ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


3 ਜੂਨ ਦਾ ਦਿਨ ਫੌਜੀ ਹਮਲੇ ਲਈ ਕਿਉਂ ਚੁਣਿਆ ਗਿਆ?


ਦਰਬਾਰ ਸਾਹਿਬ 'ਚ ਅਪ੍ਰੇਸ਼ਨ ਬਲਿਊ ਸਟਾਰ ਦੇ ਨਾਂ ਥੱਲੇ ਫੌਜੀ ਹਮਲਾ ਕਰਨ ਲਈ ਸਰਕਾਰ ਨੇ 3 ਜੂਨ 1984 ਦਾ ਦਿਨ ਚੁਣਿਆ। ਇਸ ਦਿਨ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਹਜ਼ਾਰਾਂ ਸੰਗਤਾਂ ਇਥੇ ਇਕੱਤਰ ਹੋਈਆਂ ਸਨ। ਇਸ ਦਿਨ ਸ਼ਾਮ ਨੂੰ 6 ਵਜੇ ਕਰਫਿਊ ਲਗਾ ਕੇ ਹਜ਼ਾਰਾਂ ਸੰਗਤਾਂ ਨੂੰ ਦਰਬਾਰ ਸਾਹਿਬ ਵਿਚ ਹੀ ਘੇਰ ਲਿਆ ਗਿਆ। ਸਰਕਾਰ ਨੇ ਹਮਲੇ ਲਈ ਇਹ ਬਹਾਨਾ ਬਣਾਇਆ ਕਿ ਕੰਪਲੈਕਸ ਵਿਚ ਹਥਿਆਰਬੰਦ ਖਾੜਕੂ ਇਕੱਠੇ ਹੋਏ ਨੇ, ਉਨ੍ਹਾਂ ਨੂੰ ਉਥੋਂ ਕੱਢਣ ਲਈ ਫੌਜੀ ਕਾਰਵਾਈ ਕੀਤੀ ਗਈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਰਕਾਰ ਨੇ ਫੌਜੀ ਕਾਰਵਾਈ ਦਾ ਮਨੋਰਥ ਦੱਸਦੇ ਸਮੇਂ ਅੰਗਰੇਜ਼ੀ ਦਾ ਇਹ ਫਿਕਰਾ ਵਰਤਿਆ ਸੀ ''O flush out the terrorists'' ਇਸਦਾ ਮਤਲਬ ਬਣਦਾ ਹੈ, ਖਾੜਕੂਆਂ ਨੂੰ ਬਾਹਰ ਕੱਢਣਾ, ਖਾੜਕੂਆਂ ਨੂੰ ਮਾਰਨਾ, ਇਸਦਾ ਅਰਥ ਬਿਲਕੁਲ ਨਹੀਂ ਬਣਦਾ। ਇਹ ਸਪੱਸ਼ਟ ਹੈ ਕਿ ਖਾੜਕੂਆਂ ਨੂੰ ਬਾਹਰ ਕੱਢਣ ਦੀ ਕਾਰਵਾਈ ਵਿਚ ਗੈਰ ਖਾੜਕੂ ਅਤੇ ਸ਼ਰਧਾਲੂ ਵੀ ਲਪੇਟੇ ਵਿਚ ਆਉਣੇ ਸਨ। ਇਸ ਲਈ ਜ਼ਰੂਰੀ ਸੀ ਕਿ 3 ਜੂਨ ਨੂੰ ਸ਼ਰਧਾਲੂਆਂ ਦੇ ਇਕੱਠੇ ਹੋਣ ਦੇ ਮੱਦੇਨਜ਼ਰ ਇਹ ਕਾਰਵਾਈ 3 ਜੂਨ ਤੋਂ 1-2 ਦਿਨ ਅੱਗੋਂ ਜਾਂ ਪਿੱਛੋਂ ਕੀਤੀ ਜਾ ਸਕਦੀ ਸੀ। ਸਿੱਖਾਂ ਦਾ ਸਰਕਾਰ ਨਾਲ ਰੋਸ ਦਾ ਇਕ ਕਾਰਨ ਇਹ ਵੀ ਹੈ ਕਿ ਉਸਨੇ ਹਮਲਾ ਉਦੋਂ ਕਿਉਂ ਕੀਤਾ, ਜਦੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਉਥੇ ਇਕੱਠੇ ਹੋਏ ਸਨ, ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਵੀ ਫੌਜ ਦੀਆਂ ਗੋਲੀਆਂ ਅਤੇ ਬੰਬਾਂ ਦੇ ਸ਼ਿਕਾਰ ਹੋਏ। ਸਰਕਾਰ ਵੱਲੋਂ ਆਪਣੇ ਵਾਈਟ ਪੇਪਰ ਵਿਚ ਇਸ ਗੱਲ ਦਾ ਉੱਕਾ ਹੀ ਕੋਈ ਜਵਾਬ ਨਹੀਂ ਦਿੱਤਾ ਗਿਆ। ਆਓ ਹੁਣ ਦੇਖਦੇ ਹਾਂ ਕਿ ਇਸ ਪਿੱਛੇ ਕੀ ਕਾਰਨ ਹੋ ਸਕਦਾ ਹੈ। ਸਰਕਾਰ ਵੱਲੋਂ ਇਸ ਦਿਨ ਨੂੰ ਚੁਣਨ ਪਿੱਛੇ ਸਰਕਾਰ ਦੇ ਮਨੋਰਥ ਦੀਆਂ ਸੰਭਾਵਨਾਵਾਂ ਨੂੰ ਮੂਹਰੇ ਰੱਖਣਾ ਪਵੇਗਾ।
ਪਹਿਲੀ ਸੰਭਾਵਨਾ : ਜਦੋਂ ਕੋਈ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਹੈ ਤਾਂ ਉਸਦੀ ਇੱਛਾ ਹੁੰਦੀ ਹੈ ਕਿ ਉਸਨੂੰ ਵੱਧ ਤੋਂ ਵੱਧ ਸ਼ਿਕਾਰ ਮਿਲਣ ਅਤੇ ਉਹ ਉਨ੍ਹਾਂ ਦਾ ਰੱਜ ਕੇ ਸ਼ਿਕਾਰ ਖੇਡੇ। ਸੰਭਾਵਨਾ ਦੇ ਅਸਲੀਅਤ ਦੇ ਨੇੜੇ ਹੋਣ ਨਾਲ ਸੰਭਾਵਨਾ ਮੰਨਣ ਯੋਗ ਬਣ ਜਾਂਦੀ ਹੈ। ਜਿਵੇਂ ਕਿ ਫੌਜ ਨੇ ਖਾੜਕੂਆਂ ਨੂੰ ਮਾਰ ਮੁਕਾਉਣ ਤੋਂ ਬਾਅਦ ਗੈਰ ਹਥਿਆਰਬੰਦ ਅਕਾਲੀ ਕਾਰਕੁੰਨਾਂ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਆਮ ਸ਼ਰਧਾਲੂਆਂ ਦਾ ਸ਼ਿਕਾਰ ਖੇਡਿਆ। ਮਾਸੂਮ ਜਿਉਂਦੇ ਬੱਚਿਆਂ ਨੂੰ ਲੱਤਾਂ ਤੋਂ ਫੜ੍ਹ-ਫੜ੍ਹ ਕੇ ਇਉਂ ਵਗ੍ਹਾ-ਵਗ੍ਹਾ ਸੁੱਟਿਆ, ਜਿਵੇਂ ਕੋਈ ਮਰੇ ਹੋਏ ਚੂਹਿਆਂ ਨੂੰ ਸੁੱਟਦਾ ਹੈ। ਇਸ ਨਾਲ ਇਹ ਸੰਭਾਵਨਾ ਜੇ ਸੱਚੀ ਹੋਣ ਨੂੰ ਬਲ ਮਿਲਦਾ ਹੈ ਕਿ ਸਿੱਖਾਂ ਨਾਲ ਨਫ਼ਰਤ ਰੱਖ ਰਹੀਆਂ ਤਾਕਤਾਂ ਵਾਸਤੇ ਇਹ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਅੰਦਰ ਵੱਡੀ ਗਿਣਤੀ ਵਿਚ ਗੈਰ ਹਥਿਆਰਬੰਦ ਸਿੱਖ ਮਿਲਣ ਤਾਂ ਕਿ ਆਪਣੀ ਨਫ਼ਰਤ ਦੀ ਅੱਗ ਠੰਡੀ ਕਰ ਸਕਣ।
ਦੂਜੀ ਸੰਭਾਵਨਾ : ਦਰਬਾਰ ਸਾਹਿਬ ਵਿਚ ਇਕੱਠੇ ਹੋਏ ਹਰ ਕਿਸਮ ਦੇ ਹਾਜ਼ਰੀਨ ਨੂੰ ਖਾੜਕੂ ਕਹਿ ਕੇ ਫੌਜ ਦੀ ਵਿਰੋਧਤਾ ਦੇ ਆਕਾਰ ਨੂੰ ਵੱਡਾ ਦਰਸਾਉਣਾ। ਸਰਕਾਰ ਨੂੰ ਇਹ ਬਿਲਕੁਲ ਪਤਾ ਸੀ ਕਿ ਕੰਪਲੈਕਸ ਵਿਚ ਮਸਾਂ ਡੇਢ-ਦੋ ਸੌ ਕੁ ਹੀ ਖਾੜਕੂ ਮੌਜੂਦ ਨੇ। ਸਿਰਫ਼ ਇੰਨੀ ਕੁ ਗਿਣਤੀ ਵਲੋਂ ਹਜ਼ਾਰਾਂ ਫੌਜੀਆਂ ਦਾ ਟਾਕਰਾ ਕਰਨਾ ਸੰਸਾਰ ਨੂੰ ਇਕ ਅਸਾਵੀਂ ਜੰਗ ਜਾਪਣਾ ਸੀ। ਫੌਜੀ ਆਪ੍ਰੇਸ਼ਨ ਦੇ ਖਾਤਮੇ ਤੋਂ ਬਾਅਦ ਸਰਕਾਰ ਨੇ ਹਜ਼ਾਰਾਂ ਸ਼ਰਧਾਲੂਆਂ ਨੂੰ ਖਾੜਕੂਆਂ ਦੇ ਖਾਤੇ ਵਿਚ ਪਾ ਕੇ ਇਹ ਆਖਿਆ ਗਿਆ ਕਿ ਦਰਬਾਰ ਸਾਹਿਬ ਵਿਚ ਸੈਂਕੜੇ ਖਾੜਕੂ ਮਾਰੇ ਗਏ ਹਨ ਅਤੇ ਹਜ਼ਾਰਾਂ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਨਾਲ ਸਰਕਾਰ ਨੇ ਇਹ ਦਰਸਾਇਆ ਕਿ ਫੌਜ ਦਾ ਮੁਕਾਬਲਾ ਸਿਰਫ਼ ਡੇਢ-ਦੋ ਸੌ ਕੁ ਖਾੜਕੂਆਂ ਨਾਲ ਨਹੀਂ ਬਲਕਿ ਹਜ਼ਾਰਾਂ ਖਾੜਕੂਆਂ ਨਾਲ ਸੀ। ਸਰਕਾਰ ਇਹ ਤਾਂ ਹੀ ਕਹਿ ਸਕੀ ਜਦੋਂ ਉਥੇ ਹਜ਼ਾਰਾਂ ਬੰਦੇ ਇਕੱਠੇ ਹੋਏ। ਸਰਕਾਰ ਵੱਲੋਂ ਹਜ਼ਾਰਾਂ ਸ਼ਰਧਾਲੂਆਂ ਨੂੰ ਖਾੜਕੂ ਕਹਿ ਕੇ ਆਪਣੇ ਹੱਕ ਵਿਚ ਭੁਗਤਾਉਣ ਦੇ ਯਤਨ ਨਾਲ ਇਸ ਦਲੀਲ ਨੂੰ ਬਲ ਮਿਲਦਾ ਹੈ ਕਿ ਸਰਕਾਰ ਖੁਦ ਚਾਹੁੰਦੀ ਸੀ ਕਿ ਹਮਲਾ ਸ਼ਹੀਦੀ ਗੁਰਪੁਰਬ ਵਾਲੇ ਦਿਨ ਹੀ ਕੀਤਾ ਜਾਵੇ। ਜੇ ਫੌਜ ਦਾ ਟਾਕਰਾ ਸਿਰਫ਼ ਡੇਢ-ਦੋ ਸੌ ਸਿੱਖਾਂ ਨਾਲ ਹੀ ਦਿਖਾਇਆ ਜਾਂਦਾ ਤਾਂ ਚਮਕੌਰ ਦੀ ਗੜ੍ਹੀ ਵਾਲੇ ਇਤਿਹਾਸ ਦਾ ਦੁਹਰਾ ਹੀ ਸਮਝਿਆ ਜਾਣਾ ਸੀ। ਚਮਕੌਰ ਦੀ ਗੜ੍ਹੀ ਦਾ ਸਾਕਾ ਸਿੱਖਾਂ ਦੇ ਜ਼ਿਹਨ ਵਿਚ ਡੂੰਘਾ ਉਤਰਿਆ ਹੋਇਆ ਹੈ। ਸਰਕਾਰ ਨਹੀਂ ਸੀ ਚਾਹੁੰਦੀ ਕਿ ਆਪ੍ਰੇਸ਼ਨ ਬਲਿਊ ਸਟਾਰ ਦਾ ਮੇਲ ਸਿੱਖ ਇਤਿਹਾਸ ਦੀ ਕਿਸੇ ਘਟਨਾ ਨਾਲ ਹੋਵੇ। ਭਾਵੇਂ ਸਰਕਾਰ ਸਿੱਖਾਂ ਨੂੰ ਇਹ ਗੱਲ ਜਚਾਉਣ ਵਿਚ ਤਾਂ ਕਾਮਯਾਬ ਨਹੀਂ ਹੋਈ। ਪਰ ਬਾਕੀ ਸਾਰੇ ਮੁਲਕ ਵਿਚ ਉਸਨੇ ਆਪਣੇ ਪ੍ਰਚਾਰ ਰਾਹੀਂ ਆਪਣਾ ਮਨੋਰਥ ਹੱਲ ਕਰ ਲਿਆ ਹੈ। ਜੇ ਇਹ ਸੱਚਾਈ ਬਾਹਰ ਆ ਜਾਂਦੀ ਕਿ ਹਜ਼ਾਰਾਂ ਫੌਜੀਆਂ ਨੂੰ ਡੇਢ-ਦੋ ਸੌ ਕੁ ਸਿੱਖਾਂ ਨੇ ਲੋਹੇ ਦੇ ਚਨੇ ਚਬਾ ਦਿੱਤੇ ਤਾਂ ਇਸ ਨਾਲ ਸਰਕਾਰ ਦੀ ਕਿੱਡੀ ਫਜ਼ੀਹਤ ਹੋਣੀ ਸੀ। ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਆਪ੍ਰੇਸ਼ਨ ਵੁੱਡ ਰੋਜ਼ ਤਹਿਤ ਹਜ਼ਾਰਾਂ ਅਕਾਲੀਆਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁੰਨਾਂ ਅਤੇ ਹੋਰ ਦਾੜ੍ਹੀ ਕੇਸ ਵਾਲੇ ਹਜ਼ਾਰਾਂ ਬੰਦਿਆਂ ਦੀਆਂ ਗ੍ਰਿਫ਼ਤਾਰੀਆਂ ਨੂੰ ਵੀ ਸਰਕਾਰ ਨੇ ਖਾੜਕੂਆਂ ਦੀਆਂ ਗ੍ਰਿਫ਼ਤਾਰੀਆਂ ਕਹਿ ਕੇ ਲੜਾਈ ਨੂੰ ਵੱਡੀ ਬਣਾ ਕੇ ਪੇਸ਼ ਕੀਤਾ। ਸਰਕਾਰ ਆਪਣੇ ਮਨੋਰਥ ਵਿਚ ਕਿੰਨੀ ਕੁ ਕਾਮਯਾਬ ਹੋਈ ਇਹ ਵੱਖਰੀ ਗੱਲ ਹੈ, ਪਰ ਹਮਲੇ ਦੀ ਤਰੀਕ ਦੀ ਚੋਣ ਪਿੱਛੇ ਇਹੀ ਮਨੋਰਥ ਸਮਝਿਆ ਜਾ ਸਕਦਾ ਹੈ।
ਗੁਰਪ੍ਰੀਤ ਸਿੰਘ ਮੰਡਿਆਣੀ
88726-64000