ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀਟਨਾਸ਼ਕ ਟਾਈਮ ਬੰਬ ਉਤੇ ਬੈਠੇ ਪੰਜਾਬੀ ਬੱਚੇ


ਪੰਜਾਬੀਆਂ ਨਾਲ ਦੋ ਚੀਜ਼ਾਂ ਪੱਕੀਆਂ ਜੁੜ ਚੁੱਕੀਆਂ ਹਨ। ਖੇਤੀਬਾੜੀ ਕਰਨੀ ਤੇ ਮਸਤ ਰਹਿਣਾ। ਨਿੱਕੀਆਂ ਮੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਾਡੀ ਪੰਜਾਬੀਆਂ ਦੀ ਆਦਤ ਬਣ ਚੁੱਕੀ ਹੈ। ਕਈ ਚਿਰਾਂ ਤੋਂ ਕੀਟਨਾਸ਼ਕਾਂ ਬਾਰੇ ਰੌਲਾ ਪੈਂਦਾ ਆ ਰਿਹਾ ਹੈ ਕਿ ਇਹ ਹਾਨੀਕਾਰਕ ਹਨ, ਪਰ ਕੀ ਮਜਾਲ ਜੋ ਕਿਸੇ ਪੰਜਾਬੀ ਕਿਸਾਨ ਦੇ ਕੰਨੀਂ ਜੂੰ ਰੇਂਗ ਜਾਏ ਕਿ ਇਨ੍ਹਾਂ ਦੀ ਵਰਤੋਂ ਨਾ ਕਰਨ। ਫਸਲ ਤੋਂ ਉਰ੍ਹਾਂ ਪਰ੍ਹਾਂ ਦੀ ਸੋਚ ਸ਼ਕਤੀ ਉੱਤੇ ਜੰਦਰੇ ਲਾ ਕੇ ਆਪਣਾ ਰੋਜ਼ਮੱਰਾ ਦਾ ਕੰਮ ਕਰਨ ਵਿਚ ਰੁੱਝੇ ਰਹਿੰਦੇ ਹਨ।
ਇੱਕ ਹੋਰ ਗੱਲ ਜੋ ਪੰਜਾਬੀਆਂ ਨਾਲ ਜੁੜੀ ਹੈ, ਉਹ ਹੈ ਸੱਤ ਸਮੁੰਦਰੋਂ ਪਾਰ ਜਾਣ ਦਾ ਜਨੂੰਨ। ਇਸੇ ਲਈ ਕਿਸੇ ਹਿੰਦੁਸਤਾਨੀ ਡਾਕਟਰ ਦੀ ਖੋਜ ਉੱਤੇ ਕੰਨ ਧਰਨ ਨੂੰ ਤਿਆਰ ਨਹੀਂ ਹੁੰਦੇ। ਵਤਨੋਂ ਪਾਰ ਦੇ ਡਾਕਟਰ ਦੀ ਕੋਈ ਖੋਜ ਇੱਥੇ ਪਹੁੰਚ ਜਾਏ ਤਾਂ ਮੀਡੀਆ ਵਾਲੇ ਵੀ ਪੂਰੇ ਜ਼ੋਰ-ਸ਼ੋਰ ਨਾਲ ਉਜਾਗਰ ਕਰਦੇ ਹਨ ਤੇ ਪੰਜਾਬੀ ਵੀ ਉਸ ਉੱਤੇ ਕੰਨ ਧਰਦੇ ਹਨ।
ਏਸੇ ਲਈ ਮੈਂ ਆਪਣੇ ਪੰਜਾਬੀ ਵੀਰ ਭੈਣਾਂ ਨੂੰ ਇਸ ਲੇਖ ਰਾਹੀਂ ਪੜ੍ਹਾਉਣਾ ਚਾਹੁੰਦੀ ਹਾਂ ਕਿ ਅਮਰੀਕੀ ਡਾਕਟਰਾਂ ਦੀ ਖੋਜ ਕੀ ਕਹਿੰਦੀ ਹੈ ਤੇ ਉਸ ਅਨੁਸਾਰ ਸਾਡੇ ਬੱਚੇ, ਸਾਡੇ ਬਜ਼ੁਰਗ ਤੇ ਅਸੀਂ ਆਪ ਕਿਸ ਭਿਆਨਕ ਟਾਈਮ ਬੰਬ ਉੱਤੇ ਬੈਠੇ ਹੋਏ ਹਾਂ।
ਅਮਰੀਕਾ ਦੇ ਬਹੁਤ ਹੀ ਸਤਿਕਾਰਤ ਜਰਨਲ ਔਫ ਅਮੇਰੀਕਨ ਮੈਡੀਕਲ ਐਸੋਸੀਏਸ਼ਨ ਰਾਹੀਂ ਜੋ ਖੁਲਾਸਾ ਹੋਇਆ ਹੈ, ਉਸ ਤਹਿਤ ਕੀਟਨਾਸ਼ਕਾਂ ਨਾਲ ਜੁੜੀਆਂ ਹਾਨੀਕਾਰਕ ਬੀਮਾਰੀਆਂ ਜੋ ਸਾਡੇ ਉੱਤੇ ਲਗਾਤਾਰ ਮਾਰ ਕਰ ਰਹੀਆਂ ਹਨ, ਉਹ ਹਨ -
1.  ਸਪਰੇਅ ਕਰਨ ਲੱਗਿਆਂ ਜਾਂ ਫੈਕਟਰੀ ਵਿਚ ਕੰਮ ਕਰਦਿਆਂ ਕੀਟਨਾਸ਼ਕ ਦਵਾਈ ਦਾ ਜ਼ਹਿਰ ਚੜ੍ਹਨ ਕਾਰਨ ਮੌਤ
2.  ਦਿਮਾਗ਼ ਦੀਆਂ ਨਸਾਂ ਦਾ ਨਕਾਰਾ ਹੋਣਾ
3.  ਕੈਂਸਰ
4.  ਬੱਚੇ ਦੇ ਜਨਮ ਤੋਂ ਪਹਿਲਾਂ ਪੂਰੇ ਅੰਗ ਨਾ ਬਣੇ ਹੋਣੇ ਜਾਂ ਅੰਦਰੂਨੀ ਅੰਗਾਂ ਦਾ ਨੁਕਸ
5.  ਮਰਦਾਂ ਵਿਚ ਸ਼ੁਕਰਾਣੂਆਂ ਦੀ ਕਮੀ
6.  ਸਰੀਰ ਅੰਦਰ ਬੀਮਾਰੀ ਨਾਲ ਲੜਨ ਵਾਲੇ ਸੈੱਲਾਂ ਦਾ ਬਹੁਤ ਜ਼ਿਆਦਾ ਘਟ ਜਾਣਾ
7.  ਬੱਚਾ ਪੈਦਾ ਨਾ ਕਰ ਸਕਣਾ ਅਤੇ ਸੈਕਸ ਪ੍ਰਤੀ ਰੁਚੀ ਦਾ ਬਹੁਤ ਘਟ ਜਾਣਾ
8.  ਵਧਦੇ ਬੱਚੇ ਦੇ ਅੰਗਾਂ ਉੱਤੇ ਸਦੀਵੀ ਨੁਕਸ, ਜਿਸ ਨਾਲ ਸਰੀਰਕ ਅਤੇ ਮਾਨਸਿਕ ਨੁਕਸ ਬਣ ਜਾਣੇ।
ਇਸ ਪੱਖ ਉੱਤੇ ਅਮਰੀਕਨਾਂ ਨੂੰ ਇਸ ਕਰਕੇ ਖੋਜ ਕਰਨੀ ਪਈ ਕਿਉਂਕਿ ਡਾਕਟਰ ਸਿਨਕਲੇਅਰ ਨੇ 1996 ਵਿਚ ਖੋਜ ਕਰਕੇ ਦੱਸਿਆ ਕਿ ਜਿਹੜੇ ਲੋਕ ਖੇਤਾਂ ਦੇ ਨੇੜੇ ਰਹਿੰਦੇ ਸਨ, ਉਨ੍ਹਾਂ ਵਿਚ ਦਿਮਾਗ਼ ਦਾ ਕੈਂਸਰ ਬਾਕੀਆਂ ਨਾਲੋਂ ਕਾਫ਼ੀ ਜ਼ਿਆਦਾ ਵੇਖਣ ਵਿਚ ਆਇਆ ਸੀ। ਜਦੋਂ ਪਿਛਲੇ ਅੰਕੜੇ ਕੱਢੇ ਗਏ ਤਾਂ ਅਮਰੀਕਨਾਂ ਦੇ ਦਿਲ ਦਹਿਲ ਗਏ। ਬੱਚਿਆਂ ਵਿਚ ਲਹੂ ਦਾ ਕੈਂਸਰ ਬਹੁਤ ਜ਼ਿਆਦਾ ਵਧ ਗਿਆ ਸੀ। 1973 ਤੋਂ 1990 ਤੱਕ 15 ਸਾਲ ਤੋਂ ਛੋਟੇ ਬੱਚਿਆਂ ਵਿਚ ਪਹਿਲਾਂ ਨਾਲੋਂ 27 ਪ੍ਰਤੀਸ਼ਤ ਵੱਧ  ਲਹੂ ਦਾ ਕੈਂਸਰ ਵੇਖਿਆ ਗਿਆ ਤੇ ਉਨ੍ਹਾਂ ਸਭਨਾਂ ਦੇ ਲਹੂ ਵਿਚ ਕੀਟਨਾਸ਼ਕ ਦਵਾਈਆਂ ਦੇ ਅੰਸ਼ ਲੋੜ ਤੋਂ ਵਧ ਸਨ। 1940 ਵਿਚ ਬੱਚਿਆਂ ਵਿਚ ਦਿਮਾਗ਼ ਦੇ ਕੈਂਸਰ ਦੇ 1  ਮਰੀਜ਼ ਪ੍ਰਤੀ ਲੱਖ ਵੇਖੇ ਗਏ ਸਨ ਜਦਕਿ 1975 ਵਿਚ ਇਹ ਮਰੀਜ਼ 4  ਪ੍ਰਤੀ ਲੱਖ 'ਤੇ ਪਹੁੰਚ ਗਏ ਤੇ ਇਨ੍ਹਾਂ ਦੇ ਲਹੂ ਵਿਚ ਵੀ ਕੀਟਨਾਸ਼ਕ ਦਵਾਈਆਂ ਦੇ ਅੰਸ਼ ਲੋੜ ਤੋਂ ਵਧ ਸਨ।
ਨਿਊਯਾਰਕ ਟਾਈਮਜ਼ 'ਚ 1997 ਵਿਚ ਆਖ਼ਰ ਇਹ ਇਕ ਵੱਡੀ ਖ਼ਬਰ ਲੱਗੀ ਕਿ ਬਹੁਤ ਸਾਰੇ ਨਵਜੰਮੇਂ ਬੱਚੇ, ਜਿਨ੍ਹਾਂ ਦੀਆਂ ਮਾਵਾਂ ਦੇ ਲਹੂ ਵਿਚ ਕੀਟਨਾਸ਼ਕ ਦਵਾਈਆਂ ਦੇ ਅੰਸ਼ ਲੋੜ ਤੋਂ ਵੱਧ ਸਨ, 10 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਦਿਮਾਗ਼ ਦੇ ਕੈਂਸਰ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਸਨ। ਜਿਨ੍ਹਾਂ ਬੱਚਿਆਂ ਦੇ ਸਰੀਰ ਅੰਦਰ ਖਾਣ ਵਾਲੀਆਂ ਚੀਜ਼ਾਂ ਰਾਹੀਂ, ਪੀਣ ਵਾਲੀਆਂ ਜਾਂ ਪ੍ਰਦੂਸ਼ਿਤ ਹਵਾ ਰਾਹੀਂ ਕੀਟਨਾਸ਼ਕ ਦਵਾਈਆਂ ਦੇ ਅੰਸ਼ ਲਗਾਤਾਰ ਜਾ ਰਹੇ ਸਨ, ਉਨ੍ਹਾਂ ਵਿਚ ਬਾਕੀਆਂ ਨਾਲੋਂ ਦਿਮਾਗ਼ ਦੇ ਖ਼ਤਰਨਾਕ ਕੈਂਸਰ ਹੋਣ ਦਾ ਖਤਰਾ 40 ਪ੍ਰਤੀਸ਼ਤ ਵਧ ਹੋ ਚੁੱਕਿਆ ਸੀ, ਉਹ ਵੀ ਖ਼ਾਸ ਕਰ ਕੁੜੀਆਂ ਵਿਚ।
ਇਸ ਖ਼ਬਰ ਨੇ ਤਹਿਲਕਾ ਮਚਾ ਦਿੱਤਾ ਸੀ। ਇਸੇ ਲਈ ਵਿਗਿਆਨੀ ਨਿੱਠ ਕੇ ਇਸ ਪਾਸੇ ਕੰਮ ਕਰਨ ਲੱਗ ਪਏ ਤੇ ਵੇਖਣ ਵਿਚ ਆਇਆ ਕਿ ਵਿਨਾਇਲ ਤੇ ਰਬੜ ਦਾ ਕੰਮ ਕਰਨ ਵਾਲੇ, ਤੇਲ ਰਿਫਾਇਨਰੀ ਵਿਚ ਕੰਮ ਕਰਨ ਵਾਲੇ ਅਤੇ ਬੂਟਿਆਂ ਵਾਸਤੇ ਕੈਮੀਕਲ ਦੀ ਫੈਕਟਰੀ ਵਿਚ ਕੰਮ ਕਰਨ ਵਾਲਿਆਂ ਵਿਚ ਵੀ ਦਿਮਾਗ਼ ਦਾ ਕੈਂਸਰ ਬਹੁਤ ਜ਼ਿਆਦਾ ਵਧ ਗਿਆ ਸੀ। ਹੁਣ ਧਿਆਨ ਕੀਤਾ ਗਿਆ ਕਿ ਕਿਹੜੇ ਕੀਟਨਾਸ਼ਕ ਕਿੱਥੇ ਵਰਤੇ ਜਾ ਰਹੇ ਸਨ। ਵੇਖਣ ਵਿਚ ਆਇਆ ਕਿ ਹਰ ਸਾਲ ਸੱਤਰ ਪ੍ਰਤੀਸ਼ਤ ਚੀਜ਼ਾਂ ਉੱਤੇ ਕੀਟਨਾਸ਼ਕ ਵਰਤੇ ਜਾ ਰਹੇ ਸਨ। ਜਦੋਂ ਜ਼ਮੀਨ ਹੇਠਲੇ ਪਾਣੀ ਦਾ ਟੈਸਟ ਕੀਤਾ ਗਿਆ ਤਾਂ ਅਮਰੀਕਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਪੀਣ ਵਾਲੇ ਪਾਣੀ ਵਿਚ 20 ਤੋਂ ਵੱਧ ਕਿਸਮਾਂ ਦੇ ਕੀਟਨਾਸ਼ਕ ਪਹਿਲਾਂ ਹੀ ਘੁਲ ਚੁੱਕੇ ਸਨ। ਇਨ੍ਹਾਂ ਤੋਂ ਇਲਾਵਾ 100 ਹੋਰ ਕੀਟਨਾਸ਼ਕ ਅਜਿਹੇ ਸਨ ਜਿਹੜੇ ਮਿਊਂਸਪੈਲਿਟੀ ਦੇ ਪਾਣੀ ਰਾਹੀਂ ਘੁਲ ਕੇ ਮਨੁੱਖੀ ਸਰੀਰ ਅੰਦਰ ਪਹੁੰਚ ਸਕਦੇ ਸਨ। ਇਸ ਕਰਕੇ ਉਨ੍ਹਾਂ ਨੇ ਖੇਤੀਬਾੜੀ ਤੇ ਫੈਕਟਰੀਆਂ ਦੇ ਬੰਦਿਆਂ ਨੂੰ ਛੱਡ ਕੇ ਸ਼ਹਿਰੀ ਵੱਸੋਂ ਵੱਲ ਮੂੰਹ ਕੀਤਾ। ਹਾਲੇ ਤਕ ਸ਼ਹਿਰੀ ਵੱਸੋਂ ਨੂੰ ਸੁਰੱਖਿਅਤ ਮਹਿਸੂਸ ਕੀਤਾ ਜਾ ਰਿਹਾ ਸੀ। ਜਦੋਂ ਉਨ੍ਹਾਂ ਦੇ ਲਹੂ ਦੇ ਸੈਂਪਲ ਟੈਸਟ ਕੀਤੇ ਗਏ ਤਾਂ ਨਤੀਜੇ ਹੋਰ ਵੀ ਭਿਆਨਕ ਸਨ। ਇਕ ਤਾਂ ਪਾਣੀ ਰਾਹੀਂ ਬਹੁਤੇ ਕੀਟਨਾਸ਼ਕ ਖਾਣ ਪੀਣ ਦੀਆਂ ਚੀਜ਼ਾਂ ਵਿਚ ਭਰ ਚੁੱਕੇ ਸਨ ਤੇ ਦੂਜਾ, ਘਰਾਂ ਵਿਚ ਪ੍ਰਦੂਸ਼ਿਤ ਪਾਣੀ ਪੀਣ ਨੂੰ ਮਿਲ ਰਿਹਾ ਸੀ। ਤੀਜਾ, ਕੀਟਨਾਸ਼ਕਾਂ ਦੀਆਂ ਬੋਰੀਆਂ ਵਿਚ ਪਾਇਆ ਖਾਣ ਦਾ ਸਮਾਨ ਤੇ ਚੌਥਾ, ਕੀਟਨਾਸ਼ਕਾਂ ਦੇ ਖਾਲੀ ਵਧੀਆ ਆਕਰਸ਼ਕ ਡੱਬਿਆਂ ਵਿਚ ਖਾਣ ਦੀਆਂ ਚੀਜ਼ਾਂ ਸਾਂਭ ਕੇ ਰੱਖਣ ਕਾਰਨ ਸ਼ਹਿਰੀ ਵਸੋਂ ਵੀ ਕੀਟਨਾਸ਼ਕਾਂ ਦੀ ਭਾਰੀ ਮਾਰ ਹੇਠਾਂ ਆ ਚੁੱਕੀ ਸੀ। ਇਸ ਤੋਂ ਇਲਾਵਾ ਘਰੇਲੂ ਵਰਤੋਂ ਵਿਚ ਆਉਣ ਵਾਲੇ ਕੀਟਨਾਸ਼ਕ ਵੀ ਤਕੜਾ ਨੁਕਸਾਨ ਪਹੁੰਚਾਉਣ ਲੱਗ ਪਏ ਸਨ। ਚੇਤੇ ਰਹੇ ਕਿ ਅਮਰੀਕਾ ਵਿਚ ਵੀ ਲਗਭਗ 90 ਪ੍ਰਤੀਸ਼ਤ ਲੋਕ ਘਰਾਂ ਵਿਚ ਕੀਟਨਾਸ਼ਕ ਵਰਤ ਰਹੇ ਹਨ ਅਤੇ ਪਾਰਕਾਂ ਵਿਚ ਵੀ ਜਿਨ੍ਹਾਂ ਵਿਚ ਮੱਛਰ ਮਾਰਨ ਲਈ ਜਾਂ ਘਰਾਂ ਦੇ ਬਾਹਰ ਲੱਗੇ ਘਾਹ ਉੱਤੇ ਛਿੜਕੇ ਕਲੋਰੋਥੈਲੋਨਿਲ ਸ਼ਾਮਲ ਹਨ। ਇਹ ਹੁਣ 25 ਸਾਲ ਦੀ ਖੋਜ ਤੋਂ ਬਾਅਦ ਸਾਬਤ ਹੋ ਚੁੱਕਿਆ ਹੈ ਕਿ ਇਹ ਵੀ ਕੈਂਸਰ ਕਰਦੇ ਹਨ, ਜਿਸ ਕਾਰਨ ਸ਼ਹਿਰੀ ਵੱਸੋਂ ਦੇ 15 ਸਾਲ ਤੋਂ ਛੋਟੇ ਬੱਚਿਆਂ ਵਿਚ ਕੈਂਸਰ ਵਿਚ ਬੇਹਿਸਾਬ ਵਾਧਾ ਹੋਇਆ ਹੈ।
2310 ਕੀਟਨਾਸ਼ਕ ਛਿੜਕਾਉਣ ਵਾਲੇ ਬੰਦਿਆਂ ਦੇ ਸਰੀਰ ਵਿਚ ਕੀਤੀ ਖੋਜ ਨੇ ਸਾਬਤ ਕੀਤਾ ਕਿ ਇਨ੍ਹਾਂ ਵਿਚ ਦਿਮਾਗ਼ ਦਾ ਕੈਂਸਰ ਬਾਕੀਆਂ ਨਾਲੋਂ ਢਾਈ ਗੁਣਾ ਵਧ ਗਿਆ ਸੀ। ਇਸ ਤੋਂ ਇਲਾਵਾ ਡਾਈਟ ਠੰਢੇ ਜਿਨ੍ਹਾਂ ਵਿਚ ਖੰਡ ਦੀ ਮਾਤਰਾ ਘਟ ਕੀਤੀ ਹੁੰਦੀ ਹੈ, ਵੀ ਦਿਮਾਗ਼ ਦਾ ਕੈਂਸਰ ਕਰ ਦਿੰਦੇ ਹਨ, ਕਿਉਂਕਿ ਉਨ੍ਹਾਂ ਵਿਚਲਾ ਐਸਪਾਰਟੇਮ ਕੈਂਸਰ ਕਰਦਾ ਹੈ। ਇਸੇ ਹੀ ਤਰ੍ਹਾਂ ਸ਼ੂਗਰ ਫਰੀ ਗੋਲੀਆਂ ਖਾਣ ਨਾਲ ਵੀ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਪੈਕਟਾਂ ਵਿਚ ਬੰਦ ਮੀਟ ਜਿਸ ਵਿਚ ਨਾਈਟਰੋਸਾਮੀਨ ਪਾਇਆ ਜਾਂਦਾ ਹੈ, ਵੀ ਕੈਂਸਰ ਕਰਦਾ ਹੈ। ਇੱਥੋਂ ਤੱਕ ਕਿ ਨਵਜੰਮਿਆਂ ਬੱਚਿਆਂ ਨੂੰ ਚੁੱਪ ਕਰਾਉਣ ਲਈ ਮੂੰਹ ਵਿਚ ਠੋਸਿਆ ਨਿੱਪਲ ਵੀ ਕੈਂਸਰ ਵਧਾਉਣ ਦਾ ਇਕ ਕਾਰਨ ਲੱਭਿਆ ਗਿਆ ਹੈ। ਜੇ ਜੱਚਾ ਵੀ ਉਹ ਦੁੱਧ ਪੀਂਦੀ ਰਹੇ ਜਿਸ ਵਿਚ ਕੀਟਨਾਸ਼ਕ ਮਿਲੇ ਹੋਣ ਤਾਂ ਭਰੂਣ ਦੇ ਅੰਦਰ ਕੁੱਝ ਅਜਿਹਾ ਨੁਕਸ ਪੈਦਾ ਹੋ ਜਾਂਦਾ ਹੈ ਕਿ ਜੰਮਣ ਤੋਂ ਬਾਅਦ 10 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਨੂੰ ਕੈਂਸਰ ਹੋ ਸਕਦਾ ਹੈ। ਜੇ ਮਾਂ ਦੇ ਦੁੱਧ ਵਿੱਚੋਂ ਵੀ ਕੀਟਨਾਸ਼ਕ ਦੇ ਅੰਸ਼ ਬੱਚੇ ਦੇ ਅੰਦਰ ਪਹੁੰਚਦੇ ਰਹਿਣ ਤਾਂ ਵੀ ਬੱਚੇ ਵਿਚ ਕੈਂਸਰ ਹੋਣ ਦੇ ਆਸਾਰ ਵਧ ਜਾਂਦੇ ਹਨ।
ਵਿਕਸਿਤ ਦੇਸ਼ਾਂ ਵਿਚਲੀਆਂ ਕੈਮੀਕਲ ਫੈਕਟਰੀਆਂ ਕਾਰਨ ਨਾਨ ਹਾਜਕਿਨ ਲਿੰਫੋਮਾ ਕੈਂਸਰ ਹਰ ਸਾਲ 2 ਪ੍ਰਤੀਸ਼ਤ ਵੱਧ ਬੰਦਿਆਂ ਨੂੰ ਆਪਣੇ ਘੇਰੇ ਵਿਚ ਲੈ ਰਿਹਾ ਹੈ। ਪੈਟਰੋਕੈਮੀਕਲ ਫੈਕਟਰੀਆਂ ਦੇ ਆਸਪਾਸ ਤਾਂ ਦਿਮਾਗ਼ ਦੇ ਕੈਂਸਰ ਦੇ ਮਰੀਜ਼ਾਂ ਦਾ ਢੇਰ ਲਗਦਾ ਜਾ ਰਿਹਾ ਹੈ। ਬੱਚਿਆਂ ਦੇ ਸਰੀਰ ਵਿਚਲੀ ਥਿੰਦਾਈ ਵਿਚ ਕੀਟਨਾਸ਼ਕ ਜਮ੍ਹਾਂ ਹੁੰਦੇ ਜਾਂਦੇ ਹਨ ਤੇ ਨਿਊਰੋਬਲਾਸਟੋਮਾ ਕੈਂਸਰ ਉਨ੍ਹਾਂ ਉੱਤੇ ਹਮਲਾ ਬੋਲ ਦਿੰਦਾ ਹੈ। ਕੀਟਨਾਸ਼ਕ ਛਿੜਕਾਅ ਕਰਨ ਵਾਲਿਆਂ ਵਿਚ ਵੀ ਬਾਕੀਆਂ ਨਾਲੋਂ ਦਿਮਾਗ਼ ਦਾ ਕੈਂਸਰ ਵੱਧ ਹੁੰਦਾ ਹੈ। ਇਨ੍ਹਾਂ ਸਾਰਿਆਂ ਦੇ ਲਹੂ ਦੀ ਜਾਂਚ ਕਰਨ 'ਤੇ ਉਨ੍ਹਾਂ ਦੇ ਸਰੀਰ ਵਿਚ ਲੋੜ ਤੋਂ ਕਾਫੀ ਵੱਧ ਕੀਟਨਾਸ਼ਕ ਦਵਾਈਆਂ ਦੇ ਅੰਸ਼ ਲੱਭੇ ਹਨ। ਘਰ ਦੇ ਬਗੀਚੇ ਵਿਚ ਛਿੜਕਾਅ ਕਰਨ ਵਾਲੇ ਕੀਟਨਾਸ਼ਕ ਵੀ ਬੱਚਿਆਂ ਵਿਚ ਲਹੂ ਦਾ ਕੈਂਸਰ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ ਸਾਢੇ 6 ਗੁਣਾ ਵਧਾ ਦਿੰਦੇ ਹਨ। ਕਲੋਰਡੇਨ ਕੀਟਨਾਸ਼ਕ ਬੱਚਿਆਂ ਦੇ ਸਰੀਰ ਅੰਦਰ ਲਹੂ ਰਾਹੀਂ ਦਿਮਾਗ਼ ਵਿਚ ਪਹੁੰਚ ਕੇ ਉੱਥੇ ਜੰਮ ਜਾਂਦਾ ਹੈ ਤੇ ਨਿਊਰੋਬਲਾਸਟੋਮਾ ਕੈਂਸਰ ਕਰ ਦਿੰਦਾ ਹੈ। ਡੀ. ਡੀ. ਈ.  ਅਤੇ ਅੱਜ-ਕੱਲ੍ਹ ਵਰਤੀਆਂ ਜਾ ਰਹੀਆਂ ਫਲੋਰੋਸੇਂਟ ਟਿਊਬਾਂ ਵਿਚਲਾ ਪੀ. ਸੀ. ਡੀ.    ਦਿਮਾਗ਼ ਅਤੇ ਅੰਤੜੀਆਂ ਦਾ ਕੈਂਸਰ ਕਰ ਦਿੰਦਾ ਹੈ। ਕੈਂਸਰ ਦੇ ਮਰੀਜ਼ਾਂ ਦੇ ਲਹੂ ਵਿਚ ਇਸ ਦੇ ਅੰਸ਼ ਬਾਕੀਆਂ ਨਾਲੋਂ ਬਹੁਤ ਵੱਧ ਮਿਲੇ ਹਨ।
ਟਰਾਂਸਫਾਰਮਰ ਵਿਚਲਾ ਕੂਲੈਂਟ ਵੀ ਕੈਂਸਰ ਕਰਦਾ ਹੈ। ਦਿਮਾਗ਼ ਦੇ ਕੈਂਸਰ ਗਲਾਇਓ-ਬਲਾਸਟੋਮਾ ਦੇ ਮਰੀਜ਼ਾਂ ਵਿਚ ਡੀ.ਡੀ.ਈ.   ਦੇ ਅੰਸ਼ ਬਾਕੀਆਂ ਨਾਲੋਂ ਢਾਈ ਗੁਣਾ ਵੱਧ ਮਿਲੇ ਹਨ ਤੇ ਲਿੰਫੋਸਾਰਕੋਮਾ ਕੈਂਸਰ ਦੇ ਮਰੀਜ਼ਾਂ ਵਿਚ ਡੀ  4 ਪ੍ਰਤੀਸ਼ਤ ਵਧ ਮਿਲਿਆ ਹੈ। ਦਰਅਸਲ ਕੀਟਨਾਸ਼ਕ ਸਰੀਰ ਅੰਦਰਲੇ ਡੀ.ਡੀ.ਈ. ਉੱਤੇ ਹਮਲਾ ਬੋਲ ਕੇ ਜੈਨੇਟਿਕ ਬਣਤਰ ਨੂੰ ਬਦਲ ਦਿੰਦਾ ਹੈ ਅਤੇ ਸਰੀਰ ਅੰਦਰਲਾ ਬੀਮਾਰੀ ਨਾਲ ਲੜਨ ਵਾਲਾ ਢਾਂਚਾ ਕਮਜ਼ੋਰ ਕਰ ਦਿੰਦਾ ਹੈ, ਜਿਸ ਕਾਰਨ ਸਰੀਰ ਅੰਦਰ ਕੈਂਸਰ ਹੋਣ ਦਾ ਖਤਰਾ ਬਹੁਤ ਵਧ ਜਾਂਦਾ ਹੈ। ਇਹ ਤਾਂ ਹੋਇਆ ਅਮਰੀਕਨਾਂ ਦੀ ਖੋਜ ਦਾ ਸਿੱਟਾ। ਹੁਣ ਜ਼ਰਾ ਪੰਜਾਬ ਅੰਦਰ ਨਜ਼ਰ ਮਾਰੀਏ ਜਿੱਥੇ ਹਰ ਪਾਸੇ ਕੀਟਨਾਸ਼ਕਾਂ ਦਾ ਭੰਡਾਰ ਹੈ।
ਬਠਿੰਡੇ ਵਿਚ ਹੋਏ ਕੈਂਸਰ ਦੇ ਮਰੀਜ਼ਾਂ ਦੀ ਭਰਮਾਰ ਨੇ ਇਹ ਤੱਥ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਕਿ ਫਰਟੀਲਾਈਜ਼ਰ ਫੈਕਟਰੀ ਤਾਂ ਇਸ ਦਾ ਇਕ ਕਾਰਨ ਹੋ ਹੀ ਸਕਦਾ ਹੈ, ਪਰ ਐਗਰੀਕਲਚਰਲ ਯੂਨੀਵਰਸਿਟੀ ਦੇ ਅਨੁਸਾਰ ਨਰਮੇ ਉੱਤੇ 6 ਮਹੀਨੇ ਵਿਚ 7 ਵਾਰ ਸਪਰੇਅ ਕੀਤਾ ਜਾਣਾ ਚਾਹੀਦਾ ਹੈ, ਜਿਹੜਾ ਕਿਸਾਨ 32 ਵਾਰ ਕਰ ਦਿੰਦੇ ਹਨ। ਨਤੀਜੇ ਵਜੋਂ 1 ਏਕੜ ਵਿਚ 8000 ਰੁਪਏ ਦੇ ਕੀਟਨਾਸ਼ਕ ਛਿੜਕੇ ਜਾ ਰਹੇ ਹਨ ਜੋ ਅਖ਼ਬਾਰਾਂ ਵਿਚ ਛਪੀ ਖ਼ਬਰ ਦਸਦੀ ਹੈ।
