ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਸ਼ਹੀਦ ਸੁਸ਼ੀਲ ਕੌਰ


ਰਾਜਾ ਊਦੇ ਸਿੰਘ ਨੂੰ ਰਾਜਕੁਮਾਰੀ ਸੁਸ਼ੀਲ ਦੇ ਭਵਿੱਖ ਦੀ ਬੜੀ ਚਿੰਤਾ ਰਹਿੰਦੀ ਸੀ। ਉਹ ਅਜਿਹੇ ਵਰ ਦੀ ਭਾਲ ਵਿਚ ਸਨ ਜਿਸ ਦੇ ਨਾਂ ਤੋਂ ਮੁਗ਼ਲ ਭੈਅ ਖਾਂਦੇ ਹੋਣ। ਜਿਸ ਥਾਂ 'ਤੇ ਉਸ ਦੀ ਬੱਚੀ ਦੀ ਇੱਜਤ-ਆਬਰੂ ਨੂੰ ਕੋਈ ਖਤਰਾ ਨਾ ਹੋਵੇ। ਨੰਦੇੜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਪੰਜਾਬ ਆਏ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਪਾਸੇ ਜੈ-ਜੈ ਕਾਰ ਹੋ ਰਹੀ ਸੀ। ਉਸ ਨੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਸਰਹਿੰਦ ਦੀ ਫਤਿਹ ਤੋਂ ਬਾਅਦ ਇਕ ਤਰ੍ਹਾਂ ਨਾਲ ਪੰਜਾਬ ਵਿਚ ਸਿੱਖਾਂ ਦਾ ਰਾਜ ਹੀ ਹੋ ਗਿਆ ਸੀ। ਬਾਦਸ਼ਾਹ ਬਹਾਦਰ ਸ਼ਾਹ ਇਸ ਟਿਕਾਣੇ ਦਾ ਪਤਾ ਲੱਗਣ 'ਤੇ ਬਹਾਦਰ ਸ਼ਾਹ ਨੇ ਇੱਥੇ ਚੜ੍ਹਾਈ ਕਰ ਦਿੱਤੀ ਸੀ। ਭਾਰੀ ਯੁੱਧ ਹੋਣ ਕਾਰਨ ਇਹ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਅਨੇਕਾਂ ਸਿਪਾਹੀ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਪਤਨੀਆਂ ਵੀ ਜ਼ਾਲਮਾਂ ਦਾ ਮੁਕਾਬਲਾ ਕਰਦੀਆਂ ਸ਼ਹੀਦ ਹੋ ਗਈਆਂ।ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀ ਰਾਜਿਆਂ ਕੋਲੋਂ ਈਨ ਮਨਵਾਉਣੀ ਸ਼ੁਰੂ ਕਰ ਦਿੱਤੀ। ਇਹ ਰਾਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਘੇਰਾ ਪਾਉਣ ਸਮੇਂ ਸ਼ਾਮਿਲ ਸਨ। ਜਦੋਂ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਕਹਿਲੂਰ 'ਤੇ ਚੜ੍ਹਾਈ ਕਰ ਦਿੱਤੀ ਅਤੇ ਰਾਜਾ ਹਾਰ ਗਿਆ। ਸਿੱਖਾਂ ਨੇ ਬਿਲਾਸਪੁਰ ਸ਼ਹਿਰ 'ਤੇ ਕਬਜ਼ਾ ਕਰ ਲਿਆ। ਡਾ. ਗੰਡਾ ਸਿੰਘ ਲਿਖਦੇ ਹਨ ਕਿ ਇਸ ਤੋਂ ਬਾਅਦ ਬਹੁਤ ਸਾਰੇ ਪਹਾੜੀ ਰਾਜਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਈਨ ਮੰਨ ਲਈ। ਚੰਬੇ ਦੇ ਰਾਜਾ ਊਦੇ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾਜਕੁਮਾਰੀ ਸੁਸ਼ੀਲ ਲਈ ਯੋਗ ਵਰ ਸਮਝ ਕੇ ਰਿਸ਼ਤੇ ਦੀ ਪੇਸ਼ਕਸ਼ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨਾਲ ਵਿਚਾਰ ਕਰ ਕੇ ਰਾਜਕੁਮਾਰੀ ਸੁਸ਼ੀਲ ਕੌਰ ਨਾਲ ਵਿਆਹ ਕਰਵਾ ਲਿਆ। ਦਿੱਲੀ ਦੇ ਦਰਬਾਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਚਰਚਾ ਹੋਣ ਲੱਗੀ ਕਿ ਇਹ ਤਾਂ ਪਹਿਲਾਂ ਇਕੱਲਾ ਹੀ ਮਾਣ ਨਹੀਂ ਸੀ ਹੁਣ ਤਾਂ ਪਹਾੜੀ ਰਾਜਿਆਂ ਨਾਲ ਰਿਸ਼ਤੇਦਾਰੀ ਕਾਰਨ ਉਸ ਦੀ ਤਾਕਤ ਹੋਰ ਵੀ ਵਧ ਗਈ ਹੈ। ਸੰਨ ੧੭੧੩ ਈ: ਤੋਂ ਲੈ ਕੇ ਸੰਨ ੧੭੧੫ ਈ: ਤਕ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਮੂ ਲਾਗੇ ਚਨਾਬ ਦੇ ਕੰਢੇ ਰਿਆਸੀ ਪਿੰਡ ਵਿਚ ਗੁਜ਼ਾਰਿਆ। ਇੱਥੇ ਰਾਜਕੁਮਾਰੀ ਸੁਸ਼ੀਲ ਕੌਰ ਦੀ ਕੁੱਖੋਂ ਪੁੱਤਰ ਅਜੈ ਸਿੰਘ ਨੇ ਜਨਮ ਲਿਆ। ਇੱਥੇ ਰਹਿੰਦੇਹੀ ਭਾਈ ਸ਼ਿਵ ਰਾਮ (ਕਪੂਰ) ਨੇ ਆਪਣੀ ਸਪੁੱਤਰੀ ਬੀਬੀ ਸਾਹਿਬ ਕੌਰ ਦੀ ਸ਼ਾਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੀ।ਸਿੰਘ ਪਹਾੜੀਆਂ ਵਿੱਚੋਂ ਨਿਕਲ ਕੇ ਸਢੌਰੇ ਉੱਤੇ ਕਾਬਜ਼ ਹੋ ਗਿਆ। ਸਿੱਖ ਫੇਰ ਤੋਂ ਖਾਲਸਾਈ ਝੰਡੇ ਥੱਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜ਼ਾਲਮਾਂ ਦਾ ਮੁਕਾਬਲਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਨਾਲ ਲੈ ਕੇ ਚੱਲ ਪਏ। ਇਸ ਸਮੇਂ ਰਾਜਕੁਮਾਰੀ ਸੁਸ਼ੀਲ ਕੌਰ ਅਤੇ ਅਜੈ ਸਿੰਘ ਵੀ ਇਨ੍ਹਾਂ ਦੇ ਨਾਲ ਚੱਲ ਪਏ। ਬੀਬੀ ਸਾਹਿਬ ਕੌਰ ਮਾਂ ਬਣਨ ਵਾਲੀ ਸੀ। ਉਨ੍ਹਾਂ ਨੂੰ ਇੱਥੇ ਹੀ ਭਰੋਸੇਯੋਗ ਸਿੱਖਾਂ ਦੀ ਦੇਖ-ਰੇਖ ਹੇਠ ਛੱਡ ਦਿੱਤਾ ਗਿਆ।
ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸੈਨਿਕ ਮੁਗ਼ਲਾਂ ਦੇ ਘੇਰੇ ਵਿਚ ਆ ਗਏ। ਸੰਨ ੧੭੧੫ ਈ: ਨੂੰ ਜਦੋਂ ਬਾਦਸ਼ਾਹ ਫਰੁੱਖਸੀਅਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਖ਼ਬਰ ਪੁੱਜੀ ਤਾਂ ਬਾਦਸ਼ਾਹ ਨੇ ਲਾਹੌਰ ਦੇ ਸੂਬੇਦਾਰ ਅਬਦੁੱਸਮਦ ਖਾਨ ਅਤੇ ਕੁਮਰਦੀਨ ਖਾਨ ਨੂੰ ੨੪੦੦੦ ਫੌਜ ਦੇ ਕੇ ਸਿੰਘਾਂ 'ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਇਸ ਵਿਚ ਅੱਧੇ ਘੋੜਸਵਾਰ, ਅੱਧੇ ਪਿਆਦੇ ਅਤੇ ਤੋਪਖਾਨਾ ਵੀ ਸ਼ਾਮਲ ਸੀ। ਮੁਗ਼ਲ ਫ਼ੌਜ ਨੇ ਗੁਰਦਾਸ ਨੰਗਲ ਦੇ ਇਕ ਟਿੱਬੇ 'ਤੇ ਕੱਚੀ ਗੜ੍ਹੀ ਨੂੰ ਆਣ ਘੇਰਿਆ। ਸਿੰਘਾਂ ਨੇ ਸ਼ਾਹੀ ਫ਼ੌਜ ਦਾ ਆਉਣਾ ਸੁਣ ਕੇ ਗੁਰਦਾਸ ਨੰਗਲ ਦੀ ਇਸ ਗੜ੍ਹੀ ਦੇ ਇਕ ਟਿੱਬੇ ਦੁਆਲੇ ਖਾਈ ਪੁੱਟ ਕੇ ਉਸ ਵਿਚ ਸ਼ਾਹੀ ਨਹਿਰ ਨੂੰ ਟੱਕ ਲਗਾ ਕੇ ਪਾਣੀ ਭਰ ਦਿੱਤਾ। ਇਸ ਤਰ੍ਹਾਂ ਕਰਨ ਨਾਲ ਬਾਹਰੋਂ ਕਿਸੇ ਵੀ ਆਦਮੀ ਜਾਂ ਘੋੜੇ ਦਾ ਆਉਣਾ ਮੁਸ਼ਕਿਲ ਹੋ ਗਿਆ। ਦਲੇਰ ਖਾਨ ਨੇ ਆ ਕੇ ਕਿਲ੍ਹੇ ਦਾ ਘੇਰਾ ਬਹੁਤ ਜ਼ਿਆਦਾ ਸਖ਼ਤ ਕਰ ਦਿੱਤਾ। ਜਿਹੜੇ ਸਿੰਘ ਪਿੰਡ ਵਿਚ ਦਾਣਾ-ਪੱਠਾ ਲੈਣ ਗਏ ਹੋਏ ਸਨ, ਉਹ ਸ਼ਾਹੀ ਸੈਨਾ ਦੇ ਕਾਬੂ ਆ ਗਏ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਿਲ੍ਹੇ ਅੰਦਰ ਘਾਹ ਦਾ ਇਕ ਤਿਣਕਾ ਤੇ ਅੰਨ ਦਾ ਇਕ ਦਾਣਾ ਵੀ ਨਹੀਂ ਸੀ ਜਾਣ ਦਿੱਤਾ ਗਿਆ। ਮੁੱਠੀ-ਭਰ ਸਿੰਘਾਂ ਨੇ ਜ਼ਾਲਮਾਂ ਦਾ ਡੱਟ ਕੇ ਮੁਕਾਬਲਾ ਕੀਤਾ। ਦੁਸ਼ਮਣਾਂ ਅੰਦਰ ਸਿੱਖਾਂ ਦਾ ਇੰਨਾ ਜ਼ਿਆਦਾ ਭੈਅ ਬੈਠ ਚੁੱਕਾ ਸੀ ਕਿ ਉਹ ਅੱਲ੍ਹਾ ਪਾਸ ਇਹ ਦੁਆਵਾਂ ਕਰਦੇ ਸਨ ਕਿ ਕਾਸ਼, ਬੰਦਾ ਸਿੰਘ ਗੜ੍ਹੀ ਛੱਡ ਕੇ ਦੌੜ ਜਾਏ। ਕਿਉਂਕਿ ਬਾਬਾ ਜੀ ਦੀ ਸ਼ਕਤੀ ਤੋਂ ਮੁਗ਼ਲ ਜ਼ਿਆਦਾ ਭੈਅ-ਭੀਤ ਹੋ ਚੁੱਕੇ ਸਨ। ਸਿੰਘ ੮ ਮਹੀਨੇ ਤਕ ਮੁਗ਼ਲਾਂ ਦਾ ਮੁਕਾਬਲਾ ਕਰਦੇ ਰਹੇ। ਗੁਰਦਾਸ ਨੰਗਲ ਦੀ ਇਸ ੮ ਮਹੀਨੇ ਦੀ ਲੜਾਈ ਨੇ ਸਿੱਖ ਕੌਮ ਦਾ ਇਕ ਨਵਾਂ ਇਤਿਹਾਸ ਸਿਰਜਿਆ। ਅਸਰਾਰਿ ਸਮੱਦੀ ਵਿਚ ਲਿਖਿਆ ਹੈ, “ਉਸ (ਬੰਦਾ ਸਿੰਘ ਬਹਾਦਰ) ਦੀ ਹਾਲਤ ਇਤਨੀ ਪਤਲੀ ਹੋ ਗਈ ਕਿ ਤੂੰ ਕਹੇਂਗਾ ਕਿ ਉਸ ਨੇ ਗਰੀਬੀ ਦੇ ਕੋਨੇ ਵਿਚ ਸੌ ਚਲੀਹੇ ਕੱਟੇ ਹੋਣ।... ਅਨਾਜ ਦਾ ਦਾਣਾ ਮੋਤੀ ਦੇ ਦਾਣੇ ਵਾਂਗ ਮਹਿੰਗਾ ਹੋ ਗਿਆ ਅਤੇ ਪਾਣੀ ਦੀ ਬੂੰਦ ਆਦਮੀਆਂ ਦੇ ਚਿਹਰੇ ਦੀ ਰੌਣਕ ਵਾਂਗ ਅਲੋਪ ਹੋ ਗਈ (ਸਿੱਖ) ਦਰੱਖਤਾਂ ਦੀ ਛਿਲ ਨੂੰ ਪੰਛੀ ਦੇ ਮਾਸ ਜਿਹੀ ਅਨਮੋਲ ਅਤੇ ਬ੍ਰਿਛਾਂ ਦੇ ਪੱਤੇ ਅਤੇ ਛਿਲਕੇ ਨੂੰ ਸਵਾਦੀ ਭੋਜਨ ਨਾਲੋਂ ਚੰਗਾ ਜਾਣਦੇ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਰੌਣਕ ਨਾ ਰਹੀ ਸਗੋਂ ਰੰਗ ਕਣਕਵੰਨਾ ਵੀ ਨਾ ਰਿਹਾ। ... ਜੇ ਉਹ ਤ੍ਰੇਹ ਨਾਲ ਨਾ ਮਰਦੇ ਤਾਂ ਉਹ ਠੰਡ ਨਾਲ ਮਰ ਜਾਂਦੇ। ਜੇ ਹੌਕੇ ਦੀ ਅੱਗ ਉਨ੍ਹਾਂ ਨਾਲ ਨਿਆਂ ਕਰਨ ਨੂੰ ਬੋਹੜਦੀ ਤਾਂ ਉਹ ਉਨੀਂਦਰੇ ਹੀ ਮਾਰੇ ਜਾਂਦੇ।... ਭੁੱਖ ਨਾਲ ਉਹ ਏਕਮ ਦੇ ਚੰਦ ਵਾਂਗ ਕੁੱਬੇ ਹੋ ਗਏ। ਜੇ ਉਹ ਸੂਰਜ ਦੀ ਟਿੱਕੀ ਦੇਖਦੇ ਤਾਂ ਉਹ ਆਸ ਨਾਲ ਦੰਦ ਖੋਲ੍ਹਦੇ ਭਾਵ ਉਸ ਨੂੰ ਖਾਣ ਲਈ ਮੂੰਹ ਖੋਲ੍ਹ ਲੈਂਦੇ। ਉਹ ਧਰਤੀ ਦੀ ਮਿੱਟੀ ਖੰਡ ਵਾਂਗ ਚਟਮ ਕਰ ਗਏ।”
