ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਉਹ ਪੰਥਕ ਹੀਰੇ ਜਿਨ੍ਹਾਂ ਨੇ ਸਿੱਖੀ ਦੇ ਨਿਆਰੇਪਣ ਨੂੰ ਬਚਾਉਣ ਵਾਸਤੇ ਮਹੱਤਵਪੂਰਨ ਯੋਗਦਾਨ ਦਿੱਤਾ


ਵਰਤਮਾਨ ਸਮੇਂ ਵਿਚ ਸਿੱਖ ਫਲਾਸਫੀ ਉਤੇ ਬਹੁਤ ਮਾਰੂ ਹਮਲੇ ਹੋਏ ਹਨ। ਇਹ ਕੋਈ ਵਿਲੱਖਣ ਗੱਲ ਨਹੀਂ ਪਰ ਡਰਾਉਣੀ ਗੱਲ ਇਹ ਹੈ ਕਿ ਇਨ੍ਹਾਂ ਹਮਲਿਆਂ ਸਬੰਧੀ ਬਹੁਤਿਆਂ ਨੂੰ ਤਾਂ ਗਿਆਨ ਹੀ ਨਹੀਂ ਤੇ ਬਾਕੀਆਂ ਵਿਚ ਅਧਿਕਤਰ ਲੋਕ ਇਨ੍ਹਾਂ ਦੇ ਖਤਰਨਾਕ ਨਤੀਜਿਆਂ ਸਬੰਧੀ ਚੌਕਸ ਨਹੀਂ ਹਨ। ਸਿੱਖ ਧਰਮ ਤੇ ਸਭ ਤੋਂ ਵਧ ਭਿਆਨਕ ਹਮਲਾ ਬ੍ਰਾਹਮਣੀ ਘੁਸਪੈਠ ਦਾ ਹੈ। ਇਨ੍ਹਾਂ ਨੇ ਪਹਿਲਾਂ ਉਦਾਸੀ ਮਤ ਰਾਹੀਂ, ਫਿਰ ਨਿਰਮਲਿਆਂ ਰਾਹੀ ਅਤੇ ਹੁਣ ਇਨ੍ਹਾਂ ਦੋਨਾਂ ਦੇ ਸੰਗਮ ਵਿਚੋਂ ਪੈਦਾ ਹੋਏ ਸਾਧਾਂ, ਸਾਧੂਆਂ ਤੇ ਸੰਤਾਂ ਰਾਹੀਂ ਕੀਤਾ ਹੈ। ਹੁਣ ਦਾ ਹਮਲਾ ਸਭ ਤੋਂ ਵਧ ਖਤਰਨਾਕ, ਭਿਆਨਕ ਤੇ ਮਾਰੂ ਹੈ। ਉਦਾਸੀਆਂ ਨੇ ਆਪਣਾ ਵਖਰਾ ਮਤ ਚਲਾਇਆ ਸੀ। ਨਿਰਮਲਿਆਂ ਨੇ ਸਨਾਤਨੀ ਦੇ ਨਾਂ ਹੇਠਾਂ ਢਾਈ ਪਾ ਦੀ ਵਖਰੀ ਖਿਚੜੀ ਬਣਾਈ ਰੱਖੀ ਜਿਸ ਕਾਰਨ ਸਿੱਖ ਇਨ੍ਹਾਂ ਵੱਲ ਨਹੀਂ ਗਏ। ਫਿਰ ਉਦਾਸੀਆਂ ਦੇ ਇਕ ਸਮੂਹ ਨੇ ਕਾਰ ਸੇਵਾ ਦੇ ਨਾਂ ਤੇ ਸਿੱਖਾਂ ਵਿਚ ਘੁਸਪੈਠ ਕੀਤੀ ਤੇ ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਸਿੱਖ ਯਾਦਗਾਰਾਂ ਦਾ ਘਾਣ ਕੀਤਾ। ਪਰ 1984 ਤੋਂ ਪਿੱਛੋਂ ਜਿਹੜੇ ਸਾਧ ਸਿੱਖੀ ਵਿਚ ਉਗਮੇ ਹਨ ਉਹ ਸਭ ਤੋਂ ਵਧ ਖਤਰਨਾਕ ਹਨ ਕਿਉਂ ਕਿ ਉਹ ਨਕਾਬ ਤਾਂ ਸਿੱਖੀ ਦਾ ਪਾਂਦੇ ਹਨ ਪਰ ਪਰਚਾਰ ਬ੍ਰਾਹਮਣ ਮਤ, ਉਦਾਸੀ ਮਤ ਤੇ ਨਿਰਮਲਾ ਮਤ ਦਾ ਕਰਦੇ ਹਨ। ਪਿਛਲੇ 20 ਸਾਲ ਵਿਚ ਪੈਦਾ ਹੋਏ ਬਹਿਰੂਪੀਏ ਸਾਧ ਸਿੱਖੀ ਪਰਚਾਰ ਦੇ ਲਬਾਦੇ ਵਿਚ ਨਵੇਂ ਗੁਰੂ ਬਣ ਬੈਠੇ ਹਨ।
ਦੂਸਰਾ ਮਾਰੂ ਹਮਲਾ ਸਿੱਖਾਂ ਵਿਚ ਬਚਿਤਰ ਨਾਟਕ ਜਾਨਿ ਕਿ ਕਥਿਤ ਦਸਮਗ੍ਰੰਥ ਨਾਂ ਦੀ ਸਾਕਤ ਮਤ ਦੀ ਪੁਸਤਕ ਦਾ ਪਰਚਾਰ ਹੈ। ਹੁਣ ਹਾਲਤ ਇਹ ਹੋਈ ਪਈ ਹੈ ਕਿ ਇਹ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਕ ਸੌਂਕਣ ਦਾ ਰੂਪ ਧਾਰਨ ਕਰੀ ਬੈਠੀ ਹੈ। ਬ੍ਰਾਹਮਣ, ਉਦਾਸੀ ਤੇ ਨਿਰਮਲੇ ਸਾਧੂ ਸੰਤ ਇਸ ਪੁਸਤਕ ਨੂੰ ਇਤਨਾ ਪ੍ਰੋਤਸਾਹਨ ਦੇ ਰਹੇ ਹਨ ਕਿ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੌਣ ਸਮਝਣ ਲਗ ਪਏ ਹਨ। ਹੋਰ ਤਾਂ ਹੋਰ ਕਈ ਜਗਹ ਤੇ ਇਸ ਪੁਸਤਕ ਦਾ ਪ੍ਰਕਾਸ਼ ਵੀ ਕਰ ਦਿੱਤਾ ਗਿਆ ਹੈ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ। ਇਹ ਤਾਂ ਏਨਾ ਘੋਰ ਅਨਿਆਏ ਹੈ ਕਿ ਜਿਵੇਂ ਇਕ ਸੌਂਕਣ ਜਾਂ ਵੇਸਵਾ ਨੂੰ ਸੁਹਾਗਣ ਤੋਂ ਵੀ ਵਧ ਸਨਮਾਨ ਦੇਣ ਨਾਲ ਹੋ ਸਕਦਾ ਹੈ।
ਤੀਸਰਾ ਮਾਰੂ ਹਮਲਾ ਪੁਜਾਰੀਆਂ, ਗ੍ਰੰਥੀਆਂ ਨੂੰ ਸਿੱਖਾਂ ਵਿਚ ਨੀਮ ਜਾਂ ਅਰਧ ਗੁਰੂ ਦੇ ਤੌਰ ਤੇ ਸਥਾਪਿਤ ਕਰਨਾ ਹੈ। ਅਕਾਲ ਤਖਤ ਅਤੇ ਹੋਰ ਆਪੇ ਘੜੇ ਤਿੰਨ ਚਾਰ ਤਖਤਾਂ ਦੇ ਪੁਜਾਰੀ, ਦਰਬਾਰ ਸਾਹਿਬ ਅਤੇ ਅਕਾਲ ਤਖਤ ਦੇ ਗ੍ਰੰਥੀ ਸਿੱਖਾਂ ਵਿਚ ਗੁਰੂ ਵਰਗਾ ਦਰਜਾ ਪ੍ਰਾਪਤ ਕਰੀ ਬੈਠੇ ਹਨ। ਪਰ ਇਨ੍ਹਾਂ ਦਾ ਕੰਮ ਕੇਵਲ ਪਰਕਾਸ਼ ਸਿੰਘ ਬਾਦਲ ਦੇ ਲਾਭ ਵਾਸਤੇ ਇਸ ਨਾਜਾਇਜ਼ ਪਦਵੀ ਨੂੰ ਵਰਤਣਾ ਹੈ। ਡਾ ਦਿਲਗੀਰ ਇਨ੍ਹਾਂ ਨੂੰ ਠੀਕ ਹੀ ਬਾਦਲ ਦੀਆਂ ਧਾਰਮਿਕ ਵੇਸਵਾਵਾਂ ਕਹਿੰਦਾ ਹੈ।
ਚੌਥਾ ਮਾਰੂ ਹਮਲਾ ਭਿੰਡਰਾਂ ਮਹਿਤਾ ਜਥਾ ਨੂੰ ਅਖੌਤੀ ਦਮਦਮੀ ਟਕਸਾਲ ਵਜੋਂ ਸਥਾਪਿਤ ਕਰਨਾ ਹੈ। ਗੁਰੂ ਜੀ ਨੇ ਕਦੇ ਕੋਈ ਟਕਸਾਲ ਟਕਸੂਲ ਨਹੀਂ ਸੀ ਬਣਾਈ। 1977 ਤਕ ਤਾਂ ਇਹ ਆਪ ਵੀ ਇਸ ਦਾ ਨਾਂ ਜਥਾ ਭਿੰਡਰਾਂ ਮਹਿਤਾ ਲਿਕਿਆ ਕਰਦੇ ਸੀ।  ਪਰ ਗਿਆਨੀ ਕਰਤਾਰ ਸਿੰਘ ਦੇ ਵੇਲੇ ਇਸ ਦਾ ਨਾਂ ਟਕਸਾਲ ਬਣ ਗਿਆ। ਫਿਰ ਕੌਮ ਦੇ ਮਹਾਨ ਜਰਨੈਲ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਬੰਦੂਕਾਂ ਵਾਲਿਆਂ ਨੇ ਇਸ ਨੂੰ ਹਊਆ ਬਣਾ ਕੇ, ਗੋਲੀਆਂ ਦੇ ਡਰਾਵੇ ਨਾਲ ਇਸ ਨੂੰ ਸਿੱਖਾਂ ਦੇ ਗਲੇ ਮੜ੍ਹਨ ਦਾ ਯਤਨ ਕੀਤਾ। ਪ੍ਰਮਾਤਮਾ ਭਲਾ ਕਰੇ ਹਰਨਾਮ ਸਿੰਘ ਧੁੰਮੇ ਦਾ ਜਿਸ ਨੇ ਨੰਗਾ ਹੋ ਕੇ ਪਰਤੱਖ ਕਰ ਦਿਖਾਇਆ ਕਿ ਉਹ ਇਕ ਡੇਰੇ ਦਾ ਮੁਖੀ ਹੈ ਨਾ ਕਿ ਪੰਥ ਦੇ ਕਿਸੇ ਪ੍ਰਤੀਨਿਧ ਜਥੇ ਦਾ ਮੁਖੀ। ਇਹ ਵਖਰੀ ਗੱਲ ਹੈ ਕਿ ਭਾਈ ਮੋਹਕਮ ਸਿੰਘ ਤੇ ਗਿਆਨੀ ਰਾਮ ਸਿੰਘ ਅਜ ਵੀ ਬਾਬਾ ਜਰਨੈਲ ਸਿੰਘ ਜੀ ਵਾਲੀ ਸੋਚ ਰਖਦੇ ਹਨ।
੍ਵ ਪੰਥ ਉਤੇ ਹਮਲੇ ਤਾਂ ਦਰਜਨਾਂ ਨਹੀਂ ਸੈਂਕੜੇ ਹੋਏ ਹਨ ਤੇ ਹੋ ਰਹੇ ਹਨ ਤੇ ਸਦਾ ਹੁੰਦੇ ਵੀ ਰਹਿਣੇ ਹਨ ਪਰ ਇਹ ਤਾਂ ਕੇਵਲ ਵੰਨਗੀ ਮਾਤਰ ਹੀ ਸੀ। ਮੇਰਾ ਮੁਖ ਮੰਤਵ ਤਾਂ ਇਹ ਦਸਣਾ ਸੀ ਕਿ ਜਿਥੇ ਪ੍ਰਮਾਤਮਾ ਨੇ ਪੰਥ ਵਾਸਤੇ ਇਹ ਸੰਕਟ ਖੜੇ ਕੀਤੇ ਉਥੇ ਇਨ੍ਹਾਂ ਨੂੰ ਠਲ੍ਹ ਪਾਉਣ ਵਾਸਤੇ ਆਪਣੇ ਸਪੁਤੱਰਾਂ ਨੂੰ ਸ਼ਕਤੀ ਵੀ ਪ੍ਰਦਾਨ ਕੀਤੀ। ਉਹ ਵੀ ਪੂਰੇ ਤਾਣ ਨਾਲ ਗੁਰੂ ਤੋਂ ਬਲ ਲੈ ਕੇ ਮੈਦਾਨ ਵਿਚ ਕੁਦ ਪਏ ਅਤੇ ਸਿੱਖੀ ਦਾ ਭੋਗ ਪੈਣ ਤੋਂ ਬਚਾਉਣ ਵਿਚ ਆਪਣੀ ਵਿਤ ਅਨੁਸਾਰ ਯੋਗਦਾਨ ਪਾਇਆ। ਅਜ ਬ੍ਰਾਹਮਵਾਦ ਨੇ ਸਿੱਖੀ ਨੂੰ ਲਗਭਗ ਨਿਗਲ ਲਿਆ ਹੈ ਤੇ ਜੇ ਕਿਤੇ ਇਹ ਆਤਮਾਵਾਂ ਨਾ ਹੁੰਦੀਆਂ ਤਾਂ ਜੋ ਕੁਝ ਬਚਿਆ ਹੈ ਉਹ ਵੀ ਨਾ ਹੁੰਦਾ। ਮੈਂ ਇਥੇ ਕੁਝ ਨਾਵਾਂ ਦਾ ਵਰਨਣ ਅਵੱਸ਼ ਕਰਨਾ ਚਾਹਵਾਂਗਾ, ਖਾਸ ਕਰ ਕੇ ਗਿਆਨੀ ਭਾਗ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਡਾ: ਹਰਜਿੰਦਰ ਸਿੰਘ ਦਿਲਗੀਰ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ ਤੇ ਇਨ੍ਹਾਂ ਦੇ ਬਹੁਤ ਸਾਰੇ ਸਹਿਯੋਗੀ ਸੰਗੀ ਸਾਥੀ।
ਸਿੱਖੀ ਨੂੰ ਉਪਰੋਕਤ ਹਮਲਿਆਂ ਤੋਂ ਬਚਾਉਣ ਦੀ ਸਭ ਤੋਂ ਪਹਿਲਾ ਯਤਨ ਗਿਆਨੀ ਭਾਗ ਸਿੰਘ ਜੀ ਅੰਬਾਲਾ ਦਾ ਸੀ। ਉਹ ਇਕ ਹਿੰਦੂ ਪਰਵਾਰ ਵਿਚ ਪੈਦਾ ਹੋਏ ਸਨ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸੋਚ ਨੇ ਉਨ੍ਹਾਂ ਨੂੰ ਏਨਾ ਟੁੰਬਿਆ ਕਿ ਉਹ ਗੁਰੂ ਦੇ ਹੋ ਕੇ ਰਹਿ ਗਏ। ਉਨ੍ਹਾਂ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਇਸ ਗਿਆਨ ਨੂੰ ਜੀਵਨ ਵਿਚ ਅਪਣਾਇਆ ਵੀ ਅਤੇ ਸਾਧ ਸੰਗਤ ਵਿਚ ਪ੍ਰਚਾਰਿਆ ਵੀ। ਫਿਰ ਉਨ੍ਹਾਂ ਨੂੰ ਸਾਕਤ ਮਤ ਦੀ ਪੁਸਤਕ ਬਚਿਤਰ ਨਾਟਕ ਯਾਨਿ ਕਿ ਅਖੌਤੀ ਦਸਮਗ੍ਰੰਥ ਪੜ੍ਹਨ ਦਾ ਅਵਸਰ ਮਿਲਿਆ। ਭਲਾ ਹੋਵੇ ਉਸ ਵਿਅਕਤੀ ਦਾ ਜਿਸ ਨੇ ਆਪ ਜੀ ਨੂੰ ਇਹ ਪੁਸਤਕ ਉਪਲਭਦ ਕੀਤੀ। ਪੁਸਤਕ ਪੜ੍ਹਦਿਆਂ ਉਨ੍ਹਾਂ ਦਾ ਹਿਰਦਾ ਕੰਬ ਉਠਿਆ ਅਤੇ ਉਨ੍ਹਾਂ ਦੀ ਆਤਮਾ ਕੁਰਲਾਉਣ ਲਗ ਪਈ ਕਿ ਕਿਵੇਂ ਸਿੱਖੀ ਦਾ ਘਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਬ੍ਰਾਹਮਣੀ ਛੜਯੰਤਰ ਨੂੰ ਤਾੜ ਲਿਆ ਅਤੇ ਇਸ ਨੂੰ ਰੋਕਣ ਵਾਸਤੇ 'ਦਸਮਗ੍ਰੰਥ ਨਿਰਣੈ' ਪੁਸਤਕ ਲਿਖ ਕੇ ਸਿੱਖੀ ਉਤੇ ਹੋ ਰਹੇ ਦਸਮਗ੍ਰੰਥ ਨਾਂ ਦੇ ਪਾਪ ਰੂਪੀ ਹਮਲੇ ਨੂੰ ਲਿਤਾੜ ਕੇ ਰੱਖ ਦਿੱਤਾ। ਉਨ੍ਹਾਂ ਨੂੰ ਸ: ਮਹਿੰਦਰ ਸਿੰਘ ਜੋਸ਼, ਪਿੰਸੀਪਲ ਸੁਰਜੀਤ ਸਿੰਘ, ਸ: ਜਗਮੋਹਣ ਸਿੰਘ ਗਿਆਨੀ, ਪਿੰਸੀਪਲ ਹਰਭਜਨ ਸਿੰਘ ਲੁਧਿਆਣਾ, ਸ: ਜਗਜੀਤ ਸਿੰਘ ਸਿਦਕੀ ਵਰਗੇ ਸੰਗੀ ਮਿਲ ਗਏ (ਪਿੱਛੋਂ ਇਨ੍ਹਾਂ ਵਿਚ ਕੰਵਰ ਮਹਿੰਦਰ ਪ੍ਰਤਾਪ ਸਿੰਘ, ਉਪਕਾਰ ਸਿੰਘ ਅਤੇ ਹੋਰ ਸਿੰਘ ਵੀ ਆ ਸ਼ਾਮਿਲ ਹੋਏ) ਤੇ ਇਨ੍ਹਾਂ ਨੇ ਉਨ੍ਹਾਂ ਦੇ ਯਤਨਾਂ ਨੂੰ ਪ੍ਰਸਾਰਨ ਵਿਚ ਪੂਰਨ ਸਹਿਯੋਗ ਦਿੱਤਾ। ਇਸੇ ਵਿਚੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੇ ਹੋਰ ਮਿਸ਼ਨਰੀ ਕਾਲਜਾਂ ਅਤੇ ਸੈਂਕੜੇ ਟਰੈਕਟਾਂ ਦਾ ਜਨਮ ਹੋਇਆ। ਅਜ ਜੋ ਯੋਗਦਾਨ ਇਨ੍ਹਾਂ ਟਰੈਕਟਾਂ ਤੇ ਪੁਸਤਕਾਂ ਦਾ ਹੈ ਉਸ ਨੇ ਸਿੱਖਾਂ ਵਿਚ ਕਮਾਲ ਦੀ ਵਰਣਨਯੋਗ ਦੇਣ ਦਿੱਤੀ ਹੈ। ਕੌਮ ਨੂੰ ਜਾਗਰੂਕ ਕਰਨ ਵਿਚ ਇਨ੍ਹਾਂ ਦਾ ਬਹੁਤ ਵੱਡਾ ਹੱਥ ਹੈ।
