ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਠਾਈ ਸਾਲਾਂ ਤੋਂ ਦੁਖਦੀ ਰਗ ; ਕਾ ਦਰਬਾਰ ਸਾਹਿਬ ਤੋਂ ਨਸ਼ਿਆਂ ਦੇ ਮਾਰੂ ਹਮਲੇ ਤੱਕ


ਭਾਰਤ ਦੇਸ਼ ਵਿਚ ਇਕ ਸ਼ਹਿਰੀ ਵਜੋਂ ਸਿੱਖਾਂ ਦੀ ਕਿੰਨੀ ਕੁ ਵੁੱਕਤ ਹੈ ਇਹ ਜਾਨਣ ਲਈ ਜੂਨ 1984 ਦਾ 'ਸਾਕਾ ਦਰਬਾਰ ਸਾਹਿਬ' ਇਕ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਸਥਾਨ 'ਤੇ ਕੀਤੇ ਗਏ ਹਮਲੇ ਸਮੇਂ ਦੇਸ਼ ਦੀਆਂ ਬਲਵਾਨ ਫੌਜਾਂ ਨੇ ਜਿਹੜੀ ਫਨਾਹ ਕਰਨ ਦੀ ਨੀਤੀ ਅਪਣਾਈ ਅਸਲ ਵਿਚ ਉਹ ਭਾਰਤੀ ਬਹੁਗਿਣਤੀ ਕੌਮ ਦੀ ਦਿਲ ਦੀਆਂ ਉਹਨਾਂ ਭਾਵਨਾਵਾਂ ਦੀ ਕਰੂਪਤਾਂ ਪ੍ਰਗਟ ਕਰਦੀ ਹੈ ਜਿਸ ਤਹਿਤ ਕਿਸੇ ਘੱਟ ਗਿਣਤੀ ਕੌਮ ਨੂੰ ਸਦਾ ਲਈ ਖਤਮ ਕਰਨ ਦੇ ਮਨਸੂਬੇ ਕਾਨੂੰਨ ਦੀ ਆੜ ਹੇਠ ਬਹਾਨਾ ਬਣਾ ਕੇ ਕੀਤੇ ਗਏ ਹੋਣ। ਜੂਨ 1984 ਵਿਚ ਦਰਬਾਰ ਸਾਹਿਬ 'ਤੇ ਕੀਤਾ ਗਿਆ ਹਮਲਾ ਨਾ ਤਾਂ ਸੰਤ ਭਿੰਡਰਾਂਵਾਲਿਆਂ ਨੂੰ ਬਾਹਰ ਕੱਢਣ ਲਈ ਸੀ ਅਤੇ ਨਾ ਹੀ ਇਥੇ ਰਹਿੰਦੇ ਕੋਈ ਦੋ ਸੌ ਦੇ ਕਰੀਬ ਸਿੱਖ ਦੇਸ਼ ਲਈ ਇਨਾਂ ਵੱਡਾ ਖਤਰਾ ਬਣ ਗਏ ਸਨ ਕਿ ਉਹਨਾਂ ਨੂੰ ਖਤਮ ਕਰਨ ਲਈ ਕਿਸੇ ਦੁਸ਼ਮਣ ਦੇਸ਼ ਵਿਰੁੱਧ ਲੜਾਈ ਨਾਲੋਂ ਵੀ ਵੱਧ ਫੌਜੀ ਤਾਕਤ ਵਰਤ ਕੇ ਖਤਮ ਕਰਨਾ ਜ਼ਰੂਰੀ ਹੋ ਗਿਆ ਹੋਵੇ। ਇਸ ਫੌਜੀ ਹਮਲੇ ਸਮੇਂ ਵਰਤੋਂ ਵਿਚ ਲਿਆਂਦੇ ਗਏ ਟੈਂਕ, ਤੋਪਾਂ, ਕਰਿਸਟਲ ਬੰਬ, ਅੰਤਰਰਾਸ਼ਟਰੀ ਸੰਧੀਆਂ ਤਹਿਤ ਰੋਕੀ ਗਈ ਜ਼ਹਿਰੀਲੀ ਗੈਸ ਦੇ ਗੋਲੇ ਅਤੇ ਹਮਲੇ ਤੋਂ ਬਾਅਦ ਫੜੇ ਗਏ ਦੇਸ਼ ਦੇ ਸ਼ਹਿਰੀਆਂ ਇਕੱਠੇ ਕਰਕੇ ਗੋਲੀਆਂ ਨਾਲ ਮਾਰ ਦੇਣ, ਇਥੋਂ ਤੱਕ ਕਿ ਛੋਟੇ ਬੱਚਿਆਂ ਨੂੰ ਵੀ ਬੇਕਿਰਕੀ ਨਾਲ ਮਾਰ ਦੇਣ ਅਤੇ ਵਿਚ ਫੜੇ ਗਏ ਸਿੱਖਾਂ ਨੂੰ ਅਤਿ ਦੀ ਗਰਮੀ ਵਿਚ ਭੁੱਖੇ ਅਤੇ ਪਿਆਸੇ ਬੰਨ ਕੇ ਮਾਰ ਦੇਣ ਦੀਆਂ ਗੱਲਾਂ ਆਪਣੇ ਹੀ ਦੇਸ਼ ਵਾਸੀਆਂ 'ਤੇ ਕੀਤੇ ਗਏ ਜ਼ੁਲਮ ਦੀਆਂ ਉਹ ਉਦਾਹਰਣਾਂ ਹਨ ਜੋ ਕਿਸੇ ਵੀ ਦੇਸ਼ ਨੂੰ ਲੋਕਤੰਤਰ ਹੋਣ ਦੇ ਦਾਅਵੇ ਨੂੰ ਰੱਦ ਕਰ ਸਕਣ ਲਈ ਕਾਫੀ ਹਨ। ਫੌਜੀ ਹਮਲੇ ਸਮੇਂ ਵੱਧ ਤੋਂ ਵੱਧ ਸਿੱਖਾਂ ਨੂੰ ਮਾਰਨ ਲਈ ਗੁਰਪੁਰਬ ਦਾ ਦਿਨ ਚੁਣੇ ਜਾਣ ਅਤੇ ਸਿੱਖ ਵਿਰਾਸਤ ਦੀ ਤਬਾਹੀ ਕਰਨ ਦੇ ਮਕਸਦ ਨਾਲ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਜਾਣਬੁੱਝ ਕੇ ਅੱਗ ਲਾਉਣ ਅਤੇ ਬੇਸਕੀਮਤੀ ਵਸਤਾਂ ਚੁੱਕ ਕੇ ਫਿਰ ਵਾਪਸ ਨਾ ਦੇਣੀਆਂ ਵੀ ਇਸੇ ਗੱਲ ਦਾ ਠੋਸ ਸਬੂਤ ਹਨ ਕਿ ਦੇਸ਼ ਦਾ ਸਿੱਖਾਂ ਪ੍ਰਤੀ ਰਵੱਈਆ ਉਹਨਾਂ ਨੂੰ ਆਪਣੇ ਨਾਗਰਿਕ ਨਹੀਂ ਮੰਨਦਾ। ਏਸ਼ੀਆ ਮਹਾਂਦੀਪ ਦੇ ਸਿੱਖ ਵਸੋਂ ਵਾਲੇ ਖੇਤਰ ਵਿਚ ਸਰਕਾਰ ਭਾਵੇਂ ਮੁਸਲਮਾਨ ਹਾਕਮਾਂ ਦੀ ਹੋਵੇ, ਅੰਗਰੇਜ਼ਾਂ ਦੀ ਜਾਂ ਫਿਰ ਕਥਿਤ ਲੋਕਤੰਤਰੀ ਦੇਸ਼ ਭਾਰਤ ਦੀ ਕਿਸੇ ਵੀ ਪਾਰਟੀ ਦੀ ਹਕੂਮਤ ਹੋਵੇ, ਸਿੱਖਾਂ ਦੀ ਆਜ਼ਾਦ ਮਾਨਸਿਕਤਾ ਇਹਨਾਂ ਨੂੰ ਕਦੇ ਪਸੰਦ ਨਹੀਂ ਆਈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ 'ਧੁਰੋ ਆਜ਼ਾਦ ਕੀਤੇ' ਖਾਲਸੇ ਨੂੰ ਦਬਾ ਕੇ ਰੱਖਣ ਲਈ ਉਹ ਹਰ ਹਰਬਾ ਵਰਤੋਂ ਵਿਚ ਲਿਆਂਦਾ ਹੈ ਜਿਸ ਨੂੰ ਚੇਤੇ ਵਿਚ ਲਿਆ ਕੇ ਵੀ ਮਨੁੱਖਤਾ ਦੇ ਲੂੰ-ਕੰਡੇ ਖੜ੍ਹੇ ਹੋ ਜਾਣ। ਪਹਿਲੇ ਸਮਿਆਂ ਵਿਚ ਵਿਦੇਸ਼ੀ ਹਾਕਮਾਂ ਨੇ ਸਿੱਖਾਂ ਪ੍ਰਤੀ ਜੋ ਰਵੱਈਆ ਅਖਤਿਆਰ ਕਰੀ ਰੱਖਿਆ ਉਸ ਦੀ ਸਮਝ ਤਾਂ ਆ ਸਕਦੀ ਹੈ ਪਰ ਜਦੋਂ ਆਪਣੇ ਹੀ ਦੇਸ਼ ਵਿਚ, ਜਿਸ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਹੀ ਨਹੀਂ ਸਗੋਂ ਖੁਦ ਗੁਰੂ ਸਾਹਿਬਾਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਹੋਣ, ਉਹਨਾਂ ਸਿੱਖਾਂ ਨੂੰ ਜਦੋਂ ਦੇਸ਼ ਦੀ ਸਰਕਾਰ ਫਨਾਹ ਕਰਨ ਲਈ ਉਤਾਵਲੀ ਹੋਵੇ ਤਾਂ ਸਿੱਖਾਂ ਦਾ ਉਸ ਦੇਸ਼ ਪ੍ਰਤੀ ਵਿਉਹਾਰ ਕਿਹੋ ਜਿਹਾ ਹੋਵੇਗਾ, ਇਹ ਜਾਨਣਾ ਔਖਾ ਨਹੀਂ ਹੈ। ਦੇਸ਼ ਭਾਵੇਂ ਲੱਖ ਤਰੱਕੀ ਕਰ ਗਿਆ ਹੋਵੇ ਫਿਰ ਵੀ ਸਾਕਾ ਦਰਬਾਰ ਸਾਹਿਬ ਅਤੇ ਇਸ ਨਾਲ ਜੁੜੀਆਂ ਤਬਾਹੀ ਦੀਆਂ ਘਟਨਾਵਾਂ ਇਹ ਸਿੱਧ ਕਰਨ ਲਈ ਕਾਫੀ ਹਨ ਕਿ ਦੇਸ਼ ਦੇ ਹਾਕਮਾਂ ਦੀ ਸਿੱਖਾਂ ਪ੍ਰਤੀ ਸੋਚ ਅਜੇ ਜੰਗਲੀ ਕਿਸਮ ਦੀ ਹੈ। ਇਸੇ ਜੰਗਲੀ ਸੋਚ ਤਹਿਤ 'ਸਿੱਖ ਨਸਲਕੁਸ਼ੀ' ਵਾਸਤੇ ਸਾਕਾ ਦਰਬਾਰ ਸਾਹਿਬ ਨੂੰ ਪਹਿਲੇ ਵਿਆਪਕ ਹੱਲੇ ਵਜੋਂ ਵਿਸ਼ਾਲ ਫੌਜ ਦੇ ਸਾਰੇ ਮਾਰੂ ਹਥਿਆਰ ਵਰਤੋਂ ਵਿਚ ਲਿਆਉਂਦੀ ਹੈ ਅਤੇ ਦੂਸਰੇ ਹੱਲੇ ਵਜੋਂ ਨਵੰਬਰ 1984 ਦੀਆਂ ਉਹ ਘਟਨਾਵਾਂ ਵਾਪਰੀਆਂ ਹਨ ਜਦ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕੋਈ ਸੱਤਰ ਤੋਂ ਵੱਧ ਥਾਵਾਂ 'ਤੇ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ। ਇਸੇ ਕੜੀ ਤਹਿਤ ਪੰਜਾਬ ਦੀ ਨੌਜੁਆਨੀ ਨੂੰ 1992 ਤੱਕ ਵੱਡੀ ਪੱਧਰ 'ਤੇ ਖਤਮ ਕਰਕੇ 'ਤੀਜੇ ਸਿੱਖ ਨਸਲਕੁਸ਼ੀ ਹੱਲੇ' ਨੂੰ ਵਰਤਾਇਆ ਗਿਆ। 