ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਲੇ ਅਮਰਦਾਸ ਗੁਣ ਤੇਰੇ...


ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਤੀਜੇ ਵਾਰਸ ਸਨ। ਗੁਰੂ ਅੰਗਦ ਦੇਵ ਜੀ ਨੇ ਗੁਰ-ਗੱਦੀ ਨੂੰ ਖਾਨਦਾਨੀ ਵਿਰਾਸਤੀ ਚੀਜ਼ ਨਾ ਸਮਝਦੇ ਹੋਏ ਆਪਣੇ ਸਪੁੱਤਰ ਦਾਤੂ ਤੇ ਦਾਸੂ ਜੀ ਨੂੰ ਛੱਡ ਕੇ ਇਨ੍ਹਾਂ ਨੂੰ ਗੱਦੀ ਦਿੱਤੀ। ਇਨ੍ਹਾਂ ਦੀ ਸੇਵਾ ਭਾਵਨਾ, ਸਾਦਗੀ, ਨਿਮਰਤਾ, ਜ਼ਿੰਦਗੀ ਵਿਚ ਚੜ੍ਹਦੇ-ਲਹਿੰਦੇ ਉਤਾਰਾਂ ਨੂੰ ਸਹਿਣ ਦੀ ਸਮਰੱਥਾ, ਗੁਰੂ ਘਰ ਨਾਲ ਅਤੇ ਗੁਰਬਾਣੀ ਨਾਲ ਪਿਆਰ ਦੇ ਗੁਣਾਂ ਕਰਕੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੋਂ ਕਾਫੀ ਪ੍ਰਭਾਵਿਤ ਹੋਏ।
ਗੁਰੂ ਅਮਰਦਾਸ ਜੀ ਦਾ ਜਨਮ ਮੈਕਾਲਿਫ ਅਨੁਸਾਰ ਵੈਸਾਖ ਸੁਦੀ 14 ਸੰਮਤ 1536 ਬਿਕਰਮੀ (1479 ਈ:) ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਇਨ੍ਹਾਂ ਦੀ ਮਾਤਾ ਦਾ ਨਾਂਅ ਸੁਲੱਖਣੀ (ਲੱਛਮੀ) ਤੇ ਪਿਤਾ ਦਾ ਨਾਂਅ ਤੇਜਭਾਨ ਸੀ। ਇਹ ਭੱਲਾ ਵੰਸ਼ ਦੇ ਖੱਤਰੀ ਪਰਿਵਾਰ 'ਚੋਂ ਸਨ। ਇਨ੍ਹਾਂ ਦੇ ਚਾਰ ਭਰਾ ਸਨ ਅਤੇ ਗੁਰੂ ਅਮਰਦਾਸ ਜੀ ਸਭ ਤੋਂ ਵੱਡੇ ਸਨ। ਭਾਈ ਗੁਰਦਾਸ ਜੀ ਇਨ੍ਹਾਂ ਦੇ ਭਰਾ ਭਾਈ ਈਸ਼ਰ ਦਾਸ ਜੀ ਦੇ ਸਪੁੱਤਰ ਸਨ। ਇਨ੍ਹਾਂ ਦਾ ਇਕ ਭਰਾ ਮਾਣਕ ਚੰਦ ਸੀ, ਜਿਨ੍ਹਾਂ ਦੇ ਲੜਕੇ ਨਾਲ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਦਾ ਵਿਆਹ ਹੋਇਆ ਸੀ। ਗੁਰੂ ਅਮਰਦਾਸ ਜੀ ਦੀ ਸ਼ਾਦੀ ਬੀਬੀ ਮਨਸਾ ਦੇਵੀ ਜੀ ਨਾਲ 11 ਮਾਘ 1559 ਸੰਮਤ ਵਿਚ ਹੋਈ ਅਤੇ ਆਪ ਦੇ ਘਰ ਦੋ ਬੇਟੇ ਮੋਹਨ ਜੀ ਤੇ ਮੋਹਰੀ ਜੀ, ਦੋ ਸਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ।
