ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪਾਰਜਾਤੁ ਇਹ ਹਰਿ ਕੋ ਨਾਮੁ


ਇਹ ਮਹਾਂ ਵਾਕ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 265 'ਤੇ ਸੁਭਾਇਮਾਨ ਹੈ। ਇਹ ਗੁਰਵਾਕ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ ਤੇ ਪਰਤਖਿ ਹਰਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਗਉੜੀ ਸੁਖਮਨੀ ਦੀ ਦੂਸਰੀ ਅਸ਼ਟਪਦੀ ਦੇ ਆਖਰੀ ਪਦੇ ਵਿਚ ਅੰਕਿਤ ਹੈ। ਸਮੁੱਚੀ ਅਸ਼ਟਪਦੀ ਵਿਚ ਨਾਮ-ਸਿਮਰਨ ਦੀ ਮਹਿਮਾ ਨੂੰ ਗਾਉਣ ਉਪਰੰਤ ਇਸ ਪਦੇ ਵਿਚ ਵੀ ਨਾਮ ਦੀਆਂ ਬਰਕਤਾਂ ਨੂੰ ਇੰਜ ਬਿਆਨ ਕੀਤਾ ਹੈ :
ਪਾਰਜਾਤੁ ਇਹੁ ਹਰਿ ਕੋ ਨਾਮ£
ਕਾਮਧੇਨ ਹਰਿ ਹਰਿ ਗੁਣ ਗਾਮ£
ਸਭ ਤੇ ਊਤਮ ਹਰਿ ਕੀ ਕਥਾ£
ਨਾਮੁ ਸੁਨਤ ਦਰਦ ਦੁਖ ਲਥਾ£
ਨਾਮ ਕੀ ਮਹਿਮਾ ਸੰਤ ਰਿਦ ਵਸੈ£
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ£
ਸੰਤ ਕਾ ਸੰਗੁ ਵਡਭਾਗੀ ਪਾਈਐ£
ਸੰਤ ਕੀ ਸੇਵਾ ਨਾਮੁ ਧਿਆਈਐ£
ਨਾਮ ਤੁਲਿ ਕਛੁ ਅਵਰੁ ਨ ਹੋਇ£
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ£੮£੨£
(ਅੰਕ ੨੬੫)
ਭਾਵ ਪ੍ਰਭੂ ਦਾ ਨਾਮ ਹੀ ਪਾਰਜਾਤ ਰੁੱਖ ਹੈ, ਪ੍ਰਭੂ ਦੇ ਗੁਣ ਗਾਉਣੇ ਹੀ ਇੱਛਾ-ਪੂਰਕ ਕਾਮਧੇਨ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਦੁੱਖ-ਦਰਦ ਦੂਰ ਹੁੰਦੇ ਹਨ। ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਤੇ ਸੰਤ-ਸੇਵਾ ਨਾਲ ਪ੍ਰਭੂ ਦੇ ਨਾਮ ਸਿਮਰਨ ਲਈ ਮਨ ਬਲ ਧਾਰਨ ਕਰਦਾ ਹੈ। ਸੋਝੀ ਮਿਲਦੀ ਹੈ ਕਿ ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਤੇ ਗੁਰੂ ਦੇ ਸਨਮੁੱਖ ਹੋਇਆਂ ਹੀ ਇਸ ਨਾਮ ਦੀ ਦਾਤ ਮਿਲਦੀ ਹੈ।
ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ 'ਪਾਰਜਾਤ' ਰੁੱਖ ਦੀ ਜਾਣਕਾਰੀ ਲਈ ਪੁਰਾਣ ਕਥਾ ਦੇ ਹਵਾਲੇ ਨਾਲ ਦੱਸਦੇ ਹਨ ਕਿ ਦੇਵਤਿਆਂ ਵੱਲੋਂ ਸਮੁੰਦਰ ਰਿੜਕਣ ਸਮੇਂ ਚੌਦਾਂ ਰਤਨਾਂ 'ਚ ਏਹੁ ਦਰੱਖਤ ਨਿਕਲਿਆ ਅਤੇ ਇੰਦਰ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਇਸੇ ਕੋਸ਼ ਦੇ ਪੰਨਾ 219 ਤੇ ਸੁਰਤਰੁ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੰਸਕ੍ਰਿਤ ਗ੍ਰੰਥਾਂ ਵਿਚ ਪੰਜ ਸੁਰਤਰੁ ਲਿਖੇ ਹਨ ਜਿਨ੍ਹਾਂ ਵਿਚੋਂ ਪਾਰਜਾਤੁ ਇਕ ਹੈ। ਇਸ ਤਰ੍ਹਾਂ ਹਿੰਦੂ ਧਰਮ ਦਰਸ਼ਨ ਦੇ ਮਿਥਿਹਾਸਕ ਪ੍ਰਸੰਗ ਰਾਹੀਂ ਪ੍ਰਭੂ-ਨਾਮ ਦੀਆਂ ਬਰਕਤਾਂ ਤੇ ਰਹਿਮਤਾਂ ਨੂੰ ਦਰਸਾਇਆ ਗਿਆ ਹੈ। ਕਿਉਂਕਿ ਸਾਧਾਰਣ ਲੋਕਾਂ ਵਿਚ ਇਹ ਪ੍ਰਸੰਗ ਤੇ ਲੋਕ-ਕਹਾਣੀਆਂ ਪ੍ਰਚੱਲਿਤ ਹੁੰਦੀਆਂ ਹਨ। ਗੁਰੂ ਜੀ ਸਰਬੱਤ ਦੇ ਉਧਾਰ ਹਿੱਤ ਪ੍ਰਭੂ ਨਾਮ ਦੀ ਵਿਚਾਰ ਤੇ ਸੰਚਾਰ ਹਿੱਤ ਇਹਨਾਂ ਦੀ ਸਹਿਜ ਤੇ ਸਫ਼ਲ ਵਰਤੋਂ ਕਰ ਲੈਂਦੇ ਹਨ। ਗੁਰਬਾਣੀ ਵਿਚ ਕਈ ਥਾਈਂ ਹਰਿ-ਨਾਮ ਦੀ ਮਹਿਮਾ ਗਾਉਣ ਲਈ ਇਸ ਰੁੱਖ ਦਾ ਜ਼ਿਕਰ ਆਇਆ ਹੈ। ਸਿਰੀ ਰਾਗ ਦੇ ਸ਼ਬਦ ਵਿਚ ਪਾਰਜਾਤ ਰੁੱਖ ਦੀ ਸਮਰੱਥਾ ਗੁਰੂ ਵਿਚ ਹੀ ਦਰਸਾਈ ਗਈ ਹੈ ਜਿਸ ਦੇ ਹਰਿ-ਨਾਮ ਦੀ ਬਖਸ਼ਿਸ਼ ਕਰ ਵਿਕਾਰਾਂ ਤੋਂ ਬਚਾਅ ਕਰਨਾ ਹੈ। ਗੁਰਬਾਣੀ ਫੁਰਮਾਨ ਹੈ :
ਗੁਰੁ ਤੀਰਥੁ ਗੁਰ ਪਾਰਜਾਤੁ
ਗੁਰੁ ਮਨਸਾ ਪੂਰਣਹਾਰੁ£ (ਅੰਕ ੫੨)
ਇਸੇ ਤਰ੍ਹਾਂ ਪੰਨਾ 108 ਤੇ ਮਾਝ ਰਾਗ ਵਿਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਬਚਨ ਹਨ :
ਚਾਰਿ ਪਦਾਰਥ ਹਰਿ ਕੀ ਸੇਵਾ£
ਪਾਰਜਾਤੁ ਜਪਿ ਅਲਖ ਅਭੇਵਾ£
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ
ਪੂਰਨ ਹੋਈ ਆਸਾ ਜੀਉ£੩£ (ਅੰਕ ੧੦੮)
