ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਕਾ ਦਰਬਾਰ ਸਾਹਿਬ : ਸਿੱਖ ਰੈਫਰੈਂਸ ਲਾਇਬਰੇਰੀ ਦੀ ਦਾਸਤਾਨ


ਜੂਨ 1984 ਵਿਚ ਸਿੱਖ ਧਰਮ ਦੇ ਪਵਿੱਤਰ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ ਨੂੰ 28 ਵਰ੍ਹੇ ਹੋ ਚੱਲੇ ਹਨ। ਹਮਲਾ ਕਿਓਂ, ਕਿਵੇਂ ਅਤੇ ਕਿਸ ਢੰਗ ਜਾਂ ਸਾਜ਼ਿਸ਼ ਨਾਲ ਹੋਇਆ, ਇਹ ਇਕ ਵੱਖਰਾ ਸਵਾਲ ਹੈ ਪ੍ਰੰਤੂ ਏਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਹੋਏ ਇਸ ਜ਼ੁਲ਼ਮ ਦੀ ਦਾਸਤਾਂ, ਇਸ ਦੇ ਜ਼ਖ਼ਮਾਂ ਦੀ ਪੀੜਾ ਅਤੇ ਬੇਗਾਨਗੀ ਦੀ ਭਾਵਨਾ ਅੱਜ ਵੀ ਜਿਓਂ ਦੀ ਤਿਓਂ ਹੈ। ਅਜਿਹਾ ਵੀ ਨਹੀਂ ਕਿ ਇਸ ਭਾਵਨਾ ਦਾ ਸਾਜ਼ਿਸ਼ੀ ਢੰਗ ਨਾਲ ਅਹਿਸਾਸ ਕਰਵਾਉਣ ਵਿਚ ਸਿਰਫ਼ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਦਾ ਹੀ ਦੋਸ਼ ਹੈ ਬਲਕਿ ਗ਼ੈਰ ਕਾਂਗਰਸੀ ਸਰਕਾਰਾਂ ਵੀ ਪਿੱਛੇ ਨਹੀਂ ਰਹੀਆਂ। ਇਸ ਹਮਲੇ ਦੌਰਾਨ ਫ਼ੌਜ ਦੀਆਂ ਗੋਲ਼ੀਆਂ ਦਾ ਨਿਸ਼ਾਨਾ ਬਣੇ ਸਿੱਖ ਸ਼ਰਧਾਂਲੂਆਂ, ਬੇਕਸੂਰ ਲੋਕਾਂ ਅਤੇ ਖਾੜਕੂਆਂ ਦੀਆਂ ਲਾਸ਼ਾਂ ਦੀ ਗਿਣਤੀ ਦਾ ਵੀ ਅੱਜ ਤੱਕ ਸਹੀ ਢੰਗ ਨਾਲ ਸਾਹਮਣੇ ਨਾ ਆ ਸਕਣਾ ਲੋਕਤੰਤਰਿਕ ਕਹਾਉਣ ਵਾਲੇ ਮੁਲਕ ਲਈ ਨਮੋਸ਼ੀ ਵਾਲੀ ਗੱਲ ਹੈ। ਇਸ ਕੇਂਦਰੀ ਅਸਥਾਨ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਜਾਇਬ ਘਰ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਸੀ ਅਤੇ ਅੰਦਰਲੇ 132 ਕੀਮਤੀ ਚਿੱਤਰ ਗੋਲ਼ੀਆਂ ਨਾਲ ਨਸ਼ਟ ਹੋ ਗਏ ਸਨ। ਦੁਰਲੱਭ ਨੁਸਖ਼ੇ ਸੜਕੇ ਸੁਆਹ ਹੋ ਗਏ, ਦਰਬਾਰ ਸਾਹਿਬ ਅੰਦਰ ਇਕ ਵੀ ਗੁੰਬਦ, ਬੁਰਜੀ ਜਾਂ ਜੰਗਲਾ ਨਾ ਬਚਿਆ, ਜਿਸ ਵਿਚ ਗੋਲੀਆਂ ਨਾ ਵੱਜੀਆਂ ਹੋਣ। ਪ੍ਰਕਰਮਾ ਦੇ ਸਾਰੇ ਕਮਰੇ, ਲੰਗਰ ਹਾਲ, ਅਕਾਲ ਗੈਸਟ ਹਾਊਸ, ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਸਮੇਤ ਬੇਸ਼ਕੀਮਤੀ ਇਮਾਰਤਾਂ ਅੱਗ ਨੇ ਲੂਹ ਸੁੱਟੀਆਂ, ਬਿਜਲੀ ਦੇ ਪੱਖੇ ਪਿਘਲ ਕੇ ਪੱਤੀਆਂ ਬਣ ਗਏ, ਲੱਕੜ ਦੇ ਦਰਵਾਜ਼ੇ, ਬਾਰੀਆਂ, ਮੀਨਾਕਾਰੀ ਚੁਗਾਠਾਂ ਤੇ ਅਲਮਾਰੀਆਂ ਦੇ ਸਮਝੋ ਕੋਲੇ ਬਣ ਗਏ। ਹਮਲੇ ਦੌਰਾਨ ਨੁਕਸਾਨੀ ਹਰ ਚੀਜ਼ ਦੀ ਪੂਰਤੀ ਸੰਭਵ ਹੋ ਸਕਦੀ ਹੈ, ਸਿਵਾਏ ਕੀਮਤੀ ਜਾਨਾਂ ਅਤੇ ਸਿੱਖ ਕੌਮ ਦੇ ਕੀਮਤੀ ਸਰਮਾਏ ਨਾਲ ਨੱਕੋ-ਨੱਕ ਭਰੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ। 28 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਇਸ ਲਾਇਬ੍ਰੇਰੀ ਅੰਦਰਲਾ ਕੀਮਤੀ ਸਰਮਾਇਆ ਕਿੱਥੇ ਚਲਾ ਗਿਆ, ਵਾਪਿਸ ਕਿਓਂ ਨਹੀਂ ਦਿੱਤਾ ਗਿਆ ਜਾਂ ਇਸ ਲਾਇਬ੍ਰੇਰੀ ਦੀ ਹੋਂਦ ਕਿਵੇਂ ਤੇ ਕਿਓਂ ਮਿਟਾਈ ਗਈ? ਇਸ ਸਬੰਧੀ ਕਈ ਵੱਡੇ ਸਵਾਲ ਅਜੇ ਵੀ ਖੜ੍ਹੇ ਹਨ।
