ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਛੱਟਮ ਪੀਰ ਬੈਠਾ ਗੁਰ ਭਾਰੀ


ਸਿੱਖ ਧਰਮ ਇਕ ਅਜਿਹਾ ਧਰਮ ਹੈ ਜਿਹੜਾ ਰੱਬੀ ਨੇੜਤਾ/ਮੇਹਰ ਨੂੰ ਹਾਸਲ ਕਰਨ ਲਈ ਕੇਵਲ ਪ੍ਰੇਮ ਪੂਰਵਕ ਅਤੇ ਸ਼ਰਧਾਮਈ ਜੀਵਨ-ਜਾਚ ਨੂੰ ਅਪਨਾਉਣ ਦੀ ਡੱਟਵੀਂ ਹਮਾਇਤ ਕਰਦਾ ਹੈ। ਇਸ ਹਮਾਇਤ ਵਿਚ 10 ਗੁਰੂ ਸਾਹਿਬਾਨ ਨੇ ਭਰਪੂਰ ਯੋਗਦਾਨ ਪਾਇਆ ਹੈ। ਗੱਲ ਇੱਥੇ ਹੀ ਬਸ ਨਹੀਂ ਸਗੋਂ ਪਰਮਾਰਥ ਦਾ ਪੈਂਡਾ ਤੈਅ ਕਰਕੇ ਉਸ ਪਰਮ-ਪਿਤਾ ਦੀ ਕਿਰਪਾ ਦਾ ਪਾਤਰ ਬਣਨ ਲਈ ਵਿਚਾਰਾਂ ਦੀ ਉੱਚਤਾ ਅਤੇ ਵਿਹਾਰ ਦੀ ਸੁੱਚਤਾ ਦੀ ਬਾਤ ਵੀ ਪਾਈ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਮਨੁੱਖੀ ਕਾਰ-ਵਿਹਾਰ ਕਰਦਿਆਂ ਹੀ ਰੂਹਾਨੀਅਤ ਦੀਆਂ ਸਿਖਰਾਂ ਛੂਹਣ ਦੀ ਗੱਲ ਇਸ ਤਰ੍ਹਾਂ ਕੀਤੀ ਹੈ:-
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਾਤਿ£
ਹੰਸਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤਿ£
ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਤਾਂ ਸਿੱਖ ਧਰਮ ਸ਼ਾਂਤਮਈ ਕਦਰਾਂ-ਕੀਮਤਾਂ ਦੀ ਡੱਟ ਕੇ ਪਹਿਰੇਦਾਰੀ ਕਰਦਾ ਰਿਹਾ ਅਤੇ ਰਾਜਸੀ ਅਤਿਆਚਾਰ ਨੂੰ ਵੀ ਉਸ ਅਕਾਲ-ਪੁਰਖ ਦੇ ਭਾਣੇ ਵਜੋਂ ਸਵੀਕਾਰ ਕਰ ਲੈਂਦਾ ਰਿਹਾ। ਪਰ ਜਦੋਂ ਤੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖੀ ਦੀ ਵਾਗਡੋਰ ਸੰਭਾਲੀ ਤਾਂ ਸਿੱਖ  ਧਰਮ ਇਕ ਨਵੇਕਲੇ ਅਤੇ ਕ੍ਰਾਂਤੀਕਾਰੀ ਮੋੜ ਵੱਲ ਮੁੜ ਗਿਆ ਜਿਸ ਨੂੰ ਭਾਈ ਗੁਰਦਾਸ ਜੀ ਨੇ ਇੰਜ ਬਿਆਨਿਆ ਹੈ:-
ਪੰਜ ਪਿਆਲੇ, ਪੰਜ ਪੀਰ, ਛੱਟਮ ਪੀਰ ਬੈਠਾ ਗੁਰ ਭਾਰੀ£
ਅਰਜਨ ਕਾਇਆ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ£
ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ£
ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ, ਬਹੁਪਰਉਪਕਾਰੀ£
ਪੀੜ੍ਹੀ ਭਾਵੇਂ ਸੋਢੀਆਂ ਦੀ ਹੀ ਸੀ ਅਤੇ ਹੁਕਮ ਵੀ ਪੰਚਮ ਪਾਤਸ਼ਾਹ ਦਾ ਹੀ  ਵਰਤ ਰਿਹਾ ਸੀ ਪਰ ਅਭਿਆਸੀ ਰੂਪ ਵਿਚ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਸਤਿਗੁਰ ਹਰਗੋਬਿੰਦ ਸਾਹਿਬ ਜੀ ਦੇ ਹੀ ਹਿੱਸੇ ਆਉਂਦਾ ਹੈ। ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਕੇ ਜਿੱਥੇ ਛੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਦੀ ਸੰਤ-ਬਲ ਅਤੇ ਰਾਜ -ਬਲ ਨਾਲ ਆਪਸੀ ਸਾਂਝ ਪੁਆਈ, ਉੱਥੇ ਸੰਤਾਂ ਨੂੰ ਸਿਪਾਹੀ ਵਾਲਾ ਮੁਹਾਂਦਰਾ ਵੀ ਪ੍ਰਦਾਨ ਕੀਤਾ। ਕਿਉਂਕਿ ਗੁਰੂ ਸਾਹਿਬ ਦਾ ਦ੍ਰਿੜ ਵਿਸ਼ਵਾਸ ਸੀ ਕਿ ਗੁਰੂ ਨਾਨਕ ਦੇ ਘਰ ਵਿਚ ਸੰਤ ਤਾਈ ਅਤੇ ਸਿਪਾਹੀਅਤ ਇਕੋ ਹੀ ਸਿੱਕੇ ਦੇ ਦੋ ਪਾਸੇ ਹੋਣਗੇ। ਭਾਵ ਇਕ ਚੰਗਾ ਸੰਤ ਇਕ ਚੰਗਾ ਸਿਪਾਹੀ ਅਤੇ ਇਕ ਚੰਗਾ ਸਿਪਾਹੀ ਹੀ ਇਕ ਚੰਗਾ ਸੰਤ ਸਾਬਤ ਹੋ ਸਕਦਾ ਹੈ।
ਗੁਰੂ ਨਾਨਕ ਪਾਤਸ਼ਾਹ  ਦੀ  ਛੇਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ 21 ਹਾੜ ਸੰਮਤ 1652 ਮੁਤਾਬਕ 19 ਜੂਨ 1595 (ਕੁਝ ਇਤਿਹਾਸਕਾਰਾਂ ਦੀ ਰਾਇ 9 ਅਤੇ 14 ਜੂਨ ਬਾਰੇ ਵੀ ਹੈ) ਨੂੰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਤੋਂ ਲਹਿੰਦੇ ਪਾਸ ੇਵੱਸੇ ਨਗਰ ਵਡਾਲੀ (ਗੁਰੂ ਕੀ) ਵਿਖੇ ਸ੍ਰੀ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਛੇਵੀਂ ਪਾਤਸ਼ਾਹੀ ਦੇ ਜਨਮ ਦਿਹਾੜੇ ਦੀਆਂ ਜਿੱਥੇ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੇ ਭਰਪੂਰ ਖੁਸ਼ੀਆਂ ਮਨਾਈਆਂ ਉੱਥੇ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਅਫਸੋਸ ਹੋਇਆ। ਇਨ੍ਹਾਂ  ਦੋਖੀਆਂ ਵਿਚ ਪ੍ਰਮੁੱਖ ਨਾਮ ਪ੍ਰਿਥੀ ਚੰਦ ਦਾ ਸੀ ਜੋ ਪਰਿਵਾਰਕ ਤੌਰ 'ਤੇ ਗੁਰੂ ਸਾਹਿਬ ਦੇ ਤਾਇਆ ਜੀ ਲੱਗਦੇ ਸਨ।
