ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਕਾ ਦਰਬਾਰ ਸਾਹਿਬ ਕਿਉਂ, ਜ਼ਿੰਮੇਵਾਰ ਕੌਣ, ਹੁਣ ਕੀ ਕੀਤਾ ਜਾਵੇ?


ਆਪਰੇਸ਼ਨ ਬਲੂ ਸਟਾਰ 1984 ਆਪਣੇ ਆਪ ਵਿਚ ਇਕ ਵੱਖਰਾ ਤੇ ਇਤਿਹਾਸਕ ਸਾਕਾ ਸੀ ਜਿਸ ਨੇ ਸਿੱਖ ਕੌਮ ਤੇ ਸਿੱਖ ਇਤਿਹਾਸ ਨੂੰ ਨਾ ਕੇਵਲ ਇਕ ਨਵਾਂ ਮੋੜ ਦਿੱਤਾ ਸਗੋਂ ਇਕ ਨਵੇਂ ਰਾਹ 'ਤੇ ਚੱਲਣ ਲਈ ਮਜ਼ਬੂਰ ਕੀਤਾ। 1849 ਵਿਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਦਾ ਹਿੱਸਾ ਬਣਾ ਲਿਆ ਤੇ ਇਸਦੀ ਸਿੱਖ ਹੋਂਦ ਖਤਮ ਕਰ ਦਿੱਤੀ ਤੇ ਇਸਨੇ ਸਿੱਖਾਂ ਨੂੰ ਮਨੋਵਿਗਿਆਨਕ ਤੌਰ ਤੇ ਭਾਰੀ ਧੱਕਾ ਪਹੁੰਚਾਇਆ ਕਿਉਂਕਿ ਰਣਜੀਤ ਸਿੰਘ ਸਮੇਂ ਤੇ ਉਸ ਤੋਂ ਬਾਅਦ ਵੀ ਸਿੱਖ ਰਾਜ ਸਮੇਂ ਹਰ ਸਿੱਖ ਆਪਣੇ ਆਪ ਨੂੰ ਰਾਜ ਭਾਗ ਵਿਚ ਹਿੱਸੇਦਾਰ ਸਮਝਦਾ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਨੂੰ ਇੰਟਰਨੈਸ਼ਨਲ ਸੰਧੀਆਂ ਵਿਚ ਸਿੱਖ ਧਰਤੀ (ਸਿੱਖ ਲੈਂਡਜ਼) ਵਜੋਂ ਸਵੀਕਾਰਿਆ ਜਾਂਦਾ ਸੀ ਤੇ ਬਹੁਤ ਸਾਰੀਆਂ ਸੰਧੀਆਂ ਜਿਵੇਂ ਚੀਨ-ਤਿੱਬਤ-ਸਿੱਖ ਸੰਧੀ ਵਿਚ 'ਖਾਲਸਾ ਜੀਓ' ਨੂੰ ਬਤੌਰ 'ਖੁਦਮੁਖਤਾਰ' ਸਵੀਕਾਰਿਆ ਗਿਆ ਸੀ। ਇਸੇ ਤਰ੍ਹਾਂ 'ਅੰਮ੍ਰਿਤਸਰ' ਨੂੰ ਸਿੱਖ ਸਦਾ ਹੀ ਆਪਣੀ ਧਾਰਮਿਕ ਰਾਜਧਾਨੀ ਗਿਣਦੇ ਅਤੇ ਸਮਝਦੇ ਹਨ ਤੇ ਰਾਜ ਭਾਵੇਂ ਮੁਗਲਾਂ ਦਾ ਹੋਵੇ, ਅੰਗਰੇਜ਼ਾਂ ਦਾ ਹੋਵੇ, ਭਾਵੇਂ ਹਿੰਦੂ ਦਾ, ਸਿੱਖਾਂ ਨੇ ਕਦੇ ਵੀ ਦਰਬਾਰ ਸਾਹਿਬ ਕੰਪਲੈਕਸ ਵਿਚ ਫੌਜ ਦਾ ਦਾਖਲ ਹੋਣਾ ਬਰਦਾਸ਼ਤ ਨਹੀਂ ਕੀਤਾ। 1721 ਤੋਂ ਲੈ ਕੇ ਅੱਜ ਤੱਕ ਸਿੱਖ ਦਰਬਾਰ ਸਾਹਿਬ ਤੇ ਉਸ ਦੇ ਆਲੇ-ਦੁਆਲੇ ਨੂੰ ਆਪਣੀ ਖੁਦਮੁਖਤਾਰ ਜੱਦੀ ਰਿਆਸਤ ਸਮਝਦਾ ਆਇਆ ਹੈ ਤੇ ਇਸ ਵਿਚ ਕਿਸੇ ਰਾਜਸੀ ਸ਼ਕਤੀ ਦਾ ਦਾਖਲ ਬਰਦਾਸ਼ਤ ਨਹੀਂ ਕਰਦਾ। 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਤਾਂ ਖਾਲਸੇ ਨੇ ਬਦਲਾ ਲੈਣ ਲਈ ਦੀਵਾਲੀ 'ਤੇ ਭਾਰੀ ਸਰਬੱਤ ਖਾਲਸਾ ਕਰਕੇ ਫੈਸਲਾ ਕੀਤਾ ਇਹ ਪਤਾ ਲੱਗਣ 'ਤੇ ਅਬਦਾਲੀ ਜਾਨ ਬਚਾ ਕੇ ਵਾਪਸ ਆਪਣੇ ਦੇਸ਼ ਭੱਜ ਗਿਆ। ਉਸ ਤੋਂ ਬਾਅਦ ਅਬਦਾਲੀ ਨੇ ਸਿੱਖਾਂ ਨੂੰ ਸਮਝੌਤਾ ਕਰਨ ਲਈ ਕਈ ਸੁਨੇਹੇ ਭੇਜੇ ਤੇ ਪੰਜਾਬ ਦੀ ਗਵਰਨਰੀ ਵੀ ਸਿੱਖਾਂ ਨੂੰ ਦੇਣੀ ਕੀਤੀ ਪਰ ਸਿੱਖਾਂ ਨੇ ਕੋਈ ਸਮਝੌਤਾ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਉਹ ਪੰਜਾਬ ਨੂੰ ਆਪਣੇ ਗੁਰੂਆਂ ਤੋਂ ਆਈ, ਜੱਦੀ ਜਾਇਦਾਦ ਸਮਝਦੇ ਹਨ ਤੇ ਇਸ ਧਰਤੀ ਬਾਰੇ ਹੋਰ ਕਿਸੇ ਦਾ ਕੋਈ ਹੱਕ ਨਹੀਂ ਸਵੀਕਾਰਦੇ। ਸ਼ਾਇਦ ਜੇ ਉਸ ਵੇਲੇ ਦੇ ਸਿੱਖ ਅੱਜ ਦੇ ਬਾਦਲ, ਲੌਂਗੋਵਾਲ ਜਾਂ ਟੌਹੜਾ ਸਾਹਿਬ ਵਰਗੇ ਹੁੰਦੇ ਤਾਂ ਭੱਜ ਕੇ ਸਮਝੌਤਾ ਕਰ ਲੈਂਦੇ ਤੇ ਅਬਦਾਲੀ ਨੂੰ ਜੱਫੀ ਪਾ ਕੇ ਮਿੱਤਰ ਬਣਾ ਲੈਂਦੇ। ਪਰ ਉਸ ਸਮੇਂ ਦੇ ਸਿੱਖ, ਕੁਝ ਧਾਰਮਿਕ ਤੇ ਰਾਜਸੀ ਕਦਰਾਂ ਤੋਂ ਜਾਣੂ ਸਨ ਤੇ ਸਿੱਖੀ ਲਈ ਕੁਝ ਵੀ ਤਿਆਗ ਸਕਦੇ ਹਨ। ਪਹਿਲੀ ਐਂਗਲੋਂ ਸਿੱਖ ਜੰਗ ਤੋਂ ਬਾਅਦ ਜਦ ਸਿੱਖ ਹਾਰ ਗਏ ਤੇ ਨਾਬਾਲਗ ਸਿੱਖ ਮਹਾਰਾਜੇ ਦਲੀਪ ਸਿੰਘ ਦਾ ਬਾਲੀ ਅੰਗਰੇਜ਼ ਬਣ ਬੈਠਾ ਤਾਂ ਸਿੱਖ ਫੌਜੀਆਂ ਨੂੰ ਨਿਹੱਥੇ ਕਰਨ ਲਈ ਅੰਗਰੇਜ਼ ਨੇ ਹੁਕਮ ਜਾਰੀ ਕੀਤਾ ਕਿ ਸਿੱਖ ਆਪਣੇ ਹਥਿਆਰ ਜਮ੍ਹਾ ਕਰਵਾ ਦੇਣ। ਕੁਝ ਨਿਹੰਗ ਸਿੰਘ ਨੇ ਇਹ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਤੇ ਅਕਾਲ ਤਖ਼ਤ 'ਤੇ ਸ਼ਰਣ ਲੈ ਲਈ। ਕੁਝ ਅੰਗਰੇਜ਼ ਫੌਜੀ ਤੇ ਇਕ ਅਫ਼ਸਰ ਅਕਾਲ ਤਖ਼ਤ 'ਤੇ ਜੁੱਤੀਆਂ ਸਮੇਤ ਪਹੁੰਚ ਗਏ ਤਾਂ ਕਿ ਹਥਿਆਰ ਖੋਹ ਸਕਣ। ਨਿਹੰਗਾਂ ਨੇ ਉਨ੍ਹਾਂ ਫੌਜੀਆਂ ਨੂੰ ਮਾਰ ਮੁਕਾਇਆ। ਬਾਅਦ ਵਿਚ ਹੋਰ ਅੰਗਰੇਜ਼ ਫੌਜਾਂ ਭੇਜੀਆਂ ਗਈਆਂ ਤੇ ਨਿਹੰਗ ਫੜ ਲਏ ਗਏ। ਉਨ੍ਹਾਂ 'ਤੇ ਮੁਕੱਦਮੇ ਚੱਲਿਆਂ ਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਜਦੋਂ ਉਹ ਕੈਦ ਵਿਚ ਸਨ ਤਾਂ ਸਿੱਕਾ ਨਾਲ ਏਨਾ ਰੋਸ ਜਾਗਿਆ ਕਿ ਅੰਗਰੇਜ਼ਾਂ ਨੂੰ ਖਤਰਾ ਪੈਦਾ ਹੋ ਗਿਆ ਕਿ ਪੰਜਾਬ ਵਿਚ ਸਿੱਖ ਬਗਾਵਤ ਕਰ ਦੇਣਗੇ। ਬਰਤਾਨਵੀ ਹਕੂਮਤ ਨੂੰ ਇਹ ਰਿਪੋਰਟ ਮਿਲਣ 'ਤੇ ਉਨ੍ਹਾਂ ਨਿਹੰਗ ਸਿੰਘ ਕੈਦੀਆਂ ਨੂੰ ਪੰਜਾਬ ਤੋਂ ਬਾਹਰ ਬਰੇਲੀ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਤੇ ਉਥੇ ਹੀ ਫਾਂਸੀ ਲਾਈ ਗਈ। ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਗ੍ਰੰਥੀ ਨੇ ਵੀ ਅੰਗਰੇਜ਼ ਫੌਜੀਆਂ ਦੇ ਦਰਬਾਰ ਸਾਹਿਬ ਕੰਪਲੈਕਸ ਵਿਚ ਅੰਗਰੇਜ਼ ਫੌਜੀਆਂ ਦੇ ਦਾਖਲੇ ਅਤੇ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ ਜਿਸ 'ਤੇ ਉਸ ਸਮੇਂ ਦੇ ਅੰਗਰੇਜ਼ ਰੈਜ਼ੀਡੈਂਟ ਮਿਸਟਰ ਐਚ. ਐਮ. ਲਾਰੰਸ ਨੇ ਮਿਤੀ 24 ਮਾਰਚ 1847 ਨੂੰ ਹੁਕਮ ਜਾਰੀ ਕੀਤਾ ਕਿ 'ਅੰਮ੍ਰਿਤਸਰ ਦੇ ਗ੍ਰੰਥੀਆਂ ਨੇ ਸ਼ਿਕਾਇਤ ਭਰੀ ਨਾਰਾਜ਼ਗੀ ਵਿਖਾਈ ਹੈ ਇਸ ਲਈ ਗਵਰਨਰ ਜਨਰਲ ਦੇ ਹੁਕਮ ਅਨੁਸਾਰ, ਸਭ ਸਬੰਧਤ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਹਕੂਮਤ ਬਰਤਾਨੀਆ ਦਾ ਕੋਈ ਵੀ ਸ਼ਹਿਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਇਸ ਦੇ ਚੋਗਿਰਦੇ ਵਿਚ ਬੂਟ ਪਾ ਕੇ ਨਹੀਂ ਜਾਏਗਾ। ਸਿੱਖਾਂ ਨੂੰ ਕੋਈ ਤੰਗ ਨਹੀਂ ਕਰੇਗਾ ਨਾ ਹੀ ਉਨ੍ਹਾਂ ਦੇ ਮਸਲੇ ਵਿਚ ਦਖਲਅੰਦਾਜ਼ੀ ਕਰੇਗਾ। ਜੁੱਤੀਆਂ ਸਰੋਵਰ ਦੇ ਕੋਨੇ ਕੋਲ ਬਣੇ ਬੁੰਗੇ ਕੋਲ ਉਤਾਰੀਆਂ ਜਾਣ ਤੇ ਕੋਈ ਵੀ ਜੁੱਤੀਆਂ ਪਾ ਕੇ ਸਰੋਵਰ ਦੇ ਇਰਦ-ਗਿਰਦ ਨਹੀਂ ਘੁੰਮੇਗਾ।' ਫੌਜੀਆਂ ਨੂੰ ਮਿਲਟਰੀ ਦਾ ਪੁਰਾਣਾ ਇਤਿਹਾਸ ਪੜ੍ਹਾਇਆ ਜਾਂਦਾ ਹੈ ਪਰ ਲੱਗਦਾ ਹੈ ਕਿ ਭਾਰਤੀ ਫੌਜ ਦੇ ਅਫ਼ਸਰਾਂ ਨੇ ਇਤਿਹਾਸ ਦਾ ਇਹ ਵਾਕਿਆ ਨਹੀਂ ਸੀ ਪੜ੍ਹਿਆ ਤੇ ਇਯ ਕਾਰਨ ਹੀ ਉਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਗਲਤੀ ਕੀਤੀ ਜਿਸ ਕਾਰਨ ਭਾਰਤੀ ਫੌਜ ਵਿਚ ਸਿੱਖ ਸਿਪਾਹੀਆਂ ਨੇ ਪਹਿਲੀ ਵਾਰੀ ਧਾਰਮਿਕ ਜਜ਼ਬਾਤ ਜ਼ਖਮੀ ਹੋਣ ਕਾਰਨ ਬਗਾਵਤ ਕੀਤੀ। ਇਹ ਵਾਕਿਆ ਭਾਰਤੀ ਫੌਜ ਦੇ ਇਤਿਹਾਸ ਵਿਚ ਇਕ ਕਾਲੇ ਪੰਨੇ ਵਜੋਂ ਜਾਣਿਆ ਜਾਏਗਾ ਤੇ ਪੜ੍ਹਾਇਆ ਜਾਵੇਗਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਸਿਆਣੇ ਹੁਕਮਰਾਨ ਪਿਛਲੀਆਂ ਗਲਤੀਆਂ ਨਹੀਂ ਦੁਹਰਾਉਂਦੇ ਸਗੋਂ ਉਨ੍ਹਾਂ ਤੋਂ ਸਬਕ ਸਿਖਦੇ ਹਨ। ਪਰ ਭਾਰਤੀ ਹੁਕਮਰਾਨਾਂ ਦਾ ਤਾਂ ਆਵਾ ਹੀ ਊਤਿਆ ਪਿਆ ਹੈ। ਜਦੋਂ ਅੰਗਰੇਜ਼ ਭਾਰਤ ਛੱਡਣ ਲੱਗੇ ਸਨ ਤਾਂ ਉਹਨਾਂ ਦੀ ਇਹ ਰਾਇ ਸੀ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਕੋਈ ਆਪਸੀ ਸਮਝੌਤਾ ਹੋ ਜਾਵੇ ਤਾਂ ਕਿ ਪੰਜਾਬ ਦਾ ਬਟਵਾਰਾ ਨਾ ਹੋਵੇ। ਇਸ ਕੋਸ਼ਿਸ਼ ਨੂੰ ਰੋਕਣ ਲਈ ਭਾਰਤ ਦੇ ਹਿੰਦੂ ਲੀਡਰਾਂ ਨੇ ਸਿੱਖਾਂ  ਨਾਲ ਕਈ ਵਾਅਦੇ ਕੀਤੇ ਇਥੋਂ ਤੱਕ ਕਿ 27 ਅਗਸਤ 1947 ਨੂੰ ਸੰਵਿਧਾਨ ਸਭਾ ਨੇ ਰੇਜੋਲੂਸ਼ਨ ਪਾਸ ਕੀਤਾ ਕਿ ਪੂਰਬੀ ਪੰਜਾਬ ਵਿਚ ਘੱਟ ਗਿਣਤੀਆਂ ਦੇ ਹੱਕਾਂ ਦਾ ਮਸਲਾ ਬਾਅਦ ਵਿਚ ਵਿਚਾਰਿਆ ਜਾਵੇਗਾ। ਇਸ ਤਰ੍ਹਾਂ ਸਿੱਖਾਂ ਨੂੰ ਇਹ ਉਮੀਦ ਬੰਨ੍ਹਾਈ ਗਈ ਕਿ ਉਨ੍ਹਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ। ਸੰਵਿਧਾਨ ਸਭਾ ਦੇ ਮੈਂਬਰ ਕੇ. ਐਮ. ਮੁਨਸ਼ੀ ਨੇ ਤਰਮੀਮ ਪੇਸ਼ ਕੀਤੀ ਕਿ ਪੂਰਬੀ ਪੰਜਾਬ ਦੀ ਹਾਲਤ ਨੂੰ ਨਜ਼ਰ ਵਿਚ ਰੱਖਦੇ ਹੋਏ ਸਿੱਖਾਂ ਦੇ ਪੂਰੇ ਸਵਾਲ 'ਤੇ ਬਾਅਦ ਵਿਚ ਗੌਰ ਹੋਵੇਗਾ। ਪਰ ਬਾਅਦ ਵਿਚ ਸਿੱਖਾਂ ਨੂੰ ਕੋਈ ਵਿਸ਼ੇਸ਼ ਰਿਆਇਤਾਂ ਦੇਣ ਤੋਂ ਨਾਂਹ ਕਰ ਦਿੱਤੀ ਗਈ। ਸਿੱਖਾਂ ਦੇ ਨੁਮਾਇੰਦੇ ਹੁਕਮ ਸਿੰਘ ਨੇ ਇਸ ਬਾਰੇ ਸੰਵਿਧਾਨ ਸਭਾ ਵਿਚ ਇਤਰਾਜ ਵੀ ਕੀਤਾ। ਉਹਨਾਂ ਨੇ 14 ਅਕਤੂਬਰ 1949 ਨੂੰ ਸੰਵਿਧਾਨ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਜੇਕਰ ਸਿੱਖਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦੇਣੇ ਸਨ ਤਾਂ ਉਪਰੋਕਤ ਰੈਜ਼ੂਲੇਸ਼ਨ ਦੀ ਲੋੜ ਹੀ ਕੀ ਸੀ? ਸਿੱਖਾਂ ਨੇ ਭਾਰਤੀ ਸੰਵਿਧਾਨ ਨੂੰ ਰੱਦ ਕਰ ਦਿੱਤਾ ਪ੍ਰੰਤੂ ਹਿੰਦੂ ਲੀਡਰਸ਼ਿਪ ਨੇ ਸਿੱਖਾਂ ਦੀ ਲੀਡਰਸ਼ਿਪ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਨਾਲ ਸਿੱਖ ਇਹ ਮਹਿਸੂਸ ਕਰਨ ਲੱਗ ਗਏ ਕਿ ਭਾਰਤ ਵਿਚ ਉਹ ਇਕ ਨਾ-ਪਸੰਦ ਸ਼ਹਿਰੀ ਹਨ। ਇਸਨੇ ਸਿੱਖਾਂ ਨਾਲ ਵੱਖਵਾਦ ਦੀ ਭਾਵਨਾ  ਨੂੰ ਪੈਦਾ ਕੀਤਾ। ਸੰਵਿਧਾਨ ਦੀ ਧਾਰਾ 25 ਵਿਚ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਤੇ ਇਸ ਤਰ੍ਹਾਂ ਸਿੱਖਾਂ ਦੀ ਆਜ਼ਾਦ ਹਸਤੀ ਖਤਮ ਕਰਨ ਦਾ ਪ੍ਰਯਤਨ ਕੀਤਾ ਗਿਆ। ਸਿੱਖਾਂ ਨੇ ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੰਵਿਧਾਨ ਦੀ ਇਸ ਧਾਰਾ ਨੂੰ ਸ਼ਰੇਆਮ ਸਾੜਿਆ। ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਤੌਰ 'ਤੇ 2 ਜੂਨ 1984 ਨੂੰ ਰੇਡੀਓ ਤੋਂ ਬੋਲਦਿਆਂ ਸਿੱਖਾਂ ਨਾਲ ਵਾਅਦਾ ਕੀਤਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਨੂੰਨੀ ਸਲਾਹਕਾਰਾਂ ਦੀ ਰਾਏ ਨਾਲ ਇਸ ਬਾਰੇ ਸੰਵਿਧਾਨ ਵਿਚ ਬਦਲੀ ਕਰੇਗੀ। ਪਰ ਕਹਿੰਦੇ ਹਨ, 'ਉਹ ਵਾਅਦੇ ਹੀ ਕਿਆ ਜੋ ਵਫਾ ਹੋ ਗਏ' ਹਿੰਦੂ ਲੀਡਰਾਂ ਨੇ ਕਦੇ ਸਿੱਖਾਂ ਨਾਲ ਵਫ਼ਾ ਨਹੀਂ ਕੀਤੀ ਤੇ ਅੱਜ ਤੱਕ ਸੰਵਿਧਾਨ ਵਿਚ ਇਸ ਬਾਰੇ ਕੋਈ ਤਬਦੀਲੀ ਨਹੀਂ ਕੀਤੀ ਗਈ ਹਾਲਾਂਕਿ ਸਰਕਾਰ ਵੱਲੋਂ ਨਿਯੁਕਤ Constitutional Review Commission ਨੇ ਵੀ 2002 ਵਿਚ ਆਪਣੀ ਰਿਪੋਰਟ ਵਿਚ ਸਿੱਖਾਂ ਦੀ ਇਸ ਮੰਗ ਨੂੰ ਵਾਜਬ ਕਰਾਰ ਦਿੱਤਾ ਹੈ। ਪੰਜਾਬ ਨੂੰ ਰੱਬ ਨੇ ਪਾਣੀਆਂ ਤੋਂ ਸਿਵਾਏ ਕੋਈ ਹੋਰ ਖਣਿਜ ਪਦਾਰਥ ਦੀ ਕੁਦਰਤੀ ਦਾਤ ਨਹੀਂ ਦਿੱਤੀ ਤੇ ਇਸ ਧਰਤੀ ਦੇ ਲੋਕਾਂ ਦਾ ਜੀਵਨ ਖੇਤੀਬਾੜੀ ਤੇ ਹੀ ਨਿਰਭਰ ਹੈ ਪਰ ਭਾਰਤ ਦੀ ਕੇਂਦਰੀ ਸਰਕਾਰ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਜਿਸ 'ਤੇ ਪੰਜਾਬ ਦਾ ਕਿਸਾਨ ਭੜਕ ਉਠਿਆ। ਪੰਜਾਬ ਦਾ ਕਿਸਾਨ ਇਹ ਕਦੀ ਬਰਦਾਸ਼ਤ ਨਹੀਂ ਕਰਦਾ ਕਿ ਉਸਦੇ ਹੱਕਾਂ ਦਾ ਪਾਣੀ ਕੋਈ ਹੋਰ ਲੈ ਜਾਵੇ ਤੇ ਪੰਜਾਬ ਵਿਚ ਸਭ ਤੋਂ ਵੱਧ ਝਗੜੇ, ਲੜਾਈਆਂ ਤੇ ਕਤਲ ਪਾਣੀ ਦੀ ਵਾਰੀ 'ਤੇ ਹੀ ਹੁੰਦੇ ਹਨ। ਭਾਰਤ ਸਰਕਾਰ ਨੇ ਪਾਣੀਆਂ ਨੂੰ ਹੱਥ ਪਾ ਕੇ ਪੰਜਾਬ ਦੀ ਕਿਸਾਨੀ ਨੂੰ ਮਰਨ ਮਾਰਨ 'ਤੇ ਉਤਾਰੂ ਕਰ ਦਿੱਤਾ। ਪੰਜਾਬ ਦਾ 90% ਕਿਸਾਨ ਸਿੱਖ ਹੈ ਤੇ ਭਾਰਤ ਸਰਕਾਰ ਨੇ ਤਿੰਨ ਵਾਰ ਸੀਲਿੰਗ ਲਾਗੂ ਕਰਕੇ, ਇਸ ਵਾਰ ਬਟਵਾਰੇ ਵੇਲੇ, ਫਿਰ 1953 ਵਿਚ ਤੇ ਅਖੀਰ 1971 ਵਿਚ ਉਸਦੀ ਮਲਕੀਅਤ ਘਟਾ ਕੇ ਉਸਦੀ ਕਮਰ ਤੋੜ ਦਿੱਤੀ ਤੇ ਉਸ ਨੂੰ ਆਪਣਾ ਦੁਸ਼ਮਣ ਬਣਾ ਲਿਆ। ਸਿੱਖਾਂ ਵਿਚ ਜਾਗਰਤੀ ਲਿਆਉਣ ਲਈ ਪੰਥ ਰਤਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਉਸਾਰੂ ਹਿੱਸਾ ਪਾਇਆ। ਅੰਤਰਰਾਸ਼ਟਰੀ ਸਥਿਤੀ ਨੇ ਵੀ ਹਾਲਤ ਇਸ ਤਰ੍ਹਾਂ ਦੇ ਪੈਦਾ ਕਰ ਦਿੱਤੇ ਕਿ ਵਿਸ਼ਵ ਦੀਆਂ ਮਹਾਨ ਸ਼ਕਤੀਆਂ ਇਸ ਖਿੱਤੇ ਵਿਚ ਦਿਲਚਸਪੀ ਲੈਣ 'ਤੇ ਮਜ਼ਬੂਰ ਹੋ ਗਈਆਂ। ਅਫਗਾਨਿਸਤਾਨ ਵਿਚ ਰੂਸੀ ਫੌਜਾਂ ਦੀ ਮੌਜੂਦਗੀ ਨੇ ਅਮਰੀਕਾ ਨੂੰ ਚੌਕੰਨਿਆਂ ਕਰ ਦਿੱਤਾ। ਕਸ਼ਮੀਰ ਕਦੇ ਅਫਗਾਨਿਸਤਾਨ ਦਾ ਪ੍ਰਾਂਤ ਸੀ ਤੇ ਅਫਗਾਨ ਹੀ ਇਸਦਾ ਗਵਰਨਰ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਜਿੱਤ ਕੇ ਪੰਜਾਬ ਰਾਜ ਦਾ ਹਿੱਸਾ ਬਣਾ ਦਿੱਤਾ। ਪਾਕਿਸਤਾਨ ਵਾਲੇ ਕਸ਼ਮੀਰ ਦੀ ਸਰਹੱਦ ਚੀਨ ਤੇ ਅਫਗਾਨਿਸਤਾਨ ਨਾਲ ਲੱਗਦੀ ਹੈ ਇਸ ਨੇ ਪੰਜਾਬ ਦੀ ਭੂਗੋਲਿਕ ਮਹੱਤਤਾ ਵਧਾ ਦਿੱਤੀ। ਇਸ ਸਥਿਤੀ ਕਾਰਨ ਅੰਤਰਰਾਸ਼ਟਰੀ ਸ਼ਕਤੀਆਂ ਪੰਜਾਬ ਉਤੇ ਹੋਣ ਵਾਲੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖਣ ਲੱਗ ਪਈਆਂ ਪਰ ਸਿੱਖਾਂ ਦੀ ਲੀਡਰਸ਼ਿਪ ਅਜਿਹੀ ਸਥਿਤੀ ਨੂੰ ਕਦੇ ਵੀ ਸਮਝਣ ਤੇ ਨਿਪਟਣ ਵਿਚ ਸਮਰੱਥ ਨਹੀਂ ਸੀ ਉਹ ਤਾਂ ਕੇਵਲ ਲੋਕਾਂ ਨੂੰ ਮਰਨ ਮਾਰਨ ਲਈ ਹੀ ਉਕਸਾ ਸਕਦੀ ਸੀ ਉਸਨੂੰ ਅੰਤਰਰਾਸ਼ਟਰੀ ਕਾਨੂੰਨ ਤੇ ਸੰਸਥਾਵਾਂ ਤੋਂ ਮਦਦ ਲੈਣ ਦੀ ਬਿਲਕੁਲ ਸਮਝ ਨਹੀਂ ਸੀ। ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਯੂਨੇਸਕੋ ਦੀ ਮੱਦਦ ਮੰਗੀ ਜਾ ਸਕਦੀ ਸੀ ਤਾਂ ਕਿ ਅਕਾਲ ਤਖ਼ਤ ਦੀ ਬਿਲਡਿੰਗ ਨੂੰ ਪੁੱਜੇ ਨੁਕਸਾਨ ਨੂੰ ਮੁਰੰਮਤ ਕਰਵਾ ਪੁਰਾਣੀ ਹਾਲਤ ਵਿਚ ਲਿਆਇਆ ਜਾ ਸਕੇ। ਜਦੋਂ ਤੁਰਕੀ ਨੇ ਗਰੀਸ ਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਖੰਡਰ ਬਣਾ ਦਿੱਤਾ ਸੀ ਤਾਂ ਯੂਨੇਸਕੋ ਨੇ ਮੁਰੰਮਤ ਕਰਵਾ ਕੇ ਉਹਨਾਂ ਨੂੰ ਪਹਿਲੀ ਹਾਲਤ ਵਿਚ ਲੈ ਆਂਦਾ ਸੀ। ਭਾਰਤੀ ਫੌਜ ਪੁਰਾਤਨ ਹਸਤ ਲਿਖਤਾਂ ਤੇ ਕਿਤਾਬਾਂ ਵੀ ਲੈ ਗਈ ਸੀ ਯੂਨੈਸਕੋ ਨੂੰ ਇਸ ਬਾਰੇ ਵੀ ਪਹੁੰਚ ਕੀਤੀ ਜਾ ਸਕਦੀ ਸੀ। ਸਿੱਖ ਲੀਡਰਸ਼ਿਪ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕੀ ਇਹ ਕਦੇ ਵੀ ਮਾਹਿਰਾਂ ਦੀ ਸਲਾਹ ਨਹੀਂ ਲੈਂਦੀ। ਹਰ ਸਿੱਖ ਆਪਣੇ ਆਪ ਨੂੰ ਦੁਨੀਆਂ ਨਾਲੋਂ ਵੱਧ ਸਮਝਦਾਰ ਤਸਵਰ ਕਰਦਾ ਹੈ। ਕਹਿੰਦੇ ਹਨ ਕਿ ਰੱਬ ਜਦੋਂ ਬੰਦੇ ਨੂੰ ਬਣਾਉਂਦਾ ਹੈ ਤਾਂ ਉਸਦੇ ਮਨ ਵਿਚ ਫੂਕ ਮਾਰ ਕੇ ਹੌਲੀ ਜਹੀ ਕਹਿੰਦਾ ਹੈ ਕਿ ਤੇਰੇ ਵਰਗਾ ਸਿਆਣਾ ਦੁਨੀਆਂ ਵਿਚ ਕਿਸੇ ਨੂੰ ਨਹੀਂ ਬਣਾਇਆ। ਹੋਰ ਕੌਮਾਂ ਬਾਰੇ ਤਾਂ ਪਤਾ ਨਹੀਂ ਪਰ ਸਿੱਖਾਂ ਬਾਰੇ ਇਹ ਗੱਲ ਸੌ ਫੀਸਦੀ ਸੱਚ ਹੈ। ਇਕ ਅੰਗਰੇਜ਼ ਲਿਖਾਰੀ ਨੇ ਲਿਖਿਆ ਸੀ ਕਿ ਮੈਂ ਇਕ ਸਿੱਖ ਨੂੰ ਪੁੱਛਿਆ ਕਿ ਤੁਹਾਡਾ ਲੀਡਰ ਕੌਣ ਹੈ ਤਾਂ ਉਸ ਉਤਰ ਦਿੱਤਾ ਕਿ ਅਕਾਲ ਪੁਰਖ। ਸਿੱਖ ਵਿਚ ਹੰਕਾਰ ਇਸ ਕਦਰ ਜ਼ਿਆਦਾ ਹੈ ਕਿ ਉਹ ਕਿਸੇ ਨੂੰ ਆਪਣਾ ਲੀਡਰ ਮੰਨਣ ਨੂੰ ਤਿਆਰ ਨਹੀਂ। ਇਸ ਕਾਰਨ ਸਿੱਖ ਲੀਡਰਸ਼ਿਪ ਦੂਜਿਆਂ ਦੇ ਮੁਕਾਬਲੇ ਸਦਾ ਹੀ ਕਮਜ਼ੋਰ ਰਹੀ ਹੈ ਤੇ ਵਿਸ਼ੇਸ਼ਕਰ ਸੂਝਵਾਨ ਜਮਾਤ ਸਦੀ ਹੀ ਸਿੱਖ ਸਿਆਸਤ ਤੋਂ ਦੂਰ ਰਹੀ ਹੈ। ਸਿੱਖ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰ ਜਾਂਦੀਆਂ ਹਨ ਤੇ ਉਹਨਾਂ ਨੂੰ ਨਿਸ਼ਾਨੇ ਤੋਂ ਦੂਰ ਕਰ ਦਿੰਦੀਆਂ ਹਨ। ਉਨ੍ਹਾਂ ਦਾ ਤਰੀਕਾ ਹੈ Infiltration ਤੇ Distraction । ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਭਵਿੱਖ ਵਿਚ ਕੀਤਾ ਕੀ ਜਾਵੇ? ਮੇਰੀ ਰਾਇ ਵਿਚ ਸਭ ਤੋਂ ਚੰਗਾ ਤਰੀਕਾ ਤਾਂ ਇਹ ਹੈ ਕਿ ਸਿੱਖ ਸਮੱਸਿਆਵਾਂ ਦਾ ਅੰਤਰਰਾਸ਼ਟਰੀਕਰਨ ਕੀਤਾ ਜਾਵੇ। ਕੋਈ ਵੀ ਦੇਸ਼ ਆਪਣੀ ਅੰਤਰਰਾਸ਼ਟਰੀ ਬਰਾਦਰੀ ਵਿਚ ਬਦਨਾਮੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਅੰਤਰਰਾਸ਼ਟਰੀ ਦਬਾਅ ਪੈਣ ਤੇ ਸਮਝੌਤਾ ਕਰਨ 'ਤੇ ਮਜ਼ਬੂਰ ਹੋ ਜਾਂਦਾ ਹੈ। ਕਸ਼ਮੀਰ ਦੀ ਮਿਸਾਲ ਸਾਡੇ ਸਾਹਮਣੇ ਹੈ। ਅੰਤਰਰਾਸ਼ਟਰੀ ਘਟਨਾਵਾਂ ਤੇ ਪੂਰੀ ਨਜ਼ਰ ਰੱਖੀ ਜਾਵੇ ਤੇ ਇਨ੍ਹਾਂ ਬਾਰੇ ਐਸ.ਜੀ.ਪੀ.