ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਮਤਿ ਵਿਚ ਗਿਆਨ ਦਾ ਸੰਕਲਪ


ਇਕ ਸਿੱਖ ਵਿਦਵਾਨ ਨੇ ਗਿਆਨ ਦੇ ਬਾਰੇ ਬੜੀ ਸਾਰਥਕ ਟਿੱਪਣੀ ਕੀਤੀ ਹੈ ਕਿ 'ਚੀਜ਼ਾਂ ਜਾਂ ਘਟਨਾਵਾਂ ਨੂੰ ਸਹੀ ਪਰਿਪੇਖ ਵਿਚ ਜਾਣਨਾ ਗਿਆਨ ਹੈ। ਪੰਜ ਗਿਆਨ-ਇੰਦਰੀਆਂ ਦੁਆਰਾ ਦਿੱਤੀ ਜਾਣਕਾਰੀ ਸਤਹੀ ਹੁੰਦੀ ਹੈ। ਜਾਣਕਾਰੀ ਨੂੰ ਵਿਹਾਰ ਵਿਚ ਵਰਤਣਾ ਗਿਆਨ ਹੈ।'
ਗਿਆਨ ਦੀ ਮਹੱਤਾ ਨੂੰ ਬਿਆਨ ਕਰਦਿਆਂ ਹੋਇਆਂ ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਵਹਿਮਾਂ-ਭਰਮਾਂ ਰੂਪੀ ਛੱਪਰ (ਕੱਖਾਂ-ਕਾਨਿਆਂ ਦੀ ਬਣੀ ਛੰਨ/ਛੱਤ) ਸਾਰੇ ਦਾ ਸਾਰਾ ਉੱਡ ਜਾਂਦਾ ਹੈ। ਮਾਇਆ ਦੇ ਆਸਰੇ ਖਲੋਤਾ ਹੋਇਆ ਇਹ ਛੱਪਰ ਟਿਕਿਆ ਨਹੀਂ ਰਹਿੰਦਾ :
ਦੇਖੌ ਭਾਈ, ਗ~ਾਨ ਕੀ ਆਈ ਆਂਧੀ£
ਸਭੈ ਉਡਾਨੀ ਭ੍ਰਮ ਕੀ ਟਾਟੀ
ਰਹੈ ਨ ਮਾਇਆ ਬਾਂਧੀ£
(ਕਬੀਰ ਜੀ, ਗਉੜੀ ਚੇਤੀ, ੩੩੧)
ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਰਤਨ ਦੀ ਬਰਕਤ ਨਾਲ ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ ਹਰੇਕ ਕਿਸਮ ਦੀ ਸੋਝੀ ਹੋ ਜਾਂਦੀ ਹੈ ਅਤੇ ਅਗਿਆਨ ਦੂਰ ਹੋ ਜਾਂਦਾ ਹੈ। ਮਨੁੱਖ ਹਰ ਸਮੇਂ ਮਾਇਆ ਦੇ ਹਮਲਿਆਂ ਤੋਂ ਸੁਚੇਤ ਰਹਿੰਦਾ ਹੈ ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਅੰਗ-ਸੰਗ
ਮਹਿਸੂਸ ਕਰਦਾ ਹੈ :
ਗਿਆਨ ਰਤਨਿ ਸਭ ਸੋਝੀ ਹੋਇ£
ਗੁਰ ਪਰਸਾਦਿ ਅਗਿਆਨੁ ਬਿਨਾਸੈ
ਅਨਦਿਨੁ ਜਾਗੈ ਵੇਖੈ ਸਚੁ ਸੋਇ£
(ਆਸਾ, ਮ: ੩, ੩੬੪)
ਗਿਆਨ ਦਾ ਅਰਥ-ਭਾਵ
ਮਹਾਨ ਕੋਸ਼ ਵਿਚ ਗਿਆਨ ਦੇ ਅਰਥ ਇਸ ਤਰ੍ਹਾਂ ਦਿੱਤੇ ਗਏ ਹਨ¸ਜਾਣਨਾ, ਬੋਧ, ਸਮਝ, ਇਲਮ, ਪਾਰਬ੍ਰਹਮ ਜੋ ਗਿਆਨ ਰੂਪ ਹੈ।
(ਪੰਨਾ 407)
ਇਸ ਤਰ੍ਹਾਂ ਸਾਧਾਰਨ ਅਰਥਾਂ ਵਿਚ ਗਿਆਨ ਨੂੰ 'ਜਾਣਕਾਰੀ' ਸਮਝਿਆ ਜਾਂਦਾ ਹੈ। ਅੱਜਕੱਲ੍ਹ ਦੇ ਕਈ (ਕਥਿਤ) ਵਿਦਵਾਨ ਗਿਆਨ ਦਾ ਅਰਥ 'ਜਾਣਕਾਰੀ' ਹੀ ਲੈਂਦੇ ਹਨ। ਪਰ ਗਿਆਨ ਪ੍ਰਾਪਤੀ ਇੰਨੀ ਆਸਾਨ ਨਹੀਂ; ਇਸ ਵਾਸਤੇ ਕਰੜੀ ਘਾਲਣਾ ਘਾਲਣੀ ਪੈਂਦੀ ਹੈ। ਆਰਨਲਡ ਟਾਇਨਬੀ ਦਾ ਕਥਨ ਹੈ :
“Real knowledge, like anything else of value, is not be obtained easily. It must be worked for, thought for, and more than all, must be prayed for.” –Toynbee J. Arnold

ਅਰਥਾਤ : ਅਸਲੀ ਗਿਆਨ ਹੋਰਨਾਂ ਵੱਡਮੁੱਲੀਆਂ ਵਸਤਾਂ ਵਾਂਗ ਸਹਿਜੇ ਹੀ ਪ੍ਰਾਪਤ ਨਹੀਂ ਹੁੰਦਾ। ਇਸ ਲਈ ਪੁਰਸ਼ਾਰਥ (ਮਿਹਨਤ) ਕੀਤਾ ਜਾਣਾ, ਸੋਚਿਆ ਜਾਣਾ ਅਤੇ ਸਭ ਤੋਂ ਵੱਧ ਅਰਦਾਸ ਕੀਤੀ ਜਾਣੀ ਜ਼ਰੂਰੀ ਹੈ।
ਕਈ ਵਾਰ ਕੇਵਲ ਜਾਣਕਾਰੀ ਨੂੰ ਹੀ ਗਿਆਨ ਸਮਝ ਲਿਆ ਜਾਂਦਾ ਹੈ, ਜਦੋਂ ਕਿ ਇਹ ਗੱਲ ਠੀਕ ਨਹੀਂ ਹੁੰਦੀ। ਇਸ ਸੰਬੰਧ ਵਿਚ ਡਾ: ਜੋਧ ਸਿੰਘ ਲਿਖਦੇ ਹਨ :
''ਲੋਕ ਇਹ ਸਮਝਦੇ ਹਨ ਕਿ ਸ਼ਾਇਦ ਜਾਣਕਾਰੀ ਨੂੰ ਹੀ ਗਿਆਨ ਕਿਹਾ ਜਾਂਦਾ ਹੈ। ਦਰਅਸਲ ਜਾਣਕਾਰੀ ਗਿਆਨ ਨਹੀਂ ਹੈ। ਹਾਂ, ਜੇ ਗਿਆਨ ਪ੍ਰਾਪਤੀ ਦੀ ਤਾਂਘ ਮਨ ਵਿਚ ਹੋਵੇ ਤਾਂ ਇਹ ਜਾਣਕਾਰੀ ਗਿਆਨ-ਪ੍ਰਾਪਤੀ ਵੱਲ ਪਹਿਲਾ ਕਦਮ ਹੋ ਸਕਦੀ ਹੈ। ਜਿਵੇਂ ਜਾਣਕਾਰੀ ਮਨੁੱਖ ਨੂੰ ਅੰਦਰੋ-ਅੰਦਰ ਖੋਖਲਿਆਂ ਕਰ ਦਿੰਦੀ ਹੈ, ਉਸੇ ਤਰ੍ਹਾਂ ਗਿਆਨ ਪ੍ਰਾਪਤੀ ਦੀ ਅਵੱਸਥਾ ਮਨੁੱਖ ਨੂੰ ਅੰਦਰੋਂ ਬਾਹਰੋਂ ਭਰ ਦਿੰਦੀ ਹੈ ਅਤੇ ਪਰੀਪੂਰਨ ਕਰ ਦਿੰਦੀ ਹੈ। ਜਾਣਕਾਰੀ ਹਉਮੈ ਪੈਦਾ ਕਰਦੀ ਹੈ ਅਤੇ ਵਿਅਕਤੀ ਨੂੰ ਮਾਲਕ ਹੋਣ ਦੇ ਝੂਠੇ ਅਹਿਸਾਸ ਨਾਲ ਭਰਦੀ ਹੈ, ਜਦੋਂ ਕਿ ਗਿਆਨ ਨਾਲ ਭਰਿਆ ਵਿਅਕਤੀ ਆਪਣੇ ਆਪ ਨੂੰ ਇਕ ਬਹੁਤ ਹੀ ਮਾਮੂਲੀ ਤੇ ਤੁੱਛ ਜੀਵ ਸਮਝਦਾ ਹੋਇਆ ਸਾਰਿਆਂ ਦਾ ਸੇਵਕ ਬਣ ਜਾਂਦਾ ਹੈ। ਗੁਰਮਤਿ ਵਿਚ ਗਿਆਨ ਪ੍ਰਾਪਤੀ ਦਾ ਸਭ ਤੋਂ ਵੱਡਾ ਸਾਧਨ ਵਿਸਮਾਦ ਨੂੰ ਮੰਨਿਆ ਗਿਆ ਹੈ ਕਿਉਂਕਿ ਵਿਸਮਾਦ ਵਿਚ ਪੁੱਜਿਆ ਵਿਅਕਤੀ ਹੀ ਆਪਣੇ ਆਪ ਨੂੰ ਸਾਰੇ ਜਗਤ ਵਰਤਾਰੇ ਦਾ ਇਕ ਛੋਟਾ ਜਿਹਾ ਅੰਗ ਮੰਨਦੇ ਹੋਏ ਸਾਰਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝਦਾ ਹੈ ਅਤੇ ਸਾਰਿਆਂ ਨੂੰ ਪਿਆਰ ਕਰਨ, ਸਤਿਕਾਰ ਦੇਣ ਵੱਲ ਵੀ ਰੁਚਿਤ ਹੁੰਦਾ ਹੈ। ਜਾਣਕਾਰੀ ਰੱਖਣ ਵਾਲਾ ਵਿਅਕਤੀ ਵਿਸਮਾਦ ਅਵੱਸਥਾ ਵਿਚ ਨਹੀਂ ਪੁੱਜ ਸਕਦਾ ਕਿਉਂਕਿ ਵਿਸਮਾਦੀ ਹੋਣ ਲਈ ਸਾਨੂੰ ਸੰਸਾਰ ਪ੍ਰਤੀ ਆਪਣੀ ਸਾਰੀ ਪਹੁੰਚ ਹੀ ਬਦਲਣੀ ਪੈਂਦੀ ਹੈ।''
ਪ੍ਰਭੂ ਦੀ ਰਚਨਾ ਅਸੀਮ ਹੈ, ਬੇਅੰਤ ਹੈ, ਅਪਾਰ ਹੈ। ਇਸ ਦੇ ਵੱਖ-ਵੱਖ ਅੰਗਾਂ, ਵੱਖ-ਵੱਖ ਵਿਸ਼ਿਆਂ ਦਾ ਗਿਆਨ/ਜਾਣਕਾਰੀ ਮਨੁੱਖ ਨੂੰ ਅਚੰਭਿਤ ਕਰ ਦਿੰਦਾ ਹੈ। ਗਿਆਨ ਦਾ ਵਾਧਾ ਮਨੁੱਖ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਜੋ ਅਣਜਾਣਿਆ ਪਿਆ ਹੈ, ਉਸ ਦਾ ਕੋਈ ਅੰਤ ਨਹੀਂ। ਬ੍ਰਹਿਮੰਡ ਦੀ ਅਸੀਮਤਾ ਦਾ ਅਹਿਸਾਸ ਹੀ ਮਨੁੱਖ ਨੂੰ ਕਾਇਨਾਤ ਦੇ ਸਮੁੱਚ ਵਿਚ ਆਪਣੇ ਆਪ ਨੂੰ ਤੁੱਛ ਹੋਣ ਦਾ ਅਨੁਭਵ ਕਰਵਾਉਂਦਾ ਹੈ। ਇਸੇ ਲਈ ਹੀ ਗਿਆਨ ਦੇ ਕਹੇ ਜਾਣ ਵਾਲੇ ਸਾਗਰ ਸੁਕਰਾਤ (Socerates) ਨੇ ਕਿਹਾ ਸੀ¸“9 know that, 9 know nothing.” ਅਤੇ ਨਿਊਟਨ ਵਰਗੇ ਮਹਾਨ ਵਿਗਿਆਨੀ ਨੇ ਕਿਹਾ ਸੀ:
''ਉਹ (ਖ਼ੁਦ) ਇਕ ਉਸ ਬੱਚੇ ਦੇ ਸਮਾਨ ਹੈ, ਜੋ ਵਿੱਦਿਆ-ਸਾਗਰ ਦੇ ਕੰਢੇ ਦੀ ਰੇਤ 'ਚੋਂ ਕੇਵਲ ਗੀਟੇ ਚੁਗ ਰਿਹਾ ਹੋਵੇ, ਜਦਕਿ  ਗਆਨ ਦਾ ਸਾਗਰ ਉਸ ਦੇ ਸਾਹਮਣੇ ਅਛੋਹ ਪਿਆ ਦਿੱਸੇ।''
ਅਸਲ ਗਿਆਨ ਮਨੁੱਖ ਵਿਚੋਂ ਆਪਾ-ਭਾਵ ਅਥਵਾ ਹਉਮੈ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਉਸ ਨੂੰ ਨਿਰਮਾਣਤਾ ਦੇ ਜਜ਼ਬੇ ਨਾਲ ਭਰ ਦਿੰਦਾ ਹੈ। ਜੋ ਸਟਰਲਿੰਗ ਲਿਖਦਾ ਹੈ :
““he worst education that teachers self-denial is better than the best education that teaches everything else and not that.” – Joe Sterling
ਅਰਥਾਤ¸ਘਟੀਆ ਤੋਂ ਘਟੀਆ ਵਿੱਦਿਆ, ਜੋ ਮਨੁੱਖ ਨੂੰ 'ਆਪਾ-ਤਿਆਗ' ਸਿਖਾਉਂਦੀ ਹੈ, ਉਸ ਵਧੀਆ ਵਿੱਦਿਆ ਨਾਲੋਂ ਸ੍ਰੇਸ਼ਟ ਹੈ ਜੋ ਇਸ (ਆਪਾ-ਤਿਆਗ) ਤੋਂ ਸਿਵਾ ਹੋਰ ਸਭ ਕੁਝ ਸਿਖਾਉਂਦੀ ਹੈ।
ਗਿਆਨ ਪ੍ਰਾਪਤੀ ਦਾ ਉਦੇਸ਼ ਮਨੁੱਖ ਦੇ ਹਿਰਦੇ ਵਿਚੋਂ ਅਗਿਆਨਤਾ ਦੇ ਹਨੇਰੇ ਨੂੰ ਖ਼ਤਮ ਕਰਕੇ ਉਸ ਨੂੰ ਸੱਚ ਦੇ ਪ੍ਰਕਾਸ਼ ਨਾਲ ਭਰਪੂਰ ਕਰਨਾ ਹੈ; ਉਸ ਨੂੰ ਸਚਿਆਰਾ ਬਣਾਉਣਾ ਹੈ। ਸੱਚ ਦੇ ਪ੍ਰਕਾਸ਼
ਨਾਲ ਜਦੋਂ ਕੂੜ ਦੀ ਕੰਧ ਢਹਿ ਜਾਂਦੀ ਹੈ ਤਾਂ ਮਨੁੱਖੀ ਜੀਵਨ ਦੇ ਸਭ ਪੱਖਾਂ¸ਅਧਿਆਤਮਿਕ, ਸੱਭਿਆਚਾਰਕ, ਵਿਗਿਆਨਿਕ, ਆਰਥਿਕ ਆਦਿ ਵਿਚ ਸੁਖਾਵਾਂ ਸੁਮੇਲ ਸਥਾਪਿਤ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇੰਝ ਉਹ ਜੀਵਨ ਨੂੰ ਅਨੰਦ ਤੇ ਖੇੜੇ ਸਹਿਤ ਜਿਊਂਦਾ ਹੈ।
ਦੈਵੀ (ਅਧਿਆਤਮਿਕ) ਗਿਆਨ ਦੀ ਲੋੜ
ਵਿਗਿਆਨ ਦੀ ਪ੍ਰਗਤੀ ਨਾਲ ਮਨੁੱਖ ਨੇ ਬਹੁਤ ਅਦਭੁਤ ਪ੍ਰਾਪਤੀਆਂ ਕੀਤੀਆਂ ਹਨ ਅਤੇ ਆਪਣੇ ਜੀਵਨ ਨੂੰ ਬੇਹੱਦ ਸੁਖਾਲਾ ਬਣਾ ਲਿਆ ਹੈ। ਉਸ ਨੇ ਕੁਦਰਤੀ ਆਫ਼ਤਾਂ 'ਤੇ ਵਸੀਕਾਰ ਪ੍ਰਾਪਤ ਕਰ ਲਿਆ ਹੈ; ਵੱਡੀਆਂ-ਵੱਡੀਆਂ ਜਟਿਲ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਈਜਾਦ ਕਰ ਲਈਆਂ ਹਨ। ਉਹ ਇਸ ਧਰਤੀ ਦੇ ਗੁੱਝੇ ਭੇਦਾਂ ਨੂੰ ਹੀ ਨਹੀਂ, ਪੁਲਾੜ ਦੇ ਗ੍ਰਹਿਆਂ ਦੀ ਜਾਣਕਾਰੀ ਹਾਸਿਲ ਕਰਨ ਵਿਚ ਸਫ਼ਲ ਹੋ ਗਿਆ ਹੈ; ਉਹ ਦੂਜੇ ਗ੍ਰਹਿਆਂ 'ਤੇ ਪੁੱਜਣ ਵਿਚ ਸਫ਼ਲ
ਹੋ ਗਿਆ ਹੈ ਅਤੇ ਉੱਥੇ ਜੀਵਨ ਦੀ ਭਾਲ ਕਰ ਰਿਹਾ ਹੈ; ਕੁਝ ਗ੍ਰਹਿਆਂ 'ਤੇ ਜਾ ਕੇ ਵੱਸਣ ਦੀਆਂ ਸੰਭਾਵਨਾਵਾਂ ਖੋਜ ਰਿਹਾ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਲੱਭਤਾਂ ਲਈ ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਏ, ਥੋੜ੍ਹੀ ਹੈ।
ਇੰਨੀ ਪਦਾਰਥਕ ਉੱਨਤੀ ਹੋਣ ਦੇ ਬਾਵਜੂਦ ਵੀ ਸੰਸਾਰ ਤੋਂ ਭੁੱਖਮਰੀ, ਬਿਮਾਰੀਆਂ, ਪ੍ਰਦੂਸ਼ਣ, ਆਰਥਕ ਲੁੱਟ-ਖਸੁੱਟ, ਵਿਅਕਤੀਆਂ ਤੋਂ ਲੈ ਕੇ ਦੇਸ਼ਾਂ ਦੀ ਹੈਂਕੜਬਾਜ਼ੀ, ਕਬਜ਼ੇ ਦੀ ਭਾਵਨਾ, ਕਮਜ਼ੋਰ ਲੋਕਾਂ ਅਤੇ ਦੇਸ਼ਾਂ ਦਾ ਸ਼ੋਸ਼ਣ, ਅਨਪੜ੍ਹਤਾ, ਬੇਰੁਜ਼ਗਾਰੀ, ਹਿੰਸਾ; ਦੇਸ਼, ਧਰਮ, ਜਾਤ, ਭਾਸ਼ਾ, ਨਸਲ, ਰੰਗ ਆਦਿ ਦੇ ਮਸਲਿਆਂ 'ਤੇ ਹਿੰਸਾ, ਲੜਾਈਆਂ, ਕਤਲੋਗਾਰਤ, ਮਾਰੂ ਹਥਿਆਰਾਂ ਦੀ ਹੋਂਦ ਜੋ ਸਮੁੱਚੀ ਮਾਨਵਤਾ ਦਾ ਪਲਾਂ ਵਿਚ ਸਰਬਨਾਸ਼ ਕਰ ਸਕਦੇ ਹਨ ਆਦਿ ਦੇ ਡਰ ਕਾਰਨ ਮਾਨਵਤਾ ਸਹਿਮੀ ਪਈ ਹੈ। ਕੇਵਲ ਗਰੀਬ ਜਾਂ ਅਨਪੜ੍ਹ ਹੀ ਨਹੀਂ ਸਗੋਂ ਉੱਚ-ਵਿੱਦਿਆ ਪ੍ਰਾਪਤ, ਸਿਖਰ ਦੇ ਧਨਵਾਨ ਮਨੁੱਖ, ਉੱਚੀਆਂ ਪਦ-ਪਦਵੀਆਂ 'ਤੇ ਬੈਠੇ ਵਿਅਕਤੀ ਵੀ ਆਤਮ-ਹੱਤਿਆਵਾਂ ਕਰ ਰਹੇ ਹਨ।
ਇਸ ਸਭ ਦਾ ਕਾਰਨ ਮਨੁੱਖੀ ਸੋਚ ਹੈ, ਜੋ ਉਸ ਦੇ ਗਿਆਨਵਾਨ, ਵਿਦਿਆਵਾਨ ਹੋਣ ਅਤੇ ਪਦਾਰਥਕ ਉੱਨਤੀ ਕਾਰਨ ਬਦਲੀ ਨਹੀਂ। ਮਨੁੱਖ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਵਿਕਾਰ ਪਹਿਲਾਂ ਦੀ ਤਰ੍ਹਾਂ ਹੀ ਮੌਜੂਦ ਹਨ। ਵਪਾਰੀ, ਉਦਯੋਗਪਤੀ, ਰਾਜਨੀਤਿਕ ਲੀਡਰ, ਧਾਰਮਿਕ ਆਗੂ, ਕਥਿਤ ਸਾਧ-ਸੰਤ ਸਭ ਨੂੰ ਆਪਣੇ ਹਿਤਾਂ ਦੀ ਪਈ ਹੋਈ ਹੈ। ਲੋਕ ਭਲਾਈ ਅਤੇ ਲੋਕ ਸੇਵਾ ਦੇ ਮਖੌਟੇ ਪਹਿਨੀ ਹਰ ਕੋਈ ਵੱਧ ਤੋਂ ਵੱਧ ਧਨ, ਸੰਪਤੀ, ਸੁਖ-ਸਾਧਨਾਂ 'ਤੇ ਕਬਜ਼ਾ ਕਰਨ ਲਈ ਭ੍ਰਿਸ਼ਟ ਢੰਗ-ਤਰੀਕੇ ਅਪਨਾਅ ਰਿਹਾ ਹੈ। ਇਸ ਕਰਕੇ ਸੰਸਾਰ ਦੇ ਲੋਕਾਂ ਦੀ ਬਹੁ-ਗਿਣਤੀ ਜੀਵਨ ਦੀਆਂ ਮੂਲ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ, ਸਗੋਂ ਦੁੱਖ, ਭੁੱਖ ਤੇ ਬਿਮਾਰੀਆਂ
ਦੀ ਸ਼ਿਕਾਰ ਬਹੁਤ ਹੀ ਤਰਸਯੋਗ ਜੀਵਨ ਬਿਤਾ ਰਹੀ ਹੈ।
ਜਦ ਤੱਕ ਮਨੁੱਖ ਆਪਣੀ ਸੋਚ ਨਹੀਂ ਬਦਲਦਾ, ਉਦੋਂ ਤੱਕ ਸੰਸਾਰ ਅਮਨ-ਚੈਨ ਨਾਲ ਜੀਅ ਨਹੀਂ ਸਕਦਾ। ਸੰਸਾਰ ਦੇ ਲੋਕਾਂ ਨੂੰ ਇਕ ਪ੍ਰਭੂ ਦੀ ਹੋਂਦ ਦਾ ਅਹਿਸਾਸ ਕਰਾਉਣਾ ਜ਼ਰੂਰੀ ਹੈ; ਇਹ ਦੱਸਣਾ ਕਿ ਇਕੋ ਪਿਤਾ (ਪ੍ਰਭੂ) ਦੀ ਸੰਤਾਨ ਜਦੋਂ ਤੱਕ ਲੜਦੀ-ਭਿੜਦੀ ਰਹੇਗੀ, ਆਪਣਾ ਵਿਕਾਸ ਤੇ ਦੂਜੇ ਦਾ ਵਿਨਾਸ਼ ਕਰਦੀ ਰਹੇਗੀ, ਉਦੋਂ ਤੱਕ ਹਾਲਾਤ ਇਸੇ ਤਰ੍ਹਾਂ ਦੇ ਹੀ ਰਹਿਣਗੇ। ਇਕ ਪ੍ਰਭੂ ਵਿਚ ਵਿਸ਼ਵਾਸ (ਉਸ ਦੀ ਹੋਂਦ ਦਾ ਅਨੁਭਵ), ਸਦਾਚਾਰਕ (ਨੈਤਿਕ) ਅਤੇ ਰੱਬੀ (ਦੈਵੀ) ਗੁਣਾਂ ਦੇ ਧਾਰਨ ਨਾਲ ਹੀ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ। ਇਹ ਸਭ ਕੁਝ ਪ੍ਰਭੂ-ਜੋਤਿ (ਗਿਆਨ) ਨਾਲ ਪ੍ਰਕਾਸ਼ਿਤ ਲੋਕ ਹੀ ਕਰ ਸਕਦੇ ਹਨ¸ਗੁਰੂ, ਪੀਰ ਹੀ ਕਰ ਸਕਦੇ ਹਨ। ਇਸੇ ਲਈ ਗੁਰਬਾਣੀ/ਗੁਰਮਤਿ ਗੁਰੂ ਦੇ ਗਿਆਨ ਦੀ ਲੋਅ ਵਿਚ ਜੀਵਨ ਬਿਤਾਉਣ ਦਾ ਉਪਦੇਸ਼ ਦਿੰਦੀ ਹੈ :