ਸਥਾਪਨਾ, ਇਤਿਹਾਸ ਤੇ ਉਦੇਸ਼ - ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਆਟੇ ਮੰਡੀ ਵਾਲੀ ਦਰਸ਼ਨੀ ਡਿਊਢੀ ਉੱਪਰ ਸਥਾਪਿਤ ਹੋਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਸਥਾਪਨਾ ਵਿਚ ਮਹੱਤਵਪੂਰਨ ਰੋਲ ਸਿੱਖ ਹਿਸਟੋਰੀਕਲ ਸੁਸਾਇਟੀ ਦਾ ਰਿਹਾ, ਜੋ 1930 ਵਿਚ ਬਣੀ ਸੀ। ਬਾਵਾ ਬੁੱਧ ਸਿੰਘ ਦੀ ਅਗਵਾਈ ਵਿਚ ਸਿੱਖ ਵਿਦਵਾਨਾਂ ਦੀ ਵਿਸ਼ੇਸ਼ ਮੀਟਿੰਗ 19 ਅਪ੍ਰੈਲ 1945 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿਚ ਇਸ ਦਾ ਵਿਧਾਨ ਨਿਸ਼ਚਤ ਕੀਤਾ ਗਿਆ। ਵਰਕਿੰਗ ਕਮੇਟੀ ਵਿਚ ਤੇਜਾ ਸਿੰਘ, ਬਾਵਾ ਪ੍ਰੇਮ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਗੁਰਮੁੱਖ ਨਿਹਾਲ ਸਿੰਘ ਤੇ ਗੰਡਾ ਸਿੰਘ ਜਿਹੇ ਵਿਦਵਾਨ ਸੱਜਣ ਸ਼ਾਮਿਲ ਹੋਏ ਤੇ ਕੇਂਦਰੀ ਸਿੱਖ ਲਾਇਬ੍ਰੇਰੀ ਦੀ ਸਥਾਪਨਾ 'ਤੇ ਜ਼ੋਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 822 ਜੋ ਅਕਤੂਬਰ 1946 ਨੂੰ ਪਾਇਆ ਗਿਆ, ਵਿਚ ਇਸ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ 10 ਫ਼ਰਵਰੀ 1947 ਨੂੰ ਸਵ: ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਬੰਬਾ ਦੀ ਪ੍ਰਧਾਨਗੀ ਹੇਠ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੀਟਿੰਗ ਵਿਚ ਇਸ ਦਾ ਵਿਸਥਾਰ ਕਰ ਦਿੱਤਾ ਗਿਆ ਤੇ ਲਾਇਬ੍ਰੇਰੀ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਭਰ ਦੇ ਸਿੱਖ ਸ਼ਰਧਾਲੂਆਂ ਤੇ ਸੰਪਰਦਾਵਾਂ ਵਲੋਂ ਦਹਾਕਿਆਂ ਦੇ ਯਤਨਾਂ ਦੌਰਾਨ ਕੇਂਦਰੀ ਸਿੱਖ ਲਾਇਬ੍ਰੇਰੀ ਤੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਬਣੀ। ਇਸ ਦੇ ਵਿਕਾਸ ਵਿਚ ਸਥਾਪਨਾ ਤੋਂ ਲੈ ਕੇ ਵੱਖ-ਵੱਖ ਸਮੇਂ ਰਹੇ ਲਾਇਬ੍ਰੇਰੀ ਦੇ ਇੰਚਾਰਜ ਸਹਿਬਾਨ, ਜਿਨ੍ਹਾਂ ਵਿਚ ਡਾ: ਗੰਡਾ ਸਿੰਘ, ਅਜੀਤ ਸਿੰਘ ਅੰਬਾਲਵੀ, ਗਿਆਨੀ ਜੰਗ ਸਿੰਘ, ਪ੍ਰਿੰ: ਸਰਮੁੱਖ ਸਿੰਘ ਅਮੋਲ, ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਤੇ ਡਾ: ਦਵਿੰਦਰ ਸਿੰਘ ਦੁੱਗਲ਼ ਦਾ ਜ਼ਿਕਰ ਹੈ, ਨੇ ਅਪਣੀ ਸੂਝਬੂਝ ਤੇ ਸਿਆਣਪ ਨਾਲ 1 ਜੂਨ 1984 ਤੱਕ ਦੁਰਲੱਭ ਪੁਸਤਕਾਂ ਜਿਨ੍ਹਾਂ ਦੀ ਗਿਣਤੀ 13 ਹਜ਼ਾਰ 300 ਦੇ ਕਰੀਬ ਸੀ ਤੋਂ ਇਲਾਵਾ ਗੁਰੂ ਸਾਹਿਬਾਨ, ਸਮਕਾਲੀ ਵਿਦਵਾਨਾਂ, ਕਵੀਆਂ ਅਤੇ ਉਸ ਵੇਲੇ ਦੇ ਮਹਾਨ ਚਿੰਤਕਾਂ ਦੀਆਂ ਪੰਜ ਸੌ ਹੱਥ ਲਿਖ਼ਤਾਂ ਦੇ ਖਰੜੇ। ਦਰਜਨਾਂ ਪੁਰਾਤਨ ਹੱਥ ਲਿਖ਼ਤਾਂ, ਪਵਿੱਤਰ ਬੀੜਾਂ, ਹੁਕਮਨਾਮੇ ਅਤੇ ਜਨਮ ਸਾਖੀਆਂ ਇਥੇ ਰੱਖੀਆਂ ਗਈਆਂ। 