿਮ ਖੋਜ ਨਾਲ ਯੂਨੀਵਰਸ ਦੇ ਰਹੱਸਾਂ ਦੇ ਖੁਲਾਸਿਆਂ ਤੋਂ ਇਲਾਵਾਂ ਇਹ ਖੋਜ ਪੁਲਾੜ ਤਕਨੀਕ, ਨੈਨੋ ਤਕਨੀਕ, ਇੰਟਰਨੈਂਟ, ਮੈਨੂਫੈਕਚਰਿੰਗ ਤੇ ਹੋਰ ਅਨੇਕਾਂ ਖੇਤਰਾਂ ਲਈ ਲਾਹੇਵੰਦ ਸਾਬਿਤ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।
ਪਦਾਰਥ ਦੇ ਸੂਖਮ ਤੋਂ ਸੂਖਮ ਅਤੇ ਵਿਰਾਟ ਤੋਂ ਵਿਰਾਟ ਤੱਤਾਂ ਦੇ ਰਹੱਸ ਅਨੰਤ ਹਨ ਤੇ ਇਸ ਕਾਰਨ ਸਾਇੰਸ ਕਦੇ ਵੀ ਆਖਰੀ ਸੱਚ ਤੱਕ ਪਹੁੰਚਣ ਦਾ ਦਾਅਵਾ ਨਹੀਂ ਕਰਦੀ। ਪ੍ਰੰਤੂ ਜਦ ਵਿਗਿਆਨਿਕ ਖੋਜਾਂ ਤੇ ਕਾਢਾਂ ਨੂੰ ਸਮਾਜਿਕ ਵਰਤਾਰੇ ਦੇ ਵਿਚਾਰਧਾਰਕ ਸਿਆਸੀ ਖੇਤਰ ਵਿਚ ਵਰਤਿਆ ਜਾਂਦਾ ਹੈ ਤਦ ਬਹੁਤੇ ਵਿਚਾਰਕ ਆਪਣੀ ਜਮਾਤ ਦੇ ਹਿੱਤ ਪੂਰਨ ਖਾਤਰ ਇਸਦੇ ਅੰਤਰਮੁਖੀ, ਸੰਕੀਰਨ, ਸਤਹੀ ਤੇ ਤਰਕ ਵਿਹੂਣੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ। ਅਜਿਹੇ ਨਜ਼ਰੀਏ ਦੇ ਮਾਲਕ ਵਿਚਾਰਕ ਸਮਾਜ ਅੰਦਰ ਬੇਲੋੜੇ ਭਰਮ ਪੈਦਾ ਕਰਨ ਦੇ ਜ਼ਿੰਮੇਵਾਰ ਹੁੰਦੇ ਹਨ। ਪਿਛਾਂਹਖਿੱਚੂ ਤੇ ਲੋਟੂ ਤਾਕਤਾਂ ਅਜਿਹੇ ਅੰਧ ਵਿਸ਼ਵਾਸ਼ੀ ਤੇ ਲੁੱਟਪ੍ਰਸਤ ਵਿਚਾਰਾਂ ਨੂੰ ਪੱਠੇ ਪਾਉਂਦੀਆਂ ਹਨ। ਵਿਚਾਰਵਾਦੀਏ ਆਪਣੀ ਇਤਿਹਾਸਕ ਖਸਲਤ ਮੁਤਾਬਕ ਪਦਾਰਥਵਾਦ, ਵਿਗਿਆਨ, ਮਾਰਕਸਵਾਦ ਤੇ ਹੋਰ ਤਰਕਵਾਦੀ ਸੱਚਾਈਆਂ ਖਿਲਾਫ ਵਿਸ਼ਵ ਪੱਧਰ ਤੇ ਹੋ-ਹੱਲਾ ਮਚਾਉਂਦੇ ਹਨ। ਉਹਨਾਂ ਦਾ ਇਹ ਹੋਛਾਪਣ ਉਹਨਾਂ ਦੇ ਸਤਹੀ ਤੇ ਅੰਧਵਿਸ਼ਵਾਸੀ ਗਿਆਨ ਦਾ ਹੀ ਨਮੂਨਾ ਹੁੰਦਾ ਹੈ। ਤਾਜ਼ਾ ਖੋਜ਼ ਦੌਰਾਨ ਦੁਨੀਆਂ ਭਰ ਦੇ ਵਿਚਾਰਵਾਦੀਏ ਤੇ ਸਧਾਰਨ ਲੋਕ 'ਗਾਡ ਪਾਰਟੀਕਲ' ਦੇ ਨਾਮ ਨਿਰਧਾਰਤ ਚਿੰਨ੍ਹਾਤਮਕ ਸੰਕਲਪ ਨੂੰ 'ਰੱਬ' ਦੀ ਪ੍ਰਾਪਤੀ ਹੀ ਸਮਝਦੇ ਹਨ। ਕੀ ਭਵਿੱਖ 'ਚ ਇਤਿਹਾਸ ਬਾਰੇ ਰੱਬ ਦੀ ਵਿਆਖਿਆ ਇਹ ਕਰਨਗੇ ਕਿ “ਰੱਬ” ਨੂੰ ਦੁਨੀਆਂ ਭਰ ਦੇ 10 ਹਜ਼ਾਰ ਵਿਗਿਆਨੀਆਂ ਨੇ ਜਨੇਵਾ ਵਿਖੇ 27 ਕਿਲੋਮੀਟਰ ਦੀ ਸੁਰੰਗ 'ਚੋਂ ਪਦਾਰਥ ਉਪਰ ਵਿਗਿਆਨਕ ਖੋਜਾਂ ਦੌਰਾਨ “ਲੱਭ” ਕੇ ਲਿਆਂਦਾ? ਖੈਰ! ਇੱਥੇ ਦੁਨੀਆਂ ਭਰ ਦੀਆਂ ਪੂੰਜੀਵਾਦੀ ਤਾਕਤਾਂ ਇਸ ਖੋਜ ਤੋਂ ਪ੍ਰਪਾਤ ਸਿਟਿਆਂ ਨੂੰ ਵੱਖ-ਵੱਖ ਖੇਤਰਾਂ 'ਚ ਪ੍ਰਯੋਗ ਕਰਕੇ ਉਸਦੇ ਭਵਿੱਖਤ ਮੁਨਾਫਿਆਂ ਦੀਆਂ ਵਿਉਤਾਂ ਤੈਅ ਕਰੀ ਬੈਠੀਆਂ ਹਨ। ਇਹ ਇਸਦੇ ਇਤਿਹਾਸਕ ਕਿਰਦਾਰ ਤੋਂ ਵੀ ਸਾਫ਼ ਜ਼ਾਹਰ ਹੈ ਕਿ ਪੈਦਾਵਰੀ ਅਮਲ 'ਚ ਲੱਗੇ ਕਿਰਤੀਆਂ ਦੇ ਵੱਡੇ ਹਿੱਸੇ ਨੂੰ ਆਪਣੇ ਪਿਛਾਖੜੀ ਵਿਚਾਰਾਂ ਨਾਲ ਨਰੜਕੇ ਵਿਗਿਆਨ ਦੀਆਂ 'ਬਰਕਤਾਂ' ਨੂੰ ਆਪਣੇ ਤੇ ਆਪਣੇ ਨੇੜਲਿਆਂ ਦੀ ਝੋਲੀ ਕਿਵੇਂ ਪਾਉਣਾ ਹੈ। ਦੂਸਰਾ ਪੂੰਜੀਵਾਦ ਦੇ ਵਿਸ਼ਵ ਮੰਦਵਾੜੇ ਦੇ ਦੌਰ 'ਚੋ ਗੁਜਰਦੇ ਵਿਸ਼ਵ ਪੂੰਜੀਵਾਦੀਆਂ ਨੂੰ ਵਕਤੀ ਤੌਰ 'ਤੇ ਮਾਰਕਸਵਾਦੀ ਤੇ ਹੋਰ ਅਗਾਂਹਵਧੂ ਹਿੱਸਿਆ ਉੱਪਰ ਚਿੱਕੜ ਉਛਾਲੀ ਕਰਨ ਤੇ ਵਿਸ਼ਵ ਜਨਤਕ ਰਾਏ ਨੂੰ ਆਪਣੇ ਪੱਖ 'ਚ ਭਗਤਾਉਦਿਆਂ ਇਸ ਖੋਜ ਨੂੰ ਪੁਲਾੜ, ਇੰਟਰਨੈਂਟ, ਨੈਨੋ ਤਕਨੀਕ, ਸੰਸਾਰ ਸਾਧਨਾਂ ਤੇ ਹੋਰ ਅਨੇਕਾਂ ਖੇਤਰਾਂ 'ਚ ਵਰਤ ਕੇ ਵਿਸ਼ਵ ਪੱਧਰ ਤੇ ਲੁੱਟ ਦਾ ਇਕ ਨਵਾਂ ਕਾਢ ਰਚਾਇਆ ਜਾਵੇਗਾ। ਸੰਕਟ ਮੂੰਹ ਆਏ ਪੂੰਜੀਵਾਦ ਲਈ ਇਹ ਵਕਤੀ ਠੁੰਮਣਾ ਹੋ ਸਕਦਾ ਹੈ ਪਰ ਉਸਦੇ ਅਸਾਧ ਰੋਗ ਦਾ ਸਥਾਈ ਇਲਾਜ ਨਹੀਂ।
ਇੱਥੇ ਮਾਰਕਸਵਾਦੀ, ਪਦਾਰਥਵਾਦੀ ਤੇ ਤਰਕਵਾਦੀ ਅਗਾਂਹਵਧੂ ਹਿੱਸਿਆਂ ਵਿਚ ਇਕ ਹਿੱਸਾ ਉਹ ਹੈ ਜੋ ਇਸ ਖੋਜ ਨੂੰ ਲੈ ਕੇ ਦੁਚਿੱਤੀ ਤੇ ਬੁਖਲਾਹਟ 'ਚ ਹੈ। ਅਜਿਹਾ ਤੱਥਾਂ ਬਾਰੇ, ਵਿਗਿਆਨ ਬਾਰੇ ਸਹੀ ਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਤੇ ਦੂਸਰਾ ਰੂੜ ਹੋ ਚੁੱਕੇ ਰਵਾਇਤੀ ਸੰਕਲਪਾਂ ਕਾਰਨ ਵਾਪਰਦਾ ਹੈ। ਉਸਨੂੰ ਪਦਾਰਥਵਾਦੀ ਵਿਗਿਆਨ ਵਿਚਾਰਧਾਰਾ ਦੇ ਖਤਮ ਹੋਣ ਦਾ ਡਰ ਤੇ ਹਰ ਘਟਨਾ ਨੂੰ ਛੀਅ ਤੇ ਅਮਰੀਕਾ ਦੀ ਸਾਜਿਸ਼ ਹੀ ਲੱਗਦਾ ਹੈ। ਨਵੀਆਂ ਘਟਨਾਵਾਂ ਤੇ ਖੋਜਾਂ ਨੂੰ ਮਾਰਕਸਵਾਦੀ ਵਿਗਿਆਨਕ ਸੱਚ ਨਾਲ ਮੇਲਣ ਦੀ ਕੰਮਜ਼ੋਰੀ ਤੇ ਇਸ ਵਿਗਿਆਨ ਨੂੰ ਖੋਜਾਂ ਨਾਲ ਹੋਰ ਅਮੀਰ ਕਰਨ ਤੇ ਚੰਗੇਰੇ ਸਮਾਜ ਲਈ ਇਸਦੀਆਂ ਨਵੀਆਂ ਪੱਦਤੀਆਂ ਤੇ ਰਚਨਾਵਾਂ ਨੂੰ ਵਿਕਸਤ ਕਰਨ ਦੀ ਘਾਟ ਹੀ ਅਜਿਹੇ ਵਤੀਰੇ ਦਾ ਕਾਰਨ ਬਣਦੀਆਂ ਹਨ।
ਦੂਸਰੇ ਉਹ ਹਿੱਸੇ ਹਨ ਜੋ ਇਸ ਖੋਜ ਦੀ ਆਮਦ ਨੂੰ 'ਜੀ ਆਇਆ' ਆਖਦੇ ਹਨ। ਇਸਨੂੰ ਪਦਾਰਥਵਾਦੀ ਵਿਗਿਆਨਕ ਧਾਰਾ ਦੀ ਅਮੀਰੀ ਤੇ ਸੱਚ ਦੇ ਵੱਧ ਪ੍ਰੋੜ ਹੋਣ ਦੇ ਰੂਪ ਵਿਚ ਦੇਖ ਰਹੇ ਹਨ। ਇਸੇ ਦੌਰਾਨ ਨਵੇਂ ਤੱਥਾਂ ਦੇ ਸਾਹਮਣੇ ਆਉਣ ਤੇ ਵਿਸ਼ਵ ਭਰ 'ਚ ਵੱਖ-ਵੱਖ ਪੱਧਰ 'ਤੇ ਬਹਿਸ ਦੇ ਨਵੇਂ ਕੇਂਦਰ ਸਥਾਪਿਤ ਹੋਣਗੇ। ਜੋ ਚੇਤੰਨਤਾ ਦੇ ਵਿਸਥਾਰ ਲਈ ਧਰਾਤਲ ਮੁਹੱਈਆ ਕਰਨਗੇ। ਅਜਿਹੇ ਵਿਚ ਦੁਨੀਆਂ ਭਰ ਦੀਆਂ ਮਨੁੱਖਤਾਪੱਖੀ ਅਗਾਂਹਵਧੂ ਹਿੱਸਿਆਂ ਨੂੰ ਅਸਲ ਵਿਗਿਆਨਕ ਸੱਚ ਨੂੰ ਹੂ-ਬ-ਹੂ ਵੱਡੇ ਲੋਕ ਹਿੱਸੇ ਤੱਕ ਲਿਜਾਣਾ ਚਾਹੀਦਾ ਹੈ। ਚੇਤੰਨ ਲੋਕਾਂ ਨੂੰ ਵਿਗਿਆਨਕ ਚੇਤੰਨਤਾ ਦੇ ਪ੍ਰਸਾਰ ਲਈ ਵਿਗਿਆਨਕ ਸੱਚਾਈਆਂ ਨੂੰ ਘੜ ਭੰਨ ਕੇ ਆਪਣੇ ਸੰਸਥਾਗਤ ਉਦੇਸ਼ਾ ਦੇ ਮੇਚ ਕਰਨ ਦੀ ਤਿਕੜਮਬਾਜ਼ੀ ਤੋਂ ਦੂਰ ਰਹਿੰਦਿਆਂ ਉਹਨਾਂ ਅੰਦਰ ਹਰ ਤਰਾਂ ਦੇ ਵਿਗਿਆਨ, ਵਰਤਾਰਿਆਂ ਤੇ ਧਾਰਨਾਵਾਂ ਨੂੰ ਸਮਝਣ ਦਾ ਸਵੈ-ਨਿਰਭਰਤਾ ਤੇ ਅਲੋਚਨਾਤਮਕ ਨਜ਼ਰੀਆ ਪੈਦਾ ਕਰਨਾ ਚਾਹੀਦਾ ਹੈ। ਰਵਾਇਤੀ ਕਿਸਮ ਦੇ ਆਰਥਿਕਤਾਵਾਦੀ-ਸੁਧਾਰਵਾਦੀ ਮੰਗਾਂ-ਮਸਲਿਆਂ ਤੋਂ ਲਾਂਭੇ ਹੋ ਕੇ ਫ਼ਿਲਾਸਫੀਕਲ ਤੇ ਵਿਗਿਆਨਕ ਮਸਲਿਆਂ ਨੂੰ ਪ੍ਰਚਾਰ ਪ੍ਰਾਪੇਗੰਡਾ ਰਾਹੀ ਵੱਡੇ ਲੋਕ ਹਿੱਸੇ ਤੱਕ ਲਿਜਾਕੇ ਭਾਰਤੀ ਲੋਕਾਂ ਦੀ ਬੌਧਿਕ ਕੰਮਜ਼ੋਰੀ ਦੂਰ ਕੀਤੀ ਜਾ ਸਕਦੀ ਹੈ। ਅਜਿਹੇ ਔਖੇ ਤੇ ਦੁਰਰਸ ਕਾਰਜ ਭਾਰਤੀ ਲੋਕਾਂ ਦੀ ਬੌਧਿਕ ਤੰਦਰੁਸਤੀ ਦਾ ਉਸਾਰ ਬਣਨਗੇ ।
ਅਗਾਂਹਵਧੂ ਹਿੱਸਿਆਂ ਨੂੰ ਤਾਜ਼ਾ ਖੋਜ ਨਾਲ ਵਿਗਿਆਨ ਤੇ ਫ਼ਲਸਫਾ ਕਿੰਨਾ ਤੇ ਕਿਵੇਂ ਅਮੀਰ ਬਣਿਆ ਅਤੇ ਇਹ ਖੋਜ ਦੇ ਸਿੱਟੇ ਮਨੁਖੱਤਾ ਦੀ ਭਲਾਈ ਲਈ ਕਿਵੇਂ ਵਰਤੇ ਜਾ ਸਕਦੇ ਹਨ, ਦਾ ਮਾਡਲ ਪੇਸ਼ ਕਰਨ ਦਾ ਜੁੰਮਾ ਉਟਣਾ ਪਵੇਗਾ। ਤੁਲਨਾ 'ਚ ਇਹ ਵੀ ਦਿਖਾਉਣਾ ਪਵੇਗੇ ਕਿ ਦੁਨੀਆਂ ਭਰ ਦੀਆਂ ਪੂੰਜੀਵਾਦੀ ਤਾਕਤਾਂ ਇਹਨਾਂ ਖੋਜਾਂ ਨੂੰ ਕਿਹੜੇ ਵਰਗ ਦੇ ਹਿੱਤਾਂ ਲਈ ਵਰਤ ਰਹੀਆਂ ਹਨ। ਸੋ ਦੇਖਣਾ ਇਹ ਹੋਵੇਗਾ ਕਿ ਵਿਸ਼ਵ ਪੱਧਰ ਤੇ ਜਗਿਆਸਾ, ਬਹਿਸ ਤੇ ਹੈਰਾਨਗੀ ਭਰੇ ਮਾਹੌਲ ਅੰਦਰ ਕਿਹੜੀਆਂ ਅਗਾਂਹਵਧੂ ਤਾਕਤਾਂ ਵੱਧ ਗੰਭੀਰਤਾ ਨਾਲ ਭਰਮ ਨੂੰ ਤੋੜਨ ਤੇ ਵਿਗਿਆਨਕ ਯਥਾਰਥ ਨੂੰ ਲੋਕਾਈ ਤੱਕ ਲਿਜਾਣ 'ਚ ਕਿੰਨਾਂ ਕੁ ਸਫ਼ਲ ਹੁੰਦੀਆਂ ਹਨ।
ਮਨਦੀਪ
- ਕਨਵੀਨਰ, ਇਨਕਲਾਬੀ ਯੂਥ ਸਟੂਡੈਂਟਸ ਫਰੰਟ