¸ਬਲਿਆ ਗੁਰ ਗਿਆਨੁ, ਅੰਧੇਰਾ ਬਿਨਸਿਆ
ਹਰਿ ਰਤਨੁ ਪਦਾਰਥੁ ਲਾਧਾ£
ਹਉਮੈ ਰੋਗੁ ਗਇਆ, ਦੁਖੁ ਲਾਥਾ
ਆਪੁ ਆਪੈ ਗੁਰਮਤਿ ਖਾਧਾ£
(ਸਿਰੀਰਾਗੁ, ਮ: ੪¸੭੮)
¸ਕਬੀਰ ਮਨੁ ਸੀਤਲੁ ਭਇਆ
ਪਾਇਆ ਬ੍ਰਹਮ ਗਿਆਨੁ£
ਜਿਨਿ ਜੁਆਲਾ ਜਗੁ ਜਾਰਿਆ
ਸੁ ਜਨ ਕੇ ਉਦਕ ਸਮਾਨਿ£ ੧੭੫£
(ਸਲੋਕ ਕਬੀਰ ਜੀ, ੧੩੭੩)
¸ਚਿੰਤ ਬਿਸਾਰੀ ਏਕ ਦ੍ਰਿਸਟੇਤਾ£
ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ£
(ਗਉੜੀ, ਬਾਵਨ ਅਖਰੀ, ਮ: ੫, ੨੫੪)
¸ਉਪਜੈ ਗਿਆਨੁ ਦੁਰਮਤਿ ਛੀਜੈ£
ਅੰਮ੍ਰਿਤ ਰਸਿ ਗਗਨੰਤਰਿ ਭੀਜੈ£
(ਰਾਮਕਲੀ, ਬੇਣੀ ਜੀ, ੯੭੪)
ਜਿਹੜਾ ਮਨੁੱਖ ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਦੇ ਨਾਲ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਹ ਆਪਣੇ ਮਨ ਵਿਚੋਂ ਮਾਇਆ ਵਾਲੇ ਫੁਰਨਿਆਂ ਨੂੰ ਮਨ ਵਿਚ ਹੀ ਮਾਰ ਲੈਂਦਾ ਹੈ। ਉਹ ਕਾਮ, ਕ੍ਰੋਧ, ਹੰਕਾਰ ਆਦਿਕ ਨੂੰ ਦੂਰ ਕਰ ਲੈਂਦਾ ਹੈ; ਉਹ ਕਾਮ ਆਦਿਕ ਪੰਜ ਚੋਰਾਂ (ਵਿਕਾਰਾਂ) ਨੂੰ ਮਾਰ ਲੈਂਦਾ ਹੈ :
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ£
ਤਸਕਰ ਪੰਚ ਸਬਦਿ ਸੰਘਾਰੇ£
ਗਿਆਨ ਖੜਗੁ ਲੈ ਮਨ ਸਿਉ ਲੂਝੈ
ਮਨਸਾ ਮਨਹਿ ਸਮਾਈ ਹੇ£
(ਮਾਰੂ, ਮ: ੧, ਸੋਲਹੇ, ੧੦੨੨)
ਜਾਣਕਾਰੀ ਅਤੇ ਗਿਆਨ ਵਿਚ ਅੰਤਰ
ਕਿਸੇ ਵਸਤੂ ਦੇ ਹੋਂਦ ਵਿਚ ਆਉਣ ਦੀ ਪ੍ਰਕਿਰਿਆ, ਉਸ ਦੇ ਗੁਣ ਦੋਸ਼ਾਂ, ਲਾਭ-ਹਾਨੀਆਂ ਬਾਰੇ ਪਤਾ ਲੱਗਣ ਨੂੰ ਜਾਣਕਾਰੀ ਕਿਹਾ ਜਾਂਦਾ ਹੈ। ਉਸ ਵਸਤੂ ਨੂੰ ਹਾਸਲ ਕਰ ਕੇ, ਉਸ ਦੀ ਵਰਤੋਂ ਕਰ ਕੇ, ਉਸ ਤੋਂ ਮਿਲਦੀ ਅਨੁਭਵੀ 'ਜਾਣਕਾਰੀ' (ਅਹਿਸਾਸ) ਨੂੰ 'ਗਿਆਨ' ਕਿਹਾ ਜਾਂਦਾ ਹੈ। ਅਸੀਂ ਅੰਬ ਦੇ ਫਲ ਦੀ ਉਦਾਹਰਣ ਲੈਂਦੇ ਹਾਂ। ਸਾਨੂੰ ਪੜ੍ਹ-ਸੁਣ ਕੇ ਇਹ ਪਤਾ ਲਗਦਾ ਹੈ ਕਿ ਧਰਤੀ ਵਿਚ ਦੱਬੀ ਅੰਬ ਦੀ ਗੁਠਲੀ ਤੋਂ ਅੰਬ ਦਾ ਬੂਟਾ ਉੱਗਦਾ ਹੈ, ਬਿਰਖ ਦਾ ਰੂਪ ਧਾਰਨ ਕਰਦਾ ਹੈ, ਉਸ ਨੂੰ ਬੂਰ ਪੈਂਦਾ ਹੈ, ਅੰਬ ਲਗਦੇ ਹਨ, ਜੋ ਪੱਕ ਕੇ ਮਿੱਠੇ, ਰਸਦਾਇਕ ਬਣਦੇ ਹਨ ਜਿਨ੍ਹਾਂ ਨੂੰ ਚੂਪਣ ਜਾਂ ਕੱਟ ਕੇ ਖਾਣ ਨਾਲ ਬਹੁਤ ਸੁਆਦ ਆਉਂਦਾ ਹੈ। ਇਹ ਸਭ ਅੰਬ ਦੇ ਫਲ ਦੀ ਜਾਣਕਾਰੀ ਹੈ। ਜਦੋਂ ਅਸੀਂ ਅੰਬ ਨੂੰ ਚੂਪਦੇ ਹਾਂ ਜਾਂ ਕੱਟ ਕੇ ਖਾਂਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਉਹ ਫਿੱਕਾ ਹੈ, ਖੱਟਾ ਹੈ, ਜਾਂ ਮਿੱਠਾ ਹੈ। ਅੰਬ ਦੀ ਮਿਠਾਸ ਤੋਂ ਉਸ ਦੇ ਸਹੀ ਸੁਆਦ ਦਾ
ਪਤਾ ਲਗਦਾ ਹੈ, ਜਿਸ ਨਾਲ ਮਨ ਨੂੰ ਖੁਸ਼ੀ ਹੁੰਦੀ ਹੈ। ਅੰਬ ਨੂੰ ਚੂਪਣਾ ਅਤੇ ਉਸ ਦਾ ਸੁਆਦ ਮਾਣਨਾ, ਉਸ ਦਾ ਗਿਆਨ ਹੈ। ਇਸੇ ਤਰ੍ਹਾਂ ਹੀ ਧਾਰਮਿਕ ਪੁਸਤਕਾਂ ਤੋਂ ਅਕਾਲ ਪੁਰਖ ਬਾਰੇ ਜਾਣਕਾਰੀ ਮਿਲਦੀ ਹੈ; ਉਸ ਦੀ ਹੋਂਦ ਅਤੇ ਗੁਣਾਂ ਦਾ ਪਤਾ ਲਗਦਾ ਹੈ। ਉਸ ਨਾਲ ਸਾਂਝ ਪਾਉਣ ਮਗਰੋਂ ਪੈਦਾ ਹੋਣ ਵਾਲੀ ਸਹਿਜ ਅਵਸਥਾ ਜਾਂ ਵਿਸਮਾਦ ਦੀ ਅਵੱਸਥਾ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਧਾਰਮਿਕ ਪੁਸਤਕਾਂ ਤੋਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਪ੍ਰਭੂ ਨਾਲ ਸਾਂਝ ਗੁਰੂ ਦੇ ਉਪਦੇਸ਼ 'ਤੇ ਚੱਲਣ ਨਾਲ ਹੀ ਪਾਈ ਜਾ ਸਕਦੀ ਹੈ। ਸੋ, ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਆਪਣਾ ਜੀਵਨ ਗੁਰ- ਉਪਦੇਸ਼ ਮੁਤਾਬਿਕ ਢਾਲਦਾ ਹੈ, ਉਸ ਦੀ ਪ੍ਰਭੂ ਨਾਲ ਸਾਂਝ ਪੈਂਦੀ ਹੈ, ਉਹ ਪ੍ਰਭੂ-ਮਿਲਾਪ ਦਾ ਅਨੰਦ ਮਾਣਨਾ ਅਰੰਭ ਕਰਦਾ ਹੈ। ਪ੍ਰਭੂ-ਪ੍ਰੀਤ ਜਿਉਂ-ਜਿਉਂ ਪੀਡੀ ਹੁੰਦੀ ਹੈ, ਉਸ ਨੂੰ ਪ੍ਰਭੂ ਦੀ ਹੋਂਦ ਦਾ ਡੂੰਘਾ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ। ਪ੍ਰਭੂ ਦੇ ਨਾਮ (ਸਿਫ਼ਤ-ਸਲਾਹ) ਦੇ ਰਸ/ਸੁਆਦ ਬਾਰੇ ਜੋ ਕੁਝ ਉਹ ਪੜ੍ਹਦਾ/ਸੁਣਦਾ ਸੀ, ਹੁਣ ਉਸ ਰਸ ਨੂੰ ਉਹ ਵਿਹਾਰਕ ਰੂਪ ਵਿਚ ਮਾਣਦਾ ਹੈ। ਇਸ ਅਵਸਥਾ 'ਤੇ ਪੁੱਜੇ ਹੋਏ ਮਨੁੱਖ ਨੂੰ ਹੀ ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਦੇ ਅਰਥ ਪੂਰੀ ਤਰ੍ਹਾਂ ਸਮਝ ਪੈਂਦੇ ਹਨ :
ਆਖਾ ਜੀਵਾ, ਵਿਸਰੈ ਮਰਿ ਜਾਉ£
ਆਖਣਿ ਅਉਖਾ ਸਾਚਾ ਨਾਉ£
ਸਾਚੇ ਨਾਮ ਕੀ ਲਾਗੈ ਭੂਖ£
ਉਤੁ ਭੂਖੈ ਖਾਇ ਚਲੀਅਹਿ ਦੂਖ£ ੧£
ਸੋ ਕਿਉ ਵਿਸਰੈ ਮੇਰੀ ਮਾਇ£
ਸਾਚਾ ਸਾਹਿਬੁ ਸਾਚੈ ਨਾਇ£ ੧£ ਰਹਾਉ£
(ਆਸਾ, ਮ: ੧, ੯)
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਗਿਆਨ- ਪ੍ਰਾਪਤੀ ਦਾ ਪੈਂਡਾ ਜਾਣਕਾਰੀ ਹਾਸਿਲ ਕਰਨ ਨਾਲੋਂ ਕਾਫੀ ਔਖਾ ਹੈ। ਗੁਰੂ ਨਾਨਕ ਪਾਤਸ਼ਾਹ ਏਸੇ ਲਈ ਫੁਰਮਾਉਂਦੇ ਹਨ :
ਗਿਆਨੁ ਨ ਗਲੀਈ ਢੂਢੀਐ
ਕਥਨਾ ਕਰੜਾ ਸਾਰੁ£
ਕਰਮਿ ਮਿਲੈ ਤਾ ਪਾਈਐ
ਹੋਰ ਹਿਕਮਤਿ ਹੁਕਮੁ ਖੁਆਰੁ£ ੩£
(ਆਸਾ ਕੀ ਵਾਰ, ਮ: ੧, ੪੬੫)
ਪ੍ਰਭੂ ਦਾ ਗਿਆਨ¸ਤੱਤ ਗਿਆਨ
ਪ੍ਰਭੂ ਗੁਣਾਂ ਦਾ ਖਜ਼ਾਨਾ ਹੈ, ਗੁਣੀ-ਨਿਧਾਨ ਹੈ, ਦੈਵੀ ਅਤੇ ਨੈਤਿਕ ਗੁਣਾਂ ਦਾ ਸੋਮਾ ਹੈ। ਇਸ ਲਈ ਗੁਣਾਂ ਦੀ ਪ੍ਰਾਪਤੀ ਲਈ ਉਸ ਨਾਲ ਸਾਂਝ ਪਾਉਣੀ ਜ਼ਰੂਰੀ ਹੈ। ਪ੍ਰਭੂ ਨਾਲ ਸਾਂਝ ਤਾਂ ਹੀ ਪੈ ਸਕਦੀ ਹੈ ਜੇ ਮਨੁੱਖ ਨੂੰ ਪ੍ਰਭੂ ਦੀ ਹਸਤੀ (ਹੋਂਦ) 'ਤੇ ਪੂਰਾ ਵਿਸ਼ਵਾਸ ਹੋਵੇ; ਉਸ ਨੂੰ ਇਹ ਪਤਾ ਹੋਵੇ ਕਿ ਪ੍ਰਭੂ ਕੋਈ ਖ਼ਿਆਲੀ (ਕਾਲਪਨਿਕ) ਹਸਤੀ ਨਹੀਂ, ਸਗੋਂ ਸਚਮੁੱਚ ਹੋਂਦ ਵਾਲਾ ਹੈ। ਇਸ ਸੰਬੰਧ ਵਿਚ ਗੁਰੂ ਅਰਜਨ ਪਾਤਸ਼ਾਹ ਇਸ ਤਰ੍ਹਾਂ ਸੇਧ ਦਿੰਦੇ ਹਨ :
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ£
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ£
(ਗਉੜੀ, ਸੁਖਮਨੀ, ਮ: ੫, ੨੮੫)
ਹਰੇਕ ਮਨੁੱਖ ਧਾਰਮਿਕ ਪੁਸਤਕਾਂ ਪੜ੍ਹ ਕੇ ਜਾਂ ਹੋਰਨਾਂ ਤੋਂ ਸੁਣ-ਸੁਣ ਕੇ ਪ੍ਰਭੂ ਬਾਰੇ ਗੱਲਾਂ ਕਰਦਾ ਹੈ; ਉਸ ਦੀ ਹਸਤੀ ਬਾਰੇ ਅੰਦਾਜ਼ੇ ਲਾਉਂਦਾ ਹੈ, ਦਲੀਲਾਂ (ਤਰਕ) ਪੇਸ਼ ਕਰਦਾ ਹੈ, ਜਿਨ੍ਹਾਂ ਦੇ ਆਧਾਰ 'ਤੇ ਹੋਰਨਾਂ ਨੂੰ ਪ੍ਰਭੂ ਬਾਰੇ 'ਗਿਆਨ' ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਸਪੱਸ਼ਟ ਕਰਦੇ ਹਨ ਕਿ ਇਸ ਤਰ੍ਹਾਂ ਤਾਂ ਮਨੁੱਖ ਖੁਦ ਵੀ ਪ੍ਰਭੂ ਬਾਰੇ ਜਾਣ ਨਹੀਂ ਸਕਦਾ। ਪ੍ਰਭੂ ਦੀ ਮਹਾਨਤਾ ਦਾ ਅੰਦਾਜ਼ਾ ਤਾਂ ਉਸ (ਪ੍ਰਭੂ) ਦੇ ਨਿਜੀ ਅਨੁਭਵ (ਦਰਸ਼ਨ) ਦੁਆਰਾ ਹੀ ਲਾਇਆ ਜਾ ਸਕਦਾ ਹੈ :
ਸੁਣਿ ਵਡਾ ਆਖੈ ਸਭੁ ਕੋਇ£
ਕੇਵਡੁ ਵਡਾ ਡੀਠਾ ਹੋਇ£
ਕੀਮਤਿ ਪਾਇ ਨ ਕਹਿਆ ਜਾਇ£
ਕਹਣੈ ਵਾਲੇ ਤੇਰੇ ਰਹੇ ਸਮਾਇ£ ੧£
(ਆਸਾ, ਮ: ੧, ੯)
ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਗਿਆਨ ਉਹ ਹੈ, ਜਿਸ ਨੂੰ ਦ੍ਰਿੜ੍ਹ ਕਰਨ ਨਾਲ ਮਨੁੱਖ ਪ੍ਰਭੂ ਦਾ ਸੇਵਕ/ਭਗਤ ਬਣ ਜਾਏ। ਜ਼ੁਬਾਨੀ-ਜ਼ੁਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਪ੍ਰਭੂ ਪ੍ਰਾਪਤ ਹੋ ਗਿਆ ਹੈ; ਮੇਰੀ ਸੁਰਤ ਪ੍ਰਭੂ ਵਿਚ ਜੁੜ ਗਈ ਹੈ, ਪਰ ਵਾਸਤਵ ਵਿਚ ਸਾਰਾ ਸੰਸਾਰ ਮਾਇਆ ਦੇ ਮੋਹ ਦੀ ਫ਼ਾਹੀ ਵਿਚ ਬੱਝਾ ਹੋਇਆ ਭਟਕ ਰਿਹਾ ਹੈ। ਕੇਵਲ ਮਾਤਰ ਗਿਆਨ-ਗਿਆਨ ਆਖਣ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ:
ਐਸਾ ਗਿਆਨੁ ਜਪਹੁ ਮਨ ਮੇਰੇ£
ਹੋਵਹੁ ਚਾਕਰ ਸਾਚੇ ਕੇਰੇ£ ੧£ ਰਹਾਉ£
ਗਿਆਨੁ ਧਿਆਨੁ ਸਭੁ ਕੋਈ ਰਵੈ£
ਬਾਂਧਨਿ ਬਾਂਧਿਆ ਸਭੁ ਜਗੁ ਭਵੈ£
(ਸੂਹੀ, ਮ: ੧, ੭੨੮)
ਗੁਰਬਾਣੀ ਵਿਚ ਗਿਆਨ ਦੀ ਵਿਆਖਿਆ ਕਰਦਿਆਂ ਹੋਇਆਂ ਸਤਿਗੁਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹੀ ਗਿਆਨ ਸ੍ਰੇਸ਼ਟ ਹੈ, ਜਿਹੜਾ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰ ਦਿੰਦਾ ਹੈ। ਉਸ ਗਿਆਨ ਨਾਲ ਮਨੁੱਖ ਪ੍ਰਭੂ-ਪ੍ਰੀਤ ਦੇ ਅਨੰਦ ਵਿਚ ਭਿੱਜ ਜਾਂਦਾ ਹੈ; ਲੋਕ-ਪਰਲੋਕ ਵਿਚ ਆਦਰ ਪ੍ਰਾਪਤ ਕਰਦਾ ਹੈ।
ਕਹਿਣ ਨੂੰ ਤਾਂ ਹਰ ਕੋਈ ਪ੍ਰਭੂ ਦੀ ਚਰਚਾ ਕਰਦਾ ਹੈ ਅਤੇ ਆਖਦਾ ਹੈ ਕਿ ਉਸ ਨੂੰ ਬ੍ਰਹਮ-ਗਿਆਨ ਹੋ ਗਿਆ ਹੈ, ਪਰ ਗਿਆਨ ਦੀ ਨਿਰੀ ਚਰਚਾ ਕਰਨ ਨਾਲ ਕਲੇਸ਼ ਹੀ ਪੈਦਾ ਹੁੰਦਾ ਹੈ ਕਿਉਂਕਿ ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾਂ ਥੋਥੇ ਗਿਆਨ ਨਾਲ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ। ਗੁਰੂ-ਲੜ ਲੱਗ ਕੇ ਹੀ ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਦੀ ਸੁਰਤ ਨਾਮ ਵਿਚ (ਪ੍ਰਭੂ ਦੇ ਗੁਣਾਂ ਵਿਚ) ਜੁੜਦੀ ਹੈ ਅਤੇ ਮਨੁੱਖ ਦੀ ਜੀਵਨ-ਜਾਚ ਨਿਰਮਲ ਹੋ ਜਾਂਦੀ ਹੈ। ਆਪਣੇ ਮਨ ਪਿੱਛੇ ਤੁਰਨ ਵਾਲਾ, ਕੇਵਲ ਆਪਣੇ ਵਿਚਾਰਾਂ ਨੂੰ 'ਗਿਆਨ' ਸਮਝਣ ਵਾਲਾ ਸੰਸਾਰ ਵਿਚ ਭਟਕਦਾ ਹੀ ਰਹਿੰਦਾ ਹੈ; ਉਸ ਦਾ ਮਨ ਟਿਕਾਉ ਵਿਚ ਨਹੀਂ ਆਉਂਦਾ :
ਐਸਾ ਗਿਆਨੁ ਪਦਾਰਥੁ ਨਾਮੁ£
ਗੁਰਮੁਖਿ ਪਾਵਸਿ ਰਸਿ ਰਸਿ ਮਾਨੁ£੧£ ਰਹਾਉ£
ਗਿਆਨੁ ਗਿਆਨੁ ਕਥੈ ਸਭੁ ਕੋਈ£
ਕਥਿ ਕਥਿ ਬਾਦੁ ਕਰੇ ਦੁਖੁ ਹੋਈ£
ਕਥਿ ਕਹਣੈ ਤੇ ਰਹੈ ਨ ਕੋਈ£
ਬਿਨੁ ਰਸ ਰਾਤੇ ਮੁਕਤਿ ਨ ਹੋਈ£ ੨£
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ£
ਸਾਚੀ ਰਹਤ ਸਾਚਾ ਮਨਿ ਸੋਈ£
ਮਨਮੁਖ ਕਥਨੀ ਹੈ, ਪਰੁ ਰਹਤ ਨ ਹੋਈ£
ਨਾਵਹੁ ਭੂਲੇ ਥਾਉ ਨ ਕੋਈ£ ੩£
(ਬਿਲਾਵਲੁ, ਅਸਟ., ਮ: ੧, ਘਰ ੧੦, ੮੩੧)
ਸੋ, ਸਾਰ ਰੂਪ ਵਿਚ ਕਹਿ ਸਕਦੇ ਹਾਂ ਕਿ ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਲਈ ਅਨੁਭਵਤਾ ਦੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਪੈਂਦਾ ਹੈ। ਗੁਰੂ ਦੀ ਸ਼ਰਨ ਵਿਚ ਆ ਕੇ, ਆਪਾ-ਭਾਵ ਤਿਆਗ ਕੇ, ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਪੈਂਦਾ ਹੈ। ਫਿਰ ਆਪਣੇ ਜੀਵਨ ਨੂੰ ਗੁਰਮਤਿ ਦੀ ਕੁਠਾਲੀ ਵਿਚ ਢਾਲਣਾ ਪੈਂਦਾ ਹੈ¸ਗੁਰੂ-ਦੱਸੀ ਕਾਰ ਕਮਾਉਣੀ ਪੈਂਦੀ ਹੈ। ਇਹ ਕੁਝ ਕਰਦਿਆਂ ਹੋਇਆਂ ਵੀ ਗੁਰੂ ਦੀ ਭੈ-ਭਾਵਨੀ ਵਿਚ ਰਹਿਣਾ ਪੈਂਦਾ ਹੈ ਅਤੇ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਨਾ ਪੈਂਦਾ ਹੈ। ਇਸੇ ਲਈ ਪ੍ਰਭੂ-ਗਿਆਨ-ਵਰਣਨ ਨੂੰ ਸਖ਼ਤ ਮਿਹਨਤ ਵਾਲੀ ਕਾਰ ਕਿਹਾ ਗਿਆ ਹੈ। ਇਸ ਘਾਲ ਨੂੰ ਲੋਹਾ ਚੱਬਣ ਸਮਾਨ ਕਿਹਾ ਗਿਆ ਹੈ; ਇਸ ਵਿਚ ਮਨ ਦੀ ਚਲਾਕੀ, ਚੁੰਚ ਚਰਚਾ ਨੂੰ ਕੋਈ ਥਾਂ ਨਹੀਂ ਹੈ।
