ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਛਾਤੀ ਦਾ ਕੈਂਸਰ ਇਲਾਜਯੋਗ


ਪੁਰਾਤਨ ਲਿਖਤਾਂ ਵਿੱਚ ਜੇ ਖ਼ਾਸ ਤੌਰ ਉੱਤੇ ਕਿਸੇ ਕੈਂਸਰ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ 1600 ਪੂਰਵ ਈਸਾ ਵਿੱਚ ਮਿਸਰ ਦੇ ਇੱਕ ਦਸਤਾਵੇਜ਼ 'ਚ ਛਾਤੀ ਦੇ ਕੈਂਸਰ ਬਾਰੇ ਹੀ ਮਿਲਦੀ ਹੈ ਕਿ ਇਹ ਲਾਇਲਾਜ ਬੀਮਾਰੀ ਹੈ। ਉਸ ਸਮੇਂ ਵੀ ਇਸ ਨੂੰ ਸਾੜਨ ਦੀ ਅਣਥੱਕ ਮਿਹਨਤ ਕੀਤੀ ਗਈ ਤੇ ਛੇ ਅਜਿਹੇ ਕੇਸਾਂ ਦਾ ਜ਼ਿਕਰ ਹੋਇਆ ਜੋ ਸੁਲਝਾਏ ਨਹੀਂ ਜਾ ਸਕੇ।
ਦੁਨੀਆਂ ਭਰ ਵਿੱਚ ਛਾਤੀ ਦੇ ਕੈਂਸਰ ਬਾਰੇ ਹੋ ਚੁੱਕੀ ਖੋਜ ਨੇ ਨਵੇਂ ਦਿਸਹੱਦੇ ਤੈਅ ਕਰ ਦਿੱਤੇ ਹਨ। ਕੁਝ ਪੁਰਾਣੇ ਤੱਥ ਨਕਾਰ ਦਿੱਤੇ ਗਏ ਹਨ ਤੇ ਕੁਝ ਅਸਲੋਂ ਨਵੇਂ ਪੱਖ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਬਾਰੇ ਹਾਲੇ ਵੱਡੇ ਪੱਧਰ ਉੱਤੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ।
ਉਨ੍ਹਾਂ ਤੱਥਾਂ ਤਾਈਂ ਪਹੁੰਚਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਜਿਵੇਂ ਜਿਵੇਂ ਅਸੀਂ ਪੱਛਮੀ ਸੱਭਿਅਤਾ ਅਪਣਾ ਰਹੇ ਹਾਂ, ਛਾਤੀ ਦੇ ਕੈਂਸਰ ਦੇ ਕੇਸ ਦੁੱਗਣੀ ਤੇਜ਼ੀ ਨਾਲ ਵਧਣ ਲੱਗੇ ਹਨ। ਸਾਲ 2005 ਵਿੱਚ ਫਰਾਂਸ 'ਚ ਹੋਈ ਕੌਮਾਂਤਰੀ ਕੈਂਸਰ ਰਿਸਰਚ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਸਾਲ 2015 ਤਕ ਭਾਰਤ ਵਿੱਚ ਛਾਤੀ ਦੇ ਕੈਂਸਰ ਦੇ ਕੇਸ ਦੁੱਗਣੇ ਹੋ ਜਾਣਗੇ ਭਾਵ ਪ੍ਰਤੀ ਸਾਲ ਤਿੰਨ ਫ਼ੀਸਦੀ ਵਾਧਾ। ਹੁਣ ਤਕ 1.15 ਲੱਖ ਨਵੇਂ ਕੇਸ ਹਰ ਸਾਲ ਰਿਪੋਰਟ ਹੋ ਰਹੇ ਹਨ ਪਰ ਸਾਲ 2015 ਤਕ ਇਹ ਗਿਣਤੀ ਢਾਈ ਲੱਖ ਕੇਸ ਪ੍ਰਤੀ ਸਾਲ ਹੋਣ ਵਾਲੀ ਹੈ।  