ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੁਦਰਤ, ਵਿਗਿਆਨ ਅਤੇ ਗੁਰਮਤਿ


ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਪੰਨਾ 695)
    ਮਨੁੱਖ ਦਾ ਸਰੀਰ ਬ੍ਰਹਿਮੰਡ ਦਾ ਹੀ ਰੂਪ ਹੈ। ਜਿਸ ਤਰ੍ਹਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇਕ ਤੁਪਕੇ ਵਰਗਾ ਹੀ ਹੁੰਦਾ ਹੈ ਇਸੇ ਤਰ੍ਹਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁ¤ਚੇ ਬ੍ਰਹਿਮੰਡ ਨੂੰ ਇਕ ਖਾਸ ਸਿਸਟਮ ਵਿਚ ਬੰਨ੍ਹੀ ਫਿਰਦੀ ਹੈ। ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈ¤ਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇਕ ਅਣੂ ਦੇ ਵਿਚਕਾਰ ਪੌਜੇਟਿਵ ਚਾਰਜ ਵਾਲੇ ਪਰੋਟੌਨ ਅਤੇ  ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ, ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ ਦਾਇਰੇ ਵਿਚ ਘੁੰਮਦੇ ਰਹਿੰਦੇ ਹਨ। ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ ਹਨ ਨਾਂ ਬਾਹਰ ਜੋ ਕਿਸੇ ਤ¤ਤ ਦੀ ਬਣਤਰ ਦਾ ਆਧਾਰ ਬਣਦੇ ਹਨ। ਇਕ ਖਾਸ ਤਰ੍ਹਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫਰਕ ਤੇ ਰੱਖਦੀ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਬ੍ਰਹਿਮੰਡ ਵਿਚ ਸੂਰਜ, ਧਰਤੀ, ਚੰਦ ਅਤੇ ਤਾਰੇ ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ ਨੂੰ ਇਕ ਆਕਾਰ ਬਕਸ਼ਦੇ ਹਨ। ਸੋ ਬ੍ਰਹਿਮੰਡ ਵਿਚ ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ ਸਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋ ਕੇ ਕਹੇ ਅਨੁਭਵੀ ਸ਼ਬਦ ਦੀ ਇੰਨ ਬਿੰਨ ਪ੍ਰੋੜਤਾ ਕਰਦੀ ਹੈ। ਇਸ ਤਰ੍ਹਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ ਸੁਝਾਇਆ ਰੱਬ ਕੋਈ ਅਸਮਾਨ ਵਿਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ ਸਵਰਗ-ਨਰਕ ਦੇ ਵਿਭਾਗਾਂ ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ ਬ੍ਰਹਿਮੰਡ ਵਿਚ ਅਦਿੱਖ ਸ਼ਕਤੀ ਦੇ ਰੂਪ ਵਿਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ ਸੈ-ਭੰਗ (ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪ੍ਰਗਟ ਹੋ ਆਪਣੀ ਕਿਰਤ ਵਿਚ ਹੀ ਪੂਰਿਆ ਹੋਇਆ ਹੈ।
    ਵਿਗਿਆਨੀ ਆਖਦੇ ਹਨ ਕਿ ਧਰਤੀ ਤੇ ਸਭ ਤੋਂ ਪਹਿਲਾਂ ਹਵਾ ਫਿਰ ਪਾਣੀ ਅਤੇ ਹੌਲੀ ਹੌਲੀ ਜੀਵਾਂ ਦਾ ਵਿਕਾਸ ਹੋਇਆ। ਬਾਬਾ ਨਾਨਕ ਵੀ ਕੁਦਰਤ ਨਾਲ ਇਕ-ਮਿਕ ਹੋਇਆ, ਇਸੇ ਕੁਦਰਤ ਦੇ ਨਿਯਮ ਨੂੰ ਬਿਆਨਦਾ ਸਾਨੂੰ ਵੀ ਕੁਦਰਤ ਨਾਲ ਇਕ-ਮਿਕ ਕਰਨ ਲਈ ਇੰਝ ਹੀ ਆਖਦਾ ਹੈ।
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
(ਪੰਨਾ 19)
    ਅਗਰ ਧਰਤੀ ’ਤੇ ਫੈਲੇ ਹੋਏ ਜੀਵਨ ਦੇ ਵਿਕਾਸ ਨੂੰ ਸਮਝੀਏ ਤਾਂ ਪਤਾ ਚਲਦਾ ਹੈ ਕਿ ਧਰਤੀ ਤੇ ਫੈਲੇ ਸਾਰੇ ਮਨੁੱਖ, ਜਾਨਵਰ ਅਤੇ ਬਨਸਪਤੀ ਸਭ ਇਕ ਹੀ ਜੀਵ ਹੈ ਜੋ ਕੇਵਲ ਇਕ (1) ਅਕਾਲਪੁਰਖ ਦਾ ਹੀ ਫੈਲਾਵ ਹੈ। ਮਨੁੱਖ ਇਸ ਸਮੁੱਚੇ ਜੀਵ ਰੂਪੀ ਦਰੱਖਤ ਦਾ ਸਿਰਮੌਰ ਫਲ ਹੈ। ਵਿਗਿਆਨੀ ਦਸਦੇ ਹਨ ਕਿ ਮਨੁੱਖ ਤੱਕ ਪੁੱਜੇ ਇਸ ਜੀਵ ਦਾ ਪਹਿਲਾ ਪੜਾਅ ਬਾਂਦਰ ਦੀ ਇਕ ਖਾਸ ਨਸਲ ਸੀ ਜੋ ਕਿ ਐਵੋਲੂਸ਼ਨ ਰਾਹੀਂ ਮਨੁੱਖ ਤੱਕ ਪੁੱਜਾ ਹੈ। ਜਿਸ ਵੇਲੇ ਹਾਲੇ ਮਨੁੱਖ ਨਹੀਂ ਸੀ ਬਣਿਆਂ ਤਾਂ ਉਸ ਵੇਲੇ ਇਸ ਜੀਵਨ ਦਾ ਸਿਰਮੌਰ ਜੀਵ ਬਾਂਦਰ ਸੀ। ਅਸੀਂ ਇਸ ਵਰਤਾਰੇ ਨੂੰ ਇਸ ਤਰ੍ਹਾਂ ਵੀ ਆਖ ਸਕਦੇ ਹਾਂ ਕਿ ਉਸ ਵੇਲੇ ਬਾਂਦਰ ਤੋਂ ਵੱਧ ਵਿਕਸਿਤ ਕੋਈ ਪ੍ਰਾਣੀ ਨਹੀਂ ਸੀ ਸੋ ਬਾਂਦਰ ਰੂਪੀ ਇਸ ਸਟੇਜ ’ਤੇ ਹੀ ਅਕਾਲਪੁਰਖ ਦੀ ਸਮਝ ਦਾ ਖਿਆਲ ਵਿਚਾਰਿਆ ਜਾ ਸਕਦਾ ਸੀ। ਵੈਸੇ ਤਾਂ ਹਰ ਜੀਵ ਹੀ ਆਪਣੀ ਜੀਵਨ ਯਾਤਰਾ ਤੋਂ ਬਾਅਦ ਇਕ ਹੀ ਸਰਬ ਸਾਂਝੀ ਪਰਮ ਸ਼ਕਤੀ ਵਿਚ ਸਮਾਅ ਜਾਂਦਾ ਹੈ। ਇਸੇ ਤਰ੍ਹਾਂ ਅਗਰ ਪਿੱਛੇ ਨੂੰ ਜਾਂਦੇ ਜਾਈਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਹਰ ਜੀਵਨ ਦੀ ਹਰ ਸਟੇਜ ਤੇ ਆਖਰੀ ਜੀਵ ਅਕਾਲਪੁਰਖ ਦੇ ਨਜ਼ਦੀਕ ਹੁੰਦਾ ਹੋਵੇਗਾ। ਹੁਣ ਇਹੀ ਗੱਲ ਇਨਸਾਨ ਲਈ ਆਖੀ ਜਾਂਦੀ ਹੈ। ਹੋ ਸਕਦਾ ਹੈ ਲੱਖਾਂ ਕਰੋੜਾਂ ਸਾਲਾਂ ਬਾਅਦ ਅਜੋਕਾ ਮਨੁੱਖ ਕਿਸੇ ਸੁਪਰ ਜੀਵ ਵਿਚ ਤਬਦੀਲ ਹੋ ਜਾਵੇ ਅਤੇ ਉਹ ਸੁਪਰ ਜੀਵ ਅਕਾਲ ਪੁਰਖ ਦੇ ਨਜ਼ਦੀਕ ਆਖਰੀ ਪੜਾਅ ਬਣ ਜਾਵੇ। ਸੋ ਜੀਵਨ ਦੇ ਅਜਿਹੇ ਵਰਤਾਰੇ ਨੂੰ ਸਮਝ ਕੁਦਰਤ ਰੂਪੀ ਰੱਬ ਜੀ ਦੀ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ।
ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥
(ਪੰਨਾ 5 )
ਅੰਤੁ ਨ ਜਾਪੈ ਕੀਤਾ ਆਕਾਰੁ॥ ਅੰਤੁ ਨ ਜਾਪੈ ਪਾਰਾਵਾਰੁ॥
(ਪੰਨਾ 5 )
    ਅਜੋਕੇ ਵਿਗਿਆਨੀ ਵੀ ਇਸ ਬ੍ਰਹਿਮੰਡ ਨੂੰ ਆਨੰਤ ਤੱਕ ਪਸਰਿਆ ਮੰਨਦੇ ਹਨ ਜਦ ਕਿ ਬਾਬੇ ਨਾਨਕ ਨੇ ਵੀ ਇਸ ਕੁਦਰਤ ਦੇ ਪਸਾਰੇ ਨੂੰ ਬੇਅੰਤ ਹੀ ਕਿਹਾ ਹੈ। ਹਾਲਾਂਕਿ ਬਾਕੀ ਮ¤ਤਾਂ ਨੇ ਕਿਸੇ ਨੇ ਧਰਤੀ ਨੂੰ ਚਪਟੀ ਕਿਸੇ ਨੇ ਜਾਨਵਰ ਉਪਰ ਟਿਕੀ ਆਖ ਆਪੋ ਆਪਣੇ ਅਜੀਬੋ ਗਰੀਬ ਗਿਆਨ ਦਾ ਪ੍ਰਗਟਾਵਾ ਕੀਤਾ। ਮਜਹਬੀ ਕੱਟੜਤਾ ਅਧੀਨ ਰੱਬ ਜੀ ਦੇ ਨਿਯਮਾਂ ਅਨੁਸਾਰ ਇਸ ਧਰਤੀ ਨੂੰ ਗੋਲ ਅਤੇ ਸੂਰਜ ਦੁਆਲੇ ਘੁੰਮਦੀ ਦੱਸਣ ਤੇ ਗਲੀਲੀਓ ਵਰਗੇ ਬ੍ਰਹਿਮੰਡ ਦੇ ਭਗਤਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਗੁਰਮਤਿ ਨੇ ਵੀ ਇਸ ਧਰਤੀ ਨੂੰ ਕੁਦਰਤ ਦੇ ਨਿਯਮਾਂ ਅਧੀਨ ਚਲਦੀ ਹੋਣ ਦੀ ਗੱਲ ਕੀਤੀ ਇਥੋਂ ਤੱਕ ਕਿ ਪੂਰੇ ਬ੍ਰਹਿਮੰਡ ਨੂੰ ਹੀ ਭੈ ਵਿਚ (ਨਿਯਮ ਵਿਚ) ਵਿਚਰ ਰਿਹਾ ਦੱਸਿਆ। ਗੁਰਮਤਿ ਦਾ ਵਿਸ਼ਾ ਵਿਗਿਆਨ ਦੀ ਪ੍ਰਮਾਣਕਤਾ ਸਿੱਧ ਕਰਨਾ ਨਹੀਂ ਪਰ ਧਿਆਨ ਨਾਲ ਵਿਚਾਰਨ ਤੇ ਪਤਾ ਚਲਦਾ ਹੈ ਕਿ ਵਿਗਿਆਨ ਕੁਦਰਤ ਦੀ ਸਚਾਈ ਦੀ ਖੋਜ ਹੈ। ਕੁਦਰਤ ਦਾ ਨਿਯਮ ਅਤੇ ਪ੍ਰਮਾਤਮਾ ਦਾ ਹੁਕਮ ਇਕ ਹੀ ਗੱਲ ਹੈ। ਸੋ ਗੁਰਮਤਿ ਕਦੇ ਵੀ ਕੁਦਰਤ ਦੇ ਨਿਯਮਾਂ ਅਰਥਾਤ ਵਿਗਿਆਨ ਦੇ ਵਿਰੁੱਧ ਨਹੀਂ ਜਾਂਦੀ ਪਰ ਕਈ ਵਾਰ ਸਾਨੂੰ ਅਜਿਹਾ ਜਾਪਣ ਲੱਗਦਾ ਹੈ। ਵਿਗਿਆਨੀਆਂ ਦੁਆਰਾ ਇਸ ਬ੍ਰਹਿਮੰਡੀ ਸ਼ਕਤੀ ਦੇ ਗੁਣਾਂ ਦੀ ਖੋਜ ਕਰਕੇ ਮਨੁੱਖਤਾ ਦੇ ਭਲੇ ਲਈ ਵਰਤਣਾ ਹੀ ਅਸਲੀ ਭਗਤੀ ਹੈ। ਸੋ ਵੱਡੇ ਵੱਡੇ ਵਿਗਿਆਨੀ ਜਿਨਾਂ ਆਪਣੀਆਂ ਜ਼ਿੰਦਗੀਆਂ ਦਾਅ ’ਤੇ ਲਾ ਕੇ ਸੱਚ ਦੀ ਖੋਜ ਕੀਤੀ ਇਸ ਕੁਦਰਤ ਵਿਚ ਸਮਾਏ ਰੱਬ ਦੇ ਅਸਲ ਭਗਤ ਸਨ। ਇਹੀ ਸਿੱਖੀ ਦਾ ਨਿਆਰਾਪਣ ਹੈ ਜੋ ਮਨੁੱਖ ਨੂੰ ਕੁਦਰਤ ਦੇ ਅੰਗ ਸੰਗ ਰੱਖਦਾ ਹੋਇਆ ਕਰਤੇ ਵਿਚ ਅਭੇਦ ਹੋਣ ਦੀਆਂ ਰਮਜਾਂ ਸਰਲ ਕਰਕੇ ਦੱਸਦਾ ਹੈ।
    ਉਸ ਪਰਮ ਸ਼ਕਤੀ ਦੇ ਗੁਣਾਂ ਦਾ ਅਧਿਅਨ ਕਰਨਾ ਇਕ ਭਗਤੀ ਹੈ। ਬ੍ਰਹਿਮੰਡ ਵਿਚ ਇਕ ਮਿਕ ਹੋਏ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਸਮਝ ਜਦੋਂ ਕੋਈ ਵਿਗਿਆਨੀ ਕੁਦਰਤ ਦੇ ਜੀਵਾਂ ਦੇ ਸੁਧਾਰ/ਸਹੂਲਤ ਲਈ ਕੋਈ ਨਵੀਂ ਖੋਜ ਕਰਦਾ ਹੈ ਤਾਂ ਇਸ ਵਿਚ ਲੱਗਿਆ ਸਮਾਂ ਉਸਦੀ ਭਗਤੀ ਹੀ ਹੁੰਦਾ ਹੈ। ਐਡੀਸਨ ਦੀ ਬਿਜਲੀ ਦੇ ਬਲਬ ਦੀ ਕਾਢ ਕਾਰਨ ਅੱਜ ਸਾਰਾ ਸੰਸਾਰ ਘਰ ਘਰ ਪ੍ਰਕਾਸ਼ ਕਰੀਂ ਬੈਠਾ ਹੈ। ਪਹੀਏ ਦੀ ਕਾਢ ਤੋਂ ਲੈ ਕੇ ਇੰਟਰਨੈ¤ਟ ਤੱਕ ਸਮੁੱਚੀ ਖੋਜ ਉਸ ਪਰਮ ਸ਼ਕਤੀ ਦੇ ਕੁਝ ਹਿੱਸਿਆਂ ਦੇ ਗਿਆਨ ਵੱਲ ਕਦਮ ਹੀ ਹਨ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਮਜਹਬੀ ਲੋਕ, ਲੋਕਾਈ ਨੂੰ ਧਰਮ ਦੇ ਨਾਮ ਤੇ ਡਰਾ ਕੇ ਜਾਂ ਲਾਲਚ ਦੇ ਕੇ ਆਪੋ ਆਪਣੇ ਮਜਹਬ ਵ¤ਲ ਖਿਚ ਰਹੇ ਸਨ। ਕੋਈ ਮਜਹਬ ਸਵਰਗ ਦੇ ਬਹੁਤ ਲੁਭਾਵਣੇ ਦ੍ਰਿਸ਼ ਦਿਖਾ ਰਿਹਾ ਸੀ ਕੋਈ ਨਰਕ ਦੇ ਬਹੁਤ ਹੀ ਭਿਆਨਕ ਡਰਾਬੇ ਦੇ ਰਿਹਾ ਸੀ। ਪਰ ਦੁਨੀਆਂ ਧਰਮ ਤੋਂ ਬਹੁਤ ਦੂਰ ਜਾ ਰਹੀ ਸੀ। ਡਰ ਜਾਂ ਲਾਲਚ ਕਾਰਨ ਰ¤ਬ ਦਾ ਭੈ ਮੰਨਣਾ ਧਾਰਮਿਕ ਹੋਣਾ ਨਹੀਂ ਹੁੰਦਾ ਬਲਕਿ ਇਨਸਾਨ ਧਾਰਮਿਕ ਉਦੋਂ ਅਖਵਾਉਂਦਾ ਹੈ ਜਦ ਉਹ ਹਰ ਡਰ ਲਾਲਚ ਤੋਂ ਉਪਰ ਉ¤ਠ ਰ¤ਬ ਨਾਲ ਸ¤ਚਾ ਪਿਆਰ ਕਰਨ ਲੱਗ ਜਾਂਦਾ ਹੈ ਅਤੇ ਇਸੇ ਪਿਆਰ ਵਿਚ ਜਿਉਂਦਾ ਹੋਇਆ ਹਰ ਪਾਸੇ ਹੀ ਪਿਆਰੇ ਰੱਬ ਨੂੰ ਮਹਿਸੂਸ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਅੰਦਰ ਧਰਮ ਪੈਦਾ ਕਰਨ ਲਈ ਹਰ ਤਰ੍ਹਾਂ ਦੇ ਡਰ ਅਤੇ ਲਾਲਚ ਰੱਦ ਕਰ ਦਿੱਤੇ ਸਨ। ਆਪਣੇ ਨਿਵੇਕਲੇ ਅਤੇ ਨਿਆਰੇ ਅੰਦਾਜ਼ ਨਾਲ ਉਨ੍ਹਾਂ ਭੂਤ ਪਰੇਤ, ਆਵਾਗਵਨ, ਸਵਰਗ, ਨਰਕ, ਵਰ, ਸਰਾਪਾਂ, ਕਰਿਸ਼ਮੇ, ਰੂਹਾਂ ਆਦਿ ਦੇ ਪੁਰਾਣੇ ਅਤੇ ਗੈਰ ਵਿਗਿਆਨਕ ਸੰਕਲਪਾਂ ਨੂੰ ਰ¤ਦ ਕਰਦਿਆਂ ਅਜਿਹੀਆਂ ਪ੍ਰਚਲਤ ਹੋ ਚੁੱਕੀਆਂ ਧਾਰਨਾਵਾਂ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਜਿਸ ਨਾਲ ਕਰੋੜਾਂ ਲੋਕਾਂ ਨੂੰ ਬਾਬੇ ਨਾਨਕ ਦੀ ਗੱਲ ਅਸਾਨੀ ਨਾਲ ਸਮਝ ਆਉਣ ਲੱਗੀ। ਭਾਵੇਂ ਕੁਝ ਪ੍ਰਤੀਸ਼ਤ ਲੋਕ ਡਰ ਜਾਂ ਲਾਲਚ ਨਾਲ ਇਨਸਾਨੀਅਤ ਦੇ ਰਸਤੇ ਤੇ ਚੱਲ ਪੈਂਦੇ ਹਨ ਪਰ ਜ਼ਿਆਦਾਤਰ ਨਹੀਂ। ਭਾਰਤ ਵਰਗੇ ਦੇਸ਼ਾਂ ਵਿਚ ਵੀ ਤੇਤੀ ਕਰੋੜ ਦੇਵੀ ਦੇਵਤੇ, ਅਨੇਕਾਂ ਸੰਤ ਬਾਬਿਆਂ, ਪੀਰਾਂ, ਫਕੀਰਾਂ, ਮਜਹਬਾਂ ਅਤੇ ਅਣਗਿਣਤ ਡੇਰਿਆਂ ਦੇ ਹੁੰਦਿਆਂ ਦੁਨੀਆਂ ਪਰੈਕਟੀਕਲੀ ਸੱਚ ਧਰਮ ਤੋਂ ਦੂਰ ਹੀ ਰਹੀ। ਸੋ ਬਾਬੇ ਨਾਨਕ ਨੇ ਸੰਸਾਰ ਵਿਚ ਰੱਬ ਦੇ ਨਾਂ ਤੇ ਫੈਲਾਏ ਹਊਏ ਨੂੰ ਦੂਰ ਕਰਕੇ ਰੱਬ ਨਾਲ ਸੱਚੇ ਦਿਲੋਂ ਪਿਆਰ ਕਰਨ ਦਾ ਨਿਰਾਲਾ ਫਲਸਫਾ ਪੇਸ਼ ਕੀਤਾ। ਉਹਨਾਂ ਸਭ ਤੋਂ ਪਹਿਲਾਂ ਇਹ ਕੀਤਾ ਕਿ ਰ¤ਬ ਨੂੰ ਆਸਮਾਨਾਂ ਤੋਂ ਉਤਾਰ ਕੇ ਮਨੁੱਖਾਂ ਦੇ ਦਿਲਾਂ ਵਿਚ ਵਸਾਅ ਦਿੱਤਾ।
    ਭਾਵੇਂ ਧਰਮ ਅਤੇ ਵਿਗਿਆਨ ਦੋ ਵੱਖਰੇ ਵੱਖਰੇ ਵਿਸ਼ੇ ਹਨ। ਵਿਗਿਆਨ ਪਦਾਰਥ ਦੀ ਖੋਜ ਅਤੇ ਧਰਮ ਇਸਦੀ ਸਾਰਥਿਕ ਵਰਤੋਂ ਕਰਨੀ ਦੱਸਦਾ ਹੈ। ਧਰਮ ਅਤੇ ਵਿਗਿਆਨ ਇਕ ਦੂਜੇ ਦੇ ਰਸਤੇ ਨਹੀਂ ਕੱਟਦੇ ਸਗੋਂ ਮਦਦ ਹੀ ਕਰਦੇ ਹਨ। ਪਰ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਧਰਮ ਨੂੰ ਕੇਵਲ ਵਿਸ਼ਵਾਸ ’ਤੇ ਅਧਾਰਿਤ ਦੱਸਕੇ ਵਿਗਿਆਨ ਨੂੰ ਸਦਾ ਧਰਮ ਦੇ ਦੁਸ਼ਮਣ ਵਜੋਂ ਪੇਸ਼ ਕੀਤਾ ਹੈ। ਅਸਲ ਵਿਚ ਧਰਮ ਦੇ ਠੇਕੇਦਾਰ ਅੰਧ ਵਿਸ਼ਵਾਸਾਂ ਨੂੰ ਹੀ ਵਿਸ਼ਵਾਸ ਸਾਬਤ ਕਰਕੇ ਧਰਮ ਦਾ ਅਧਾਰ ਸਾਬਤ ਕਰਨਾ ਚਾਹੁੰਦੇ ਹਨ ਤਾਂ ਕਿ ਅੰਨ੍ਹੇ ਸ਼ਰਧਾਲੂ ਧਰਮ ਦੀ ਆੜ ਵਿਚ ਫਸੇ ਅਗਿਆਨਤਾ ਵਸ ਦਿਮਾਗ ਨੂੰ ਜ਼ਿੰਦਰੇ ਲਾ ਕੇ ਸਦਾ ਲਈ ਹੀ ਲੁੱਟ ਹੁੰਦੇ ਰਹਿਣ। ਅਸਲ ਵਿਚ ਧਰਮ ਦਾ ਅਧਾਰ ਵਿਸ਼ਵਾਸ ਨਹੀਂ ਸਗੋਂ ਸੱਚ ਹੈ। ਸੱਚ ਦੀ ਕਸਵੱਟੀ ਹੀ ਵਿਵੇਕਤਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵਿਵੇਕ ਬੁੱਧੀ ਦੀ ਹੀ ਗੱਲ ਕੀਤੀ ਜਾਂਦੀ ਹੈ।
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥
(ਪੰਨਾ 641)
    ਅੰਧ ਵਿਸ਼ਵਾਸ ਨੂੰ ਹਮੇਸ਼ਾਂ ਸੱਚ ਤੋਂ ਖਤਰਾ ਰਹਿੰਦਾ ਹੈ। ਜਿਉਂ ਜਿਉਂ ਸੱਚ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ ਅੰਧ ਵਿਸ਼ਵਾਸ ਦਾ ਮੱਕੜ ਜਾਲ ਟੁੱਟਦਾ ਜਾਂਦਾ ਹੈ। ਵਿਗਿਆਨ ਨਾਲ ਖਤਰਾ ਧਰਮ ਜਾਂ ਸੱਚ ਨੂੰ ਨਹੀਂ ਹੁੰਦਾ ਸਗੋਂ ਅੰਧ ਵਿਸ਼ਵਾਸਾਂ ਅਤੇ ਗੈਰ ਕੁਦਰਤੀ ਵਰਤਾਰਿਆਂ ਦੇ ਪ੍ਰਚਾਰ ਨੂੰ ਹੁੰਦਾ ਹੈ। ਜਿਉਂ ਜਿਉਂ ਦੁਨੀਆਂ ਸੱਚ ਨੂੰ ਖੋਜਦੀ ਜਾਂਦੀ ਹੈ, ਸੱਚੇ ਦੇ ਨਜ਼ਦੀਕ ਹੁੰਦੀ ਜਾਂਦੀ ਹੈ।
    ਵਿਗਿਆਨੀਆਂ ਅਨੁਸਾਰ ਇਸ ਬ੍ਰਹਿਮੰਡ ਦੇ ਜਿੰਨੇ ਪਦਾਰਥ ਅਤੇ ਸ਼ਕਤੀ ਦੀ ਹੁਣ ਤੱਕ ਖੋਜ ਹੋਈ ਹੈ ਉਹ ਤਾਂ ਕੇਵਲ 5% ਹੀ ਹੈ। ਬਹੁਤ ਸਾਰਾ ਪਦਾਰਥ ਅਤੇ ਸ਼ਕਤੀ ਅਣਖੋਜਿਆ ਪਿਆ ਹੈ ਜਿਸ ਨੂੰ ਬਲੈਕ (ਡਾਰਕ) ਮੈਟਰ ਅਤੇ ਬਲੈਕ ਐਨਰਜੀ ਆਖਿਆ ਜਾਂਦਾ ਹੈ। ਇਹ ਬ੍ਰਹਿਮੰਡ ਜੋ ਚਾਰ ਚੁਫੇਰੇ ਲਗਾਤਾਰ ਫੈਲ ਰਿਹਾ ਹੈ ਨੂੰ ਫੈਲਾਅ ਰਹੀ ਐਨਰਜੀ ਦੀ ਖੋਜ ਜਾਰੀ ਹੈ। ਬਹੁਤ ਸਾਰੇ ਅਣਖੋਜੇ, ਅਣਦੇਖੇ ਅਤੇ ਅਣਸਮਝੇ ਗਿਆਨ ਨੂੰ ਬਹੁਤ ਲੋਕ ਰੱਬ ਦੀਆਂ ਰੱਬ ਹੀ ਜਾਣੇ ਆਖ ਛੱਡ ਦਿੰਦੇ ਹਨ। ਪਰ ਬ੍ਰਹਿਮੰਡ ਦੇ ਅਸਲ ਭਗਤ ਲਗਾਤਾਰ ਪ੍ਰਕਿਰਤੀ ਦੇ ਇਹਨਾਂ ਅਣਕਿਆਸੇ ਨਿਯਮਾਂ ਨੂੰ ਸਮਝ ਕੇ ਮਨੁੱਖਤਾ ਦੇ ਭਲੇ ਲਈ ਵਰਤਣ ਲਈ ਯਤਨਸ਼ੀਲ ਰਹਿੰਦੇ ਹਨ। ਕਿਸੇ ਵੇਲੇ ਬੱਦਲ ਦੀ ਗਰਜ, ਬਿਜਲੀ ਦੀ ਚਮਕ, ਮੀਂਹ , ਹਨੇਰੀ, ਵਾ-ਵਰੋਲੇ, ਭੁਚਾਲ, ਜਵਾਲਾਮੁਖੀ, ਜਵਾਰ-ਭਾਟੇ, ਬਿਮਾਰੀਆਂ ਆਦਿ ਮਨੁੱਖ ਲਈ ਅਜੀਬੋ ਗਰੀਬ ਵਰਤਾਰਾ ਸੀ। ਉਹ ਇਹਨਾਂ ਕੁਦਰਤੀ ਘਟਨਾਵਾਂ ਨੂੰ ਸਮਝਣ ਦੀ ਜਗ੍ਹਾ ਇਹਨਾਂ ਦੀ ਪੂਜਾ ਕਰਕੇ ਹੀ ਰਾਹਤ  ਮਹਿਸੂਸ ਕਰਦਾ ਸੀ। ਹੌਲੀ ਹੌਲੀ ਬਹੁਤ ਸਾਰੇ ਕੁਦਰਤ ਦੇ ਨਿਯਮ ਉਸਦੀ ਸਮਝ ਵਿਚ ਆਉਣ ਲੱਗੇ ਜਿਸ ਨਾਲ ਮਨੁੱਖ ਇਹਨਾਂ ਕੁਦਰਤੀ ਨਿਯਮਾਂ ਦੀ ਵਰਤੋਂ ਕਰ ਆਪਣਾ ਜੀਵਨ ਪੱਧਰ ਉਪਰ ਚੁੱਕਣ ਲੱਗਾ। ਬਹੁਤ ਸਾਰੇ ਅਦਿੱਖ ਵਰਤਾਰੇ ਹੁਣ ਉਸ ਲਈ ਕਿਸੇ ਡਰ ਵਜੋਂ ਪੂਜਾ ਦਾ ਕਾਰਨ ਨਹੀਂ ਰਹੇ। ਪਰ ਹਾਲੇ ਵੀ ਬਹੁਤ ਕੁਝ ਉਸਦੀ ਪਕੜ ਤੋਂ ਦੂਰ ਹੈ, ਜੋ ਕਿ ਹੌਲੀ ਹੌਲੀ ਉਸਦੀ ਲਗਨ ਤੇ ਮਿਹਨਤ ਨਾਲ ਸਾਫ ਹੁੰਦਾ ਜਾ ਰਿਹਾ ਹੈ। ਪਰ ਜਿਨ੍ਹਾਂ ਲੋਕਾਂ ਦੀ ਰੋਜੀ ਹੀ ਲੋਕਾਈ ਦੇ ਅਗਿਆਨੀ ਰਹਿਣ ਨਾਲ ਚੱਲਦੀ ਹੈ, ਉਹ ਸਦਾ ਹੀ ਵਿਗਿਆਨ ਦੇ ਵਿਰੁੱਧ ਬੋਲਦੇ ਰਹਿੰਦੇ ਹਨ ਅਤੇ ਅੰਧਵਿਸ਼ਵਾਸਾਂ ਦਾ ਹੀ ਪ੍ਰਚਾਰ ਕਰਦੇ ਹਨ ਜਦ ਕਿ ਉਹ ਆਪਣੇ ਜੀਵਨ ਵਿਚ ਖੁਦ ਵਿਗਿਆਨ ਦੀ ਹਰ ਨਵੀਨ ਖੋਜ ਦੀ ਵਰਤੋਂ ਕਰਦੇ ਹਨ ਅਤੇ ਨਵੀਨ ਟੈਕਨੌਲੋਜੀ ਬਿਨਾਂ ਉਨ੍ਹਾਂ ਦਾ ਕਦੇ ਸਰਦਾ ਵੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਕੁਦਰਤ ਦਾ ਇਕ ਅੰਸ਼ ਕਹਿ ਕੁਦਰਤ ਨਾਲ ਹੀ ਇਕ ਮਿਕ ਹੋ ਕੇ ਜੀਣ ਦਾ ਵਲ ਦੱਸਿਆ। ਕੁਦਰਤ ਦੇ ਅਟੱਲ ਨਿਯਮਾਂ ਨੂੰ ਅਕਾਲ ਪੁਰਖ ਦਾ ਹੁਕਮ ਆਖ ਉਸਦੇ ਹੁਕਮ ਦੀ ਰਜਾ ਨੂੰ ਸਮਝਣ ਦਾ ਨਿਆਰਾ ਤਰੀਕਾ ਸਮਝਾਇਆ। ਸ਼ੁਰੂ ਸ਼ੁਰੂ ਵਿਚ ਮਨੁੱਖ ਨੇ ਬਾਬੇ ਨਾਨਕ ਦੀ ਸੱਚ ਦੀ ਬਾਣੀ ਨੂੰ ਵੀ ਅਜਿਹੇ ਅਰਥਾਂ ਨਾਲ ਹੀ ਪ੍ਰਚਾਰਨਾ ਸ਼ੁਰੂ ਕੀਤਾ ਜਿਸ ਅਨੁਸਾਰ ਗੈਰ ਕੁਦਰਤੀ ਸ਼ਕਤੀਆਂ ਦੇ ਭਰਮ ਦਾ ਡਰ ਜਿਉਂ ਦਾ ਤਿਉਂ ਬਣਿਆਂ ਰਹੇ। ਪਰ ਜਿਵੇਂ ਹੀ ਨਵੀਂ ਤਕਨੀਕ ਰਾਹੀਂ ਉਪਜ ਰਹੇ ਸੰਚਾਰ ਸਾਧਨਾਂ ਨਾਲ ਵਿਚਾਰ ਵਟਾਂਦਰਿਆਂ ਦਾ ਦੌਰ ਸ਼ੁਰੂ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੇਸ਼ ਕੀਤੇ ਸੰਪੂਰਨ ਮਨੁੱਖ ਦੇ ਮਾਡਲ ਅਨੁਸਾਰ ਗੁਰਬਾਣੀ ਦੇ ਅਰਥ ਸਾਹਮਣੇ ਆਉਣ ਲੱਗੇ। ਕੁਦਰਤ ਦੇ ਹੀ ਨਿਯਮਾਂ ਅਧੀਨ ਹੋ ਕੇ ਵਿਚਰਨ ਵਾਲੇ ਮਨੁੱਖ ਨੂੰ ਗੁਰੂ ਦੀ ਸਿਖਿਆ ਅਨੁਸਾਰ ਸਚਿਆਰਾ ਹੋਣ ਦੀ ਗੱਲ ਸਮਝ ਆਉਣ ਲੱਗੀ। ਹਰ ਤਰ੍ਹਾਂ ਦੇ ਕਰਮਕਾਂਡ ਕਰ ਰੱਬ ਨੂੰ ਰਿਝਾਣ ਦੀ ਪ੍ਰਵਿਰਤੀ ਫਿੱਕੀ ਪੈ ਗਈ। ਮਨੁੱਖ ਨੂੰ ਸਮਝ ਆਉਣ ਲੱਗਾ ਕਿ ਗੁਰਬਾਣੀ ਉਪਦੇਸ਼ਾਂ ਨੂੰ ਕਰਮਕਾਂਡ ਬਣਾ ਕੇ ਰਟਣ ਨਾਲੋਂ ਗੁਰਬਾਣੀ ਸਿੱਖਿਆ ਅਨੁਸਾਰ ਜਿਉਣਾ ਹੀ ਅਕਾਲ ਪੁਰਖ ਦੇ ਨਾਮ ਵਿਚ ਜਿਉਣਾ ਹੈ।
    ਕੁਦਰਤ ਦੇ ਨਿਯਮ ਅਟੱਲ ਹਨ ਜੋ ਕਦੀ ਨਹੀਂ ਬਦਲਦੇ। ਤੇਜ਼ੀ ਨਾਲ ਚੱਲ ਰਹੇ ਵਿਗਿਆਨਕ ਸਮੇਂ ਵਿਚ ਨਵੀਂ ਤੋਂ ਨਵੀਂ ਖੋਜ ਅਨੁਸਾਰ ਕੁਦਰਤ ਦੇ ਇਨ੍ਹਾਂ ਨਿਯਮਾਂ ਦੀ ਵਿਆਖਿਆ ਵਿਚ ਉਸਾਰੂ ਤਬਦੀਲੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ ਜਿਸ ਨਾਲ ਇਨ੍ਹਾਂ ਨਿਯਮਾਂ ਦੀ ਹੋਰ ਜ਼ਿਆਦਾ ਸਚਾਈ ਸਾਹਮਣੇ ਆ ਸਕੇ। ਪਰ ਇਸ ਨੂੰ ਇਹ ਕਹਿਣਾ ਠੀਕ ਨਹੀਂ ਕਿ ਵਿਗਿਆਨ ਬਦਲਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਜੁੱਗੋ-ਜੁੱਗ ਅਟੱਲ ਹਨ ਪਰ ਇਨ੍ਹਾਂ ਉਪਦੇਸ਼ਾਂ ਦੀ ਵਿਆਖਿਆ ਵੀ ਕਰਨ ਵਾਲਿਆਂ ਅਨੁਸਾਰ ਬਦਲਦੀ ਰਹੀ ਹੈ। ਅਸਲ ਮੁੱਦਾ ਸੱਚ ਦੇ ਜ਼ਿਆਦਾ ਨਜ਼ਦੀਕ ਪੁੱਜਣਾ ਹੀ ਹੈ। ਅਗਰ ਵਿਗਿਆਨ ਉਪਰ ਧਰਮ ਦਾ ਕੁੰਡਾ ਹੈ ਅਰਥਾਤ ਧਾਰਮਿਕ ਪ੍ਰਵਿਰਤੀ ਵਾਲੇ ਮਨੁੱਖ ਵਿਗਿਆਨਕ ਕਾਢਾਂ ਕੱਢਦੇ ਹਨ ਤਾਂ ਇਸ ਨਾਲ ਸਮੁੱਚੀ ਮਨੁੱਖਤਾ ਦੀ ਭਲਾਈ ਹੁੰਦੀ ਹੈ ਪਰ ਅਗਰ ਵਿਗਿਆਨੀ ਸੱਚ ਧਰਮ ਤੋਂ ਦੂਰ ਹੁੰਦਾ ਹੈ ਤਾਂ ਇਹੀ ਵਿਗਿਆਨ ਵਿਨਾਸ਼ਕਾਰੀ ਵੀ ਹੋ ਸਕਦੀ ਹੈ। ਸੋ ਕਸੂਰ ਵਿਗਿਆਨ ਦਾ ਨਹੀਂ ਸਗੋਂ ਇਸ ਦੀ ਵਰਤੋਂ ਕਰਨ ਵਾਲੇ ਮਨੁੱਖ ਦੇ ਆਚਰਣ ਦਾ ਹੈ। ਸੋ ਗੁਰਮਤਿ ਹਰ ਇਨਸਾਨ ਵਿਚ ਚੰਗਾ ਆਚਰਣ ਬਣਾ ਕੇ, ਸਮੁੱਚੀ ਕਾਇਨਾਤ ਨਾਲ ਉਸਦਾ ਨਜ਼ਦੀਕੀ ਰਿਸ਼ਤਾ ਕਾਇਮ ਕਰਦਿਆਂ, ਕੁਦਰਤ ਦੇ ਨਿਯਮਾਂ ਅਧੀਨ, ਕੁਦਰਤ ਸੰਗ ਇਕ-ਮਿਕ ਹੋ ਕੇ ਜੀਣ ਦਾ ਵਿਸਮਾਦੀ ਰੰਗ ਭਰਦੀ ਹੈ।
ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)