ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਖੂਨ ਦਾ ਦਬਾਅ ਵੱਧਣ ਦੇ ਕਾਰਨ ਤੇ ਬਚਾਅ


ਖੂਨ ਦਾ ਦਬਾਅ ਜਾਂ ਬਲੱਡ-ਪਰੈੱਸ਼ਰ ਸਾਡੇ ਸਰੀਰ ਵਿਚ ਦੌਰਾ ਕਰ ਰਹੇ ਖੂਨ ਦਾ ਬਲੱਡ-ਵੈੱਸਲਾਂ ਭਾਵ ਖੂਨ-ਨਾੜੀਆਂ ਦੀਆਂ ਕੰਧਾਂ 'ਤੇ ਪਿਆ ਦਬਾਅ ਹੈ। ਖੂਨ ਦੇ ਦਬਾਅ ਦੇ ਆਮ ਨਾਲੋਂ ਵੱਧ ਜਾਣ ਨੂੰ 'ਹਾਈ ਬਲੱਡ ਪ੍ਰੈੱਸ਼ਰ' ਜਾਂ ਡਾਕਟਰੀ ਸ਼ਬਦਾਵਲੀ ਵਿਚ 'ਹਾਈਪਰਟੈਂਨਸ਼ਨ' ਕਿਹਾ ਜਾਂਦਾ ਹੈ। ਇਸ ਨਾਲ ਦਿਲ ਦੀਆਂ ਕਈ ਬੀਮਾਰੀਆਂ ਜਿਵੇਂ ਦਿਲ ਨੂੰ ਝਟਕਾ (ਹਾਰਟ-ਸਟਰੋਕ), ਦਿਲ ਫੇਲ੍ਹ ਹੋਣਾ, ਕਿਡਨੀਆਂ ਦਾ ਖਰਾਬ ਹੋਣਾ ਤੇ ਅੱਖਾਂ 'ਤੇ ਬੁਰਾ ਪ੍ਰਭਾਵ ਪੈਣਾ ਆਦਿ ਹੋ ਸਕਦੀਆਂ ਹਨ। ਖੂਨ ਦਾ ਦਬਾਅ ਜਾਂ 'ਬਲੱਡ ਪ੍ਰੈਸ਼ਰ' ਸਾਡੇ ਸਰੀਰ ਦੀਆਂ ਆਰਟਰੀਆਂ ਵਿਚ ਖੂਨ ਦੇ ਦਬਾਅ ਨੂੰ ਦਰਸਾਉਂਦਾ ਹੈ। ਇਸ ਦਬਾਅ ਨੂੰ ਇਕ ਵਿਸ਼ੇਸ਼ ਜੰਤਰ ਨਾਲ ਮਾਪਿਆ ਜਾਂਦਾ ਜੋ ਇਸ ਨੂੰ ਮਿਲੀਮੀਟਰਾਂ ਵਿਚ ਪਾਰੇ ਦਾ ਦਬਾਅ (mm/hg) ਦਰਸਾਉਂਦਾ ਹੈ। ਉਪਰਲਾ ਦਬਾਅ ਪਹਿਲਾਂ ਲਿਖਿਆ ਜਾਂਦਾ ਹੈ ਤੇ ਹੇਠਲਾ ਬਾਅਦ ਵਿਚ ਤੇ ਇਨ੍ਹਾਂ ਦੋਹਾਂ ਵਿਚਕਾਰ ਸਲੈਸ਼ (/) ਪਾਈ ਜਾਂਦੀ ਹੈ, ਜਿਵੇਂ ਕਿ ਆਮ ਹਾਲਤਾਂ ਵਿਚ ਖੂਨ ਦਾ ਦਬਾਅ 120/80 ਹੁੰਦਾ ਹੈ। ਇਸ ਦੇ 140/90 ਤੱਕ ਹੋ ਜਾਣ ਨੂੰ ਬਲੱਡ-ਪ੍ਰੈਸ਼ਰ ਦੇ ਵੱਧਣ ਦੀ ਸ਼ੁਰੂਆਤ ਵਾਲੀ ਹਾਲਤ ਤੇ ਇਸ ਤੋਂ ਉੱਪਰ 'ਵੱਧ ਖ਼ੂਨ ਦੇ ਦਬਾਅ' ਦੀ ਸਟੇਜ ਆ ਜਾਂਦੀ ਹੈ। ਜੇ ਇਹ 160/100 ਜਾਂ ਇਸ ਤੋਂ  ਉੱਪਰ ਪਹੁੰਚ ਜਾਂਦਾ ਹੈ ਤਾਂ ਇਹ ਖਤਰਨਾਕ ਹਾਲਤ ਹੋ ਜਾਂਦੀ ਹੈ ਤੇ 180/120 ਤੋਂ ਉੱਪਰ ਤਾਂ ਇਹ ਜ਼ਿਆਦਾ ਹੀ ਖਤਰਨਾਕ ਸਮਝੀ ਜਾਂਦੀ ਹੈ। ਇਨ੍ਹਾਂ ਹਾਲਤਾਂ ਵਿਚ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਦਬਾਅ ਦੇ ਵੱਧਣ ਦਾ ਕਾਰਨ ਜਾਨਣ ਤੇ ਉਸ ਦੇ ਇਲਾਜ ਦੀ ਲੋੜ ਪੈਂਦੀ ਹੈ।
ਉਪਰਲਾ ਦਬਾਅ ਦਿਲ ਦੀ ਧੜਕਨ ਨੂੰ ਦਰਸਾਉਂਦਾ ਹੈ ਤੇ ਹੇਠਲਾਂ ਜਦੋਂ ਸਾਡਾ ਦਿਲ ਇਸ ਦੀਆਂ ਦੋ ਧੜਕਨਾਂ ਵਿਚਕਾਰ ਆਰਾਮ ਕਰ ਰਿਹਾ ਹੁੰਦਾ ਹੈ। ਦਰਅਸਲ, ਇਹ ਖੂਨ ਦਾ ਦਬਾਅ ਸਾਡੇ ਸਰੀਰ ਵਿਚ ਇਕਸਾਰ ਨਹੀਂ ਰਹਿੰਦਾ ਤੇ ਇਹ ਵੱਧਦਾ ਘੱਟਦਾ ਰਹਿੰਦਾ ਹੈ। ਰਾਤ ਸੌਣ ਵੇਲੇ ਇਹ ਘੱਟ ਹੁੰਦਾ ਹੈ ਤੇ ਦਿਨ ਵੇਲੇ ਜਾਗਦਿਆਂ ਕੰਮ ਕਾਜ ਕਰਦਿਆਂ, ਕਿਸੇ ਉਤੇਜਨਾ, ਥਕਾਵਟ ਜਾਂ ਘਬਰਾਹਟ ਕਾਰਨ ਇਹ ਵੱਧ ਜਾਂਦਾ ਹੈ। ਜੇ ਇਹ ਵੱਖ-ਵੱਖ ਸਮਿਆਂ 'ਤੇ ਦੋ ਜਾਂ ਇਸ ਤੋਂ ਵਧੀਕ ਵਾਰੀ ਆਮ ਨਾਲੋਂ ਵੱਧ ਹੋਵੇ ਤਾਂ ਡਾਕਟਰ ਇਸ ਨੂੰ ਵਧਿਆ ਹੋਇਆ ਬਲੱਡ-ਪ੍ਰੈਸਰ ਕਰਾਰ ਦਿੰਦੇ ਹਨ ਹਨ ਤੇ ਇਸ ਦੇ ਉਪਚਾਰ ਦੀ ਸਲਾਹ ਅਤੇ ਦਵਾਈ ਦੀ ਸਿਫਾਰਿਸ਼ ਕਰਦੇ ਹਨ।
ਕਈ ਲੋਕਾਂ ਦਾ ਬਲੱਡ-ਪ੍ਰੈਸ਼ਰ ਡਾਕਟਰ ਦੇ ਕਲੀਨਿਕ ਜਾਂ ਹਸਪਤਾਲ ਵਿਚ ਆ ਕੇ ਵੱਧ ਜਾਂਦਾ ਹੈ। ਇਸ ਨੂੰ ਡਾਕਟਰ “ਵਾਈਟ ਕੋਟ ਹਾਈਪਰਟੈਂਸ਼ਨ” ਦਾ ਨਾਂ ਵੀ ਦਿੰਦੇ ਹਨ ਜੋ ਡਾਕਟਰ ਦਾ ਚਿੱਟਾ ਕੋਟ ਵੇਖ ਕੇ ਵੱਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀਆਂ ਹਾਲਤਾਂ ਵਿਚ 'ਇਹ ਮਰੀਜ਼' ਆਪਣੇ ਘਰਾਂ ਵਿਚ ਰੱਖੀਆਂ ਮਸ਼ੀਨਾਂ ਨਾਲ ਜਾਂ ਫਾਰਮੇਸੀਆਂ ਵਿਚ ਉਪਲੱਬਧ ਮਸ਼ੀਨਾਂ 'ਤੇ ਆਪਣਾ ਬਲੱਡ-ਪ੍ਰੈਸ਼ਰ ਚੈੱਕ ਕਰ ਸਕਦੇ ਹਨ ਤੇ ਆਪਣੀ ਤਸੱਲੀ ਕਰ ਸਕਦੇ ਹਨ। ਤੇ ਜੇਕਰ ਇਹ ਉਥੇ ਵੀ ਵੱਧ ਹੋਵੇ ਤਾਂ ਫਿਰ ਡਾਕਟਰ ਕੋਲ ਜਾਣਾ ਹੀ ਪਵੇਗਾ। ਸਾਡੇ ਸਰੀਰ ਵਿਚ ਖੂਨ ਵੱਖ-ਵੱਖ ਨਾੜੀਆਂ ਰਾਹੀਂ ਦੌੜਦਾ ਹੈ। ਇਹ ਨਾੜੀਆਂ ਦੋ ਕਿਸਮ ਦੀਆਂ ਹਨ, ਆਰਟਰੀਆਂ ਤੇ ਵੇਨਾਂ। ਆਰਟਰੀਆਂ ਖੂਨ ਨੂੰ ਦਿਲ ਵੱਲੋਂ ਸਰੀਰ ਦੇ ਵੱਖ-ਵੱਖ ਭਾਗਾਂ ਵੱਲ ਲੈ ਕੇ ਜਾਂਦੀਆਂ ਹਨ ਅਤੇ ਵੇਨਾਂ ਦਿਲ ਵੱਲ ਨੂੰ ਖੂਨ ਲੈ ਕੇ ਆਉਂਦੀਆਂ ਹਨ। ਆਰਟਰੀਆਂ ਵਿਚ ਕੋਲੈਸਟਰੋਲ ਦੇ ਜੰਮਣ ਕਰਕੇ ਜਾਂ ਕਿਸੇ ਹੋਰ ਕਾਰਨ ਆਰਟਰੀਆਂ ਦੇ ਸੁੰਗੜ ਜਾਣ ਕਾਰਨ ਖੂਨ ਦੇ ਦਬਾਅ ਨੂੰ ਕੰਟਰੋਲ ਵਿਚ ਰੱਖਣਾ ਜ਼ਰੂਰੀ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿਚ ਇਸ ਦਾ ਅਸਰ ਸਰੀਰ ਦੇ ਕਈ ਹੋਰ ਅੰਗਾਂ 'ਤੇ ਹੋਣ ਦਾ ਖ਼ਤਰਾ ਹੋ ਸਕਦਾ ਹੈ।
ਸਰੀਰ ਵਿਚ ਬਲੱਡ-ਪ੍ਰੈੱਸ਼ਰ ਵੱਧਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਖੂਨ ਵਿਚ ਕੋਲੈਸਟਰੋਲ ਜਾਂ ਟਰਾਈਗਲਿਸਰਾਈਡਾਂ ਦੀ ਮਾਤਰਾ ਵੱਧਣਾ, ਆਰਟਰੀਆਂ ਦਾ ਸੁੰਗੜਨਾ, ਮਾਨਸਿਕ ਪ੍ਰੇਸ਼ਾਨੀ, ਸਰੀਰਕ ਤੇ ਦਿਮਾਗੀ ਥਕਾਵਟ ਜਾਂ ਕਈ ਹੋਰ। ਇਸ ਬਾਰੇ ਡਾਕਟਰ ਕਈ ਤਰ੍ਹਾਂ ਦੇ ਟੈਸਟਾਂ ਰਾਹੀਂ ਜਾਂਚ ਕਰਕੇ ਹੀ ਕਿਸੇ ਸਿੱਟੇ 'ਤੇ ਪਹੁੰਚਦੇ ਹਨ ਤੇ ਮਰੀਜ਼ ਨੂੰ ਲੋੜੀਦਾ ਮਸ਼ਵਰਾ ਤੇ ਦਵਾਈ ਦੇਂਦੇ ਹਨ। ਇਸ ਦਾ ਇਕ ਮੁੱਖ ਕਾਰਨ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵਿਚ ਵਿਗਾੜ ਅਤੇ ਵਰਜਿਸ਼ ਦੀ ਘਾਟ ਵੀ ਹੈ। ਖਾਣੇ ਵਿਚ ਲੂਣ (ਸੋਡੀਅਮ ਕਲੋਰਾਈਡ) ਦਾ ਵਧੇਰੇ ਪ੍ਰਯੋਗ, ਰੈਤੀ-ਮੇਡ ਤੇ ਜੰਕ ਫੂਡਜ਼ ਵੀ ਇਸ ਦਾ ਕਾਰਨ ਬਣਦੇ ਹਨ। ਅਲਕੋਹਲ ਦਾ ਵਧੇਰੇ ਸੇਵਨ ਵੀ ਮੁੱਖ ਕਾਰਨਾਂ ਵਿੱਚੋਂ ਇਕ ਹੈ। ਅਸੀ ਕਈ ਵਾਰ ਅਨਜਾਣਤਾ ਕਾਰਨ ਤੇ ਬਹੁਤੀ ਵਾਰੀ ਜਾਣ ਬੁੱਝ ਕੇ ਵੀ ਆਪਣੀ ਖੁਰਾਕ ਵੱਲ  ਧਿਆਨ ਨਹੀਂ ਦੇਂਦੇ। ਆਮ ਹਾਲਤਾਂ ਵਿਚ ਖੁਰਾਕ ਦੇ ਵੱਖ-ਵੱਖ ਉਪਯੋਗੀ ਤੱਤਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ ਤੇ ਨਾ ਹੀ ਅਸੀਂ ਡਾਕਟਰ ਦੀ ਸਲਾਹ ਮੰਨਦੇ ਹਾਂ। ਜਦੋਂ ਪਾਣੀ ਸਿਰ ਤੋਂ ਲੰਘਣ ਵਾਲਾ ਹੋ ਜਾਂਦਾ ਹਾਂ ਜਾਂ ਕਈ ਵਾਰ ਲੰਘਣਾਂ ਸ਼ੁਰੂ ਹੋ ਜਾਂਦਾ ਹੈ ਤਾਂ ਸਾਡੀ ਜਾਗ ਖੁੱਲ੍ਹਦੀ ਹੈ। ਬਹੁਤ ਸਾਰੀਆਂ ਹਾਲਤਾਂ ਵਿਚ ਤਾਂ ਡਾਕਟਰ ਹੀ ਸਾਨੂੰ ਹਲੂਣਦਾ ਹੈ ਜਦ ਉਹ ਵੇਖਦਾ ਹੈ ਕਿ ਉਸ ਦੇ ਮਰੀਜ਼ ਦਾ ਬਲੱਡ-ਪਰੈੱਸ਼ਰ 150/100 ਨੂੰ ਪਹੁੰਚ ਜਾਂਦਾ ਹੈ ਤੇ ਕਈ ਵਾਰ ਇਸ ਨੂੰ ਵੀ ਪਾਰ ਹੋਣ ਲੱਗਦਾ ਹੈ। ਬਹੁਤੀ ਵਾਰ ਸਾਨੂੰ ਖੂਨ ਦੇ ਇਸ ਵਧੇ ਹੋਏ ਦਬਾਅ ਦਾ ਪਤਾ ਹੀ ਨਹੀਂ ਲੱਗਦਾ। ਕਈਆਂ ਨੂੰ ਤਾਂ ਸਿਰ ਦਰਦ, ਗੁੱਸਾ, ਸੁਭਾਅ ਵਿਚ ਕਾਹਲਾਪਨ, ਘਬਰਾਹਟ ਵਰਗੀਆਂ ਅਲਾਮਤਾਂ ਨਾਲ ਇਸ ਦਾ ਥੋੜ੍ਹਾ ਬਹੁਤ ਗਿਆਨ ਹੋ ਜਾਂਦਾ ਹੈ ਤੇ ਉਹ ਡਾਕਟਰ ਕੋਲ ਚੈੱਕ ਕਰਾਉਣ ਲਈ ਪਹੁੰਚ ਜਾਂਦੇ ਹਨ ਪਰ ਕਈ ਮੇਰੇ ਵਰਗਿਆਂ ਨੂੰ ਇਨ੍ਹਾਂ ਨਿਸਾਨੀਆਂ ਦਾ ਪਤਾ ਹੀ ਨਹੀਂ ਲੱਗਦਾ ਤੇ ਉਹ ਏਸੇ ਖ਼ੁਸ਼-ਫਹਿਮੀ ਵਿਚ ਹਹਿੰਦੇ ਹਨ ਕਿ ਉਹ ਠੀਕ-ਠਾਕ ਹਨ ਪਰ ਗਾਹੇ-ਬਗਾਹੇ ਇਹ 140/90 ਤੋਂ ਉੱਪਰ ਪਹੁੰਚਿਆ ਹੁੰਦਾ ਹੈ। ਇਹੋ ਜਿਹੇ ?ਮਰੀਜ਼ਾਂ ਨੂੰ ਡਾਕਟਰ ਬੀਥਪੀਥ ਹਫ਼ਤੇ ਵਿਚ ਇਕ-ਦੋ ਵਾਰ ਲਗਾਤਾਰ ਚੈੱਕ ਕਰਾਉਣ ਦੀ ਸਲਾਹ ਦੇਂਦੇ ਹਨ ਤੇ ਨਾਲ ਦਵਾਈ ਲੈਣ ਦੀ ਵੀ। ਹਾਈ ਬੀਥਪੀਥਵਾਲੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਨਾਲ ਦਵਾਈ ਆਮ ਤੌਰ 'ਤੇ ਲਗਾਤਾਰ ਹੀ ਲੈਣੀ ਪੈਂਦੀ ਹੈ। ਇਸ ਬਾਰੇ ਕਈ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਰੋਟੀ ਖਾਣੀ ਭਾਵੇਂ ਭੁੱਲ ਜਾਏ ਪਰ ਦਵਾਈ ਖਾਣੀ ਨਾ ਭੁੱਲੇ ਕਿਉਂਕਿ ਹਾਈ ਬਲੱਡ-ਪਰੈੱਸ਼ਰ ਨੂੰ ਡਾਕਟਰਾਂ ਵੱਲੋਂ “ਸਾਈਲੈਂਟ-ਕਿੱਲਰ“ ਗਰਦਾਨਿਆ ਜਾ ਚੁੱਕਾ ਹੈ ਤੇ ਇਸ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।
ਅਸੀਂ ਬਲੱਡ ਪ੍ਰੈਸ਼ਰ ਨੂੰ ਆਪਣੀ ਖੁਰਾਕ ਵਿਚ ਲੂਣ ਭਾਵ ਸੋਡੀਅਮ ਤੱਤ ਦੀ ਮਾਤਰਾ ਘਟਾ ਕੇ ਅਤੇ ਪੋਟਾਸ਼ੀਅਮ ਦੀ ਵਧਾ ਕੇ ਠੀਕ ਕਰ ਸਕਦੇ ਹਾਂ। ਇਸ ਦੇ ਲਈ ਸਾਰੀ ਉਮਰ ਗੋਲੀਆਂ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਹ ਹੌਲੀ ਹੌਲੀ ਘਟਾਈਆਂ ਜਾ ਸਕਦੀਆਂ ਹਨ ਪਰ ਨਾਲ ਹੀ ਇਸ ਸਬੰਧੀ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਰੋਜ਼ਾਨਾ ਸੈਰ ਤੇ ਹਲਕੀ ਵਰਜਿਸ਼ ਵੀ ਜ਼ਰੂਰੀ ਹੈ। ?ਯੋਗਾ? ਵੀ ਇਸ ਵਿਚ ਕਾਫੀ ਸਹਾਈ ਹੋ ਸਕਦਾ ਹੈ ਪਰ ਜੇਕਰ ਇਸ ਨੂੰ ਨੇਮ ਨਾਲ ਕੀਤਾ ਜਾਏ। ਇਹ ਸੋਡੀਅਮ ਅਤੇ ਪੋਟਾਸ਼ੀਅਮ ਤੱਤ ਮਨੁੱਖਾਂ ਤੇ ਹੋਰ ਜੀਵਾਂ ਦੇ ਸਰੀਰਾਂ ਵਿਚ ਇਕ ਥਾਂ ਤੋਂ ਦੂਜੀ ਥਾਂ ਦਿਮਾਗ ਦੀ ਨਸਾਂ ਰਾਹੀਂ ਸੁਨੇਹੇ ਪਹੁੰਚਾਉਣ ਵਿਚ ਸਹਾਇਤਾ ਕਰਦੇ ਹਨ।  