ਸੀ. ਆਪਣਾ ਆਜ਼ਾਦ ਰਵੱਈਆ ਅਪਣਾਏ। ਇਸੇ ਤਰ੍ਹਾਂ ਹੀ ਦੂਜੇ ਦੇਸ਼ਾਂ ਦੀਆਂ ਸੰਸਥਾਵਾਂ ਵੀ ਸਿੱਖ ਹੱਕਾਂ ਦੀ ਰਾਖੀ ਲਈ ਆਪਣੀ ਆਜ਼ਾਦ ਪਾਲਿਸ਼ੀ ਬਣਾਉਣ। ਅਫਗਾਨਿਸਤਾਨ ਤੇ ਇਰਾਕ ਦੇ ਮਸਲੇ ਸਾਡੇ ਸਾਹਮਣੇ ਹਨ। ਅਫਗਾਨ ਪ੍ਰਧਾਨ ਨੇ ਸਿੱਖ ਡੈਪੂਟੇਸ਼ਨ ਨੂੰ ਯਕੀਨ ਦਿਵਾਇਆ ਹੈ ਕਿ ਜੋ ਸਰਕਾਰ ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਹੋਂਦ ਵਿਚ ਆਏਗੀ। ਉਸ ਵਿਚ ਇਕ ਅਫਗਾਨੀ ਸਿੱਖ ਨੂੰ ਮੰਤਰੀ ਬਣਾਇਆ ਜਾਵੇਗਾ। ਅਮਰੀਕਾ ਨੇ ਇਰਾਕ ਦੇ ਗੁਰਦੁਆਰੇ ਦੀ ਮੁਰੰਮਤ ਲਈ ਸਿੱਖ ਸੰਸਥਾਵਾਂ ਦੀ ਮੱਦਦ ਦਾ ਭਰੋਸਾ ਦਿੱਤਾ ਹੈ। ਸਿੱਖ ਸਮੱਸਿਆਵਾਂ ਨੂੰ ਵਿਸ਼ੇ ਵਾਰ ਵੰਡ ਦਿੱਤਾ ਜਾਵੇ ਤੇ ਫੇਰ ਉਸ ਬਾਰੇ ਸਿੱਖਾਂ ਵਿਚ ਵਿਦਵਾਨ ਮਾਹਿਰ ਲੱਭੇ ਜਾਣ। ਹਰ ਇਕ ਵਿਦਵਾਨ ਨੂੰ ਸਮੱਸਿਆ ਦੇ ਹੱਲ ਲਈ ਸੁਝਾਅ ਦਿੱਤੇ ਜਾਣ। ਕਈ ਵਿਦਵਾਨਾਂ ਨੂੰ ਇਹ ਕੰਮ ਸੌਂਪਿਆ ਜਾਵੇ ਪਰ ਉਨ੍ਹਾਂ ਨੂੰ ਇਹ ਪਤਾ ਨਾ ਲੱਗੇ ਕਿ ਦੂਜੇ ਕੌਣ ਇਸ ਵਿਸ਼ੇ 'ਤੇ ਕੰਮ ਕਰ ਰਿਹਾ ਹੈ। ਸਿੱਖ ਵਿਦਵਾਨਾਂ ਦੀਆਂ ਛੋਟੀਆਂ ਛੋਟੀਆਂ ਕਮੇਟੀਆਂ ਬਣਾਈਆਂ ਜਾਣ ਪਰ ਮੈਂਬਰ ਅਲੱਗ ਅਲੱਗ ਵਿਸ਼ਿਆਂ ਦੇ ਹੋਣ ਤਾਂ ਕਿ ਆਪਸੀ ਸਾੜ੍ਹ ਉਨ੍ਹਾਂ ਦੇ ਮੇਲ ਮਿਲਾਪ ਵਿਚ ਰੁਕਾਵਟ ਨਾ ਬਣੇ। ਸਿੱਖ ਗੁਰਦੁਆਰਾ ਐਕਟ ਦੀ ਧਾਰਾ 144 ਹੇਠਾਂ ਸਿੱਖ ਗੁਰਦੁਆਰਾ ਜੁਡੀਸੀਅਲ ਕਮਿਸ਼ਨ ਚੀਫ਼ ਮਨਿਸਟਰ ਗਵਰਨਰ ਜਾਂ ਕਿਸੇ ਵੀ ਸਰਕਾਰੀ ਅਫ਼ਸਰ ਨੂੰ ਗੁਰਦੁਆਰੇ ਦੇ ਮਾਮਲਿਆਂ ਵਿਚ ਦਖਲ ਦੇਣ ਦੇ ਇਲਜ਼ਾਮ ਵਿਚ ਤਲਬ ਕਰਕੇ ਉਹਨਾਂ ਨੂੰ ਜ਼ਰੂਰੀ ਹੁਕਮ ਦੇ ਸਕਦਾ ਹੈ। ਦਫ਼ਾ 146 ਗੁਰਦੁਆਰਾ ਐਕਟ ਹੇਠਾਂ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਜਿਸਦੀਆਂ ਹੱਦਾਂ ਨੋਟੀਫਿਕੇਸ਼ਨ ਵਿਚ ਦਿੱਤੀਆਂ ਗਈਆਂ ਹਨ ਵਿਚ ਪੁਲਿਸ ਜਾਂ ਕੋਈ ਸਿਕਊਰਿਟੀ ਫੋਰਸ ਦੇ ਜਵਾਨ ਵਰਦੀ ਪਾ ਕੇ ਦਾਖਲ ਨਹੀਂ ਹੋ ਸਕਦੇ। ਦਰਬਾਰ ਸਾਹਿਬ ਕੰਪਲੈਕਸ ਦੀ ਮਰਿਯਾਦਾ ਬਣਾਈ ਰੱਖਣ ਲਈ ਅਕਾਲ ਤਖ਼ਤ ਦੇ ਤਹਿਤ ਸਾਬਕਾ ਫੌਜੀਆਂ ਦੀ ਇਕ ਬਟਾਲੀਅਨ ਬਣਾਏ ਜਾਣ ਦੀ ਆਗਿਆ ਹੋਵੇਗੀ ਤੇ ਅਕਾਲ ਤਖ਼ਤ ਦੇ ਜਥੇਦਾਰ ਇਨ੍ਹਾਂ ਫੌਜੀਆਂ ਨੂੰ ਅਸਲੇ ਦੇ ਲਾਇਸੈਂਸ ਦੇ ਸਕੇਗਾ। ਇਸ ਲਈ Indian Arms Act ਹੇਠਾਂ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਹੋ ਸਕਦੀ ਹੈ।
ਡਾ. ਗੁਰਮੀਤ ਸਿੰਘ ਐਡਵੋਕੇਟ