ਭਾਵ ਪ੍ਰਭੂ ਦੀ ਸੇਵਾ-ਭਗਤੀ ਹੀ ਦੁਨੀਆਂ ਦੇ ਪ੍ਰਸਿੱਧ ਚਾਰ-ਪਦਾਰਥ ਹਨ। ਅਲੱਖ ਅਭੇਦ ਪ੍ਰਭੂ ਨਾਮ ਦੀ ਯਾਦ ਦਾ ਆਹਰ ਹੀ ਪਾਰਜਾਤ ਰੁੱਖ ਹੈ। ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਵਾਸਾ ਹੋ ਜਾਂਦਾ ਹੈ, ਉਸ ਦੇ ਵਿਕਾਰ ਦੂਰ ਹੋ ਜਾਂਦੇ ਹਨ ਤੇ ਉਸ ਦੀ ਹਰੇਕ ਕਿਸਮ ਦੀ ਆਸਾ ਪੂਰੀ ਹੋ ਜਾਂਦੀ ਹੈ।
ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੂਜਰੀ ਰਾਗ ਦੇ ਇਕ ਸ਼ਬਦ ਵਿਚ ਪ੍ਰਭੂ ਨੂੰ ਪਾਰਜਾਤ ਦੱਸਦੇ ਹੋਏ ਆਖਦੇ ਹਨ ਕਿ ਇਹ ਸਾਰਾ ਜਗਤ ਜਿਸ ਪਾਰਜਾਤ ਪ੍ਰਭੂ ਦਾ ਫੁੱਲ, ਪੱਤਰ, ਡਾਲੀਆਂ ਆਦਿ ਪਸਾਰਾ ਹੈ, ਉਸ ਦੀ ਜੋਤ ਸਭ ਜੀਵਾਂ ਵਿਚ ਪਸਰ ਰਹੀ ਹੈ। ਉਹ ਸਰਬ-ਇੱਛਾ-ਪੂਰਕ ਪ੍ਰਭੂ ਜਦ ਹਿਰਦੇ-ਆਂਗਨ ਵਿਚ ਪਰਗਟ ਹੋ ਜਾਂਦਾ ਹੈ ਤਾਂ ਮਾਇਕ-ਜੰਜਾਲ ਖਤਮ ਹੋ ਜਾਂਦੇ ਹਨ, ਜਨਮ-ਮਰਨ ਦੇ ਦੁੱਖਾਂ ਦੀ ਨਵਿਰਤੀ ਹੁੰਦੀ ਹੈ। ਗੁਰੂ ਫੁਰਮਾਨ ਹੈ :
ਪਾਰਜਾਤੁ ਘਰਿ ਆਗਨਿ ਮੇਰੈ
ਪੁਹਪ ਪਤ੍ਰ ਤਤੁ ਡਾਲਾ£
ਸਰਬ ਜੋਤਿ ਨਿਰੰਜਨ ਸੰਭੂ
ਛੋਡਹੁ ਬਹੁਤੁ ਜੰਜਾਲਾ£
ਸੁਣਿ ਸਿਖਵੰਤੇ ਨਾਨਕੁ ਬਿਨਵੈ
ਛੋਡਹੁ ਮਾਇਆ ਜਾਲਾ£
ਮਨਿ ਬੀਚਾਰਿ ਏਕ ਲਿਵ ਲਾਗੀ
ਪੁਨਰਪਿ ਜਨਮੁ ਨ ਕਾਲਾ£ (ਅੰਕ ੫੦੩)
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਦੇ ਸ਼ਬਦ ਵਿਚ ਬਖਸ਼ਿਸ਼ ਕਰਦੇ ਹਨ ਕਿ ਪ੍ਰਭੂ ਸੁੱਖਾਂ ਦਾ ਸਾਗਰ ਹੈ ਤੇ ਉਸ ਦੀ ਸਰਨ ਵਿਚ ਰਹਿਣ ਨਾਲ ਚਾਰ ਪਦਾਰਥ ਤੇ ਅੱਠ ਵੱਡੀਆਂ ਕਰਾਮਾਤੀ ਤਾਕਤਾਂ ਮਿਲਦੀਆਂ ਹਨ। ਪਰਮਾਤਮਾ ਦਾ ਨਾਮ ਹੀ ਪਾਰਜਾਤ ਰੁੱਖ ਹੈ :
ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ£
ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ£ (ਅੰਕ ੭੧੭)
ਹਰਿ-ਨਾਮ ਦੀ ਯਾਦ ਤੇ ਹਰਿ-ਜਸ ਉਪਰੰਤ ਮਨ ਦੀ ਅਵਸਥਾ ਇਉਂ ਬਣਦੀ ਹੈ ਤੇ ਜਾਪਣ ਲੱਗਦਾ ਹੈ ਕਿ ਹਿਰਦੇ ਵਿਚ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਸਵਰਗ ਦਾ ਪਾਰਜਾਤ ਰੁੱਖ ਖਿੜ ਪਿਆ ਹੈ ਬਸੰਤ ਰਾਗ ਵਿਚ ਗੁਰੂ ਜੀ ਫੁਰਮਾਉਂਦੇ ਹਨ :