1 ਜੂਨ 1984 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰ ਦਰਜ ਕੀਤੀਆਂ ਕਿਤਾਬਾਂ ਦੀ ਗਿਣਤੀ ਰਜਿਸਟਰ ਮੁਤਾਬਕ 13 ਸੌ ਤੋਂ ਉੱਪਰ ਚੱਲ ਰਹੀ ਸੀ। ਇਸ ਤੋਂ ਗੁਰੂ ਸਹਿਬਾਨ ਦੇ ਗੁਰਮੁਖੀ ਵਿਚ ਦਸਤਖਤਾਂ ਵਾਲੇ ਕੀਮਤੀ ਦਸਤਾਵੇਜ਼ ਸਿੱਖ ਕੌਮ ਦਾ ਸਮਝੋ ਬੇਸ਼ਕੀਮਤੀ ਸਰਮਾਇਆ ਸਨ।
ਸਾਜ਼ਿਸ਼ੀ ਹਮਲਾ - ਵੇਂ ਪਵਿੱਤਰ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ 3 ਜੂਨ ਨੂੰ ਹੋਇਆ ਕਿਹਾ ਜਾਂਦਾ ਹੈ, ਪ੍ਰੰਤੂ ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਹਮਲਾ 1 ਜੂਨ ਨੂੰ ਹੀ ਹੋ ਗਿਆ ਸੀ। ਉਸ ਵਕਤ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਮੌਜੂਦ ਡਾ: ਦਵਿੰਦਰ ਸਿੰਘ ਦੁੱਗਲ਼, ਹਰਦੀਪ ਸਿੰਘ ਘੁੰਗਰਾਲੀ ਸਿੱਖਾਂ ਕਲਰਕ ਤੇ ਬਲਵੀਰ ਸਿੰਘ ਲਾਇਬ੍ਰੇਰੀਅਨ ਸਮੇਤ ਇਕ ਦੋ ਹੋਰ ਵਿਅਕਤੀ ਮੌਜੂਦ ਸਨ। ਦੁਪਿਹਰ ਕਰੀਬ 1.30 ਤੋਂ ਗੋਲਾਬਾਰੀ ਸ਼ੁਰੂ ਹੋਈ ਅਤੇ ਸ਼ਾਮ ਤੱਕ ਰੁਕ-ਰੁਕ ਕੇ ਹੁੰਦੀ ਗੋਲਾਬਰੀ ਵਿਚ 1 ਬੱਚੇ ਸਮੇਤ 8 ਵਿਅਕਤੀ ਮਾਰੇ ਗਏ ਸਨ। ਸਵ: ਦਵਿੰਦਰ ਸਿੰਘ ਦੁੱਗਲ ਦਾ ਕਹਿਣਾ ਸੀ ਕਿ ਲਾਇਬ੍ਰੇਰੀ ਅੰਦਰ ਕੰਮ ਕਰਦਿਆਂ ਫ਼ੌਜ ਦੀਆਂ ਕੁਝ ਗੋਲ਼ੀਆਂ ਕਈ ਅਲਮਾਰੀਆਂ ਨੂੰ ਚੀਰਦੀਆਂ, ਉਨ੍ਹਾਂ ਦੇ ਆਲ਼ੇ-ਦੁਆਲੇ ਤੋਂ ਲੰਘ ਰਹੀਆਂ ਸਨ। ਉਨ੍ਹਾਂ ਦੱਸਿਆ ਕਿ 6 ਜੂਨ ਤੱਕ ਲਾਇਬ੍ਰੇਰੀ ਮਾਮੂਲੀ ਨੁਕਸਾਨ ਨੂੰ ਛੱਡ ਕੇ ਸੁਰੱਖਿਅਤ ਸੀ। ਹਮਲੇ ਦੀ ਸਮਾਪਤੀ ਉਪਰੰਤ ਫ਼ੌਜ ਵਲੋਂ ਇਹ ਵਾਰ-ਵਾਰ ਦਾਅਵਾ ਕੀਤਾ ਗਿਆ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਫੌਜੀ ਹਮਲੇ ਦੌਰਾਨ ਸੜ ਗਈ, ਜਦਕਿ ਫ਼ੌਜੀ ਹਮਲੇ ਤੋਂ ਬਾਅਦ ਇਸ ਲਾਇਬ੍ਰੇਰੀ ਵਿਚਲਾ ਸਮਾਨ ਫ਼ੌਜ ਕਈ ਬਖ਼ਤਰਬੰਦ ਗੱਡੀਆਂ ਵਿਚ ਲੱਦ ਕੇ ਅਪਣੇ ਨਾਲ ਲੈ ਗਈ ਤੇ ਇਸੇ ਘਟਨਾਕ੍ਰਮ ਦੇ ਚਲਦਿਆਂ ਦਵਿੰਦਰ ਸਿੰਘ ਦੁੱਗਲ ਕਿਸੇ ਤਰੀਕੇ 6 ਜੂਨ ਸ਼ਾਮ ਨੂੰ ਬਚ ਕੇ ਉਸ ਸਮੇਂ ਦੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਭਾਨ ਸਿੰਘ ਦੇ ਘਰ ਪੁੱਜਣ ਵਿਚ ਸਫਲ ਹੋ ਗਏ ਤੇ ਉਦੋਂ ਤੱਕ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਪੂਰੀ ਤਰ੍ਹਾਂ ਸੁਰੱਖਿਅਤ ਸੀ। ਲਾਇਬ੍ਰੇਰੀ ਦੇ ਇੰਚਾਰਜ ਸ. ਦਵਿੰਦਰ ਸਿੰਘ ਦੁੱਗਲ਼ ਨੂੰ ਫ਼ੌਜ ਸ: ਭਾਨ ਸਿੰਘ ਦੇ ਘਰੋਂ 9 ਜੂਨ 1984 ਵਾਲੇ ਦਿਨ ਚੁੱਕ ਲਿਆਈ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਲਾਇਬ੍ਰੇਰੀ ਨੂੰ ਵਾਪਸ ਵਸੂਲ ਪਾਏ ਜਾਣ ਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦੇਵੇ ਪਰ ਉਨ੍ਹਾਂ ਠੋਕਵਾਂ ਜਵਾਬ ਦੇ ਦਿੱਤਾ ਕਿ ਉਹ ਏਨਾ ਹੀ ਲਿਖ਼ ਸਕਦੇ ਹਨ ਕਿ 'ਲਾਇਬ੍ਰੇਰੀ ਨਹੀਂ, ਰਾਖ਼ ਵਸੂਲ ਪਾਈ।' ਇਸ ਸਬੰਧੀ ਅਹਿਮ ਤੱਥ ਉਸ ਵੇਲੇ ਸਾਹਮਣੇ ਆਏ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਾਰ-ਵਾਰ ਹਿੰਦੋਸਤਾਨੀ ਹਕੂਮਤ ਪਾਸੋਂ ਫ਼ੌਜ ਦੇ ਕਬਜ਼ੇ ਵਾਲਾ ਲਿਟਰੇਚਰ ਮੰਗਿਆ ਗਿਆ ਤੇ ਅਖ਼ੀਰ ਹਿੰਦੁਸਤਾਨ ਦੇ ਰੱਖਿਆ ਮੰਤਰੀ ਜਾਰਜ ਫ਼ਰਨਾਡੇਜ਼ ਨੇ ਮਈ 2000 ਵਿਚ ਮੰਨਿਆ ਕਿ ਭਾਰਤੀ ਫ਼ੌਜ ਵਲੋਂ ਹਮਲੇ ਦੌਰਾਨ ਕਬਜ਼ੇ ਵਿਚ ਲੈ ਲਏ ਗਏ ਦਸਤਾਵੇਜ਼ ਸੀ. ਬੀ. ਆਈ. ਪਾਸ ਹਨ ਤੇ ਇਸ ਸਬੰਧੀ ਕੇਂਦਰ ਦੇ ਸਬੰਧਿਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਕੁਝ ਹੋਰ ਤੱਥ ਅਤੇ ਸਬੂਤ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਅਨੁਸਾਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਵਾਪਸੀ ਲਈ ਕੇਂਦਰ ਨਾਲ ਗੱਲਬਾਤ ਦੌਰਾਨ ਇਹ ਕੇਸ ਬੇਹੱਦ ਦਲੀਲਪੂਰਨ ਅਤੇ ਸਬੂਤਾਂ ਸਹਿਤ ਕਈ ਵਾਰ ਪੇਸ਼ ਕੀਤਾ ਗਿਆ ਤੇ ਉਸ ਸਮੇਂ ਦੇ ਰੱਖਿਆ ਮੰਤਰੀ ਵੀ ਸਕੱਤਰ ਸ਼੍ਰੋਮਣੀ ਕਮੇਟੀ ਦੀਆਂ ਦਲੀਲਾਂ ਦਾ ਜਵਾਬ ਨਾ ਦੇ ਸਕੇ ਅਤੇ ਇਹ ਕਹਿ ਕੇ ਟਾਲਮਟੋਲ ਕਰਦੇ ਰਹੇ ਕਿ ਇਹ ਸਾਰਾ ਕੁਝ ਸੀ. ਬੀ. ਆਈ. ਪਾਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਅਪਣੇ-ਆਪ ਵਿਚ ਤਰਕਸੰਗਤ ਵੀ ਹੈ ਅਤੇ ਉਚੇਚਾ ਧਿਆਨ ਮੰਗਦੀ ਹੈ ਕਿ ਆਖ਼ਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀਮਤੀ ਸਰਮਾਇਆ ਗਿਆ ਕਿੱਥੇ? ਅਜਿਹੇ ਯਤਨਾਂ ਦੇ ਚਲਦਿਆਂ ਇਕ ਵੇਰਾਂ ਸੀ. ਬੀ. ਆਈ. ਲਈ ਕੰਮ ਕਰਦੇ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਰਣਜੀਤ ਸਿੰਘ ਨੰਦਾ ਨੇ ਮੰਨਿਆ ਸੀ ਕਿ ਉਨ੍ਹਾਂ ਭਾਰਤੀ ਫ਼ੌਜ ਵਲੋਂ 165 ਬੋਰਿਆਂ ਵਿਚ ਬੰਦ ਕੀਤਾ ਸਿੱਖ ਇਤਿਹਾਸ ਨਾਲ ਸਬੰਧਿਤ ਲਾਇਬ੍ਰੇਰੀ ਦਾ ਸਮਾਨ ਖ਼ੁਦ ਅਪਣੇ ਹੱਥੀਂ ਚੈੱਕ ਕੀਤਾ ਤੇ ਇਸ ਦਾ ਇਕ-ਇਕ ਦਸਤਾਵੇਜ਼ ਵੇਖਦਿਆਂ ਹੈਰਾਨੀ ਹੋਈ ਕਿ ਹੱਥ ਲਿਖ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵਿਚ ਗੋਲ਼ੀਆਂ ਦੇ ਨਿਸ਼ਾਨ ਸਨ। ਸ: ਨੰਦਾ ਨੇ ਹੀ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਪੁਸਤਕਾਂ ਤੇ ਹੋਰ ਸਮਾਨ ਵਾਪਸ ਕੀਤਾ ਸੀ, ਜਿਸ ਤੋਂ ਸਪੱਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਾਰਾ ਸਮਾਨ ਫ਼ੌਜ ਚੁੱਕ ਕੇ ਲੈ ਗਈ ਸੀ ਅਤੇ ਬਾਅਦ ਵਿਚ ਇਸ ਨੂੰ ਅੱਗ ਲਗਾ ਦਿੱਤੀ ਗਈ। ਨੰਦਾ ਨੇ ਜੋ ਕੁਝ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕੀਤਾ, ਉਸ ਉੱਪਰ ਅੱਜ ਵੀ ਮਿਲਟਰੀ ਭਾਸ਼ਾ ਵਿਚ ਲਗਾਏ ਗਏ ਨੰਬਰ ਮੌਜ਼ੂਦ ਹਨ, ਜਿਸ ਤੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਮਾਨ ਫ਼ੌਜ ਕੋਲ ਹੋਣ ਦਾ ਸਬੂਤ ਮਿਲਦਾ ਹੈ।
ਹੈਰਾਨੀਜਨਕ ਤੱਥ - ਲਾਇਬ੍ਰੇਰੀ ਦੇ ਅਚਾਨਕ ਸੜ ਜਾਣ ਦੇ ਦਾਅਵਿਆਂ ਨੂੰ ਇਨ੍ਹਾਂ ਸਬੂਤਾਂ ਨਾਲ ਹੋਰ ਵੀ ਝੁਠਲਾਇਆ ਜਾ ਸਕਦਾ ਹੈ ਕਿ ਲਾਇਬ੍ਰੇਰੀ ਅੰਦਰਲੇ ਮੁਲਾਜ਼ਮਾਂ ਵਿਚੋਂ ਇਕ ਹਰਦੀਪ ਸਿੰਘ ਘੁੰਗਰਾਲੀ ਸਿੱਖਾਂ (ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਮੈਨੇਜਰ ਹਨ) ਦੀ 7 ਜੂਨ 1984 ਨੂੰ ਹੋਈ ਗਿਫ੍ਰਤਾਰੀ ਤੋਂ ਪਹਿਲਾਂ 6 ਜੂਨ ਤੱਕ ਸਾਰਾ ਕੁਝ ਸਹੀ ਸਲਾਮਤ ਸੀ ਤੇ ਫ਼ੌਜ ਵਲੋਂ ਸਭ ਕੁਝ ਠੀਕ-ਠਾਕ ਦਾ ਐਲਾਨ ਕਰ ਦਿੱਤਾ ਗਿਆ ਤਾਂ ਬਾਅਦ ਵਿਚ ਲਾਇਬ੍ਰੇਰੀ ਨੂੰ ਨਸ਼ਟ ਕਰਨਾ, ਸਮਾਨ ਚੁੱਕ ਕੇ ਲੈ ਜਾਣਾ ਤੇ ਸੜ ਜਾਣ ਦਾ ਦਾਅਵਾ ਕਰਨਾ ਬਿਲਕੁਲ ਵਾਜਿਬ ਨਹੀਂ। ਸੋਚਣ ਵਾਲੀ ਗੱਲ ਹੈ ਕਿ ਜੇ ਸੜ ਗਈ ਸੀ ਤਾਂ ਫਿਰ ਲਾਇਬ੍ਰੇਰੀ ਦੇ ਨਾਲ ਲਗਦਾ ਲਾਇਬ੍ਰੇਰੀਅਨ ਦਾ ਦਫ਼ਤਰ ਸੁਰੱਖਿਅਤ ਕਿਵੇਂ ਰਿਹਾ? ਕੁਝ ਵਿਦਵਾਨਾਂ ਮੁਤਾਬਕ 6 ਜੂਨ ਦੀ ਸਾਰੀ ਰਾਤ ਭਾਰਤੀ ਫ਼ੌਜ ਇਸ ਲਾਇਬ੍ਰੇਰੀ ਵਿਚੋਂ ਸਮਾਨ ਕੱਢ ਕੇ ਲਿਜਾਂਦੀ ਰਹੀ ਅਤੇ 7 ਜੂਨ ਨੂੰ ਇਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਲੱਕੜ ਦੀਆਂ ਅਲਮਾਰੀਆਂ, ਰੈਕ, ਸੈਂਚੀਆਂ, ਰੁਮਾਲੇ, ਪੁਰਾਣੀਆਂ ਅਖ਼ਬਾਰਾਂ ਸਮੇਤ ਹੋਰ ਸਮਾਨ ਨੂੰ ਨਸ਼ਟ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹਮਲੇ ਦੌਰਾਨ ਸੜੇ ਸਮਾਨ ਦੀ ਰਾਖ਼ ਲਾਇਬ੍ਰੇਰੀ ਦੀ ਹੀ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਮਲੇ ਦੌਰਾਨ ਲਾਇਬ੍ਰੇਰੀ ਅੱਗ ਦੀ ਭੇਟਾ ਚੜ੍ਹ ਗਈ ਸੀ ਤਾਂ ਰਣਜੀਤ ਸਿੰਘ ਨੰਦਾ , ਸੀ. ਬੀ. ਆਈ. ਕੋਲੋਂ ਇਹ ਪੁਸਤਕਾਂ ਕਿਵੇਂ ਲੈ ਆਏ? ਤੇ ਇਹ ਸਾਰਾ ਕੁਝ ਸੀ. ਬੀ. ਆਈ. ਪਾਸ ਕਿਵੇਂ ਆ ਗਿਆ?
ਬੇਗਾਨਗੀ ਦੀ ਸਿਖ਼ਰ - ਕੇਂਦਰ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਫ਼ੌਜੀ ਹਮਲਾ ਹੋਇਆ। ਸ੍ਰੀਮਤੀ ਗਾਂਧੀ ਦੀ 31 ਅਕਤੂਬਰ 1984 ਨੂੰ ਮੌਤ ਤੋਂ ਬਾਅਦ ਰਾਜੀਵ ਗਾਂਧੀ ਸਰਕਾਰ ਪਾਸੋਂ ਲਾਇਬ੍ਰੇਰੀ ਜਾਂ ਚੁੱਕੇ ਗਏ ਸਮਾਨ ਦੀ ਵਾਪਸੀ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਸੀ, ਪ੍ਰੰਤੂ ਅਫ਼ਸੋਸ ਇਸ ਗੱਲ ਦਾ ਹੈ ਕਿ ਜਿੰਨੇ ਵੀ ਗ਼ੈਰ ਕਾਂਗਰਸੀ ਸਰਕਾਰਾਂ ਦੇ ਕੇਂਦਰ ਵਿਚ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਵਿਚ ਵੀ. ਪੀ. ਸਿੰਘ, ਚੰਦਰ ਸੇਖ਼ਰ, ਇੰਦਰ ਕੁਮਾਰ ਗੁਜਰਾਲ ਜਾਂ ਅਟੱਲ ਬਿਹਾਰੀ ਵਾਜਪਈ ਸ਼ਾਮਿਲ ਹਨ, ਨੇ ਵੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਰ-ਵਾਰ ਅਪੀਲ 'ਤੇ ਠੋਸ ਕਾਰਵਾਈ ਜਾਂ ਕੋਈ ਢੁੱਕਵਾਂ ਹੱਲ ਕੱਢਣ ਦਾ ਯਤਨ ਨਹੀਂ ਕੀਤਾ ਤੇ ਸਰਕਾਰ ਵੱਲੋਂ ਇਹ ਆਖਿਆ ਜਾਂਦਾ ਰਿਹਾ ਕਿ ਲਾਇਬ੍ਰੇਰੀ ਤਬਾਹ ਹੋ ਚੁੱਕੀ ਹੈ। ਇੱਥੋਂ ਤੱਕ ਕਿ ਦੇਸ਼ ਦੇ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਖ਼ੁਦ ਅੰਮ੍ਰਿਤਸਰ ਆ ਕੇ ਸਾਰੀ ਗੱਲ ਸੁਣਨ ਦੇ ਬਾਵਜੂਦ ਵੀ ਇਸ ਸਬੰਧੀ ਕੋਈ ਠੋਸ ਯਤਨ ਨਾ ਕਰ ਸਕੇ। ਇਸ ਨੂੰ ਸਿੱਖ ਕੌਮ ਪ੍ਰਤੀ ਬੇਰੁਖ਼ੀ ਦਾ ਸਿਖ਼ਰ ਹੀ ਕਿਹਾ ਜਾ ਸਕਦਾ ਹੈ ਕਿ ਸਾਰਾ ਕੁਝ ਸੀ. ਬੀ. ਆਈ. ਪਾਸ ਮੰਨਣ ਵਾਲੇ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਵਲੋਂ 17 ਅਗਸਤ 2000 ਨੂੰ ਜਲੰਧਰ ਵਿਚ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਨਾਲ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਵੱਜੀ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਫ਼ੌਜ ਵਲੋਂ ਚੁੱਕੇ 117 ਦਸਤਾਵੇਜ਼ ਅਦਾਲਤ ਦੇ ਹੁਕਮਾਂ ਅਨੁਸਾਰ ਰਾਸ਼ਟਰ ਵਿਰੋਧੀ ਪਾਏ ਗਏ, ਜਿਸ ਕਾਰਨ ਉਹ ਨਸ਼ਟ ਕਰ ਦਿੱਤੇ ਗਏ।
ਫ਼ੌਜ ਵਲੋਂ ਜੂਨ 1984 ਵਿਚ ਚੁੱਕ ਕੇ ਲਿਜਾਈਆਂ ਗਈਆਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਕੁਝ ਪੁਸਤਕਾਂ ਜੋ ਰਣਜੀਤ ਸਿੰਘ ਨੰਦਾ ਵਲੋਂ ਅਪਣੀ ਸੇਵਾ ਮੁਕਤੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਦਿੱਤੀਆਂ ਗਈਆਂ, ਜਿਨ੍ਹਾਂ ਦਾ ਮੌਜੂਦਾ ਲਾਇਬ੍ਰੇਰੀ ਵਿਚ ਦਰਜ ਨੰਬਰ 7034 ਤੋਂ 7067 ਤੱਕ ਹੈ ਤੇ ਇਨ੍ਹਾਂ ਪੁਸਤਕਾਂ ਦੇ 1 ਜੂਨ 1984 ਤੋਂ ਪਹਿਲੇ ਨੰਬਰ ਵੀ ਰਿਕਾਰਡ ਵਿਚ ਦਰਜ ਹਨ, ਵਿਚ ਹੇਠ ਲਿਖੇ ਦਸਤਾਵੇਜ ਸ਼ਾਮਿਲ ਹਨ : - ਨੀਸਾਣ ਪਾ: 10ਵੀਂ ਲਿਖ਼ਤੀ ਬੀੜ ਸੰਮਤ ਵਾਲੀ, ਰਾਗਾਂ ਦਾ ਤਤਕਰਾ, ਭਾਈ ਜੈਵਹਰਿ ਮੱਲ ਸਰਬੱਤ ਸੰਗਤ ਬਨਾਰਸ, ਹੁਕਨਾਮਾ ਪਾ: 9ਵੀਂ ਵਲੋਂ ਭਾਈ ਜਵੇਹਰੀ ਮੱਲ ਵਲ, ਹੁਕਮਨਾਮਾ ਭਾਈ ਜਵੇਹਰੀ ਮੱਲ ਵਲ, 10ਵੀਂ ਪਾਤਸ਼ਾਹੀ ਵੱਲੋਂ ਭਾਈ ਜੇਡ ਜੀ ਵਲੋਂ, ਸੂਚੀ ਸਮੱਗਰੀ ਪਾ: 10ਵੀਂ ਜੀ ਦੀ ਲਿਖ਼ਤ ਦੀਆਂ ਤਿੰਨ ਲਿਖ਼ਤਾਂ, ਤਤਕਰਾ ਰਾਗਾਂ ਦਾ ਸੰਮਤ 1764 ਮਿਤੀ, ਪੰਨਾ ਨੰ: 1 ਸਹੀ ਤਰਤੀਬ ਸੰਮਤ ਵਾਲੀ ਅਤੇ ਪੰਨਾ ਨੰਬਰ 2, ਸ਼ੁੱਧ ਕਰਮ ਰਾਗ ਮਾਰੂ ਭਗਤ ਬਾਣੀ, ਰਾਗ ਭੈਰਊ ਭਗਤ ਬਾਣੀ, ਭਗਤ ਬਾਣੀ ਰਾਗ ਬਸੰਤ, ਸਾਰੰਗ, ਸਲੋਕ ਵਾਰਾਂ ਤੋਂ ਵਧੀਕ ਸਹੀ ਤਰਤੀਬ ਬਿਨ੍ਹਾਂ ਸੰਮਤ ਵਾਲੀ ਬੀੜ, ਆਖ਼ਰੀ ਪੰਨਾ, 507 ਸਹੀ ਤਰਤੀਬ ਵਿਚ, ਸਵੈਯਾ ਦਾ ਸਹੀ ਟਿਕਾਣਾ ਪੰਨਾ 514/2, ਨੀਸਾਣ ਪਾ: 10ਵੀਂ ਗੁਟਕਾ, 10ਵੇਂ ਪਾਤਸ਼ਾਹ ਜੀ ਦੇ ਕਵੀਆਂ ਦਾ ਲਿਖਿਆ ਹੋਇਆ (ਦੋ ਭਾਗ), ਤਤਕਰਾ ਰਾਗਾਂ ਦਾ ਬੀੜ ਸੰਮਤ 1799 (ਦੋ ਭਾਗ), ਤਤਕਰਾ ਬਾਣੀ ਜੋ ਗੁਟਕਾ 10ਵੇਂ ਪਾ: ਜੀ ਦੇ ਕਵੀਆਂ ਦਾ ਲਿਖਿਆ (ਪੰਨਾ ਨੰਬਰ 1) (ਦੋ ਭਾਗ), ਤਤਕਰਾ ਰਾਗਾਂ ਦਾ ਬੀੜ ਮਿਤੀ ਜੇਠ ਸੁਦੀ, ਉਪਰੋਕਤ ਗ੍ਰੰਥ ਸਾਹਿਬ ਪੰਨਾ ਨੰ: 35, 1839 ਵਾਲੀ ਬੀੜ ਦਾ ਆਖ਼ਰੀ ਪੰਨਾ, ਵਾਰਾਂ ਸਟੀਕ ਭਾਈ ਗੁਰਦਾਸ, ਮਾਧਵ ਨਲ ਕਾਮ ਕੰਦਲਾ (ਹੱਥ ਲਿਖ਼ਤ), ਪੰਜ ਗ੍ਰੰਥੀ (ਹੱਥ ਲਿਖ਼ਤ), ਬਲਾਕ 500 ਸਾਲਾ (ਅੰਮ੍ਰਿਤਸਰ) ਪਿੱਤਲ, ਬਾਣੀ ਸੰਗ੍ਰਹਿ ਅਤੇ ਗਿਆਨ ਸੰਗ੍ਰਹਿ।
ਜੋ ਪੁਸਤਕਾਂ ਸੀ. ਬੀ. ਆਈ. ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਿਸ ਕੀਤੀਆਂ ਗਈਆਂ, ਮੌਜੂਦਾ ਤੇ ਪੁਰਾਤਨ ਨੰਬਰਾਂ ਨਾਲ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਵਿਚ ਦਰਜ ਹਨ : - ਅਕਾਲੀ ਅਖ਼ਬਾਰ ਮਈ 1922 ਤੋਂ 10 ਜੁਲਾਈ (1922) ਤਕ ਤੇ 2 ਜੁਲਾਈ ਤੋਂ 30 ਸਤੰਬਰ 1942 ਤਕ, ਪ੍ਰਦੇਸੀ ਖਾਲਸਾ 22 ਮਾਰਚ ਤੋਂ ਜੁਲਾਈ 1922 ਅਤੇ ਜਨਵਰੀ ਤੋਂ ਜੂਨ 1923, 7 ਜੂਨ 1924 ਤੋਂ 30 ਅਗਸਤ 1924, ਕੀ ਸਿੰਘਸ ਆਰਕਾਈਵਜ਼ 1973, 1974, 1977, 1978, ਏਸ਼ੀਅਨ ਰਿਕਾਰਡਰ 1975, 1976, 1978, 1977, ਰਹਿਤ ਨਾਮੇ (ਅਸ਼ੋਕ ਵਲੋਂ ਟਾਈਪ) ਪੰਜ ਕਾਪੀਆਂ (ਸ਼ਮਸ਼ੇਰ ਸਿੰਘ ਅਸ਼ੋਕ), ਇਨਸਾਈਕਲੋਪੀਡੀਆ ਆਫ਼ ਬ੍ਰਿਟਾਨਿਕਾ ਜਿਲ਼ਦ ਤੀਜੀ, 7ਵੀਂ, 18ਵੀਂ, ਮਾਲਵਾ ਇਤਿਹਾਸ ਵਲੋਂ ਸੰਤ ਵਿਸਾਖਾ ਸਿੰਘ ਭਾਗ -1, ਜਿਲਦ -2, ਜਿਲਦ - 3, ਪੰਜਾਬੀ ਹੱਥ ਲਿਖ਼ਤਾਂ ਦੀ ਸੂਚੀ ਭਾਗ - 1, 2, ਸਿੱਖ ਇਤਿਹਾਸ ਰਿਸਰਚ ਬੋਰਡ ਦੀ ਪ੍ਰੋਸੀਡਿੰਗ ਬੁੱਕ 1962 ਤੋਂ 1965, 1965 ਤੋਂ 1974, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਏ.ਸੀ.