ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜੂਨ '84 ਦੇ ਵਰਤਾਰੇ ਨੂੰ ਕਿਵੇਂ ਸਮਝਿਆ ਜਾਵੇ?


ਸਰਕਾਰੀ ਧਿਰ ਨੇ ਚਾਹੇ ਜਿੰਨੀ ਮਰਜ਼ੀ ਅੱਤ ਮਚਾਈ ਹੋਵੇ ਪਰ ਅੱਤਵਾਦੀ ਸਿਰਫ ਬਗ਼ਾਵਤ ਕਰਨ ਵਾਲੀ ਧਿਰ ਨੂੰ ਹੀ ਕਿਹਾ ਜਾਂਦਾ ਹੈ। ਇਸ ਕਿਸਮ ਦੇ ਹੋਰਾਂ ਘਟਨਾਕ੍ਰਮਾਂ ਦੀ ਤਰ੍ਹਾਂ ਇਸ ਘਟਨਾਕ੍ਰਮ ਪ੍ਰਤੀ ਵੀ ਨਿਰਪੱਖ ਪਹੁੰਚ ਉਹੀ ਮੰਨੀ ਜਾ ਸਕਦੀ ਹੈ ਜਿਸ ਤਹਿਤ ਮੁੱਢਲੇ ਤੌਰ 'ਤੇ ਸਿੱਖਾਂ ਅਤੇ ਭਾਰਤੀ ਨਿਜ਼ਾਮ ਨੂੰ ਦੋ ਵੱਖ-ਵੱਖ ਧਿਰਾਂ ਪ੍ਰਵਾਨ ਕੀਤਾ ਗਿਆ ਹੋਵੇ ਤੇ ਦੋਹਾਂ ਤੋਂ ਬਰਾਬਰ ਦੀ ਦੂਰੀ ਬਣਾਈ ਜਾਵੇ।
ਜੂਨ 1984 ਦੇ ਪਹਿਲੇ ਹਫ਼ਤੇ ਵਿਚ ਭਾਰਤੀ ਹਕੂਮਤ ਨੇ ਸਿੱਖਾਂ ਦੀ ਜਿੰਦ-ਜਾਨ ਤੇ ਉਨ੍ਹਾਂ ਦੇ ਮੁਕੱਦਸ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਆਪਣੀਆਂ ਫੌਜਾਂ ਚਾੜ੍ਹ ਕੇ ਅਜਿਹਾ ਸਾਕਾ ਵਰਤਾਇਆ ਜੋ ਇਸ ਅਜ਼ਾਦ ਤੇ ਜਮਹੂਰੀ ਮੰਨੇ ਜਾਂਦੇ ਭਾਰਤ ਵਿਚ ਜਿਥੇ ਸਮੁੱਚੀ ਸਿੱਖ ਤਵਾਰੀਖ਼ ਦੇ ਇਕ ਬੇਹੱਦ ਅਹਿਮ ਕਾਂਡ ਵਜੋਂ ਸਿੱਖਾਂ ਦੀ ਅਚੇਤ-ਸੁਚੇਤ ਯਾਦ ਦਾ ਹਿੱਸਾ ਬਣਿਆ ਰਹੇਗਾ, ਉਥੇ ਹਾਲਾਤ ਨਾ ਬਦਲਣ ਦੀ ਸੂਰਤ 'ਚ ਸਿੱਖਾਂ ਨੂੰ ਉਨ੍ਹਾਂ ਦੀ ਜਿਥੇ ਹੈਸੀਅਤ ਦਾ ਅਹਿਸਾਸ ਕਰਾਉਂਦਾ ਰਹੇਗਾ।
ਮੈਨੂੰ ਅੱਜ ਵੀ ਸਿੱਖ ਪਰਿਵਾਰ 'ਚ ਜਨਮੇ ਇਕ ਨਕਸਲੀ ਪਿਛੋਕੜ ਵਾਲੇ ਕਾਰਕੁੰਨ ਵੱਲੋਂ ਸੁਣਾਈ ਆਪਣੀ ਵਿੱਥਿਆ ਚੇਤੇ ਹੈ ਜੋ ਉਸ ਦੇ ਸਿੱਖ ਵਿਚਾਰਧਾਰਾ ਵੱਲ ਮੁੜ੍ਹਨ ਦੀ ਸਬੱਬ ਬਣੀ, 'ਕਮਿਊਨਿਸਟ ਵਜੋਂ ਅਸੀਂ ਧਰਮ ਜਾਂ ਧਰਮ ਅਸਥਾਨਾਂ ਨੂੰ ਘੱਟ ਹੀ ਅਹਿਮੀਅਤ ਦਿੰਦੇ ਹੁੰਦੇ ਸੀ। ਅਸੀਂ ਅਕਸਰ ਹੀ ਨਕਸਲੀ ਸੰਘਰਸ਼ ਦੌਰਾਨ ਵਿਚਰਦਿਆਂ ਅਕਾਲ ਤਖ਼ਤ ਸਾਹਿਬ ਦੇ ਨੇੜੇ-ਤੇੜੇ ਆਪਣੀਆਂ ਮੀਟਿੰਗਾਂ ਕਰਦੇ ਹੁੰਦੇ ਸੀ ਪਰ ਅਕਾਲ ਤਖ਼ਤ ਨੂੰ ਅਸੀਂ ਸਿੱਖਾਂ ਦੀ ਸਧਾਰਨ ਜਿਹੀ ਇਮਾਰਤ ਹੀ ਸਮਝਦੇ ਸੀ ਪਰ ਜਦੋਂ ਇਸ ਨੂੰ ਭਾਰਤੀ ਫੌਜਾਂ ਵਲੋਂ ਢਾਹਿਆ ਗਿਆ ਤਾਂ ਮੇਰੀਆਂ ਅੱਖਾਂ ਸਾਹਮਣੇ ਅਕਾਲ ਤਖ਼ਤ ਸਾਹਿਬ ਦਾ ਉਦੋਂ ਦਾ ਦ੍ਰਿਸ਼ ਸਾਕਾਰ ਹੋ ਗਿਆ, ਜਦੋਂ ਮੈਂ ਨਿੱਕਾ ਹੁੰਦਾ ਆਪਣੇ ਮਾਪਿਆਂ ਨਾਲ ਇਕ ਸਿੱਖ ਵਜੋਂ ਸ਼ਰਧਾ ਨਾਲ ਇਥੇ ਸਿਰ ਨਿਵਾਉਣ ਆਇਆ ਸੀ।'
ਇਸੇ ਤਰ੍ਹਾਂ ਮੈਨੂੰ ਭਾਰਤੀ ਵਿਦੇਸ਼ ਸੇਵਾ 'ਚ ਰਹੇ ਸ. ਹਰਿੰਦਰ ਸਿੰਘ ਨਾਰਵੇ ਵਲੋਂ ਬਿਆਨ ਕੀਤੀ ਆਪਣੀ ਉਦੋਂ ਦੀ ਮਾਨਸਿਕ ਸਥਿਤੀ ਵੀ ਯਾਦ ਹੈ ਕਿ 'ਨਾਰਵੇ 'ਚ ਭਾਰਤ ਦਾ ਸਫੀਰ ਹੁੰਦਿਆਂ ਜਦ ਮੈਨੂੰ ਪਤਾ ਲਗਾ ਕਿ ਉਸ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜਾਂ ਚੜ੍ਹ ਆਈਆਂ ਤਾਂ ਮੇਰਾ ਹਿਰਦਾ ਵਲੂੰਧਰਿਆ ਗਿਆ ਕਿ ਜਿਥੇ ਮੈਂ ਅਰਦਾਸਾਂ ਕਰ-ਕਰ ਸਫਲਤਾ ਦੇ ਇਸ ਸਿਖਰਲੇ ਮੁਕਾਮ 'ਤੇ ਪਹੁੰਚਿਆਂ, ਉਸ ਨੂੰ ਹੀ ਢਾਹ ਦਿੱਤਾ ਗਿਆ। ਮੈਂ ਤੁਰੰਤ ਭਾਰਤ ਦੀ ਨੌਕਰੀ ਨੂੰ ਲੱਤ ਮਾਰ ਕੇ ਅਖ਼ਬਾਰਾਂ ਵੇਚ ਕੇ ਆਪਣਾ ਗੁਜਾਰਾ ਚਲਾਉਣ ਵਿਚ ਖੁਸ਼ੀ ਹਾਸਲ ਕੀਤੀ।' ਇਸੇ ਮਨੋਦਸ਼ਾ ਅਧੀਨ ਸ: ਹਰਿੰਦਰ ਸਿੰਘ ਸਣੇ ਹੋਰ ਵੀ ਉੱਚ ਆਹੁਦਿਆਂ 'ਤੇ ਬੈਠੀਆਂ ਸਿੱਖ ਸ਼ਖ਼ਸੀਅਤਾਂ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਇਲਾਵਾ ਭਾਰਤੀ ਹਕੂਮਤ ਦੇ ਇਸ ਮਹਾਂ ਜੁਰਮ ਵਿਰੁੱਧ ਅਨੇਕਾਂ ਉਚ ਸਿੱਖ ਸ਼ਖਸੀਅਤਾਂ ਨੇ ਭਾਰਤ ਵਲੋਂ ਮਿਲੇ ਖ਼ਿਤਾਬ ਵਾਪਸ ਕਰ ਦਿੱਤੇ ਜਿੰਨ੍ਹਾਂ ਵਿਚੋਂ ਖੁਸ਼ਵੰਤ ਸਿੰਘ, ਡਾ. ਸਾਧੂ ਸਿੰਘ ਹਮਦਰਦ, ਭਗਤ ਪੂਰਨ ਸਿੰਘ ਪਿੰਗਲਵਾੜਾ ਆਦਿ ਦੇ ਨਾਂਅ ਮੁੱਖ ਤੌਰ 'ਤੇ ਵਰਨਣਯੋਗ ਹਨ। ਫਿਰ ਭਾਰਤੀ ਫੌਜ ਵਿਚ ਮੌਜੂਦ ਸਿੱਖਾਂ ਨੇ ਵੀ ਆਪਣੇ ਗੁਰੂ ਦੇ ਪਾਵਨ ਬਚਨ 'ਜੇ ਜੀਵੇ ਪਤਿ ਲਥੀ ਜਾਏ, ਸਭ ਹਰਾਮ ਜੇਤਾ ਕਿਛ ਖਾਹਿ£' ਤੇ ਫੁੱਲ ਚੜ੍ਹਾਉਂਦਿਆਂ ਬਗ਼ਾਵਤ ਕਰ ਦਿੱਤੀ। ਸਿੱਖਾਂ ਨੂੰ ਇਹ ਅਫਸੋਸ ਹੋਣ ਲੱਗਾ ਕਿ ਜਿਸ ਦੇਸ਼ ਦੀ ਆਜ਼ਾਦੀ ਖਾਤਰ ਅਸੀਂ 90 ਫੀਸਦੀ ਕੁਰਬਾਨੀਆਂ ਦਿੱਤੀਆਂ, ਜਿਸ ਦੀ ਏਕਤਾ ਤੇ ਅਖੰਡਤਾ ਨੂੰ ਮਹਿਫੂਜ਼ ਰੱਖਣ ਲਈ ਲੜਾਈਆਂ ਵਿਚ ਸੀਨੇ 'ਤੇ ਗੋਲੀਆਂ ਖਾਧੀਆਂ, ਜਿਸ ਦੇ ਆਗੂਆਂ ਦੇ ਸੰਤਾਲੀ ਵੇਲੇ ਕੀਤੇ ਵਾਅਦਿਆਂ 'ਤੇ ਅੱਖਾਂ ਮੀਟ ਕੇ ਯਕੀਨ ਕੀਤਾ, ਉਨ੍ਹਾਂ ਨੇ ਸਾਡਾ ਇਹ ਮੁੱਲ ਪਾਇਆ? ਜੇ ਸ੍ਰੀ ਹਰਿਮੰਦਰ ਸਾਹਿਬ 'ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਾਂ ਉਹਨਾਂ ਦੇ ਸਾਥੀਆਂ ਨੂੰ ਹੀ ਬਾਹਰ ਕੱਢਣਾ ਸੀ ਤਾਂ ਏਡੇ ਵੱਡੇ ਫੌਜੀ ਹਮਲੇ ਦੀ ਕੀ ਲੋੜ ਸੀ? ਇਸ ਹਮਲੇ ਲਈ ਸਮਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੀ ਕਿਉਂ ਚੁਣਿਆ ਗਿਆ ਜਦੋਂ ਦਰਬਾਰ ਸਾਹਿਬ ਅੰਦਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜੁੜੀਆਂ ਹੁੰਦੀਆਂ ਹਨ? ਬਿਲਕੁਲ ਇਸੇ ਹੀ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰਾਂ ਮੁੱਖ ਇਤਿਹਾਸਕ ਗੁਰਧਾਮਾਂ 'ਤੇ ਫੌਜੀ ਕਾਰਵਾਈ ਕਿਉਂ ਕੀਤੀ ਗਈ? ਭਾਰਤੀ ਫੌਜ ਦਾ ਸਿੱਖਾਂ ਦੇ ਇਤਿਹਾਸਿਕ ਤੇ ਧਾਰਮਿਕ ਗ੍ਰੰਥਾਂ, ਦੁਰਲੱਭ ਹੱਥ ਲਿਖਤ ਬੀੜਾਂ ਤੇ ਖਰੜਿਆਂ ਤੇ ਅਨਮੋਲ ਸਿੱਖ ਸਾਹਿਤ ਤੇ ਵਿਰਾਸਤ ਸਾਂਭੀ ਬੈਠੀ ਸਿੱਖ ਰੈਫਰੈਂਸ ਲਾਇਬਰੇਰੀ ਨਾਲ ਕੀ ਵੈਰ ਸੀ, ਜਿਸ ਨੂੰ ਇਸ ਮੌਕੇ ਸੁਚੇਤ ਤੌਰ 'ਤੇ ਅਤੇ ਬੇਕਿਰਕੀ ਨਾਲ ਸਾੜ ਦਿੱਤਾ ਗਿਆ? ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਮ ਸਿੱਖ ਸੰਗਤ ਦਾ ਕੀ ਕਸੂਰ ਸੀ ਜਿਸ ਉਤੇ ਭਾਰਤੀ ਫੌਜ ਨੇ ਅਜਿਹੇ ਜੁਲਮ ਢਾਹੇ ਕਿ ਅੰਗਰੇਜ਼ਾਂ ਤੇ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ? ਕੀ ਇਹ ਭਾਰਤ ਵਿਚ ਸਿੱਖਾਂ ਨੂੰ ਕੋਈ ਵੱਡਾ 'ਸਬਕ' ਸਿਖਾਉਣ ਦੀ ਸਾਜ਼ਿਸ਼ ਸੀ? ਕਿਸੇ ਵਿਦਵਾਨ ਨੇ ਕਿਹਾ ਹੈ ਕਿ ਕੋਈ ਰਾਜਾ ਆਪਣੀ ਕਿਸੇ ਉਚੇਚੀ ਕਾਰਵਾਈ 'ਚ ਉਦੋਂ ਤੱਕ ਪੂਰੀ ਤਰ੍ਹਾਂ ਕਾਮਯਾਬੀ ਨਹੀਂ ਹਾਸਲ ਕਰ ਸਕਦਾ, ਜਦੋਂ ਤੱਕ ਉਸਦੀ ਪਰਜਾ ਦਾ ਉਸ ਨੂੰ ਲੋੜੀਂਦਾ ਸਮਰਥਨ ਹਾਸਲ ਨਾ ਹੋਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਇਸ ਹਮਲੇ ਤੋਂ ਬਾਅਦ ਰਾਜੇ (ਕਾਂਗਰਸ) ਨੂੰ ਚੋਣਾਂ ਵਿਚ ਪੂਰੇ ਭਾਰਤ ਵਿਚ ਪਰਜਾ ਦੇ ਮਿਲੇ ਰਿਕਾਰਡਤੋੜ ਸਮਰਥਨ ਦੇ ਕੀ ਅਰਥ ਨਿਕਲਦੇ ਹਨ? (ਸਪੱਸ਼ਟ ਹੈ ਕਿ ਭਾਰਤ ਦੀ ਬਹੁਗਿਣਤੀ ਇਸ ਫ਼ੌਜੀ ਕਾਰਵਾਈ ਦੇ ਹੱਕ ਵਿਚ ਸੀ।)
ਇਨ੍ਹਾਂ ਸਾਰੇ ਸਵਾਲਾਂ ਦੇ ਬਰਕਰਾਰ ਰਹਿਣ ਕਰਕੇ ਆਮ ਸਿੱਖ ਮਾਨਸਿਕਤਾ ਵਿਚ ਭਾਰਤ ਪ੍ਰਤੀ ਬੇਗਾਨਗੀ ਦੀ ਭਾਵਨਾ ਉਪਜਣੀ ਸੁਭਾਵਿਕ ਹੀ ਹੈ। ਪਰ ਸਿੱਖਾਂ ਦੀ ਇਸ ਮਾਨਸਿਕ ਵੇਦਨਾ ਤੇ ਸਮੁੱਚੇ ਵਰਤਾਰੇ ਨੂੰ ਅੱਜ ਤੱਕ ਵੀ ਸਮਝਣ ਦੀ ਇਮਾਨਦਾਰਾਨਾ ਕੋਸ਼ਿਸ਼ ਨਹੀਂ ਕੀਤੀ ਗਈ। ਭਾਰਤੀ ਨਿਜ਼ਾਮ ਦੇ ਪਹਿਰੇਦਾਰਾਂ ਨੇ ਤਾਂ ਕੀ ਕਰਨੀ ਸੀ, ਆਪਣੇ ਆਪ ਨੂੰ ਸਮਾਜਵਾਦੀ ਤੇ ਮਨੁੱਖਤਾਵਾਦੀ ਅਖਵਾਉਂਦੇ ਹਲਕਿਆਂ (ਖਾਸ ਕਰਕੇ ਸਿੱਖ ਪਰਿਵਾਰਾਂ ਵਿਚ ਜਨਮੇ ਤੇ ਪੰਜਾਬ ਨਾਲ ਸਬੰਧਿਤ) ਨੇ ਵੀ ਅਜਿਹਾ ਨਹੀਂ ਕੀਤਾ। ਇਸ ਸਮੁੱਚੇ ਘਟਨਾਕ੍ਰਮ ਵਿਚ ਸਿੱਖਾਂ ਦੇ ਪੱਖ ਦੀ ਅਹਿਮੀਅਤ ਨੂੰ ਛਟਿਆਉਣ ਲਈ ਇਸ ਵਰਤਾਰੇ ਨੂੰ ਬੱਸ ਇਹਨਾਂ ਗੱਲਾਂ ਤੱਕ ਸੀਮਤ ਕਰਨ ਦੀ ਮਿਥ ਕੇ ਕੋਸ਼ਿਸ਼ ਕੀਤੀ ਗਈ ਕਿ 'ਸਿੱਖਾਂ ਦੇ ਇਸ ਸੰਘਰਸ਼ ਦਾ ਆਧਾਰ ਫਿਰਕੂ ਸੀ ਤੇ ਇਹ ਹਿੰਦੂਆਂ ਦੇ ਵਿਰੁੱਧ ਸੀ', 'ਭਿੰਡਰਾਂਵਾਲਾ ਕਾਂਗਰਸ ਦੀ ਹੀ ਦੇਣ ਸੀ ਤੇ ਜਦੋਂ ਉਹ ਉਸ ਦੇ ਵਿਰੁੱਧ ਹੋ ਗਿਆ ਤਾਂ ਕਾਂਗਰਸ ਨੇ ਉਸ ਨੂੰ ਮਾਰ ਦਿੱਤਾ', (ਭਾਰਤੀ ਕਮਿਊਨਿਸਟਾਂ ਅਨੁਸਾਰ) 'ਇਸ ਸਿੱਖ ਬਗਾਵਤ ਪਿੱਛੇ ਪਾਕਿਸਤਾਨ ਜ਼ਰੀਏ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦਾ ਹੱਥ ਸੀ', 'ਇਹ ਬਗਾਵਤ ਸਿੱਖ ਭਾਈਚਾਰੇ ਦੀਆਂ ਸਮੂਹਿਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੀ ਸੀ, ਸਗੋਂ ਕੁਝ ਕੁ ਤੱਤੇ ਤੇ ਫਿਰਕਾਪ੍ਰਸਤ ਅਨਸਰਾਂ ਦੀ ਦੇਣ ਸੀ' ਵਗੈਰਾ-ਵਗੈਰਾ। (ਵੈਸੇ ਕਈ ਸੁਹਿਰਦ ਤੇ ਨਿਰਪੱਖ ਮੰਨੇ ਜਾਂਦੇ ਮਨੁੱਖਤਾਵਾਦੀ ਹਲਕਿਆਂ ਵੱਲੋਂ ਇਸ ਵਰਤਾਰੇ ਦੀ ਵਿਆਖਿਆ ਭਾਰਤ ਦੇ ਅਧੂਰੇ ਸੰਘੀ ਢਾਂਚੇ 'ਚੋਂ ਨਿਕਲੀ ਸਮੱਸਿਆ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ ਤੇ ਵੱਡੀ ਹੱਦ ਤੱਕ ਇਹ ਗੱਲ ਠੀਕ ਵੀ ਹੈ ਪਰ ਇਸ ਵਰਤਾਰੇ ਦੀਆਂ ਹੋਰ ਵੀ ਕਈ ਸੂਖਮ ਪਰਤਾਂ ਹਨ ਜਿਨ੍ਹਾਂ ਨੂੰ ਫਰਾਖ਼ਦਿਲੀ ਨਾਲ ਵਾਚਣਾ ਜ਼ਰੂਰੀ ਹੈ।) ਅਜਿਹੇ ਪ੍ਰਾਪੇਗੰਡੇ ਨਾਲ ਭਾਰਤੀ ਵਿਵਸਥਾ ਦੀ ਹੀ ਖਾਸ ਪੈਂਤੜੇਬਾਜ਼ੀ ਨੂੰ ਬਲ ਮਿਲਿਆ ਜਿਸ ਦੇ ਤਹਿਤ ਉਹ ਨਾ ਸਿਰਫ ਇਸ ਹਮਲੇ ਲਈ ਸਾਰੀ ਜ਼ਿੰਮੇਵਾਰੀ ਸਿੱਖਾਂ ਸਿਰ ਸੁੱਟਦੀ ਰਹੀ ਹੈ, ਸਗੋਂ ਉਲਟਾ ਉਹਨਾਂ 'ਤੇ ਦੋਸ਼ ਮੜ੍ਹਨ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਅਮਲਾਂ 'ਤੇ ਵੀ ਚਲਦੀ ਰਹੀ ਹੈ।
ਉਂਜ ਭਾਰਤੀ ਵਿਵਸਥਾ ਨੇ ਆਪਣੀ ਰਣਨੀਤੀ ਨੂੰ ਕਾਮਯਾਬ ਬਣਾਉਣ ਲਈ ਮੀਡੀਆ ਨੂੰ ਸਭ ਤੋਂ ਵੱਡੇ ਸੰਦ ਵਜੋਂ ਵਰਤਿਆ ਤੇ ਕੁਝ-ਇਕ ਅਦਾਰਿਆਂ ਨੂੰ ਛੱਡ ਕੇ ਭਾਰਤੀ ਮੀਡੀਆ ਨੇ ਉਸ ਦੀ ਇਸ ਮੁਹਿੰਮ ਵਿਚ ਭਰਪੂਰ ਸਾਥ ਆਪਣਾ ਪਰਮ ਧਰਮ ਸਮਝ ਕੇ ਦਿੱਤਾ। ਬਹੁਤੇ ਮੀਡੀਆ ਅਦਾਰੇ ਪੱਤਰਕਾਰੀ ਦੇ ਨਿਰਪੱਖਤਾ ਦੇ ਮੁਢਲੇ ਅਸੂਲਾਂ ਨੂੰ ਛਿੱਕੇ ਟੰਗਦਿਆਂ ਸਰਕਾਰੀ ਧਿਰ ਦੇ ਹੱਕ ਵਿਚ ਭੁਗਤੇ। ਜਿਥੇ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲੇ ਦੌਰਾਨ ਵੱਖ-ਵੱਖ ਮੀਡੀਆ ਅਦਾਰਿਆਂ ਵਲੋਂ ਤਾਇਨਾਤ ਪੱਤਰਕਾਰਾਂ 'ਚੋਂ ਅਨੇਕਾਂ ਭਾਰਤੀ ਖੂਫੀਆ ਏਜੰਸੀਆਂ ਨਾਲ ਮਿਲੇ ਹੋਏ ਸਨ ਤੇ ਸਰਕਾਰ ਦੀ ਮੁਖ਼ਬਰੀ ਕਰਦੇ ਸਨ, ਉਥੇ ਸੰਪਾਦਕੀ ਪੱਧਰ 'ਤੇ ਵੀ ਸਰਕਾਰ ਨੂੰ ਕਲੀਨ ਚਿੱਟ ਦੇਣ ਦਾ ਵਤੀਰਾ ਅਪਣਾਇਆ ਜਾਂਦਾ ਰਿਹਾ ਹੈ ਤੇ ਭਾਰਤ ਦੀ ਏਕਤਾ-ਅਖੰਡਤਾ ਦੇ ਨਾਂਅ 'ਤੇ ਸਰਕਾਰ ਦੇ ਹਰ ਨਜਾਇਜ਼ ਅਮਲ ਨੂੰ ਨਿਆਂਸੰਗਤ ਠਹਿਰਾਇਆ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ, ਸਰਕਾਰੀ ਧਿਰ ਨੇ ਚਾਹੇ ਜਿੰਨੀ ਮਰਜ਼ੀ ਅੱਤ ਮਚਾਈ ਹੋਵੇ ਪਰ ਅੱਤਵਾਦੀ ਸਿਰਫ ਬਗ਼ਾਵਤ ਕਰਨ ਵਾਲੀ ਧਿਰ ਨੂੰ ਹੀ ਕਿਹਾ ਜਾਂਦਾ ਹੈ। ਇਸ ਕਿਸਮ ਦੇ ਹੋਰਾਂ ਘਟਨਾਕ੍ਰਮਾਂ ਦੀ ਤਰ੍ਹਾਂ ਇਸ ਘਟਨਾਕ੍ਰਮ ਪ੍ਰਤੀ ਵੀ ਨਿਰਪੱਖ ਪਹੁੰਚ ਉਹੀ ਮੰਨੀ ਜਾ ਸਕਦੀ ਹੈ ਜਿਸ ਤਹਿਤ ਮੁਢਲੇ ਤੌਰ 'ਤੇ ਸਿੱਖਾਂ ਅਤੇ ਭਾਰਤੀ ਨਿਜ਼ਾਮ ਨੂੰ ਦੋ ਵੱਖ-ਵੱਖ ਧਿਰਾਂ ਪ੍ਰਵਾਨ ਕੀਤਾ ਗਿਆ ਹੋਵੇ ਤੇ ਦੋਹਾਂ ਤੋਂ ਬਰਾਬਰ ਦੀ ਦੂਰੀ ਬਣਾਈ ਜਾਵੇ।
ਇਸ ਸਾਰੀ ਚਰਚਾ ਦੇ ਜ਼ਰੀਏ ਮੇਰੇ ਕਹਿਣ ਦਾ ਭਾਵ ਏਨਾ ਕੁ ਹੀ ਹੈ ਕਿ ਜੂਨ ਚੁਰਾਸੀ ਦੇ ਵਰਤਾਰੇ ਨੂੰ ਵਾਚਣ ਲਈ ਦਰੁਸਤ ਨੁਕਤਾ-ਨਿਗਾਹ ਦੀ ਲੋੜ ਹੈ। (ਜਿਸ ਲਈ ਇਮਾਨਦਾਰ ਹੋਣਾ ਮੁਢਲੀ ਸ਼ਰਤ ਹੈ।) ਇਸ ਲਈ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਸਭਿਆਚਾਰਕ ਸਰੋਕਾਰਾਂ, ਪਿਛਲੇ ਇਤਿਹਾਸਕ ਵਰਤਾਰਿਆਂ, ਰਾਜਨੀਤਕ ਖਾਹਿਸ਼ਾਂ, ਉਨ੍ਹਾਂ ਨੂੰ ਅਜ਼ਾਦ ਭਾਰਤ ਅੰਦਰ ਮਿਲੇ ਰੁਤਬੇ, ਉਹਨਾਂ ਨਾਲ ਹੁੰਦੇ ਵਿਤਕਰਿਆਂ, ਗਿਣਤੀ-ਮਿਣਤੀਆਂ ਵਾਲੀ ਰਾਜਸੀ ਵਿਵਸਥਾ ਵਿਚ ਘੱਟ-ਗਿਣਤੀ ਰਹਿ ਜਾਣ ਦੇ ਹਿਰਖ ਅਤੇ ਭਾਰਤੀ ਰਾਸ਼ਟਰ ਉਸਾਰੀ ਦੀ ਬਾਤ ਸਮਝਣੀ ਬੇਹੱਦ ਜ਼ਰੂਰੀ ਹੈ, ਤਾਂ ਹੀ ਇਸ ਵਰਤਾਰੇ ਨੂੰ ਸਹੀ ਅਰਥਾਂ 'ਚ ਸਮਝਿਆ ਜਾ ਸਕਦਾ ਹੈ। ਤੇ ਇਹ ਬੇਹੱਦ ਜ਼ਰੂਰੀ ਵੀ ਹੈ ਕਿਉਂਕਿ ਜੂਨ ਚੁਰਾਸੀ ਦੇ ਜ਼ਖ਼ਮ ਸਿੱਖ ਜ਼ਹਿਨੀਅਤ ਅੰਦਰ ਅਜੇ ਵੀ ਰਿਸ ਰਹੇ ਹਨ। (ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਵਾਪਰੇ ਘਟਨਾਕ੍ਰਮ ਵਿਚ ਅਸੀਂ ਦੇਖ ਹੀ ਲਿਆ।) ਦਰਅਸਲ ਵਿਚਲੀ ਗੱਲ ਇਹ ਹੈ ਕਿ ਭਾਰਤੀ ਸਥਾਪਤੀ ਨੇ ਇਸ ਕਾਂਡ ਦਾ ਸਿੱਖਾਂ ਵਿਚ ਪ੍ਰਭਾਵ ਆਪਣੇ ਮੁਤਾਬਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਵਿਚ ਇਸ ਨੂੰ ਤੀਜੇ ਘੱਲੂਘਾਰੇ ਵਜੋਂ ਮਾਨਤਾ ਮਿਲੀ ਹੋਈ ਹੈ। ਇਸ ਵਿਚ ਭਾਰਤੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਸਿੱਖ ਆਗੂਆਂ ਨੂੰ ਸਰਕਾਰ ਨੇ ਖ਼ਲਨਾਇਕ ਵਜੋਂ ਪੇਸ਼ ਕੀਤਾ ਪਰ ਸਿੱਖ ਤਵਾਰੀਖ਼ ਵਿਚ ਉਨ੍ਹਾਂ ਨੂੰ ਨਾਇਕ ਦਾ ਰੁਤਬਾ ਮਿਲਿਆ ਹੋਇਆ ਹੈ। ਤੇ ਜਿਨ੍ਹਾਂ ਨੂੰ ਸਰਕਾਰ ਨੇ ਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਸਿੱਖਾਂ 'ਚ ਖ਼ਲਨਾਇਕਾਂ ਵਜੋਂ ਜਾਣਿਆ ਜਾਂਦਾ ਹੈ। ਜਦੋਂ ਤੱਕ ਇਨ੍ਹਾਂ ਹਕੀਕਤਾਂ ਨੂੰ ਸੁਹਿਰਦਤਾ ਨਾਲ ਖਿੜੇ ਮੱਥੇ ਪ੍ਰਵਾਨ ਨਹੀਂ ਕੀਤਾ ਜਾਂਦਾ ਤੇ ਇਸ ਵਰਤਾਰੇ ਨੂੰ ਸਮਝਣ ਦੀ ਅਜਿਹੀ ਪਹੁੰਚ ਨਹੀਂ ਅਪਣਾਈ ਜਾਂਦੀ, ਉਦੋਂ ਇਸ ਸੰਦਰਭ 'ਚ ਅਗਲਾ ਰਾਹ ਨਹੀਂ ਕੱਢਿਆ ਜਾ ਸਕਦਾ।
ਸੁਰਜੀਤ ਸਿੰਘ ਗੋਪੀਪੁਰ
94172-58765