ਮਨੁ ਤਨੁ ਮਉਲਿਓ ਅਤਿ ਅਨੂਪ£
ਸੂਕੈ ਨਾਹੀ ਛਾਵ ਧੂਪ£
ਸਗਲੀ ਰੂਤੀ ਹਰਿਆ ਹੋਇ£
ਸਦ ਬਸੰਤ ਗੁਰ ਮਿਲੇ ਦੇਵ£
ਬਿਰਖੁ ਜਮਿਓ ਹੈ ਪਾਰਜਾਤ£
ਫੂਲ ਲਗੇ ਫਲ ਰਤਨ ਭਾਂਤਿ£
ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ£
ਜਨ ਨਾਨਕ ਹਰਿ ਹਰਿ ਹਰਿ ਧਿਆਇ£
(ਅੰਕ ੧੧੮੦)
ਸਪੱਸ਼ਟ ਹੈ ਕਿ ਪ੍ਰਭੂ ਦੇ ਨਾਮ ਦਾ ਸਿਮਰਨ ਤੇ ਪ੍ਰਭੂ ਦੇ ਗੁਣ ਗਾਉਣ ਨਾਲ ਅਜਿਹੀਆਂ ਬਰਕਤਾਂ ਤੇ ਰਹਿਮਤਾਂ ਮਿਲਦੀਆਂ ਹਨ ਜਿਸ ਨਾਲ ਮਨੋ-ਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਗੁਰਬਾਣੀ ਦੀ ਵਿਚਾਰ ਤੇ ਨਾਮ-ਸਿਮਰਨ ਦੇ ਬਲ ਸਦਕਾ ਮਨ ਵਿਚ ਸੁੱਖ ਤੇ ਕਾਮਨਾ ਦੇ ਅਰਥਾਂ ਦੀ ਸਪੱਸ਼ਟਤਾ ਹੁੰਦੀ ਜਾਂਦੀ ਹੈ। ਬਿਬੇਕ-ਬੁੱਧ ਦੇ ਦਾਨ ਮਿਲਣ ਉਪਰੰਤ ਸੋਝੀ ਮਿਲਦੀ ਹੈ ਤੇ ਮਨ ਮਾਇਕ ਸੁੱਖਾਂ ਦੇ ਨਾਲ ਨਾਲ ਅਸਲ ਸੁੱਖ ਨੂੰ ਪੁਨਰ-ਪ੍ਰੀਭਾਸ਼ਤ ਕਰਨ ਲੱਗਦਾ ਹੈ ਤੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਇਉਂ ਕਹਿਣ ਲੱਗਦਾ ਹੈ :
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ£
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ£ (ਅੰਕ ੮੫੦)
ਪ੍ਰਭੂ-ਕਿਰਪਾ ਨਾਲ ਮਨ ਅੰਦਰ ਉਤਮ-ਵਿਚਾਰ ਪੈਦਾ ਹੋਣ ਲੱਗਦੇ ਹਨ। ਗੁਰੂ ਬਚਨ ਕਰਦੇ ਹਨ :
ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ£
ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ£
ਜਉ ਕਿਰਪਾ ਗੋਬਿੰਦ ਭਈ£
ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ£
(ਅੰਕ ੪੦੨)
