ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਨੰਦ ਮੈਰਿਜ ਐਕਟ 'ਚ ਸੋਧ ਦਾ ਵਿਰੋਧ ਕਰਨਾ ਕਿੰਨਾ ਕੁ ਵਾਜਬ?


ਅੱਜ ਹਾਲਤ ਇਹ ਹੈ ਕਿ ਦੇਸ਼ ਤੇ ਵਿਦੇਸ਼ਾਂ ਵਿਚ ਵੀ ਸਿੱਖ ਧਰਮ ਦੀ ਅਲੱਗ ਪਛਾਣ ਤੇ ਹੋਂਦ ਨੂੰ ਸਵੀਕਾਰਿਆ ਨਹੀਂ ਜਾ ਰਿਹਾ, ਜਿਸ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਪਰਵਾਸੀ ਸਿੱਖਾਂ ਨੂੰ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਿਦੇਸ਼ੀ ਸਰਕਾਰਾਂ ਹਿੰਦੂ ਧਰਮ ਦੀਆਂ ਰਵਾਇਤਾਂ ਅਨੁਸਾਰ ਹੀ ਸਿੱਖਾਂ ਨੂੰ ਪ੍ਰਵਾਨ ਕਰਦੇ ਹੋਏ ਸਿੱਖਾਂ ਲਈ ਕੇਸਾਂ ਦੀ ਅਹਿਮੀਅਤ ਤੋਂ ਇਨਕਾਰੀ ਹੋ ਜਾਂਦੀਆਂ ਹਨ।
20ਵੀਂ ਸਦੀ ਦੇ ਆਰੰਭ ਵਿਚ ਭਾਰਤ ਵਿਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦੇ ਵੱਖ-ਵੱਖ ਧਾਰਮਿਕ ਨੇਤਾਵਾਂ ਨੇ ਜਿਥੇ ਸੁਚੇਤ ਢੰਗ ਨਾਲ ਆਪਣੇ-ਆਪ ਨੂੰ ਮੁੜ ਸੰਗਠਿਤ ਕੀਤਾ, ਉਥੇ ਧਰਮ ਦੇ ਖੇਤਰ ਵਿਚ ਆਈਆਂ ਕੁਰੀਤੀਆਂ ਨੂੰ ਵੀ ਦੂਰ ਕਰਕੇ ਆਧੁਨਿਕ ਸਮੇਂ ਦੇ ਹਾਣੀ ਬਣਨ ਦਾ ਯਤਨ ਕੀਤਾ। ਇਸ ਸਥਿਤੀ ਵਿਚ ਭਾਵੇਂ ਇਕ ਪਾਸੇ ਫਿਰਕੂਵਾਦ ਤੇ ਕੱਟੜਵਾਦ ਪੈਦਾ ਹੋਇਆ, ਪਰ ਦੂਜੇ ਪਾਸੇ ਸਮਾਜ ਸੁਧਾਰ ਨੂੰ ਵੀ ਹੁੰਗਾਰਾ ਪ੍ਰਾਪਤ ਹੋਇਆ।
ਇਸ ਹਾਲਤ ਵਿਚ ਹੀ ਸਿੱਖ ਧਾਰਮਿਕ ਆਗੂਆਂ ਨੇ ਵੀ ਧਰਮ 'ਚ ਸੁਧਾਰ ਲਈ ਸਿੰਘ ਸਭਾ ਲਹਿਰ ਦਾ ਜਥੇਬੰਦਕ ਰੂਪ ਤਿਆਰ ਕੀਤਾ। ਭਾਵੇਂ ਆਰੰਭਕ ਪੜਾਅ ਵਿਚ ਸਿੱਖ ਰਸਮਾਂ, ਰਹੁ-ਰੀਤਾਂ ਨੂੰ ਵੱਡੇ ਪੱਧਰ 'ਤੇ ਵਿਲੱਖਣ ਬਣਾਇਆ ਗਿਆ ਪਰ ਚੀਫ਼ ਖਾਲਸਾ ਦੀਵਾਨ ਦੇ ਯਤਨਾਂ ਨਾਲ 1909 ਵਿਚ ਸਿੱਖਾਂ ਦੇ ਵਿਆਹਾਂ ਲਈ ਅਨੰਦ ਕਾਰਜ ਦੀ ਰਸਮ ਨੂੰ ਮਾਨਤਾ ਪ੍ਰਾਪਤ ਹੋਈ। ਪਰ ਇਸ ਨਾਲ ਵੀ ਸਿੱਖਾਂ ਦੀ ਵੱਖਰੀ ਹੋਂਦ ਨੂੰ ਕੋਈ ਹੁਲਾਰਾ ਪ੍ਰਾਪਤ ਨਾ ਹੋਇਆ। 1909 ਦੇ ਅਨੰਦ ਮੈਰਿਜ ਐਕਟ ਨੇ ਕੇਵਲ ਅਨੰਦ ਕਾਰਜ ਦੀ ਰਸਮ ਨੂੰ ਵਿਆਹ ਦੀ ਪ੍ਰਵਾਨਤ ਪ੍ਰਣਾਲੀ ਦੇ ਰੂਪ ਵਿਚ ਹੀ ਪੇਸ਼ ਕੀਤਾ ਅਤੇ ਇਸ ਨੂੰ ਹਿੰਦੂ ਵਿਆਹ ਦੀਆਂ ਰਸਮਾਂ ਵਿਚੋਂ ਇਕ ਰਸਮ 'ਤੇ ਤੌਰ 'ਤੇ ਹੀ ਮਾਨਤਾ ਹਾਸਲ ਹੋਈ। ਪਰ ਇਸ ਐਕਟ ਨੇ ਆਰੰਭਕ ਪੜਾਅ 'ਤੇ ਇਕ ਇਤਿਹਾਸਕ ਰੋਲ ਅਦਾ ਕੀਤਾ ਤੇ ਸਿੱਖ ਕੌਮ ਨੂੰ ਵੱਖਰੀ ਪਛਾਣ ਪ੍ਰਦਾਨ ਕਰਨ ਦੇ ਮੁੱਢਲੇ ਆਧਾਰ ਪ੍ਰਦਾਨ ਕੀਤੇ। ਇਹ ਕਵਾਇਦ ਪਹਿਲਾਂ 1947 ਤੱਕ ਚਲਦੀ ਰਹੀ ਅਤੇ ਇਸ ਉਪਰੰਤ ਸੁਤੰਤਰ ਭਾਰਤ ਦੇ ਸੰਵਿਧਾਨ ਵਿਚ ਵੀ ਇਸ ਨੂੰ ਹਿੰਦੂ ਮੈਰਿਜ ਕੋਡ ਦੇ ਅੰਤਰਗਤ ਹੀ ਰੱਖਿਆ ਗਿਆ। ਦੂਜੇ ਸ਼ਬਦਾਂ ਵਿਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਬਰਤਾਨਵੀ ਸਰਕਾਰ ਦੀ ਤਰ੍ਹਾਂ 1909 ਦੀ ਸਥਿਤੀ ਨੂੰ ਹੀ ਬਰਕਰਾਰ ਰੱਖਿਆ ਗਿਆ। ਬਦਲੀਆਂ ਪ੍ਰਸਥਿਤੀਆਂ ਦੇ ਤਹਿਤ ਸਿੱਖ ਕੌਮ ਦੀ ਅਲੱਗ ਪਛਾਣ ਦੀ ਮੰਗ ਨੂੰ ਦਰਕਨਾਰ ਕਰ ਦਿੱਤਾ ਗਿਆ। ਉਸ ਸਮੇਂ ਜੱਦੋ-ਜਹਿਦ ਦੇ ਬਾਵਜੂਦ ਸਿੱਖ ਲੀਡਰਾਂ ਦੇ ਸਿੱਖ ਧਰਮ ਨੂੰ ਅਲੱਗ ਪਛਾਣ ਦੁਆਉਣ ਦੇ ਯਤਨ ਸਫ਼ਲ ਨਾ ਹੋ ਸਕੇ। ਬਲਕਿ ਇਸ ਦੇ ਬਦਲੇ ਵਿਚ ਸੰਵਿਧਾਨ 'ਚ ਧਾਰਾ 25 ਜੋੜ ਦਿੱਤੀ ਗਈ, ਜਿਸ ਨੇ ਸਿੱਖ ਕੌਮ ਦੀ ਸੁਤੰਤਰ ਹੋਂਦ ਨੂੰ ਸਥਾਪਤ ਕਰਨ ਦੇ ਰਾਹ ਵਿਚ ਵੱਡਾ ਰੋੜਾ ਅਟਕਾਇਆ। ਧਾਰਾ 25 ਵਾਸਤਵ ਵਿੱਚ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਇਕ ਹਿੱਸਾ ਪ੍ਰਵਾਨ ਕਰਦੀ ਹੈ। ਧਾਰਾ 25 'ਚ ਸੋਧ ਸਬੰਧੀ ਆਰੰਭ ਤੋਂ ਹੀ ਸਿੱਖ ਨੇਤਾਵਾਂ ਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਯਤਨ ਕੀਤੇ ਪਰ ਇਸ ਧਾਰਾ ਨੂੰ ਪ੍ਰਤੱਖ ਤੇ ਅਪ੍ਰਤੱਖ ਕਾਰਨਾਂ ਕਰਕੇ ਹੁਣ ਤੱਕ ਵੀ ਬਦਲਿਆ ਨਹੀਂ ਗਿਆ। ਇਹ ਇਕ ਇਤਿਹਾਸਕ ਸਚਾਈ ਹੈ ਕਿ ਅੱਸੀਵਿਆਂ ਵਿਚ ਧਰਮ ਯੁੱਧ ਮੋਰਚਾ ਵੀ ਲੜਿਆ ਗਿਆ ਪਰ ਇਨ੍ਹਾਂ ਸਾਰੇ ਯਤਨਾਂ, ਸੰਘਰਸ਼ਾਂ, ਮੋਰਚਿਆਂ ਦੇ ਬਾਵਜੂਦ ਧਾਰਾ 25 ਵਿਚ ਤਬਦੀਲੀ ਨਹੀਂ ਕੀਤੀ ਗਈ ਅਤੇ ਸਿੱਖ ਵਿਆਹ ਰੀਤੀ ਅਨੰਦ ਕਾਰਜ ਨੂੰ ਹਿੰਦੂ ਵਿਆਹ ਕਨੂੰਨ ਦੇ ਤਹਿਤ ਹੀ ਮਾਨਤਾ ਦਿੱਤੀ ਜਾਂਦੀ ਰਹੀ। ਸਿੱਖ ਨੇਤਾਵਾਂ ਦੇ ਯਤਨਾਂ ਨਾਲ ਵੀ ਇਸ ਦਿਸ਼ਾ ਵਿਚ ਕੋਈ ਪ੍ਰਗਤੀ ਨਹੀਂ ਹੋ ਸਕੀ, ਸਗੋਂ ਗ਼ੈਰ-ਸਿੱਖਾਂ ਦੇ ਇਕ ਵਰਗ ਵੱਲੋਂ ਨਿਰੰਤਰ ਤੌਰ 'ਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਕਿਹਾ ਜਾਂਦਾ ਰਿਹਾ ਅਤੇ ਇਸ ਸਬੰਧੀ ਖੁੱਲਮ ਖੁੱਲ੍ਹੇ ਰੂਪ 'ਚ ਪ੍ਰਚਾਰ ਵੀ ਕੀਤਾ ਗਿਆ। ਇਹ ਉਹ ਸਥਿਤੀ ਸੀ ਜਿਸ ਤਹਿਤ ਧਾਰਾ 25 ਨੂੰ ਸੋਧਣ ਦੇ ਰਸਤੇ ਵਿਚ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਸਨ। ਅੱਜ ਹਾਲਤ ਇਹ ਹੈ ਕਿ ਦੇਸ਼ ਤੇ ਵਿਦੇਸ਼ਾਂ ਵਿਚ ਵੀ ਸਿੱਖ ਧਰਮ ਦੀ ਅਲੱਗ ਪਛਾਣ ਤੇ ਹੋਂਦ ਨੂੰ ਸਵੀਕਾਰਿਆ ਨਹੀਂ ਜਾ ਰਿਹਾ, ਜਿਸ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਪਰਵਾਸੀ ਸਿੱਖਾਂ ਨੂੰ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਿਦੇਸ਼ੀ ਸਰਕਾਰਾਂ ਹਿੰਦੂ ਧਰਮ ਦੀਆਂ ਰਵਾਇਤਾਂ ਅਨੁਸਾਰ ਹੀ ਸਿੱਖਾਂ ਨੂੰ ਪ੍ਰਵਾਨ ਕਰਦੇ ਹੋਏ ਸਿੱਖਾਂ ਲਈ ਕੇਸਾਂ ਦੀ ਅਹਿਮੀਅਤ ਤੋਂ ਇਨਕਾਰੀ ਹੋ ਜਾਂਦੀਆਂ ਹਨ ਤੇ ਦਸਤਾਰ ਨੂੰ ਮਾਨਤਾ ਦੇਣ ਤੋਂ ਵੀ ਇਨਕਾਰੀ ਹਨ, ਸਿੱਖ ਕਕਾਰਾਂ ਦੀ ਅਹਿਮੀਅਤ ਤੋਂ ਅਨਜਾਣ ਵਿਦੇਸ਼ੀ ਸਰਕਾਰਾਂ ਸਿੱਖ ਧਰਮ ਦੇ ਪਛਾਣ ਚਿਨ੍ਹਾਂ 'ਤੇ ਪਾਬੰਦੀ ਲਗਾ ਰਹੀਆਂ ਹਨ। ਇਸ ਸਥਿਤੀ ਲਈ ਪਰਵਾਸੀ ਸਿੱਖਾਂ ਨੂੰ ਨਿੱਤ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਸਬੰਧੀ ਉਨ੍ਹਾਂ ਨੂੰ ਰਾਜਨੀਤਕ ਤੇ ਕਨੂੰਨੀ ਪੱਧਰ 'ਤੇ ਚਾਰਾਜੋਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਵਿਦੇਸ਼ਾਂ ਵਿਚ ਸਿੱਖਾਂ ਨੂੰ ਇਸ ਸਥਿਤੀ ਦਾ ਟਾਕਰਾ ਇਸ ਕਰਕੇ ਮੁੱਖ ਤੌਰ 'ਤੇ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਦੇ ਦਸਤਾਵੇਜ਼ਾਂ ਵਿਚ ਵਿਆਹ ਨੂੰ ਹਿੰਦੂ ਵਿਆਹ ਕਾਨੂੰਨ ਦੇ ਅੰਤਰਗਤ ਹੀ ਦਰਜ ਕੀਤਾ ਜਾਂਦਾ ਹੈ ਤੇ ਇਸ ਲਈ ਵਿਦੇਸ਼ੀ ਸਰਕਾਰਾਂ ਇਸ ਮੰਤਵ ਲਈ ਹਿੰਦੂ ਰਵਾਇਤਾਂ ਨੂੰ ਹੀ ਮਾਨਤਾ ਦਿੰਦੀਆਂ ਹਨ। ਇਹ ਉਹ ਸਥਿਤੀ ਹੈ ਜਿਹੜੀ ਇਕ ਪਾਸੇ ਤਾਂ ਸਿੱਖ ਕੌਮ ਦੀ ਹੈਸੀਅਤ ਨੂੰ ਵੰਗਾਰਦੀ ਹੈ ਤੇ ਦੂਜੇ ਪਾਸੇ ਵਿਦੇਸ਼ਾਂ ਵਿਚ ਕਈ ਪੱਧਰ 'ਤੇ ਕਨੂੰਨੀ ਤੇ ਪ੍ਰਸ਼ਾਸਨਿਕ ਮੁਸ਼ਕਿਲਾਂ ਵੱਲ ਧਕੇਲਦੀ ਹੈ। ਇਸ ਸਥਿਤੀ ਵਿਚ ਅਨੰਦ ਮੈਰਿਜ ਐਕਟ 1909 ਅੱਜ ਦੇ ਸਮੇਂ ਵਿਚ ਵਿਸ਼ਵ ਭਰ ਦੇ ਸਿੱਖਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੈ।
ਇਸ ਲਈ ਵਿਦੇਸ਼ਾਂ ਵਿਚ ਸਿੱਖਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਪਹਿਲੇ ਪੜਾਅ 'ਤੇ ਸਿੱਖ ਵਿਦਵਾਨਾਂ ਨੇ ਅਨੰਦ ਮੈਰਿਜ ਐਕਟ 1909 ਵਿੱਚ ਸੋਧ ਰਾਹੀਂ ਸਿੱਖ ਵਿਆਹ ਦੀ ਰਸਮ ਨੂੰ ਮਾਨਤਾ ਪ੍ਰਦਾਨ ਕਰਾਉਂਦੇ ਹੋਏ ਇਸ ਐਕਟ ਅਧੀਨ ਰਜਿਸਟਰੇਸ਼ਨ ਕਰਵਾਉਣ ਦੀ ਵਿਵਸਥਾ ਕਰਨ ਦੀ ਫੌਰੀ ਲੋੜ ਮਹਿਸੂਸ ਕੀਤੀ। ਇਸ ਮੰਤਵ ਲਈ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ ਨੇ ਸਿੱਖ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਰਾਜ ਸਭਾ ਵਿਚ ਪ੍ਰਾਈਵੇਟ ਬਿੱਲ ਵਜੋਂ ਅਨੰਦ ਮੈਰਿਜ ਐਕਟ 1909 