ਮੌਜੂਦਾ ਹਾਲਾਤ ਇਹ ਹਨ ਕਿ ਹਰ 22 ਹਿੰਦੁਸਤਾਨੀ ਔਰਤਾਂ ਵਿੱਚੋਂ ਇੱਕ ਨੂੰ ਛਾਤੀ ਦਾ ਕੈਂਸਰ ਹੋ ਰਿਹਾ ਹੈ ਤੇ ਅਮਰੀਕਾ ਵਿੱਚ ਹਰ ਅੱਠ ਔਰਤਾਂ ਵਿੱਚੋਂ ਇੱਕ ਇਸ ਨਾਲ ਪੀੜਤ ਹੈ। ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੀ ਸਾਲ 2003 'ਚ ਆਈ ਰਿਪੋਰਟ ਨੇ ਸਪਸ਼ਟ ਕੀਤਾ ਸੀ ਕਿ ਹਰ ਤਰ੍ਹਾਂ ਦੇ ਔਰਤਾਂ ਦੇ ਕੈਂਸਰਾਂ ਵਿੱਚੋਂ ਇੱਕ ਚੌਥਾਈ ਕੇਸ ਛਾਤੀ ਦੇ ਕੈਂਸਰ ਦੇ ਸਨ। ਹਰ ਸਾਲ ਇੱਕ ਲੱਖ ਔਰਤਾਂ ਵਿੱਚੋਂ 85 ਤੋਂ 100 ਨੂੰ ਇਹ ਬੀਮਾਰੀ ਹੁੰਦੀ ਹੈ ਤੇ ਇਨ੍ਹਾਂ ਵਿੱਚੋਂ ਸੱਤ ਔਰਤਾਂ ਪ੍ਰਤੀ ਸਾਲ ਮਰ ਰਹੀਆਂ ਹਨ। ਇਨ੍ਹਾਂ ਦੇ ਇਲਾਜ ਵਿੱਚ ਵੱਖ-ਵੱਖ ਦਵਾਈਆਂ ਦੀ ਕੀਮਤ ਦੇ ਹਿਸਾਬ ਨਾਲ 10-15 ਹਜ਼ਾਰ ਤੋਂ ਲੈ ਕੇ 3-4 ਲੱਖ ਰੁਪਏ ਪ੍ਰਤੀ ਮਹੀਨਾ ਖ਼ਰਚ ਆ ਰਿਹਾ ਹੈ।
ਦੁਨੀਆਂ ਭਰ ਵਿੱਚ ਹਰ ਸਾਲ ਇੱਕ ਕਰੋੜ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਇਨ੍ਹਾਂ ਵਿੱਚੋਂ 67 ਲੱਖ ਮਰੀਜ਼ ਹਰ ਸਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।
ਦਿੱਲੀ ਦੇ ਕੈਂਸਰ ਰਜਿਸਟਰੀ ਸੈਂਟਰ ਵਿਚਲੀ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਹਰ ਸਾਲ ਇੱਕ ਲੱਖ ਵਿੱਚੋਂ 14.5 ਫ਼ੀਸਦੀ ਔਰਤਾਂ ਨੂੰ ਛਾਤੀ ਦਾ ਕੈਂਸਰ ਹੋ ਰਿਹਾ ਹੈ ਜਦੋਂਕਿ ਸ਼ਹਿਰਾਂ ਵਿੱਚ ਇਹ ਦਰ 26.9 ਫ਼ੀਸਦੀ ਹੈ। ਦਿੱਲੀ, ਖ਼ਾਸਕਰ ਜ਼ਿਕਰਯੋਗ ਹੈ ਜਿੱਥੇ ਇਹ ਇੱਕ ਲੱਖ ਔਰਤਾਂ ਪਿੱਛੇ ਇਸ ਦੇ 146 ਮਾਮਲੇ ਹਨ।
ਭਾਰਤ ਵਿੱਚ ਓਹੜ-ਪੋਹੜ ਦੀ ਆਦਤ ਕਾਰਨ ਕੈਂਸਰ ਦੀਆਂ ਜੜ੍ਹਾਂ ਫੈਲ ਜਾਣ ਤੋਂ ਬਾਅਦ ਇਸ ਬੀਮਾਰੀ ਦਾ ਪਤਾ ਲੱਗਣ ਕਾਰਣ ਹਰ ਪੰਜਾਂ ਵਿੱਚੋਂ ਚਾਰ ਔਰਤਾਂ ਨੂੰ ਬਚਾਉਣਾ ਔਖਾ ਹੈ।
ਛਾਤੀ ਦਾ ਕੈਂਸਰ ਉਨ੍ਹਾਂ ਕੈਂਸਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ, ਖ਼ਾਸ ਕਰ ਜੇ ਫੈਲਣ ਤੋਂ ਪਹਿਲਾਂ ਇਸ ਦਾ ਪਤਾ ਲੱਗ ਜਾਏ। ਇਸੇ ਲਈ 40 ਸਾਲ ਤੋਂ ਵੱਧ ਉਮਰ ਵਾਲੀਆਂ ਸਾਰੀਆਂ ਔਰਤਾਂ ਨੂੰ ਆਪਣੀ ਛਾਤੀ ਦਾ ਚੈੱਕਅਪ ਹਰ ਮਹੀਨੇ ਆਪ ਕਰਨਾ ਚਾਹੀਦਾ ਹੈ ਤੇ ਹਰ ਸਾਲ ਇੱਕ ਵਾਰ ਡਾਕਟਰੀ ਮੁਆਇਨਾ ਵੀ ਕਰਵਾਉਣਾ ਚਾਹੀਦਾ ਹੈ। ਜਿਨ੍ਹਾਂ ਘਰਾਂ ਵਿੱਚ ਪਹਿਲਾਂ ਇਹ ਕੈਂਸਰ ਹੋ ਚੁੱਕਿਆ ਹੋਵੇ, ਉਨ੍ਹਾਂ ਨੂੰ 35 ਸਾਲ ਦੀ ਉਮਰ ਤੋਂ ਹੀ ਇਹ ਸਿਲਸਿਲਾ ਸ਼ੁਰੂ ਕਰ ਲੈਣਾ ਚਾਹੀਦਾ ਹੈ।
ਮਰਦਾਂ ਦੀ ਗੱਲ ਕਰੀਏ ਤਾਂ ਹਰ 150 ਛਾਤੀ ਦੇ ਕੈਂਸਰ ਦੀਆਂ ਔਰਤਾਂ ਪਿੱਛੇ ਇੱਕ ਕੇਸ ਮਰਦਾਨਾ ਛਾਤੀ ਦੇ ਕੈਂਸਰ ਦਾ ਵੀ ਹੁੰਦਾ ਹੈ ਜਿਹੜਾ ਬਹੁਤੀ ਵਾਰ ਜਾਨਲੇਵਾ ਸਾਬਤ ਹੁੰਦਾ ਹੈ।
ਸਾਲ 2010 ਵਿੱਚ ਅਮਰੀਕਾ 'ਚ ਛਾਤੀ ਦੇ ਕੈਂਸਰ ਵਾਲੇ ਤਕਰੀਬਨ ਦੋ ਲੱਖ ਨਵੇਂ ਮਰੀਜ਼ਾਂ ਵਿੱਚੋਂ 40,000 ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਦੋ ਹਜ਼ਾਰ ਆਦਮੀ ਸਨ।
ਭਾਰਤੀ ਔਰਤਾਂ ਵਿਚ ਈਸਟਰੋਜਨ ਹਾਰਮੋਨ ਦੀ ਮਾਤਰਾ ਘੱਟ ਹੋਣ ਕਾਰਨ ਇਨ੍ਹਾਂ ਵਿੱਚ ਇਹ ਕੈਂਸਰ  ਹੋਣ ਦੀ ਸੰਭਾਵਨਾ ਬਾਕੀ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਫਰਾਂਸ, ਡੈਨਮਾਰਕ, ਇੰਗਲੈਂਡ, ਨੀਦਰਲੈਂਡ, ਆਸਟਰੇਲੀਆ, ਸਵਿਟਜ਼ਰਲੈਂਡ, ਇਟਲੀ, ਸਿੰਗਾਪੁਰ, ਬਰਾਜ਼ੀਲ ਤੇ ਜਪਾਨ ਨਾਲੋਂ ਅੱਧ ਤੋਂ ਵੀ ਘੱਟ ਹੈ। ਪਰ, ਹੁਣ ਕੀ ਕਾਰਣ ਹਨ ਕਿ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਲੱਗਿਆ ਹੈ?
