ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਪੈ ਜਾਣੈ ਸੋਈ


ਜਨੇਵਾ ਵਿਚ ਸੰਸਾਰ ਭਰ ਦੇ ਵਿਗਿਆਨੀਆਂ ਨੇ ਪੰਜਾਹ ਸਾਲਾਂ ਦੀ ਖੋਜ ਅਤੇ ਦਸ ਅਰਬ ਡਾਲਰ ਖਰਚ ਕਰਕੇ ਜਿਹੜੇ 'ਈਸਵਰੀ ਤੱਤ' ਦੇ ਖੋਜਣ ਦਾ ਦਾਅਵਾ ਕੀਤਾ ਹੈ ਉਹ ਖੋਜ ਨਾ ਤਾਂ ਪਹਿਲੀ ਹੈ ਅਤੇ ਨਾ ਹੀ ਆਖਰੀ। ਇਸ ਤੋਂ ਪਹਿਲਾਂ ਵੀ ਸਦੀਆਂ ਤੋਂ ਵਿਗਿਆਨੀ 'ਧਰਤੀ ਦੀ ਉਤਪਤੀ' ਬਾਰੇ ਅਨੇਕਾਂ ਦਾਅਵੇ ਕਰਦੇ ਆ ਰਹੇ ਹਨ। ਹਰ ਨਵੀਂ ਖੋਜ ਪਹਿਲੀ ਖੋਜ ਨੂੰ ਜਾਂ ਤਾਂ ਰੱਦ ਕਰਦੀ ਹੈ ਜਾਂ ਫਿਰ ਉਸ ਵਿਚ ਕੁਝ ਹੋਰ ਵਾਧਾ ਜੋੜ ਦਿੱਤਾ ਜਾਂਦਾ ਹੈ ਜਿਸ ਨਾਲ ਪਹਿਲੇ ਦਾਅਵਿਆਂ ਦੀ ਉਲਝਣਾ ਹੋਰ ਵਧ ਜਾਂਦੀਆਂ ਹਨ। ਬ੍ਰਹਿਮੰਡ ਦੀ ਉਤਪਤੀ (ਬਿੱਗਬੈਗ) ਅਤੇ ਡਾਰਬਿਨ ਦਾ ਸਿਧਾਂਤ (ਜੀਵਾਂ ਦਾ ਵਿਕਾਸ) ਬਾਰੇ ਹੋਈਆਂ ਵੱਡੀਆਂ ਖੋਜਾਂ ਦਾ ਵੀ ਇਹੀ ਹਾਲ ਹੈ। ਇਸ ਵੇਲੇ ਸੰਸਾਰ ਭਰ ਦੇ ਵਿਗਿਆਨੀ ਜਿਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਦੱਸ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਧਰਤੀ ਦੀ ਉਤਪਤੀ ਵਿਚ ਉਪ ਪ੍ਰਮਾਣੂ ਸੂਖਮ ਕਣ (ਗਾਡ ਪਾਰਟੀਕਲ, ਭਾਵ ਈਸਵਰੀ ਤੱਤ) ਦੀ ਖੋਜ ਕੀਤੀ ਗਈ ਹੈ ਜਿਹੜਾ ਕਿ ਧਰਤੀ ਦੇ ਹੋਂਦ ਵਿਚ ਆਉਣ ਲਈ ਪ੍ਰਮੁੱਖ ਸੂਖਮ ਕਣ ਹੈ। ਦਾਅਵੇ ਅਨੁਸਾਰ ਇਸ ਖੋਜ ਨਾਲ ਕਈ ਨਵੇਂ ਰਹੱਸਾਂ ਤੋਂ ਪੜਦਾ ਉਠੇਗਾ। ਉਂਝ ਇਹ ਸਭ ਵਿਗਿਆਨੀਆਂ ਦੀ ਇਹ ਸਾਂਝੀ ਰਾਇ ਹੈ ਕਿ ਖੋਜ ਧਰਤੀ ਦੀ ਉਤਪਤੀ ਦੇ ਰਹੱਸਾਂ ਦੀ ਅੰਤਿਮ ਖੋਜ ਨਹੀਂ ਹੈ ਇਹਨਾਂ ਵਿਗਿਆਨੀਆਂ ਨੇ ਜਨੇਵਾ ਵਿਚ 27 ਕਿਲੋਮੀਟਰ ਲੰਮੀ ਤੇ 300 ਫੁੱਟ ਡੂੰਘੀ ਸੁਰੰਗ 'ਚ ਕੀਤੇ ਬਨਾਉਟੀ ਧਮਾਕੇ ਤੋਂ ਪ੍ਰਾਪਤ ਨਤੀਜਿਆਂ ਬਾਰੇ ਕਿਹਾ ਹੈ ਕਿ ਜਿਸ ਸੂਖਮ 'ਈਸਵਰੀ ਕਣ' ਦੀ ਖੋਜ ਕੀਤੀ ਗਈ ਹੈ ਉਹ ਇਸ ਸਮੇਂ ਪ੍ਰਯੋਗਸ਼ਾਲਾ ਵਿਚ ਅਗਲੀ ਖੋਜ ਲਈ ਮੌਜੂਦ ਨਹੀਂ ਹੈ ਪਰ ਧਮਾਕੇ ਸਮੇਂ ਇਸ ਦੀ 'ਰਹੱਸਮਈ ਹੋਂਦ' 'ਤੇ ਅਧਾਰਿਤ ਕੀਤੇ ਗਏ ਦਾਅਵੇ ਇਸ ਸੂਖਮ ਕਣ ਦੀ ਹੋਂਦ ਦੇ ਐਲਾਨ ਲਈ ਕਾਫ਼ੀ ਹਨ।
ਸੰਸਾਰ ਦੀ ਉਤਪਤੀ ਅਤੇ ਵਿਕਾਸ ਬਾਰੇ ਜਾਣਨ ਦੀ ਜਗਿਆਸਾ ਅਤੇ ਹੋਰ ਸੰਸਾਰਿਕ ਖੋਜਾਂ ਬਾਰੇ ਵਿਗਿਆਨੀ ਦੇ ਦਾਅਵੇ ਸਿਰਫ਼ ਇਕ ਵਿਚਾਰਧਾਰਾ ਦੀ ਲੜੀ ਹਨ ਜਿਨ੍ਹਾਂ ਨੂੰ ਪ੍ਰਯੋਗਸ਼ਾਲਾ ਵਿਚ ਪ੍ਰਖਿਆ-ਨਿਰਖਿਆ ਜਾ ਸਕਦਾ ਹੈ। ਦੂਜੇ ਪਾਸੇ ਇਸੇ ਵਿਚਾਰਧਾਰਾ ਨੂੰ ਅਧਿਆਤਮਿਕ ਪੱਧਰ 'ਤੇ ਅਨੁਭਵੀ ਸ਼ਕਤੀ ਨਾਲ ਨਿਰੀਖਣ-ਪਰਖਣ ਦੀ ਧਾਰਾ ਵੀ ਮੌਜੂਦ ਹੈ ਜਿਸ ਰਾਹੀਂ ਕਿਸੇ ਰਹੱਸ ਨੂੰ ਕੁਦਰਤ ਨਾਲ ਇਕ-ਮਿਕ ਹੋ ਕੇ ਸਾਰਥਿਕ ਸਿੱਟਿਆਂ ਤੱਕ ਪੁੱਜਿਆ ਜਾਂਦਾ ਹੈ। ਇਹਨਾਂ ਦੋਹਾਂ ਵਿਚਾਰਧਾਰਾਵਾਂ ਵਿਚ ਪਹਿਲੇ ਸਥਾਪਿਤ ਵਿਚਾਰਾਂ ਨੂੰ ਰੱਦ ਕਰਨ ਅਤੇ ਨਵੇਂ ਵਿਚਾਰਾਂ ਨੂੰ ਪੇਸ਼ ਕਰਨ ਦੀਆਂ ਮਸਾਲਾਂ ਮਿਲਦੀਆਂ ਹਨ। ਹੁਣ ਜੇ ਪੰਜ ਦਹਾਕਿਆਂ ਦੀ ਖੋਜ ਅਤੇ ਅਰਬਾਂ ਡਾਲਰ ਖਰਚ ਕੇ ਉਪ-ਪ੍ਰਮਾਣੂ ਸੂਖਮ ਕਣ (ਈਸਵਰੀ ਤੱਤ) ਦੀ ਸ਼ੱਕੀ ਹੋਂਦ ਦਾ ਪਤਾ ਵੀ ਲਾ ਲਿਆ ਗਿਆ ਹੈ ਤਾਂ ਵੀ ਇਹ ਖੋਜ ਬ੍ਰਹਿਮੰਡ ਦੇ ਅਸੀਮ ਪਸਾਰੇ ਦੀ ਖੋਜ ਦੇ ਮੁਕਾਬਲੇ 'ਈਸਵਰੀ ਤੱਤ' ਤੋਂ ਵੀ ਛੋਟੀ ਖੋਜ ਹੈ। ਜਿਸ ਬ੍ਰਹਿਮੰਡ ਦਾ ਅਜੇ ਤੱਕ ਪ੍ਰਕਾਸ਼ ਦੀ ਗਤੀ ਨੇ ਵੀ ਥਾਹ ਨਹੀਂ ਪਾਇਆ ਉਸ ਬਾਰੇ ਖੋਜ ਕਰਨ ਲਈ ਯੁੱਗਾਂ-ਯੁਗੰਤਰਾਂ ਦੇ ਸਮੇਂ ਦੀ ਲੋੜ ਹੈ। ਇੰਨੇ ਸਮੇਂ ਵਿਚ ਵੀ ਇਹ ਸੰਭਵ ਨਹੀਂ ਕਿ ਕੁਦਰਤ ਦੇ ਸਮੁੱਚੇ ਪਸਾਰੇ ਦਾ ਪੂਰਾ ਰਹੱਸ ਜਾਣ ਲਿਆ ਜਾਵੇਗਾ?