ਇਸ ਮਗਰੋਂ ਖਾਲਿਸਤਾਨ ਦੀ ਲਹਿਰ ਚਲ ਪਈ। 1978 ਤੋਂ 1995 ਤਕ ਪੰਥ ਨੇ ਬਹੁਤ ਭਾਰਾ ਸੰਕਟ ਤੱਕਿਆ। ਉਹ ਇਕ ਵੱਡਾ ਤੇ ਅਲਗ ਅਧਿਆਇ ਹੈ ਮੈਂ ਉਸ ਨੂੰ ਇਥੇ ਛੇੜਨਾ ਨਹੀਂ ਚਾਹੁੰਦਾ। ਪਰ ਇਹ ਜ਼ਰੂਰ ਕਹਾਂਗਾ ਕਿ ਇਹ ਲਹਿਰ ਨੇ ਪੰਥ ਦਾ ਬਹੁਤ ਨੁਕਸਾਨ ਵੀ ਕੀਤਾ। ਲੱਖ ਤੋਂ ਵਧ ਸਿੱਖਾਂ ਦੀ ਸ਼ਹੀਦੀ ਤੋਂ ਇਲਾਵਾ ਦੋ ਹੋਰ ਵੱਡੇ ਨੁਕਸਾਨ ਵੀ ਕੀਤੇ। ਸਿੱਖਾਂ ਵਿਚ ਇਕ ਜਥੇ ਦਾ ਬਹੁਤ ਪਰਚਾਰ ਹੋਇਆ ਜੋ ਕਿ ਨਿਰੋਲ ਸਿੱਖੀ ਦੀ ਥਾਂ ਉਦਾਸੀ ਨਿਰਮਲਾ ਮਤ ਦਾ ਪਰਚਾਰ ਕਰਦਾ ਸੀ। ਸਿੱਖ ਇਸ ਦਾ ਮੁੱਲ ਅਜ ਵੀ ਤਾਰ ਰਹੇ ਹਨ। ਅਜ ਸ਼੍ਰੋਮਣੀ ਗੁਰਵਾਰਾ ਪ੍ਰਬੰਧਕ ਕਮੇਟੀ, ਵਿਦੇਸ਼ਾਂ ਦੇ ਬਹੁਤ ਸਾਰੇ ਗੁਰਧਾਮਾਂ ਅਤੇ ਕਈ ਸਿੱਖੀ ਅਦਾਰਿਆਂ ਉਤੇ ਇਸ ਡੇਰੇ ਨੇ ਕਬਜ਼ਾ ਜਮਾਇਆ ਹੋਇਆ ਹੈ ਅਤੇ ਉਲਟਾ ਆਪਣੇ ਆਪ ਨੂੰ ਅਸਲ ਸਿੱਖ ਕਹਿ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਇਹ ਗਿਆਨੀ ਗੁਰਬਚਨ ਸਿੰਘ ਦੀ ਉਦਾਸੀ-ਨਿਰਮਲਾ ਕਥਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਸਲ ਵਿਆਖਿਆ ਕਹਿ ਕੇ ਪੰਥ ਨੂੰ ਗੁਮਰਾਹ ਕਰ ਰਹੇ ਹਨ। ਇਨ੍ਹਾਂ ਨੇ ਹੀ ਬਚਿਤਰ ਨਾਟਕ (ਕਥਿਤ ਦਸਮਗ੍ਰੰਥ), ਰਾਗਮਾਲਾ ਅਤੇ ਗੁਰਬਿਲਾਸ ਪਾਤਸਾਹੀ ਛੇਵੀਂ ਵਰਗੀਆਂ ਨਾਮਧਰੀਕ ਪੰਥ-ਘਾਤਕ ਪੁਸਤਕਾਂ ਨੂੰ ਸਿੱਖਾਂ ਵਿਚ ਸਥਾਪਿਤ ਕਰਨ ਵਾਸਤੇ ਅਣਥੱਕ ਯਤਨ ਕੀਤੇ। ਇਨ੍ਹਾਂ ਦੇ ਯਤਨਾਂ ਨੇ ਬਹੁਤ ਸਾਰੇ ਭੋਲੇ ਤੇ ਬੇਸਮਝ ਸਿੱਖਾਂ ਦੇ ਬਰੇਨ ਵਾਸ਼ ਵੀ ਕੀਤੇ। ਦੂਜਾ ਇਸ ਲਹਿਰ ਦੌਰਾਨ ਜਸਬੀਰ ਸਿੰਘ ਰੋਡੇ ਨੂੰ ਜੇਲ੍ਹ ਵਿਚੋਂ ਕੱਢਣ ਵਾਸਤੇ ਅਕਾਲ ਤਖਤ ਦੇ ਅਖੌਤੀ ਜਥੇਦਾਰ ਦੀ ਨਵੀਂ ਸੰਸਥਾ ਖੜ੍ਹੀ ਕਰ ਲਈ। ਇਸ ਸੰਸਥਾ ਨੇ ਸਿੱਖਾਂ ਵਿਚ ਨੀਮ ਗੁਰੂ ਦਾ ਨਕਲੀ ਪਦ ਸਥਾਪਿਤ ਕਰਨ ਵਿਚ ਬਹੁਤ ਖਤਰਨਾਕ ਯੋਗਦਾਨ ਪਾਇਆ।
ਪਰ ਇਨ੍ਹਾਂ ਦੋਹਾਂ ਛੜਯੰਤਰਾਂ ਨੂੰ ਦੋ ਵਿਦਵਾਨਾਂ ਨੇ ਤਾਰ ਤਾਰ ਕਰ ਦਿੱਤਾ।ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਦੇ ਨਕਲੀ ਅਹੁਦੇ ਦਾ ਸਿਧਾਂਤ ਪੱਖੋਂ ਅਧਿਐਨ ਕਰ ਕੇ ਸਾਬਿਤ ਕਰ ਦਿੱਤਾ ਕਿ ਸਿੱਖੀ ਵਿਚ ਅਜਿਹੀ ਕਿਸੇ ਸੰਸਥਾ ਦਾ ਨਾ ਤਾਂ ਵਿਧਾਨ ਹੈ ਅਤੇ ਨਾ ਹੀ ਇਤਿਹਾਸ ਵਿਚ ਇਸ ਦਾ ਵਰਣਨ ਹੈ। ਉਨ੍ਹਾਂ ਸਾਬਿਤ ਕੀਤਾ ਕਿ ਜਥੇਦਾਰ ਸ਼ਬਦ ਤਾਂ 12 ਅਕਤੂਬਰ 1920 ਦੇ ਦਿਨ ਤਖਤ ਦੀ ਇਮਾਰਤ ਦੀ ਰੱਖਿਆ ਕਰਨ ਵਾਲੇ ਚੁਣੇ ਗਏ 21 ਮੈਂਬਰਾਂ ਦੇ ਜਥੇ ਦੇ ਮੁਖੀ ਵਾਸਤੇ ਸੀ। ਦਿਲਗੀਰ ਜੀ ਨੇ 1988 ਵਿਚ ਇਸ ਸਬੰਧੀ ਪਹਿਲਾ ਲੇਖ ਲਿਖ ਕੇ ਇਸ ਦੰਭ ਨੂੰ ਨੰਗਾ ਕੀਤਾ ਸੀ। ਉਨ੍ਹਾਂ ਨੇ ਇਸ ਮਗਰੋਂ ਅਕਾਲ ਤਖਤ ਸਬੰਧੀ 5-6 ਪੁਸਤਕਾਂ ਲਿਖ ਕੇ ਪ੍ਰਮਾਣ, ਸਬੂਤ ਅਤੇ ਉਦਾਹਰਣਾਂ ਦੇ ਕੇ ਇਸ ਨਕਲੀ ਅਹੁਦੇ ਨੂੰ ਰੱਦ ਕੀਤਾ ਅਤੇ ਵਰਤਮਾਨ ਪੁਜਾਰੀਆਂ ਨੂੰ ਬਾਦਲ ਦੀਆਂ ਧਾਰਮਿਕ ਵੇਸਵਾਵਾਂ ਕਹਿਣ ਦੀ ਜੁਰਅਤ ਕੀਤੀ। ਉਨ੍ਹਾਂ ਨੇ ਸਿੰਘ ਸਾਹਿਬ ਦੇ ਕਥਿਤ ਸੰਬੋਧਨ ਨੂੰ ਵੀ ਰੱਦ ਕੀਤਾ। ਉਨ੍ਹਾਂ ਨੇ ਇਹ ਵੀ ਸਾਬਿਤ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਈ ਟਕਸਾਲ ਨਹੀਂ ਸੀ ਬਣਾਈ ਅਤੇ 1977 ਤਕ ਤਾਂ ਇਹ ਲੋਕ ਆਪ ਵੀ ਆਪਣੇ ਆਪ ਨੂੰ ਜਥਾ ਭਿੰਡਰਾਂ ਮਹਿਤਾ ਕਹਿੰਦੇ ਰਹੇ ਸਨ। ਉਨ੍ਹਾਂ ਨੇ ਇਸ ਨੂੰ ਉਦਾਸੀ-ਨਿਰਮਲਾ ਯੋਗ ਦਾ ਚੌਕ ਮਹਿਤਾ ਡੇਰਾ ਕਹਿਣ ਦੀ ਦਲੇਰੀ ਅਤੇ ਜੁਰਅਤ ਦਿਖਾਈ। ਉਤਰ 1984 ਦੇ ਦੂਜੇ ਛੜਯੰਤਰ ਨੂੰ ਰੱਦ ਕੀਤਾ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ। ਉਨ੍ਹਾਂ ਨੇ ਮਾਸ ਮਾਸ ਕਰ ਮੂਰਖ ਝਗੜੇ ਤੋਂ ਅਰੰਭ ਕਰ ਕੇ ਬਿਪਰਨ ਦੀ ਰੀਤ ਦੇ ਨੌਂ ਹੋਰ ਭਾਗ ਅਤੇ ਗੁਰਬਿਲਾਸ ਪਾਤਸਾਹੀ ਛੇਵੀਂ ਦੀ ਅਸਲੀਅਤ ਸਬੰਧੀ ਪੁਸਤਕਾਂ ਲਿਖ ਕੇ ਗੁਰਬਾਣੀ ਦੀ ਬੇਪਤੀ ਕਰਨ ਵਾਲੇ ਉਦਾਸੀਆਂ ਤੇ ਨਿਰਮਲੇ ਸਾਧਾਂ ਦੇ ਦੰਭ ਨੂੰ ਉਘਾੜਿਆ ਅਤੇ ਸਿੱਖ ਵਿਰੋਧੀ ਸਾਹਿਤ ਨੂੰ ਨੰਗਾ ਕੀਤਾ। ਗਿਆਨੀ ਭਾਗ ਸਿੰਘ ਵਾਂਗ ਉਨ੍ਹਾਂ ਨੇ ਵੀ ਸਿੱਖ ਸਾਹਿਤ ਦੀ ਮਹਾਨ ਸੇਵਾ ਕੀਤੀ ਅਤੇ ਸਿੱਖੀ ਨੂੰ ਬਿਪਰਨ ਦਾ ਅੰਗ ਬਣਨ ਤੋਂ ਰੋਕਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਦਿਲਗੀਰ ਅਤੇ ਕਾਲਾ ਅਫਗਾਨਾ ਨੇ ਗਿਆਨੀ ਦਿੱਤ ਸਿੰਘ ਅਤੇ ਪ੍ਰੋ ਗੁਰਮੁਖ ਸਿੰਘ ਵਾਂਗ ਜਾਨ ਤਲੀ ਤੇ ਰਖ ਕੇ ਪਗੜੀਧਾਰੀ ਬ੍ਰਾਹਮਣ ਦਾ ਦੰਭ ਨੰਗਾ ਕੀਤਾ।
ਬਚਿਤਰ ਨਾਟਕ ਉਰਫ ਕਥਿਤ ਦਸਮ ਗੰ੍ਰਥ ਨੂੰ ਗੁਰੂ ਬਣਾਉਣ ਦੇ ਛੜਯੰਤਰ ਦੇ ਵਿਰੁਧ ਸਭ ਤੋਂ ਵਧ ਯੋਗਦਾਨ ਪ੍ਰੋ ਦਰਸ਼ਨ ਸਿੰਘ ਨੇ ਪਾਇਆ। ਸੰਨ 2006 ਵਿਚ ਉਸ ਨੇ ਜਿਸ ਜੁਰਅਤ ਨਾਲ ਨੰਦੇੜ ਵਿਚ ਹਜ਼ੂਰ ਸਾਹਿਬ ਦੀ ਸਟੇਜ ਤੇ ਇਸ ਪੁਸਤਕ ਦਾ ਪ੍ਰਕਾਸ਼ ਕਰਨ ਦਾ ਖੁਲਮ ਖੁਲ੍ਹਾ ਵਿਰੋਧ ਕੀਤਾ ਉਹ ਸ਼ੈਤਾਨ ਦੇ ਘਰ ਵਿਚ ਜਾ ਕੇ ਉਸ ਨੂੰ ਚੈਲੰਜ ਕਰਨ ਦੇ ਬਰਾਬਰ ਸੀ। ਉਹ ਵੀਡੀਓ ਅਜ ਵੀ ਯੂ-ਟਿਊਬ ਤੇ ਵੇਖੀ ਜਾ ਸਕਦੀ ਹੈ। ਪ੍ਰੋ ਦਰਸ਼ਨ ਸਿੰਘ ਦਾ 1984 ਤੋਂ ਪਿੱਛੋਂ ਦਾ ਯੋਗਦਾਨ ਪ੍ਰਸੰਸਾ ਦੇ ਯੋਗ ਤਾਂ ਹੈ ਹੀ ਤੇ ਉਹ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਚੁਕਾ ਹੈ ਪਰ ਉਸ ਦਾ ਇਹ ਯੋਗਦਾਨ ਵੀ ਕੋਈ ਘਟ ਮਹੱਤਵਪੂਰਨ ਨਹੀਂ ਹੈ। ਉਸ ਨੇ ਇਸ ਨੂੰ ਪਿਛਲੇ 6 ਸਾਲਾਂ ਤੋਂ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਭਾਵੇਂ ਪੁਜਾਰੀ, ਉਦਾਸੀ, ਨਿਰਮਲੇ, ਆਰ.ਐਸ.ਐਸ., ਬਾਦਲ, ਚੌਕ ਮਹਿਤਾ ਤੇ ਦੂਜੇ ਉਦਾਸੀ ਨਿਰਮਲਾ ਡੇਰੇਦਾਰਾਂ ਨੇ ਉਸ ਦੇ ਵਿਰੁਧ ਉਹੀ ਹਥਿਆਰ ਵਰਤਿਆ ਜਿਹੜਾ 1877 ਵਿਚ ਪੁਜਾਰੀਆਂ ਨੇ ਪ੍ਰੋ. ਗੁਰਮੁਖ ਸਿੰਘ ਜੀ ਦੇ ਵਿਰੁਧ ਵਰਤਿਆ ਸੀ ਪਰ ਜਿਵੇਂ ਪੰਥ ਨੇ ਉਦੋਂ ਸਾਬਤ ਕੀਤਾ ਸੀ ਕਿ ਪੁਜਾਰੀ ਨਾਜਾਇਜ਼ ਲੋਕ ਹਨ ਉਵੇਂ ਸਿੱਖ ਪੰਥ ਨੇ ਪ੍ਰੋ ਦਰਸ਼ਨ ਸਿੰਘ ਜੀ ਨੁੰ ਪ੍ਰਵਾਨਗੀ ਦੇ ਕੇ ਕੀਤਾ ਹੈ।