ਗੁਰੂ ਅਮਰਦਾਸ ਜੀ ਧਾਰਮਿਕ ਵਿਚਾਰਾਂ ਦੇ ਸਨ। ਹਰ ਸਾਲ ਗੰਗਾ ਇਸ਼ਨਾਨ ਨੂੰ ਜਾਂਦੇ ਸੀ। ਜਦੋਂ ਇੱਕੀਵੀਂ ਵਾਰ ਜਾ ਕੇ ਵਾਪਸ ਆ ਰਹੇ ਸਨ ਤਾਂ ਇਕ ਵੈਸ਼ਨਵ ਸਾਧ ਨੇ ਇਨ੍ਹਾਂ ਤੋਂ ਇਨ੍ਹਾਂ ਦੇ ਗੁਰੂ ਦਾ ਨਾਂਅ ਪੁੱਛਿਆ। ਉਸ ਸਮੇਂ ਇਨ੍ਹਾਂ ਦਾ ਗੁਰੂ ਕੋਈ ਨਹੀਂ ਸੀ। ਇਸ ਕਰਕੇ ਸਾਧ ਨੇ ਇਨ੍ਹਾਂ ਨੂੰ 'ਨਿਗੁਰਾ' ਆਖਿਆ। ਗੁਰੂ ਅਮਰਦਾਸ ਜੀ ਸੁਣ ਕੇ ਬਹੁਤ ਦੁਖੀ ਹੋਏ ਤੇ ਸੋਚਣ ਲੱਗੇ। ਇਕ ਦਿਨ ਛੋਟੇ ਭਰਾ ਦੀ ਨੂੰਹ ਬੀਬੀ ਅਮਰੋ ਜਦੋਂ ਨਾਨਕ ਬਾਣੀ ਦਾ ਪਾਠ ਕਰ ਰਹੀ ਸੀ ਤਾਂ ਇਨ੍ਹਾਂ ਦੇ ਕੰਨਾਂ ਵਿਚ ਆਵਾਜ਼ ਪਈ। ਬੀਬੀ ਅਮਰੋ ਤੋਂ ਪੁੱਛਣ 'ਤੇ ਉਸ ਨੇ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਬਾਬਤ ਦੱਸਿਆ ਤੇ ਇਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਕੋਲ ਲੈ ਗਈ ਤੇ ਇਸ ਤਰ੍ਹਾਂ ਗੁਰੂ ਨਾਲ ਮਿਲਾਪ ਹੋਇਆ। ਗੁਰੂ ਅਮਰਦਾਸ ਜੀ ਇਸ ਸਮੇਂ 71 ਸਾਲ ਦੇ ਸਨ। 12 ਸਾਲ ਉਨ੍ਹਾਂ ਨੇ ਗੁਰੂ ਜੀ ਦੀ ਸੇਵਾ ਕੀਤੀ। ਨਿੱਤ ਦੇ ਕੰਮਾਂ ਤੋਂ ਵਿਹਲੇ ਹੋ ਕੇ ਬਾਣੀ ਪੜ੍ਹਨ ਵਿਚ ਸਮਾਂ ਬਤੀਤ ਕਰਦੇ ਸੀ। ਇਕ ਦਿਨ ਬੜੀ ਹਨੇਰੀ-ਮੀਂਹ ਵਾਲੀ ਰਾਤ ਨੂੰ ਜਦੋਂ ਪਾਣੀ ਗੁਰੂ ਅੰਗਦ ਦੇਵ ਜੀ ਵਾਸਤੇ ਲੈਣ ਗਏ ਤਾਂ ਕਿਸੇ ਕਿੱਲ ਵਿਚ ਪੈਰ ਫਸ ਗਿਆ ਤੇ ਡਿਗ ਪਏ। ਕੋਲ ਜੁਲਾਹੇ ਦਾ ਘਰ ਸੀ। ਉਸ ਨੇ ਪੁੱਛਿਆ ਕੌਣ ਹੈ? ਤਾਂ ਜੁਲਾਹੀ ਬੋਲੀ ਕਿ ਨਿਥਾਵਾਂ 'ਅਮਰੂ' ਡਿਗ ਪਿਆ ਪਰ ਅਮਰਦਾਸ ਜੀ ਨੇ ਨਿਮਰਤਾ ਨਾਲ ਕਿਹਾ, 'ਹੁਣ ਮੈਂ ਨਿਥਾਵਾ ਨਹੀਂ, ਮੈਂ ਤਾਂ ਹੁਣ ਗੁਰੂ ਵਾਲਾ ਹਾਂ।' ਜਦੋਂ ਗੁਰੂ ਅੰਗਦ ਦੇਵ ਜੀ ਨੂੰ ਜੁਲਾਹੀ ਦੇ ਸ਼ਬਦਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਚਨ ਕੀਤੇ 'ਇਹ ਤਾਂ ਨਿਥਾਵਿਆਂ ਦੀ ਥਾਂ ਤੇ ਨਿਓਟਿਆਂ ਦੀ ਓਟ ਹੈ'
ਗੁਰੂ ਅੰਗਦ ਦੇਵ ਜੀ ਨੇ ਸਮਾਂ ਆਉਣ 'ਤੇ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਦੀ ਗੱਦੀ ਉੱਤੇ ਬਿਠਾਇਆ। ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਦੇ ਮੱਥੇ 'ਤੇ ਗੁਰੂ ਗੱਦੀ ਦਾ ਤਿਲਕ ਲਗਾਇਆ। ਸਭ ਨੇ ਉਨ੍ਹਾਂ ਅੱਗੇ ਸਿਰ ਨਿਵਾਇਆ ਪਰ ਦਾਤੂ ਤੇ ਦਾਸੂ ਨੂੰ ਇਹ ਗੱਲ ਠੀਕ ਨਾ ਲੱਗੀ। 1609 ਵਿਚ ਗੁਰੂ ਅੰਗਦ ਦੇਵ ਜੀ ਜੋਤੀ ਜੋਤਿ ਸਮਾ ਗਏ। ਆਪ ਹਰ ਵੇਲੇ ਨਿਮਰ ਤੇ ਆਪਣੇ ਕੰਮ ਵਿਚ ਦ੍ਰਿੜ੍ਹ ਰਹਿੰਦੇ ਸੀ। ਇਨ੍ਹਾਂ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਲੰਗਰ ਪ੍ਰਥਾ ਤਹਿਤ ਪੰਗਤ ਵਿਚ ਬੈਠ ਕੇ, ਊਚ-ਨੀਚ ਦਾ ਵਿਚਾਰ ਛੱਡ ਕੇ ਲੰਗਰ ਛਕਣ ਦਾ ਉਪਦੇਸ਼ ਦਿੱਤਾ।
'ਜਾਤਿ ਕਾ ਗਰਬੁ ਨ ਕਰੀਅਹੁ ਕੋਈ।'
ਲੰਗਰ ਵਿਚ ਰਾਉ ਰੰਕ ਨਾਲ ਇਕੋ ਜਿਹਾ ਸਲੂਕ ਹੁੰਦਾ ਸੀ। ਗੁਰਮਤਿ ਦੇ ਪ੍ਰਚਾਰ ਲਈ 22 ਮੰਜੀਆਂ ਵੀ ਕਾਇਮ ਕੀਤੀਆਂ। ਇਸ ਦਾ ਭਾਵ ਸੀ ਕਿ ਗੁਰੂ ਜੀ ਆਪ ਦੂਰ-ਦੂਰ ਨਹੀਂ ਸੀ ਜਾ ਸਕਦੇ। ਇਸ ਕਰਕੇ ਪ੍ਰਚਾਰਕ ਮੰਜੇ 'ਤੇ ਬੈਠ ਕੇ ਪ੍ਰਚਾਰ ਕਰਦੇ ਸੀ ਸੰਗਤਾਂ ਵਿਚ। ਗੋਇੰਦਵਾਲ ਵਿਚ ਬਾਉਲੀ ਸਾਹਿਬ ਬਣਵਾਈ, ਜਿਸ ਦੀਆਂ ਚੌਰਾਸੀ ਪੌੜੀਆਂ ਹਨ। ਆਖਿਆ ਕਿ ਜੇ ਕੋਈ ਇਸ਼ਨਾਨ ਕਰਕੇ ਹਰ ਪੌੜੀ 'ਤੇ ਜਪੁਜੀ ਸਾਹਿਬ ਦਾ ਪਾਠ ਕਰੇਗਾ ਤਾਂ ਉਸ ਦੀ ਚੌਰਾਸੀ ਕੱਟੀ ਜਾਵੇਗੀ। ਆਪ ਦੇ ਦਰਬਾਰ ਵਿਚ ਬਾਦਸ਼ਾਹ ਅਕਬਰ ਵੀ ਆਇਆ, ਜਿਸ ਨੇ ਪੰਗਤ ਵਿਚ ਬੈਠ ਕੇ ਹੀ ਲੰਗਰ ਛਕਿਆ। ਗੁਰੂ ਜੀ ਨੇ ਸਤੀ ਦੀ ਰਸਮ ਦਾ ਖੰਡਨ ਕੀਤਾ ਅਤੇ ਸਮਾਜ ਵਿਚੋਂ ਇਸਤਰੀ ਦੇ ਪਰਦੇ ਦੀ ਰਸਮ ਨੂੰ ਵੀ ਨਿੰਦਿਆ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 17 ਰਾਗਾਂ ਵਿਚ ਉਚਾਰੀ। ਇਹ ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਵਿਚ ਹੈ। ਕੁੱਲ ਸ਼ਬਦ 873 ਹਨ ਪਰ ਵੱਖ-ਵੱਖ ਲੇਖਕਾਂ ਅਨੁਸਾਰ ਸ਼ਬਦਾਂ ਦੀ ਗਿਣਤੀ ਵੱਖ-ਵੱਖ ਹੈ। ਇਨ੍ਹਾਂ ਨੇ ਪਟੀ, ਸਤ ਵਾਰ (ਸਪਤਾਹ ਦੇ ਦਿਨ) ਅਲਾਹੁਣੀਆਂ, ਵਾਰਾਂ, ਚਉਪਦੇ, ਅਸਟਪਦੀਆਂ, ਛੰਦ ਪਾਉੜੀਆਂ ਵਿਚ ਬਾਣੀ ਰਚੀ ਤੇ 'ਇਕ' ਦੀ ਹੀ ਸਿਫਤ ਕੀਤੀ ਹੈ :
'ਏਕੋ ਰਵਿ ਰਹਿਆ ਸਭ ਅੰਤਿਰ
ਤਿਸੁ ਬਿਨੁ ਅਵਰੁ ਨ ਕੋਈ ਹੇ£' (ਪੰਨਾ 1044)
ਜੋ ਪ੍ਰਮਾਤਮਾ ਨੂੰ ਧਿਆਉਂਦੇ ਹਨ, ਉਹ ਭਾਵੇਂ ਉਮਰ ਦੇ ਪੱਖ ਤੋਂ ਬੁੱਢੇ ਲੱਗਣ ਪਰ ਉਨ੍ਹਾਂ ਦੀ ਗੁਰਮੁਖਤਾਈ ਉੱਤੇ ਉਨ੍ਹਾਂ ਦੀ ਸਿਹਤ ਅਤੇ ਸਮੇਂ ਦਾ ਕੋਈ ਅਸਰ ਨਹੀਂ ਪੈਂਦਾ-
'ਗੁਰਮੁਖਿ ਬੁਢੇ ਕਦੇ ਨਾਹੀ ਜਿਨਾ ਅੰਤਰਿ ਸੁਰਤਿ ਗਿਆਨੁ£
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨ£'
ਗੁਰੂ ਅਮਰਦਾਸ ਜੀ ਨੇ ਪਹਿਲੇ ਗੁਰੂਆਂ ਵਾਂਗ ਸਮਾਜ ਵਿਚ ਨਾਮ, ਏਕਤਾ ਤੇ ਸਮਾਨਤਾ ਨੂੰ ਹੀ ਮਹਾਨਤਾ ਦਿੱਤੀ, ਜਿਸ ਦੀ ਅੱਜ ਵੀ ਜ਼ਰੂਰਤ ਹੈ, ਖਾਸ ਕਰਕੇ ਏਕਤਾ ਤੇ ਸਮਾਨਤਾ ਦੀ। ਉਨ੍ਹਾਂ ਨੇ ਰਾਗਾਂ ਵਿਚ ਬਾਣੀ ਰਚੀ ਅਤੇ ਰਾਗਾਂ ਦੇ ਵੀ ਅਰਥ ਸਮਝਾਏ।
1. ਰਾਗਾ ਵਿਚ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ£ (ਅੰਗ 83)
2. ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ£ (ਅੰਗ 950)
3. ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ£ (ਅੰਗ 1283)
      ਉਨ੍ਹਾਂ ਨੇ ਵਿਚਾਰਾਂ ਨੂੰ ਥੋੜ੍ਹੇ ਸ਼ਬਦਾਂ ਵਿਚ ਚਿਤਰਨ ਕੀਤਾ ਹੈ :
'ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ£
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ£' (ਅੰਗ 787)
ਬਾਣੀ ਗੁਰੂ ਹੈ ਤੇ ਗੁਰੂ ਵੀ ਸਭ ਦਾ ਇਕ ਹੀ ਹੈ।
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ£ (ਅੰਗ 646)
ਗੁਰੂ ਅਮਰਦਾਸ ਜੀ 1631 ਬਿਕਰਮੀ ਵਿਚ ਜੋਤੀ ਜੋਤਿ ਸਮਾਏ। ਉਨ੍ਹਾਂ ਨੇ ਆਪਣੀ ਉਮਰ ਦੇ ਛੇ ਸਾਲ ਛੇ ਮਹੀਨੇ ਜੇਠਾ ਜੀ (ਗੁਰੂ ਰਾਮ ਦਾਸ) ਨੂੰ ਪ੍ਰਦਾਨ ਕੀਤੇ। ਕਿਉਂਕਿ ਜੇਠਾ ਜੀ ਦੀ (ਬੀਬੀ ਭਾਨੀ ਦੇ ਪਤੀ) ਆਪਣੀ ਉਮਰ ਖਤਮ ਸੀ। ਇਹੋ ਹੀ ਸਮਾਂ ਗੁਰੂ ਰਾਮ ਦਾਸ ਜੀ ਦੀ ਗੁਰੂ ਗੱਦੀ ਦਾ ਸਮਾਂ ਹੈ। ਆਓ ਉਨ੍ਹਾਂ ਦੇ ਪ੍ਰਕਾਸ਼ ਉਤਸਵ 'ਤੇ ਊਚ-ਨੀਚ, ਜਾਤ-ਪਾਤ, ਲੁੱਟ-ਖਸੁੱਟ, ਨਸ਼ਿਆਂ ਨੂੰ ਖਤਮ ਕਰਕੇ ਸਮਝੀਏ ਕਿ ਅਸੀਂ ਏਕਸ ਦੇ ਬਾਰਿਕ ਹਾਂ, ਸਭ ਨੂੰ ਆਪਣਾ ਸਮਝੀਏ।
ਹਰਸਿਮਰਨ ਕੌਰ, ਚੰਡੀਗੜ੍ਹ