ਵਿਚ ਸੋਧ ਦਾ ਮਤਾ ਪੇਸ਼ ਕੀਤਾ। ਆਰੰਭਕ ਪੜਾਅ 'ਤੇ ਇਸ ਨੂੰ ਹੁੰਗਾਰਾ ਪ੍ਰਾਪਤ ਨਾ ਹੋਇਆ। ਸ: ਤਰਲੋਚਨ ਸਿੰਘ ਨੇ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਵੀ ਸਹਿਮਤੀ ਪ੍ਰਾਪਤ ਕੀਤੀ। ਇਸ ਮੰਤਵ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਵੀ ਪ੍ਰਾਪਤ ਹੋਇਆ। ਉਸ ਸਮੇਂ ਵੀ ਜਥੇਦਾਰ ਵੇਦਾਂਤੀ ਜੀ ਦਾ ਵਿਚਾਰ ਸੀ ਕਿ ਤਲਾਕ ਦੀ ਮੱਦ ਸਿੱਖ ਰਵਾਇਤਾਂ ਦੇ ਵਿਰੁੱਧ ਹੈ, ਇਸ ਨੂੰ ਸੋਧ ਮਤੇ ਵਿਚ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ, ਕੇਵਲ ਵਿਆਹ ਦੀ ਰਜਿਸਟਰੇਸ਼ਨ ਹੀ ਮੁੱਢਲੇ ਪੜਾਅ 'ਤੇ ਜ਼ਰੂਰੀ ਹੈ। ਇਸ ਤਰ੍ਹਾਂ ਸ: ਤਰਲੋਚਨ ਸਿੰਘ ਨੇ ਸੰਸਦੀ ਪ੍ਰਣਾਲੀ ਵਿਚ ਨਿਰੰਤਰ ਯਤਨ ਕੀਤੇ ਤੇ ਸਾਰੇ ਸਿੱਖ ਪਾਰਲੀਮੈਂਟ ਮੈਂਬਰਾਂ ਦਾ ਸਹਿਯੋਗ ਪ੍ਰਾਪਤ ਕੀਤਾ। ਇਸ ਤਰ੍ਹਾਂ ਲੰਮੇ ਸਮੇਂ ਬਾਅਦ ਕੇਂਦਰੀ ਸਰਕਾਰ ਦੀ ਆਨਾਕਾਨੀ ਦੇ ਬਾਵਜੂਦ ਸ: ਤਰਲੋਚਨ ਸਿੰਘ ਦੇ ਨਿਰੰਤਰ ਯਤਨਾਂ ਨਾਲ ਅਨੰਦ ਮੈਰਿਜ ਐਕਟ ਦੇ ਅਧੀਨ ਸਿੱਖ ਵਿਆਹਾਂ ਦੀ ਰਜਿਸਟਰੇਸ਼ਨ ਦੀ ਵਿਵਸਥਾ ਲਈ ਸ: ਤਰਲੋਚਨ ਸਿੰਘ ਦੁਆਰਾ ਪੇਸ਼ ਬਿੱਲ ਨੂੰ ਕੇਂਦਰੀ ਵਜ਼ਾਰਤ ਦੀ ਮਨਜ਼ੂਰੀ ਉਪਰੰਤ ਰਾਜ ਸਭਾ 'ਚ ਪੇਸ਼ ਕਰ ਦਿੱਤਾ ਗਿਆ ਅਤੇ ਹੁਣ ਇਸ ਨੂੰ ਨੇੜ-ਭਵਿੱਖ ਵਿਚ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਜਿਥੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਕਈ ਪ੍ਰਕਾਰ ਦੀਆਂ ਪੇਚੀਦਗੀਆਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਵੇਗਾ ਤੇ ਇਹ ਆਸ ਕੀਤੀ ਜਾ ਸਕਦੀ ਹੈ ਕਿ ਇਸ ਉਪਰੰਤ ਸੰਵਿਧਾਨ ਦੀ ਧਾਰਾ 25 ਵਿਚ ਸੋਧ ਲਈ ਵੀ ਆਧਾਰ ਭੂਮੀ ਤਿਆਰ ਹੋ ਜਾਵੇਗੀ। ਕੁਝ ਸਿੱਖਾਂ ਵਿਚ ਇਸ ਸਬੰਧੀ ਭੁਲੇਖੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਬਦਕਿਸਮਤੀ ਨਾਲ ਇਸ ਭੁਲੇਖੇ ਦਾ ਸ਼ਿਕਾਰ ਚੀਫ਼ ਖ਼ਾਲਸਾ ਦੀਵਾਨ ਤੇ ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਵੀ ਹੋ ਗਈ ਲਗਦੀ ਹੈ। ਇਨ੍ਹਾਂ ਸੰਸਥਾਵਾਂ ਦੁਆਰਾ ਪ੍ਰਤੱਖ ਤੇ ਅਪ੍ਰਤੱਖ ਕਾਰਨਾਂ ਤਹਿਤ ਅਸਿੱਧੇ ਢੰਗ ਨਾਲ ਰਾਜ ਸਭਾ ਵਿਚ ਪੇਸ਼ ਹੋਏ ਬਿੱਲ ਦੇ ਪਾਸ ਹੋਣ ਵਿਚ ਰੁਕਾਵਟਾਂ ਖੜੀਆਂ ਕਰਨ ਦੇ ਯਤਨ ਆਰੰਭੇ ਗਏ ਹਨ। ਇਸ ਸਥਿਤੀ ਵਿੱਚ ਮੁੱਢਲੇ ਪੜਾਅ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਭੁਲੇਖੇ ਦਾ ਸ਼ਿਕਾਰ ਹੋ ਗਏ ਸਨ ਪਰ ਉਨ੍ਹਾਂ ਨੇ ਵੀ ਤੁਰੰਤ ਸਥਿਤੀ ਨੂੰ ਸੰਭਾਲਦੇ ਹੋਏ ਸੋਧ ਬਿੱਲ ਦੀ ਹਮਾਇਤ ਕਰ ਦਿੱਤੀ ਹੈ। ਇਸ ਸਥਿਤੀ ਵਿਚ ਚੀਫ਼ ਖ਼ਾਲਸਾ ਦੀਵਾਨ ਤੇ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ ਤੇ ਸਮੁੱਚੀ ਸਥਿਤੀ ਦੇ ਅੰਤਰਗਤ ਹੀ ਕੌਮ ਨੂੰ ਅਗਵਾਈ ਦੇਣੀ ਲੋੜੀਂਦੀ ਹੈ।
ਨਿਰਸੰਦੇਹ, ਭਵਿੱਖ ਵਿਚ ਸੰਪੂਰਨ ਅਨੰਦ ਮੈਰਿਜ ਐਕਟ ਬਣਨਾ ਚਾਹੀਦਾ ਹੈ ਤੇ ਭਾਰਤੀ ਸੰਵਿਧਾਨ ਦੀ ਧਾਰਾ 25 ਵੀ ਖਤਮ ਹੋਣੀ ਚਾਹੀਦੀ ਹੈ। ਇਨ੍ਹਾਂ ਲਈ ਨਿਰੰਤਰ ਤੌਰ 'ਤੇ ਸਾਰੀਆਂ ਧਿਰਾਂ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ ਪਰ ਹਰ ਕਾਰਜ ਲਈ ਸਮਾਂ ਨਿਸਚਿਤ ਹੁੰਦਾ ਹੈ, ਇਸ ਲਈ ਪਹਿਲੇ ਪੜਾਅ 'ਤੇ ਅਨੰਦ ਮੈਰਿਜ ਐਕਟ ਸੋਧ ਬਿੱਲ-2012 ਨੂੰ ਪ੍ਰਵਾਨ ਕਰਵਾਉਣ ਲਈ ਸੁਖਾਵਾਂ ਮਾਹੌਲ ਸਥਾਪਤ ਕਰਨਾ ਲੋੜੀਂਦਾ ਹੈ, ਤਾਂ ਕਿ ਸਿੱਖ ਵਿਰੋਧੀ ਸ਼ਕਤੀਆਂ ਭੰਬਲਭੂਸਾ ਪੈਦਾ ਕਰਨ ਤੇ ਨਜਾਇਜ਼ ਲਾਭ ਪ੍ਰਾਪਤ ਕਰਨ ਵਿੱਚ ਸਫ਼ਲ ਨਾ ਹੋ ਸਕਣ।
ਸ. ਪ. ਸਿੰਘ