ਪ੍ਰਭੂ ਦੀ ਵਿਸ਼ਾਲਤਾ ਦਾ ਗਿਆਨ
ਪ੍ਰਭੂ ਦੇ ਬਾਰੇ ਕੇਵਲ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਉਹ ਅਗੰਮ ਹੈ, ਅਗੋਚਰ ਹੈ, ਵਿਸ਼ਾਲ, ਬੇਅੰਤ ਹੈ, ਅਪਾਰ ਹੈ ਕਿਉਂਕਿ ਪ੍ਰਭੂ ਦੀ ਵਿਸ਼ਾਲਤਾ ਦਾ ਅੰਤ ਤਾਂ ਕੋਈ ਪਾ ਨਹੀਂ ਸਕਦਾ। ਜੇ ਕੋਈ ਪਾ ਸਕਦਾ ਹੈ ਤਾਂ ਕੇਵਲ ਉਹੀ ਜੋ ਪ੍ਰਭੂ ਜਿੰਨਾ ਮਹਾਨ ਹੋਵੇ, ਵੱਡਾ ਹੋਵੇ, ਪ੍ਰਭੂ ਜਿੰਨੀ ਸੂਝ ਦਾ ਮਾਲਕ ਹੋਵੇ। ਸਤਿਗੁਰੂ ਨਾਨਕ ਜੀ ਅਗਵਾਈ ਬਖਸ਼ਦੇ ਹਨ :
ਅੰਤੁ ਨ ਜਾਪੈ, ਕੀਤਾ ਆਕਾਰੁ£
ਅੰਤੁ ਨ ਜਾਪੈ ਪਾਰਾਵਾਰੁ£
ਅੰਤ ਕਾਰਣਿ ਕੇਤੇ ਬਿਲਲਾਹਿ£
ਤਾ ਕੇ ਅੰਤ ਨ ਪਾਏ ਜਾਹਿ£
ਏਹੁ ਅੰਤੁ ਨ ਜਾਣੈ ਕੋਇ£
ਬਹੁਤਾ ਕਹੀਐ ਬਹੁਤਾ ਹੋਇ£
ਵਡਾ ਸਾਹਿਬੁ ਊਚਾ ਥਾਉ£
ਊਚੇ ਉਪਰਿ ਊਚਾ ਨਾਉ£
ਏਵਡੁ ਊਚਾ ਹੋਵੈ ਕੋਇ£
ਤਿਸੁ ਊਚੇ ਕਉ ਜਾਣੈ ਸੋਇ£
(ਜਪੁ ਜੀ, ਪਉੜੀ ੨੪)
ਪਰ ਜਿਹੜਾ ਮਨੁੱਖ ਪ੍ਰਭੂ ਨਾਲ ਜੁੜ ਜਾਂਦਾ ਹੈ; ਜਾਂ ਜੁੜਿਆ ਹੁੰਦਾ ਹੈ, ਉਸ ਨੂੰ ਪ੍ਰਭੂ ਦੀ ਵਿਸ਼ਾਲਤਾ ਦਾ ਅਹਿਸਾਸ ਜ਼ਰੂਰ ਹੋ ਜਾਂਦਾ ਹੈ। ਜਪੁ ਜੀ ਸਾਹਿਬ ਵਿਚ 'ਸਚ ਖੰਡ' ਦੀ ਅਵੱਸਥਾ ਅਕਾਲ ਪੁਰਖ ਨਾਲ ਇਕ-ਰੂਪ ਹੋਣ ਦੀ ਅਵੱਸਥਾ ਹੈ। ਇਸ ਅਵੱਸਥਾ ਵਿਚ ਪੁੱਜੇ ਹੋਏ ਮਨੁੱਖ ਨੂੰ ਬੇਅੰਤ ਖੰਡ, ਮੰਡਲ, ਬ੍ਰਹਿਮੰਡ, ਵੱਖ-ਵੱਖ ਸ੍ਰਿਸ਼ਟੀਆਂ ਆਦਿ ਦਾ ਆਭਾਸ ਹੁੰਦਾ ਹੈ :
ਤਿਥੈ ਖੰਡ ਮੰਡਲ ਵਰਭੰਡ£
ਜੇ ਕੋ ਕਥੈ ਤ ਅੰਤ ਨ ਅੰਤ£
ਤਿਥੈ ਲੋਅ ਲੋਅ ਆਕਾਰ£
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ£
ਵੇਖੈ ਵਿਗਸੈ ਕਰਿ ਵੀਚਾਰੁ£
ਨਾਨਕ ਕਥਨਾ ਕਰੜਾ ਸਾਰੁ £ ੩੭£
(ਜਪੁ ਜੀ)
ਇਸੇ ਗੱਲ ਦਾ ਪ੍ਰਗਟਾਵਾ 'ਗਿਆਨ ਖੰਡ' ਵਾਲੀ ਅਵੱਸਥਾ ਦੇ ਵਰਣਨ ਵਿਚ ਕੀਤਾ ਗਿਆ ਹੈ। ਅਕਾਲ ਪੁਰਖ ਦੀ ਕੁਦਰਤ ਦੀ ਵਿਸ਼ਾਲਤਾ ਨੂੰ ਇਸ ਤਰ੍ਹਾਂ ਚਿਤਰਿਆ ਗਿਆ ਹੈ :
ਕੇਤੇ ਪਵਣ ਪਾਣੀ ਵੈਸੰਤਰ,
ਕੇਤੇ ਕਾਨ ਮਹੇਸ£
ਕੇਤੇ ਬਰਮੇ ਘਾੜਤਿ ਘੜੀਅਹਿ,
ਰੂਪ ਰੰਗ ਕੇ ਵੇਸ£
ਕੇਤੀਆ ਕਰਮ ਭੂਮੀ,
ਮੇਰ ਕੇਤੇ, ਕੇਤੇ ਧੂ ਉਪਦੇਸ£
ਕੇਤੇ ਇੰਦ, ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ£
ਕੇਤੇ ਸਿਧ ਬੁਧ, ਨਾਥ ਕੇਤੇ, ਕੇਤੇ ਦੇਵੀ ਵੇਸ£
ਕੇਤੇ ਦੇਵ ਦਾਨਵ, ਮੁਨਿ ਕੇਤੇ,
ਕੇਤੇ ਰਤਨ ਸਮੁੰਦ£
ਕੇਤੀਆ ਖਾਣੀ, ਕੇਤੀਆ ਬਾਣੀ,
ਕੇਤੇ ਪਾਤ ਨਰਿੰਦ£
ਕੇਤੀਆ ਸੁਰਤੀ, ਸੇਵਕ ਕੇਤੇ,
ਨਾਨਕ ਅੰਤੁ ਨ ਅੰਤੁ£ ੩੫£
(ਜਪੁ ਜੀ)
ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਦਸ਼ਾ, ਜਗਤ-ਰਚਨਾ ਦਾ ਆਰੰਭ, ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਲੱਖਾਂ ਹੋਰ ਬ੍ਰਹਿਮੰਡਾਂ, ਗ੍ਰਹਿਆਂ, ਸੂਰਜ-ਮੰਡਲਾਂ, ਦਾ ਜ਼ਿਕਰ ਉਦੋਂ ਕਰ ਦਿੱਤਾ ਜਦੋਂ ਵਿਗਿਆਨ ਨੇ ਇਸ ਬਾਰੇ ਕੁਝ ਨਹੀਂ ਸੀ ਕਿਹਾ, ਸਗੋਂ ਆਮ ਲੋਕਾਂ ਵਿਚ ਤਾਂ ਗੁਰੂ ਜੀ ਦੇ ਪ੍ਰਗਟਾਵਿਆਂ ਦੇ ਉਲਟ ਵਿਚਾਰ ਫੈਲੇ ਹੋਏ ਸਨ। ਅੱਜ ਸੈਂਕੜੇ ਸਾਲ ਬਾਅਦ ਵਿਗਿਆਨ ਉਨ੍ਹਾਂ ਪ੍ਰਗਟਾਵਿਆਂ/ਤੱਥਾਂ ਦਾ ਸਮਰਥਨ ਕਰਦੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਪ੍ਰਭੁ ਨਾਲ ਜੁੜੀਆਂ ਹੋਈਆਂ ਪਵਿੱਤਰ ਆਤਮਾਵਾਂ ਨੂੰ ਉਹ ਗਿਆਨ ਸਹਿਜੇ ਹੀ ਹੋ ਜਾਂਦਾ ਹੈ, ਜੋ ਖੋਜੀਆਂ-ਵਿਗਿਆਨਕਾਂ ਨੂੰ ਸੈਂਕੜੇ ਸਾਲਾਂ ਦੀ ਮਿਹਨਤ ਮਗਰੋਂ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਪ੍ਰਗਟਾਵਿਆਂ ਦੇ ਹਵਾਲੇ ਇੱਥੇ ਦੇਣੇ ਲਾਹੇਵੰਦ ਹੋਣਗੇ :
¸ਜਪੁ ਜੀ ਸਾਹਿਬ ਦੀ 22ਵੀਂ ਸੰਪੂਰਨ
ਪਉੜੀ :
ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ£
¸ਜਪੁ ਜੀ ਸਾਹਿਬ ਦੀ 35ਵੀਂ ਸੰਪੂਰਨ
ਪਉੜੀ :
ਧਰਮ ਖੰਡ ਕਾ ਏਹੋ ਧਰਮੁ£
¸ਖੰਡ ਪਤਾਲ ਅਸੰਖ, ਮੈ ਗਣਤ ਨ ਹੋਈ£
ਤੂ ਕਰਤਾ ਗੋਵਿੰਦੁ, ਤੁਧੁ ਸਿਰਜੀ, ਤੁਧੈ ਗੋਈ£
(ਵਾਰ ਮਲਾਰ ਕੀ, ਮ: ੧, ੧੨੮੩)
¸ਅਰਬਦ ਨਰਬਦ ਧੁੰਧੂਕਾਰਾ£
ਧਰਣਿ ਨ ਗਗਨਾ ਹੁਕਮੁ ਅਪਾਰਾ£
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ£ ੧£
ਖਾਣੀ ਨ ਬਾਣੀ, ਪਉਣ ਨ ਪਾਣੀ£
ਓਪਤਿ ਖਪਤਿ ਨ ਆਵਣ ਜਾਣੀ£
ਖੰਡ ਪਤਾਲ ਸਪਤ ਨਹੀ ਸਾਗਰ
ਨਦੀ ਨ ਨੀਰੁ ਵਹਾਇਦਾ£ ੨£
.... .... ....
ਵਿਰਲੇ ਕਉ ਗੁਰਿ ਸਬਦੁ ਸੁਣਾਇਆ£
ਕਰਿ ਕਰਿ ਦੇਖੈ ਹੁਕਮੁ ਸਬਾਇਆ£
ਖੰਡ ਬ੍ਰਹਮੰਡ ਪਾਤਾਲ ਅਰੰਭੇ
ਗੁਪਤਹੁ ਪਰਗਟੀ ਆਇਦਾ£ ੧੫£
(ਮਾਰੂ, ਸੋਲਹੇ, ਮ: ੧, ੧੦੩੫-੩੬)
¸ਸਾਚੇ ਤੇ ਪਵਨਾ ਭਇਆ,
ਪਵਨੈ ਤੇ ਜਲੁ ਹੋਇ£
ਜਲ ਤੇ ਤ੍ਰਿਭਵਣੁ ਸਾਜਿਆ,
ਘਟਿ ਘਟਿ ਜੋਤਿ ਸਮੋਇ£
(ਸਿਰੀਰਾਗੁ, ਮ: ੧, ੧੯)
ਗੁਰੂ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਕੋਈ ਦੇਵਤਾ ਨਹੀਂ ਹੈ, ਸਗੋਂ ਪ੍ਰਭੂ ਦੇ ਹੁਕਮ (ਸਥਾਈ ਨਿਯਮਾਂ) ਅਨੁਸਾਰ ਹੋਂਦ ਵਿਚ ਆਈ ਹੈ ਅਤੇ ਹੁਕਮ-ਪ੍ਰਬੰਧ ਵਿਚ ਹੀ ਚੱਲ ਰਹੀ ਹੈ :
ਹੁਕਮੀ ਹੋਵਨਿ ਆਕਾਰ,
ਹੁਕਮੁ ਨ ਕਹਿਆ ਜਾਈ£
ਹੁਕਮੀ ਹੋਵਨਿ ਜੀਅ,
ਹੁਕਮਿ ਮਿਲੈ ਵਡਿਆਈ£....