ਹਿੰਦੁਸਤਾਨ ਦੇ ਵਿਗਿਆਨੀਆਂ ਨੇ ਵੀ ਪੰਜਾਬੀਆਂ ਦੇ ਲਹੂ ਦੀ ਜਾਂਚ ਕਰ ਕੇ ਦੱਸ ਦਿੱਤਾ ਹੈ ਕਿ ਅਮਰੀਕਨਾਂ ਨਾਲੋਂ ਇੱਥੇ 15 ਤੋਂ 600 ਗੁਣਾਂ ਵਧ ਕੀਟਨਾਸ਼ਕ ਅੰਸ਼ ਮਿਲੇ ਹਨ, ਖ਼ਾਸਕਰ ਬਠਿੰਡਾ ਅਤੇ ਰੋਪੜ ਵਿਚ ਜਿੱਥੇ ਆਰਗੇਨੋਕਲੋਰੀਨ ਬਹੁਤ ਜ਼ਿਆਦਾ ਹੈ, ਲਿੰਡੇਨ 600 ਗੁਣਾ ਵੱਧ ਹੈ ਅਤੇ ਡੀ.ਡੀ.ਈ.188 ਗੁਣਾ ਵੱਧ। ਸਿਊਂਕ ਮਾਰਨ ਵਾਸਤੇ ਵਰਤੀ ਜਾ ਰਹੀ ਕਲੋਰਪਾਇਰੀਫੌਸ ਇਨਸਾਨੀ ਸਰੀਰ ਅੰਦਰਲੇ ਡੀ.ਡੀ.ਈ. 'ਤੇ    ਹਮਲਾ ਕਰਦੀ ਹੈ ਤੇ ਬੱਚੇ ਦੇ ਵਧਦੇ ਦਿਮਾਗ਼ ਨੂੰ ਚੱਟ ਕਰ ਜਾਂਦੀ ਹੈ। ਬੱਚੇ ਦੀ ਯਾਦ ਦਾਸ਼ਤ ਘਟ ਜਾਂਦੀ ਹੈ ਤੇ ਹੱਥ ਪੈਰ ਹਿਲਣੇ ਸ਼ੁਰੂ ਹੋ ਸਕਦੇ ਹਨ। ਜਿੰਨੇ ਵੀ ਪੰਜਾਬ ਦੇ ਬੰਦਿਆਂ ਦੇ ਲਹੂ ਦੇ ਸੈਂਪਲ ਟੈਸਟ ਕਰਨ ਲਈ ਲਏ ਗਏ, ਉਨ੍ਹਾਂ ਵਿੱਚੋਂ 85 ਪ੍ਰਤੀਸ਼ਤ ਵਿਚ ਕਲੋਰਪਾਇਰੀਫੌਸ ਲੋੜ ਤੋਂ ਵੱਧ ਮਿਲੀ। ਏਸੇ ਹੀ ਤਰ੍ਹਾਂ ਮੋਨੋਕਰੋਟੋਫੋਸ ਵੀ 75 ਪ੍ਰਤੀਸ਼ਤ ਲਹੂ ਦੇ ਸੈਂਪਲਾਂ ਵਿਚ ਲੱਭੀ, ਜਿਨ੍ਹਾਂ ਵਿਚ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਜਿੰਨੀ ਇਨਸਾਨੀ ਸਰੀਰ ਝੱਲ ਸਕਦਾ ਹੈ, ਉਸ ਤੋਂ ਚਾਰ ਗੁਣਾ ਵੱਧ ਸੀ।  ਪੀ.ਜੀ.ਆਈ.  ਚੰਡੀਗੜ੍ਹ ਨੇ ਵੀ ਖੋਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੀਟਨਾਸ਼ਕਾਂ ਦੀਆਂ ਖਾਲੀ ਬੋਰੀਆਂ ਅਤੇ ਪਲਾਸਟਿਕ ਦੇ ਡੱਬਿਆਂ ਵਿਚ ਖਾਣ ਵਾਲੀਆਂ ਚੀਜ਼ਾਂ ਜਿਵੇਂ ਅਚਾਰ, ਦਾਲਾਂ ਆਦਿ ਭਰ ਕੇ ਪਿੰਡਾਂ ਵਾਲੇ ਲੋਕ ਵਰਤੀ ਜਾ ਰਹੇ ਹਨ, ਜਿਸ ਨਾਲ ਮਾਨਸਾ ਤੇ ਤਲਵੰਡੀ ਸਾਬੋ ਦੇ ਇਲਾਕੇ ਇਸ ਦੀ ਮਾਰ ਹੇਠਾਂ ਆਈ ਜਾ ਰਹੇ ਹਨ ਤੇ ਉੱਥੋਂ ਦੇ ਵਸਨੀਕ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਨ ਕਿ ਜੇ ਉਨ੍ਹਾਂ ਦੇ ਬੱਚਿਆਂ ਦੇ ਵਾਲ ਤਿੰਨ ਸਾਲ ਦੀ ਉਮਰ ਤੋਂ ਹੀ ਚਿੱਟੇ ਦਿਸਣੇ ਸ਼ੁਰੂ ਹੋ ਚੁੱਕੇ ਹਨ ਤਾਂ ਇਹ ਕੀਟਨਾਸ਼ਕਾਂ ਦਾ ਹੀ ਅਸਰ ਹੈ। ਉੱਥੋਂ ਦੀਆਂ 12 ਸਾਲ ਤੋਂ ਛੋਟੀਆਂ ਬੱਚੀਆਂ ਵਿੱਚੋਂ 80 ਪ੍ਰਤੀਸ਼ਤ ਦੇ ਵਾਲ ਚਿੱਟੇ ਹੋ ਚੁੱਕੇ ਹਨ।
ਜੇ ਮੇਰੇ ਇਨ੍ਹਾਂ ਤੱਥਾਂ ਅਤੇ ਅੰਕੜਿਆਂ ਤੋਂ ਕਿਸੇ ਪੰਜਾਬੀ ਨੂੰ ਸਮਝ ਆ ਰਹੀ ਹੋਵੇ ਕਿ ਅੰਨ੍ਹੇਵਾਹ ਕੀਟਨਾਸ਼ਕ ਵਰਤਣ ਨਾਲ ਸਿਰਫ਼ ਵਕਤੀ ਫਾਇਦਾ ਹੀ ਸੋਚਿਆ ਜਾ ਰਿਹਾ ਹੈ ਕਿ ਫਸਲ ਵਧੀਆ ਹੋ ਸਕੇ। ਇਸ ਨਾਲ ਸ਼ੁਰੂ ਹੋਣ ਵਾਲਾ ਮੌਤ ਦਾ ਤਾਂਡਵ ਕਿਉਂ ਨਹੀਂ ਨਜ਼ਰ ਆ ਰਿਹਾ, ਜਿਸ ਦੀ ਲਪੇਟ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਹੀ ਬੱਚੇ ਆ ਰਹੇ ਹਨ। ਕੈਂਸਰ ਵਰਗੀ ਭਿਆਨਕ ਬੀਮਾਰੀ ਉੱਤੇ ਜੇ ਕਾਬੂ ਪਾਉਣਾ ਹੈ ਤਾਂ ਇਸ ਬਾਰੇ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਉਣਾ ਪਵੇਗਾ ਨਹੀਂ ਤਾਂ ਡੀ.ਡੀ.ਈ. 'ਚ   ਪਏ ਨੁਕਸ ਪੰਜਾਬੀਆਂ ਦੀ ਆਉਣ ਵਾਲੀ ਪੌਦ ਦਾ ਨੇਸਤੋ-ਨਾਬੂਦ ਕਰ ਦੇਣਗੇ।
ਜੇ ਹਾਲੇ ਵੀ ਪੰਜਾਬੀਆਂ ਨੇ 'ਖਾਓ, ਪੀਓ ਐਸ਼ ਕਰੋ ਮਿੱਤਰੋ' ਵਾਲਾ ਪਾਸਾ ਫੜੀ ਰੱਖਿਆ ਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਨਾ ਰੋਕੀ ਤਾਂ ਕੀਟਨਾਸ਼ਕਾਂ ਦੇ ਟਾਈਮ ਬੰਬ ਨਾਲ ਫਨਾਹ ਹੋ ਜਾਣਗੇ। ਮੇਰੀ ਉਪਰਲੀ ਰਚਨਾ ਪੜ੍ਹ ਕੇ ਹਰੇਕ ਦੇ ਦਿਲ ਵਿਚ ਆਏਗਾ ਕਿ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਗ਼ੈਰ ਤਾਂ ਖੇਤੀ ਤਬਾਹ ਹੋ ਜਾਏਗੀ, ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਵਿਚ ਵੀ ਤੇ ਪੰਜਾਬੋਂ ਬਾਹਰ ਵੀ, ਜਿੱਥੇ ਕਿਤੇ ਨਾਮਧਾਰੀਆਂ ਨੇ ਖੇਤੀ ਕੀਤੀ ਹੈ ਉਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕਰਦੇ ਬਲਕਿ ਕੁਦਰਤੀ ਖਾਦ ਵਰਤਦੇ ਹਨ ਤੇ ਵਧੀਆ ਉਪਜਾਊ ਫਸਲ ਪੈਦਾ ਕਰ ਰਹੇ ਹਨ, ਜਿਹੜੀ ਦੂਜੀ ਫਸਲ ਨਾਲੋਂ ਮਹਿੰਗੀ ਵਿਕਦੀ ਹੈ।
ਡਾ. ਹਰਸ਼ਿੰਦਰ ਕੌਰ