ਪਰ ਇਹ ਲਹਿਰ, ਇਹ ਕਰਾਂਤੀ ਕਦੇ ਸਫਲ ਨਾ ਹੋ ਸਕਦੀ ਜੇ 2003 ਦੀ ਮੋਹਾਲੀ ਵਾਲੀ ਕਨਵੈਨਸ਼ਨ ਨਾ ਹੁੰਦੀ। ਜੇ ਉਦੋਂ ਹਜ਼ਾਰਾਂ ਮਿਸ਼ਨਰੀਆਂ ਤੇ ਵਿਦਵਾਨਾਂ ਨੇ ਕਾਲਾ ਅਫਗਾਨਾ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਇਸ ਲਹਿਰ ਦਾ ਉਦੋਂ ਹੀ ਭੋਗ ਪੈ ਗਿਆ ਹੁੰਦਾ। ਪਰ ਇਸ ਕਨਵੈਨਸ਼ਨ ਦਾ ਇਕ ਵਿਅਕਤੀ ਨੂੰ ਬਹੁਤ ਮੁੱਲ ਤਾਰਨਾ ਪਿਆ। ਜੋਗਿੰਦਰ ਸਿੰਘ ਜਿਸ ਨੇ ਪੁਜਾਰੀਆਂ ਦੇ ਜ਼ੁਲਮ ਦੀ ਤਲਵਾਰ ਦੀ ਪਰਵਾਹ ਕੀਤੇ ਬਿਨਾ ਧਾਰਮਿਕ ਅਤਿਆਚਾਰ ਦੇ ਵਿਰੁਧ ਝੰਡਾ ਚੁਕ ਲਿਆ ਅਤੇ ਸੰਗਤਾਂ ਨੂੰ ਗਿਆਨ ਦੇ ਕੇ ਜ਼ਾਲਮ ਦਾ ਟਾਕਰਾ ਕਰਨ ਵਾਸਤੇ ਤਿਆਰ ਕੀਤਾ।
ਸੱਚ ਕਹਿੰਦੇ ਹਨ ਕਿ ਜਦ ਦੁਨੀਆਂ ਵਿਚ ਪਾਪ ਵਧਦਾ ਹੈ ਤਾਂ ਪ੍ਰਮਾਤਮਾ ਉਸ ਦੇ ਵਿਰੁਧ ਜੂਝਣ ਵਾਲੇ ਵੀ ਪੈਦਾ ਕਰ ਦੇਂਦਾ ਹੈ ਅਤੇ ਜਦ ਸਿੱਖੀ ਨੂੰ ਖਤਰਾ ਪੈਦਾ ਹੁੰਦਾ ਹੈ ਤਾਂ ਉਹ ਇਸ ਜ਼ੁਲਮ ਦਾ ਨਾਸ਼ ਕਰਨ ਵਾਸਤੇ ਪੰਥ ਰਤਨ ਵੀ ਪੈਦਾ ਕਰ ਦੇਂਦਾ ਹੈ। ਸਿੱਖ ਇਤਿਹਾਸ ਨੇ ਅਜਿਹਾ ਪਹਿਲਾਂ ਵੀ ਤੱਕਿਆ ਹੈ ਤੇ ਹੁਣ ਵੀ ਇਤਿਹਾਸ ਆਪਣੇ ਆਪ ਨੂੰ ਦੋਹਰਾ ਰਿਹਾ ਹੈ। ਇਤਿਹਾਸ ਵਿਚ ਸਿੰਘ ਸਭਾ ਲਹਿਰ, ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਬਾਬੂ ਤੇਜਾ ਸਿੰਘ, ਭਾਈ ਕਾਹਨ ਸਿੰਘ, ਭਾਈ ਅਰਦਮਨ ਸਿੰਘ ਬਾਗੜੀਆਂ ਦੀ ਸੇਵਾ ਥਾਂਏ ਪਈ ਹੈ। ਹੁਣ ਵੀ ਸਿੱਖ ਇਤਿਹਾਸ ਗਿਆਨੀ ਭਾਗ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਡਾ: ਹਰਜਿੰਦਰ ਸਿੰਘ ਦਿਲਗੀਰ, ਪ੍ਰੋ ਦਰਸ਼ਨ ਸਿੰਘ ਤੇ ਇਨ੍ਹਾਂ ਦੇ ਬਹੁਤ ਸਾਰੇ ਸਹਿਯੋਗੀ ਸਾਥੀਆਂ, ਜਿਨ੍ਹਾਂ ਨੇ ਇਤਿਹਾਸ ਵਿਚ ਤਹਿਲਕਾ ਮਚਾ ਦਿੱਤਾ, ਦੀ ਸੇਵਾ ਨੂੰ ਕਦੇ ਵੀ ਅੱਖੋਂ ਪਰੋਖਾ ਨਹੀਂ ਕਰੇਗਾ। ਦੂਸਰੀ ਤਰਫ ਇਤਿਹਾਸ ਖਲਨਾਇਕਾਂ ਦਯਾ ਨੰਦ, ਖੇਮ ਸਿੰਘ ਬੇਦੀ ਤੇ ਮਹੰਤ ਨਰੈਣੂ ਨੂੰ ਵੀ ਨਹੀਂ ਭੁੱਲਿਆ ਅਤੇ ਇਤਿਹਾਸ ਹਰਨਾਮ ਸਿੰਘ ਧੁੰਮਾ, ਬਾਦਲ, ਬਰਜਿੰਦਰ ਸਿੰਘ, ਹਰੀ ਸਿੰਘ ਰੰਧਾਵਾ, ਗੁਰਚਰਨਜੀਤ ਸਿੰਘ ਲਾਂਬਾ, ਮਾਨ ਸਿੰਘ ਪਿਹੋਵਾ, ਦਲਜੀਤ ਸਿੰਘ ਸ਼ਿਕਾਗੋ ਤੇ ਇਨ੍ਹਾਂ ਦੇ ਟਾਊਟਾਂ ਨੂੰ ਵੀ ਨਹੀਂ ਭੁੱਲੇਗਾ।
ਕੁਲਵਿੰਦਰ ਸਿੰਘ ਜਾਡਲਾ, ਸਪੇਨ