ਖੋਜਾਂ ਦੱਸਦੀਆਂ ਹਨ ਕਿ ਪੱਛਮੀ ਸੱਭਿਅਤਾ ਅਪਣਾਉਣ ਸਦਕਾ ਭਾਰਤੀ ਔਰਤਾਂ ਇਸ ਬੀਮਾਰੀ ਦੀਆਂ ਵੱਧ ਸ਼ਿਕਾਰ ਹੋਣ ਲੱਗੀਆਂ ਹਨ। ਆਲ ਇੰਡੀਆ ਇੰਸਟੀਚਿਊਟ ਦਿੱਲੀ ਦੇ ਕੈਂਸਰ ਮਾਹਰ ਡਾ. ਜੁਲਕਾ ਮੁਤਾਬਕ ਪੇਂਡੂ ਔਰਤਾਂ ਨਾਲੋਂ ਕੈਂਸਰ ਪੀੜਤ ਸ਼ਹਿਰੀ ਔਰਤਾਂ ਦੀ ਗਿਣਤੀ ਦੁਗਣੀ ਤੋਂ ਵੱਧ ਹੈ। ਇਸ ਦੇ ਕਾਰਨ ਹਨ: ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਵਕਤ ਦੀ ਕਮੀ। ਘਰੋਂ ਬਾਹਰ ਦਾ ਖਾਣਾ ਜਿਸ ਵਿਚ ਵਾਧੂ ਥਿੰਦਾ ਹੁੰਦਾ ਹੈ। ਤਮਾਕੂ ਤੇ ਸ਼ਰਾਬ ਦਾ ਸੇਵਨ (ਇੱਕ ਪੈਗ ਤੋਂ ਵੱਧ ਰੋਜ਼ ਲੈਣਾ)। ਦੇਰ ਨਾਲ ਵਿਆਹ ਕਰਵਾਉਣ ਕਾਰਨ ਬੱਚਿਆਂ ਦਾ ਲੇਟ ਪੈਦਾ ਹੋਣਾ ਆਦਿ। ਤੀਹ ਸਾਲ ਦੀ ਉਮਰ ਤੋਂ ਪਹਿਲਾਂ ਜੇ ਰੇਡੀਓ ਕਿਰਨਾਂ ਨਾਲ ਇਲਾਜ ਕੀਤਾ ਗਿਆ ਹੋਵੇ ਤਾਂ ਛਾਤੀ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਘੱਟ ਮਾਤਰਾ ਵਿੱਚ ਐਸਪਰਿਨ ਰੋਜ਼ ਖਾਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਘਟ ਜਾਂਦਾ ਹੈ।
ਏਨਾ ਜਾਣ ਲੈਣ ਤੋਂ ਬਾਅਦ ਲੋੜ ਹੈ ਇਸ ਨੂੰ ਛੇਤੀ ਲੱਭ ਕੇ ਇਲਾਜ ਕਰਵਾਉਣ ਦੀ, ਤਾਂ ਜੋ ਇੱਕ ਕੀਮਤੀ ਜਾਨ ਬਚਾਈ ਜਾ ਸਕੇ।
ਸਕਰੀਨਿੰਗ ਮੋਮੋਗਰਾਫੀ: ਇਹ ਛਾਤੀ ਦਾ ਐਕਸਰੇ ਹੁੰਦਾ ਹੈ। ਇਹ ਉਨ੍ਹਾਂ ਔਰਤਾਂ ਵਿੱਚ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕੋਈ ਤਕਲੀਫ਼ ਨਹੀਂ ਹੁੰਦੀ ਤੇ ਕੈਂਸਰ ਲੱਭਣ ਲਈ ਕੀਤਾ ਜਾਂਦਾ ਹੈ। ਇਸ ਤਰੀਕੇ 50 ਤੋਂ 74 ਸਾਲ ਦੀਆਂ ਔਰਤਾਂ ਦੀ ਸਾਲ ਵਿੱਚ ਦੋ ਵਾਰ ਜਾਂਚ ਕਰਨ ਦੀ ਲੋੜ ਹੁੰਦੀ ਹੈ। ਜੇ ਪਹਿਲਾਂ ਪਰਿਵਾਰ ਵਿੱਚ ਖ਼ਾਸਕਰ ਮਾਂ, ਭੈਣ ਜਾਂ ਧੀ ਨੂੰ ਇਹ ਬੀਮਾਰੀ ਨਾ ਹੋਈ ਹੋਵੇ ਤਾਂ ਪੰਜਾਹ ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੀ ਜਾਂਚ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ।
