ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਦੋਂ ਭਾਰਤੀ ਫੌਜ ਨੇ ਅੰਮ੍ਰਿਤਸਰ ਨੂੰ ਐਟਮ ਬੰਬ ਨਾਲ ਉਡਾਉਣ ਦੀ ਸਲਾਹ ਬਣਾਈ


ਲੈਫ. ਜਨ. ਕੁਲਦੀਪ ਸਿੰਘ ਬਰਾੜ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਸਮੇਂ ਆਪਣੀ ਫੌਜ ਦੀ ਕਮਾਂਡ ਕਰ ਰਹੇ ਸਨ। ਬਾਅਦ ਵਿਚ ਉਹਨਾਂ ਨੇ 'ਸਾਕਾ ਨੀਲਾ ਤਾਰਾ' ਨਾਮ ਦੀ ਇਕ ਪੁਸਤਕ ਲਿਖੀ। ਇਹ ਪੁਸਤਕ ਭਾਵੇਂ ਸਰਕਾਰੀ ਨੁਕਤਾ-ਨਿਗਾਹ ਤੋਂ ਲਿਖੀ ਗਈ ਪਰ ਫਿਰ ਵੀ ਇਸ ਵਿਚ ਬਹੁਤ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਸਰਕਾਰ ਦੀ ਸਿੱਖਾਂ ਪ੍ਰਤੀ ਸੋਚ ਦਾ ਪਤਾ ਲੱਗਦਾ ਹੈ। ਪੇਸ਼ ਹਨ ਇਸ ਪੁਸਤਕ ਵਿਚੋਂ ਕੁਝ ਅੰਸ਼।         - ਸੰਪਾਦਕ


ਹਰਿਮੰਦਰ ਸਾਹਿਬ ਇੱਕ ਮਜ਼ਬੂਤ ਇਮਾਰਤ ਹੋਣ ਕਰਕੇ ਅਤੇ ਆਕਾਰ ਵਿੱਚ ਵੱਡਾ ਹੋਣ ਕਰਕੇ ਇਸ 'ਤੇ ਕਬਜ਼ਾ ਕਰਨਾ ਔਖਾ ਸੀ, ਸੋ ਪਹਿਲਾਂ ਫ਼ੌਜ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਛੋਟੇ ਆਕਾਰ ਦੀ ਬਿਲਡਿੰਗ ਬਣਾ ਕੇ 17 ਦਿਨ ਦੀ ਸਿਖਲਾਈ ਦਿੱਤੀ ਗਈ ਅਤੇ ਫੇਰ ਹੈਦਰਾਬਾਦ ਵਿੱਚ ਕਾਫੀ ਵੱਡੀ ਬਿਲਡਿੰਗ ਵਿੱਚ ਮਈ 1984 ਵਿੱਚ ਅਖੀਰਲੀ ਸਿਖਲਾਈ ਦਿੱਤੀ ਗਈ। 30 ਮਈ 1984 ਨੂੰ ਮੈਨੂੰ ਦਿੱਲੀ ਆਉਣ ਲਈ ਸੁਨੇਹਾ ਆਇਆ ਅਤੇ ਹਰਿਮੰਦਰ ਸਾਹਿਬ 'ਤੇ ਹਮਲੇ ਵਾਲੀ ਕਹਾਣੀ ਸੁਣਾਈ। ਅਸਲ ਵਿੱਚ ਮੇਰੀ ਘਰ ਵਾਲੀ ਇਸ ਗੱਲ ਤੋਂ ਡਰ ਗਈ, ਕਿਉਂਕਿ ਉਸ ਨੇ ਭਿੰਡਰਾਂਵਾਲੇ ਦੇ ਕਾਰਨਾਮੇ ਅਖ਼ਬਾਰਾਂ ਵਿੱਚ ਪੜ੍ਹੇ ਸਨ। ਜਦੋਂ ਮੈਂ ਦਿੱਲੀ ਪਹੁੰਚਿਆ, ਉੱਥੋਂ ਸਾਨੂੰ ਚੰਡੀਗੜ੍ਹ ਲਿਜਾਇਆ ਗਿਆ। ਸਾਡੇ ਅੱਗੇ ਜਨਰਲ ਵੈਦਿਆ, ਲੈਫਟੀਨੈਂਟ ਜਨਰਲ ਕੇ. ਸੁੰਦਰਜੀ, ਰਣਜੀਤ ਦਿਆਲ ਤੇ ਸਾਰੇ ਸੀਨੀਅਰ ਅਫ਼ਸਰ ਸਨ। ਮੈਨੂੰ ਹਮਲੇ ਦਾ ਮਹੀਨਾ ਪਹਿਲਾਂ ਹੀ ਪਤਾ ਸੀ, ਜਦੋਂ ਦਾ ਹਿਮਾਚਲ ਤੇ ਹੈਦਰਾਬਾਦ ਵਿੱਚ ਸਿਖਲਾਈ ਚਲਾਈ ਜਾ ਰਹੀ ਸੀ। ਸਾਨੂੰ ਦੱਸਿਆ ਗਿਆ ਕਿ ਜੇਕਰ ਹਮਲਾ ਨਾ ਕੀਤਾ ਗਿਆ, ਤਾਂ ਭਿੰਡਰਾਂਵਾਲੇ ਦੀ ਵੱਧਦੀ ਲੋਕ-ਪ੍ਰਿਯਤਾ ਸਰਕਾਰ ਲਈ ਖ਼ਤਰਾ ਹੈ। ਭਿੰਡਰਾਂਵਾਲਾ ਆਪਣੇ ਧਰਮ ਦੀਆਂ ਮੰਗਾਂ ਲੈ ਕੇ ਅੜਿਆ ਬੈਠਾ ਹੈ। ਜਦੋਂ ਕਿ ਆਰ. ਐੱਸ.ਐੱਸ. ਇਸ ਗੱਲ 'ਤੇ ਰੌਲਾ ਪਾ ਰਹੀ ਹੈ ਕਿ ਭਿੰਡਰਾਂਵਾਲਾ ਹਰੇਕ ਨੂੰ ਅੰਮ੍ਰਿਤ ਛੱਕਵਾ ਕੇ ਦੇਸ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਆਰ. ਐੱਸ. ਐੱਸ. ਦੇ ਇਹਨਾਂ ਬਿਆਨਾਂ ਨੇ ਇੰਦਰਾ ਗਾਂਧੀ ਨੂੰ ਹਮਲਾ ਕਰਨ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਵਿਰੋਧੀ ਪਾਰਟੀ ਦਾ ਆਰ. ਐੱਸ.ਐੱਸ. ਨਾਲ ਸਮੱਰਥਨ ਹੋਣ ਕਰਕੇ ਇੰਦਰਾ ਲਈ ਮੁਸ਼ਕਲ ਬਣਦੀ ਜਾ ਰਹੀ ਸੀ। ਆਰ. ਐੱਸ. ਐੱਸ. ਦੱਖਣੀ ਰਾਜਾਂ 'ਚ ਭਿੰਡਰਾਂਵਾਲੇ ਨੂੰ ਹਰੇਕ ਸਿੱਖ ਦੇ ਗਲ ਕਿਰਪਾਨ ਪੁਆ ਕੇ ਹਿੰਦੂਆਂ ਲਈ ਖ਼ਤਰਾ ਪੈਦਾ ਕਰਨ ਦੀ ਸਥਿਤੀ ਦਾ ਪ੍ਰਚਾਰ ਕਰ ਰਹੀ ਸੀ। ਸਾਨੂੰ ਵੈਦਿਆ ਵੱਲੋਂ ਇੱਕ ਜੂਨ ਨੂੰ ਹਮਲੇ ਦੀ ਤਰਜੀਹ ਦਿੱਤੀ ਗਈ, ਕਿਉਂਕਿ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਹੋਣ ਕਰਕੇ ਵੱਡੀ ਗਿਣਤੀ 'ਚ ਲੋਕ ਆਉਣੇ ਸਨ। ਲੋਕੀਂ ਵੀ ਕਨੂੰਨ ਦਾ ਸਹਾਰਾ ਲੈਣ ਦੀ ਥਾਂ ਭਿੰਡਰਾਂਵਾਲੇ ਕੋਲ ਆਪਣਾ ਫੈਸਲਾ ਲੈਣ ਨੂੰ ਤਰਜੀਹ ਦੇਣ ਲੱਗੇ, ਇੱਧਰ ਕਈ-ਕਈ ਸਾਲ ਅਦਾਲਤਾਂ ਵਿੱਚ ਲਟਕਦੇ ਕੇਸ ਭਿੰਡਰਾਂਵਾਲੇ ਕੋਲ ਸਿਰਫ਼ ਕੁਝ ਘੰਟਿਆਂ ਵਿੱਚ ਹੀ ਨਿਪਟਣ ਲੱਗੇ ਸਨ। ਪੰਜਾਬ ਦੇ ਥਾਣੇ ਅਤੇ ਅਦਾਲਤਾਂ ਖਾਲੀ ਹੋਣ ਲੱਗੀਆਂ। ਅਖ਼ੀਰ ਲੋਕਾਂ ਵਿੱਚ ਏਨੇ ਹਰਮਨ ਪਿਆਰੇ ਹੋਣ ਵਾਲੇ ਨੂੰ ਥੱਲੇ ਲੈ ਕੇ ਆਉਣਾ ਸਰਕਾਰ ਲਈ ਜ਼ਰੂਰੀ ਸੀ। ਜਿਸ ਕਾਰਨ ਸਾਨੂੰ ਬਲਿਊ ਸਟਾਰ ਅਪ੍ਰੇਸ਼ਨ ਕਰਨਾ ਪਿਆ।
1 ਜੂਨ ਸਵੇਰੇ 3 ਵਜੇ ਮੇਰਾ ਨਾਇਬ ਬ੍ਰਿਗੇਡੀਅਰ ਐਨ. ਕੇ. ਨਿੱਕੀ ਤਲਵਾੜ ਮੇਰੇ ਮੁਖੀ ਅਫ਼ਸਰਾਂ ਨਾਲ ਮੇਰੇ ਕੋਲ ਪਹੁੰਚਿਆ। ਸਾਰੇ ਪੰਜਾਬ ਨੂੰ ਫ਼ੌਜੀ ਛਾਉਣੀ ਵਿੱਚ ਬਦਲ ਦਿੱਤਾ ਗਿਆ। 6 ਲੱਖ ਫ਼ੌਜ ਸਾਰੇ ਪੰਜਾਬ ਵਿੱਚ ਲਗਾਈ ਗਈ ਅਤੇ 1 ਲੱਖ 33 ਹਜ਼ਾਰ ਫ਼ੌਜੀ ਜਵਾਨ ਬਲਿਊ ਸਟਾਰ ਲਈ ਰੱਖੇ ਗਏ ਅਤੇ ਸਪੈਸ਼ਲ 2 ਲੱਖ ਫ਼ੌਜੀ ਜਵਾਨ ਹਰਿਮੰਦਰ ਸਾਹਿਬ ਤੋਂ 25 ਕਿਲੋਮੀਟਰ ਦੇ ਘੇਰੇ ਵਿੱਚ ਰੱਖੇ ਗਏ। ਪੰਜਾਬ ਨੂੰ ਸਾਰੀ ਦੁਨੀਆਂ ਨਾਲੋਂ ਤੋੜ ਦਿੱਤਾ ਗਿਆ ਅਤੇ ਅਸੀਂ ਹਰਿਮੰਦਰ ਸਾਹਿਬ ਤੋਂ 5 ਕਿਲੋਮੀਟਰ ਦੂਰ ਆਪਣਾ ਦਫ਼ਤਰ ਬਣਾਇਆ, ਜਿੱਥੇ ਮੈਂ 10 ਦਿਨ ਰਿਹਾ। ਸਾਨੂੰ ਵੱਡਾ ਡਰ ਸੀ ਕਿ ਜੇਕਰ ਪੰਜਾਬ ਵਿੱਚ ਬਗ਼ਾਵਤ ਉੱਠ ਖਲੋਤੀ, ਤਾਂ 1947 ਵਾਲੀ ਘਟਨਾ ਵਾਪਰ ਸਕਦੀ ਹੈ, ਪਰ ਇੱਥੇ ਕੇਂਦਰ ਸਰਕਾਰ ਨੇ ਇੱਕ ਬਹੁਤ ਹੀ ਸਿਆਣੀ ਚਾਲ ਚੱਲੀ। ਉਸ ਨੇ ਉਸ ਸਮੇਂ 7000 ਉਹ ਪੰਜਾਬੀ ਇਕੱਠੇ ਕੀਤੇ ਜਿਹੜੇ ਥਾਣਿਆਂ ਵਿੱਚ ਮੁਖ਼ਬਰੀ ਦਾ ਕੰਮ ਕਰਦੇ ਸਨ ਅਤੇ ਸਭ ਨੂੰ ਸਮਝਾਇਆ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਖਿੱਲਰ ਜਾਵੋ, ਉਹਨਾਂ ਨੂੰ ਸਪੈਸ਼ਲ ਅਡੈਂਟੀ ਕਾਰਡ ਦਿੱਤੇ ਗਏ ਤਾਂ ਜੋ ਪੁਲੀਸ ਤੇ ਫ਼ੌਜ ਲਈ ਕੋਈ ਅੜਚਨ ਨਾ ਬਣਨ। ਸਭ ਨੇ ਪਿੰਡਾਂ ਵਿੱਚ ਜਾ ਕੇ ਇਹ ਕਹਿਣਾ ਸੀ ਕਿ ਫ਼ੌਜ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕਰ ਦਿੱਤਾ ਹੈ ਤੇ ਭਿੰਡਰਾਂਵਾਲੇ ਨੇ ਸਭ ਨੂੰ ਛੇਤੀ ਤੋਂ ਛੇਤੀ ਅੰਮ੍ਰਿਤਸਰ ਪਹੁੰਚਣ ਲਈ ਕਿਹਾ ਹੈ, ਕਿਉਂਕਿ ਅਗਰ ਪੰਜਾਬ ਦੀ ਇਹ ਜਵਾਨੀ ਪਿੰਡਾਂ ਵਿੱਚ ਬੈਠੀ ਰਹਿੰਦੀ, ਤਾਂ ਜ਼ਰੂਰ ਪਰਲੋ ਮਚਾ ਸਕਦੇ ਸੀ। ਸੋ ਸਾਰੀ ਫ਼ੌਜ ਨੂੰ ਆਰਡਰ ਕੀਤਾ ਗਿਆ ਕਿ ਜੋ ਵੀ ਲੋਕਾਂ ਦੇ ਜੱਥੇ ਅੰਮ੍ਰਿਤਸਰ ਨੂੰ ਆ ਰਹੇ ਹਨ, ਉਹਨਾਂ ਨੂੰ ਕਿਤੇ ਵੀ ਨਾ ਰੋਕਿਆ ਜਾਵੇ, ਜਦੋਂ ਇਹ ਜੱਥੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਤੱਕ ਆ ਜਾਣ, ਉਦੋਂ ਉਹਨਾਂ ਦਾ ਡਾਂਗਾਂ ਨਾਲ ਸਵਾਗਤ ਕੀਤਾ ਜਾਵੇ ਤੇ 12 ਘੰਟੇ ਖੇਤਾਂ ਵਿੱਚ ਬਿਠਾਏ ਜਾਣ। ਕਿਉਂਕਿ ਜਦੋਂ ਇਹ ਲੋਕ ਥੱਕੇ-ਟੁੱਟੇ ਅੰਮ੍ਰਿਤਸਰ ਪਹੁੰਚਣੇ ਸਨ, ਤਾਂ ਫ਼ੌਜ ਵੱਲੋਂ ਪਿਟਾਈ ਹੋਣੀ ਸੀ, ਉਸ ਤੋਂ ਬਾਅਦ 12 ਘੰਟੇ ਹੋਰ ਦੁੱਖ ਝੱਲਣਾ ਪੈਣਾ ਸੀ ਤੇ ਫੇਰ ਇਹਨਾਂ ਨੂੰ ਆਪਣੇ ਘਰ ਜਾਂਦਿਆਂ ਨੂੰ 2 ਦਿਨ ਤੱੱਕ ਤਾਂ ਲੱਗ ਹੀ ਜਾਣੇ ਸਨ, ਸੋ ਜਦੋਂ 5-5 ਦਿਨਾਂ ਪਿੱਛੋਂ ਪੂਰੇ ਥੱਕੇ-ਹਾਰੇ ਘਰ ਪਹੁੰਚਣਾ ਸੀ, ਇੱਕ ਤਾਂ ਉਦੋਂ ਤੱਕ ਬਲਿਊ ਸਟਾਰ ਅਪ੍ਰੇਸ਼ਨ ਪੂਰੀ ਤਰ੍ਹਾਂ ਮੁੱਕ ਜਾਣਾ ਸੀ, ਦੂਸਰਾ ਪੰਜਾਬ ਵਿੱਚ ਬਗਾਵਤ ਦਾ ਡਰ ਬਿਲਕੁਲ ਮੁੱਕ ਜਾਣਾ ਸੀ। ਜਦੋਂ ਕਿ ਕੇਂਦਰ ਸਰਕਾਰ ਨੂੰ ਇਸ ਚਾਲ ਦੇ ਫੇਲ੍ਹ ਹੋਣ ਦੇ 90% ਚਾਂਸ ਲੱਗਦੇ ਸਨ, ਕਿਉਂਕਿ ਭਿੰਡਰਾਂਵਾਲਾ ਆਪਣੇ ਭਾਸ਼ਣਾਂ 'ਚ ਕਹਿੰਦਾ ਸੀ ਕਿ ਜਦੋਂ ਅਕਾਲ ਤਖ਼ਤ 'ਤੇ ਹਮਲਾ ਹੋਇਆ, ਤਾਂ ਇੱਧਰ ਨੂੰ ਕੋਈ ਨਾ ਆਵੇ ਪਿੰਡਾਂ 'ਚ ਬੈਠੀ ਸੰਗਤ ਉੱਥੇ ਹੀ ਗੁਰੂਘਰ ਦੇ ਨਿੰਦਕਾਂ ਨੂੰ ਸੋਧ ਦੇਵੇ, ਪਰ ਭਿੰਡਰਾਂਵਾਲੇ ਦੀ ਇਸ ਗੱਲ ਨੂੰ ਫੇਲ੍ਹ ਕਰਨ ਵਾਸਤੇ ਕੁਝ ਕਹਾਣੀਆਂ ਵੀ ਝੂਠੀਆਂ ਘੜੀਆਂ ਗਈਆਂ, ਜੋ 7000 ਮੁਖਬਰਾਂ ਨੂੰ ਲੋਕਾਂ 'ਚ ਸੁਣਉਣ ਵਾਸਤੇ ਦਿੱਤੀਆਂ ਗਈਆਂ। ਇਹਨਾਂ 7000 ਮੁਖ਼ਬਰਾਂ ਨੂੰ ਪੀਲੇ ਰੰਗ ਦੇ ਗੋਲ ਪਰਨੇ ਬੰਨ੍ਹਣ ਵਾਸਤੇ ਕਿਹਾ ਗਿਆ ਤੇ 1 ਫੁੱਟ ਦੀਆਂ ਕਿਰਪਾਨਾਂ ਉੱਪਰ ਦੀ ਪਾਉਣ ਲਈ ਕਿਹਾ ਗਿਆ ਤੇ ਕੁਝ ਕਹਾਣੀਆਂ ਸੁਣਾਈਆਂ ਗਈਆਂ, ਉਹਨਾਂ ਵਿੱਚੋਂ ਇੱਕ ਇਹ ਸੀ ਕਿ ਤੁਸੀਂ ਕਹਿਣਾ ਅਸੀਂ ਅਕਾਲ ਤਖ਼ਤ ਵਿੱਚੋਂ ਬਚ ਕੇ ਨਿਕਲੇ ਹਾਂ, ਭਿੰਡਰਾਂਵਾਲਾ ਫ਼ੌਜ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਪਾਕਿਸਤਾਨ ਨਿਕਲ ਗਿਆ ਤੇ ਸਭ ਸੰਗਤ ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਰੋਕਣ ਲਈ ਅੰਮ੍ਰਿਤਸਰ ਆਉਣ ਲਈ ਕਿਹਾ ਗਿਆ ਹੈ। ਸੋ ਇਹ ਸਕੀਮ ਬਹੁਤ ਕਾਮਯਾਬ ਹੋਈ। ਲੋਕ ਵਹੀਰਾਂ ਘੱਤ ਕੇ ਅੰਮ੍ਰਿਤਸਰ ਆਉਣ ਲੱਗੇ। ਅੱਗੋਂ ਫ਼ੌਜ ਦੀ ਕੁੱਟ ਪੈਂਦੀ ਅਤੇ ਹਵਾਈ ਫਾਇਰਿੰਗ ਕਰ ਕੇ ਗੋਲੀ ਦਾ ਡਰਾਵਾ ਦਿੱਤਾ ਜਾਂਦਾ ਤੇ ਘਰ ਵਾਪਸ ਮੋੜ ਦਿੱਤੇ ਜਾਂਦੇ। ਸੋ ਭਿੰਡਰਾਂਵਾਲੇ ਦੇ ਭਾਸ਼ਣ ਸਰਕਾਰ ਨੇ ਬੇਅਸਰ ਕਰ ਦਿੱਤੇ। ਇਹ ਸਕੀਮ ਇਸ ਕਰਕੇ ਘੜੀ ਗਈ ਸੀ, ਕਿਉਂਕਿ ਅਸੀਂ ਆਪਣੀਆਂ ਕਾਰਵਾਈਆਂ ਵਿੱਚ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖ ਚੁੱਕੇ ਸਾਂ। ਸੋ ਪੰਜਾਬ ਵਿੱਚ ਬਗਾਵਤ ਦੀ ਬਲਾ ਦਾ ਇਲਾਜ ਲੱਭ ਲਿਆ ਸੀ।  
ਸਾਨੂੰ ਦਿੱਲੀ ਤੋਂ ਮੁੜ-ਮੁੜ ਇਹ ਹਦਾਇਤ ਕੀਤੀ ਜਾ ਰਹੀ ਸੀ ਕਿ ਅਕਾਲੀ ਆਗੂਆਂ ਦਾ ਪੂਰਾ-ਪੂਰਾ ਖਿਆਲ ਰੱਖਿਆ ਜਾਵੇ, ਕਿਸੇ ਵੀ ਤਰ੍ਹਾਂ ਉਹਨਾਂ ਨੂੰ ਸੁਰੱਖਿਅਤ ਕੱਢਿਆ ਜਾਵੇ। ਸੋ ਜ਼ਹਿਰੀਲੀ ਗੈਸ ਨਾਲ ਅਕਾਲੀ ਆਗੂਆਂ ਦਾ ਨੁਕਸਾਨ ਹੋ ਸਕਦਾ ਸੀ, ਇਸ ਕਰਕੇ ਹੋਸਟਲ ਸਮੂਹ, ਜਿੱਥੇ ਅਕਾਲੀ ਆਗੂ ਲੁਕੇ ਹੋਏ ਸਨ, ਇੱਥੇ ਜ਼ਹਿਰੀਲੀ ਗੈਸ ਛੱਡਣ ਦਾ ਸੁਝਾਅ ਛੱਡ ਦਿੱਤਾ ਅਤੇ ਬ੍ਰਹਮ ਬੂਟਾ ਅਖਾੜਾ ਅਤੇ ਹੋਟਲ ਟੈਂਪਲ ਵਿਊ 'ਤੇ ਹਮਲਾ ਕਰਨ ਦਾ ਹੁਕਮ ਦਿੱਤਾ ਗਿਆ। ਬੁਲਟ ਪਰੂਫ਼ ਗੱਡੀਆਂ ਦੇ ਟਾਇਰਾਂ ਲਈ ਰੇਲ ਗੱਡੀ ਦੇ ਚੱਕਿਆਂ ਦੀ ਵਰਤੋਂ ਕੀਤੀ ਗਈ। ਜਦੋਂ ਇਹ ਗੱਡੀਆਂ ਬ੍ਰਹਮ ਬੂਟਾ ਅਖਾੜਾ ਅਤੇ ਹੋਟਲ ਟੈਂਪਲ ਵਿਊ ਦੇ ਨੇੜੇ ਪਹੁੰਚੀਆਂ ਤਾਂ ਇਹਨਾਂ ਨੇ ਛੋਟੀਆਂ ਗੰਨਾਂ ਨਾਲ ਜ਼ਹਿਰੀਲੀ ਗੈਸ ਦੇ ਗੋਲੇ ਅੰਦਰ ਸੁੱਟਣੇ ਸਨ ਅਤੇ ਬਾਅਦ ਵਿੱਚ ਗਰਨੇਡ ਸੁੱਟਣੇ ਸਨ।
