ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਥੈਲਾਸੀਮੀਆ ਕੀ ਹੈ?


ਸਮਾਜ ਸੇਵਾ ਵਿੱਚ ਲੱਗੀਆਂ ਥੈਲਾਸੀਮੀਆ ਸੁਸਾਇਟੀਆਂ ਦੇ ਕਾਰਜ ਕਰਤਾ ਬੜੀ ਤਨ ਦੇਹੀ ਨਾਲ, ਤਨੋਂ, ਮਨੋਂ ਤੇ ਧਨੋਂ, ਐਸੇ ਬੱਚਿਆਂ ਵਾਸਤੇ ਖੂਨ ਦਾਨ ਕੈਂਪ ਤੇ ਮਾਲੀ ਸਹਾਇਤਾ ਦੇ ਪ੍ਰਬੰਧਾਂ ਵਿੱਚ ਜੁਟੇ ਰਹਿੰਦੇ ਹਨ। ਹਰੇਕ ਦੇਸ਼ ਤੇ ਵੱਖ-ਵੱਖ ਸ਼ਹਿਰਾਂ ਵਿਚ ਦਾਨੀ ਅਤੇ ਸੇਵਾ ਕਰਨ ਵਾਲੇ ਸੱਜਣ ਮਿਲਦੇ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਥੈਲਾਸੀਮੀਆ ਰੋਗੀਆਂ ਨੂੰ ਖ਼ੂਨ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਇਲਾਜ ਵਾਸਤੇ ਮਾਲੀ ਮਦਦ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਅੱਜ ਦਾ ਲੇਖ, ਅੱਠ ਮਈ ਨੂੰ ਕੁੱਲ ਦੁਨੀਆਂ ਵਿਚ ਮਨਾਏ ਗਏ ''ਵਿਸ਼ਵ ਥੈਲਾਸੀਮੀਆ ਦਿਵਸ'' ਨੂੰ ਸਮਰਪਿਤ ਹੈ।
ਖ਼ੂਨ ਨਾਲ ਸਬੰਧਤ ਕਈ ਰੋਗ ਹਨ ਜਿਵੇਂ ਚਿੱਟੇ ਸੈੱਲਾਂ ਦੇ (ਲਿਊਕੀਮੀਆ ਜਾਂ ਖ਼ੂਨ ਦੇ ਕੈਂਸਰ ਆਦਿ), ਪਲੇਟਲੈਟਸ ਦੇ (ਜਿਵੇਂ ਪਲੇਟਲੈਟ ਸੈੱਲਾਂ ਦੇ ਘਟਣ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆ 'ਚੋਂ ਖ਼ੂਨ ਵਗਣਾ) ਅਤੇ ਖ਼ੂਨ ਦੇ ਲਾਲ ਸੈੱਲਾਂ ਦੇ (ਜਿਵੇਂ ਖ਼ੂਨ ਦੀ ਕਮੀ ਜਾਂ ਅਨੀਮੀਆ, ਥੈਲਾਸੀਮੀਆ ਆਦਿ)। ਥੈਲਾਸੀਮੀਆ, ਖ਼ੂਨ ਦੇ ਲਾਲ ਸੈੱਲਾਂ ਦਾ ਇਕ ਜੈਨੇਟਿਕ ਰੋਗ ਹੈ ਜੋ, ਇਕ ਅਸਾਧਾਰਨ (ਅਬਨਾਰਮਲ) ਜੀਨ ਦੇ ਕਾਰਨ ਹੁੰਦਾ ਹੈ ਜਿਸ ਕਰਕੇ, ਲੋਹੇ ਦੀ ਮਾਤਰਾ ਤੇ ਬਾਕੀ ਤੱਤ, ਲੋੜ ਅਨੁਸਾਰ ਹੋਣ ਦੇ  ਬਾਵਜੂਦ ਵੀ ਲਾਲ ਸੈੱਲਾਂ ਨੂੰ (ਲਾਲ) ਰੰਗ ਪ੍ਰਦਾਨ ਕਰਨ ਵਾਲੀ ਹੀਮੋਗਲੋਬਿਨ, ਠੀਕ ਨਹੀਂ ਬਣ ਸਕਦੀ। ਸੋ ਬੱਚੇ ਨੂੰ ਖ਼ੂਨ ਦੀ ਕਮੀ ਰਹਿੰਦੀ ਹੈ (ਅਨੀਮੀਆ) ਤੇ ਇਹ ਸੈੱਲ, ਸਹੀ ਤਰੀਕੇ ਨਾਲ ਆਕਸੀਜਨ ਲਿਜਾਣ ਦਾ ਕੰਮ ਨਹੀਂ ਕਰ ਸਕਦੇ। ਇਹ ਸਮੱਸਿਆ ਠੀਕ ਹੋਣ ਵਾਲੀ ਨਹੀਂ ਹੁੰਦੀ ਤੇ ਸਾਰੀ ਉਮਰ ਬੱਚੇ ਨੂੰ, ਉਹਦੇ ਮਾਪਿਆਂ, ਰਿਸ਼ਤੇਦਾਰਾਂ ਤੇ ਸਮਾਜ ਨੂੰ ਕਸ਼ਟ ਵਿਚ ਰੱਖਦੀ ਹੈ।
ਥੈਲਾਸੀਮੀਆ, ਇਕ ਬੀਮਾਰੀ ਨਹੀਂ ਸਗੋਂ ਕਈ ਰੋਗਾਂ ਦਾ ਇਕ ਗਰੁੱਪ ਹੈ। ਇਨ੍ਹਾਂ 'ਚੋਂ ਸਭ ਤੋਂ ਖ਼ਤਰਨਾਕ ਤੇ ਵਧੇਰੇ ਕੇਸਾਂ ਵਿਚ ਹੋਣ ਵਾਲੀ ਕਿਸਮ ਨੂੰ ਥੈਲਾਸੀਮੀਆ ਮੇਜਰ ਕਿਹਾ ਜਾਂਦਾ ਹੈ ਜਿਸ ਵਾਸਤੇ ਸਾਰੀ ਉਮਰ, ਹਰ ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਵਾਰ ਖ਼ੂਨ ਚੜ੍ਹਾਉਣ ਦੀ ਜ਼ਰੂਰਤ ਰਹਿੰਦੀ ਹੈ। ਇਹ ਦਰਦਨਾਕ ਸਮੱਸਿਆ ਹੈ ਜਿਸ ਨਾਲ ਮਰੀਜ਼ ਤੇ ਉਹਦੇ ਮਾਪਿਆਂ 'ਤੇ ਭਾਵਾਤਮਿਕ ਤੇ ਮਾਇਕ ਬੋਝ ਰਹਿੰਦਾ ਹੈ। ਥੈਲਾਸੀਮੀਆ ਭਾਵੇਂ ਇਕ ਗੰਭੀਰ ਰੋਗ ਹੈ ਜਿਸ ਦਾ ਸਾਰੀ ਉਮਰ ਇਲਾਜ ਕਰਦੇ ਰਹਿਣਾ ਪੈਂਦਾ ਹੈ ਫਿਰ ਵੀ ਅਜੋਕੇ ਸਮੇਂ ਵਿਚ ਜੋ ਵੀ ਉਪਲਬਧ ਹੈ, ਨਾਲ ਵਿਅਕਤੀ ਕਾਫੀ ਦੇਰ ਜ਼ਿੰਦਗ਼ੀ ਜੀ ਸਕਦਾ ਹੈ।
ਥੈਲਾਸੀਮੀਆ ਕਿਵੇਂ ਹੁੰਦਾ ਹੈ..?
ਹਰੇਕ ਬੱਚਾ, ਸਰੀਰਕ ਬਣਤਰ ਦੇ ਗੁਣ ਆਪਣੇ ਮਾਂ ਬਾਪ ਤੋਂ ਪ੍ਰਾਪਤ ਕਰਦਾ ਹੈ, ਸ਼ਕਲ ਸੂਰਤ ਵਾਲੇ ਗੁਣ ਜਿਵੇਂ ਨੱਕ ਦੀ ਸ਼ੇਪ, ਅੱਖਾਂ ਦਾ ਰੰਗ, ਕੱਦ-ਕਾਠ ਆਦਿ। ਇਸੇ ਤਰ੍ਹਾਂ ਲਾਲ ਸੈੱਲਾਂ ਅੰਦਰਲੀ ਹੀਮੋਗਲੋਬਿਨ ਦੀ ਕਿਸਮ ਵੀ ਵਿਰਾਸਤ ਵਿਚ ਮਾਪਿਆਂ ਦੀਆਂ ਜੀਨਜ਼ ਤੋਂ ਹੀ ਮਿਲਦੀ ਹੈ, ਇਕ ਜੀਨ ਮਾਂ ਤੋਂ ਤੇ ਇਕ ਪਿਉ ਤੋਂ। ਨਾਰਮਲ ''ਹੀਮੋਗਲੋਬਿਨ ਏ'' ਹੁੰਦੀ ਹੈ। ਜੇ ਮਾਂ ਦੀਆਂ ਦੋਵਾਂ ਜੀਨਜ਼ 'ਚੋਂ ਇਕ ਥੈਲਾਸੀਮੀਆ ਦੀ ਹੋਵੇ ਤੇ ਪਿਉ ਦੀ ਵੀ ਇਕ ਜੀਨ ਖ਼ਰਾਬ ਹੋਵੇ ਤਾਂ ਇਕ ਬੱਚਾ ਥੈਲਾਸੀਮੀਆ (ਮੇਜਰ) ਵਾਲਾ ਹੋਵੇਗਾ ਤੇ ਇਕ ਨਾਰਮਲ ਜਾਂ ਕੈਰੀਅਰ ਹੋਵੇਗਾ। ਕੈਰੀਅਰ ਬੱਚੇ ਨੂੰ ਥੈਲਾਸੀਮੀਆ ਟਰੇਟ ਜਾਂ ''ਥੈਲਾਸੀਮੀਆ ਮਾਇਨਰ'' ਕਿਹਾ ਜਾਂਦਾ ਹੈ। ਐਸੇ ਬੱਚਿਆਂ ਨੂੰ ਖ਼ੂਨ ਦੀ ਕੁਝ ਕਮੀ ਰਹਿੰਦੀ ਹੈ ਪਰ ਆਮ ਕਰਕੇ ਖ਼ੂਨ ਦੇਣ ਜਾਂ ਇਲਾਜ ਦੀ ਲੋੜ ਨਹੀਂ ਪੈਂਦੀ। ਉਂਜ ਐਸੇ ਵਿਅਕਤੀਆਂ ਦੇ ਅੱਗੋਂ ਬੱਚਿਆਂ ਨੂੰ, ਇਹ ਬੀਮਾਰੀ ਹੋਣ ਦਾ 50 ਪ੍ਰਤੀਸ਼ਤ ਰਿਸਕ ਹੁੰਦਾ ਹੈ। ਦੁਨੀਆਂ ਵਿਚ  ਥੈਲਾਸੀਮੀਆ ਟਰੇਟ ਦੇ 60 ਤੋਂ 80 ਮਿਲੀਅਨ ਮਰੀਜ਼ ਹਨ।
ਥੈਲਾਸੀਮੀਆ ਮੇਜਰ ਦੇ ਲੱਛਣ : ਜੇਕਰ ਖ਼ੂਨ ਨਾ ਚੜ੍ਹਾਇਆ ਜਾਵੇ ਤਾਂ ਬੱਚਾ ਪੀਲ਼ਾ ਭੂਕ ਦਿਖਾਈ ਦੇਂਦਾ ਹੈ, ਥੱਕਿਆ ਰਹਿੰਦਾ ਹੈ, ਭੁੱਖ ਘੱਟ ਲੱਗਦੀ ਹੈ ਤੇ ਕੋਈ ਨਾ ਕੋਈ ਇਨਫੈਕਸ਼ਨ ਹੋਈ ਰਹਿੰਦੀ ਹੈ। ਕੁਝ ਦੇਰ ਬਾਅਦ ਜਿਗਰ ਤੇ ਤਿੱਲੀ, ਦੋਵੇਂ ਹੀ ਵਧ ਜਾਂਦੇ ਹਨ ਜਿਨ੍ਹਾਂ ਨਾਲ ਢਿੱਡ ਫੁੱਲਿਆ ਫੁੱਲਿਆ ਦਿਸਦਾ ਹੈ। ਲਗਾਤਾਰ ਖ਼ੂਨ ਨਾ ਚੜ੍ਹਾਇਆ ਜਾਵੇ ਤਾਂ ਜ਼ਿੰਦਗੀ ਵਧੇਰੇ ਨਹੀਂ ਹੁੰਦੀ। ਪੂਰੀ ਦੁਨੀਆਂ ਵਿਚ ਥੈਲਾਸੀਮੀਆ, ਖ਼ੂਨ ਦੀ ਇਕ ਆਮ ਬੀਮਾਰੀ ਹੈ। ਹਰੇਕ ਸਾਲ ਹਜ਼ਾਰਾਂ ਹੀ ਐਸੇ ਬੱਚੇ ਜੰਮਦੇ ਹਨ। ਮੱਧ ਪੁਰਵੀ ਦੇਸ਼ ਤੇ ਮੈਡੀਟ੍ਰੇਨੀਅਨ ਦੇਸ਼  ਸਪੇਨ, ਫਰਾਂਸ, ਮਨੈਕੋ, ਇਟਲੀ, ਮਾਲਟਾ, ਯੂਨਾਨ, ਬੋਸਨੀਆਂ ਵੈਟੀਕਨ ਸਿਟੀ, ਤੁਰਕੀ, ਸੀਰੀਆ, ਲਿਬਨਾਨ, ਅਲਜੀਰੀਆ, ਲਿਬੀਆ, ਦੱਖਣੀ ਅਫਰੀਕਾ, ਭਾਰਤ, ਮੱਧ ਏਸ਼ੀਆ ਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਇਸ ਰੋਗ ਦੀ ਪਕੜ ਵਿਚ ਹਨ।
ਇਲਾਜ : ਥੈਲਾਸੀਮੀਆ ਮੇਜਰ ਦੇ ਇਲਾਜ ਵਜੋਂ ਲਗਾਤਾਰ ਖ਼ੂਨ ਚੜ੍ਹਾਉਣਾ, ਅਤੇ ਵਿਟਾਮਿਨ ਬੀ (ਫੋਲਿਕ ਏਸਿਡ) ਦੇਣਾ ਸ਼ਾਮਲ ਹੈ। ਖ਼ੂਨ ਦੇਣ ਦੇ ਨਾਲ, ਲੋਹੇ ਵਾਲੀਆਂ ਗੋਲੀਆਂ ਨਹੀਂ ਦੇਈਦੀਆਂ ਕਿਉਂਕਿ ਲਗਾਤਾਰ ਖ਼ੂਨ ਨਾਲ ਹੀ ਸਰੀਰ 'ਚ ਕਾਫੀ ਮਾਤਰਾ ਵਿਚ,  ਵਾਧੂ ਲੋਹਾ ਜਮ੍ਹਾਂ  ਹੋ ਜਾਂਦਾ ਹੈ। ਇਸ ਵਾਧੂ ਲੋਹੇ ਨੂੰ ਦੂਰ ਕਰਨ ਲਈ ਚੀਲੇਸ਼ਨ ਥੈਰਾਪੀ ਦਿੱਤੀ ਜਾਂਦੀ ਹੈ।  ਕੁਝ ਕੇਸਾਂ (ਬੱਚਿਆਂ) ਵਿੱਚ ਬੋਨ-ਮੈਰੋ ਟਰਾਂਸਪਲਾਂਟੇਸ਼ਨ ਵੀ ਕੀਤੀ ਜਾਂਦੀ ਹੈ ।
ਉਲਝਣਾਂ : ਜੇਕਰ ਥੈਲਾਸੀਮੀਆ ਮੇਜਰ ਦਾ ਇਲਾਜ ਨਾ ਕੀਤਾ ਜਾਵੇ ਤਾਂ ਨਿਮਨ ਅਨੁਸਾਰ ਉਲਝਣਾਂ ਪੈਦਾ ਹੋ ਸਕਦੀਆਂ ਹਨ: ਦਿਲ ਦਾ ਫੇਲ੍ਹ ਹੋਣਾ, ਜਿਗਰ ਦੀਆਂ ਸਮੱਸਿਆਵਾਂ, ਸਰੀਰ ਵਿਚ ਕਈ ਅੰਗਾਂ ਦੀਆਂ ਇਨਫੈਕਸ਼ਨਾਂ। ਦੁਬਾਰਾ ਦੁਬਾਰਾ ਖ਼ੂਨ ਚੜ੍ਹਾਉਣ ਨਾਲ ਸਰੀਰ ਦੇ ਅੰਗਾਂ ਵਿਚ ਵਧੇਰੇ ਮਾਤਰਾ ਵਿਚ ਲੋਹਾ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਦਿਲ ਜਿਗਰ, ਤਿੱਲੀ ਤੇ ਹਾਰਮੋਨ ਪੈਦਾ ਕਰਨ ਵਾਲੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ
ਵਿਕਾਸਸ਼ੀਲ ਦੇਸ਼ਾਂ (ਭਾਰਤ, ਪਾਕਿਸਤਾਨ, ਸ੍ਰੀਲੰਕਾ, ਨੇਪਾਲ,  ਭੂਟਾਨ, ਬਰਮਾ) ਵਿਚ ਜੈਨੇਟਿਕ ਕੌਂਸਲਿੰਗ ਅਤੇ ਸਕਰੀਨਿੰਗ ਦੀ ਘਾਟ ਕਰਕੇ ਐਸੇ ਰੋਗੀਆਂ ਦੀ ਗਿਣਤੀ ਵਧ ਰਹੀ ਹੈ ਤੇ ਪੂਰੇ-ਪੂਰੇ ਅੰਕੜੇ ਵੀ ਉਪਲਬਧ ਨਹੀਂ ਹਨ। ਹੋ ਸਕਦਾ ਹੈ ਕਿ ਆਉਣ ਵਾਲੇ 50 ਸਾਲਾਂ ਵਿਚ ਇਹ ਸਮੱਸਿਆ ਇਕ ਭਿਆਨਕ ਰੂਪ ਧਾਰਨ ਕਰ ਜਾਵੇ, ਜਿਸ ਨਾਲ ਵਰਲਡ ਬੈਂਕ ਅਤੇ ਹੈਲਥ ਸਿਸਟਮਜ਼ 'ਤੇ ਹੋਰ ਵਧੇਰੇ ਬੋਝ ਪੈ ਜਾਵੇਗਾ। ਜਿਨ੍ਹਾਂ ਦੇਸ਼ਾਂ ਵਿਚ ਇਸ ਰੋਗ ਸਬੰਧੀ ਚੇਤੰਨਤਾ ਦੀ ਕਮੀ ਹੈ, ਉਥੇ ਇਸ ਰੋਗ ਦਾ ਬੋਲਬਾਲਾ ਹੈ ਤੇ ਇਸ ਦਾ ਡਾਇਗਨੋਸਿਸ ਅਤੇ ਇਲਾਜ ਔਖਾ ਹੈ।  ਮਰੀਜ਼ ਤੇ ਉਹਦੇ ਰਿਸ਼ਤੇਦਾਰਾਂ 'ਤੇ ਬੜਾ ਭਾਵਨਾਤਮਿਕ ਅਤੇ ਮਾਇਕ ਬੋਝ ਰਹਿੰਦਾ ਹੈ।
ਮਾਪਿਆਂ ਦੀ ਜੈਨੇਟਿਕ ਕੌਂਸਲਿੰਗ : ਜਿਨ੍ਹਾਂ ਮਾਪਿਆਂ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਇਹ ਰੋਗ ਹੋ ਸਕਦਾ ਹੈ ਉਨ੍ਹਾਂ ਦੀ ਕੌਂਸਲਿੰਗ, ਵਿਕਸਿਤ ਦੇਸ਼ਾਂ ਵਿੱਚ ਆਮ ਹੈ: ਵਿਕਾਸਸ਼ੀਲ ਮੁਲਕਾਂ ਵਿਚ ਇਸ ਦੀ ਘਾਟ ਕਰਕੇ ਥੈਲਾਸੀਮੀਆ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਐਸੇ ਬੱਚੇ ਨੂੰ ਹੋਣ ਵਾਲੀਆਂ ਸਮੱਸਿਆਵਾਂ, ਬਰਥ ਕੰਟਰੋਲ, ਜਨਮ ਤੋਂ ਪਹਿਲਾਂ ਬੱਚੇ ਦੇ ਜੈਨੇਟਿਕ ਟੈਸਟ, ਤੇ ਰੋਗੀ ਪਾਏ ਜਾਣ ਦੀ ਹਾਲਤ ਵਿਚ ਭਰੂਣ ਗਿਰਾਉਣ ਸਬੰਧੀ, ਮਾਪਿਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ।
  ਮੈਡੀਟ੍ਰੇਨੀਅਨ ਦੇਸ਼ਾਂ ਵਿਚ ਸਕਰੀਨਿੰਗ ਤੇ ਕੌਂਸਲਿੰਗ ਪ੍ਰੋਗਰਾਮਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਯਾਨੀ ਕਿ ਥੈਲਾਸੀਮੀਆ ਦੇ ਰੋਗੀਆਂ ਦੀ ਗਿਣਤੀ ਵਿਚ ਚੋਖੀ ਕਾਫੀ ਕਮੀ ਆਈ ਹੈ। ਸਾਰਡੀਨੀਆਂ ਵਿਚ, ਪਹਿਲਾਂ 250 ਨਵੇਂ ਜਨਮੇ ਬੱਚਿਆਂ 'ਚੋਂ ਇਕ ਨੂੰ  ਇਹ ਰੋਗ ਹੁੰਦਾ ਸੀ ਜਦ ਕਿ ਹੁਣ 1000 'ਚੋਂ ਇਕ ਨੂੰ ਹੁੰਦਾ ਹੈ। ਹੋਰ ਦੇਸ਼ ਜਿਨ੍ਹਾਂ ਨੇ ਐਸੇ ਪ੍ਰੋਗਰਾਮ ਸ਼ੁਰੂ ਕੀਤੇ ਹਨ, ਉਨ੍ਹਾਂ ਵਿਚ ਵੀ ਐਸੇ ਕੇਸਾਂ ਦੇ ਘਟਣ ਦੇ ਸੰਕੇਤ ਮਿਲ ਰਹੇ ਹਨ।
ਭਾਰਤ ਦੇ ਜੈਨੇਟਿਕ ਸਕਰੀਨਿੰਗ ਅਤੇ ਕੌਂਸਲਿੰਗ ਕਲੀਨਿਕਾਂ ਵਿਚ, ਬੱਚੇ ਦੇ ਜਨਮ ਤੋਂ ਪਹਿਲਾਂ, ਇਨ੍ਹਾਂ ਬੀਮਾਰੀਆਂ ਦਾ ਪਤਾ ਲਗਾਉਣ ਲਈ ਟੈਸਟ ਕਰਨ ਦੇ ਪ੍ਰਬੰਧ ਹਨ। ਮੁੰਬਈ ਦੇ ਨਾਨਾਵਤੀ ਹਸਪਤਾਲ ਅਤੇ ਖੋਜ ਕੇਂਦਰ ਵਿਚ ਪ੍ਰੀਨੇਟਲ ਵਿਭਾਗ ਚਾਲੂ ਹੋਣ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਭਰੂਣ ਚੈੱਕ ਕੀਤੇ ਜਾ ਚੁਕੇ ਹਨ। ਇਸ ਵਿਭਾਗ ਦੇ ਮੁਖੀ ਮੁਤਾਬਕ ਸੈਂਕੜੇ ਭਰੂਣ ਜਿਨ੍ਹਾਂ ਵਿਚ ਥੈਲਾਸੀਮੀਆ ਸੀ, ਵਿਚੋਂ ਕਾਫੀ ਜ਼ਿਆਦਾ ਦੇ ਮਾਪਿਆਂ ਨੇ ਗਰਭਪਾਤ ਕਰਵਾਉਣਾ ਹੀ ਠੀਕ ਸਮਝਿਆ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ  ਸਾਇੰਸਿਜ਼ ਨਵੀਂ ਦਿੱਲੀ ਦੇ ਡਾਕਟਰਾਂ ਅਨੁਸਾਰ ਬੱਚੇ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਕਰਨ ਵਾਲੇ ਤੇ ਲੰਮਾ ਸਮਾਂ ਚੱਲਣ ਵਾਲੇ ਲਾ-ਇਲਾਜ ਰੋਗਾਂ ਦਾ ਅਗਾਊਂ ਪਤਾ ਲਗਾਉਣਾ ਹੀ ਭਰੂਣ ਟੈਸਟ ਦਾ ਆਧਾਰ ਹੈ।
ਨਵੀਆਂ ਨਵੀਆਂ ਖੋਜਾਂ ਕਾਰਨ ਅੇਸੈ ਰੋਗਾਂ ਦੀ ਲੰਮੀ ਹੁੰਦੀ ਜਾ ਰਹੀ ਸੂਚੀ, ਡਾਕਟਰਾਂ ਨੂੰ ਨੈਤਿਕਤਾ ਦੇ ਧਰਮ-ਸੰਕਟ ਵਿਚ ਪਾ ਰਹੀ ਹੈ। ਮਿਸਾਲ ਵਜੋਂ ਹੋ ਸਕਦਾ ਹੈ ਕਿ ਕਈ ਲਾ-ਇਲਾਜ ਰੋਗ, ਜ਼ਿੰਦਗੀ ਲਈ ਗੰਭੀਰ ਖ਼ਤਰਾ ਨਾ ਹੋਣ, ਪਰ ਸਾਰੀ ਉਮਰ ਦਵਾ-ਦਾਰੂ ਦੇ ਖਰਚੇ ਅਤੇ ਸਮਾਜਕ ਤੌਰ 'ਤੇ ਕਲੰਕਿਤ ਹੋਣ ਦੇ ਖ਼ਤਰੇ ਤੋਂ ਬਚਣ ਲਈ ਐਸੇ ਰੋਗ ਦਾ ਪਤਾ ਲੱਗਣ 'ਤੇ, ਮਾਪੇ ਗਰਭਪਾਤ ਕਰਵਾਉਣਾ ਹੀ ਠੀਕ ਸਮਝਦੇ ਹਨ।
ਇਸ ਦੇ ਮੁਕਾਬਲੇ ਪੱਛਮੀ ਦੇਸ਼ਾਂ ਵਿੱਚ ਇਹ ਇਕ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ ਕਿ ਜੋ ਰੋਗ ਜਾਨ ਲਈ ਖ਼ਤਰਾ ਨਹੀਂ, ਉਨ੍ਹਾਂ ਵਾਸਤੇ ਭਰੂਣ ਦਾ ਟੈਸਟ ਕਰਾਇਆ ਜਾਵੇ ਕਿ ਨਾ। ਸਰ  ਗੰਗਾ ਰਾਮ ਹਸਪਤਾਲ  ਦਿੱਲੀ ਦੇ ਜੈਨੇਟਿਕ ਮੈਡੀਸਨ ਦੇ ਮੁਖੀ ਕਹਿੰਦੇ ਹਨ, ''ਭਾਰਤ ਉਤੇ ਐਸੇ ਜੈਨੇਟਿਕ ਰੋਗੀਆਂ ਦਾ ਬੜਾ ਬੋਝ ਹੈ। ਮੰਦ-ਬੁੱਧੀ ਅਤੇ ਅਪੰਗ ਰੋਗੀਆਂ ਦੇ ਇਲਾਜ ਅਤੇ ਦੇਖ-ਭਾਲ  'ਤੇ ਬਹੁਤ ਖ਼ਰਚਾ ਆਉਂਦਾ ਹੈ। ਭਾਵੇਂ ਸਰਕਾਰ ਕੋਲੋਂ ਕੁਝ ਮਦਦ ਮਿਲਦੀ ਹੈ ਫਿਰ ਵੀ ਇਹ ਇਕ ਭਾਵਾਤਮਿਕ ਬੋਝ  ਹੈ।''