ਮੈਮੋਗਰਾਫੀ ਵਿੱਚ ਕਈ ਵਾਰ ਅਸਲ ਤੋਂ ਵੱਧ ਕੈਂਸਰ ਦੀਆਂ ਗਿਲਟੀਆਂ ਵੀ ਦਿਸ ਪੈਂਦੀਆਂ ਹਨ ਭਾਵ ਅਸਲ ਵਿੱਚ ਕੁਝ ਵੀ ਨਹੀਂ ਹੁੰਦਾ ਪਰ ਮੈਮੋਗਰਾਫੀ ਵੱਲੋਂ ਪਾਏ ਸ਼ੱਕ ਕਾਰਨ ਬੇਲੋੜੇ ਟੈਸਟ ਖ਼ਾਸਕਰ ਸੂਈ ਰਾਹੀਂ ਟੁਕੜਾ ਲੈ ਕੇ ਟੈਸਟ ਕਰਨੇ ਪੈਂਦੇ ਹਨ। ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਇਹ ਟੈਸਟ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਓਦੋਂ ਛਾਤੀ ਵਿਚਲਾ ਟਿਸ਼ੂ ਬਹੁਤ ਸੰਘਣਾ ਹੁੰਦਾ ਹੈ ਤੇ ਕਈ ਵਾਰ ਅਸਲ ਵਿੱਚ ਪਿਆ ਕੈਂਸਰ ਵੀ ਨਜ਼ਰੀਂ ਨਹੀਂ ਪੈਂਦਾ।
ਡਾਇਗਨੌਸਟਿਕ ਮੈਮੋਗਰਾਫੀ: ਜਦੋਂ ਛਾਤੀ ਵਿੱਚ ਕੋਈ ਗਿਲਟੀ ਮਹਿਸੂਸ ਹੋਵੇ, ਦਰਦ ਹੋਵੇ ਜਾਂ ਚਮੜੀ ਮੋਟੀ ਹੋਣ ਆਦਿ ਜਿਹੇ ਲੱਛਣ ਦਿਖਣ 'ਤੇ ਇਹ ਟੈਸਟ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਵਿੱਚ ਸਕਰੀਨਿੰਗ ਮੈਮੋਗਰਾਫੀ ਤੋਂ ਵੱਧ ਐਕਸਰੇ ਕਰਨੇ ਪੈਂਦੇ ਹਨ। ਇਸ ਲਈ ਕਾਫ਼ੀ ਜ਼ਿਆਦਾ ਰੇਡੀਓ ਕਿਰਨਾਂ ਛਾਤੀ ਉੱਤੇ ਪੈ ਜਾਂਦੀਆਂ ਹਨ। ਲੋੜ ਤੋਂ ਵੱਧ ਰੇਡੀਓ ਕਿਰਨਾਂ ਵੀ ਕਦੇ-ਕਦੇ ਕੈਂਸਰ ਦਾ ਕਾਰਨ ਬਣ ਜਾਂਦੀਆਂ ਹਨ। ਇਸ ਲਈ 40 ਸਾਲ ਤੋਂ ਪਹਿਲਾਂ ਇਹ ਟੈਸਟ ਬਿਲਕੁਲ ਕਰਨਾ ਨਹੀਂ ਚਾਹੀਦਾ।
ਸਕਰੀਨਿੰਗ ਮੈਮੋਗਰਾਫ਼ੀ ਬਾਰੇ ਕੁਝ ਤੱਥ :
ਇਹ ਟੈਸਟ ਕਰਨ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਜਿਸ ਮਰੀਜ਼ ਵਿੱਚ ਕੈਂਸਰ ਲੱਭ ਜਾਵੇ, ਉਸ ਦੀ ਜਾਨ ਹਰ ਹਾਲ ਬਚ ਜਾਣੀ ਹੈ। ਤੇਜ਼ੀ ਨਾਲ ਫੈਲਣ ਵਾਲੇ ਕੈਂਸਰ ਛੇਤੀ ਲੱਭ ਜਾਣ ਅਤੇ ਢੁੱਕਵਾਂ ਇਲਾਜ ਕਰਨ ਦੇ ਬਾਵਜੂਦ ਮਰੀਜ਼ ਲਈ ਜਾਨਲੇਵਾ ਸਿੱਧ ਹੁੰਦੇ ਹਨ। ਜੇ ਕਿਤੇ ਨਿੱਕੀ ਕੈਂਸਰ ਦੀ ਰਸੌਲੀ ਲੱਭੀ ਨਾ ਜਾਵੇ ਤੇ ਸਕਰੀਨਿੰਗ ਵਿੱਚੋਂ ਕਿਤੇ ਦਿਸੇ ਹੀ ਨਾ ਤਾਂ ਕਈ ਵਾਰ ਬੇਧਿਆਨੇ ਹੀ ਅਗਲੀ ਮੈਮੋਗਰਾਫੀ ਹੋਣ ਤਕ ਕੈਂਸਰ ਦੀ ਰਸੋਲੀ ਨੂੰ ਵਧਣ ਦਾ ਸਮਾਂ ਮਿਲ ਜਾਂਦਾ ਹੈ।