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਮਨੁੱਖ ਨੂੰ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਕੁਦਰਤ ਨਾਲ ਉਲਝਣ ਦੀ ਥਾਂ ਕੁਦਰਤ ਨਾਲ ਇਕ-ਮਿਕ ਹੋ ਕੇ ਉਸ ਕੁਦਰਤ ਦੇ ਬਲਿਹਾਰੀ ਜਾਣ ਦਾ ਉਪਦੇਸ਼ ਕੀਤਾ ਹੈ ਜਿਸ ਵਿਚ ਈਸਵਰ ਆਪ ਵਸਿਆ ਹੋਇਆ ਹੈ। ਸਿੱਖ ਧਰਮ ਫਿਲਾਸਫੀ ਅਨੁਸਾਰ ਸਭ ਦਿਸ ਰਿਹਾ ਜਾਂ ਅਣਦਿਸਦਾ ਪਸਾਰਾ ਕੁਦਰਤ ਦਾ ਹੀ ਰੂਪ ਹੈ ਮਨੁੱਖ ਜਿਸ ਦਾ ਇਕ ਸੂਖਮ ਅੰਗ ਹੈ। ਗੁਰੂ ਨਾਨਕ ਸਾਹਿਬ ਵਿਚਾਰਧਾਰਾ ਅਨੁਸਾਰ ਉਸ ਅੰਤਿਮ ਸੱਚ ਰੂਪੀ ਪਰਮਾਤਮਾ ਇਸ ਜੜ੍ਹ-ਚੇਤਨ ਦਾ ਮਾਲਕ ਹੈ।
ਸਾਚੇ ਤੇ ਪਵਨਾ ਭਇਆ
ਪਵਨੈ ਤੇ ਜਲੁ ਹੋਇ£
ਜਲ ਤੇ ਤ੍ਰਿਭਵਣ ਸਾਜਿਆ
ਘਟਿ ਘਟਿ ਜੋਤ ਸਮਾਇ£੯£
ਇਸੇ ਲਈ ਉਹ ਪਰਮਾਤਮਾ ਖੁਦ ਹੀ ਜਾਣਦਾ ਹੈ ਕਿ
ਜਾ ਕਰਤਾ ਸਿਰਠੀ ਕੋਊ ਸਾਜੈ
ਆਪੈ ਜਾਣੈ ਸੋਈ£
ਤਾਂ ਹੀ ਕੁਦਰਤ ਦੇ ਪਸਾਰੇ ਨਾਲ ਖਹਿਬੜਨ ਦੀ ਥਾਂ
ਬਲਿਹਾਰੀ ਕੁਦਰਤਿ ਵਸਿਆ
ਤੇਰਾ ਅੰਤੁ ਨ ਜਾਈ ਲਖਿਆ
ਦੇ ਹੁਕਮਾਂ ਤਹਿਤ ਆਪਣੇ ਜੀਵਨ ਨੂੰ ਸੁਖਾਂਦ ਨਾਲ ਜਿਉਣ ਵਿਚ ਵਾਹਿਗੁਰੂ ਦੀ ਰਜ਼ਾ ਵਿਚ ਰਹਿ ਕੇ ਵੱਧ ਅਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਉਂਕਿ ਮਨੁੱਖ ਦਾ ਆਪਣਾ ਜੀਵਨ ਬਹੁਤ ਹੀ ਥੋੜ੍ਹੇ ਸਮੇਂ ਲਈ ਹੈ ਇਸ ਲਈ ਇਸ ਨੂੰ ਅਨੰਦਮਈ ਢੰਗ ਨਾਲ ਨੇਪਰੇ ਚਾੜ੍ਹਨ ਦੀ ਗੁਰੂ ਸਿਧਾਂਤ ਹਰ ਮਨੁੱਖ ਲਈ ਜ਼ਿਆਦਾ ਲਾਭਕਾਰੀ ਹੈ। ਅਰਬਾਂ-ਖਰਬਾਂ ਸਾਲ ਕੁਦਰਤ ਦੇ ਰਹੱਸ ਜਾਣਨ ਲਈ ਪ੍ਰਯੋਗਸ਼ਾਲਾ ਵਿਚ 'ਰੱਬ ਦੇ ਦਰਸ਼ਨ' ਕਰਨ ਦੀ ਥਾਂ ਕੁਦਰਤ ਨਾਲ ਉਤ-ਪੋਤ ਹੋ ਹੋ ਕੇ ਅੱਜ ਹੀ ਵਾਹਿਗੁਰੂ ਨੂੰ ਕਣ-ਕਣ ਵਿਚ ਦੇਖਿਆ ਜਾ ਸਕਦਾ ਹੈ। ਇਸ ਅਨੁਭਵੀ ਪ੍ਰਯੋਗਸ਼ਾਲਾ ਵਿਚ ਇਕ ਧਰਤੀ ਦੀ ਹੋਂਦ ਬਾਰੇ ਹੀ ਨਹੀਂ ਸਗੋਂ ਸਮੁੱਚੀ ਕਾਇਨਾਤ ਦੇ ਰਹੱਸਾਂ ਦੀ ਸਮਝ ਪੈ ਜਾਂਦੀ ਹੈ।