ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੂਰਜ ਮੁਨੀ ਦੀ ਹੱਤਿਆ ਅਤੇ ਸਿੱਖ ਪ੍ਰਤੀਕਰਮ


ਪੀਲੀਆਂ ਬੰਗਾ (ਰਾਜਸਥਾਨ) ਦੇ 73 ਸਾਲਾ ਸਾਧ ਸੂਰਜ ਮੁਨੀ ਦੀ ਤਿੰਨ ਸਿੱਖ ਨੌਜੁਆਨਾਂ ਨਗਿੰਦਰ ਸਿੰਘ ਸ਼ਹਿਣਾ, ਗੁਰਸੇਵਕ ਸਿੰਘ ਧੂਰਕੋਟ ਦੋਨੋਂ ਜ਼ਿਲ੍ਹਾ ਬਰਨਾਲਾ ਅਤੇ ਨਿਰਮਲ ਸਿੰਘ ਵਾਸੀ ਖਰਲੀਆ (ਜ਼ਿਲ੍ਹਾ ਗੰਗਾਨਗਰ, ਰਾਜਸਥਾਨ) ਵੱਲੋਂ ਹੱਤਿਆ ਕਰ ਦਿੱਤੇ ਜਾਣ ਦਾ ਸਿੱਖ ਸਮਾਜ ਵਿਚ ਸੁਖਾਵਾਂ ਪ੍ਰਤੀਕਰਮ ਹੋਇਆ ਹੈ। ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਨੌਜੁਆਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਅਤੇ ਅਦਾਲਤੀ ਖਰਚੇ ਆਪਣੇ ਜ਼ਿੰਮੇ ਲੈ ਲਏ ਹਨ ਅਤੇ ਕੁਝ ਸਿੱਖ ਰਾਜਸੀ ਪਾਰਟੀਆਂ ਨੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਕੇ ਪਰਿਵਾਰਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਹੈ। ਜਿਸ ਸੂਰਜ ਮੁਨੀ ਸਾਧ ਨੂੰ ਮਾਰਿਆ ਗਿਆ ਹੈ ਉਹ ਪਿਛਲੀ 13 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਅੱਠ ਸਰੂਪਾਂ ਦੀ ਬੇਅਦਬੀ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਜਿਨ੍ਹਾਂ ਪਵਿੱਤਰ ਸਰੂਪਾਂ ਦੇ ਪੱਤਰੇ ਪਾੜ ਦੇਣ ਤੋਂ ਬਾਅਦ ਬੋਰੀ ਵਿਚ ਪਾ ਕੇ ਵੱਖ-ਵੱਖ ਨਹਿਰਾਂ 'ਚ ਸੁੱਟ ਦਿੱਤਾ ਗਿਆ ਸੀ। ਇਹਨਾਂ ਘਟਨਾਂ ਤੋਂ ਬਾਅਦ ਸਮੁੱਚੇ ਸਿੱਖ ਜਗਤ ਵਿਚ ਗੁੱਸੇ ਦੀ ਲਹਿਰ ਫਿਰ ਗਈ ਸੀ ਅਤੇ ਦੋਸ਼ੀ ਸਮਝੇ ਜਾਂਦੇ ਸਾਧ ਨੂੰ ਸਖ਼ਤ ਧਾਰਾਵਾਂ ਅਧੀਨ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਮੰਗ ਜ਼ੋਰ ਫੜ ਗਈ ਸੀ। ਸਿੱਖ ਕੌਮ ਦੇ ਸਖ਼ਤ ਰੋਸੇ ਦੇ ਬਾਅਦ ਵੀ ਪੁਲਿਸ ਨੇ ਸਾਧ ਦੇ ਕੇਸ ਨੂੰ ਜਾਣਬੁਝ ਕੇ ਨਰਮ ਰੱਖਣ ਕਰਕੇ ਚਾਰ ਮਹੀਨੇ ਬਾਅਦ ਹੀ ਇਹ ਸਾਧ ਨੂੰ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ ਜਿਸ ਕਰਕੇ ਸਿੱਖਾਂ ਵਿਚ ਹੋਰ ਗੁੱਸਾ ਭੜਕ ਪਿਆ ਸੀ। ਜ਼ਮਾਨਤ 'ਤੇ ਆਏ ਇਸ ਸਾਧ ਨੂੰ ਤਿੰਨ ਸਿੱਖ ਨੌਜੁਆਨਾਂ ਨੇ 12 ਜੂਨ ਨੂੰ ਕਤਲ ਕਰ ਦਿੱਤਾ ਤਾਂ ਸਿੱਖਾਂ ਵਿਚ ਇਸ ਕਤਲ ਦਾ ਸਵਾਗਤ ਕੀਤਾ ਗਿਆ।
ਸਿੱਖ ਧਰਮ ਕਦੇ ਵੀ ਬੇਲੋੜੀ ਹਿੰਸਾ ਵਿਚ ਵਿਸ਼ਵਾਸ ਨਹੀਂ ਰੱਖਦਾ ਸਗੋਂ ਹਮੇਸ਼ਾ ਹੀ ਸਮਾਜ ਵਿਚ ਅਮਨ ਚੈਨ ਅਤੇ ਭਾਈਚਾਰਕ ਸਾਂਝ ਦਾ ਮੁੱਦਈ ਰਿਹਾ ਹੈ। ਬੇਲੋੜੀ ਹਿੰਸਾ ਅਤੇ ਅਮਨ ਚੈਨ ਦੀ ਸਥਾਪਤੀ ਲਈ ਹੀ ਗੁਰੂ ਸਾਹਿਬਾਨਾਂ ਅਤੇ ਹੋਰ ਅਨੇਕਾਂ ਸਿੱਖਾਂ ਨੇ ਬੇਸੁਮਾਰ ਕੁਰਬਾਨੀਆਂ ਕੀਤੀਆਂ ਹਨ। ਫਿਰ ਕੀ ਕਾਰਨ ਹੈ ਕਿ ਸਾਧ ਸੂਰਜ ਮੁਨੀ ਦੇ ਕਤਲ ਦਾ ਸਿੱਖ ਸਮਾਜ ਨੇ ਸਵਾਗਤ ਕੀਤਾ ਹੈ ਜਦ ਕਿ ਇਹ ਵੀ ਸੱਚ ਹੈ ਕਿ ਹੁਣ ਇਸ ਇਕ ਬੁੱਢੇ ਸਾਧ ਨੂੰ ਮਾਰਨ ਬਦਲੇ ਤਿੰਨ ਸਿੱਖ ਨੌਜੁਆਨਾਂ ਦੀ ਜ਼ਿੰਦਗੀ ਦਾ ਕੀਮਤੀ ਹਿੱਸਾ ਜੇਲ੍ਹਾਂ ਵਿਚ ਬੀਤ ਜਾਵੇਗਾ ਨਾਲ ਹੀ ਪੁਲਿਸ ਤਸ਼ੱਦਦ ਕਾਰਨ ਇਹ ਨੌਜੁਆਨ ਅਖੀਰ ਰੋਗੀ ਹਾਲਤ ਵਿਚ ਹੀ ਜੇਲ੍ਹੋਂ ਬਾਹਰ ਆ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਭਿਆਨਕ ਦੋਸ਼ੀ ਸੂਰਜ ਮੁਨੀ ਸਾਧ (ਜਿਸ ਨੇ ਆਪਣਾ ਡੇਰਾ ਵੀ ਸਰਕਾਰੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਕੇ ਬਣਾਇਆ ਹੋਇਆ ਸੀ) ਨੂੰ ਜ਼ਮਾਨਤ ਦੇਣ ਵਾਲੀ ਅਦਾਲਤ ਇਹਨਾਂ ਸਿੱਖਾਂ ਨੂੰ ਫਾਂਸੀ ਦੀ ਸਜ਼ਾ ਵੀ ਸੁਣਾ ਦੇਵੇ। ਅਮਨ ਚੈਨ ਅਤੇ ਸ਼ਾਂਤੀ ਵਾਲੇ ਧਰਮ ਵਿਚ ਸਾਧ ਸੂਰਜ ਮੁਨੀ ਦੇ ਕਤਲ ਪਿੱਛੇ ਖੁਸ਼ੀ ਦਾ ਜਿਹੜਾ ਮੁੱਖ ਕਾਰਨ ਛੁਪਿਆ ਹੈ ਉਹ ਸਿੱਖਾਂ ਨੂੰ ਦੇਸ਼ ਵਿਚ ਇਨਸਾਫ਼ ਨਾ ਮਿਲਣ ਦੇ 'ਕੌੜੇ ਤਜਰਬੇ' ਦਾ ਹੱਡੀਂ ਹੰਡਾਇਆ ਜਾ ਰਿਹਾ ਸੱਚ ਹੈ। ਦੇਸ਼ ਦੀ ਅਜ਼ਾਦੀ ਲਈ ਅੱਸੀ ਫੀਸਦੀ ਤੋਂ ਵੱਧ ਜ਼ਿੰਦਗੀਆਂ ਦੇਸ਼ ਦੇ ਲੇਖੇ ਲਾ ਦੇਣ ਅਤੇ ਪਾਕਿਸਤਾਨ ਦੀ ਥਾਂ ਭਾਰਤ ਨਾਲ ਆਪਣੀ ਕਿਸਮਤ ਜੋੜ ਲੈਣ ਦਾ ਫੈਸਲਾ ਕਰਨ ਵਾਲੀ ਸਿੱਖ ਕੌਮ ਨੂੰ ਪੂਰਨ ਆਸ ਸੀ ਕਿ ਇੰਨੀ ਵੱਡੀ ਦੇਸ਼-ਭਗਤੀ ਦੇ ਹੁੰਦਿਆਂ ਇਸ ਦੇਸ਼ ਵਿਚ ਸਿੱਖਾਂ ਦਾ ਰੁਤਬਾ ਬਹੁਤ ਹੀ ਸਨਮਾਨਜਨਕ ਹੋਵੇਗਾ ਜਿਥੇ ਇਸ ਨੂੰ ਧਾਰਮਿਕ ਪੱਖੋਂ ਪੂਰਨ ਅਜ਼ਾਦੀ ਅਤੇ ਆਰਥਿਕ ਪੱਖੋਂ ਖੁਸ਼ਹਾਲੀ ਦੇ ਅਨੰਦਿਤ ਨਜ਼ਾਰਿਆਂ ਦੀ ਭਰਪੂਰ ਠੰਡੀ ਹਵਾ ਵਗੇਗੀ। ਇਸ ਆਸ ਦੇ ਉਲਟ ਅਜ਼ਾਦੀ ਦੇ 65ਵਰ੍ਹਿਆਂ ਤੋਂ ਸਿੱਖਾਂ ਨੇ ਇਸ ਦੇਸ਼ ਨਾਲ ਕਿਸਮਤ ਜੋੜਨ ਦਾ ਜੋ ਮਜ਼ਾ-ਚੱਖਿਆ ਹੈ ਉਸ ਵਿਚ ਦਰਬਾਰ ਸਾਹਿਬ 'ਤੇ ਹਮਲਾ, ਨਵੰਬਰ 1984 ਦੀ ਸਿੱਖ ਨਸਲਕੁਸ਼ੀ, ਵੱਖ-ਵੱਖ ਗੁਰੂ ਘਰਾਂ 'ਤੇ ਪੁਲਿਸ ਦੇ ਹਮਲੇ, 1992 ਤੱਕ ਕੋਈ ਦਸ ਸਾਲ ਤੱਕ ਨੌਜੁਆਨੀ ਦਾ ਘਾਣ, ਆਰਥਿਕ ਪੂੰਜੀ ਦੀ ਗੈਰ ਕਾਨੂੰਨੀ ਲੁੱਟ ਅਤੇ ਕਾਨੂੰਨੀ ਤੌਰ 'ਤੇ ਬੇਇਨਸਾਫ਼ੀ ਪ੍ਰਮੁੱਖ ਹਨ। ਇਨਸਾਫ਼ ਦੀ ਆਖਰੀ ਟੇਕ 'ਭਾਰਤੀ ਅਦਾਲਤਾਂ' ਨੇ ਵੀ ਸਿੱਖ ਨੌਜਵਾਨਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਜ਼ਰੂਰ ਦਿੱਤੀਆਂ ਪਰ ਸਿੱਖ ਕਤਲੇਆਮ ਜਿਸ ਵਿਚ ਤੀਹ ਹਜ਼ਾਰ ਤੋਂ ਵੱਧ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਵਰਗੇ ਭਿਆਨਕ ਕਾਂਡ ਵਿਚ ਵੀ ਇਨਸਾਫ਼ ਨਾ ਮਿਲ ਸਕਿਆ। ਸਿੱਖ ਨੌਜੁਆਨਾਂ ਨੂੰ ਘਰਾਂ 'ਚੋਂ ਲਿਜਾ ਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦੇਣ ਵਾਲੇ ਪੁਲਿਸ ਅਫ਼ਸਰਾਂ ਨੂੰ ਸਜ਼ਾ ਦੇਣ ਦੀ ਥਾਂ ਸਰਕਾਰਾਂ ਨੇ ਤਰੱਕੀਆਂ ਦਿੱਤੀਆਂ। ਸਿੱਖ ਕੌਮ ਨੂੰ ਚਿੜਾਉਣ ਵਾਲੇ ਸੌਦਾ ਸਾਧ ਵਰਗੇ ਸਾਧਾਂ 'ਤੇ ਅਨੇਕਾਂ ਫੌਜਦਾਰੀ ਕੇਸ ਹੁੰਦੇ ਹੋਏ ਵੀ ਗ੍ਰਿਫ਼ਤਾਰ ਤੱਕ ਨਾ ਕੀਤਾ ਗਿਆ। ਇਥੋਂ ਤੱਕ ਕਿ ਕਾਤਲ ਦੇ ਕੇਸਾਂ ਵਿਚ ਵੀ ਵਿਸੇਸ਼ ਅਦਾਲਤਾਂ ਲਾ ਕੇ ਫੈਸਲੇ ਕਰਨ ਦੀ ਥਾਂ ਸਿਰਫ਼ ਵੀਡੀਓ ਕਾਨਫਰੰਸਾਂ ਰਾਹੀਂ ਹੀ ਸੁਣਵਾਈ ਕੀਤੀ ਗਈ। ਲੁਧਿਆਣਾ ਅਤੇ ਗੁਰਦਾਸਪੁਰ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਇਸ ਕਰਕੇ ਹੀ ਗ੍ਰਿਫ਼ਤਾਰ ਨਾ ਕੀਤਾ ਗਿਆ ਕਿਉਂਕਿ ਇਹਨਾਂ ਵਿਚ ਪੀੜਤ ਧਿਰ ਵਜੋਂ ਸਿੱਖ ਹੀ ਅੱਗੇ ਸਨ। ਪੰਜਾਬ ਦੇ ਪਾਣੀਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਵਿਚਾਰੇ ਜਾਣ ਅਤੇ ਚੰਡੀਗੜ੍ਹ ਸ਼ਹਿਰ ਪੰਜਾਬ ਨੂੰ ਦੇਣ ਵਰਗੇ ਮਜ਼ਬੂਤ ਦਾਅਵਿਆਂ ਦੇ ਬਾਵਜੂਦ ਸਿੱਖਾਂ ਨੂੰ ਇਨਸਾਫ਼ ਨਾ ਮਿਲ ਸਕਿਆ। 