ਕਈ ਵਾਰ ਅਜਿਹੀ ਮੈਮੋਗਰਾਫੀ ਵਿੱਚ ਕੈਂਸਰ ਦੀ ਰਸੌਲੀ ਦਾ ਸ਼ੱਕ (ਅਸਲ ਵਿੱਚ ਹੁੰਦੀ ਹੀ ਨਹੀਂ) ਜਿੱਥੇ ਬੇਲੋੜੇ ਟੈਸਟਾਂ ਰਾਹੀਂ ਮਰੀਜ਼ਾਂ ਦੀ ਜੇਬ ਹਲਕੀ ਕਰ ਦਿੰਦੀ ਹੈ, ਉੱਥੇ ਕਈ ਮਰੀਜ਼ 'ਕੈਂਸਰ' ਦਾ ਨਾਂ ਸੁਣ ਕੇ ਦਿਲ ਦੇ ਦੌਰੇ ਨਾਲ ਮਰਦੇ ਵੀ ਵੇਖੇ ਗਏ ਹਨ।
ਸਕਰੀਨਿੰਗ ਮੈਮੋਗਰਾਫੀ ਰਾਹੀਂ ਹਾਲਾਂਕਿ ਛਾਤੀ ਉੱਤੇ ਘੱਟ ਕਿਰਨਾਂ ਪੈਂਦੀਆਂ ਹਨ, ਫਿਰ ਵੀ ਕਈ ਡਾਕਟਰਾਂ ਦੀ ਰਾਇ ਹੈ ਕਿ ਬੇਲੋੜੀਆਂ ਕਿਰਨਾਂ ਆਪ ਵੀ ਕੈਂਸਰ ਕਰ ਸਕਦੀਆਂ ਹਨ।
ਦਸ ਫ਼ੀਸਦੀ ਔਰਤਾਂ ਵਿਚਲੇ ਕੈਂਸਰ ਜੀਨ ਉੱਤੇ ਆਧਾਰਿਤ ਹੁੰਦੇ ਹਨ ਅਤੇ ਇਹ ਛੋਟੀ ਉਮਰੇ ਹੋ ਜਾਂਦੇ ਹਨ। ਇਹ ਜੀਨ ਹਨ : ਬੀ.ਆਰ.ਸੀ.ਏ.1 ਅਤੇ ਬੀ.ਆਰ.ਸੀ.ਏ. 2।
ਛਾਤੀ ਵਿਚਲਾ ਟਿਸ਼ੂ ਜੇ ਬਹੁਤ ਸੰਘਣਾ ਹੋਵੇ ਤਾਂ ਵੀ ਕਈ ਵਾਰ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਜੇ ਛਾਤੀ ਵਿੱਚੋਂ ਸੂਈ ਨਾਲ ਟੁਕੜਾ ਲਿਆ ਹੋਵੇ ਤੇ ਮਾਈਕਰੋਸਕੋਪ ਹੇਠਾਂ 'ਏਟਿਪੀਕਲ ਹਾਈਪਰਪਲੇਜ਼ੀਆ' ਜਾਂ ਨਸਾਂ ਵਿੱਚ 'ਇਨ ਸੀਟੂ' ਵਿਗੜੇ ਸੈੱਲ ਲੱਭ ਪੈਣ ਤਾਂ ਵੀ ਇਨ੍ਹਾਂ ਵਿੱਚ ਕੈਂਸਰ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਜਿਨ੍ਹਾਂ ਔਰਤਾਂ ਵਿੱਚ ਗਰਭ ਡਿੱਗਣ ਦਾ ਖ਼ਤਰਾ ਹੋਵੇ ਤਾਂ ਉਨ੍ਹਾਂ ਨੂੰ ਬੱਚਾ ਠੀਕ-ਠਾਕ ਰੱਖਣ ਲਈ ਡੀ.ਈ.ਐੱਸ. ਦਵਾਈ ਦਿੱਤੀ ਜਾਂਦੀ ਰਹੀ ਹੈ, ਉਹ ਵੀ ਛਾਤੀ ਦੇ ਕੈਂਸਰ ਦਾ ਕਾਰਣ ਗਿਣੀ ਗਈ ਹੈ।
ਮੋਟਾਪੇ ਦੀਆਂ ਸ਼ਿਕਾਰ ਔਰਤਾਂ ਵਿੱਚ ਵੀ ਛਾਤੀ ਦਾ ਕੈਂਸਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ।
ਡਿਜੀਟਲ ਮੈਮੋਗਰਾਫੀ: ਚਾਲੀ ਤੋਂ ਪੰਜਾਹ ਸਾਲ ਤੱਕ ਦੀਆਂ ਸੰਘਣੇ ਟਿਸ਼ੂ ਵਾਲੀਆਂ ਔਰਤਾਂ ਵਾਸਤੇ ਇਹ ਟੈਸਟ ਕੀਤਾ ਜਾ ਰਿਹਾ ਹੈ।
ਐੱਮ.ਆਰ.ਆਈ.