1605 ਈ. ਦੇ ਅਕਤੂਬਰ ਮਹੀਨੇ ਵਿਚ ਜਹਾਂਗੀਰ ਦੀ ਤਖਤਪੋਸ਼ੀ ਹੋਣ ਨਾਲ ਅਕਬਰ  ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਰਾਜ ਦਰਬਾਰ ਤੰਗ-ਦਿਲ ਅਤੇ ਫਿਰਕਾਪ੍ਰਸਤ  ਮੁਸਲਮਾਨਾਂ ਦੇ ਹੱਥ ਆ ਗਿਆ। ਇਨ੍ਹਾਂ ਕੱਟੜ ਪੰਥੀਆਂ ਨੇ ਗੈਰ-ਮੁਸਲਮਾਨਾਂ ਪ੍ਰਤੀ  ਨਫ਼ਰਤ ਭਰਪੂਰ ਪਹੁੰਚ ਅਖਤਿਆਰ ਕਰ ਲਈ। ਇਸ ਪਹੁੰਚ ਦਾ ਢੁੱਕਵਾਂ ਜਵਾਬ ਦੇਣ ਲਈ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਗੋਬਿੰਦ ਜੀ ਨੂੰ ਹਰਫੀ ਇਲਮ ਦਿੱਤਾ ਉੱਥੇ  ਕੁਸ਼ਤੀ ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਦਿੱਤੀ। ਕਿਉਂਕਿ ਬਾਬਾ ਬੁੱਢਾ ਜੀ ਨੇ ਆਪਣੀ ਦੂਰ-ਅੰਦੇਸ਼ੀ ਨਾਲ ਭਾਂਪ ਲਿਆ ਸੀ ਕਿ ਮੁਗਲ ਹਕੂਮਤ ਨਾਲ ਸਿੱਖਾਂ  ਨੂੰ ਦੋ ਹੱਥ ਕਰਨੇ ਹੀ ਪੈਣੇ ਹਨ।
6 ਅਪਰੈਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋ ਬਾਗੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫਤਿਆਂ (27 ਅਪਰੈਲ) ਬਾਅਦ ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਅਤੇ ਕੁਝ ਹੋਰ ਕੱਟੜ-ਪੰਥੀਆਂ ਨੇ ਜਹਾਂਗੀਰ ਦੇ ਕੰਨਾਂ ਵਿਚ ਗੁਰੂ ਅਰਜਨ ਦੇਵ ਦੇ ਖ਼ਿਲਾਫ਼ ਖੁਸਰੋ ਨੂੰ ਸਹਾਇਤਾ ਅਤੇ ਸPਹਿਯੋਗ ਦੇਣ ਦੀ ਫੂਕ ਮਾਰ ਦਿੱਤੀ। ਜਹਾਂਗੀਰ 'ਤੇ ਫੂਕ ਦਾ ਅਜਿਹਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਸੰਨ 1606 ਮਈ ਮਹੀਨੇ ਦੇ ਆਖਰੀ ਹਫਤੇ ਗੁਰੂ ਅਰਜਨ ਦੇਵ ਜੀ  ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨਾਲ ਤਤਕਾਲੀ ਰਾਜਨੀਤਕ ਹਾਲਤਾਂ ਉਪਰ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ। ਇਸ ਮੌਕੇ 'ਤੇ ਹੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ, ਇਸ ਮੀਰੀ ਅਤੇ ਦੂਜੀ ਪੀਰੀ ਦੀ ਪਹਿਨਾਈਆਂ ਜੋ ਸੰਸਾਰਕ ਅਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਸਨ।
ਸ੍ਰੀ ਗੁਰੂ ਹਰਗੋਬਿੰਦ ਜੀ ਦੀ ਵਰੇਸ ਭਾਵੇਂ ਅਜੇ 11 ਕੁ ਸਾਲ ਦੀ ਹੀ ਸੀ ਪਰ ਆਪਣੇ ਦੂਰਦਰਸ਼ਕ ਨਜ਼ਰੀਏ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਮੁਗਲ ਹਕੂਮਤ ਦੀ ਅਤਿਆਚਾਰੀ ਨੀਤੀ ਦਾ ਸਿਖਰ ਗੁਰੂ ਪਿਤਾ ਦੀ ਸ਼ਹੀਦੀ ਤਕ ਸੀਮਤ  ਨਹੀਂ ਰਹੇਗਾ। ਇਸ ਨੀਤੀ ਦੇ ਸਮਰਥਕ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੀ ਪੂਰੀ ਕੋਸ਼ਿਸ਼ ਕਰਨਗੇ। ਹਕੂਮਤ ਦੀ ਇਸ ਭਵਿੱਖ ਮੁਖੀ ਕੋਸ਼ਿਸ਼ ਨੂੰ  ਅਸਫਲ ਕਰਨ ਲਈ ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ। ਇਸ ਰਾਹ 'ਤੇ ਸਫਲਤਾਪੂਰਵਕ ਚੱਲਣ ਲਈ ਉਨ੍ਹਾਂ ਨੇ ਮਸੰਦਾਂ ਰਾਹੀਂ ਆਪਣੇ ਸਿੱਖਾਂ (ਵਿਸ਼ੇਸ਼ ਕਰਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਉਹ ਆਪਣੇ ਦਸਵੰਧ ਦੇ ਨਾਲ-ਨਾਲ ਵਧੀਆ ਘੋੜੇ ਅਤੇ ਸ਼ਸਤਰ ਵੀ ਖਰੀਦ ਕੇ ਭੇਜਿਆ ਕਰਨ। ਇਸ ਤਰ੍ਹਾਂ ਸਿੱਖਾਂ ਕੋਲ ਘੋੜਿਆਂ ਦੀ ਗਿਣਤੀ ਵਿਚ ਇਜ਼ਾਫਾ ਹੋਇਆ ਉੱਥੇ ਗੁਰੂ ਘਰ ਦਾ ਅਸਲਾਖਾਨਾ ਵੀ ਚੰਗਿਆਂ ਸ਼ਸਤਰਾਂ ਨਾਲ ਭਰਪੂਰ ਹੋਣ ਲੱਗ ਪਿਆ।
ਘੋੜੇ ਅਤੇ ਹਥਿਆਰ ਜਮ੍ਹਾਂ ਕਰਨ  ਦੇ ਨਾਲ-ਨਾਲ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਅਤੇ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਵੀ ਯੋਗ ਪ੍ਰਬੰਧ ਕਰ ਲਿਆ। ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਹੌਲੀ-ਹੌਲੀ ਸਿੱਖ  ਸੈਨਿਕਾਂ ਦੀ ਤਦਾਦ ਵੱਧਣ ਲੱਗੀ।  ਦੂਰੋਂ-ਨੇੜਿਓਂ ਕਈ ਗਭਰੇਟ ਅੰਮ੍ਰਿਤਸਰ ਵਿਖੇ ਆ ਕੇ ਮਹੀਨਿਆਂ ਬੱਧੀ ਪੜਾਅ ਕਰ ਲੈਂਦੇ ਅਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਕਰ ਕੇ ਘਰ ਪਰਤ ਜਾਂਦੇ।
ਉਸ ਵਕਤ ਫੌਜਾਂ ਰੱਖਣ ਅਤੇ ਸ਼ਿਕਾਰ ਖੇਡਣ ਦਾ ਕੰਮ ਸਿਰਫ਼ ਰਾਜਿਆਂ-ਮਹਾਰਾਜਿਆਂ ਦੇ ਹੀ ਹਿੱਸੇ ਆਉਂਦਾ ਸੀ। ਬਾਕੀਆਂ ਲਈ ਇਹ ਮਨਾਹੀਯੋਗ ਸੀ। ਗੁਰੂ ਸਾਹਿਬ ਦੀਆਂ ਇਹ ਕਾਰਵਾਈਆਂ ਹਕੂਮਤ ਲਈ ਵੰਗਾਰਾਤਮਕ ਸਾਬਤ ਹੋ ਰਹੀਆਂ ਸਨ। ਇਹ ਵੰਗਾਰ ਉਸ ਵਕਤ ਤਾਂ ਹੋਰ ਵੀ ਸਪਸ਼ਟ ਰੂਪ ਅਖਤਿਆਰ ਕਰ ਗਈ ਜਦੋਂ 1608 ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਹੋ ਗਈ। ਇਸ ਉਸਾਰੀ ਦਾ ਅਰਥ ਅਕਾਲ-ਪੁਰਖ਼ ਦਾ ਸਦੀਵੀ ਸਿੰਘਾਸਨ ਕਾਇਮ ਕਰਨਾ ਸੀ। ਅਕਾਲ ਪੁਰਖ਼ੀ ਰਾਜ ਦੇ ਸੰਕਲਪ ਦਾ ਆਧਾਰ ਦੈਵੀ ਅਤੇ ਨੈਤਿਕ ਗੁਣਾਂ ਨੂੰ ਬਣਾਇਆ ਗਿਆ। ਅਕਾਲ ਤਖ਼ਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਰਾਜਨੀਤੀ ਅਤੇ ਧਰਮ ਦੇ ਪ੍ਰਤੀਕ ਵਜੋਂ ਸਥਾਪਤ ਕੀਤੇ ਗਏ। ਇਸ ਤਖ਼ਤ ਉਪਰ ਗੁਰੂ ਹਰਗੋਬਿੰਦ ਜੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇਣ ਦੇ ਨਾਲ-ਨਾਲ ਹੁਕਮਨਾਮੇ ਵੀ ਜਾਰੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਇਸ ਤਖ਼ਤ ਦੇ ਸਾਹਮਣੇ ਦੀਵਾਨ ਸਜਾ ਕੇ ਢਾਡੀਆਂ ਦੀਆਂ ਵਾਰਾਂ ਨਾਲ ਸਿੱਖ ਸੰਗਤਾਂ ਵਿਚ ਬੀਰ ਰਸ ਦਾ ਸੰਚਾਰ ਵੀ ਕੀਤਾ ਜਾਂਦਾ ਸੀ। ਇਸ ਬੀਰਰਸੀ ਪ੍ਰਭਾਵ ਸਦਕਾ ਹੀ ਸਿੱਖ ਫੌਜੀਆਂ ਦਾ ਸ਼ੁਮਾਰ 500 ਤੱਕ ਪਹੁੰਚ ਗਿਆ। ਇਸ ਫੌਜ ਨੂੰ ਪੰਜ ਕਮਾਂਡਰਾਂ (ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ, ਭਾਈ ਪੈੜਾ ਅਤੇ ਭਾਈ ਮੋਖਾ ਜੀ) ਦੀ ਕਮਾਂਡ ਹੇਠ ਕਰ ਦਿੱਤਾ ਗਿਆ।
ਗੁਰੂ ਸਾਹਿਬ ਦੀ ਸੇਵਾ-ਭਾਵਨਾ ਅਤੇ ਇਨਸਾਫ਼-ਪਸੰਦੀ ਨੂੰ ਦੇਖ ਕੇ ਕਈ ਦੂਸਰੇ ਧਰਮਾਂ (ਖਾਸ ਕਰ ਕੇ ਮੁਸਲਿਮ ਸਮਾਜ) ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ। ਇਹ ਗੱਲ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਦੇ ਘੇਰੇ ਤੋਂ ਬਾਹਰ ਹੋਈ ਜਾ ਰਹੀ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਇਹ ਕਿਲ੍ਹਾ ਸ਼ਾਹੀ ਕੈਦੀਆਂ ਅਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ 'ਤੇ ਬਣਵਾਇਆ ਗਿਆ ਸੀ। ਕਈਆਂ ਕੈਦੀਆਂ ਦਾ ਜੀਵਨ ਤਾਂ ਇਸ ਕਿਲ੍ਹੇ ਦੀ ਭੇਟ ਹੀ ਚੜ੍ਹ ਜਾਂਦਾ ਸੀ। ਜਦੋਂ ਛੇਵੇਂ ਪਾਤਸ਼ਾਹ ਕਿਲ੍ਹੇ ਵਿਚ ਗਏ ਤਾਂ ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਰਾਜੇ ਵੀ ਕੈਦ ਕੱਟ ਰਹੇ ਸਨ। ਇਨ੍ਹਾਂ ਰਾਜਿਆਂ ਦੀ ਗਿਣਤੀ 52 ਦੇ ਕਰੀਬ ਸੀ। ਗੁਰੂ ਜੀ ਦੀ ਆਮਦ ਨਾਲ ਇਹ ਮਨਹੂਸ ਕਿਲ੍ਹਾ ਇਕ ਧਰਮਸ਼ਾਲਾ ਦਾ ਰੂਪ ਵਟਾ ਗਿਆ। ਸਵੇਰੇ-ਸ਼ਾਮ ਹੋਣ ਵਾਲੇ ਸਤਿਸੰਗ ਅਤੇ ਧਾਰਮਿਕ ਵਿਚਾਰਾਂ ਨੇ ਕਿਲ੍ਹੇ ਵਿਚਲੇ ਵਾਤਾਵਰਣ ਨੂੰ ਹੀ ਬਦਲ ਕੇ ਰੱਖ ਦਿੱਤਾ। ਇੱਥੋਂ ਤੱਕ ਕਿ ਕਿਲ੍ਹੇ ਦਾ ਦਰੋਗਾ ਹਰੀਦਾਸ ਵੀ ਗੁਰੂ ਸਾਹਿਬ ਦਾ ਪ੍ਰਭਾਵ ਕੂਬਲਣੋਂ ਨਾ ਰਹਿ ਸਕਿਆ।
ਇੱਧਰ ਜਦੋਂ ਸੰਗਤਾਂ ਨੂੰ ਆਪਣੇ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਰੋਸ ਦਾ ਪ੍ਰਗਟਾਵਾ, ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚੋਂ ਚੌਕੀਆਂ ਕੱਢ ਕੇ ਕਰਨਾ ਸ਼ੁਰੂ ਕਰ ਦਿੱਤਾ।
ਜਹਾਂਗੀਰ ਅਚਾਨਕ ਸਖਤ ਬਿਮਾਰ ਹੋ ਗਿਆ। ਜਦੋਂ ਦੁਆ  ਅਤੇ ਦਵਾ ਕੰਮ ਨਾ ਆਈਆਂ ਤਾਂ ਕਿਸੇ ਨੇਕ-ਬਖ਼ਤ  ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜ਼ਾਇਜ਼ ਨਜ਼ਰਬੰਦੀ ਦਾ ਅਹਿਸਾਸ ਕਰਵਾ ਦਿੱਤਾ। ਮੁਸੀਬਤ ਵਿੱਚ ਫਸੇ ਹੋਣ ਕਰਕੇ ਗੱਲ ਉਸ ਦੇ ਵੀ ਮਨ ਲੱਗ ਗਈ। ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਇਸ ਹੁਕਮ ਦਾ ਪਤਾ ਬੇਕਸੂਰ ਕੈਦੀ ਰਾਜਿਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਸਨਮੁੱਖ ਬੇਨਤੀ ਕੀਤੀ ਕਿ ''ਸੱਚੇ ਪਾਤਸ਼ਾਹ! ਸਾਨੂੰ ਵੀ ਇਸ ਨਰਕੀ ਜੀਵਨ ਤੋਂ ਛੁਟਕਾਰਾ ਦਿਵਾ ਦਿਉ।''  ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ਵਿਚੋਂ ਬਾਹਰ ਜਾਣਗੇ ਜੇ ਇਨ੍ਹਾਂ ਨਿਰਦੋਸ਼ ਰਾਜਿਆਂ ਨੂੰ  ਨਾਲ ਹੀ ਰਿਹਾਅ ਕੀਤਾ ਜਾਵੇਗਾ। ਜਹਾਂਗੀਰ ਨੇ ਸ਼ਰਤਨੁਮਾ ਸਹਿਮਤੀ ਦਿੰਦਿਆਂ ਕਿਹਾ ਕਿ ਜਿੰਨੇ ਵੀ ਰਾਜੇ ਗੁਰੂ ਜੀ ਦਾ ਚੋਲਾ ਫੜ ਕੇ ਬਾਹਰ ਜਾ ਸਕਦੇ ਹਨ ਜਾਣ ਦਿੱਤੇ ਜਾਣ। ਗੁਰੂ ਸਾਹਿਬ ਨੇ 52 ਕਲ੍ਹੀਆਂ ਵਾਲਾ ਚੋਲਾ ਸਿਲਵਾ ਲਿਆ। ਇਕ-ਇਕ ਤਣੀ ਨੂੰ ਫੜ ਕੇ 52 ਰਾਜੇ ਕਿਲ੍ਹੇ ਤੋਂ ਬਾਹਰ ਆ ਗਏ। ਇਸ ਕਲਿਆਣਕਾਰੀ ਜੁਗਤ  ਨੂੰ ਵਰਤਣ ਕਰਕੇ ਹੀ ਛੇਵੇਂ ਪਾਤਸ਼ਾਹ ਨੂੰ ਬੰਦੀ ਛੋੜ ਦਾਤੇ ਦਾ ਖ਼ਿਤਾਬ ਦਿੱਤਾ ਜਾਂਦਾ ਹੈ।