ਜਦੋਂ ਜ਼ਹਿਰੀਲੀ ਗੈਸ ਦੇ ਗੋਲੇ ਅੰਦਰ ਸੁੱਟੇ ਗਏ, ਤਾਂ ਖਾੜਕੂਆਂ ਵੱਲੋਂ ਬੜੀ ਫੁਰਤੀ ਨਾਲ ਅੰਦਰੋਂ ਬਾਹਰ ਪਰਕਰਮਾ 'ਚ ਸੁੱਟੇ ਕੁਝ ਗੋਲੇ ਬਿਲਡਿੰਗ ਦੇ ਬਾਹਰਲੇ ਪਾਸੇ ਦੋ-ਪਾਸੜ ਚੱਲਦੀ ਗੋਲੀ ਲੱਗਣ ਕਰਕੇ ਫਟ ਕੇ ਸਾਡੇ ਜਵਾਨਾਂ ਦੀਆਂ ਗੱਡੀਆਂ ਉੱਪਰ ਡਿੱਗੇ, ਸਾਡੇ ਜਵਾਨਾਂ ਨੂੰ ਕਈ ਵਾਰੀ ਗੱਡੀਆਂ ਅੱਗੇ-ਪਿੱਛੇ ਕਰਨੀਆਂ ਪਈਆਂ। ਸੋ ਲਗਾਤਾਰ ਗਰਨੇਡ ਤੇ ਜ਼ਹਿਰੀਲੀ ਗੈਸ ਦੇ ਗੋਲੇ ਸੁੱਟਣ ਕਰਕੇ ਕੁਝ ਖਾੜਕੂ ਮਾਰੇ ਗਏ। ਕੁਝ ਤਹਿਖਾਨਿਆਂ 'ਚ ਜਾ ਲੁਕੇ। ਜਦੋਂ ਸਾਡੇ ਜਵਾਨਾਂ ਨੂੰ ਅੰਦਰੋਂ ਗੋਲੀ ਰੁਕਣ ਦੀ ਤਸੱਲੀ ਹੋ ਗਈ, ਤਾਂ 19 ਗੱਡੀਆਂ ਵਿੱਚ ਮੂੰਹ ਵਿੱਚ ਆਕਸੀਜਨ ਦੇ ਮੁਕਟ ਪਾਈ 93 ਜਵਾਨ ਅੰਦਰ ਦਾਖ਼ਲ ਹੋਏ ਤੇ ਅੰਦਰ ਪਈਆਂ ਲਾਸ਼ਾਂ ਦੇਖੀਆਂ ਗਈਆਂ, ਉਸ ਤੋਂ ਬਾਅਦ ਦੂਜੇ 62 ਜਵਾਨ ਅੰਦਰ ਦਾਖ਼ਲ ਹੋਏ।
ਮੈਂ ਬੇਝਿਜਕ ਇਹ ਗੱਲ ਲਿਖਾਂਗਾ ਕਿ ਇੱਕ ਵਾਰੀ ਤਾਂ ਇੰਝ ਲੱਗਦਾ ਸੀ ਕਿ ਬਘਿਆੜ ਨੇ ਸ਼ੇਰ ਦੇ ਮੂੰਹ ਵਿੱਚ ਹੱਥ ਪਾ ਲਿਆ ਸੀ। ਸਾਡੀ ਫ਼ੌਜ ਨੂੰ ਵੀ ਪਾਕਿਸਤਾਨ ਦੀ ਏਨੀ ਫ਼ੌਜ ਨੂੰ 3 ਜੰਗਾਂ ਵਿੱਚ ਖੂੰਜੇ ਲਾਉਣ ਕਰਕੇ ਬਹੁਤ ਮਾਣ ਸੀ। ਜਨਰਲ ਵੈਦਿਆ ਨੇ ਕਿਹਾ ਕਿ ਜੇਕਰ ਸਾਡੀ ਫ਼ੌਜ ਇਸੇ ਤਰ੍ਹਾਂ ਮਰਦੀ ਰਹੀ, ਤਾਂ ਪਾਕਿਸਤਾਨ ਅਤੇ ਚੀਨ ਦੇ ਸਾਹਮਣੇ ਸਾਡੀ ਬੇਇੱਜ਼ਤੀ ਇਸ ਤਰ੍ਹਾਂ ਹੋਵੇਗੀ ਜਿਵੇਂ ਕਿਸੇ ਪਿਓ ਦੀ ਧੀ ਦੀ ਇੱਜ਼ਤ ਉਸ ਦੇ ਨੌਕਰ ਨੇ ਲੁੱਟ ਲਈ ਹੋਵੇ। ਇਸ ਤੋਂ ਚੰਗਾ ਹੋਵੇਗਾ ਕਿ ਅਸੀਂ ਫ਼ੌਜ ਤੋਂ ਅਸਤੀਫ਼ਾ ਦੇ ਕੇ ਹਿਮਾਚਲ ਦੇ ਪਹਾੜਾਂ ਵਿੱਚ ਜਾ ਬੈਠੀਏ। ਹੁਣ ਕਰੋ ਜਾਂ ਮਰੋ, ਪਰ ਸਾਡੇ ਸਾਹਮਣੇ ਇੱਕ ਮਜ਼ਬੂਤ ਬਿਲਡਿੰਗ ਸੀ ਤੇ ਉਸ ਵਿੱਚ ਬੈਠੇ ਭਿੰਡਰਾਂਵਾਲੇ ਦੇ ਚੇਲੇ ਆਦਮੀ ਨਹੀਂ ਸਨ, ਉਹ ਤਾਂ ਇੱਕ ਅਜਿਹੀ ਫ਼ੌਜ ਸੀ, ਜਿਸ ਨੂੰ ਨਾ ਮੌਤ ਦਾ ਕੋਈ ਡਰ ਸੀ, ਨਾ ਆਪਣੇ ਘਰ ਦਿਆਂ ਦਾ ਮੋਹ ਸੀ, ਨਾ ਦੁਨੀਆਂ ਵਿੱਚ ਕਿਸੇ ਚੀਜ਼ ਦੀ ਖ਼ਾਹਿਸ਼ ਸੀ। ਉਹ ਤਾਂ ਇੱਕ ਦੂਜੇ ਤੋਂ ਪਹਿਲਾਂ ਮਰਨਾ ਚਾਹੁੰਦੇ ਸੀ। ਉਹਨਾਂ ਦੀ ਕਮਾਨ ਇੱਕ ਤੇਜ਼-ਤਰਾਰ ਤੇ ਹੰਢਿਆ ਹੋਇਆ ਸਾਬਕਾ ਫ਼ੌਜੀ ਅਫ਼ਸਰ ਸੁਬੇਗ ਸਿੰਘ ਕਰ ਰਿਹਾ ਸੀ।
ਸਾਡੇ ਜਹਾਜ਼ ਇੱਕ ਮਿੰਟ ਵਿੱਚ 15000 ਗੋਲੀਆਂ ਦੇ ਹਿਸਾਬ ਨਾਲ ਸਮੂਹ ਖਿੜਕੀਆਂ, ਮੋਰਚਿਆਂ 'ਤੇ ਲਗਾਤਾਰ ਗੋਲੀ ਚਲਾ ਰਹੇ ਸਨ। ਇਸ ਦੌਰਾਨ ਸਾਨੂੰ ਸ਼ੱਕ ਹੋਇਆ ਕਿ ਜਵਾਨ ਆਪਣਾ ਰਾਹ ਖੁੰਝ ਕੇ ਗਲਤ ਗੋਲੀ ਚਲਾ ਰਹੇ ਹਨ, ਉਸੇ ਵੇਲੇ ਤੁਰੰਤ ਗੋਲੀ ਰੋਕੀ ਗਈ, ਪਰ ਅਕਾਲ ਤਖ਼ਤ ਨਾਲ ਲੱਗਦੀਆਂ ਬਿਲਡਿੰਗਾਂ ਦੇ ਜਵਾਨ ਲਗਾਤਾਰ ਤੜਫ-ਤੜਫ ਕੇ ਮਰਨ ਲੱਗੇ। ਸਿਰਫ਼ 35 ਮਿੰਟ ਚੱਲੀ ਗੋਲੀ ਨੇ ਸਾਡੇ 2773 ਜਵਾਨ ਸ਼ਹੀਦ ਕਰ ਦਿੱਤੇ ਤੇ 900 ਤੋਂ ਵਧੇਰੇ ਜ਼ਖ਼ਮੀ ਹੋਏ। ਜਿਹੜੇ ਨਾਨਕ ਨਿਵਾਸ ਅਤੇ ਗੁਰੂ ਰਾਮਦਾਸ ਸਰਾਂ ਦੀਆਂ ਬਿਲਡਿੰਗਾਂ 'ਤੇ ਸਨ, ਉਹਨਾਂ ਨੂੰ ਆਪਣੇ ਰਾਹ ਛੱਡਣੇ ਪਏ। ਸਾਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਸਿਰਫ਼ ਸੈਂਕੜਿਆਂ ਦੀ ਗਿਣਤੀ ਦੇ ਅੱਤਵਾਦੀ ਸਾਡੇ 'ਤੇ ਕਿਉਂ ਭਾਰੂ ਪੈ ਰਹੇ ਹਨ। ਜੇਕਰ ਇਹੋ ਜਿਹੇ ਪਾਕਿਸਤਾਨ ਦੀ ਫ਼ੌਜ ਵਿੱਚ ਹੋਣ, ਤਾਂ ਸ਼ਾਮ ਤੱਕ ਸਾਰੇ ਹਿੰਦੁਸਤਾਨ 'ਤੇ ਕਬਜ਼ਾ ਕਰ ਜਾਣ। ਅਸਲ 'ਚ ਭਿੰਡਰਾਂਵਾਲੇ ਦੀਆਂ ਬਾਰੂਦ ਨਾਲ ਭਰੀਆਂ ਤਕਰੀਰਾਂ ਨੇ ਸਮੂਹ ਅੱਤਵਾਦੀਆਂ ਦੇ ਦਿਲਾਂ ਵਿੱਚੋਂ ਮੌਤ ਦਾ ਖੌਫ਼ ਬਾਹਰ ਕੱਢ ਦਿੱਤਾ ਸੀ ਤੇ ਜਦੋਂ ਮੌਤ ਦਾ ਖੌਫ਼ ਮਨ ਵਿੱਚੋਂ ਬਾਹਰ ਨਿਕਲ ਜਾਵੇ ਅਤੇ ਚੰਗਾ ਜਰਨੈਲ ਮਿਲ ਜਾਵੇ, ਫਿਰ ਉਸ ਸਮੂਹ 'ਤੇ ਜਿੱਤ ਕਰਨੀ ਨਾਮੁਮਕਿਨ ਹੋ ਜਾਂਦੀ ਹੈ। ਹੁਣ ਸਾਨੂੰ ਸਿਰਫ਼ ਦੋ ਗੱਲਾਂ ਹੀ ਸੁੱਝ ਰਹੀਆਂ ਸਨ, ਜਾਂ ਤਾਂ (ਗੁਰੂ) ਗੋਬਿੰਦ ਸਿੰਘ ਦੇ ਸਮੇਂ ਅਨੁਸਾਰ ਮੁਗ਼ਲ ਫ਼ੌਜਾਂ ਵਾਂਗ ਅੰਮ੍ਰਿਤਸਰ ਨੂੰ ਘੇਰਾ ਪਾ ਕੇ ਬੈਠੇ ਰਹੀਏ ਜਾਂ ਟੈਂਕਾਂ ਨਾਲ ਹਮਲਾ ਕੀਤਾ ਜਾਵੇ, ਕਿਉਂਕਿ ਜਿੱਥੇ ਸਾਡੇ ਹੁਣ ਤੱਕ 6052 ਜਵਾਨ ਮਾਰੇ ਜਾ ਚੁੱਕੇ ਸਨ, ਕੀ ਉੱਥੇ ਹੋਰ ਫ਼ੌਜ ਭੇਜ ਕੇ ਮੂਰਖਤਾ ਦਾ ਪ੍ਰਗਟਾਵਾ ਕਰਨਾ ਸੀ। 4 ਜੂਨ ਨੂੰ ਸਵੇਰੇ ਜਿਹੜੇ ਸਾਡੇ 2773 ਜਵਾਨ ਬਿਲਡਿੰਗਾਂ ਦੀਆਂ ਛੱਤਾਂ ਉੱਪਰ ਸ਼ਹੀਦ ਹੋਏ, ਉਹ ਜਦੋਂ ਰੂਸ ਦੇ ਗੋਲੀ-ਦਿਸ਼ਾ ਦੇਖਣ ਵਾਲੇ ਸ਼ਕਤੀਸ਼ਾਲੀ ਲੇਜ਼ਰ ਰਾਹੀਂ ਦੇਖਿਆ ਗਿਆ, ਤਾਂ ਪਤਾ ਲੱਗਾ ਕਿ 150 ਸਾਲ ਪੁਰਾਣੇ ਬਣੇ ਬੁੰਗਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਹ ਬੁੰਗੇ ਸਭ ਤੋਂ ਉੱਚੇ ਸਨ, ਇਹਨਾਂ ਦੇ ਚਾਰੇ ਪਾਸੇ ਅਕਾਲ ਤਖ਼ਤ ਦੀਆਂ ਸਭ ਤੋਂ ਉੱਪਰਲੀਆਂ ਬਿਲਡਿੰਗਾਂ 'ਤੇ ਗੋਲੀ ਚਲਾਈ ਜਾ ਸਕਦੀ ਸੀ। ਰੂਸ ਦੀ ਬਣੀ ਲੇਜਰ ਤੋਂ ਪਤਾ ਲੱਗਾ ਕਿ ਇਹ ਗੋਲੀਆਂ ਭਾਰੀ ਮਸ਼ੀਨਗੰਨਾਂ ਨਾਲ ਦਾਗੀਆਂ ਗਈਆਂ ਹਨ।
ਅਸੀਂ ਐਮਰਜੈਂਸੀ ਹਾਰਨ ਵਜਾ ਕੇ ਸਾਰੀ ਫ਼ੌਜ ਨੂੰ ਬਾਹਰ ਕੱਢਿਆ, ਜ਼ਖ਼ਮੀ ਜਵਾਨਾਂ ਨੂੰ ਚੁੱਕ ਕੇ ਲਿਆਏ ਤੇ ਜਵਾਨਾਂ ਦੀ ਪ੍ਰਸ਼ੰਸਾ ਕੀਤੀ ਗਈ। ਜ਼ਖ਼ਮੀ ਜਵਾਨ ਦਰਦ ਨਾਲ ਕੁਰਲਾ ਰਹੇ ਸਨ ਅਤੇ ਕਈ ਦਰਦ ਨਾ ਸਹਾਰਦੇ ਹੋਏ ਡਾਕਟਰੀ ਮਦਦ ਤੋਂ ਪਹਿਲਾਂ ਹੀ ਬੇਹੋਸ਼ ਹੋ ਰਹੇ ਸਨ, ਕਿਉਂਕਿ ਕਾਫ਼ੀ ਖ਼ੂਨ ਨਿਕਲਣ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਜਾ ਰਹੇ ਸਨ।  ਜਨਰਲ ਵੈਦਿਆ ਨੇ ਕਿਹਾ ਕਿ ਹੁਣ ਗੌਰਮਿੰਟ ਨੂੰ ਇੱਕ ਐਟਮ ਬੰਬ ਅੰਮ੍ਰਿਤਸਰ ਪਰਖ ਕੇ ਦੇਖਣਾ ਚਾਹੀਦਾ ਹੈ।

ਲੈਫ. ਜਨ. ਕੁਲਦੀਪ ਸਿੰਘ ਬਰਾੜ