ਦਸੰਬਰ ੧੭੧੫ ਈ: ਨੂੰ ਗੜ੍ਹੀ 'ਤੇ ਸ਼ਾਹੀ ਫ਼ੌਜ ਨੇ ਕਬਜ਼ਾ ਕਰ ਲਿਆ। ੩੦੦ ਦੇ ਕਰੀਬ ਸਿੰਘਾਂ ਨੂੰ ਥਾਂ 'ਤੇ ਹੀ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ੨੦੦ ਸਾਥੀ ਗੁਰਦਾਸ ਨੰਗਲ ਤੋਂ ਜਲੂਸ ਦੀ ਸ਼ਕਲ ਵਿਚ ਪਹਿਲਾਂ ਲਾਹੌਰ ਅਤੇ ਫਿਰ ਦਿੱਲੀ ਲਿਜਾਏ ਗਏ। ਇਨ੍ਹਾਂ ਵਿਚ ਬਾਬਾ ਜੀ ਦੀ ਪਤਨੀ ਬੀਬੀ ਸੁਸ਼ੀਲ ਕੌਰ ਅਤੇ ਬੱਚਾ ਅਜੈ ਸਿੰਘ ਵੀ ਸ਼ਾਮਿਲ ਸੀ। ਰਸਤੇ ਵਿਚ ਹੋਰ ਗ੍ਰਿਫ਼ਤਾਰੀਆਂ ਉਪਰੰਤ ਸਿੰਘਾਂ ਦੀ ਗਿਣਤੀ ੭੪੦ ਤਕ ਪੁੱਜ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿਚ ਕੈਦ ਕਰ ਕੇ ਹਾਥੀ 'ਤੇ ਬਿਠਾਇਆ ਗਿਆ। ਇਹ ਜਲੂਸ ਫਰਵਰੀ, ੧੭੧੬ ਈ: ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਚ ਦਾਖਲ ਹੋਇਆ। ਜ਼ਕਰੀਆਂ ਖਾਨ ਨੇ ਸ਼ਾਹੀ ਖ਼ਜਾਨੇ ਦੇ ਇੰਚਾਰਜ ਨੂੰ ਪ੍ਰਾਪਤ ਕੀਤੇ ਕੀਮਤੀ ਮਾਲ ਤੇ ਹਥਿਆਰ ਦਿੱਤੇ। ਇਹ ਹਥਿਆਰ ਇਸ ਤਰ੍ਹਾਂ ਸਨ: ਤਲਵਾਰਾਂ ੧੦੦੦, ਢਾਲਾ ੨੭੮, ਤੀਰ ਕਮਾਨ ੧੭੩, ਤੋੜੇਦਾਰ ਬੰਦੂਕਾਂ ੧੮੦, ਜਮਦਾੜ੍ਹ ਖੰਜਰ ੧੧੪, ਕਰਦਾਂ ੨੧੭, ਸੋਨੇ ਦੀਆਂ ਮੋਹਰਾਂ ੨੩, ਰੁਪਏ ੬੦੦ ਅਤੇ ਕੁਝ ਸੋਨੇ ਦੇ ਗਹਿਣੇ। ਦਿੱਲੀ ਲਿਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਫਰੁੱਖਸੀਅਰ ਖਾਨ
ਦੇ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਾਜ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ ਅਤੇ ਹੋਰ ਮੁਖੀ ਸਿੰਘਾਂ ਨੂੰ ਮੀਰ ਆਤਿਸ਼ ਇਬਰਾਹੀਮ ਖਾਨ ਦੇ ਹਵਾਲੇ ਕਰਕੇ ਤ੍ਰਿਪੋਲੀਆ ਜੇਲ੍ਹ ਵਿਚ ਕੈਦ ਕਰਨ ਦੀ ਹਦਾਇਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਸੁਸ਼ੀਲ ਕੌਰ
ਅਤੇ ਪੁੱਤਰ ਅਜੈ ਸਿੰਘ ਨੂੰ ਲਾਲ ਕਿਲ੍ਹੇ ਦੇ ਸ਼ਾਹੀ ਜਨਾਨਖਾਨੇ ਦੇ ਪ੍ਰਬੰਧਕ ਦਰਬਾਰ ਖਾਨ ਦੇ ਹਵਾਲੇ ਕਰ ਕੇ ਹਰਮ ਵਿਚ ਕੈਦ ਕਰਨ ਦੀ ਹਦਾਇਤ ਕੀਤੀ। ਬਾਕੀ ਦੇ ਸਿੰਘਾਂ ਨੂੰ ਕੋਤਵਾਲ ਸਰਬਰਾਹ ਖਾਨ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਜੇਲ੍ਹ-ਖ਼ਾਨੇ ਵਿਚ ਸੁਸ਼ੀਲ ਕੌਰ ਤੇ ਅਜੈ ਸਿੰਘ ਨੂੰ ਕੈਦ ਕੀਤਾ ਗਿਆ, ਉੱਥੇ ਪਹਿਲਾਂ ਹੋਰ ਵੀ ਇਸਤਰੀਆਂ ਬੰਦ ਸਨ। ਉਨ੍ਹਾਂ ਦੀ ਹਾਲਤ ਬਹੁਤ ਮਾੜੀ ਸੀ। ਇਨ੍ਹਾਂ ਵਿੱਚੋਂ ਇਕ ਮਥੁਰਾ ਦੇ ਪੰਡਤ ਦੀ ਇਸਤਰੀ ਸੋਨਾ ਸੀ। ਮਥਰਾ ਦਾ ਮੁਸਲਮਾਨ ਹਾਕਮ ਉਸ ਦੀ ਸੁੰਦਰਤਾ 'ਤੇ ਮੋਹਿਤ ਹੋ ਗਿਆ ਤੇ ਧੱਕੇ ਨਾਲ ਹਰਮ ਵਿਚ ਲੈ ਆਇਆ। ਬਾਅਦ ਵਿਚ ਉਹ ਇਸ ਨੂੰ ਦਿੱਲੀ ਲੈ ਆਇਆ। ਇਕ ਰਾਤ ਉਸ ਨੇ ਸੁੱਤੇ ਪਏ ਉਸ ਹਾਕਮ ਦੀ ਗਰਦਨ ਨੂੰ ਉਸ ਦੀ ਹੀ ਤਲਵਾਰ ਨਾਲ ਵੱਢ ਦਿੱਤਾ। ਇਸ ਕਾਰਨ ਇਸਨੂੰ ਇੱਥੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਦੂਸਰੀ ਔਰਤ ਮੰਗਲੀ ਸੀ। ਬੰਦੀਖ਼ਾਨੇ ਵਿਚ ਰਹਿਣ ਕਰਕੇ ਉਸ ਦੀ ਹਾਲਤ ਅਰਧ-ਪਾਗਲਾਂ ਵਰਗੀ ਹੋਈ-ਹੋਈ ਸੀ। ਮੰਗਲੀ ਦਿੱਲੀ ਦੇ ਲਹਿੰਦੇ ਪਾਸੇ ਕਿਸੇ ਪਿੰਡ ਦੇ ਵਸਨੀਕ ਲਾਲਾ ਕਿਦਾਰ ਨਾਥ ਦੀ ਪੁੱਤਰੀ ਸੀ। ਇਕ ਵਾਰ ਕਲੰਦਰਬਖਸ਼ ਫੌਜਦਾਰ ਨੂੰ ਕਿਸੇ ਮੁਸਲਮਾਨ ਨੇ ਮੰਗਲੀ ਦੀ ਸੁੰਦਰਤਾ ਬਾਰੇ ਦੱਸ ਦਿੱਤਾ। ਕਲੰਦਰਬਖਸ਼ ਨੇ ਉਸ ਪਿੰਡ ਨੂੰ ਘੇਰਾ ਪਾ ਲਿਆ ਤੇ ਮੰਗਲੀ ਨੂੰ ਜ਼ਬਰਦਸਤੀ ਚੁੱਕ ਲਿਆਇਆ। ਕਲੰਦਰਬਖਸ਼ ਨੇ ਮੰਗਲੀ ਦੀ ਸੁੰਦਰਤਾ ਦੇਖ ਕੇ ਉਸ ਨੂੰ ਬਾਦਸ਼ਾਹ ਅੱਗੇ ਪੇਸ਼ ਕਰਕੇ ਭਰਪੂਰ ਇਨਾਮ ਪ੍ਰਾਪਤ ਕਰਨ ਦੀ ਸੋਚੀ। ਜਦੋਂ ਮੰਗਲੀ ਨੂੰ ਬਾਦਸ਼ਾਹ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਦੀ ਹਾਲਤ ਅਰਧ ਪਾਗਲਾਂ ਵਰਗੀ ਹੋ ਚੁੱਕੀ ਸੀ। ਬਾਦਸ਼ਾਹ ਫਰੁੱਖਸੀਅਰ ਨੇ ਹਕੀਮਾਂ ਨੂੰ ਉਸ ਦਾ ਇਲਾਜ ਕਰਨ ਦਾ ਆਦੇਸ਼ ਦਿੱਤਾ ਤੇ ਉਸ ਨੂੰ ਇਸ ਬੰਦੀਖਾਨੇ ਵਿਚ ਬੰਦ ਕਰ ਦਿੱਤਾ। ਤੀਸਰੀ ਕੈਦਣ ਸਮਾਣੇ ਦੇ ਰਾਮਦਿਆਲ ਦੀ ਪੁੱਤਰੀ ਭਜਨੀ ਸੀ। ਭਜਨੀ ਦਾ ਵਿਆਹ ਸਮਾਣੇ ਦੇ ਨੇੜੇ ਹੀ ਕਿਸੇ ਪਿੰਡ ਦੇ ਨੌਜਵਾਨ ਨਾਲ ਹੋਇਆ ਸੀ। ਡੋਲੀ ਹਾਲੇ ਥੋੜ੍ਹੀ ਦੂਰ ਹੀ ਗਈ ਸੀ ਕਿ ਮੁਗ਼ਲ ਹਾਕਮਾਂ ਦਲਾਵਰ ਖਾਂ ਨੇ ਡੋਲੀ ਲੁੱਟ ਲਈ। ਅੱਠ ਦਿਨ ਆਪਣੇ ਹਰਮ ਵਿਚ ਰੱਖਣ ਤੋਂ ਬਾਅਦ ਦਿੱਲੀ ਲਿਆਂਦਾ ਗਿਆ ਅਤੇ ਮੁਸਲਮਾਨ
ਧਰਮ ਗ੍ਰਹਿਣ ਕਰਵਾਇਆ ਗਿਆ। ਬਾਦਸ਼ਾਹ ਜਹਾਨਦਾਰ ਸ਼ਾਹ ਤੋਂ ਬਾਅਦ ਫਰੁੱਖਸੀਅਰ ਬਾਦਸ਼ਾਹ ਬਣ ਗਿਆ। ਫਰੁੱਖਸੀਅਰ ਨੇ ਹਿੰਦੂ ਲੜਕੀ ਇੰਦਰਾ ਕੁਮਾਰੀ ਨਾਲ ਜ਼ਬਰਦਸਤੀ ਸ਼ਾਦੀ ਕਰ ਲਈ। ਇੰਦਰਾ ਕੁਮਾਰੀ ਜੋਧਪੁਰ ਦੇ ਰਾਜੇ ਅਜੀਤ ਸਿਹੁੰ ਦੀ ਪੁੱਤਰੀ ਸੀ। ਇੰਦਰਾ ਦੀ ਮੰਗਣੀ ਰਾਜਪੂਤ ਸ਼ਾਹੀ ਘਰਾਣੇ ਵਿਚ ਹੋਈ ਸੀ। ਬਾਦਸ਼ਾਹ ਫਰੁੱਖਸੀਅਰ ਨੇ ਰਾਜਾ ਅਜੀਤ ਸਿਹੁੰ 'ਤੇ ਇੰਦਰਾ ਕੁਮਾਰੀ ਦੀ ਸ਼ਾਦੀ ਉਸ ਨਾਲ ਕਰਨ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਰਾਜਾ ਅਜੀਤ ਸਿਹੁੰ ਨੂੰ ਬਾਦਸ਼ਾਹ ਅੱਗੇ ਝੁਕਣਾ ਪਿਆ ਤੇ ਇੰਦਰਾ ਕੁਮਾਰੀ ਦੀ ਸ਼ਾਦੀ ਬਾਦਸ਼ਾਹ ਨਾਲ ਕਰ ਦਿੱਤੀ। ਇੰਦਰਾ ਕੁਮਾਰੀ ਭਾਵੇਂ ਮਜ਼ਬੂਰੀ ਵੱਸ ਦਿੱਲੀ ਲਾਲ ਕਿਲ੍ਹੇ ਵਿਚ ਆ ਗਈ ਸੀ ਪਰ ਉਹ ਬਾਦਸ਼ਾਹ ਫਰੁੱਖਸੀਅਰ ਨੂੰ ਦਿਲੋਂ ਬਹੁਤ ਨਫ਼ਰਤ ਕਰਦੀ ਸੀ। ਉਹ ਤਾਂ ਜੈਪੁਰ ਦੇ ਰਾਜਕੁਮਾਰ ਪ੍ਰਤਾਪ ਸਿਹੁੰ ਨਾਲ ਪਿਆਰ ਕਰਦੀ ਸੀ, ਜਿਸ ਨਾਲ ਉਸ ਦਾ ਮੰਗਣੀ ਹੋਈ ਸੀ। ਭਜਨੀ ਨੂੰ ਇੰਦਰਾ ਦੀਆਂ ਟਹਿਲਣਾਂ ਵਿਚ ਭੇਜ ਦਿੱਤਾ ਗਿਆ। ਇਕ ਵਾਰ ਇਨ੍ਹਾਂ ਦੋਨਾਂ ਨੇ ਭੇਸ ਬਦਲ ਕੇ ਕਿਲ੍ਹੇ 'ਚੋਂ ਦੌੜਣ ਦੀ ਕੋਸ਼ਿਸ਼ ਕੀਤੀ। ਡਿਉੜੀ ਦੇ ਪਹਿਰੇਦਾਰਾਂ ਨੂੰ ਸ਼ੱਕ ਪੈ ਜਾਣ ਕਾਰਨ ਫੜੀਆਂ ਗਈਆਂ। ਭਜਨੀ ਨੂੰ ਬੰਦੀਖਾਨੇ ਵਿਚ ਬੰਦ ਕਰ ਦਿੱਤਾ ਗਿਆ ਤੇ ਇੰਦਰਾ ਨੂੰ ਵਾਪਸ ਮਹਿਲ ਵਿਚ ਭੇਜ ਦਿੱਤਾ ਗਿਆ ਸੀ। ਜਦੋਂ ਰਾਜਕੁਮਾਰੀ ਇੰਦਰਾ ਨੂੰ ਬੀਬੀ ਸੁਸ਼ੀਲ ਕੌਰ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ ਇਕ ਨੌਕਰਾਣੀ ਦੀ ਮਦਦ ਨਾਲ ਉਸ ਨਾਲ ਸੰਪਰਕ ਪੈਦਾ ਕਰ ਲਿਆ। ਬਾਦਸ਼ਾਹ ਫਰੁੱਖਸੀਅਰ ਨੇ ਬੀਬੀ ਸੁਸ਼ੀਲ ਕੌਰ ਦਾ ਸੱਤ ਭੰਗ ਕਰਨ ਲਈ ਕਈ ਤਰ੍ਹਾ ਦੇ ਲਭਾਉਣੇ ਲਾਲਚ ਦਿੱਤੇ। ਲਾਲਚਾਂ ਦਾ ਕੋਈ ਅਸਰ ਨਾਂ ਹੁੰਦਾ ਦੇਖ ਕੇ ਉਸ ਨੂੰ ਅਕਹਿ ਤੇ ਅਸਹਿ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਫੇਰ ਵੀ ਕੋਈ ਅਸਰ ਨਾ ਹੋਇਆ ਤਾਂ ਆਖਰੀ ਦਾਅ ਮਾਂ ਤੋਂ ਪੁੱਤਰ ਨੂੰ ਖੋਹ ਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਫੇਰ ਵੀ ਕੋਈ ਵਾਹ ਨਾ ਚੱਲੀ ਤਾਂ ਮਾਸੂਮ ਬੱਚੇ ਅਜੈ ਸਿੰਘ ਨੂੰ ਬੀਬੀ ਸੁਸ਼ੀਲ ਕੌਰ ਤੋਂ ਖੋਹ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੀ ਸ਼ਹੀਦ ਕਰਨ ਦਾ ਆਦੇਸ਼ ਦੇ ਦਿੱਤਾ। ਸ਼ਹੀਦੀ ਵਾਲੇ ਦਿਨ ਸਵੇਰੇ ਹੀ ਜਲਾਦ ਬਾਲਕ ਅਜੈ ਸਿੰਘ ਨੂੰ ਬੀਬੀ ਸੁਸ਼ੀਲ ਕੌਰ ਪਾਸੋਂ ਲੈ ਗਏ।
੯ ਜੂਨ ੧੭੧੬ ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ੨੬ ਚੋਣਵੇਂ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨ ਤੋਂ ਪਹਿਲਾਂ ਮਹਿਰੋਲੀ ਵਿਖੇ ਕੁਤਬ ਮੀਨਾਰ ਦੇ ਪਾਸ ਲਿਜਾਇਆ ਗਿਆ। ਉਨ੍ਹਾਂ