ਗੁਰੂ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਲਾਹੌਰ ਤੋਂ ਕੁਝ ਹਟ ਕੇ ਬਣਾਉਣਾ ਚਾਹੁੰਦੇ ਸਨ। ਇਸ ਚਾਹਤ ਲਈ ਉਨ੍ਹਾਂ ਨੇ ਆਪਣੇ ਵੱਡੇ ਫ਼ਰਜ਼ੰਦ ਬਾਬਾ ਗੁਰਦਿੱਤਾ ਜੀ ਦੀ ਪਹਾੜੀ ਇਲਾਕੇ ਵਿਚ ਕੋਈ ਯੋਗ ਸਥਾਨ ਚੁਣਨ ਦੀ ਸੇਵਾ ਲਗਾਈ। ਬਾਬਾ ਜੀ ਨੇ ਉਹ ਸਥਾਨ ਰੋਪੜ ਤੋਂ ਨੰਗਲ ਸੜਕ 'ਤੇ  ਵੱਸੇ ਨਗਰ (ਸ੍ਰੀ ਕੀਰਤਪੁਰ ਸਾਹਿਬ) ਨੂੰ  ਚੁਣਿਆ।' ਇਹ ਨਗਰ ਸਿੱਖ ਸਮਾਜ ਲਈ ਬਹੁਤ  ਹੀ ਮੁਕੱਦਸ ਅਤੇ ਸਤਿਕਾਰ ਵਾਲਾ ਹੈ।
ਗੁਰੂ ਹਰਗੋਬਿੰਦ ਸਾਹਿਬ ਦੀਆਂ ਸਰਗਰਮੀਆਂ ਜਿਵੇਂ ਆਪਣੀ ਫੌਜ ਰੱਖਣਾ, ਨਗਾਰਾ, ਸ਼ਿਕਾਰ ਖੇਡਣਾ ਅਤੇ ਕਲਗੀ ਲਗਾ ਕੇ ਸ੍ਰੀ ਅਕਾਲ ਤਖ਼ਤ 'ਤੇ ਬੈਠਣਾ ਆਦਿ ਮੁਗਲ ਸਰਕਾਰ ਲਈ ਸਿੱਧੀ ਵੰਗਾਰ ਸੀ।
1627 ਈ: ਵਿਚ ਜਹਾਂਗੀਰ ਫ਼ੌਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ। ਕੱਟੜੀ-ਪੰਥੀ  ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਸ ਨੇ ਗੈਰ-ਮੁਸਲਿਮ ਭਾਈਚਾਰੇ 'ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ। ਇਸ ਸਿਲਸਿਲੇ ਨੂੰ ਠੱਲ੍ਹ ਪਾਉਣ ਲਈ ਛੇਵੇਂ ਗੁਰੂ ਨੂੰ ਸਮੇਂ-ਸਮੇਂ ਕਈ ਜੰਗਜੂ ਕਾਰਵਾਈਆਂ/ਲੜਾਈਆਂ  ਵੀ ਕਰਨੀਆਂ ਪਈਆਂ। ਇਸ ਲੜੀ ਵਜੋਂ ਉਨ੍ਹਾਂ ਨੂੰ ਰੁਹੇਲੇ (ਸ੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਪਹਿਲੀ ਲੜਾਈ ਲੜਨੀ ਪਈ।
ਗੁਰੂ ਸਾਹਿਬ ਦੀ ਦੂਸਰੀ ਜੰਗ ਲੋਹਗੜ੍ਹ ਤੋਂ ਲੈ ਕੇ ਅਜੋਕੇ ਖਾਲਸਾ ਕਾਲਜ (ਅੰਮ੍ਰਿਤਸਰ) ਤਕ ਹੁੰਦੀ ਰਹੀ। ਇਸ ਲੜਾਈ ਵਿਚ ਗੁਰੂ ਕੀ ਫੌਜ ਨੇ ਵੈਰੀ ਨੂੰ ਕਰਾਰੀ ਹਾਰ ਦਿੱਤੀ। ਇਹ ਸਮਾਂ ਅੱਧ ਅਪਰੈਲ 1634 ਈ. ਦਾ  ਹੈ।
ਤੀਸਰੀ ਲੜਾਈ ਮਰਾਝ ਦੇ ਨਜ਼ਦੀਕ ਇਕ ਢਾਬ 'ਤੇ ਮੋਰਚੇ ਕਾਇਮ ਕਰਕੇ ਲੜੀ ਗਈ, ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਦੁਆਰਾ ਉਨ੍ਹਾਂ  ਦੋ ਘੋੜਿਆਂ ਨੂੰ ਲਾਹੌਰ ਦੇ ਕਿਲ੍ਹੇ ਵਿਚੋਂ ਕੱਢ ਕੇ ਗੁਰੂ ਦਰਬਾਰ ਵਿਚ ਅਪੜਾਉਣਾ ਸੀ, ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਕੋਲੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ। ਇਹ ਸਮਾਂ ਅੱਧ ਦਸੰਬਰ 1634 ਈ. ਦਾ ਹੈ।
ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ ਜੋ ਸਿੱਖ ਇਤਿਹਾਸ ਵਿਚ ਇਕ ਅਹਿਮ ਸਥਾਨ ਰੱਖਦੀ ਹੈ। ਇਸ ਜੰਗ ਦਾ ਸਬੱਬ ਸਿੱਖ ਫੌਜ ਦੇ ਇਕ ਸਾਬਕਾ ਜਰਨੈਲ ਪੈਂਦੇ ਖ਼ਾਨ ਦੀ ਗੁਰੂਘਰ ਨਾਲ ਗਦਾਰੀ ਅਤੇ ਫੌਜਦਾਰ ਕਾਲੇ ਖਾਂ ਦੀ ਬਦਲੇ ਦੀ ਭਾਵਨਾ ਸੀ। ਸੋ ਇਨ੍ਹਾਂ ਦੁਸ਼ਟਾਂ ਨੇ ਮਿਲਵੇਂ ਰੂਪ ਵਿਚ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ। ਇਹ ਜੰਗ ਅਪਰੈਲ ਮਹੀਨੇ ਦੇ ਆਖਰੀ ਹਫਤੇ (1655 ਈਸਵੀ ਨੂੰ) ਲਗਾਤਾਰ ਤਿੰਨ ਦਿਨ ਹੁੰਦੀ ਰਹੀ।
ਗੁਰੂ ਸਾਹਿਬ ਦੀ ਪੰਜਵੀਂ ਲੜਾਈ ਪਲਾਹੀ ਸਾਹਿਬ (ਫਗਵਾੜਾ) ਵਿਖੇ ਹੋਈ। 29 ਅਪਰੈਲ 1635 ਈ. ਨੂੰ ਸ਼ਾਹੀ ਫੌਜਾਂ ਨੇ ਗੁਰੂ ਕੀਆਂ ਫੌਜਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਭਾਵੇਂ ਕਹਿਰੀ ਸੀ ਪਰ ਸਿੱਖਾਂ ਨੇ ਇਸ ਦਾ ਮੂੰਹ-ਤੋੜਵਾਂ ਜਵਾਬ ਦਿੱਤਾ। ਇਸ ਤਰ੍ਹਾਂ ਸ਼ਾਹੀ ਫੌਜਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਹਯਾਤੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਲਗਾ ਦਿੱਤੀ। ਇਸ ਮਨੋਰਥ ਦੀ ਸਿੱਧੀ ਲਈ ਰੁਕਾਵਟ ਪੈਦਾ ਕਰਨ ਵਾਲੀ ਹਰੇਕ ਧਿਰ ਨੂੰ ਇੱਟ ਦਾ ਜਵਬ  ਪੱਥਰ ਨਾਲ ਦਿੱਤਾ ਗਿਆ। ਜਿੱਥੇ ਗੁਰੂ ਸਾਹਿਬ ਨੇ ਆਪਣੀ ਕਹਿਣੀ ਅਤੇ ਕਰਨੀ ਵਿਚ ਸਮਤੋਲ ਬਣਾਈ ਰੱਖਿਆ, ਉੱਥੇ ਆਪਣੇ ਵਿਸ਼ਵਾਸ-ਪਾਤਰਾਂ ਨੂੰ ਸੇਵਾ ਅਤੇ ਸਿਮਰਨ ਨਾਲ ਵੀ ਜੋੜੀ ਰੱਖਿਆ।
ਆਪਣੀ ਸੰਸਾਰਿਕ ਯਾਤਰਾ ਦੀ ਸੰਪੂਰਨਤਾ ਨੂੰ ਨੇੜੇ ਜਾਣ ਕੇ ਛੇਵੇਂ ਸਤਿਗੁਰਾਂ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ। ਗੁਰਗੱਦੀ ਦੀ ਸੌਂਪਣਾ ਕਰਨ ਤੋਂ  ਬਾਅਦ ਸ੍ਰੀ ਗੁਰੂ ਹਰਗੋਬਿੰਦ ਜੀ ਮਾਰਚ ਮਹੀਨੇ ਦੇ ਪਹਿਲੇ ਹਫਤੇ ਸੰਨ 1644 ਨੂੰ ਜੋਤੀ ਜੋਤ ਸਮਾ ਗਏ।
ਰਮੇਸ਼ ਬੱਗਾ ਚੋਹਲਾ