ਸੀ. ਰਜਿਸਟਰ 1 ਤੋਂ 5000 ਨੰਬਰ ਤੀਕ, 5000 ਤੋਂ 10,000 ਨੰਬਰ ਤਕ ਵਾਲੀਆਂ ਬੀੜਾਂ ਦੇ ਅੰਦਰਾਜ਼ ਵਾਲਾ ਰਜਿਸਟਰ, ਡਿਮਾਂਡ (ਪੁਸਤਕ ਮੰਗ ਰਜਿਸਟਰ) ਸਕਾਲਰਾਂ ਦੇ ਹਸਤਾਖ਼ਰਾਂ ਵਾਲਾ, ਕਾਨਪੁਰ ਦੇ ਰਾਮਗੜ੍ਹੀਏ, ਅਮੋਲਕ ਹੀਰਾ, ਖੋਜ ਪੱਤ੍ਰਿਕਾ (ਵਿਸ਼ੇਸ਼ ਅੰਕ) ਨਾਵਲਕਾਰ ਨਾਨਕ ਸਿੰਘ (ਦੋ ਭਾਗ), ਪੂਰਨ ਸਿੰਘ, ਅਨਮੋਲ ਬੋਲ, ਮਹਾਰਾਜਾ ਰਣਜੀਤ ਸਿੰਘ, ਗੁਰਮਤਿ ਨਾਮ, ਨਿਰਗੁਣੀਆਰਾ ਟਰੈਕਟ (ਫ਼ਰਵਰੀ-ਮਾਰਚ 1950), ਪ੍ਰੀਤ - ਰੀਤ (ਗ਼ਜ਼ਲਾਂ ਭਾਈ ਨੰਦ ਸਿੰਘ), ਅਨੋਖਾ ਸ਼ਹੀਦ ਬਾਬਾ ਦੀਪ ਸਿੰਘ, ਪ੍ਰੇਮ ਫ਼ੁਲਵਾੜੀ (ਭਾਈ ਨੰਦ ਲਾਲ ਜੀ), ਗੁਰਦੁਆਰਾ ਦਰਸਣ, ਹੰਸਾ ਦੇ ਵਿਚਾਰ ਦਰਪਣ, ਸੰਤ ਨਿਰੰਕਾਰੀ ਮੰਡਲ ਦਿੱਲੀ ਦੀ ਹਕੀਕਤ, ਅਕਾਲੀ ਲਹਿਰ ਤੇ ਜੈਤੋ ਦਾ ਮੋਰਚਾ, ਮਾਧਵ ਨਲ ਕਾਮ ਕੰਦਲਾ (ਰਾਗਮਾਲਾ ਨਿਰਣਯ), ਹਮ ਹਿੰਦੂ ਨਹੀਂ, ਸਿੱਖ ਇਤਿਹਾਸ ਦੇ ਸੋਮੇ ਲੇਖਕ ਸੋਹਣ ਸਿੰਘ ਸੀਤਲ ਭਾਗ ਤੀਜਾ, ਸ਼ਹੀਦ ਬਾਬਾ ਦੀਪ ਸਿੰਘ, ਨਿਕਾਸ ਆਰਟ ਸਿੱਖਿਆ, ਅੰਮ੍ਰਿਤਸਰ ਵੈਸਾਖੀ 1978 ਦਾ ਖੂਨੀ ਸਾਕਾ, ਲਲਕਾਰ (ਕਾਵਿ ਸੰਗ੍ਰਹਿ) ਦੁਆਰਾ ਹਰਵਿੰਦਰ ਸਿੰਘ ਖਾਲਸਾ, ਗੁਰਦੁਆਰਾ ਸੰਨ੍ਹ ਸਾਹਿਬ ਦਾ ਇਤਿਹਾਸ, ਅਕਾਲ ਉਸਤਤ, ਜਨਤਾ ਵਿਚ ਕਿਵੇਂ ਬੋਲੀਏ, ਵਾਰ ਮੇਜਰ ਭੁਪਿੰਦਰ ਸਿੰਘ, ਸਿੱਖ ਡਾਇਰੀ (ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਸ਼ਤਾਬਦੀ), ਮਾਣਸ ਜਨਮ ਦੁਰਲੱਭ ਹੈ, (ਸੋਵੀਨਾਰ) ਜਪਿਉ ਜਿਨ ਅਰਜਨ ਦੇਵ ਗੁਰੂ, ਕੌਮੀ ਰਾਜਨੀਤੀ ਅਪ੍ਰੈਲ 1984 (ਮੈਗਜ਼ੀਨ), ਖਾਲਸਾ ਪੰਥ ਇਕ ਕੌਮ ਹੈ, ਸ਼ਬਦ ਗੁਰੂ ਸਿਧਾਂਤ, ਅੰਬਾਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ, ਰਹਿਰਾਸ ਸਾਹਿਬ ਸਟੀਕ, ਸਿੱਖੀ ਅਤੇ ਸਮਾਜਵਾਦ, ਅਰਦਾਸ, ਗੁਰਮਤਿ ਪ੍ਰਕਾਸ਼ ਜਨਵਰੀ ਤੋਂ ਦਸੰਬਰ 1982, ਪੰਜਾਬ ਗਲੋਰੀਅਸ ਹੈਰੀਟੇਜ ਇੰਨ ਦਿੱਲੀ, ਹਿਸਟਰੀ ਆਫ਼ ਪੰਜਾਬ, ਦਾ ਬਰੀਫ਼ ਅਕਾਊਂਟ ਆਫ਼ ਦਾ ਸਿੱਖਜ਼ (ਦੋ ਭਾਗ), ਦੂਜਾ ਸਿੱਖ ਇਤਿਹਾਸ ਸੰਮੇਲਨ 1964 (ਦੋ ਭਾਗ), ਇੰਟਰਨੈਸ਼ਨਲ ਡਾਇਰੈਕਟਰੀ ਆਫ਼ ਆਰਟ, ਬਲਾਕ ਪੁਰਾਣਾ, ਪੁਰਾਣੀਆਂ ਪੰਜ ਫ਼ਾਈਲਾਂ।
ਗੰਭੀਰ ਤੱਥਾਂ ਅਤੇ ਸਬੂਤਾਂ ਨੇ ਸਿੱਧ ਕੀਤਾ ਹੈ ਕਿ ਭਾਰਤੀ ਫ਼ੌਜ ਨੇ ਨਸਲ ਅਤੇ ਧਰਮ ਦੀ ਟੱਕਰ ਵਿਚ ਨਾ ਕੇਵਲ ਇਸ ਦੇ ਕੇਂਦਰੀ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਇਆ ਬਲਕਿ ਸਿੱਖ ਧਰਮ ਦੇ ਸਾਹਿਤ ਅਤੇ ਸੱਭਿਆਚਾਰ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਲਾਇਬ੍ਰੇਰੀ ਨੂੰ ਤਬਾਹ ਕਰ ਦਿੱਤਾ ਕਿਉਂਕਿ ਇਤਿਹਾਸ ਤੇ ਦਸਤਾਵੇਜ਼, ਵਰਤਮਾਨ ਅਤੇ ਅਤੀਤ ਵਿਚਕਾਰ ਨਿਰੰਤਰ ਵਾਰਤਾਲਾਪ ਹੁੰਦੇ ਹਨ, ਜਿਨ੍ਹਾਂ ਆਸਰੇ ਧਰਮ ਦਾ ਪ੍ਰਵਾਹ ਚਲਦਾ ਹੈ।
ਕੁਲਦੀਪ ਸਿੰਘ ਬਰਮਾਲੀਪੁਰ
98786-20754