ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਧਰਮ-ਦਰਸ਼ਨ ਦਾ ਸਿਖਰ-ਗੁਰਮਤਿ


'ਗੁਰਮਤਿ' ਸ਼ਬਦ ਦਾ ਅਰਥ ਹੈ ਗੁਰੂ ਵਲੋਂ ਬਖਸ਼ੀ ਗਈ ਮੱਤ, ਰਾਇ, ਨਸੀਹਤ ਜਾਂ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤੇ ਗਏ ਸਿਧਾਂਤ। ਇਨ੍ਹਾਂ ਸਿਧਾਂਤਾਂ ਦੇ ਅਨੁਸਰਣ ਵਿਚ ਚੱਲਣ ਵਾਲੇ ਧਰਮ ਨੂੰ ਵੀ 'ਗੁਰਮਤਿ' ਆਖਿਆ ਜਾਂਦੈ, ਜਿਸ ਦਾ ਵਿਸਥਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਉਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਸਿਧਾਂਤ ਸਿੱਖਿਆਵਾਂ-ਪ੍ਰੇਰਨਾਵਾਂ ਤੇ ਉਪਦੇਸ਼ ਸਮੁੱਚੇ ਰੂਪ ਵਿਚ 'ਗੁਰਮਤਿ' ਧਰਮ ਹੈ ਜਿਸ ਅਨੁਸਾਰ ਗੁਰਸਿੱਖਾਂ ਨੇ ਆਪਣੀ ਜੀਵਨ-ਜਾਚ ਦੀ ਘਾੜਤ ਘੜਨੀ ਹੈ।
ਮਨੁੱਖੀ ਸੱਭਿਅਤਾ ਦੇ ਅਰੰਭ ਦੇ ਨਾਲ ਹੀ 'ਧਰਮ' ਸ਼ਬਦ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਦੁਨੀਆਂ ਦੇ ਵੱਖ-ਵੱਖ ਭੂ-ਖੰਡਾਂ ਵਿਚ 'ਧਰਮ' ਦੇ ਵਿਭਿੰਨ ਰੂਪ ਹੋਂਦ ਵਿਚ ਆਏ ਹੋਣਗੇ, ਜੋ ਸਮਾਂ ਗੁਜ਼ਰਨ ਦੇ ਨਾਲ-ਨਾਲ ਆਪਣੇ ਸਿਧਾਂਤ ਤੇ ਸਰੂਪ ਵਿਚ ਵਿਸਤਾਰ ਕਰਦੇ ਗਏ। ਅਨੇਕਾਂ ਧਰਮ-ਪੁਸਤਕਾਂ ਦੀਆਂ ਲਿਖਤਾਂ ਵਿਚ ਵਕਤ ਦੇ ਸੁਘੜ-ਸੁਜਾਣ ਪੁਰਖਿਆਂ ਨੇ ਆਪੋ-ਆਪਣੇ ਅਨੁਭਵਾਂ ਦੇ ਅਧਾਰ 'ਪਰ 'ਧਰਮ' ਦੇ ਅੱਡੋ-ਅੱਡਰੇ ਦ੍ਰਿਸ਼ਟੀਕੋਣਾਂ ਤੋਂ ਲੋਕਾਈ ਨੂੰ ਸੁਖੀ ਜੀਵਨ ਜਿਊਣ ਦੇ ਤਰੀਕੇ ਦੱਸਦਿਆਂ ਧਰਮ ਅਤੇ ਅਧਰਮ ਦੇ ਅਰਥ, ਲੱਛਣ ਅਤੇ ਲਾਭ-ਹਾਨੀਆਂ ਬਾਰੇ ਸਮਝਾਇਆ। ਐਸੀਆਂ ਸਿੱਖਿਆਵਾਂ, ਮੱਤ-ਮਤਾਂਤਰਾਂ ਨੇ ਮਨੁੱਖਾ ਜੀਵਨ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ। ਸਮਝਿਆ ਜਾ ਸਕਦੈ ਕਿ ਇਨ੍ਹਾਂ ਮੱਤ-ਮਤਾਂਤਰਾਂ ਜਾਂ ਧਰਮਾਂ ਨੇ ਹੀ ਮਨੁੱਖੀ ਸੱਭਿਅਤਾਵਾਂ ਦੇ ਵਿਕਾਸ ਨੂੰ ਅੱਗੇ ਤੋਂ ਅਗਾਂਹਾਂ ਚਲਦਾ ਰੱਖਿਆ ਹੈ। ਕਿਸੇ ਵੀ ਮੱਤ, ਮਜ਼੍ਹਬ ਜਾਂ ਧਰਮ ਦਾ ਕਾਰਜ ਖੇਤਰ ਮਨੁੱਖ ਦੀ ਪੂਰੀ ਜ਼ਿੰਦਗੀ ਭਾਵ ਜਨਮ ਤੋਂ ਮਰਨ ਤੱਕ ਪਸਰਿਆ ਹੋਇਐ। ਪਰਤੱਖ ਜਾਂ ਪਰੋਖ ਰੂਪ ਵਿਚ 'ਮੱਤਾਂ' ਦੇ ਨਿਸ਼ਚਿਤ ਨੇਮ-ਨਿਯਮ ਤੇ ਨਿਸ਼ੇਧ ਹੀ ਉਸ ਦੇ ਅਨੁਯਾਈਆਂ ਦੇ ਜੀਵਨ-ਵਿਵਹਾਰ ਦਾ ਸੰਚਾਲਨ ਕਰਦੇ ਵਿਖਾਈ ਦਿੰਦੇ ਹਨ। ਇੰਞ ਸੰਸਾਰ ਵਿਚ ਵੱਖ-ਵੱਖ ਸੱਭਿਅਤਾਵਾਂ ਤੇ ਸੱਭਿਆਚਾਰ ਵਧੇ-ਫੁੱਲੇ ਪਰ ਲਗਭਗ ਸਾਰਿਆਂ ਨੇ ਕਿਸੇ ਅਲੌਕਿਕ-ਅਦ੍ਰਿਸ਼ਟ ਕਰਾਮਾਤੀ ਸ਼ਕਤੀ ਦੀ ਰਹੱਸਮਈ ਹੋਂਦ ਨੂੰ ਸਵੀਕਾਰਿਆ ਹੈ। ਇਸ ਅਲੌਕਿਕ ਹਸਤੀ ਦੀ ਢੂੰਡ, ਉਸ ਨੂੰ ਜਾਨਣ-ਪਹਿਚਾਨਣ ਦੀ ਉਤਸੁਕਤਾ ਜਾਂ ਉਸ ਦੇ ਕ੍ਰਿਸ਼ਮਈ-ਸੰਚਾਲਨ ਸੰਬੰਧੀ ਨਵੀਆਂ ਖੋਜ-ਜੁਗਤਾਂ ਪ੍ਰਤੀ ਮਨੁੱਖ ਦੀ ਦਿਲਚਸਪੀ ਤੇ ਜਾਗਰੂਕਤਾ ਵਿਚ ਹਮੇਸ਼ਾ ਵਾਧਾ ਹੁੰਦਾ ਰਿਹੈ। ਮਨੌਤਾਂ, ਵਿਸ਼ਵਾਸਾਂ, ਅਕੀਦਿਆਂ ਤੇ ਮੱਤਾਂ ਵਿਚ ਅਨਿਕ-ਪ੍ਰਕਾਰੀ ਭਿੰਨ-ਭੇਦ ਮੌਜੂਦ ਹਨ, ਫਿਰ ਵੀ ਥੋੜੇ ਗੰਭੀਰ ਅਧਿਐਨ-ਚਿੰਤਨ ਦੁਆਰਾ ਓਸ ਆਦਿ-ਜੁਗਾਦਿ ਅਲੌਕਿਕ-ਅਦ੍ਰਿਸ਼ਟ ਸਰਬਕਾਲੀ-ਸਰਬਦੇਸੀ ਸੰਚਾਲਕ, ਪ੍ਰਿਤਪਾਲਕ ਤੇ ਸੰਘਾਰਕ ਹਸਤੀ, ਸ਼ਕਤੀ ਜਾਂ ਊਰਜਾ-ਸਰੋਤ ਦੀ ਵਾਸਤਵਿਕਤਾ ਦਾ ਅਨੁਭਵ ਸੰਭਵ ਹੈ, ਭਾਵੇਂ ਇਸ ਅਨੁਭਵ ਪ੍ਰਕਾਸ਼ ਦੀਆਂ ਸੰਭਾਵਨਾਵਾਂ ਅਸੀਮ ਤੇ ਅਨੰਤ ਹਨ।
ਜਦੋਂ-ਜਦੋਂ ਵੀ ਸਮਾਜ ਵਿਚ ਪਹਿਲੋਂ ਦੇ ਸਥਾਪਿਤ-ਮੱਤ ਵਿਚਲੀਆਂ ਮੂਲਕ-ਵਡਿਆਈਆਂ ਨੂੰ ਖੋਰਾ ਲੱਗਿਆ, ਸਿਧਾਂਤਾਂ ਦੀ ਮੂਲਕ-ਭਾਵਨਾ ਵਿਚ ਨਿਘਾਰ ਆਉਣ ਕਰਕੇ ਮਨੁੱਖੀ ਆਚਾਰ-ਵਿਹਾਰ ਅਧੋਗਤੀ ਵੱਲ ਡਿਗਣਾ-ਢਹਿਣਾ ਸ਼ੁਰੂ ਹੋਇਆ। ਮੱਤ ਦੇ ਮਹੰਤਾਂ ਨੇ ਜਦੋਂ ਆਪਣੀ ਏਕਾਧਿਕਾਰ ਪ੍ਰਭੂਸੱਤਾ ਦੀ ਕਾਇਮੀ ਜਾਂ ਨਿੱਜਪ੍ਰਸਤੀ ਨਾਲ ਜੁੜੀਆਂ ਐਸ਼ੋ-ਇਸ਼ਰਤਾ ਬਣਾਈ ਰੱਖਣ ਲਈ ਲੋਕ-ਹਿਤਾਂ ਨੂੰ ਤਿਲਾਂਜਲੀ ਦੇ ਦਿੱਤੀ ਤਾਂ ਵਿਖਾਵੇ ਦਾ ਭੇਖ ਤੇ ਕਰਮਕਾਂਡੀ ਪਾਖੰਡ ਦੀ ਕਾਰਜਕੁਸ਼ਲਤਾ ਹੀ ਉਨ੍ਹਾਂ ਦੀ ਸਫ਼ਲਤਾ ਦਾ ਇਕੋ ਇਕ ਰਾਹ ਬਚਦਾ ਸੀ। ਮਨੁੱਖੀ ਸਮਾਜ ਦੇ ਇਤਿਹਾਸ ਨੇ ਮਨੁੱਖ ਦੇ ਸਵੱਛ ਅਨੁਭਵ ਨੂੰ ਧੁੰਧਲਾ ਕਰ ਦਿੱਤੈ, ਜਨ-ਸਾਧਾਰਣ ਲੋਕ ਭੋਲੀਆਂ ਭੇਡਾਂ ਦੇ ਵੱਗ ਵਾਂਗ, ਧਰਮੀ ਲਿਬਾਸ ਦਾ ਮਖੌਟਾ ਪਾਈ ਚਤੁਰ ਸਾਮੰਤਵਾਦ ਵਲੋਂ ਸਦੀਆਂ ਤੱਕ ਸ਼ੋਸ਼ਣ ਦਾ ਸ਼ਿਕਾਰ ਬਣੀ ਤੁਰੇ ਜਾਂਦੇ ਹਨ।
ਜਦੋਂ ਪੁਰਾਤਨ ਮਾਨਤਾਵਾਂ, ਮਾਪਦੰਡ ਤੇ ਮਰਯਾਦਾਵਾਂ ਸਮੇਂ ਦੇ ਹਾਣ ਦੀਆਂ ਨਹੀਂ ਰਹਿੰਦੀਆਂ, ਭਾਵ ਸਮਾਜਿਕ ਆਸਾਂ-ਉਮੀਦਾਂ, ਲੋੜਾਂ-ਥੋੜਾਂ ਅਤੇ ਉਦੇਸ਼ਾਂ-ਆਦਰਸ਼ਾਂ ਨੂੰ ਪੂਰਿਆਂ ਕਰਨ ਵਿਚ ਨਾ-ਕਾਮਯਾਬ ਰਹਿੰਦੀਆਂ ਹਨ, ਤਾਂ ਨਵੀਆਂ ਸੋਚਾਂ, ਸਿਧਾਂਤਾਂ, ਜੁਗਤਾਂ ਤੇ ਵਿਚਾਰਧਾਰਾ ਦਾ ਉਗਵਣਾ, ਸਹਜ-ਸਫੁਟਿਤ ਤੇ ਪ੍ਰਵਾਹਿਤ ਹੋਣਾ ਸੁਭਾਵਿਕ ਬਣ ਜਾਂਦੈ। ਸ਼ਾਇਦ ਇਹ ਵੀ ਓਸ ਅਲੌਕਿਕ ਤੇ ਅਦ੍ਰਿਸ਼ਟ ਕਰਤਾਰੀ-ਕੁਦਰਤ ਦਾ ਇਕ ਨਿਯਮ ਹੋਵੇ ਕਿ ਅਜਿਹੀ ਅਵਸਥਾ ਵਾਪਰਨ ਵੇਲੇ ਮਨੁੱਖੀ ਸਮਾਜ ਵਿਚੋਂ ਹੀ ਕੋਈ ਪਰਬੁੱਧ, ਗਿਆਨ-ਉੱਦੀਪਤ ਪਰਮ-ਪੁਰਖ ਮੂਲਕ ਮਨੁੱਖੀ ਕਦਰਾਂ-ਕੀਮਤਾਂ ਤੇ ਵਡਿਆਈਆਂ ਨੂੰ ਨਵਿਆਉਣ ਦੀ ਦਿਸ਼ਾ ਵੱਲ ਸੁਕ੍ਰਾਂਤੀ ਤੇ ਸਥਾਪਤੀ ਵਾਸਤੇ ਸਿੰਘ-ਨਾਦ ਕਰਦਿਆਂ ਉੱਠ ਖਲੋਂਦਾ ਹੈ। ਇੰਝ ਇਕ ਨਵੇਂ ਨਿਰਾਲੇ ਨਿਰਮਲ-ਮੱਤ, ਪੰਥ ਜਾਂ ਧਰਮ ਦਾ ਸ਼ੁੱਭਾਰੰਭ ਘਟਿਤ ਹੁੰਦੈ!
ਨਵੀਂ ਵਿਚਾਰਧਾਰਾ ਨੂੰ ਲੋਕ-ਸਵੀਕ੍ਰਿਤੀ ਵਾਸਤੇ, ਆਪਣੀ ਉੱਤਮਤਾ ਪ੍ਰਦਰਸ਼ਿਤ ਕਰਨੀ ਪੈਂਦੀ ਹੈ। ਇਸ ਲਈ ਪਿਛਲੀਆਂ ਮਨੌਤਾਂ ਨਾਲ ਤੁਲਨਾਤਮਕ ਸੰਵਾਦ ਰਚਾਉਂਦਿਆਂ ਉਹਨਾਂ ਨੂੰ 'ਵੇਲਾ ਵਿਹਾ ਚੁੱਕੀਆਂ' ਤੇ ਸੁਤੰਤਰ ਮਨੁੱਖੀ ਹੋਣੀ ਦੀਆਂ ਸ੍ਰੇਸ਼ਟਤਮ ਸੰਭਾਵਨਾਵਾਂ ਤੱਕ ਅੱਪੜਨ ਦੇ ਰਾਹ ਵਿਚ ਆਉਂਦਾ ਨਿਰਰਥਕ ਬੋਝਾ ਪਰ੍ਹਾਂ ਵਗਾਹ ਸੁੱਟਣਾ ਲਾਜ਼ਮੀ ਹੋ ਜਾਂਦੈ। ਗੁਰਮਤਿ ਵਿਚਾਰਧਾਰਾ ਨੇ ਇਹ ਕੰਮ ਸਫਲਤਾ ਪੂਰਵਕ ਸੰਪੂਰਨ ਕੀਤਾ ਹੈ। ਗੁਰਬਾਣੀ ਵਿਚ ਯੋਗਮਤ ਦੀ ਸ਼ਬਦਾਵਲੀ ਵਰਤੀ ਜਾਣੀ ਉਹਨਾਂ ਸ਼ਬਦਾਂ ਦੇ ਮੂਲ ਸੰਕਲਪਾਂ ਦੀ ਅਸਲੀਅਤ ਨੂੰ ਸਮਝਾਉਣ ਲਈ ਲੋੜੀਂਦੀ ਸੀ। ਗੁਰਬਾਣੀ ਪਾਠਕਾਂ ਲਈ ਭਾਸ਼ਾ ਦੇ ਅੱਖਰਾਂ ਨੂੰ ਪੜ੍ਹਦਿਆਂ ਉਹਨਾਂ ਦੀ ਅਰਥਾਵਲੀ, ਭਾਵਾਤਮਕ ਪਹੁੰਚ ਜਾਂ ਸ਼ਬਦਾਂ ਦੀ ਆਤਮਾ ਤੱਕ ਅੱਪੜਨਾ ਅਤੀ-ਅਵੱਸ਼ਕ ਹੈ।
ਗੁਰੂ ਨਾਨਕ ਸਾਹਿਬ ਦੀ ਅਧਿਆਤਮਕ-ਚੇਤਨਾ ਨੇ ਤੱਤਕਾਲੀਨਕ ਮਾਨਵੀ-ਸਮਾਜ ਦੇ ਸੱਭਿਆਚਾਰਕ, ਰਾਜਨੀਤਿਕ ਤੇ ਧਾਰਮਿਕ ਪ੍ਰਸਥਿਤੀਆਂ ਨੂੰ ਪ੍ਰਭਾਵਿਤ ਕਰਦੀਆਂ ਪ੍ਰਵਿਰਤੀਆਂ ਨੂੰ ਬਾ-ਖੂਬੀ ਪਛਾਣ ਲਿਆ ਸੀ। ਹਿੰਦੂ ਧਰਮ ਵਿਚ ਬਹੁ-ਦੇਵਵਾਦ ਅਵਤਾਰਵਾਦ, ਮੂਰਤੀਪੂਜਾ ਤੇ ਯੋਗ-ਸਾਧਨਾ ਦੀ ਪ੍ਰਧਾਨਤਾ ਸੀ। ਪੁਜਾਰੀ ਵਰਗ ਪੌਰਾਣਿਕ ਕਰਮ-ਕਾਂਡਾਂ ਤੇ ਅਨੁਸ਼ਠਾਨਾਂ ਰਾਹੀਂ ਅਤੇ ਯੋਗੀ-ਵਰਗ ਅ-ਸਾਧਾਰਣ ਰਿੱਧੀਆਂ-ਸਿੱਧੀਆਂ ਦੇ ਛਲਾਵਿਆਂ ਦੁਆਰਾ ਆਮ-ਲੋਕਾਈ ਨੂੰ ਭੰਬਲ-ਭੂਸਿਆਂ ਵਿਚ ਉਲਝਾਈ ਰੱਖਦੇ ਸਨ। ਪੁਰੋਹਿਤ ਵਰਗ ਤੇ ਪਾਂਡਿਆਂ ਵਲੋਂ ਤੀਰਥ ਇਸ਼ਨਾਨਾਂ ਉਪਰੰਤ ਤੇ ਪੁੰਨ-ਦਾਨ ਰਾਹੀਂ ਸਵਰਗਾਂ ਦੇ ਲਾਰਿਆਂ ਅਤੇ ਉਹਨਾਂ ਦੀ ਅਵੱਗਿਆ ਕਰਨ ਦੇ ਫਲ ਵਜੋਂ ਨਰਕਾਂ ਦੇ ਘੋਰ-ਦੁੱਖਾਂ ਦੇ ਡਰਾਵਿਆਂ ਨੇ ਧਰਮ ਦੀ ਮੂਲਕ-ਸ਼ੁੱਧਤਾ, ਸਚਿਆਰਤਾ, ਸੁੰਦਰਤਾ ਤੇ ਮਾਨਵ-ਕਲਿਆਣਕਾਰੀ ਮੰਤਵਾਂ ਨੂੰ ਪੂਰੀ ਤਰ੍ਹਾਂ ਅਲੋਪ ਕਰ ਦਿੱਤਾ ਸੀ : ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ£ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈਨਾਹੀ ਕਹ ਚੜਿਆ£ ਅਤੇ, ਕਾਦੀ ਕੂੜੁ ਬੋਲਿ ਮਲੁ ਖਾਇ£ ਬ੍ਰਾਹਮਣੁ ਨਾਵੈ ਜੀਆ ਘਾਇ£ ਜੋਗੀ ਜੁਗਤਿ ਨ ਜਾਣੈ ਅੰਧੁ£ ਤੀਨੇ ਓਜਾੜੇ ਕਾ ਬੰਧੁ£ (੧੪੫)
ਪਰ ਗੁਰੂ ਪਾਤਿਸ਼ਾਹ ਜਿਵੇਂ ਅਗਲੀਆਂ ਤੁਕਾਂ ਵਿਚ ਸਪੱਸ਼ਟ ਹੈ,  ੂਸਰੇ ਮੱਤਾਂ ਦਾ ਸਿੱਧੇ ਰੂਪ ਵਿਚ ਖੰਡਨ ਨਹੀਂ ਕਰ ਰਹੇ, ਬਲਕਿ ਵੱਖੋ-ਵੱਖਰੇ ਮੱਤਾਂ ਵਾਲਿਆਂ ਨੂੰ ਧਰਮ ਦੇ ਕਰਤੱਵਾਂ, ਉਦੇਸ਼ਾਂ, ਤੇ ਆਦਰਸ਼ਾਂ ਦੀ ਸੋਝੀ ਕਰਾਉਂਦਿਆਂ ਅਧਿਆਤਮਕ ਜੀਵਨ ਦਾ ਮਾਰਗ ਦਰਸ਼ਨ ਕਰਦੇ ਹਨ :
ਸੋ ਜੋਗੀ ਜੋ ਜੁਗਤਿ ਪਛਾਣੈ
ਗੁਰ ਪਰਸਾਦੀ ਏਕੋ ਜਾਣੈ।
ਕਾਜੀ ਸੋ ਜੋ ਉਲਟੀ ਕਰੈ£
ਗੁਰ ਪਰਸਾਦੀ ਜੀਵਤੁ ਮਰੈ£
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ£
ਆਪਿ ਤਰੈ ਸਗਲੇ ਕੁਲ ਤਾਰੈ£
(੬੬੨)
ਯੋਗ ਦਰਸ਼ਨ ਜਾਂ ਯੋਗ=ਮੱਤ ਪ੍ਰਮਾਤਮਾ ਵਿਚ ਆਸਥਾ ਰੱਖਣ ਵਾਲਾ ਮੱਤ ਹੈ। ਯੋਗ ਦਾ ਸ਼ਾਬਦਿਕ ਅਰਥ ਹੀ ਜੋੜਨਾ ਜਾਂ ਸੰਬੰਧ ਬਨਾਉਣਾ ਹੈ; ਭਾਵ ਜੀਵ-ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਾਉਣ ਦੀ ਵਿਧੀ, ਯਤਨ, ਸਾਧਨਾ ਜਾਂ ਜੁਗਤੀ ਨੂੰ 'ਯੋਗ' ਆਖਿਆ ਗਿਆ ਹੈ। ਪੂਰਵ-ਵਰਤੀ ਰਿਸ਼ੀਆਂ-ਮੁਨੀਆਂ ਦੀਆਂ ਸਾਧਨਾਵਾਂ, ਤਜਰਬਿਆਂ ਤੇ ਅਨੁਭਵਾਂ ਉੱਪਰ ਆਧਾਰਿਤ ਮਾਨਤਾਵਾਂ ਦੇ ਸੂਖਮ ਅਧਿਐਨ ਨੂੰ ਰਿਸ਼ੀ ਪਾਤੰਜਲੀ ਨੇ 'ਯੋਗ-ਸੂਤ੍ਰ' ਦੇ ਰੂਪ ਵਿਚ ਪਰਚਾਰਿਆ। ਤੰਤ੍ਰ ਗ੍ਰੰਥਾਂ ਵਿਚ ਨਿਸ਼ਚਿਤ ਕੀਤੀਆਂ ਗਈਆਂ ਜਪ-ਤਪ-ਹਠ ਅਤੇ ਗਿਣਤੀਆਂ-ਮਿਣਤੀਆਂ ਵਾਲੀਆਂ ਕਿਰਿਆਵਾਂ ਦਾ ਗੋਰਖ ਨਾਥ ਨੇ ਪਾਸਾਰ ਕੀਤਾ ਜਿਨ੍ਹਾਂ ਦੁਆਰਾ ਕੁਝ ਵਿਸ਼ੇਸ਼ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਮੰਨੀ ਗਈ ਹੈ। ਯੋਗਿਕ ਆਸਨਾਂ ਜਾਂ ਸਾਧਨਾਂ ਰਾਹੀਂ ਸਰੀਰਕ-ਅਰੋਗਤਾ ਅਤੇ ਮਾਨਸਿਕ ਨਿਸ਼ਕ੍ਰਿਅਤਾ ਦੀਆਂ ਸੰਭਾਵਨਾਵਾਂ ਤਾਂ ਸਵੀਕਾਰੀਆਂ ਜਾ ਸਕਦੀਆਂ ਹਨ, ਪਰ ਜੀਵਾਤਮਾ ਦਾ ਉੱਥਾਨ, ਜੀਵਨ-ਮੁਕਤ, ਪਰਮਾਤਮਾ ਨਾਲ ਇਕਮਿਕਤਾ ਜਾਂ, 'ਗੁਣ ਕਹਿ ਗੁਣੀ ਸਮਾਵਣਿਆ' ਦੀ ਲਕਸ਼-ਪ੍ਰਾਪਤੀ ਨੂੰ ਤਾਂ ਉਨ੍ਹਾਂ ਮੱਤਾਂ ਨੇ ਆਪਣਾ ਆਦਰਸ਼ ਹੀ ਨਹੀਂ ਮਿੱਥਿਆ। ਯੌਗਿਕ-ਕਿਰਿਆਵਾਂ ਦੁਆਰਾ ਉਹ ਆਪਣੇ 'ਆਪੇ' ਨੂੰ ਪ੍ਰਕਿਰਤੀ ਤੋਂ ਵੱਖਰਾ ਕਰਨ ਜਾਂ ਕੁਦਰਤੀ-ਭੌਤਿਕ ਪ੍ਰਭਾਵਾਂ ਤੋਂ ਨਿਰਲੇਪ ਹੋਣ ਦਾ ਯਤਨ ਕਰਦੇ ਹਨ, ਜਿਸ ਰਾਹੀਂ ਕੁਝ ਸਮੇਂ ਲਈ ਉਹਨਾਂ ਨੂੰ ਦੁਨਿਆਵੀ ਕਲਹ-ਕਲੇਸ਼ ਜਾਂ ਕਸ਼ਟ ਨਹੀਂ ਪੁਹੰਦੇ। ਇਸ ਅਵਸਥਾ ਨੂੰ ਯੋਗ-ਦਰਸ਼ਨ ਨੇ 'ਕੈਵਲਯ' ਆਖਿਆ ਹੈ।
ਕਿਸੇ ਵੀ ਨਵੀਂ ਵਿਚਾਰਧਾਰਾ ਦੇ ਸੰਚਾਲਨ ਦੌਰਾਨ ਪੁਰਾਣੀਆਂ ਮਾਨਤਾਵਾਂ ਦਾ ਹਾਂ-ਪੱਖੀ ਤੇ ਨਾਂਹ-ਪੱਖੀ ਦੋਵੇਂ ਤਰ੍ਹਾਂ ਦੇ ਪ੍ਰਭਾਵਾਂ ਦਾ ਮੌਜੂਦ ਹੋਣਾ ਸੁਭਾਵਿਕ ਹੀ ਹੈ। ਨਵੇਂ ਮੱਤ ਜਾਂ ਕਹੀਏ ਕਿ ਗੁਰਮਤਿ ਦੇ ਧਾਰਣੀਆਂ ਨੂੰ 'ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ' ਦਾ ਰਾਹ ਅਪਨਾਉਣਾ ਚਾਹੀਦੈ। ਪਿਛਲੇਰੇ ਕੁਝ ਸਮੇਂ ਤੋਂ ਸੰਤ-ਸਮਾਜ ਨਾਲ ਸੰਬੰਧਿਤ ਸੰਸਥਾਵਾਂ ਵਲੋਂ 'ਅੰਮ੍ਰਿਤ ਵੇਲਾ' ਤੇ 'ਨਾਮ-ਅਭਿਆਸ' ਲੜੀਵਾਰ ਸੰਗਤੀ-ਇਕੱਠਾਂ ਰਾਹੀਂ, ਲਾਊਡ ਸਪੀਕਰਾਂ ਦੀ ਵਰਤੋਂ ਕਰਦਿਆਂ ਉੱਚਾ-ਉੱਚਾ ਗੁਰਮੰਤ੍ਰ-ਜਾਪ ਦਾ ਰੁਝਾਨ ਵੇਖਣ ਵਿਚ ਆ ਰਿਹੈ। 24 ਜਾਂ 48 ਘੰਟਿਆਂ ਦਾ ਅਖੰਡ-ਜਾਪ, ਵਾਹਿਗੁਰੂ ਸ਼ਬਦ ਦੀਆਂ ਨਿਰੰਤਰ ਬੀਰਮੀਆਂ ਅਤੇ ਸੰਪਟ ਪਾਠਾਂ ਵਰਗੇ ਅਨੁਸ਼ਠਾਨ ਵੀ ਪ੍ਰਚੱਲਿਤ ਹੋ ਚੁੱਕੇ ਨੇ। ਇਨ੍ਹਾਂ ਸਾਰੀਆਂ ਧਾਰਨਾਵਾਂ ਦਾ ਪ੍ਰਯੋਜਨ ਭੋਲੀਆਂ-ਭਾਲੀਆਂ ਸਿੱਖ-ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਜਾਂ ਗੁਰਮਤਿ ਤੋਂ ਗੁਮਰਾਹ ਕਰਨਾ ਪ੍ਰਤੀਤ ਹੁੰਦਾ ਹੈ। ਅਜਿਹੇ ਹਾਲਾਤ ਵਿਚ ਸਾਡੇ ਲਈ ਯੋਗਮੱਤ ਅਤੇ ਗੁਰਮਤਿ ਵਿਚਲੀਆਂ ਸਿਧਾਂਤਕ ਤੇ ਵਿਵਹਾਰਿਕ ਵਿਰੋਧਾਂ, ਵਿਭਿੰਨਤਾਵਾਂ, ਵਖਰੇਵਿਆਂ ਅਤੇ ਭੁਲੇਖਾ ਪਾਊ ਅੰਤਰ-ਭੇਦਾਂ ਨੂੰ ਜਾਨਣਾ-ਪਹਿਚਾਨਣਾ ਅਤਿ ਅਵੱਸ਼ਕ ਹੋ ਗਿਆ ਹੈ। ਅਜਿਹੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਕੁਝ ਗੁਰਸਿੱਖ ਵੀਰ, ਅਣਜਾਣੇ ਹੀ ਇਹਨਾਂ ਛਿਣਭੰਗਰ ਜਾਂ ਅਲਪ-ਸੁੱਖ ਉਪਜਾਉਣ ਵਾਲੀਆਂ ਮਸ਼ਕਾਂ, ਕਸਰਤਾਂ, ਸਾਧਨਾਵਾਂ ਜਾਂ ਗਿਣਤੀਆਂ-ਮਿਣਤੀਆਂ ਨਾਲ ਬੱਧੇ ਸਿਮਰਨ ਪਾਠਾਂ ਵੱਲ ਵੇਖੋ-ਵੇਖੀ ਆਕਰਸ਼ਿਤ ਹੋ ਗਏ ਹੋਣਗੇ। ਸ਼ਾਇਦ ਇਹ ਵਰਤਾਰਾ ਸਿੱਖ ਧਰਮ ਦੀ ਸੁਤੰਤਰ ਹੋਣੀ ਨੂੰ ਨਾਂਹ-ਬਰਦਾਸ਼ਤ ਕਰਨ ਵਾਲੀਆਂ ਸਰਕਾਰੀ-ਗ਼ੈਰ-ਸਰਕਾਰੀ ਏਜੰਸੀਆਂ ਵਲੋਂ ਗਹਿਰੀ ਸਾਜ਼ਿਸ਼ ਤਹਿਤ ਕੁਝ ਉਹਨਾਂ ਦੇ ਭਰੋਸੇਯੋਗ ਸਿੱਖ-ਸਰੂਪ ਵਾਲੇ ਸਮਰੱਥ ਵਿਅਕਤੀਆਂ ਨੂੰ ਆਪਣੇ ਮਾਇਆ-ਜਾਲ ਵਿਚ ਬੰਨ੍ਹ ਕੇ ਸਾਡੀ ਜਿਗਿਆਸਾ-ਭਰਪੂਰ ਧਾਰਮਿਕ-ਸ਼ਰਧਾ ਨੂੰ ਓਝੜੇ ਪਾਏ ਜਾਣ ਅਤੇ ਗੁਰਮਤਿ ਗਿਆਨ ਤੋਂ ਅਵੇਸਲੀ ਹੋਈ ਬੈਠੀ, ਸਿੱਖ-ਕੌਮ ਨੂੰ ਯੋਗਮੱਤ ਵਾਲੀਆਂ ਨਿਰਰਥਕ ਰਿੱਧੀਆਂ-ਸਿੱਧੀਆਂ ਜਾਂ ਸਿੱਧੇ ਰੂਪ ਵਿਚ ਹਿੰਦੂ-ਕਰਮਕਾਂਡਾਂ ਨਾਲ ਜੋੜਨ ਦੀ ਵਿਉਂਤਬੰਦੀ ਦਾ ਪ੍ਰਤੱਖ-ਪ੍ਰਦਰਸ਼ਨ ਹੀ ਹੋਵੇ।
ਗੁਰਸਿੱਖਾਂ ਨੇ ਗੁਰਮਤਿ ਗਾਡੀ-ਰਾਹ ਦਾ ਪੰਧਾਊ ਬਨਣਾ ਹੈ। ਤੁਸਾਂ ਕਈ ਡੇਰੇਦਾਰ ਬਾਬਿਆਂ ਵਲੋਂ ਕੀਰਤਨੀ-ਧਾਰਨਾਵਾਂ ਮਨਘੜਤ-ਮਿਥਿਹਾਸਕ ਕਹਾਣੀਆਂ ਸੁਣਾ ਕੇ, ਤੇ ਫੇਰ ਆਪਣੇ ਪੇਟੈਂਟ-ਅੰਦਾਜ਼ ਵਿਚ ਕੱਚੀਆਂ-ਧਾਰਨਾਵਾਂ ਜਾਂ ਗੁਰਮੰਤ੍ਰ ਜਾਪ ਦੀਆਂ ਟਿਊਨਾਂ ਦੁਆਰਾ ਕੰਨ-ਰਸ ਉਪਜਾਉਣ ਦੇ ਸਫ਼ਲ ਤਜਰਬੇ, ਵੱਡੇ ਸਮਾਗਮਾਂ ਵਿਚ ਪਰਤੱਖ ਸਾਹਮਣੇ ਜਾਂ ਟੀ. ਵੀ. ਚੈਨਲਾਂ 'ਪਰ ਲਾਈਵ ਜਾਂ ਸੀ.ਡੀਆਂ ਰਾਹੀਂ ਪ੍ਰਸਾਰਿਤ ਹੁੰਦੇ ਵੇਖੇ ਹੀ ਹੋਣੇ ਹਨ? ਵੀਡੀਓ ਸੀ. ਡੀ. ਵਿਚ ਸਿੱਖਾਂ ਦੀਆਂ ਪੱਗਾਂ ਲੱਥੀਆਂ, ਕੇਸ ਖੁੱਲ੍ਹੇ ਤੇ ਮੋਢਿਆਂ ਨੂੰ ਜ਼ੋਰ-ਜ਼ੋਰ ਦੀ ਸੱਜੇ ਜਾਂ ਖੱਬੇ ਪਾਸੇ ਲਟਕੇ-ਝਟਕੇ ਮਾਰਨ ਦੀ ਕਵਾਇਦ ਰਾਹੀਂ 'ਨਾਮ ਸਿਮਰਨ ਅਭਿਆਸ' ਕਰਵਾਉਣ ਦੀ ਨਵੀਂ-ਨਵੇਲੀ ਵਿਧੀ ਦੁਆਰਾ ਬ੍ਰਹਮ ਗਿਆਨੀ ਬਨਾਉਣ ਦੇ ਦਾਅਵੇ ਦੀ ਪੇਸ਼ਕਾਰੀ ਕੀ ਤੁਹਾਡੀ ਅਧਿਆਤਮਿਕ ਸੰਵੇਦਨਾ ਨੂੰ ਵਿਚਲਿਤ ਨਹੀਂ ਕਰਦੀ?