ਭਾਵ ਪ੍ਰਭੂ ਮਿਲਾਪ ਦੀਆਂ ਬਰਕਤਾਂ ਘਨੇਰੀਆਂ ਹਨ। ਪ੍ਰਭੂ-ਕਿਰਪਾ ਨਾਲ ਪੁੱਠੀਆਂ ਗੱਲਾਂ ਸੋਹਣੀਆਂ ਸਿੱਧ ਹੋ ਜਾਂਦੀਆਂ ਹਨ, ਵੈਰੀ ਮੀਤ ਬਣ ਜਾਂਦੇ ਹਨ, ਵਿਕਾਰਾਂ ਨਾਲ ਮੈਲੀ ਹੋ ਚੁੱਕੀ ਅਕਲ ਸਾਫ਼-ਸੁਥਰੀ ਹੋ ਜਾਂਦੀ ਹੈ। ਇਉਂ ਆਤਮਿਕ ਅਨੰਦ ਦੀ ਦੌਲਤ ਨਾਲ ਭਰਪੂਰ ਹੈ ਹਰਿ ਦਾ ਨਾਮ। ਇਸ ਰਾਹੀਂ ਇਸ ਸੱਚ ਦਾ ਅਹਿਸਾਸ ਹੋ ਜਾਂਦਾ ਹੈ ਕਿ ਅਸਲ ਜੀਵਨ ਦੇ ਦਰਜੇ ਲਈ ਪ੍ਰਭੂ ਨਾਮ ਬਿਨਾਂ ਹੋਰ ਕੋਈ ਦੂਜਾ ਆਸਰਾ ਨਹੀਂ। ਨਾਮ-ਵਿਹੂਣ ਜੀਵਨ 'ਕੂੜ' ਲੱਗਦਾ ਹੈ ਤੇ ਗੱਲਾਂ ਹੋਛੀਆਂ ਜਾਪਦੀਆਂ ਹਨ। ਸਮਝ ਆਉਂਦੀ ਹੈ ਕਿ ਪ੍ਰਭੂ ਦਾ ਨਾਮ ਹੀ ਸੁੱਖਾਂ ਦਾ ਖਜ਼ਾਨਾ ਹੈ। ਇਹ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ, ਰੋਗੀਆਂ ਲਈ ਦਵਾਈ ਹੈ, ਨਿਤਾਣੇ ਦਾ ਤਾਣ ਹੈ, ਦੁਰਦਸ਼ਾ ਵਿਚ ਆਸ ਹੈ। ਇਸੇ ਲਈ ਗੁਰਬਾਣੀ ਵਿਚ ਅਤਿ ਦੀ ਅਮੀਰੀ, ਅਤਿ ਦੀ ਬਲਵਾਨਤਾ, ਅਤਿ ਦੀ ਵਿਦਵਤਾ ਅਤੇ ਹੋਰ ਹਰ ਤਰ੍ਹਾਂ ਨਾਲ ਸਮਰੱਥ ਹੁੰਦਿਆਂ ਹੋਇਆਂ ਵੀ ਹਰਿ-ਨਾਮ ਨੂੰ ਨਾ ਵਿਸਾਰਣ ਲਈ ਪ੍ਰੇਰਨਾ ਹੈ। ਨਾਮ-ਸਿਮਰਨ ਨਾਲ ਹਿਰਦਾ ਸਵੱਛ ਹੁੰਦਾ ਹੈ ਤੇ ਅੰਦਰ ਬੋਧ ਪ੍ਰਗਟ ਹੁੰਦਾ ਹੈ ਕਿ ਜੀਵਨ ਕੇਵਲ ਪਦਾਰਥਕ ਰਸ, ਰੂਪ ਨਾਦ ਦੇ ਸੁਆਦ ਵਿਚ ਖਚਿੱਤ ਹੋਣ ਲਈ ਨਹੀਂ, ਇਹ ਤਾਂ ਅਗੰਮੀ ਅਨੰਦ, ਨਾਦ, ਸਹਜ ਸੁੱਖ ਤੇ ਸੁਹਜ ਦੇ ਵਡੇਰੇ ਪੁਰਸ਼ਾਰਥ ਲਈ ਹੈ। ਫਿਰ ਮਨ ਦਾਨਾਂ ਸਿਰ ਦਾਨ-ਨਾਮ ਦਾਨ ਲਈ ਅਰਜ਼ੋਈਆਂ ਕਰਦਾ ਹੈ ਤੇ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਬਚਨਾਂ 'ਚ ਕਹਿ ਉੱਠਦਾ ਹੈ :
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ£
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ£
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ£
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ£ (ਅੰਕ ੩੨੨)
ਡਾ. ਭੁਪਿੰਦਰ ਕੌਰ ਕਵਿਤਾ