ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


‘ਫਿਰਕਾਪ੍ਰਤੀ’ ਸ਼ਬਦ ਮਹਿਜ ਇਕ ਛਲਾਵੀ ਹਥਿਆਰ


ਕੁਲਦੀਪ ਨਈਅਰ ਜਿਸ ਨੂੰ ਭਾਈਚਾਰਕ ਸਾਂਝ ਵਾਲਾ ਰਾਸ਼ਟਰੀ ਆਗੂ ਕਿਹਾ ਜਾਂਦਾ ਹੈ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੀ ਸੰਕੇਤਕ ਯਾਦਗਾਰ ਬਣਾਉਣ ਨੂੰ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਦੱਸ ਕੇ ਜਿਹੜਾ ਫਿਰਕੂ ਜ਼ਹਿਰ ਘੋਲਿਆ ਹੈ ਉਸ ਨਾਲ ਉਸ ਦੀ ਅੰਦਰੂਨੀ ਸੋਚ ਦਾ ਸਪੱਸ਼ਟ ਪਤਾ ਲੱਗ ਗਿਆ ਹੈ। ਇਹ ਉਹ ਹੀ ਕੇਂਦਰੀ ਸ਼ਖਸੀਅਤ ਹਨ ਜਿਹੜੇ ਹਰ ਸਾਲ ਪਾਕਿਸਤਾਨ ਦੀ ਸਰਹੱਦ ’ਤੇ ਮੋਮਬੱਤੀਆਂ ਬਾਲ ਕੇ ਦੋਨਾਂ ਦੇਸ਼ਾਂ ਵਿਚ ਭਾਈਚਾਰਕ ਸਾਂਝ ਦਾ ਡਰਾਮਾ ਕਰਦੇ ਹਨ। ਵੱਖ-ਵੱਖ ਅਖ਼ਬਾਰਾਂ ’ਚ ਛਪੇ ਉਸ ਦੇ ਵਿਚਾਰਾਂ ‘ਪੰਜਾਬ ਦੀ ਸ਼ਾਂਤੀ ਨੂੰ ਖਤਰਾ’ ਵਿਚ ਸ੍ਰੀ ਨਈਅਰ ਨੇ ਲਿਖਿਆ ਹੈ ਕਿ ਗੁਰਦੁਆਰਾ ਐਕਟ ਨੂੰ ਖਤਮ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਨਿਰਵਾਚਕ ਸੂਚੀ ’ਚ ਦਰਜ ਸਿੱਖਾਂ ਦੀ ਬਜਾਏ ‘ਪੂਰੇ ਸਿੱਖ ਭਾਈਚਾਰੇ ਨੂੰ’ ਸੌਂਪ ਦੇਣਾ ਚਾਹੁੰਦਾ ਹੈ। ਸ੍ਰੀ ਨਈਅਰ ਨੂੰ ਦੁੱਖ ਹੈ ਕਿ ਸ਼੍ਰੋਮਣੀ ਅਕਾਲੀ ਦਲ, ਦਲ ਖਾਲਸਾ ਜਾਂ ਦਮਦਮੀ ਟਕਸਾਲ ’ਤੇ ਸਖ਼ਤੀ ਕਿਉਂ ਨਹੀਂ ਕਰਦਾ? ਸ੍ਰੀ ਨਈਅਰ ਵਰਗੇ ਭਾਈਚਾਰਕ ਸਾਂਝ ਦਾ ਮਖੌਟਾ ਪਹਿਨੀ ਬੈਠੇ ਲੋਕ ਵੀ ਜੇ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਬਾਰੇ ਇੰਨੇ ਦੁਖੀ ਹਨ ਕਿ ਉਹਨਾਂ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਸਿਰਫ਼ ਇਸੇ ਕਰਕੇ ਜਵਾਬ ਦੇ ਜਾਂਦੀ ਹੈ ਕਿ ਸਿੱਖ ਆਪਣੇ ਸ਼ਹੀਦਾਂ ਦੀ ਯਾਦਗਾਰ ਕਿਉਂ ਬਣਾ ਰਹੇ ਹਨ ਜਾਂ ਫਿਰ ਉਹ ਭਾਈ ਰਾਜੋਆਣਾ ਨੂੰ ਸਨਮਾਨਿਤ ਕਿਉਂ ਕਰ ਰਹੇ ਹਨ ਤਾਂ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਧੇ ਰੂਪ ਵਿਚ ਹਿੰਦੂ ਫਿਰਕੂ ਸੰਗਠਨਾਂ ਦਾ ਸਿੱਖ ਕੌਮ ਬਾਰੇ ਕੀ ਵਿਚਾਰ ਹੋਵੇਗਾ। ਕਥਿਤ ਭਾਈਚਾਰਕ ਸਾਂਝ ਵਾਲੇ ਸ੍ਰੀ ਨਈਅਰ ਦੀ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਗੁਰਦੁਆਰਿਆਂ ਦਾ ਪ੍ਰਬੰਧ ‘ਪੂਰੇ ਸਿੱਖ ਭਾਈਚਾਰੇ ਨੂੰ’ ਸੌਂਪ ਦੇਣਾ ਚਾਹੀਦਾ ਹੈ। ਸਾਫ਼ ਹੈ ਕਿ ਸ੍ਰੀ ਨਈਅਰ ਦਾ ‘ਪੂਰੇ ਸਿੱਖ ਭਾਈਚਾਰੇ’ ਤੋਂ ਭਾਵ ਗੈਰਸਿੱਖ ਸੰਗਠਨਾਂ ਤੋਂ ਹੈ। ਜਿਸ ਮਾਮਲੇ ਨੂੰ ਲੈ ਕੇ ਸ੍ਰੀ ਨਈਅਰ ਦੁਖੀ ਹਨ ਉਹ ਮਾਮਲਿਆਂ ਵਿਚ ਸਿੱਖ ਕੌਮ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ। ‘ਸ਼ਹੀਦੀ ਯਾਦਗਾਰ’ ਦੇ ਸਰੂਪ ਅਤੇ ਅਕਾਰ ਸਬੰਧੀ ਕੌਮ ਵਿਚ ਸੰਤੁਸ਼ਟੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਫ਼ ਸ਼ਬਦਾਂ ਵਿਚ ਆਖਿਆ ਹੈ ਕਿ ਇਹ ਯਾਦਗਾਰ ਸਿਰਫ਼ ਇਕ ਗੁਰਦੁਆਰਾ ਹੀ ਹੋਵੇਗੀ ਇਸ ਵਿਚ ਕੋਈ ਫੋਟੋ ਬਗੈਰਾ ਨਹੀਂ ਲੱਗੇਗੀ ਇਥੋਂ ਤੱਕ ਕਿ ਇਥੇ ਜੈਕਾਰਾ ਵੀ ਨਹੀਂ ਗਜਾਇਆ ਜਾ ਸਕੇਗਾ। ਇਸ ਤੋਂ ਭਾਵ ਇਹ ਹੈ ਕਿ ਇਹ ਸਿਰਫ਼ ਨਾਮ ਦੀ ਹੀ ਯਾਦਗਾਰ ਹੋਵੇਗੀ ਜਿਸ ਦੀ ਕੋਈ ਅਜਿਹੀ ਵਿਲੱਖਣ ਪਛਾਣ ਨਹੀਂ ਹੋਵੇਗੀ ਜਿਸ ਤੋਂ ਇਹ ਪਤਾ ਲੱਗ ਸਕਦਾ ਹੋਵੇ ਕਿ ਇਹ ਯਾਦਗਾਰ 1984 ਵਿਚ ਭਾਰਤ ਸਰਕਾਰ ਦੀ ਸਿੱਖ ਕੌਮ ’ਤੇ ਕੀਤੇ ਜ਼ੁਲਮ ਦੀ ਯਾਦਗਾਰ ਹੈ। ਸ੍ਰੀ ਨਈਅਰ ਵਰਗੇ ‘ਭਾਈਚਾਰਕ ਸਾਂਝੀਏ’ ਫਿਰ ਵੀ ਇਸ ਸੰਕੇਤਕ ਯਾਦਗਾਰ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ। ਉਹ ਚਾਹੁੰਦੇ ਹਨ ਇਸ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਗੁਰਦੁਆਰਿਆਂ ਦੇ ਪ੍ਰਬੰਘ ਵਿਚ ਗੈਰਸਿੱਖਾਂ ਨੂੰ ਦਾਖਲ ਕਰ ਦਿੱਤਾ ਜਾਵੇ। ਜੇ ਭਾਈਚਾਰਕ ਸਾਂਝ ਤੋਂ ਭਾਵ ਇਹ ਹੀ ਹੈ ਕਿ ਸਿੱਖ ਆਪਣੇ ਕੌਮੀ ਸ਼ਹੀਦਾਂ ਨੂੰ ਮਾਨਤਾ ਨਾ ਦੇਣ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਨਾ ਰੱਖਣ ਤਾਂ ਸਿੱਖਾਂ ਨੂੰ ਇਹ ਸੋਚਣਾ ਪਵੇਗਾ ਕਿ ਉਹ ਕਿਸ ਭਾਈਚਾਰਕ ਸਾਂਝ ਨਾਲ ਬੱਝੇ ਰਹਿਣਾ ਪਸੰਦ ਕਰਦੇ ਹਨ।
    ਜਿਸ ਤਰ੍ਹਾਂ ਆਪਣੇ ਘਰ ਦੀ ਸਾਂਭ-ਸੰਭਾਲ ਅਤੇ ਹਰ ਪੱਖੋਂ ਦੇਖ-ਰੇਖ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੀ ਹੁੰਦੀ ਹੈ ਬਿਲਕੁਲ ਇਸੇ ਤਰ੍ਹਾਂ ਹੀ ਆਪਣੀ ਕੌਮ ਪ੍ਰਤੀ ਜ਼ਿੰਮੇਵਾਰੀ ਅਤੇ ਹਰ ਪੱਖੋਂ ਨਫੇ-ਨੁਕਸਾਨ ਬਾਰੇ ਸੋਚਣਾ ਹਰ ਸਿੱਖ ਦਾ ਕੌਮੀ ਫਰਜ਼ ਹੈ। ਇਸ ਵੇਲੇ ਦੇ ਹਾਲਤਾਂ ਅਨੁਸਾਰ ਜ਼ਿਆਦਾਤਰ ਸਿੱਖ ਵੱਖ-ਵੱਖ ਕਾਰਨਾਂ ਤਹਿਤ ਕੌਮ ਨਾਲੋਂ ਮੋਹ ਤੋੜ ਕੇ ਨਿੱਜਵਾਦੀ ਫਾਇਦਿਆਂ ’ਚ ਫਸੇ ਹੋਏ ਹਨ। ਜਿਹੜੇ ਸਿੱਖ ਇਹਨਾਂ ਹਾਲਾਤਾਂ ਵਿਚ ਵੀ ਆਪਣੀ ਕੌਮ ਬਾਰੇ ਕੁਝ ਚੰਗੇ ਵਿਚਾਰ ਰੱਖਦੇ ਹਨ ਉਹਨਾਂ ਨੂੰ ‘ਫਿਰਕਾਪ੍ਰਸਤ ਸਿੱਖ’ ਕਹਿ ਕੇ ਛੋਟਾ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ। ਅਜਿਹੇ ਕੌਮਪ੍ਰਸਤ ਸਿੱਖਾਂ ਦੇ ਆਲੇ-ਦੁਆਲੇ ਅਜਿਹਾ ਮਾਹੌਲ ਸਿਰਜਨ ਦੀ ਵਾਹ ਲਾਈ ਜਾਂਦੀ ਹੈ ਕਿ ਉਸ ਨੂੰ ਅਹਿਸਾਸ ਹੋ ਜਾਵੇ ਕਿ ਆਪਣੀ ਕੌਮ ਦੀ ਗੱਲ ਕਰਨੀ ਪੂਰੀ ਤਰ੍ਹਾਂ ਫਿਰਕਾਪ੍ਰਸਤੀ ਹੈ, ਇਸ ਫਿਰਕਾਪ੍ਰਤੀ ’ਚੋਂ ਨਿਕਲਣ ਲਈ ‘ਭਾਈਚਾਰਕ ਸਾਂਝ’ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਜਦ ਕਿ ਦੂਸਰੇ ਪਾਸੇ ਆਪਣੇ ਆਪ ਨੂੰ ਵਿਸ਼ਾਲ ਸੋਚ ਦੇ ਮਾਲਕ ਸਮਝਣ ਵਾਲੇ ਕੁਲਦੀਪ ਨਈਅਰ ਵਰਗੇ ਨਕਾਬਪੋਸਾਂ ਦੀ ਸੋਚ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਸਬੰਧੀ ਸੂੰਗੜ ਕੇ ਕਿਣਕਾ ਮਾਤਰ ਰਹਿ ਜਾਂਦੀ ਹੈ।
    ਸਾਨੂੰ ਇਸ ਗੱਲ ਦਾ ਫਖ਼ਰ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਸਿੱਖ ਧਰਮ ਨਾਲ ਸਬੰਧ ਰੱਖਦੇ ਹਾਂ ਜਿਸ ਦਾ ਮੁੱਖ ਮਨੋਰਥ ਹੀ ਸਮਾਜਿਕ ਭਲਾਈ ਹੈ। ਇਸ ਫਿਲਾਸਫੀ ਨੂੰ ਲਾਗੂ ਕਰਨ ਲਈ ਸਿੱਖ ਗੁਰੂ ਸਾਹਿਬਾਨ ਅਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਬਹਾਦਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਵੇਲੇ ਹੁਣ ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਣੀ ਕੌਮ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਆਪਣੇ ਸਾਰੇ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰੀਏ। ਅਜਿਹਾ ਕਰਦੇ ਸਮੇਂ ਅਸੀਂ ਨਾ ਤਾਂ ਫਿਰਕਾਪ੍ਰਸਤੀ ਕਰ ਰਹੇ ਹੁੰਦੇ ਹਾਂ ਅਤੇ ਨਾ ਹੀ ਸਮਾਜ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾ ਰਹੇ ਹੁੰਦੇ ਹਾਂ ਸਗੋਂ ਅਸੀਂ ਅਜਿਹੇ ਯਤਨਾਂ ਸਮੇਂ ‘ਸਿੱਖ ਸਭਿਆਚਾਰ’ ਨੂੰ ਮਹਿਕਦਾ ਰੱਖਣ ਲਈ ਆਪਣਾ ਫਰਜ਼ ਨਿਭਾ ਰਹੇ ਹੁੰਦੇ ਹਾਂ। ਅਸਲ ਵਿਚ ‘ਫਿਰਕਾਪ੍ਰਸਤੀ’ ਅਤੇ ‘ਸੀਮਤ ਸੋਚ’ ਵਰਗੇ ਸ਼ਬਦ ਬਹੁਗਿਣਤੀ ਕੌਮ ਦਾ ‘ਛਲਾਵਾ’ ਹੈ ਜਿਸ ਹਥਿਆਰ ਦੀ ਵਰਤੋਂ ਉਹ ਆਪਣੇ ਮਕਸਦ ’ਚ ਕਾਮਯਾਬ ਹੋਣ ਲਈ ਕਰਦੇ ਹਨ। ਸਾਨੂੰ ਅਜਿਹੇ ਛਲਾਵਿਆਂ ਤੋਂ ਬਚ ਕੇ ਰਹਿਣਾ ਅਤਿ ਜ਼ਰੂਰੀ ਹੈ।