ਗੁਰਬਾਣੀ ਵਿਚ ਵਰਤੀ ਗਈ ਯੋਗਮੱਤ ਦੀ ਸ਼ਬਦਾਵਲੀ ਦੀ ਸਹੀ ਵਿਆਖਿਆ ਅਤੇ ਗੁਰਬਾਣੀ ਵਿਚਾਰਧਾਰਾ ਦੀ ਵਿਲੱਖਣ ਗੁਰਮਤਿ-ਜੁਗਤ ਨੂੰ ਸਪੱਸ਼ਟ ਰੂਪ ਵਿਚ ਨਿਖੇੜਨਾ ਜ਼ਰੂਰੀ ਹੈ। ਸਿਧ ਗੋਸਟਿ ਬਾਣੀ ਦਾ ਗੰਭੀਰ ਅਧਿਐਨ ਵਿਸ਼ਲੇਸ਼ਣਾਤਮਕ ਨਤੀਜੇ ਪੇਸ਼ ਕਰਦਾ ਹੈ। ਗੁਰਬਾਣੀ, ਦੂਸਰੇ ਮੱਤਾਂ ਦੀਆਂ ਮੁਢਲੀਆਂ ਰਹੱਸਮਈ, ਖੋਜ-ਬਿਰਤੀਆਂ ਦਾ ਮੂਲੋਂ ਖੰਡਨ ਨਹੀਂ ਕਰਦੀ, ਬਲਕਿ ਜਿੱਥੇ-ਜਿੱਥੇ ਉਹ ਸਾਧਕ ਠੀਕ ਰਸਤਿਓਂ ਭਟਕ ਗਏ ਸਨ, ਉਨ੍ਹਾਂ ਨੂੰ ਤਰਕ-ਸੰਗਤ, ਮਾਰਗ-ਦਰਸ਼ਨ ਬਖਸ਼ਦੀ ਹੈ। ਗੁਰੂ ਸਾਹਿਬ ਦਾ ਮਕਸਦ ਵਾਦ-ਵਿਵਾਦ ਦੁਆਰਾ ਦ੍ਵੰਦਾਤਮਕ ਨਿਖੇਧਵਾਦ ਨੂੰ ਬੜ੍ਹਾਵਾ ਦੇਣਾ ਨਹੀਂ ਸੀ, ਬਲਕਿ 'ਅਪਰੰਪਰੁ ਪਾਰਬ੍ਰਹਮੁ ਪਰਮੇਸਰੁ' ਦੇ ਮਨੁੱਖੀ ਸਵੱਛ-ਅਨੁਭਵ ਜਾਂ ਪਹਿਲ ਤਾਜ਼ਗੀ ਵਾਲੇ ਜੋਤਿ-ਸਰੂਪੀ ਮੂਲ ਨੂੰ ਪਛਾਨਣ ਤੇ ਸਰਬੱਤ ਦੇ ਭਲੇ ਲਈ ਆਮ-ਲੋਕਾਈ ਵਿਚ ਪ੍ਰਕਾਸ਼ਮਾਨ ਕਰਨ ਦਾ ਸੀ। ਸੰਖੇਪ ਵਿਚ ਯੋਗਮੱਤ ਦੀ ਅੰਤਿਮ ਹੋਣੀ 'ਕੈਵੱਲਯ' ਹੈ, ਭਾਵ ਦੁਨਿਆਵੀ-ਕਰਤੱਵਾਂ ਤੋਂ ਮੁਕਤ, ਅਲਗਾਵ ਜਾਂ ਉਪਰਾਮਤਾ। ਇਹ ਘਰ-ਗ੍ਰਿਹਸਤੀ ਦੇ ਤਿਆਗਣ ਤੋਂ ਸ਼ੁਰੂ ਹੋ ਕੇ ਸੰਸਾਰਕਤਾ ਤੋਂ ਹੀ ਨਾਤਾ ਤੋੜ ਲੈਣਾ ਹੈ, ਫਿਰ ਵੀ ਉਦਰ ਪੂਰਤੀ ਦੀਆਂ ਮੁਥਾਜੀਆਂ 'ਘਰ-ਗ੍ਰਹਿਸਤੀ' ਵਾਲਿਆਂ ਪਾਸੋਂ ਹੀ ਪੂਰੀਆਂ ਹੋਣੀਆਂ ਹਨ। ਇਹ ਨਿੱਜ-ਪ੍ਰਸਤੀ, ਵਿਕਾਸ ਨੂੰ ਉਲਟ ਗੇੜੇ ਪਾਉਣ ਵਾਲਾ ਮੱਤ, ਪਿਛਾਂਹਾਂ ਖਿੱਚੂ ਜਾਂ ਖੜੋਤ-ਮੁਖੀ ਨਿਸ਼ਕ੍ਰੀਅਤਾ ਹੈ। 'ਗੁਰਮਤਿ' ਵਿਚਾਰਧਾਰਾ ਮਾਇਆਵਈ ਸੰਸਾਰ ਵਿਚ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ£ ਅਨੁਸਾਰ, ਸਰਬੱਤ ਦੇ ਭਲੇ ਨੂੰ ਸਮਰਪਿਤ ਮਨੁੱਖਾ- ਜੀਵਨ ਦੀ ਵਿਕਾਸ-ਮੁਖੀ ਗਤੀਸ਼ੀਲਤਾ ਹੈ। ਇੱਥੇ ਸੰਸਾਰਕ ਕਰਤੱਵਾਂ ਨੂੰ ਨਿਭਾਉਂਦਿਆਂ 'ਨਾਮੇ ਰਾਤੇ ਅਨਦਿਨੁ ਮਾਤੇ, ਨਾਮੈ ਤੇ ਸੁਖੁ ਹੋਈ'' ਵਾਲੀ ਅਨੰਦ ਭਰਪੂਰਤਾ ਹੈ। ਗੁਰਮਤਿ ਅਨੁਸਾਰ ਤੱਤ ਦੀ ਵੀਚਾਰ ਵਾਸਤੇ 'ਸੰਜਮ' ਅਤੇ 'ਦ੍ਰਿੜ੍ਹ-ਸੰਕਲਪ' ਇਕ ਸਾਧਨ ਹੈ। ਜੋਗੀਆਂ-ਸੰਨਿਆਸੀਆਂ ਵਲੋਂ ਧਾਰਨ ਕੀਤੇ ਬਾਹਰੀ ਚਿੰਨ੍ਹ (ਜਿਵੇਂ ਕਿ ਖਿੰਥਾ, ਡੰਡਾ, ਭਸਮ, ਮੂੰਹ ਸਿਰ ਮੁੰਨ ਲੈਣਾ, ਸਿੰਗੀ, ਨਾਦ ਆਦਿਕ) ਅਧਿਆਤਮਕ ਸਹਜ-ਜੋਗੀ ਲਈ ਬੇਲੋੜੇ ਬਣ ਜਾਂਦੇ ਹਨ, ਆਦਰਸ਼ ਤਾਂ ਸੰਸਾਰਕ ਮਾਇਆ ਮੋਹ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜਿਊਣ ਦਾ ਢੰਗ ਇਖਤਿਆਰ ਕਰਨਾ ਹੈ :
ਜੋਗੁ ਨ ਖਿੰਥਾ, ਜੋਗੁ ਨ ਡੰਡੈ
ਜੋਗੁ ਨ ਭਸਮ ਚੜਾਈਐ£
ਜੋਗੁ ਨ ਮੁੰਦੀ, ਮੂੰਡਿ ਮੁਡਾਇਐ
ਜੋਗੁ ਨ ਸਿੰਙੀ ਵਾਈਐ£
ਅੰਜਨ ਮਾਹਿ ਨਿਰੰਜਨਿ ਰਹੀਐ
ਜੋਗ ਜੁਗਤਿ ਇਵ ਪਾਈਐ£
(੭੩੦)
ਅਧਿਆਤਮਿਕਤਾ ਤਾਂ ਆਤਮਾ ਦਾ ਪਰਮਾਤਮਾ-ਮੁਖੀ ਹੋ ਕੇ ਸੰਸਾਰ-ਯਾਤਰਾ ਕਰਦਿਆਂ ਜੀਵਨ-ਮੁਕਤ ਹੋ ਕੇ ਵਿਚਰਨਾ ਹੈ। ਗੁਰੂ ਨਾਨਕ ਸਾਹਿਬ ਮਾਰੂ ਰਾਗ ਵਿਚਲੀ ਇਕ ਅਸ਼ਟਪਦੀ ਰਾਹੀਂ ਜੋਗੀਆਂ-ਸੰਨਿਆਸੀਆਂ ਦੀਆਂ ਮਾਨਤਾਵਾਂ ਤੇ ਵਿਵਹਾਰਿਕ-ਜੀਵਨ ਦੀ ਗ੍ਰਿਹਸਤੀਆਂ ਨਾਲ ਤੁਲਨਾ ਕਰਦਿਆਂ ਤੱਤ ਗੁਰਮਤਿ ਗਿਆਨ ਦਾ ਸਾਰ ਇਹ ਦਰਸਾਉਂਦੇ ਹਨ ਕਿ ਜਿਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਹੀ ਸ੍ਰੇਸ਼ਟ ਪੁਰਸ਼ ਹੈ¸ਚਾਹੇ ਉਹ ਗ੍ਰਿਹਸਤੀ ਹੈ, ਚਾਹੇ ਸੰਨਿਆਸੀ ਹੈ, ਚਾਹੇ ਜੋਗੀ ਹੈ : ਧਨੁ ਗਿਰਹੀ ਸੰਨਿਆਸੀ ਜੋਗੀ, ਜਿ ਹਰਿ ਚਰਣੀ ਚਿਤੁ ਲਾਏ£ (੧੧੦੩) 'ਸਿਧ ਗੋਸਟਿ' ਦੀ ਅੰਤਲੀ ਪਉੜੀ ਦਾ ਪਾਠ ਤੇ ਅਰਥ- ਭਾਵ ਸੁਚੇਤ ਪਾਠਕਾਂ ਨੂੰ ਦੋਹਾਂ ਮੱਤਾਂ ਦੇ ਅੰਤਰ-ਭੇਦਾਂ ਨੂੰ ਸਮਝਣ ਵਿਚ ਅਵੱਸ਼ ਸਹਾਈ ਹੋਵੇਗਾ।
ਇੰਜ. ਜੋਗਿੰਦਰ ਸਿੰਘ