ਪੋਟਾਸ਼ੀਅਮ ਜੀਵਾਂ ਨਾਲੋਂ ਪੌਦਿਆਂ ਵਿਚ ਵਧੇਰੇ ਹੁੰਦਾ ਹੈ। ਇਸ ਦਾ ਨਾਂ “ਪੋਟਾਸ਼” ਵੀ ਸੁਆਹ ਤੋਂ ਹੀ ਪਿਆ ਹੈ ਕਿਉਂਕਿ ਪੌਦਿਆਂ ਦੀ ਸੁਆਹ ਵਿਚ ਇਸ ਦੀ ਮਾਤਰਾ ਬਹੁਤ ਪਾਈ ਜਾਂਦੀ ਹੈ। ਆਦਿ-ਮਨੁੱਖ ਦੀ ਖੁਰਾਕ ਵਿਚ ਇਹ ਫਲਾਂ ਤੇ ਸਬਜ਼ੀਆਂ ਕੇਲੇ, ਸੰਤਰੇ, ਟਮਾਟਰ ਵਗੈਰਾ ਤੋਂ ਲੋੜੀਂਦੀ ਮਾਤਰਾ ਵਿਚ ਮਿਲ ਜਾਂਦਾ ਸੀ। ਉਦੋਂ ਉਹ ਲੂਣ ਦੀ ਵਰਤੋਂ ਵੀ ਬੜੀ ਘੱਟ ਕਰਦਾ ਸੀ। ਫਿਰ ਸਮੇਂ ਦੀ ਚਾਲ ਨਾਲ ਜਦੋਂ ਉਹ ਸੁਆਦਾਂ ਵਿਚ ਪੈ ਗਿਆ ਤਾਂ ਉਸ ਦੀ ਖੁਰਾਕ ਵਿਚ ਸੋਡੀਅਮ ਦੀ ਮਾਤਰਾ ਵੱਧਦੀ ਗਈ। ਹੌਲੀ ਹੌਲੀ ਪੌਦਿਆਂ ਦੀ ਥਾਂ ਉਸ ਦੀ ਖੁਰਾਕ ਵਿਚ ਮੀਟ ਸ਼ਾਂਮਲ ਹੋ ਜਾਣ ਨਾਲ ਪੋਟਾਸ਼ੀਅਮ ਦੀ ਮਾਤਰਾ ਘੱਟ ਗਈ। ਸੋਡੀਅਮ ਤੇ ਪੋਟਾਸ਼ੀਅਮ ਦੀ ਵੱਧਦੀ-ਘੱਟਦੀ ਮਾਤਰਾ ਨੂੰ ਕੁਝ ਦੇਰ ਤੀਕ ਤਾਂ ਮਨੁੱਖੀ ਸਰੀਰ ਸੰਤੁਲਿਤ ਕਰ ਲੈਂਦਾ ਹੈ ਪਰ ਬਹੁਤ ਸਾਰੇ ਮਨੁੱਖਾਂ ਵਿਚ ਇਹ ਸੰਤੁਲਨ ਹੌਲੀ ਹੌਲੀ ਵਿਗੜ ਜਾਂਦਾ ਹੈ ਤੇ ?ਹਾਈ ਬਲੱਡ-ਪ੍ਰੈਸ਼ਰ? ਦੀ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ। ਪੋਟਾਸ਼ੀਅਮ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੇ ਅੰਦਰ ਤੇ ਬਾਹਰ ਆ ਜਾ ਕੇ ਇਕ ਖਾਸ ਕਿਸਮ ਦਾ ਕਰੰਟ ਪੇਦਾ ਕਰਦਾ ਹੈ ਜਿਸ ਨਾਲ ਮਾਸਪੇਸ਼ੀਆਂ ਹਰਕਤ ਕਰਦੀਆਂ ਹਨ। ਖੂਨ ਵਿਚ ਪੋਟਾਸ਼ੀਅਮ ਦੀ ਮਾਤਰਾ ਘੱਟਣ ਨਾਲ ਸਰੀਰ ਬੇਹੱਦ ਕਮਜ਼ੋਰੀ ਮਹਿਸੂਸ ਕਰਦਾ ਹੈ ਤੇ ਮਾਸਪੇਸ਼ੀਆਂ ਵਿਚ ਜਕੜਨ ਪੈਦਾ ਹੋਣ ਲੱਗਦੀ ਹੈ। ਹਾਈ ਬਲੱਡ-ਪਰੈੱਸ਼ਰ ਤੇ ਪਿਸ਼ਾਬ-ਵਰਧਕ ਦਵਾਈਆਂ ਵੀ ਇਸ ਦੀ ਮਾਤਰਾ ਘੱਟ ਕਰਦੀਆਂ ਹਨ ਤੇ ਇਹ ਬਹੁਤ ਜ਼ਿਆਦਾ ਘੱਟਣ 'ਤੇ ਮੌਤ ਵੀ ਹੋ ਸਕਦੀ ਹੈ।
