ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜੇ ਪਿਸ਼ਾਬ ਵਿਚ ਖੂਨ ਆਵੇ ਤਾਂ!


ਸਰੀਰ ਦੇ ਕਿਸੇ ਵੀ ਹਿੱਸੇ ਜਾਂ ਅੰਗ 'ਚੋਂ ਅਸਾਧਾਰਣ ਖ਼ੂਨ ਵਗੇ ਤਾਂ ਗੰਭੀਰ ਸਥਿਤੀ ਹੁੰਦੀ ਹੈ। ਇਹ ਖ਼ੂਨ, ਨੱਕ 'ਚੋਂ  (ਨਕਸੀਰ), ਖ਼ਾਂਸੀ ਤੇ ਬਲਗ਼ਮ ਨਾਲ, ਖ਼ੂਨ ਦੀ ਉਲਟੀ, ਟੱਟੀ ਰਸਤੇ ਖ਼ੂਨ, ਅਸਾਧਾਰਣ ਮਹਾਵਾਰੀ ਜਾਂ ਪਿਸ਼ਾਬ ਰਸਤੇ ਖ਼ੂਨ ਆ  ਸਕਦਾ ਹੈ। ਅਸਾਧਾਰਣ ਖ਼ੂਨ ਦਾ ਆਉਣਾ ਖ਼ਤਰਨਾਕ ਹੁੰਦਾ ਹੈ, ਬੰਦਾ ਇਕਦਮ ਤਵੱਜੋ ਦਿੰਦਾ ਹੈ ਤੇ ਫੌਰਨ ਡਾਕਟਰ ਕੋਲ ਜਾਂਦਾ ਹੈ; ਤੇ ਜਾਣਾ ਵੀ ਚਾਹੀਦਾ ਹੈ।
ਖ਼ੂਨ ਜ਼ਿਆਦਾ ਆ ਰਿਹਾ ਹੋਵੇ (ਗਰੌਸ ਹੀਮੇਚੂਰੀਆ) ਤਾਂ ਰੋਗੀ ਜਾਂ ਉਸ ਦੇ ਮਾਪਿਆਂ ਨੂੰ ਪਿਸ਼ਾਬ ਦੇ ਰੰਗ ਤੋਂ ਹੀ ਪਤਾ  ਲੱਗ ਜਾਂਦਾ ਹੈ ਤੇ ਜੇਕਰ ਘਟ ਹੋਵੇ ਤਾਂ ਖ਼ੁਰਦਬੀਨੀ ਜਾਂਚ ਤੋਂ ਪਤਾ ਲੱਗਦਾ ਹੈ।  ਪਰ 'ਕਿਨ੍ਹਾਂ ਸਥਿਤੀਆਂ ਵਿਚ ਖ਼ੂਨ ਆ ਸਕਦਾ ਹੈ?' ਨੂੰ ਸਮਝਣ ਵਾਸਤੇ ਪਿਸ਼ਾਬ ਪ੍ਰਣਾਲੀ ਦੀ ਬਣਤਰ ਵੱਲ ਝਾਤ ਮਾਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਪ੍ਰਣਾਲੀ ਵਿਚ ਕਿਸੇ ਪੱਧਰ 'ਤੇ ਵੀ ਕੁਝ ਅਸਾਧਾਰਣ ਵਾਪਰ ਜਾਵੇ ਤਾਂ ਖ਼ੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਉਂਜ ਕੁਝ ਕਾਰਨ ਇਸ ਪ੍ਰਣਾਲੀ ਤੋਂ ਬਾਹਰ/ਬਗੈਰ ਵੀ ਹੋ ਸਕਦੇ ਹਨ ਜਿਨ੍ਹਾਂ ਬਾਰੇ ਵੀ ਮੈਂ ਗੱਲ ਕਰਾਂਗਾ। ਪਿਸ਼ਾਬ ਪ੍ਰਣਾਲੀ (ਯੂਰੀਨਰੀ ਸਿਸਟਮ) ਗੁਰਦਿਆਂ ਤੋਂ ਸ਼ੁਰੂ  ਹੁੰਦਾ ਹੈ। ਪ੍ਰਮਾਤਮਾ ਨੇ ਹਰੇਕ ਵਿਅਕਤੀ ਨੂੰ ਸੱਜਾ ਤੇ ਖੱਬਾ ਦੋ ਗੁਰਦੇ ਬਖ਼ਸ਼ੇ ਹੋਏ ਹਨ ਜੋ ਆਪਣੇ ਧੜ ਦੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸੇ-ਪਾਸੇ ਫਿੱਟ ਹਨ। ਖੜੇ ਵਿਅਕਤੀ ਦੇ ਹਿਸਾਬ ਨਾਲ ਵੇਖੀਏ ਤਾ ਖੱਬੇ ਨਾਲੋਂ ਸੱਜਾ ਗੁਰਦਾ ਥੋੜ੍ਹਾ ਜਿਹਾ ਉੱਚਾ ਫਿੱਟ ਕੀਤਾ  ਹੋਇਆ ਹੈ।
ਗੁਰਦੇ ਇਕ ਛਾਨਣੀ ਦਾ ਕੰਮ ਕਰਦੇ ਹਨ। ਇਨ੍ਹਾਂ ਦੀਆਂ ਨਾੜੀਆਂ 'ਚੋਂ ਜਦ ਖੂਨ ਗੁਜ਼ਰਦਾ ਹੈ ਤਾਂ ਉਹ ਪੁਣਿਆਂ ਜਾਂਦਾ ਹੈ ਜਿਸ ਵਿੱਚੋਂ ਫਾਲਤੂ ਪਦਾਰਥ ਤੇ ਵਾਧੂ ਪਾਣੀ ਖਿੱਚੇ ਜਾਂਦੇ ਹਨ। ਛੋਟੀਆਂ ਛੋਟੀਆਂ ਨਾਲੀਆਂ ਜੁੜ ਕੇ ਵੱਡੀਆਂ ਪਿਸ਼ਾਬ-ਨਾਲੀਆਂ ਬਣਦੀਆਂ ਹਨ। ਇਸ ਤਰ੍ਹਾਂ ਹਰੇਕ ਗੁਰਦੇ 'ਚੋਂ ਇਕ ਇਕ ਨਾਲੀ (ਯੁਰੇਟਰ) ਨਿਕਲ ਕੇ ਹੇਠਾਂ ਨੂੰ ਮਸਾਨੇ ਜਾਂ ਯੂਰੀਨਰੀ ਬਲੈਡਰ ਵਿੱਚ ਖੁੱਲ੍ਹਦੀ ਹੈ। ਇਸ ਵਿਚ ਪਿਸ਼ਾਬ ਜਮ੍ਹਾਂ ਰਹਿੰਦਾ ਹੈ ਤੇ ਹਾਜਤ ਹੋਣ 'ਤੇ ਵਿਅਕਤੀ ਆਪਣੀ ਮਰਜ਼ੀ ਨਾਲ ਉਸ ਨੂੰ ਖਾਲੀ ਕਰਦਾ ਹੈ। ਮਸਾਨੇ ਤੋਂ ਹੇਠਾਂ ਵਾਲੀ ਨਾਲੀ ਨੂੰ ਯਰੇਥਰਾ ਕਿਹਾ ਜਾਂਦਾ ਹੈ ਜਿਸ ਦੀ ਲੰਬਾਈ ਔਰਤਾਂ ਨਾਲੋਂ ਮਰਦਾਂ ਵਿਚ ਵਧੇਰੇ ਹੁੰਦੀ ਹੈ।