ਇਸ ਵਿੱਚ ਦਵਾਈ ਦਾ ਟੀਕਾ ਲਾ ਕੇ ਐੱਮ.ਆਰ.ਆਈ. ਕੀਤਾ ਜਾਂਦਾ ਹੈ ਪਰ ਇਹ ਵੀ ਪੂਰੀ ਤਰ੍ਹਾਂ ਕਸੌਟੀ ਉੱਤੇ ਖ਼ਰਾ ਨਹੀਂ ਉਤਰਿਆ।
ਨਿੱਪਲ ਵਿੱਚੋਂ ਵਗਦਾ ਤਰਲ: ਇਸ ਵਿੱਚੋਂ ਕੈਂਸਰ ਦੇ ਸੈੱਲ ਟੈਸਟ ਕੀਤੇ ਜਾ ਸਕਦੇ ਹਨ। ਜਿਵੇਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਪੈਪ ਸਮੀਅਰ ਰਾਹੀਂ ਪਤਾ ਲਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਇਸ ਤਰਲ ਦਾ ਪੈਪ ਸਮੀਅਰ ਕੀਤਾ ਜਾਂਦਾ ਹੈ। ਇਸ ਨੂੰ 'ਹੈਲੋ ਬਰੈਸਟ ਪੈਪ' ਕਿਹਾ ਜਾਂਦਾ ਹੈ। ਸੀ.ਏ.15-3: ਇਹ ਕੈਂਸਰ ਐਂਟੀਜਨ 15-3 ਟੈਸਟ ਛਾਤੀ ਦੇ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਕੀਤਾ ਜਾਂਦਾ ਹੈ। ਇਸ ਟੈਸਟ ਰਾਹੀਂ ਇਹ ਪਤਾ ਲੱਗ ਸਕਦਾ ਹੈ ਕਿ ਕੈਂਸਰ ਕਿੰਨਾ ਫੈਲ ਚੁੱਕਿਆ ਹੈ ਤੇ ਕਿੰਨਾ ਮਾਰੂ ਹੈ। ਕਈ ਵਾਰ ਸੀ .ਏ. 15-3 ਹੋਰਨਾਂ ਕੈਂਸਰਾਂ ਵਿੱਚ ਵੀ ਵਧਿਆ ਲੱਭਿਆ ਗਿਆ ਹੈ ਜਿਨ੍ਹਾਂ ਵਿੱਚ ਜਿਗਰ, ਫੇਫੜੇ, ਅੰਡਕੋਸ਼, ਅੰਤੜੀਆਂ ਤੇ ਪੈਨਕਰੀਆਜ਼ ਦੇ ਕੈਂਸਰ ਸ਼ਾਮਲ ਹਨ। ਇਹ ਵੀ ਵੇਖਿਆ ਗਿਆ ਹੈ ਕਿ ਕੈਂਸਰ ਵਧਣ ਦੇ ਬਾਵਜੂਦ ਕੁਝ ਕੇਸਾਂ ਵਿੱਚ ਸੀ.ਏ.15-3 ਨਾਰਮਲ ਰਹਿੰਦਾ ਹੈ।
ਭਾਵੇਂ ਛਾਤੀ ਦਾ ਕੈਂਸਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਵੱਧ ਹੋਣ ਦਾ ਖਦਸ਼ਾ ਹੈ ਪਰ ਫੇਰ ਵੀ ਛੇਤੀ ਲੱਭ ਕੇ ਇਸ ਕੈਂਸਰ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਡਾ. ਹਰਸ਼ਿੰਦਰ ਕੌਰ