1984 ਤੋਂ 1992 ਤੱਕ ਸਿਰਫ਼ 8 ਸਾਲਾਂ ਵਿਚ ਹੀ ਦੇਸ਼ ਭਰ ਵਿਚ ਸਿੱਖਾਂ ਦੀ 'ਨਸਲਕੁਸ਼ੀ ਕਰਨ' ਲਈ ਜਿਹੜੇ ਤਿੰਨ ਵੱਡੇ ਹਮਲੇ ਕੀਤੇ ਗਏ ਇਹਨਾਂ ਵਿਚ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਤਬਾਹੀ, ਆਰਥਿਕ ਵਸੀਲਿਆਂ ਦੀ ਸਾੜ-ਫੂਕ, ਵਿਰਸੇ ਨੂੰ ਤਬਾਹ ਕਰਨ ਅਤੇ ਸਿੱਖ ਨੌਜੁਆਨੀ ਨੂੰ ਖਤਮ ਕਰਨ ਦੇ ਇਕੋ ਜਿਹੇ ਢੰਗ ਤਰੀਕੇ ਵਰਤੇ ਗਏ। ਸਿੱਖਾਂ ਨੂੰ ਮਾਨਸਿਕ ਤੌਰ 'ਤੇ ਉਤਸ਼ਾਹਹੀਣ ਕਰਨ ਲਈ ਸਿੱਖ ਬੀਬੀਆਂ ਦੀ ਬੇਪਤੀ ਕਰਨ, ਨੌਜੁਆਨੀ ਨੂੰ ਨਸ਼ਿਆਂ ਦੀ ਲਤ ਲਾ ਕੇ ਤਬਾਹ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ ਇਹਨਾਂ ਕੁਟਲ ਚਾਲਾਂ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜਾਰੀ ਹੈ। ਝੂਠ ਕੇ ਖਾਰੇ ਸਮੁੰਦਰ ਦੀ ਮਾਲਕ ਕੌਮ ਜਦੋਂ ਸੱਚ ਦੇ 'ਨਿਰਮਲ ਨੀਰ' ਦੀ ਆਭ੍ਹਾ ਝੱਲ ਨਾ ਸਕੀ ਤਾਂ ਉਸ ਨੇ ਇਸ ਨਿਰਮਲ ਨੀਰ ਨੂੰ ਵੀ ਗੰਧਲਾ ਕਰਕੇ ਆਪਣੇ ਬੇਹੇ ਪਾਣੀਆਂ ਦਾ ਹਿੱਸਾ ਬਣਾ ਦੇਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਪਿਛਲੀਆਂ ਸਾਢੇ ਪੰਜ ਸਦੀਆਂ ਤੋਂ ਇਹ ਹੀ ਇਕੋ ਇਕ ਕਾਰਨ ਹੈ ਕਿ ਸਿੱਖਾਂ ਨੂੰ ਸੱਚ ਅਤੇ ਹੱਕ 'ਤੇ ਖੜ੍ਹ ਕੇ ਵੀ ਹਮੇਸ਼ਾ ਆਪਣੀ ਹੀ ਤਬਾਹੀ ਕਰਵਾਉਣੀ ਪਈ ਹੈ। ਸਿੱਖਾਂ ਲਈ ਹੁਣ ਇਹ ਗੱਲ ਆਪਣੇ ਚੇਤਿਆਂ ਵਿਚ ਵਸਾ ਕੇ ਰੱਖਣੀ ਜ਼ਰੂਰੀ ਹੋ ਗਈ ਹੈ ਕਿ ਸਾਕਾ ਦਰਬਾਰ ਸਾਹਿਬ 1984, ਨਵੰਬਰ 1984 ਅਤੇ 1992 ਤੱਕ ਦੀ ਵਿਆਪਕ ਤਬਾਹੀ ਭਾਰਤੀ ਹਾਕਮਾਂ ਦੀ ਸਿੱਖਾਂ ਪ੍ਰਤੀ ਸੋਚ ਦਾ ਬਾਹਰੀ ਸ਼ੀਸ਼ਾ ਹੈ। ਜੇ ਸਿੱਖਾਂ ਨੇ ਆਪਣੇ ਗੁਰੂ ਸਾਹਿਬਾਨਾਂ ਦੇ ਮਾਰਗ 'ਤੇ ਚੱਲ ਕੇ ਸੱਚ ਦੇ ਰਾਹ ਤੁਰਨਾ ਹੈ ਤਾਂ ਕੌਮ ਦੇ ਹਰ ਬੰਦੇ ਨੂੰ ਆਪਣੀ ਕੌਮ ਦਾ ਵਫ਼ਾਦਾਰ ਬਣ ਕੇ ਆਪਣੀ ਕੌਮ ਦੇ ਵਿਰੁੱਧ ਵਰਤੀਆਂ ਜਾਂਦੀਆਂ ਕੁਟਲ ਨੀਤੀਆਂ ਨੂੰ ਸਮਝਣਾ ਪਵੇਗਾ। ਅਸੀਂ ਸਾਕਾ ਦਰਬਾਰ ਸਾਹਿਬ, ਨਵੰਬਰ 1984 ਤੋਂ 1992 ਤੱਕ ਦੀ ਮਾਰ ਸਹਿ ਚੁੱਕੇ ਹਾਂ। ਭਾਵੇਂ ਇਹਨਾਂ ਦਰਦਾਂ ਅਤੇ ਟੀਸਾਂ ਨੇ ਸਾਨੂੰ ਬੇਅਰਾਮ ਤਾਂ ਕੀਤਾ ਹੈ ਪਰ ਅਜੇ ਸਾਡੀ ਕੌਮ ਨਿਢਾਲ ਨਹੀਂ ਹੋਈ। ਇਹਨਾਂ ਅਠਾਈ ਸਾਲਾਂ ਦੇ ਵਾਰ-ਵਾਰ ਹਮਲਿਆਂ ਤੋਂ ਬਾਅਦ ਹੁਣ ਜਿਹੜਾ ਨਸ਼ਿਆਂ ਦਾ ਚੌਥਾ ਹਮਲਾ ਕੌਮ ਦੇ ਦਰਪੇਸ਼ ਹੈ ਉਸ ਤੋਂ ਵੀ ਬਚ ਕੇ ਨਵੀਂ ਕੌਮੀ ਉਭਾਰ ਪੈਦਾ ਕਰਨਾ ਇਸ ਸਮੇਂ ਦੀ ਅਤਿ ਜ਼ਰੂਰੀ ਮੰਗ ਹੈ। ਤਿੰਨੇ ਸਿੱਧੇ ਮਾਰੂ ਹਮਲਿਆਂ ਤੋਂ ਬਾਅਦ ਜਦੋਂ ਕੌਮ ਦੁਸ਼ਮਣ ਵਿਰੁੱਧ ਰੋਸ ਲਹਿਰ ਖੜ੍ਹੀ ਕਰਨ ਵਿਚ ਕਾਮਯਾਬੀ ਹਾਸਲ ਕਰਦੀ ਰਹੀ ਤਾਂ ਇਹ ਚੌਥਾ ਨਵਾਂ ਹਮਲਾ ਅਜਿਹਾ ਚੁੱਪ-ਚੁਪੀਤਾ ਹੈ ਜਿਹੜਾ ਕੌਮ ਵਿਚ ਪੈਦਾ ਹੋਣ ਵਾਲੇ ਜੋਸ਼ ਨੂੰ ਪੈਦਾ ਨਹੀਂ ਕਰ ਸਕੇਗਾ ਇਸ ਲਈ ਇਸ ਹਮਲੇ ਤੋਂ ਬਚ ਕੇ ਰਹਿਣਾ ਹੋਰ ਵੀ ਵਧੇਰੇ ਜ਼ਰੂਰੀ ਹੋ ਗਿਆ ਹੈ।