ਹੁਕਮੈ ਅੰਦਰਿ ਸਭੁ ਕੋ,
ਬਾਹਰਿ ਹੁਕਮ ਨ ਕੋਇ£
(ਜਪੁ ਜੀ, ਪਉੜੀ ੨)
ਬ੍ਰਹਿਮੰਡ ਦੇ ਸਾਰੇ ਜੀਵ, ਗ੍ਰਹਿ ਤੇ ਤੱਤ ਇਸ ਸਥਾਈ ਨਿਯਮ (ਹੁਕਮ-ਪ੍ਰਬੰਧ/ਭੈਅ) ਵਿਚ ਕਾਰਜਸ਼ੀਲ ਹਨ :
ਭੈ ਵਿਚਿ ਪਵਣੁ ਵਹੈ ਸਦਵਾਉ£
ਭੈ ਵਿਚਿ ਚਲਹਿ ਲਖ ਦਰੀਆਉ£
ਭੈ ਵਿਚਿ ਅਗਨਿ ਕਢੈ ਵੇਗਾਰਿ£
ਭੈ ਵਿਚਿ ਧਰਤੀ ਦਬੀ ਭਾਰਿ£
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ£
ਭੈ ਵਿਚਿ ਰਾਜਾ ਧਰਮ, ਦੁਆਰੁ£
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ£
ਕੋਹ ਕਰੋੜੀ ਚਲਤ ਨ ਅੰਤੁ£
ਭੈ ਵਿਚਿ ਸਿਧ ਬੁਧ ਸੁਰ ਨਾਥ£
ਭੈ ਵਿਚਿ ਆਡਾਣੇ ਆਕਾਸ£
(ਆਸਾ ਕੀ ਵਾਰ, ਮ: ੧, ੪੬੪)
ਇੱਥੇ ਸਾਡਾ ਮਕਸਦ ਸ੍ਰਿਸ਼ਟੀ ਰਚਨਾ ਬਾਰੇ ਗੁਰਬਾਣੀ ਦੇ ਵਿਚਾਰ ਪੇਸ਼ ਕਰਨਾ ਨਹੀਂ (ਉਸ ਲਈ ਇਕ ਵੱਖਰੇ ਲੇਖ ਦੀ ਲੋੜ ਹੈ) ਸਗੋਂ ਇਹ ਦੱਸਣਾ ਹੈ ਕਿ ਪ੍ਰਭੂ ਨਾਲ ਇਕ-ਰੂਪ ਹੋ ਕੇ ਵੀ ਸ੍ਰਿਸ਼ਟੀ ਦਾ ਗਿਆਨ ਕਾਫੀ ਹੱਦ ਤੱਕ ਹਾਸਲ ਕੀਤਾ ਜਾ ਸਕਦਾ ਹੈ।
ਅਕਾਲ ਪੁਰਖ ਅਤੇ ਉਸ ਦੀ ਰਚਨਾ ਦਾ ਸੰਪੂਰਨ ਗਿਆਨ ਮਨੁੱਖ ਨੂੰ ਨਹੀਂ ਹੋ ਸਕਦਾ। ਇਸੇ ਲਈ ਗੁਰਬਾਣੀ ਵਿਚ ਪ੍ਰਭੂ ਲਈ ਅਗੰਮ, ਅਗੋਚਰ, ਅਪਾਰ, ਅਸੂਝ, ਨਿਰਬੂਝ, ਗੁਪਤ, ਗ਼ੈਬੁਲ-ਗ਼ੈਬ, ਅਗਾਧ, ਅਥਾਹ, ਅਮਿਤ, ਅਗਹੁ ਆਦਿਕ ਵਿਸ਼ੇਸ਼ਣ ਵਰਤੇ ਗਏ ਹਨ।
ਇਸੇ ਲਈ ਕਿਹਾ ਜਾਂਦਾ ਹੈ ਕਿ ਪਰਮਾਤਮਾ ਦਾ ਗਿਆਨ ਗਿਆਨ-ਇੰਦਰਿਆਂ ਦਾ ਵਿਸ਼ਾ ਨਹੀਂ ਹੈ, ਸਗੋਂ ਪ੍ਰਭੁ ਦੀ ਹੋਂਦ ਦਾ ਅਹਿਸਾਸ ਅਨੁਭਵ ਰਾਹੀਂ ਹੁੰਦਾ ਹੈ। ਇਸ ਸਬੰਧ ਵਿਚ ਪ੍ਰੋ:
ਸ਼ੇਰ ਸਿੰਘ ਲਿਖਦੇ ਹਨ :
''ਇਹ ਸੂਝ ਤੇ ਗਿਆਨ (ਰੱਬ ਦਾ) ਜਦ ਪ੍ਰਾਪਤ ਹੁੰਦਾ ਹੈ ਤਾਂ ਬੁੱਧੀ ਜਾਂ ਗਿਆਨ-ਇੰਦਰਿਆਂ ਰਾਹੀਂ ਨਹੀਂ ਆਉਂਦਾ, ਇਹ ਆਉਂਦਾ ਹੈ ਅਨੁਭਵ ਦੁਆਰਾ। ਇਸੇ ਲਈ ਵਾਹਿਗੁਰੂ ਅਕਾਲ ਪੁਰਖ ਨੂੰ ਦਸਮੇਸ਼ ਜੀ ਨੇ 'ਅਨੁਭਵ-ਪ੍ਰਕਾਸ਼' ਕਿਹਾ ਹੈ।....ਰੱਬ ਦੇ ਨੇੜੇ ਸਾਨੂੰ ਦਿਲ (ਮਨ) ਲੈ ਕੇ ਜਾਂਦਾ ਹੈ, ਦਿਮਾਗ਼ (ਬੁੱਧੀ) ਨਹੀਂ। ਹਾਂ ਜਜ਼ਬਾਤ ਤੇ ਅਹਿਸਾਸਾਂ ਨੂੰ ਦਿਮਾਗ਼, ਬਿਬੇਕ-ਬੁੱਧੀ ਦੁਆਰਾ ਪੱਕਾ ਜ਼ਰੂਰ ਕਰਦਾ ਹੈ। ਫ਼ਰਾਂਸ ਦੇ ਫ਼ਿਲਾਸਫ਼ਰ ਪਾਸਕਲ ਨੇ ਕਿਹਾ ਹੈ ਕਿ ਦਿਲ ਦੀਆਂ ਦਲੀਲਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਦਿਮਾਗ਼ੀ ਗਿਆਨ ਨਹੀਂ ਅੱਪੜ ਸਕਦਾ। ਫ਼ਰਾਂਸ ਦੇ ਇਕ ਹੋਰ ਪ੍ਰਸਿੱਧ ਵਿਚਾਰਵਾਨ ਬਰਗਸਨ ਨੇ ਅਨੁਭਵੀ ਗਿਆਨ 'ਤੇ ਬਹੁਤ ਜ਼ੋਰ ਦਿੱਤਾ ਹੈ ਤੇ ਸੱਤ-ਵਸਤ ਦੇ ਸ਼ੁੱਧ ਗਿਆਨ ਲਈ ਬੁੱਧੀ ਨੂੰ ਨਕਾਰਾ ਦੱਸਿਆ ਹੈ।''(ਗੁਰਮਤਿ ਦਰਸ਼ਨ, 288-89)
''ਵਾਈਟਹੈੱਡ ਦਾ ਵਿਚਾਰ ਹੈ : ਬੁੱਧੀ ਤਾਂ ਤੱਤ ਵਸਤੂ ਦੇ ਗਿਆਨ ਨੂੰ ਖੇਰੂੰ-ਖੇਰੂੰ ਕਰਦੀ ਹੈ, ਤੇ ਹਾਰਦਿਕ ਅਹਿਸਾਸ, ਉਸ ਨੂੰ ਜੋੜ ਕੇ, ਇਕ ਲੜੀ ਵਿਚ ਪਰੋ ਕੇ ਸਮੁੱਚੇ (ਪ੍ਰਭੂ) ਦਾ ਗਿਆਨ ਸਾਨੂੰ ਦਿੰਦਾ ਹੈ। ਇਹ ਹਾਰਦਿਕ ਅਹਿਸਾਸ ਹੀ ਅਨੁਭਵ ਦਾ ਨਾਉਂ ਹੈ।'' (ਉਹੀ, ਪੰਨਾ 289)
ਸਾਰਾਂਸ਼ ਇਹ ਕਿ ਪ੍ਰਭੂ ਦਾ ਗਿਆਨ ਅਨੁਭਵ ਰਾਹੀਂ ਹੁੰਦਾ ਹੈ। ਇਹ ਸੁਤੇ ਸਿਧ (ਸਹਿਜ) ਗਿਆਨ ਹੈ। ਇਹ ਉਨ੍ਹਾਂ ਪਵਿੱਤਰ ਆਤਮਾਵਾਂ ਨੂੰ ਹੁੰਦਾ ਹੈ, ਜੋ ਇਸ ਦੇ ਯੋਗ ਬਣ ਚੁੱਕੀਆਂ ਹੁੰਦੀਆਂ ਹਨ। ਜਿਨ੍ਹਾਂ ਦੇ ਮਨ ਉੱਤੇ ਵਿਕਾਰਾਂ ਅਤੇ ਮਾਇਆ ਦਾ ਪ੍ਰਭਾਵ ਲੇਸ ਮਾਤਰ ਵੀ ਨਹੀਂ ਹੁੰਦਾ। ਇਹ ਹੀ ਗੁਰੂ, ਪੀਰ, ਪੈਗੰਬਰ ਹੁੰਦੇ ਹਨ। ਇਨ੍ਹਾਂ ਦੇ ਅਨੁਭਵੀ-ਗਿਆਨ ਦੇ ਆਸਰੇ ਆਮ ਲੋਕ ਪ੍ਰਭੂ ਵੱਲ ਖਿੱਚੇ ਜਾਂਦੇ ਹਨ; ਉਨ੍ਹਾਂ ਦੇ ਮਨ ਵਿਚ ਪ੍ਰਭੂ ਲਈ ਪ੍ਰੇਮ ਜਾਗਦਾ ਹੈ। ਇਨ੍ਹਾਂ ਦੇ ਉਪਦੇਸ਼ਾਂ 'ਤੇ ਚੱਲ ਕੇ ਸਾਧਾਰਨ ਵਿਅਕਤੀ ਵੀ ਪ੍ਰਭੂ ਨਾਲ ਜੁੜਨ ਦੇ ਸਮਰੱਥ ਹੋ ਜਾਂਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਨੁਭਵ ਦੀ ਪ੍ਰਕਿਰਿਆ ਗੁਰੂ ਸਾਹਿਬਾਨ ਵਰਗੀਆਂ, ਪ੍ਰਭੂ ਵਿਚ ਲੀਨ ਹੋ ਚੁੱਕੀਆਂ ਅਰਥਾਤ ਪ੍ਰਭੂ ਦਾ ਰੂਪ ਹੋ ਚੁੱਕੀਆਂ ਸ਼ਖ਼ਸੀਅਤਾਂ ਦੇ ਉਪਦੇਸ਼ਾਂ 'ਤੇ ਤਨੋ-ਮਨੋਂ ਅਮਲ ਕਰਨਾ ਹੈ।  
ਪ੍ਰਭੂ-ਗਿਆਨ (ਸਤਿ ਦੇ ਗਿਆਨ)
ਦੀ ਪ੍ਰਾਪਤੀ ਗੁਰੂ ਰਾਹੀਂ
ਸਤਿਗੁਰੂ ਦਾ ਪ੍ਰਮੁੱਖ ਲੱਛਣ ਹੀ ਇਹ ਹੈ ਕਿ ਉਹ ਪ੍ਰਭੂ ਵਿਚ ਅਭੇਦ ਹੋ ਚੁੱਕਾ ਹੁੰਦਾ ਹੈ ਅਤੇ ਪ੍ਰਭੂ ਅਤੇ ਗੁਰੂ ਵਿਚ ਗੁਣਾਂ ਕਰਕੇ ਕੋਈ ਅੰਤਰ ਨਹੀਂ ਹੁੰਦਾ। ਇਸ ਲਈ ਸਤਿਗੁਰੂ ਦੁਨੀਆਂ ਨੂੰ ਪ੍ਰਭੂ ਦਾ, ਪ੍ਰਭੂ ਦੀ ਕੁਦਰਤ ਦਾ, ਸੱਚ-ਧਰਮ ਦਾ ਅਤੇ ਜੀਵਨ-ਮਾਰਗ ਦਾ ਗਿਆਨ ਬਖਸ਼ਦਾ ਹੈ। ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ (ਗੁਰਬਾਣੀ) ਹੀ ਗੁਰੂ ਨੂੰ ਵਾਹਿਗੁਰੂ ਤੋਂ ਪ੍ਰਾਪਤ ਹੋਇਆ ਗਿਆਨ ਹੁੰਦਾ ਹੈ। ਇਸ ਸੰਬੰਧ ਵਿਚ ਗੁਰਬਾਣੀ ਇਸ ਤਰ੍ਹਾਂ ਮਾਰਗ-ਦਰਸ਼ਨ ਕਰਦੀ ਹੈ :
¸ਗੁਰ ਗੋਵਿੰਦੁ, ਗੁਵਿੰਦੁ ਗੁਰੂ ਹੈ,
ਨਾਨਕ ਭੇਦੁ ਨ ਭਾਈ£
(ਆਸਾ, ਮ: ੪, ੪੪੨)
¸ਗੁਰ ਗੋਬਿੰਦ, ਗੋਪਾਲ ਗੁਰ,
ਗੁਰ ਪੂਰਨ ਨਾਰਾਇਣਹ£
ਗੁਰ ਦਇਆਲ, ਸਮਰਥ ਗੁਰ,
ਗੁਰ ਨਾਨਕ ਪਤਿਤ ਉਧਾਰਣਹ£
(ਜੈਤਸਰੀ ਕੀ ਵਾਰ, ਮ: ੫, ੭੧੦)
¸ਪਾਰਬ੍ਰਹਮੁ ਪਰਮੇਸਰੁ ਅਨੂਪੁ£
ਸਫਲ ਮੂਰਤਿ ਗੁਰੁ ਤਿਸ ਕਾ ਰੂਪੁ£
(ਭੈਰਉ, ਮ: ੫, ੧੧੫੨)
¸ਗੁਰ ਤੇ ਗਿਆਨੁ ਪਾਇਆ,
ਅਤਿ ਖੜਗੁ ਕਰਾਰਾ£
ਦੂਜਾ ਭ੍ਰਮੁ ਗੜੁ ਕਟਿਆ,
ਮੋਹੁ ਲੋਭੁ ਅਹੰਕਾਰਾ£
(ਮਾਰੂ ਵਾਰ, ਮ: ੩, ੧੦੮੭)
ਗੁਰੂ ਪਾਸੋਂ ਗਿਆਨ ਰੂਪੀ ਤੇਜ਼ ਖੰਡਾ ਮਿਲਦਾ ਹੈ। ਇਸ ਗਿਆਨ-ਖੰਡੇ ਨਾਲ ਮਾਇਆ ਦੀ ਖਾਤਰ ਭਟਕਣ ਅਤੇ ਮੋਹ, ਲੋਭ ਤੇ ਹੰਕਾਰ ਰੂਪੀ ਕਿਲ੍ਹਾ (ਜਿਸ ਵਿਚ ਮਨੁੱਖ ਘਿਰਿਆ ਹੁੰਦਾ ਹੈ) ਕੱਟਿਆ ਜਾਂਦਾ ਹੈ।
¸ਅੰਤਰਿ ਤੀਰਥੁ ਗਿਆਨੁ ਹੈ,
ਸਤਿਗੁਰਿ ਦੀਆ ਬੁਝਾਇ£
(ਮ: ੩, ੫੮੭)
¸ਬਿਬੇਕ ਬੁਧਿ ਸਤਿਗੁਰ ਤੇ ਪਾਈ
ਗੁਰ ਗਿਆਨੁ ਗੁਰੁ ਪ੍ਰਭ ਕੇਰਾ£
(ਟੋਡੀ, ਮ: ੪, ੭੧੧)
ਭਾਵ : ਪਰਖਣ ਵਾਲੀ ਬੁੱਧੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਤੋਂ ਮਿਲਿਆ ਗਿਆਨ ਅਕਾਲ ਪੁਰਖ ਦੀ ਸੋਝੀ ਬਖਸ਼ਦਾ ਹੈ।
¸ਗਿਆਨ ਕਾ ਬਧਾ ਮਨੁ ਰਹੈ
ਗੁਰ ਬਿਨੁ ਗਿਆਨੁ ਨ ਹੋਇ£
(ਆਸਾ ਕੀ ਵਾਰ, ਮ: ੧, ੪੬੯)
¸ਅੰਧਿਆਰੈ ਦੀਪਕ ਆਨਿ ਜਲਾਏ
ਗੁਰ ਗਿਆਨਿ ਗੁਰੂ ਲਿਵ ਲਾਗੈ£
ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ
ਘਰਿ ਵਸਤੁ ਲਹੀ ਮਨ ਜਾਗੇ£
(ਗਉੜੀ, ਮ: ੪, ੧੭੨)
¸ਬਲਿਆ ਗੁਰ ਗਿਆਨੁ, ਅੰਧੇਰਾ ਬਿਨਸਿਆ,
ਹਰਿ ਰਤਨੁ ਪਦਾਰਥੁ ਲਾਧਾ£
(ਸਿਰੀਰਾਗੁ, ਮ: ੪, ੭੮)
ਗਿਆਨਵਾਨ ਮਨੁੱਖ
ਗੁਰਬਾਣੀ-ਗੁਰੂ ਨੇ ਉਸ ਮਨੁੱਖ ਨੂੰ ਹੀ ਗਿਆਨਵਾਨ ਜਾਂ ਵਿਦਵਾਨ ਮੰਨਿਆ ਹੈ, ਜਿਹੜਾ ਗੁਰੂ ਤੋਂ ਸਿੱਖਿਆ ਲੈ ਕੇ (ਗੁਰੂ ਅਨੁਸਾਰੀ ਹੋ ਕੇ) ਆਪੇ ਦੀ ਪਛਾਣ ਕਰਦਾ ਹੈ, ਕਿ ਮੈਂ ਕੌਣ ਹਾਂ? ਮੇਰਾ ਮੂਲ ਕੀ ਹੈ? ਮੇਰੇ ਜੀਵਨ ਦਾ ਪ੍ਰਯੋਜਨ ਕੀ ਹੈ? ਅਤੇ ਜੋ ਪ੍ਰਭੂ ਨਾਲ ਜੁੜਿਆ ਹੋਇਆ ਹੈ। ਜੋ ਕੇਵਲ ਗਿਆਨ ਦੀ ਚਰਚਾ ਹੀ ਨਹੀਂ ਕਰਦਾ, ਸਗੋਂ ਗੁਰੂ-ਗਿਆਨ ਨਾਲ ਆਪਣੇ ਮਨ ਨੂੰ ਵੀ ਉਪਦੇਸ਼ਦਾ ਹੈ, ਜੋ ਨਾਮ-ਅੰਮ੍ਰਿਤ ਪੀਂਦਾ ਹੈ ਅਤੇ ਵਿਦਿਆਰਥੀਆਂ/ਸਰੋਤਿਆਂ ਨੂੰ ਪ੍ਰਭੂ ਦੀ ਸਿਫ਼ਤ-ਸਲਾਹ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਗੁਰਮੁਖ-ਵਿਦਵਾਨ ਵਿੱਦਿਆ ਨੂੰ ਆਤਮਿਕ ਅਡੋਲਤਾ (ਉਲਾਰ ਰਹਿਤ ਸ਼ਾਂਤ ਅਵੱਸਥਾ) ਵਿਚ ਵਿਚਾਰਦਾ ਹੈ ਅਤੇ ਤੱਤ ਦੀ ਵਿਚਾਰ ਕਰਦਾ ਹੈ। ਜੋ ਸੱਚ ਨੂੰ ਸਮਝਦਾ ਹੈ, ਸੱਚ 'ਤੇ ਚਲਦਾ ਹੈ ਅਤੇ ਕਿਸੇ ਭਰਮ-ਭੁਲੇਖੇ ਵਿਚ ਨਹੀਂ ਪੈਂਦਾ। ਉਹ ਵਿੱਦਿਆ/ਗਿਆਨ ਦਾ ਪ੍ਰਸਾਰ ਲੋਕ-ਭਲਾਈ ਦੀ ਭਾਵਨਾ ਨਾਲ ਕਰਦਾ ਹੈ ਅਤੇ ਕੇਵਲ ਉਪਜੀਵਕਾ ਦੀ ਖ਼ਾਤਰ ਨਹੀਂ ਕਰਦਾ। ਉਸ ਨੂੰ ਸਭ ਜੀਵਾਂ ਵਿਚ ਪ੍ਰਭੂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਇਨ੍ਹਾਂ ਵਿਚਾਰਾਂ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਪ੍ਰਗਟਾਉਂਦੇ ਹਨ :
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ£
ਆਪੁ ਪਛਾਣੈ, ਬੂਝੈ ਸੋਇ£
ਗੁਰ ਪਰਸਾਦਿ ਕਰੇ ਬੀਚਾਰੁ£
ਸੋ ਗਿਆਨੀ ਦਰਗਹ ਪਰਵਾਣੁ£
(ਸਿਰੀਰਾਗੁ, ਮ: ੧, ੨੫)
ਅਰਥ : ਨਾਨਕ ਬੇਨਤੀ ਕਰਦਾ ਹੈ¸ਅਸਲ ਗਿਆਨਵਾਨ ਮਨੁੱਖ ਉਹ ਹੈ ਜੋ ਆਪਣੇ ਅਸਲੇ (ਮੂਲ) ਨੂੰ ਪਛਾਣਦਾ ਹੈ; ਜੋ ਉਸ ਪਰਮਾਤਮਾ ਨੂੰ (ਬੁੱਧੀ-ਦਾਤਾ) ਸਮਝਦਾ ਹੈ, ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ। ਅਜਿਹਾ ਗਿਆਨਵਾਨ ਮਨੁੱਖ ਹੀ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ।
¸ਗਿਆਨੀਆ ਨੋ ਸਭੁ ਸਚੁ ਹੈ,
ਸਚੁ ਸੋਝੀ ਹੋਈ£
ਓਇ ਭੁਲਾਏ ਕਿਸੈ ਦੇ ਨ ਭੁਲਨ੍ਰੀ,
ਸਚੁ ਜਾਣਨਿ ਸੋਈ£
(ਆਸਾ, ਮ: ੩, ੪੨੫)
¸ਸੋ ਗਿਆਨੀ, ਜਿਨਿ ਸਬਦਿ ਲਿਵ ਲਾਈ£
(ਬਿਲਾਵਲੁ, ਮ: ੧, ੮੩੧)
¸ਪਾਧਾ ਪੜਿਆ ਆਖੀਐ,
ਬਿਦਿਆ ਬਿਚਰੈ ਸਹਜਿ ਸੁਭਾਇ£
ਬਿਦਿਆ ਸੋਧੈ, ਤਤੁ ਲਹੈ,
ਰਾਮ ਨਾਮ ਲਿਵ ਲਾਇ£
(ਰਾਮਕਲੀ, ਮ: ੧, ਓਅੰਕਾਰੁ, ੯੩੭-੩੮)
¸ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ£
ਅਨਦਿਨੁ ਏਕੋ ਨਾਮੁ ਵਖਾਣੈ£
ਸਤਿਗੁਰ ਕੀ ਓਹੁ ਦੀਖਿਆ ਲੇਇ£
ਸਤਿਗੁਰ ਆਗੈ ਸੀਸੁ ਧਰੇਇ£
(ਮਲਾਰ, ਮ: ੩, ੧੨੬੧)
¸ਨਾਨਕ ਸੋ ਪੜਿਆ, ਸੋ ਪੰਡਿਤੁ ਬੀਨਾ
ਜਿਸੁ ਰਾਮ ਨਾਮੁ ਗਲਿ ਹਾਰੁ£
(ਰਾਮਕਲੀ, ਮ: ੧, ਓਅੰਕਾਰੁ, ੯੩੮)
¸ਙੰਙੈ ਙਿਆਨੁ ਬੂਝੈ ਜੇ ਕੋਈ
ਪੜਿਆ ਪੰਡਿਤੁ ਸੋਈ£
ਸਰਬ ਜੀਆ ਮਹਿ ਏਕੋ ਜਾਣੈ
ਤਾ ਹਉਮੈ ਕਹੈ ਨ ਕੋਈ£
(ਆਸਾ, ਮ: ੧, ਪਟੀ, ੪੩੨)
ਅਜੋਕੀ ਸਿੱਖ ਵਿਦਵਤਾ/ਅਜੋਕੇ ਸਿੱਖ ਵਿਦਵਾਨ
ਅਜੋਕੀ ਸਿੱਖ ਵਿਦਵਤਾ ਤੋਂ ਸਾਡਾ ਭਾਵ ਸਿੱਖ-ਸਿਧਾਂਤਾਂ, ਸੱਭਿਆਚਾਰ, ਗੁਰਬਾਣੀ ਵਿਆਖਿਆ ਅਤੇ ਇਤਿਹਾਸ ਦੀਆਂ ਪੁਸਤਕਾਂ ਵਿਚਲੀ ਉਸ ਸਮੱਗਰੀ ਤੋਂ ਹੈ, ਜੋ ਵੀਹਵੀਂ ਸਦੀ ਦੇ ਆਖਰੀ ਦੋ-ਤਿੰਨ ਦਹਾਕਿਆਂ ਵਿਚ ਦ੍ਰਿਸ਼ਟੀਗੋਚਰ ਹੋਈ ਹੈ। ਇਸ ਸਮੇਂ ਪ੍ਰਕਾਸ਼ ਵਿਚ ਆਏ ਬਹੁਤ ਸਿੱਖ ਵਿਦਵਾਨਾਂ ਨੇ ਪਰੰਪਰਾਵਾਦ ਦਾ ਚੋਲਾ ਲਾਹ ਕੇ ਤਰਕ, ਵਿਗਿਆਨ ਜਾਂ ਪਦਾਰਥਵਾਦੀ ਸੋਚ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਹੈ। ਇਸ ਸਮੇਂ ਇਲੈਕਟ੍ਰਾਨਿਕ ਮੀਡੀਆ ਦੀ ਤੇਜ਼ੀ ਨਾਲ ਪ੍ਰਗਤੀ ਕਾਰਨ ਸਾਰੀ ਦੁਨੀਆਂ ਸਚਮੁੱਚ ਹੀ ਇਕ ਨਿੱਕਾ ਜਿਹਾ ਪਰਿਵਾਰ ਬਣ ਗਈ ਹੈ। ਇਸ ਕਰਕੇ ਗਿਆਨ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੀ ਗਤੀ ਚਰਮ ਸੀਮਾ 'ਤੇ ਹੈ। ਪੁਸਤਕਾਂ, ਮੈਗਜ਼ੀਨ, ਅਖ਼ਬਾਰਾਂ ਆਦਿ ਇੰਟਰਨੈੱਟ 'ਤੇ ਆਸਾਨੀ ਨਾਲ ਪੜ੍ਹੇ ਜਾ ਸਕਦੇ ਹਨ। ਇਲੈਕਟ੍ਰਾਨਿਕ ਮੀਡੀਏ ਨੇ ਅਜੋਕੇ ਵਿਦਵਾਨਾਂ/ਲੇਖਕਾਂ ਦੇ ਵਿਚਾਰ/ਰਚਨਾਵਾਂ ਦੇ ਪ੍ਰਚਾਰ-ਪ੍ਰਸਾਰ ਨੂੰ ਸੁਵਿਧਾਜਨਕ ਬਣਾ ਦਿੱਤਾ ਹੈ। ਜਿੱਥੇ ਧਰਮ ਦੇ ਖੋਜੀ ਵਿਦਵਾਨਾਂ ਦੇ ਯਤਨਾਂ ਸਦਕਾ ਗੁਰਮਤਿ ਦੂਰ-ਦੂਰ ਤੱਕ ਫੈਲ ਗਈ ਹੈ ਅਤੇ ਗੁਰਮਤਿ/ਗੁਰਬਾਣੀ ਨੇ ਸੰਸਾਰ ਦੇ ਬੁੱਧੀਜੀਵੀ ਵਰਗ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ, ਉਥੇ 'ਨਵੇਂ ਵਿਦਵਾਨਾਂ' ਦੀ ਕਥਿਤ ਵਿਗਿਆਨਕ ਪਹੁੰਚ ਕਾਰਨ ਸਿੱਖ ਫ਼ਲਸਫ਼ੇ, ਸੱਭਿਆਚਾਰ, ਗੁਰਬਾਣੀ ਵਿਚਾਰਧਾਰਾ ਬਾਰੇ ਅਸਪੱਸ਼ਟਤਾ/ਭੰਬਲਭੂਸਾ ਵੀ ਫੈਲੀ ਹੈ। ਇਸ ਦਾ ਵਧੇਰੇ ਅਸਰ ਜਨ-ਸਾਧਾਰਨ 'ਤੇ ਪਿਆ ਹੈ। ਨਵੀਂ ਪੀੜ੍ਹੀ ਦੇ ਜ਼ਿਆਦਾਤਰ ਲੇਖਕਾਂ ਨੇ ਪ੍ਰਭੂ-ਪਿਆਰ, ਸ਼ਰਧਾ, ਅਨੁਭਵਤਾ ਦੀ ਥਾਂ ਉੱਤੇ ਕੇਵਲ ਗਿਆਨ ਨੂੰ ਹੀ ਧਰਮ ਦਾ ਆਧਾਰ ਮੰਨਿਆ ਹੈ। 'ਗਿਆਨ' ਵੀ ਆਪਣੀ ਕਿਸਮ ਦਾ ਹੈ, ਜੋ ਕੇਵਲ 'ਜਾਣਕਾਰੀ' ਮਾਤਰ ਹੀ ਹੈ। ਅਜੋਕੇ ਵਿਦਵਾਨਾਂ ਦੀ ਸੋਚ ਬਾਰੇ ਪ੍ਰੋ: ਪ੍ਰੀਤਮ ਸਿੰਘ ਲਿਖਦੇ ਹਨ :
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗਿਆਨ ਦਾ ਇਹ ਸਿਧਾਂਤ ਪ੍ਰਯੋਗਿਕ (empirical) ਸਾਇੰਸਾਂ ਅਤੇ ਪ੍ਰਾਭੌਤਿਕ (Metaphysics) ਦੇ ਗਿਆਨ ਨੂੰ ਪੂਰਾ ਗਿਆਨ ਨਹੀਂ ਸਮਝਦਾ।...ਪਰਮਾਤਮਾ ਅਤੇ ਉਸ ਦਾ ਰਚਿਆ ਹੋਇਆ ਬ੍ਰਹਿਮੰਡ ਅਨੰਤ ਹਨ। ਇਨ੍ਹਾਂ ਦਾ ਪੂਰਾ ਗਿਆਨ ਕਦੀ ਹੋ ਹੀ ਨਹੀਂ ਸਕਦਾ। ਮਨੁੱਖ ਊਰਾ ਹੈ ਅਤੇ ਪਰਮਾਤਮਾ ਪੂਰਾ ਹੈ। ਊਰੇ ਨੂੰ ਪੂਰੇ ਦਾ ਪੂਰਾ ਗਿਆਨ ਇੰਦਰਿਆਂ ਰਾਹੀਂ ਨਹੀਂ ਹੋ ਸਕਦਾ।
ਅੱਜ ਦਾ ਭੌਤਿਕਵਾਦੀ (materialist) ਕੇਵਲ ਪ੍ਰਯੋਗਿਕ ਗਿਆਨ (empirical knowledge) ਨੂੰ ਹੀ ਗਿਆਨ ਸਮਝਦਾ ਹੈ। ਉਹ ਆਪਣਿਆਂ ਇੰਦਰਿਆਂ (senses) ਨੂੰ ਹੀ ਗਿਆਨ ਦਾ ਮਾਧਿਅਮ ਬਣਾਉਂਦਾ ਹੈ। ਇਸ ਲਈ ਉਹ ਇਸ ਬ੍ਰਹਿਮੰਡ ਦੀ ਪੂਰੀ ਅਸਲੀਅਤ ਨਹੀਂ ਸਮਝ ਸਕਦਾ। ਉਹ ਅਨੁਭਵ ਤੋਂ ਕੋਰਾ ਹੈ ਅਤੇ ਉਹ ਇਸ ਸ਼ਕਤੀ (ਅਨੁਭਵ) ਨੂੰ ਵਿਕਾਸ ਕਰਨ ਦਾ ਯਤਨ ਵੀ ਕੋਈ ਨਹੀਂ ਕਰਦਾ। ਇਸ ਲਈ ਉਸ ਦਾ ਗਿਆਨ ਅਧੂਰਾ ਹੈ। ਅਜਿਹਾ ਆਦਮੀ ਰੱਬ ਜਾਂ ਆਤਮਾ ਦੀ ਹੋਂਦ ਨੂੰ ਸਮਝ ਹੀ ਨਹੀਂ ਸਕਦਾ। ਉਸ ਦਾ ਇਹ ਦਾਅਵਾ ਗਲਤ ਹੈ ਕਿ ਰੱਬ ਅਤੇ ਆਤਮਾ ਕੋਈ ਚੀਜ਼ ਨਹੀਂ ਹਨ ਕਿਉਂਕਿ ਇਹ ਉਸ ਦੇ ਇੰਦਿਰਿਆਵੀ ਮਾਧਿਅਮ ਵਿਚ ਨਹੀਂ ਆਉਂਦੇ। ਉਸ ਪਾਸ ਉਹ ਅੱਖਾਂ ਹੀ ਨਹੀਂ ਹਨ, ਜਿਨ੍ਹਾਂ ਨਾਲ ਪਰਮਾਤਮਾ ਦਿਸਦਾ ਹੈ।'' (ਗੁਰੂ ਨਾਨਕ ਵਿਚਾਰ ਅਧਿਐਨ, ਸ਼੍ਰੋ. ਗੁ. ਪ੍ਰ. ਕਮੇਟੀ, 1969, ਪੰਨਾ 47-48)
ਅੱਜ ਕੁਝ ਕੁ ਵਿਦਵਾਨਾਂ ਨੇ ਆਪਣੇ ਨਿਜੀ ਵਿਚਾਰਾਂ ਦੇ ਪ੍ਰਸਾਰ (ਫੈਲਾਅ) ਲਈ ਗੁਰਬਾਣੀ ਨੂੰ ਇਕ ਮਾਧਿਅਮ ਬਣਾ ਲਿਆ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਅਖੌਤੀ ਸਾਧ-ਸੰਤ ਅਤੇ ਅਨਮੱਤਾਂ ਵਾਲੇ ਗੁਰਬਾਣੀ ਦੀ ਵਿਆਖਿਆ ਆਪਣੇ ਹਿਤਾਂ ਵਾਲੀ ਕਰਦੇ ਹਨ, ਅੱਜ-ਕੱਲ੍ਹ ਇਸ ਤਰ੍ਹਾਂ ਦਾ ਆਭਾਸ ਕੁਝ ਵਿਦਵਾਨਾਂ ਦੀਆਂ ਲਿਖਤਾਂ ਤੋਂ ਵੀ ਹੁੰਦਾ ਹੈ। ਪ੍ਰਭੂ ਦੀ ਹਸਤੀ, ਸਮਰੱਥਾ, ਆਤਮਾ, ਆਵਾਗਵਨ ਦਾ ਸਿਧਾਂਤ, ਨਾਮ-ਅੰਮ੍ਰਿਤ, ਅੰਮ੍ਰਿਤ ਵੇਲਾ...ਆਦਿ ਬਾਰੇ ਉਨ੍ਹਾਂ ਦੇ ਵਿਚਾਰ ਗੁਰਬਾਣੀ-ਵਿਚਾਰਧਾਰਾ ਤੋਂ ਭਿੰਨ; ਕਿਤੇ-ਕਿਤੇ ਤਾਂ ਉਲਟ ਜਾਪਦੇ ਹਨ। ਨੌਜਵਾਨ ਵਰਗ, ਜਿਸ ਨੇ ਗੁਰਬਾਣੀ ਦਾ ਅਧਿਐਨ ਖ਼ੁਦ ਨਹੀਂ ਕੀਤਾ
ਹੁੰਦਾ, ਅਜਿਹੀਆਂ ਲਿਖਤਾਂ/ਵਿਚਾਰਾਂ ਨਾਲ ਓਝੜੇ ਪੈ ਜਾਂਦਾ ਹੈ। ਨਿਜਮੱਤ ਨੂੰ ਗੁਰਮਤਿ ਦਾ ਲੇਬਲ ਲਾ ਕੇ ਪੇਸ਼ ਕਰਨ ਵਾਲੇ ਕਥਿਤ ਸਿੱਖ-ਵਿਦਵਾਨਾਂ ਨੂੰ ਗੁਰਬਾਣੀ-ਗੁਰੂ ਦੇ ਇਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ :
¸ਬਬੈ ਬੂਝਹਿ ਨਾਹੀ ਮੂੜੇ
ਭਰਮਿ ਭੁਲੇ ਤੇਰਾ ਜਨਮੁ ਗਇਆ£
ਅਣਹੋਦਾ ਨਾਉ ਧਰਾਇਓ ਪਾਧਾ
ਅਵਰਾ ਕਾ ਭਾਰੁ ਤੁਧੁ ਲਇਆ£ ੩£...
ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ
ਅਵਰਾ ਨੋ ਨ ਸਿਖਾਲਿ ਬਿਖਿਆ£
ਪਹਿਲਾ ਫਾਹਾ ਪਾਇਆ ਪਾਧੇ
ਪਿਛੋ ਦੇ ਗਲਿ ਚਾਟੜਿਆ£ ੫£
(ਆਸਾ, ਮ: ੩, ਪਟੀ, ੪੩੪-੩੫)
¸ਮਨਮੁਖ ਬਿਦਿਆ ਬਿਕ੍ਰਦਾ,
ਬਿਖੁ ਖਟੇ ਬਿਖੁ ਖਾਇ£
ਮੂਰਖੁ ਸਬਦੁ ਨ ਚੀਨਈ,
ਸੂਝ ਬੂਝ ਨਹ ਕਾਇ£
(ਰਾਮਕਲੀ, ਮ: ੧, ਓਅੰਕਾਰੁ, ੯੩੮)
ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ ਸਿਰਫ਼ ਵੇਚਦਾ ਹੀ ਹੈ (ਸਿਰਫ਼ ਉਪਜੀਵਕਾ ਲਈ ਵਰਤਦਾ ਹੈ)। ਉਹ ਮਾਇਆ-ਜ਼ਹਿਰ ਹੀ ਖੱਟਦਾ ਹੈ; ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ। ਸ਼ਬਦ ਦੀ ਸੂਝ ਉਸ ਨੂੰ ਰਤਾ ਵੀ ਨਹੀਂ ਹੁੰਦੀ।
ਅੱਜ ਲੋੜ ਹੈ ਕਿ ਅਸੀਂ ਗਿਆਨ ਨੂੰ ਉਸ ਦੇ ਸਿਧਾਂਤਕ ਪਰਿਪੇਖ ਵਿਚ ਸਮਝੀਏ ਅਤੇ ਖ਼ਾਸ ਤੌਰ 'ਤੇ ਗੁਰਮਤਿ ਵਿਚ ਗਿਆਨ ਦੇ ਅਰਥਾਂ ਦੀ ਵਿਵਹਾਰਿਕ ਤਹਿ ਤੱਕ ਜਾ ਕੇ ਇਸ (ਗੁਰਮਤਿ ਗਿਆਨ) ਸ਼ਬਦ ਦੀ ਵਰਤੋਂ ਕਰੀਏ ਅਤੇ ਗੁਰੂ ਦੀ ਭਾਉ-ਭਾਵਨੀ ਵਿਚ ਰਹਿ ਕੇ ਗੁਰਮਤਿ ਦੇ ਸੰਕਲਪਾਂ ਨੂੰ ਬਿਨਾਂ ਕਿਸੇ ਲਗ-ਲਬੇੜ ਦੇ, ਬਿਨਾਂ ਆਪਣੇ ਵਿਚਾਰਾਂ ਦੀ ਪੁੱਠ ਦੇਣ ਦੇ ਨਿਰਪੱਖਤਾ ਨਾਲ ਬਿਆਨ ਕਰੀਏ। ਸਾਡਾ ਮੰਤਵ ਗੁਰੂ-ਗਿਆਨ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੋਵੇ ਨਾ ਕਿ ਗੁਰਮਤਿ-ਗਿਆਨ ਦੇ ਆਸਰੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ। ਗੁਰਮਤਿ ਨੂੰ ਆਪਣੀ ਉਪਜੀਵਿਕਾ ਜਾਂ ਪ੍ਰਸਿੱਧੀ ਦੀ ਖ਼ਾਤਰ ਤੋੜ-ਮਰੋੜ ਕੇ ਵੀ ਪੇਸ਼ ਨਹੀਂ ਕਰਨਾ ਚਾਹੀਦਾ। ਗੁਰਮਤਿ ਦੇ ਵੱਖ-ਵੱਖ ਸੰਕਲਪਾਂ ਬਾਰੇ ਪਹਿਲਾਂ ਹੀ ਬਹੁਤ ਭੰਬਲਭੂਸਾ, ਅਸਪੱਸ਼ਟਤਾ ਫੈਲੀ ਹੋਈ ਹੈ, ਸਾਡਾ ਉਦੇਸ਼ ਅਸਪੱਸ਼ਟਤਾ ਨੂੰ ਖ਼ਤਮ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਅਸਪੱਸ਼ਟਤਾ ਨੂੰ ਵਧਾਉਣਾ ਜਾਂ ਨਵੇਂ ਵਿਵਾਦ ਪੈਦਾ ਕਰਨਾ। ਸਤਿਗੁਰੂ ਮਿਹਰ ਕਰਨ ਅਸੀਂ ਗੁਰਮਤਿ ਨੂੰ ਉਸ ਦੇ ਸਹੀ ਪਰਿਪੇਖ ਵਿਚ ਪੇਸ਼
ਕਰਨ ਦੇ ਯੋਗ ਹੋ ਸਕੀਏ।    

ਕਿਰਪਾਲ ਸਿੰਘ 'ਚੰਦਨ'