ਆਓ ਹੁਣ ਇਸ ਵਿਚ ਖ਼ੂਨ ਆਉਣ ਦੇ ਕਾਰਨ ਸਮਝਣ ਦੀ ਕੋਸ਼ਿਸ਼ ਕਰੀਏ:
1. ਪੱਥਰੀਆਂ: ਪਿਸ਼ਾਬ ਪ੍ਰਣਾਲੀ ਵਿਚ ਪੱਥਰੀਆਂ ਇਕ ਆਮ ਸਮੱਸਿਆ ਹੈ। ਇਹ ਕਿਸੇ ਵੀ ਲੈਵਲ 'ਤੇ ਬਣ ਜਾਂਦੀਆਂ ਹਨ, ਜਿਵੇਂ ਗੁਰਦੇ, ਯੁਰੇਟਰ, ਬਲੈਡਰ, ਯਰੇਥਰਾ। ਪੱਥਰੀ ਉਸ ਜਗ੍ਹਾ ਦੇ ਅੰਦਰਲੇ ਹਿੱਸੇ ਨੂੰ ਜ਼ਖ਼ਮੀ ਕਰ ਦੇਂਦੀ ਹੈ ਜਿਸ ਨਾਲ ਲਹੂ ਨਿਕਲ ਕੇ ਪਿਸ਼ਾਬ ਵਿਚ ਰਲ ਜਾਂਦਾ ਹੈ। ਗੁਰਦਿਆਂ ਅੰਦਰਲੀਆਂ ਪਿਸ਼ਾਬ-ਨਾਲੀਆਂ ਵਿਚ ਪਹਿਲਾਂ ਛੋਟੀਆਂ ਤੇ ਬਾਅਦ ਵਿਚ ਉਹੀ ਵੱਡੀਆਂ ਪੱਥਰੀਆਂ ਬਣ ਜਾਂਦੀਆਂ ਹਨ। ਜਦ ਪੱਥਰੀ ਛੋਟੇ ਸਾਈਜ਼ ਦੀ ਹੁੰਦੀ ਹੈ ਤਾਂ ਉਹ ਜ਼ਿਆਦਾ ਤਕਲੀਫ ਦਿੰਦੀ ਹੈ, ਪੀੜ ਵੀ ਤੇ ਪਿਸ਼ਾਬ ਵਿਚ ਖ਼ੂਨ ਵੀ। ਪਰ ਜਦ ਇਹ ਵੱਡੇ ਆਕਾਰ ਦੀ ਬਣ ਜਾਂਦੀ ਹੈ ਤਾਂ ਫਿਕਸ ਹੋ ਕੇ ਇਕ ਜਗ੍ਹਾ 'ਤੇ ਟਿਕੀ ਰਹਿੰਦੀ ਹੈ। ਦਰਦ ਤੇ ਖੂਨ ਭਾਵੇਂ ਘੱਟ ਆਵੇ ਜਾਂ ਨਾ ਆਵੇ, ਪਰ ਗੁਰਦੇ ਦਾ ਨੁਕਸਾਨ ਕਰੀ ਜਾਂਦੀ ਹੈ। ਇਸੇ ਤਰ੍ਹਾਂ ਯੁਰੇਟਰ ਵਿਚ ਵੀ ਛੋਟੀ ਪੱਥਰੀ, ਖੂਨ ਤੇ ਅਸਹਿ ਦਰਦ ਦਿੰਦੀ ਹੈ। ਬਲੈਡਰ ਵਿਚ, ਕਿਉਂਕਿ ਖੁੱਲ੍ਹੀ ਜਗ੍ਹਾ ਹੁੰਦੀ ਹੈ, ਇਸ ਵਿਚ ਪੱਥਰੀ(ਆਂ) ਵੱਡੀਆਂ ਬਣਦੀਆਂ ਹਨ। ਪਥਰੀਆਂ, ਐਕਸਰੇ ਵਿਚ ਨਜ਼ਰ ਆ ਜਾਂਦੀਆਂ ਹਨ। ਜ਼ਿਆਦਾ ਖ਼ੂਨ ਹੋਵੇ ਤਾਂ ਪਿਸ਼ਾਬ ਦੇ ਰੰਗ ਤੋਂ ਪਤਾ ਲਗ ਜਾਂਦਾ ਹੈ ਵੈਸੇ ਇਸ ਦੀ ਖ਼ੁਰਦਬੀਨੀ ਜਾਂਚ ਤੋਂ ਪੱਕਾ ਪਤਾ ਲੱਗ ਜਾਂਦਾ ਹੈ। ਪੂਰੇ ਸਿਸਟਮ ਵਿਚ ਕਿਤੇ ਵੀ ਪੱਥਰੀ ਹੋਵੇ ਤਾਂ ਪਿਸ਼ਾਬ ਵਿਚ ਖ਼ੂਨ ਆਉਂਦਾ ਹੈ। ਜ਼ਿਆਦਾ ਸਮਾਂ ਖ਼ੂਨ ਆਉਂਦਾ ਰਹੇ (ਇਵੇਂ ਹੀ ਬੀਤ ਜਾਵੇ) ਤਾਂ ਖੂਨ ਦੀ ਕਮੀ ਦੇ ਲੱਛਣ ਵੀ ਪ੍ਰਗਟ ਹੋ ਜਾਂਦੇ ਹਨ।
2. ਗੁਰਦਿਆਂ ਦੀਆਂ ਸੋਜ ਨਾਲ ਸਬੰਧਤ ਬੀਮਾਰੀਆਂ: ਇਨ੍ਹਾਂ ਨੂੰ ਗਲੋਮੈਰੂਲੋ-ਨੈਫਰਾਇਟਿਸ ਕਿਹਾ ਜਾਂਦਾ ਹੈ ਜਿਸ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਵਿਚ ਪਿਸ਼ਾਬ ਵਿਚ ਖੂਨ ਆਉਂਦਾ ਹੈ ਜੋ ਖ਼ੁਰਦਬੀਨੀ ਜਾਂਚ ਤੋਂ ਪਤਾ ਲਗਦਾ ਹੈ। ਇਹ ਇਕ ਮੈਡੀਕਲ ਰੋਗ ਹੁੰਦਾ ਹੈ ਜੋ ਦੋਵਾਂ ਗੁਰਦਿਆਂ ਨੂੰ ਬਰਾਬਰ ਦਾ ਨੁਕਸਾਨ ਪਹੁੰਚਾਉਂਦਾ ਹੈ। ਇਹ ਬੀਮਾਰੀ ਲੰਮਾ ਸਮਾਂ ਚਲਦੀ ਹੈ ਜਿਸ ਦਾ ਅੰਤਲਾ ਪੜਾਅ ਹੁੰਦਾ ਹੈ 'ਗੁਰਦੇ ਫੇਲ੍ਹ'।
3. ਕੈਂਸਰ: ਇਨ੍ਹੀਂ ਦਿਨੀਂ ਮਸਾਨੇ (ਬਲੈਡਰ), ਗੁਰਦੇ ਤੇ ਮਰਦਾਂ ਵਿਚ ਗਦੂਦਾਂ ਦੇ (ਪ੍ਰੋਸਟੇਟ) ਕੈਂਸਰ ਦੇ ਕਾਫੀ ਮਰੀਜ਼ ਆ ਰਹੇ ਹਨ। ਹੋ ਸਕਦਾ ਹੈ ਕਿ ਸ਼ੁਰੂ ਵਿਚ ਮਰੀਜ਼ ਨੂੰ ਹੋਰ ਕੋਈ ਵੀ ਦਰਦ ਜਾਂ ਤਕਲੀਫ ਨਾ ਹੋਵੇ, ਸਿਰਫ ਪਿਸ਼ਾਬ ਵਿਚ ਖ਼ੂਨ ਹੀ ਆਵੇ ਜੋ ਕਾਫੀ ਜ਼ਿਆਦਾ ਵੀ ਹੋ ਸਕਦਾ ਹੈ, ਕਈ ਵਾਰ ਖ਼ੂਨ ਚੜ੍ਹਾਉਣ ਦੀ ਲੋੜ ਵੀ ਪੈ ਸਕਦੀ ਹੈ। ਸੋ ਦਰਦ ਤੋਂ ਬਿਨਾਂ ਅਗਰ ਪਿਸ਼ਾਬ ਵਿਚ ਖੂਨ ਆਵੇ ਤਾਂ ਬਿਨਾਂ ਦੇਰੀ ਦੇ, ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
4. ਇਨਫੈਕਸ਼ਨਜ਼: ਪਿਸ਼ਾਬ ਪ੍ਰਣਾਲੀ ਦੀਆਂ ਇਨਫੈਕਸ਼ਨ ਅਧੀਨ, ਯੂਰੇਟਰਾਇਟਿਸ, ਸਿਸਟਾਇਟਿਸ (ਬਲੈਡਰ ਦੀ), ਯੂਰੇਥ- ਰਾਇਟਿਸ ਤੇ ਨੈਫਰਾਇਟਿਸ (ਗੁਰਦੇ ਦੀ) ਆਉਂਦੇ ਹਨ। ਇਹ ਹਨ-ਗਨੋਰੀਆ, ਸਿਫਲਿਸ (ਜਿਨ੍ਹਾਂ ਨੂੰ ਯੋਨ-ਰੋਗ ਜਾਂ ਗੁਪਤ -ਰੋਗ ਵੀ ਕਿਹਾ ਜਾਂਦਾ ਹੈ)। ਇਸ ਸਿਸਟਮ (ਗੁਰਦਿਆਂ) ਵਿਚ ਕਈ ਵਾਰ ਟੀ.ਬੀ. ਵੀ ਹੋ ਜਾਂਦੀ ਹੈ ਜੋ ਪਿਸ਼ਾਬ ਵਿਚ ਖ਼ੂਨ ਆਉਣ ਦਾ ਕਾਰਨ ਬਣ ਸਕਦੀ ਹੈ। ਮਰਦਾਂ ਵਿਚ ਗਦੂਦਾਂ ਦੀ ਸੋਜ ਜਾਂ ਪ੍ਰੋਸਟੇਟਾਇਟਿਸ ਵਿਚ ਵੀ ਪਿਸ਼ਾਬ  ਵਿਚ ਖ਼ੂਨ  ਆ ਜਾਂਦਾ ਹੈ।
5. ਸਰਜਰੀ ਜਾਂ ਕੋਈ ਹੋਰ ਜ਼ਖ਼ਮ: ਸੜਕੀ ਦੁਰਘਟਨਾ, ਗੋਲੀ ਲੱਗਣ, ਜਾਂ ਡਿੱਗਣ ਨਾਲ ਜਾਂ ਪੇਟ ਦੇ ਕਿਸੇ ਅਪ੍ਰੇਸ਼ਨ ਤੋਂ ਬਾਅਦ ਪਿਸ਼ਾਬ-ਪ੍ਰਣਾਲੀ ਨੂੰ ਨੁਕਸਾਨ ਪੁੱਜਣ ਕਰਕੇ ਪਿਸ਼ਾਬ ਵਿਚ ਖੂਨ ਆ ਸਕਦਾ ਹੈ।
6. ਪੈਰਾਸਾਇਟ: ਅਫਰੀਕਾ ਦੇ ਕੁਝ ਹਿਸਿਆਂ ਅਤੇ ਮੱਧ-ਪੂਰਬੀ ਦੇਸ਼ਾਂ ਵਿਚ ਇਕ ਪੈਰਾਸਾਇਟ (ਸਿਸਟੋਸੋਮਾ) ਪਾਇਆ ਜਾਂਦਾ ਹੈ ਜੋ ਉੱਥੋਂ ਦੇ ਵਸਨੀਕਾਂ ਦੇ ਮਸਾਨੇ (ਬਲੈਡਰ) ਦੀ ਦੀਵਾਰ ਵਿਚ ਤਸ਼ਰੀਫ ਫਰਮਾਉਂਦਾ ਹੈ। ਇਸ ਜਗ੍ਹਾ 'ਤੇ ਨੁਕਸਾਨ ਪਹੁੰਚਾ ਕੇ ਇਹ ਪਿਸ਼ਾਬ ਵਿਚ ਖ਼ੂਨ ਦਾ ਕਾਰਨ ਬਣਦਾ ਹੈ।
7. ਕੁਝ ਹੋਰ ਕਾਰਨ: ਅਪੈਂਡਿਕਸ ਦੀ ਰੈਟਰੋ-ਸੀਕਲ ਪੁਜ਼ੀਸ਼ਨ ਹੋਵੇ ਤਾਂ ਇਸ ਦੀ ਸੋਜ (ਅਪੈਂਡਿਸਾਇਟਿਸ) ਦੌਰਾਨ ਇਹ ਯੁਰੇਟਰ ਦੇ ਨਾਲ ਲੱਗ ਜਾਂਦਾ ਹੈ। ਸੋ ਐਸੀ ਹਾਲਤ ਵਿਚ ਵੀ ਪਿਸ਼ਾਬ ਵਿਚ ਖ਼ੂਨ ਆ ਸਕਦਾ ਹੈ ਭਾਵੇਂ ਯੂਰੇਨਰੀ ਸਿਸਟਮ ਦੀ ਕੋਈ ਸਮੱਸਿਆ ਨਹੀਂ ਹੁੰਦੀ।
8. ਖੂਨ ਦੇ ਰੋਗ: ਐਕਿਊਟ ਲਿਊਕੀਮੀਆਂ, ਥਰੋਂਬੋ-ਸਾਇਟੋਪੀਨੀਆਂ (ਪਲੇਟਲੈਟਸ ਦਾ ਘਟਣਾ) ਜਾਂ ਖ਼ੂਨ ਦੇ ਹੋਰ ਰੋਗ ਜਿਨ੍ਹਾਂ ਵਿਚ ਖ਼ੂਨ ਜੰਮਣ ਦੇ ਡਿਫੈਕਟ ਹੋਣ, ਵਿਚ ਵੀ ਪਿਸ਼ਾਬ ਵਿਚ ਖ਼ੂਨ ਆ ਜਾਂਦਾ ਹੈ।
ਲੱਛਣ: ਕਿਸੇ ਵੀ ਉਮਰ ਵਿਚ ਪਿਸ਼ਾਬ ਵਿਚ ਖ਼ੂਨ ਆ ਸਕਦਾ ਹੈ, ਕਿਉਂਕਿ ਗੁਰਦੇ ਦੀਆਂ ਬੀਮਾਰੀਆਂ, ਬੱਚਿਆਂ ਤੇ ਵੱਡੀ ਉਮਰ ਵਿਚ ਹੁੰਦੀਆਂ ਹਨ। ਇਸੇ ਤਰ੍ਹਾਂ ਇਹ ਕਿਸੇ ਵੀ ਲਿੰਗ (ਔਰਤ ਜਾਂ ਮਰਦ) ਵਿਚ ਹੋ ਸਕਦਾ ਹੈ।
ਪੱਥਰੀ ਵਾਲੇ ਰੋਗੀਆਂ ਦੇ ਲੱਕ ਵਿਚ ਹੇਠਾਂ ਕਰਕੇ, ਵੱਖੀ ਅਤੇ ਨਲਾਂ ਵੱਲ ਨੂੰ ਬੜੀ ਜ਼ਬਰਦਸਤ ਪੀੜ ਨਿਕਲਦੀ ਹੈ,  ਜੋ ਅਸਹਿ  ਹੁੰਦੀ ਹੈ। ਪਿਸ਼ਾਬ ਵਿਚ ਦਿਖਾਈ ਦੇਣ ਵਾਲਾ ਖ਼ੂਨ ਆ ਸਕਦਾ ਹੈ।
ਕੈਂਸਰ ਦੇ ਕੇਸਾਂ ਵਿਚ ਦਰਦ ਨਹੀਂ ਹੁੰਦਾ ਪਰ ਪਿਸ਼ਾਬ ਵਿਚ ਖ਼ੂਨ ਆਉਂਦਾ ਹੈ। ਗੁਰਦੇ ਦਾ ਕੈਂਸਰ ਬੱਚਿਆਂ ਵਿਚ ਵੀ ਹੁੰਦਾ ਹੈ (ਨੈਫਰੋ-ਬਲਾਸਟੋਮਾ) ਤੇ ਵੱਡਿਆਂ ਵਿਚ ਵੀ (ਰੀਨਲ ਕਾਰਸੀਨੋਮਾ)। ਇਵੇਂ ਹੀ ਮਰਦਾਂ ਵਿਚ ਗਦੂਦਾਂ ਤੇ ਮਸਾਨੇ ਦੇ ਕੈਂਸਰਾਂ ਵਿਚ ਵੀ ਕੋਈ ਪੀੜ ਨਹੀਂ ਹੁੰਦੀ ਪਰ ਪਿਸ਼ਾਬ ਵਿਚ ਖ਼ੂਨ ਆਉਂਦਾ ਹੈ।
ਪਿਸ਼ਾਬ ਪ੍ਰਣਾਲੀ ਦੀਆਂ ਇਨਫੈਕਸ਼ਨਜ਼ ਵਿਚ ਖ਼ੂਨ ਆਉਣ ਦੇ ਨਾਲ ਨਾਲ ਰੋਗੀ ਨੂੰ ਬੁਖ਼ਾਰ ਵੀ ਹੁੰਦਾ ਹੈ।
ਧਿਆਨ ਯੋਗ : ਜਦ ਵੀ ਤੁਹਾਡੇ ਬੱਚੇ ਦੇ ਜਾਂ ਤੁਹਾਡੇ ਪਿਸ਼ਾਬ ਵਿਚ ਖ਼ੂਨ ਆਵੇ ਤਾਂ ਬਿਨਾਂ ਦੇਰੀ ਦੇ ਡਾਕਟਰ ਕੋਲ ਜਾ ਕੇ ਜਾਂਚ ਤੋਂ ਬਾਅਦ, ਮੁੱਢਲੀ ਹਾਲਤ ਵਿਚ ਹੀ ਇਲਾਜ ਕਰਾਉਣਾ ਚਾਹੀਦਾ ਹੈ। ਇਹਦੇ ਵਾਸਤੇ ਸਭ ਤੋਂ ਪਹਿਲਾਂ, ਪਿਸ਼ਾਬ ਦਾ ਟੈਸਟ ਹੀ ਕੀਤਾ ਜਾਂਦਾ ਹੈ ਤਾਂ ਕਿ ਇਹ ਗੱਲ ਪੱਕੀ ਕਰ ਲਈ ਜਾਵੇ ਕਿ ਵਾਕਿਆ ਈ ਖ਼ੂਨ ਆ ਰਿਹੈ। ਖ਼ੁਰਦਬੀਨੀ ਜਾਂਚ ਤੋਂ ਪੱਕਾ ਪਤਾ  ਲੱਗ ਜਾਂਦਾ ਹੈ। ਔਰਤਾਂ ਦੀ ਮਹਾਵਾਰੀ ਦੇ ਦਿਨਾਂ ਵਿਚ, ਪਿਸ਼ਾਬ ਵਿਚ ਖ਼ੂਨ ਦਾ ਟੈਸਟ ਨਹੀਂ ਕੀਤਾ ਜਾਦਾ। ਖ਼ੂਨ ਆਉਣ ਵਾਲੇ ਬਾਕੀ ਰੋਗਾਂ ਦਾ ਸ਼ੱਕ ਹੋਣ ਦੀ ਸੂਰਤ ਵਿਚ ਮਾਹਿਰ ਡਾਕਟਰ ਤੁਹਾਨੂੰ, ਅਲਟਰਾਸਾਊਂਡ, ਸੀ.ਟੀ. ਸਕੈਨ ਤੇ ਖ਼ੂਨ ਦੇ ਹੋਰ ਟੈਸਟ  ਕਰਵਾਉਣ ਲਈ ਸਲਾਹ ਦੇਣਗੇ। ਇਹ ਜਾਂਚ ਵੀ ਬਿਨਾਂ ਦੇਰੀ ਕਰਵਾ ਲੈਣੀ ਚਾਹੀਦੀ  ਹੈ।  
ਡਾ. ਮਨਜੀਤ ਸਿੰਘ ਬੱਲ