65 ਸਾਲ ਦੇ ਇਹਨਾਂ ਤਜਰਬਿਆਂ ਦੀ ਬੇਕਿਰਕੀ ਨਾਲ ਕੀਤੀ ਗਈ ਬੇਇਨਸਾਫ਼ੀ ਨੇ ਸਿੱਖਾਂ ਦੇ ਮਨਾ ਵਿਚ ਇਸ ਸ਼ੰਕੇ ਨੂੰ ਭਾਰੂ ਕਰ ਦਿੱਤਾ ਹੈ ਕਿ ਇਸ ਦੇਸ਼ ਵਿਚ ਉਹਨਾਂ ਨੂੰ ਕਾਨੂੰਨੀ ਜਾਂ ਸਰਕਾਰੀ ਸਿਸਟਮ ਵਿਚ ਇਨਸਾਫ਼ ਪ੍ਰਾਪਤ ਨਹੀਂ ਹੋ ਸਕਦਾ। ਇਹ ਦੁਨੀਆਂ ਭਰ ਵਿਚ ਮੰਨੀ ਹੋਈ ਗੱਲ ਹੈ ਕਿ ਜਦੋਂ ਪੀੜਤ ਧਿਰ ਨੂੰ ਲਗਾਤਾਰ ਬੇਇਨਸਾਫ਼ੀ ਦਾ ਮੂੰਹ ਦੇਖਣਾ ਪੈਂਦਾ ਹੈ ਤਾਂ ਉਸ ਦੀ ਨੌਜੁਆਨ ਪੀੜ੍ਹੀ ਹਥਿਆਰਾਂ ਨਾਲ ਇਨਸਾਫ਼ ਲੈਣ ਦਾ ਰਾਹ ਫੜ ਲੈਂਦੀ ਹੈ। ਰਾਜਸਥਾਨੀ ਸਾਧ ਸੂਰਜ ਮੁਨੀ ਦੀ ਹੱਤਿਆ ਭਾਵੇਂ ਸਿੱਖ ਨੌਜੁਆਨਾਂ ਦੀ ਜ਼ਿੰਦਗੀ ਦੇ ਮੁਕਾਬਲੇ ਅਤਿ ਮਹਿੰਗਾ ਸੌਦਾ ਬਣੇਗੀ ਪਰ ਫਿਰ ਵੀ ਸਿੱਖ ਕੌਮ ਦੇ ਮਨ ਵਿਚ ਆਪਣੇ ਹੱਥੀਂ ਇਨਸਾਫ਼ ਪ੍ਰਾਪਤ ਕਰਨ ਦੀ ਸੋਚ ਉਹਨਾਂ ਨੂੰ ਹੁਲਾਸ ਦੇ ਰਹੀ ਹੈ। ਇਹ ਹੀ ਕਾਰਨ ਹੈ ਕਿ ਇਕ ਕਤਲ ਵਰਗੇ ਮਾਮਲੇ ਵਿਚ ਵੀ ਕੌਮ ਨੇ 'ਸਵਾਗਤ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਸਬੰਧਤ ਨੌਜੁਆਨਾਂ ਨੂੰ ਕੌਮੀ ਸਤਿਕਾਰ ਦਿੱਤਾ ਹੈ। ਇਸ ਸਮੇਂ ਸਰਕਾਰਾਂ, ਅਦਾਲਤਾਂ ਅਤੇ ਜਾਸੂਸ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਨੂੰ ਭਾਰਤੀ ਨਾਗਰਿਕ ਵਜੋਂ ਬਣਦਾ ਬਰਾਬਰ ਦਾ ਮਾਨ ਸਤਿਕਾਰ ਦੇਵੇ ਅਤੇ ਸਿੱਖ ਕੌਮ ਵਿਚ ਪੈਦਾ ਹੋ ਰਹੀ ਬੇਗਾਨਗੀ ਅਤੇ ਬਗਾਵਤ ਦੀ ਭਾਵਨਾ ਨੂੰ ਰੋਕਣ ਦੇ ਉਪਰਾਲੇ ਕਰੇ।