ਦਿਨਾਂ ਵਿਚ ਕਾਕਾ ਬਖ਼ਤਿਆਰ ਕਾਕੀ ਦੀ ਮਜ਼ਾਰ 'ਤੇ ਉਰਸ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਭਾਰੀ ਮਾਤਰਾ ਵਿਚ ਲੋਕਾਂ ਦਾ ਇਕੱਠ ਉੱਥੇ ਆਇਆ ਹੋਇਆ ਸੀ। ਬਾਬਾ ਜੀ ਨੂੰ ਸਭ ਤੋਂ ਪਹਿਲਾਂ ਬਖ਼ਤਿਆਰ ਕਾਕੀ ਦੀ ਕਬਰ ਦੇ ਆਲੇ-ਦੁਆਲੇ ਘੁਮਾਇਆ ਗਿਆ। ਫੇਰ ਬਖ਼ਤਿਆਰ ਕਾਕੀ ਦੀ ਮਜ਼ਾਰ ਵੱਲ ਆਉਂਦੀ ਸੜਕ 'ਤੇ
ਬਣੇ ਦਰਵਾਜ਼ੇ ਵਿਚਕਾਰ ਬਿਠਾ ਕੇ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਗੁਰੂ ਦਾ ਸਿਦਕੀ ਸਿੱਖ ਡੋਲਿਆ ਨਹੀਂ ਅਤੇ ਚੜ੍ਹਦੀ ਕਲਾ ਵਿਚ ਰਹਿੰਦਿਆਂ ਧਰਮ 'ਤੇ ਦ੍ਰਿੜ੍ਹ ਰਿਹਾ। ਉਸ ਤੋਂ ਬਾਅਦ ਬਾਬਾ ਜੀ ਨੂੰ ਤਸੀਹੇ ਦੇਣ ਦੀ ਅੱਤ ਕਰ ਦਿੱਤੀ ਗਈ। ਥਾਂਥਾਂ
ਤੋਂ ਬਾਬਾ ਜੀ ਦੇ ਸਰੀਰ ਦਾ ਮਾਸ ਨੋਚਿਆ ਗਿਆ ਅਤੇ ਛੋਟੇ-ਛੋਟੇ ਟੋਟੇ ਕਰ ਕੇ ਆਪ ਜੀ ਦੇ ਸਰੀਰ ਨੂੰ ਕੋਹਿਆ ਗਿਆ। ਪਰ ਬਾਬਾ ਜੀ ਭਾਣਾ ਮੰਨਦੇ ਹੋਏ ਮਾਨਸਿਕ-ਆਤਮਿਕ ਤੌਰ 'ਤੇ ਪੂਰੀ ਚੜ੍ਹਦੀ ਕਲਾ ਵਿਚ ਰਹਿ ਕੇ ਆਪਣੇ ਸਰੀਰ 'ਤੇ ਇਹ ਤਸੀਹੇ ਸਹਾਰਦੇ ਹੋਏ ਇਕ ਸੂਰਬੀਰ ਯੋਧੇ ਵਾਂਗ ਸ਼ਹਾਦਤ ਪ੍ਰਾਪਤ ਕਰ ਗਏ।
ਬਾਬਾ ਬੰਦਾ ਸਿੰਘ ਬਹਾਦਰ ਦੀ ਦੂਸਰੀ ਪਤਨੀ ਬੀਬੀ ਸਾਹਿਬ ਕੌਰ ਦੇ ਭਰਾ ਭਾਈ ਸਾਹਿਬ ਸਿੰਘ ਨੇ ਮਹੰਤ ਅਮਰ ਸਿੰਘ ਆਦਿ ਸਾਥੀਆਂ ਦੀ ਸਹਾਇਤਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹੱਡੀਆਂ ਦੇ ਟੁੱਕੜੇ ਇਕੱਠੇ ਕਰ ਲਏ। ਦਿੱਲੀਓਂ ਇਨ੍ਹਾਂ ਟੁਕੜਿਆਂ ਨੂੰ ਲੈ ਕੇ ਉਹ ਪਿੰਡ ਢੋਟੇ ਦੇ ਟਾਂਡੇ ਪਰਗਣਾਂ ਰਿਆਸੀ (ਜੰਮੂ) ਵਿਚ ਭਾਈ ਮੇਹਰ ਸਿੰਘ ਧੂਤੇ ਦੇ ਘਰ ਪਹੁੰਚਾਏ। ਇੱਥੇ ਬਾਬਾ ਜੀ ਦੀ ਪਤਨੀ ਬੀਬੀ ਸਾਹਿਬ ਕੌਰ ਆਪਣੇ ਪੁੱਤਰ ਰਣਜੀਤ ਸਿੰਘ ਸਮੇਤ ਰਹਿ ਰਹੀ ਸੀ। ਬਾਲਕ ਅਜੈ ਸਿੰਘ ਦਾ ਕੱਟਿਆ ਹੋਇਆ ਸਿਰ ਬੀਬੀ ਸੁਸ਼ੀਲ ਕੌਰ ਅੱਗੇ ਪੇਸ਼ ਕਰ ਕੇ ਉਸ ਨੂੰ ਫੇਰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਬਹਾਦਰ ਸਿੰਘਣੀ ਟੱਸ ਤੋਂ ਮੱਸ ਨਾ ਹੋਈ ਅਤੇ ਆਪਣੇ ਧਰਮ 'ਤੇ ਅਡੋਲ ਨਾਮ ਸਿਮਰਨ ਵਿਚ ਮਗਨ ਰਹਿੰਦੀ। ਉਹ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਦੀ ਹੋਈ ਆਪਣੇ ਸਿਦਕ 'ਤੇ ਪਹਿਰਾ ਦਿੰਦੀ ਰਹੀ। ਲਾਲ ਕਿਲ੍ਹੇ ਵਿਚ ਬਾਦਸ਼ਾਹ ਫਰੁੱਖਸੀਅਰ ਦੇ ਹਿੰਦੂ ਵਜ਼ੀਰ ਰਤਨ ਚੰਦ ਦੀ ਲੜਕੀ ਪ੍ਰਭਾ ਦਾ ਪਤੀ ਨੌਕਰ ਸੀ। ਰਾਜੁਕਮਾਰੀ ਇੰਦਰਾ ਨੇ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾ ਨਾਲ ਸੰਪਰਕ ਪੈਦਾ ਕਰ ਲਿਆ। ਪ੍ਰਭਾ ਦੇ ਜ਼ਰੀਏ ਉਸ ਨੇ ਆਪਣੇ ਪਿਤਾ ਅਜੀਤ ਸਿਹੁੰ ਪਾਸ ਸੁਨੇਹਾ ਭੇਜ ਕੇ ਦੱਸਿਆ ਕਿ ਇੱਥੇ ਕਿਲ੍ਹੇ ਵਿਚ ਉਸ ਦੀ ਹਾਲਤ ਕੈਦਣਾਂ ਵਰਗੀ ਹੈ। ਇਸੇ ਤਰ੍ਹਾਂ ਦੇ ਸੁਨੇਹੇ ਉਸ ਨੇ ਰਾਜਕੁਮਾਰ ਪ੍ਰਤਾਪ ਸਿੰਹੁ ਨੂੰ ਭੇਜ ਕੇ ਉਸ ਨਾਲ ਰਾਬਤਾ ਕਾਇਮ ਕਰ ਲਿਆ। ਰਾਜਾ ਅਜੀਤ ਸਿਹੁੰ ਤੇ ਰਾਜਕੁਮਾਰ ਪ੍ਰਤਾਪ ਸਿਹੁੰ ਨੇ ਰਲ ਕੇ ਬਗ਼ਾਵਤ ਕਰਨ ਦੀਆਂ ਤਿਆਰੀਆਂ ਕਰ ਲਈਆਂ। ਕਈ ਵਜ਼ੀਰ ਅਤੇ ਫੌਜੀ ਸਰਦਾਰ ਬਾਦਸ਼ਾਹ ਫਰੁੱਖਸੀਅਰ ਦੇ ਭਰਾ ਦੇ ਪੁੱਤਰ ਰਫੀ-ਉਲ-ਚਰਜ਼ਾਤ ਦੀ ਕਮਾਂਡ ਹੇਠ ਉਨ੍ਹਾਂ ਨਾਲ ਰਲ ਗਏ। ਬਾਦਸ਼ਾਹ ਇਨ੍ਹਾਂ ਤੋਂ ਬੇਖ਼ਬਰ ਸ਼ਰਾਬ ਤੇ ਐਸ਼-ਓ-ਇਸ਼ਰਤ ਵਿਚ ਮਸਤ ਸੀ। ਕੁਝ ਨਾਚੀਆਂ ਨੂੰ ਪੈਸੇ ਦੇ ਕੇ ਬਾਦਸ਼ਾਹ ਨੂੰ ਮੂਰਖ ਬਣਾ ਕੇ ਉਲਝਾਈ ਰੱਖਣ ਦੀ ਸਕੀਮ ਵੀ ਬਣਾਈ ਗਈ। ਬਾਦਸ਼ਾਹ ਹਮਾਯੂੰ ਦੇ ਮਕਬਰੇ 'ਤੇ ਬੈਠ ਕੇ ਬਾਦਸ਼ਾਹ ਵਿਰੁੱਧ ਨੀਤੀਆਂ ਤਿਆਰ ਹੋਣ ਲੱਗੀਆਂ। ਇਕ ਦਿਨ ਮੌਕਾ ਤਾੜ ਕੇ ਇਨ੍ਹਾਂ ਨੇ ਲਾਲ ਕਿਲ੍ਹੇ 'ਤੇ ਚੁੱਪ-ਚਾਪ ਹਮਲਾ ਕਰ ਦਿੱਤਾ। ਬਾਦਸ਼ਾਹ ਦੇ ਸਾਥੀ ਸਾਥ ਛੱਡ ਕੇ ਭੱਜ ਚੁੱਕੇ ਸਨ। ਚਾਰੇ ਪਾਸੇ ਲੜਾਈ ਛਿੜ ਗਈ ਸੀ। ਹਫੜਾ-ਦਫੜੀ ਵਿਚ ਬੀਬੀ ਸੁਸ਼ੀਲ ਕੌਰ ਤੇ ਰਾਜਕੁਮਾਰੀ ਇੰਦਰਾ ਜੇਲ੍ਹ ਵਿੱਚੋਂ ਬਾਹਰ ਆ ਗਈਆਂ ਸਨ। ਬਾਦਸ਼ਾਹ ਫਰੁੱਖਸੀਅਰ ਨੂੰ ਸਾਹਮਣੇ ਦੇਖ ਕੇ ਬੀਬੀ ਸੁਸ਼ੀਲ ਕੌਰ ਨੇ ਇਕ ਸਿਪਾਹੀ ਦੇ ਹੱਥੋਂ ਤਲਵਾਰ ਖੋਹ ਕੇ ਬਾਦਸ਼ਾਹ 'ਤੇ ਹਮਲਾ ਕਰ ਦਿੱਤਾ। ਇਸੇ ਹਫੜਾ-ਦਫੜੀ ਵਿਚ ਕਿਸੇ ਮੁਗ਼ਲ ਸਿਪਾਹੀ ਨੇ ਬੀਬੀ ਸੁਸ਼ੀਲ ਕੌਰ ਨੂੰ ਤਲਵਾਰ ਨਾਲ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਬੀਬੀ ਸੁਸ਼ੀਲ ਕੌਰ ਆਪਣੇ ਪਤੀ ਅਤੇ ਪੁੱਤਰ ਵਾਂਗ ਹੀ ਅਣਖ ਨਾਲ ਸ਼ਹੀਦ ਹੋਈ। ਇਹ ਸਿੱਖ ਇਸਤਰੀਆਂ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਰਹੇਗੀ। ਇਨ੍ਹਾਂ ਮਹਾਨ ਸ਼ਹੀਦਾਂ ਨੂੰ ਲੱਖ ਵਾਰ ਪ੍ਰਣਾਮ ਹੈ।
ਸਿਮਰਜੀਤ ਸਿੰਘ
ਸੰਪਾਦਕ 'ਗੁਰਮਤਿ ਪ੍ਰਕਾਸ਼'