ਜੈਨੇਟਿਕ ਨੁਕਸਾਂ ਤੋਂ ਪੀੜਤ ਰੋਗੀਆਂ ਲਈ ਕੰਮ ਕਰ ਰਹੀਆਂ ਗ਼ੈਰ-ਸਰਕਾਰੀ ਸੰਸਥਾਵਾਂ ਇਹ ਮੰਨਦੀਆਂ ਹਨ ਕਿ ਇਸ ਤਰ੍ਹਾਂ ਦੇ ਰੋਗਾਂ ਵਾਸਤੇ ਭਰੂਣ ਦਾ ਟੈਸਟ ਕਰਾਉਣਾ ਸਹੀ ਦਿਸ਼ਾ ਵੱਲ ਇਕ ਕਦਮ ਹੈ। ਮੁੰਬਈ ਵਿਚ, ਇਨ੍ਹਾਂ 'ਖ਼ਾਸ' ਬੱਚਿਆਂ ਵਾਸਤੇ ਬਣੇ 'ਸਵੇਰਾ' ਸਕੂਲ ਨਾਲ ਜੁੜੀ, ਸਾਇਕਾਲੋਜਿਸਟ ਡਾਕਟਰ ਕਹਿੰਦੀ ਹੈ, ''ਭਰੂਣ ਵਜੋਂ ਪਲ ਰਹੇ ਹੀਮੋਫੀਲੀਆ, ਥੈਲਾਸੀਮੀਆ ਜਾਂ ਕਿਸੇ ਹੋਰ ਐਸੇ ਨੁਕਸ ਵਾਲੇ ਬੱਚਿਆਂ ਨੂੰ ਇਸ ਸੰਸਾਰ ਵਿਚ ਲਿਆ ਕੇ ਅਸੀਂ ਉਨ੍ਹਾਂ 'ਤੇ ਕੋਈ ਪਰਉਪਕਾਰ ਨਹੀਂ ਕਰਦੇ''।
ਆਮ ਲੋਕਾਂ ਨੂੰ ਭਰੂਣ ਦੀ ਜੈਨੇਟਿਕ ਜਾਂਚ ਕਰਾਉਣ ਵਾਲੇ ਕੇਂਦਰਾਂ ਅਤੇ ਟੈਸਟਾਂ ਬਾਰੇ ਕੁਝ ਖ਼ਾਸ ਜਾਣਕਾਰੀ ਨਹੀਂ। ਇਹ ਟੈਸਟ ਹੁੰਦੇ ਵੀ ਮਹਿੰਗੇ ਹਨ।  ਜਾਣਕਾਰੀ ਵਜੋਂ ਇਹ ਦੱਸਿਆ ਜਾਂਦਾ ਹੈ ਕਿ ਦਿੱਲੀ, ਚੇਨਈ, ਮੁੰਬਈ ਆਦਿ ਸ਼ਹਿਰਾਂ ਵਿਚ ਜੈਨੇਟਿਕ ਲੈਬਾਰਟਰੀਆਂ ਹਨ। ਜਿਨ੍ਹਾਂ ਨੇ  ਨੇੜਲੇ ਭਵਿੱਖ ਵਿਚ ਮਾਪੇ ਬਣਨਾ ਹੈ ਖ਼ਾਸ ਕਰ ਉਹ, ਜਿਨ੍ਹਾਂ ਦੀਆਂ ਪੀੜ੍ਹੀਆਂ ਜਾਂ ਬੰਸਾਂ ਵਿਚ ਜਮਾਂਦਰੂ ਜਾਂ ਜੈਨੇਟਿਕ ਨੁਕਸ ਹੋਣ ਦੇ ਚਾਂਸ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੇ ਭਰੂਣ ਟੈਸਟ ਕੇਂਦਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ।    
ਡਾ. ਮਨਜੀਤ ਸਿੰਘ ਬੱਲ