ਕਈ ਵਾਰੀ ਜਦ ਅਸੀ ਡਾਕਟਰਾਂ ਕੋਲ ਆਪਣਾ ਆਮ ਚੈੱਕ-ਅੱਪ  ਕਰਾਉਣ ਲਈ ਜਾਂਦੇ ਹਾਂ ਤਾਂ ਉਨ੍ਹਾਂ ਵੱਲੋਂ ਪਹਿਲੀ ਵਾਰੀ ਬਲੱਡ ਪਰੈੱਸ਼ਰ ਦੱਸਣ ਜਾਂ ਦਿਲ ਦਾ ਦੌਰਾ ਪੈਣ ਬਾਰੇ ਸੁਣ ਕੇ ਏਨਾ ਡਰ ਜਾਂਦੇ ਹਾਂ ਕਿ ਆਪਣੀ ਖੁਰਾਕ ਵਿਚੋਂ ਸੋਡੀਅਮ ਬਿਲਕੁਲ ਹੀ ਘਟਾ ਦਿੰਦੇ ਹਾਂ ਜੋ ਕਿ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ। ਇਹ ਕੁਝ ਮਾਤਰਾ ਵਿਚ ਸਾਡੇ ਸਰੀਰ ਨੂੰ ਅਤਿ-ਲੋੜੀਂਦਾ ਹੈ। ਇਨ੍ਹਾਂ ਦੋਹਾਂ ਤੱਤਾਂ ਦੀ ਸੰਤੁਲਤ ਮਾਤਰਾ ਸਾਡੇ ਸਰੀਰ ਵਿਚ ਹੋਣੀ ਚਾਹੀਦੀ ਹੈ। ਅਮਰੀਕਾ ਤੇ ਕੈਨੇਡਾ ਵਿਚ ਮਨੁੱਖ ਨੂੰ ਸਿਹਤਮੰਦ ਰਹਿਣ ਲਈ ਇਥੋਂ ਦੀ ਇਨਸਟੀਚਿਊਟ ਆਫ ਮੈਡੀਸੀਨ ਅਨੁਸਾਰ ਹਰੇਕ ਵਿਅਕਤੀ ਨੂੰ ਹਰ ਰੋਜ਼ 2300 ਮਿਲੀਗਰਾਮ ਸੋਡੀਅਮ ਤੇ 4700 ਮਿਲੀਗਰਾਮ ਪੋਟਾਸ਼ੀਅਮ ਖੁਰਾਕ ਵਿਚੋਂ ਮਿਲਣਾ ਚਾਹੀਦਾ ਹੈ। ਇਹ 2300 ਗਰਾਮ ਸੋਡੀਅਮ 5750 ਗ੍ਰਾਮ ਲੂਣ (ਸੋਡੀਅਮ ਕਲੋਰਾਈਡ) ਵਿਚੋਂ ਪੂਰਾ ਹੋ ਜਾਂਦਾ ਹੈ। ਇਕ ਮੋਟੇ ਅੰਦਾਜ਼ੇ ਮੁਤਾਬਿਕ ਸਾਨੂੰ ਹਰ ਰੋਜ਼ ਇਕ ਛੋਟਾ ਚਮਚਾ ਲੂਣ ਦੀ ਜ਼ਰੂਰਤ ਪੈਂਦੀ ਹੈ ਪਰ ਅਮਰੀਕਾ ਤੇ ਕੈਨੇਡਾ ਵਿਚ ਇਹ ਇਸ ਤੋਂ ਲਗਭਗ ਤਿੰਨ ਗੁਣਾਂ ਲੂਣ ਵਰਤਿਆ ਜਾ ਰਿਹਾ ਹੈ ਜੋ ਬਲੱਡ ਪਰੈੱਸ਼ਰ ਦੇ ਵੱਧਣ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ। ਇਥੇ ਇਹ ਜਾਨਣਾ ਜ਼ਰੂਰੀ ਹੈ ਕਿ ਲੂਣ ਵਿਚਲਾ ਸੋਡੀਅਮ ਸਾਨੂੰ ਕੇਵਲ ਲੂਣ ਤੋਂ ਹੀ ਨਹੀਂ, ਸਗੋਂ ਹੋਰ ਵੀ ਕਈ ਖਾਣ ਵਾਲੇ ਪਦਾਰਥਾਂ ਤੋੰ ਪ੍ਰਾਪਤ ਹੁੰਦਾ ਹੈ ਤੇ ਇਹ 2300 ਮਿਲੀਗ੍ਰਾਮ ਵਿਚੋਂ ਬਹੁਤਾ ਹਿੱਸਾ ਆਮ ਖੁਰਾਕ ਵਿਚੋਂ ਹੀ ਪੂਰਾ ਹੋ ਜਾਂਦਾ ਹੈ।
ਡਾਕਟਰ ਹੁਣ ਬਲੱਡ ਪਰੈੱਸ਼ਰ ਘਟਾਉਣ ਲਈ ਪੋਟਾਸ਼ੀਅਮ ਦੇ ਨਾਲ ਨਾਲ ਮੈਗਨੀਸ਼ੀਅਮ ਵੀ ਮਹੱਤਵ ਪੂਰਨ ਮੰਨਦੇ ਹਨ। ਕੁਝ ਵਿਅੱਕਤੀਆਂ ਵਿਚ ਮੈਗਨੀਸ਼ੀਅਮ ਦੀ ਮਾਤਰਾ ਵਧਾਉਣ ਨਾਲ ਵੀ ਬਲੱਡ ਪਰੈੱਸ਼ਰ ਠੀਕ ਹੋਣ ਵਿਚ ਆਇਆ ਹੈ। ਇਕ ਸਿਫਾਰਿਸ਼ ਅਨੁਸਾਰ ਸਾਡੀ ਖੁਰਾਕ ਵਿਚ ਹਰ ਰੋਜ਼ 400 ਮਿਲੀ ਗਰਾਮ ਮੈਗਨੀਸ਼ੀਅਮ ਸ਼ਾਮਲ ਹੋਣਾ ਚਾਹੀਦਾ ਹੈ। ਇਸ ਦੇ ਲਈ ਸਾਨੂੰ ਮੈਗਨੀਸ਼ੀਅਮ ਤੱਤ ਵਾਲੇ ਫਲ ਤੇ ਸਬਜ਼ੀਆਂ ਖਾਣੇ ਚਾਹੀਦੇ ਹਨ। ਕਈਆਂ ਵਿਚ ਸੋਡੀਅਮ ਬਹੁਤ ਜ਼ਿਆਦਾ ਹੁੰਦਾ ਹੈ ਜਿਵੇਂ ਚਕੰਦਰ, ਬੰਦ ਗੋਭੀ ਆਦਿ। ਇਨ੍ਹਾਂ ਨੂੰ ਘੱਟ ਮਾਤਰਾ ਵਿਚ ਹੀ ਲਿਆ ਜਾਏ ਤਾਂ ਚੰਗਾ ਹੈ। ਹਰੀਆਂ-ਸਬਜ਼ੀਆਂ ਤੇ ਤਾਜ਼ੇ-ਫਲਾਂ ਵਿਚੋਂ ਸਾਨੂੰ ਬਹੁਤ ਸਾਰੇ ਉਪਯੋਗੀ ਤੱਤ ਮਿਲ ਜਾਂਦੇ ਹਨ। ਇਨ੍ਹਾਂ ਦਾ ਰੋਜਾਂਨਾ ਸੇਵਨ ਅਤੇ ਲੂਣ, ਤਲੀਆਂ ਹੋਈਆਂ ਚੀਜ਼ਾਂ ਤੇ ਵਧੇਰੇ ਕਾਫ਼ੀ ਦਾ ਲੋੜੀਦਾ ਪ੍ਰਹੇਜ਼ ਸਾਨੂੰ ਹਾਈ ਬਲੱਡ-ਪ੍ਰੈਸ਼ਰ ਤੋਂ ਦੂਰ ਰੱਖਣ ਵਿਚ ਕਾਫ਼ੀ ਹੱਦ ਤੀਕ ਸਹਾਈ ਹੋ ਸਕਦਾ ਹੈ। ਬਾਕੀ, ਲੋੜ ਪੈਣ 'ਤੇ ਡਾਕਟਰ ਮੌਜੂਦ ਹੈਨ ਹੀ। ਉਹ ਜਾਨਣ ਤੇ ਉਨ੍ਹਾਂ ਦਾ ਕੰਮ, ਆਪਾਂ ਕਿਉਂ ਐਵੇਂ ਇਸ ਦੀ ਚਿੰਤਾ ਲਾ ਕੇ ਆਪਣਾ ਬੀ.ਪੀ. ਵਧਾਈਏ।

ਡਾ. ਸੁਖਦੇਵ ਸਿੰਘ ਝੰਡ
647-864-9128