ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਇਨੋਸਾਇਟਿਸ


ਕੁਝ ਵਿਅਕਤੀ ਅਤੇ ਬੱਚੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕੋਈ ਵੀ ਠੰਡੀ ਵਸਤੂ ਖਾਣ ਵੇਲੇ, ਬਾਰਿਸ਼ 'ਚ ਭਿੱਜਦਿਆਂ, ਵਾਤਾਵਰਣ ਅਨੁਕੂਲ ਜਾਂ ਏਅਰ ਕੂਲਰ ਨਾਲ ਲੈਸ ਕੈਮਰੇ 'ਚ ਬੈਠਦਿਆਂ ਹੀ ਗਲੇ 'ਚ ਖਰਖਰਾਹਟ ਅਤੇ ਨੱਕ 'ਚ ਅਜੀਬ ਜਿਹਾ ਅਹਿਸਾਸ ਹੋਣ ਲੱਗਦਾ ਹੈ। ਮੌਸਮ ਸਰਦੀ ਦਾ ਹੋਵੇ ਜਾਂ ਬਰਸਾਤ ਦਾ ਜਾਂ ਗਰਮੀ ਦਾ, ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜ਼ਰਾ ਜਿੰਨੀ ਖੁਸ਼ਕ ਜਾਂ ਤਰ ਠੰਡੀ ਹਵਾ ਦੇ ਸਰੀਰ ਛੂਹਦਿਆਂ ਹੀ ਸਰੀਰਕ ਪ੍ਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਪ੍ਰੇਸ਼ਾਨੀ ਸਥਾਈ ਵੀ ਹੋ ਸਕਦੀ ਹੈ।
ਇਸ ਰੋਗ ਨੂੰ 'ਸਾਇਨੋਸਾਇਟਿਸ' ਦੇ ਨਾਂ ਨਾਲ ਜਾਣਿਆ ਜਾਂਦਾ  ਹੈ। ਇਸ ਦੀ ਸ਼ੁਰੂਆਤ ਸਿਰ, ਖੋਪੜੀ ਅਤੇ ਨੱਕ ਦੀਆਂ ਹੱਡੀਆਂ ਦੇ ਅੰਦਰਲੇ ਹਿੱਸੇ 'ਚ ਬਲਗਮ ਇਕੱਠੀ ਹੋਣ ਕਾਰਨ ਹੁੰਦੀ ਹੈ, ਜਿਸ ਨਾਲ ਚਿਹਰੇ ਦੇ ਆਲੇ-ਦੁਆਲੇ ਦੇ ਹਿੱਸੇ 'ਚ ਸੋਜ ਮਹਿਸੂਸ ਹੁੰਦੀ ਹੈ। ਇਸ ਰੋਗ ਦੇ ਪੈਦਾ ਹੋਣ ਦੇ ਮੁੱਖ ਕਾਰਨਾਂ 'ਚ ਸਰਦੀ, ਜ਼ੁਕਾਮ, ਐਲਰਜੀ ਅਤੇ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਦਾ ਕਮਜ਼ੋਰ ਹੋਣਾ ਸ਼ਾਮਲ ਹੈ। ਸਰਦੀ ਅਤੇ ਜ਼ੁਕਾਮ ਤੋਂ ਬਾਅਦ, ਜੋ ਬਲਗਮ ਬਾਹਰ ਨਿਕਲ ਜਾਣੀ ਚਾਹੀਦੀ ਹੈ, ਉਹ ਅੰਦਰ ਹੀ ਇਕੱਠੀ ਹੁੰਦੀ ਰਹਿੰਦੀ ਹੈ। ਇਸ ਬਲਗਮ ਕਾਰਨ ਸਿਰ, ਖੋਪੜੀ ਅਤੇ ਨੱਕ ਦੀਆਂ ਹੱਡੀਆਂ 'ਚ ਦਰਦ, ਸੋਜ, ਜਲਣ ਆਦਿ ਦਾ ਅਹਿਸਾਸ ਹੁੰਦਾ ਹੈ। ਇਸ ਰੋਗ ਦੇ ਵਧਣ ਲਈ ਸਿਰਦਰਦ ਅਤੇ ਸਰਦੀ-ਜ਼ੁਕਾਮ ਖਾਸ ਤੌਰ 'ਤੇ ਜ਼ਿੰਮੇਵਾਰ ਹੁੰਦੇ ਹਨ। ਸਾਈਨਸ ਰੋਗ ਦਾ ਇਕ ਮੁੱਖ ਕਾਰਨ ਐਲਰਜੀ ਵੀ ਮੰਨਿਆ ਜਾਂਦਾ ਹੈ। ਹਰੇਕ ਵਿਅਕਤੀ ਦੇ ਅੰਦਰ ਰੋਗ ਪ੍ਰਤੀਰੋਧਕ ਸ਼ਕਤੀ ਇਕੋ ਜਿਹੀ ਨਹੀਂ ਹੁੰਦੀ, ਇਸ ਲਈ ਯਕੀਨਨ ਕੁਝ ਵਸਤੂਆਂ, ਜਿਵੇਂ ਖਾਧ ਪਦਾਰਥ, ਡਰਿੰਕ, ਸੁਗੰਧ, ਰਸਾਇਣ, ਔਸ਼ਧੀਆਂ ਆਦਿ ਉਸ 'ਤੇ ਉਲਟਾ ਅਸਰ ਪਾਉਂਦੀਆਂ ਹਨ। ਇਨ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਵਿਅਕਤੀ ਨੂੰ ਇਨ੍ਹਾਂ ਤੋਂ ਬਚਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਰੋਗ ਨੂੰ ਮੁਸ਼ਕਿਲ ਰੋਗਾਂ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਜਾਂਦਾ ਪਰ ਇਸ ਤੋਂ ਬਚਾਅ ਦੀ ਕੋਸ਼ਿਸ਼ ਨਾ ਕੀਤੀ ਜਾਏ ਤਾਂ ਇਹ ਬੀਮਾਰੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਅਤੇ ਤੁਹਾਨੂੰ ਕਈ ਸਾਲਾਂ ਤਕ ਪ੍ਰੇਸ਼ਾਨ ਕਰ ਸਕਦੀ ਹੈ। ਇਹ ਕਿਸੇ ਵੀ ਉਮਰ ਵਰਗ ਦੇ ਵਿਅਕਤੀ ਨੂੰ ਪੀੜਤ ਕਰ ਸਕਦੀ ਹੈ। ਇਹ ਰੋਗ ਬਚਪਨ 'ਚ ਹੀ ਆਪਣੀ ਲਪੇਟ 'ਚ ਵਧੇਰੇ ਲੈਂਦਾ ਹੈ, ਜਿਸ ਦੀ ਸਮੇਂ ਤੋਂ ਪਹਿਲਾਂ ਪਛਾਣ ਜ਼ਰੂਰੀ ਹੈ। ਜਵਾਨੀ 'ਚ ਲੋੜ ਤੋਂ ਵਧੇਰੇ ਪ੍ਰਦੂਸ਼ਣ ਦਾ ਸਾਹਮਣਾ ਕਰਨ, ਦੂਸ਼ਿਤ ਵਾਤਾਵਰਣ 'ਚ ਕੰਮ ਕਰਨ ਅਤੇ ਖੁਦ ਨੂੰ ਮੌਜੂਦਾ ਮਾਹੌਲ 'ਚ ਤਣਾਅਮੁਕਤ ਨਾ ਰੱਖ ਸਕਣ ਕਾਰਨ ਇਹ ਵਧੇਰੇ ਹੁੰਦਾ ਹੈ। ਰੋਗ ਦੀ ਸਥਿਤੀ 'ਚ ਮੱਥੇ 'ਤੇ ਭਾਰੇਪਣ ਦੇ ਨਾਲ ਤੇਜ਼ ਦਰਦ, ਨੱਕ 'ਚੋਂ ਪਾਣੀ ਵਗਣਾ, ਪੂਰੇ ਚਿਹਰੇ ਦੀਆਂ ਹੱਡੀਆਂ 'ਚ ਦਰਦ ਨਾਲ ਸੋਜ, ਜਲਣ, ਅੱਖਾਂ 'ਚ ਲਾਲ, ਗਲੇ 'ਚ ਭਾਰਾਪਣ,  ਸਾਹ ਲੈਣ 'ਚ ਰੁਕਾਵਟ ਦਾ ਅਹਿਸਾਸ ਹੁੰਦਾ ਹੈ।
ਰੋਗ ਦੀ ਗੰਭੀਰ ਸਥਿਤੀ 'ਚ ਨੱਕ 'ਚੋਂ ਵਧੇਰੇ ਮਾਤਰਾ 'ਚ ਸੰਘਣੀ ਪੀਲੀ ਜਾਂ ਹਰੇ ਰੰਗ ਦੀ ਬਲਗਮ ਨਿਕਲਦੀ ਹੈ। ਨਾਲ ਹੀ ਨੱਕ ਦੀ ਹੱਡੀ ਵੀ ਜ਼ਖਮੀ ਹੋ ਸਕਦੀ ਹੈ। ਗ੍ਰੰਥੀਆਂ 'ਚ ਸੋਜ ਕਾਰਨ ਟਾਂਸਿਲ 'ਚ ਜਲਣ ਤੋਂ ਇਲਾਵਾ ਕੰਠ ਭਾਵ ਗਲੇ 'ਚ ਸੋਜ ਦਾ ਅਹਿਸਾਸ ਵੀ ਹੁੰਦਾ ਹੈ। ਸਰਦੀ-ਜ਼ੁਕਾਮ ਦਾ ਪ੍ਰਕੋਪ ਤੇਜ਼ ਹੋਣ 'ਤੇ ਨਾਸਾਂ 'ਚ ਦਰਦ ਅਤੇ ਛਿੱਕਣ 'ਚ ਮੁਸ਼ਕਿਲ ਹੁੰਦੀ ਹੈ। ਇਸ ਰੋਗ ਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਇਹ ਰੋਗ ਠੰਡ ਨਾਲ ਵਧਦਾ ਹੈ ਅਤੇ ਗਰਮੀ 'ਚ ਘੱਟਦਾ ਹੈ। ਕਈ ਵਾਰ ਇਸ ਸਥਿਤੀ 'ਚ ਨਾਸਾਂ ਸਾਫ ਕਰਦਿਆਂ ਮਾਸ ਛਿੱਲਿਆ ਵੀ ਜਾਂਦਾ ਹੈ ਪਰ ਫਿਰ ਵੀ ਚੈਨ ਨਹੀਂ ਮਿਲਦੀ। ਸਾਇਨੋਸਾਇਟਿਸ  ਦੀ ਸ਼ੁਰੂਆਤ ਸਰਦੀ ਜਾਂ ਵਿਗੜੇ ਹੋਏ ਜ਼ੁਕਾਮ ਕਾਰਨ ਹੀ ਵਧੇਰੇ ਹੁੰਦੀ ਹੈ। ਰੋਗ ਦੀ ਪਹਿਲੀ ਸਥਿਤੀ 'ਚ ਹੀ ਚਿਹਰੇ 'ਤੇ ਜਲਣ ਅਤੇ ਦਰਦ ਦਾ ਅਹਿਸਾਸ ਹੁੰਦਾ ਹੈ। ਸਰੀਰ ਭਾਰਾ ਲੱਗਦਾ ਹੈ। ਹਲਕੇ ਬੁਖਾਰ ਦਾ ਅਹਿਸਾਸ ਹੁੰਦਾ ਹੈ। ਕਿਸੇ ਵੀ ਕੰਮ 'ਚ ਮਨ ਨਹੀਂ ਲੱਗਦਾ ਅਤੇ ਰੋਗੀ ਖੁਦ ਨੂੰ ਗਰਮ ਕਮਰੇ 'ਚ ਜਾਂ ਵਧੇਰੇ ਕੱਪੜਿਆਂ 'ਚ ਲਪੇਟ ਕੇ ਰੱਖਣਾ ਚਾਹੁੰਦਾ ਹੈ। ਇਸ ਰੋਗ ਦੇ ਲੋੜੀਂਦੇ ਲੱਛਣਾਂ 'ਚ ਇਹ ਵੀ ਸ਼ਾਮਲ ਹੈ। ਨੱਕ ਬੰਦ ਹੋਣ 'ਤੇ ਜਾਂ ਥੋੜ੍ਹਾ ਜਿਹਾ ਖੁੱਲ੍ਹਾ ਰਹਿਣ ਕਾਰਨ ਸੁੰਘਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਅਜਿਹੇ ਰੋਗ ਦੀ ਤੀਬਰਤਾ  ਸਵੇਰ ਅਤੇ ਸ਼ਾਮ ਸਮੇਂ 'ਚ ਹੀ ਵਧੇਰੇ ਹੁੰਦੀ ਹੈ। ਸਰਦੀ ਅਤੇ ਜ਼ੁਕਾਮ ਦੇ ਪੁਰਾਣੇ ਹੋਣ 'ਤੇ ਨੱਕ 'ਚੋਂ ਪੀਲਾ ਬਦਬੂਦਾਰ ਪਦਾਰਥ ਰਿਸਦਾ ਹੈ। ਨੱਕ ਦਾ ਅੰਦਰਲਾ ਹਿੱਸਾ ਲਾਲ ਨਜ਼ਰ ਆਉਂਦਾ ਹੈ। ਛੂਹਣ 'ਤੇ ਤਕਲੀਫ ਹੁੰਦੀ ਹੈ। ਇਸ ਰੋਗ ਦੇ ਵਧਣ ਦਾ ਮੁੱਖ ਕਾਰਨ ਠੰਡ ਲੱਗਣਾ ਹੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਹਰ ਹਾਲ 'ਚ ਇਸ ਤੋਂ ਬਚਿਆ ਜਾਏ।              
ਬਚਾਅ ਦੇ ਉਪਾਅ
ਇਸ ਰੋਗ ਤੋਂ ਬਚਾਅ ਦਾ ਸਰਵੋਤਮ ਉਪਾਅ ਹੈ ਕਿ ਐਲਰਜਿਕ ਤੱਤਾਂ ਤੋਂ ਬਚਿਆ ਜਾਏ। ਅਜਿਹੀਆਂ ਵਸਤੂਆਂ ਨਾ ਵਰਤੀਆਂ ਜਾਣ, ਜੋ ਪ੍ਰੇਸ਼ਾਨੀ ਦਾ ਕਾਰਨ ਬਣਨ। ਜੋ ਚੀਜ਼ ਤੁਹਾਨੂੰ ਸੂਟ ਨਾ ਕਰਦੀ ਹੋਵੇ, ਕਿਸੇ ਵੀ ਹਾਲਤ 'ਚ ਉਸ ਤੋਂ ਦੂਰ ਰਹੋ। ਨਮੀ ਵਾਲੇ ਕਮਰੇ ਜਾਂ ਵਾਤਾਵਰਣ 'ਚ ਆਰਾਮ ਨਾ ਕਰੋ। ਜਿਹੜੇ ਫਲਾਂ, ਸਬਜ਼ੀਆਂ 'ਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ, ਸਰਦੀਆਂ ਅਤੇ ਬਰਸਾਤ 'ਚ ਉਨ੍ਹਾਂ ਦੀ ਵਰਤੋਂ ਤੋਂ ਬਚੋ। ਫਰਿੱਜ ਦੇ ਪਾਣੀ ਅਤੇ ਕੋਲਡ ਡਰਿੰਕ ਦਾ ਸੇਵਨ ਨਾ ਕਰੋ। ਭੋਜਨ ਅਤੇ ਨਾਸ਼ਤੇ 'ਚ ਅਜਿਹੀਆਂ ਵਸਤੂਆਂ ਲਓ, ਜਿਨ੍ਹਾਂ 'ਚ ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡ੍ਰੇਟ, ਚਿਕਨਾਈ, ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬਲ ਮਿਲੇਗਾ। ਸਰਦੀ ਜਾਂ ਜ਼ੁਕਾਮ ਦੀ ਸ਼ਿਕਾਇਤ ਹੋਣ 'ਤੇ ਕਿਸੇ ਦਰਦ ਨਿਵਾਰਕ ਦਵਾਈ ਦੇ ਸੇਵਨ ਦੀ ਬਜਾਏ ਕਿਸੇ ਚੰਗੇ ਜਿਹੇ ਡਾਕਟਰ ਦੀ ਸੇਵਾ ਲਓ।