ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼ਹੀਦੀ ਯਾਦਗਾਰ ਦਾ ਹਸ਼ਰ : ਜੇ ਇਹੀ ਕੁਝ ਕਰਨਾ ਸੀ ਤਾਂ!


ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਫੌਜੀ ਹਮਲੇ ਦੀ ਯਾਦਗਾਰ ਦਾ ਜਿਹੜੀ ਨੀਂਹ 20 ਮਈ ਨੂੰ ਰੱਖੀ ਗਈ ਹੈ ਇਸ ਨੂੰ ਸਿੱਖ ਸੰਗਤ ਨੇ ਬੜੇ ਹੀ ਅਫਸੋਸਮਈ ਢੰਗ ਤਰੀਕੇ ਨਾਲ ਰੱਦ ਕਰ ਦਿੱਤਾ ਹੈ। 'ਸ਼ਹੀਦੀ ਯਾਦਗਾਰ' ਬਣਾਉਣ ਲਈ ਸ਼੍ਰੋਮਣੀ ਕਮੇਟੀ 'ਤੇ ਦਬਾਅ ਪਾ ਰਹੀਆਂ ਸਿੱਖ ਜਥੇਬੰਦੀਆਂ ਨੇ ਤਾਂ ਪਹਿਲਾਂ ਹੀ ਅਜਿਹਾ ਖਦਸ਼ਾ ਪ੍ਰਗਟ ਕਰਦਿਆਂ ਇਕ ਵੱਖਰੀ ਕਮੇਟੀ ਬਣਾ ਕੇ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ 'ਸੁਝਾਅ ਕਮੇਟੀ' ਆਪ ਬਣਾਈ ਸੀ ਉਸ ਬਾਰੇ ਵੀ ਇਹੋ ਖਦਸ਼ੇ ਸਨ ਕਿ ਇਸ ਦੇ ਸਾਰੇ ਮੈਂਬਰ ਉਹ ਵਿਅਕਤੀ ਹਨ ਜਿਹਨਾਂ ਤੋਂ ਆਪਣੀ ਮਰਜ਼ੀ ਦੀ ਰਿਪੋਰਟ ਤਿਆਰ ਕਰਵਾਈ ਜਾ ਸਕਦੀ ਹੈ। ਸਿੱਖ ਕੌਮ ਵੱਲੋਂ ਅਠਾਈ ਸਾਲਾਂ ਦੀਆਂ ਅਪੀਲਾਂ, ਦਲੀਲਾਂ ਅਤੇ ਭੁੱਖ ਹੜਤਾਲਾਂ ਤੋਂ ਬਾਅਦ ਜਿਹੜੀ ਯਾਦਗਾਰ ਹੁਣ ਬਣਾਈ ਜਾ ਰਹੀ ਹੈ ਇਹ ਅਠਾਰਾਂ ਫੁੱਟ ਉੱਚਾ ਅੱਠ ਨੁਕਰਾਂ ਵਾਲਾ ਇਸ ਗੁਰਦੁਆਰਾ, ਦਰਬਾਰ ਸਾਹਿਬ ਗਲਿਆਣੇ ਵਿਚ ਸਥਾਪਿਤ ਕੀਤਾ ਜਾਵੇਗਾ ਜਿਸ ਦੀ ਦਿੱਖ ਤੋਂ ਸਰਕਾਰ ਵੱਲੋਂ ਸਿੱਖਾਂ ਦੀ ਜਾਣਬੁਝ ਕੇ ਕੀਤੀ ਤਬਾਹੀ ਦਾ ਭੁਲੇਖਾ ਵੀ ਨਹੀਂ ਪਵੇਗਾ। ਦਰਬਾਰ ਸਾਹਿਬ ਕੰਪਲੈਕਸ ਵਿਚ ਸਥਿਤ ਪਹਿਲਾਂ ਹੀ ਕਈ ਹੋਰ ਇਹੋ ਜਿਹੇ ਗੁਰਦੁਆਰਿਆਂ ਵਾਂਗ ਇਸ ਵਿਚ ਵੀ ਬ੍ਰਾਹਮਣੀ ਮੱਤ ਅਨੁਸਾਰ ਬੁੱਕ-ਕੀਤੇ ਅਖੰਡ ਪਾਠਾਂ ਦਾ ਭੋਗ ਪਾ ਕੇ ਹੁਕਮਨਾਮਾ ਉਹਨਾਂ ਦੇ ਘਰ ਡਾਕ ਰਾਹੀਂ ਭੇਜ ਦਿੱਤਾ ਜਾਇਆ ਕਰੇਗਾ ਜਿਹਨਾਂ ਨੇ ਇਸ ਦਾ ਸਾਰਾ ਖਰਚ ਪਹਿਲਾਂ ਹੀ ਜਮਾਂ ਕਰਵਾ ਦਿੱਤਾ ਹੋਇਆ ਕਰੇਗਾ। ਇਸ ਤਰ੍ਹਾਂ ਇਹ 'ਸ਼ਹੀਦੀ ਯਾਦਗਾਰ' ਆਪਣਾ ਉਹ ਸੁਨੇਹਾ ਨਹੀਂ ਦੇ ਸਕੇਗੀ ਜਿਸ ਦੇ ਮਕਸਦ ਲਈ ਪਿਛਲੇ ਅਠਾਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਸੀ। ਉਂਝ ਤਾਂ ਇਸ ਨੂੰ ਸ਼ਹੀਦੀ ਯਾਦਗਾਰ ਆਖਿਆ ਹੀ ਨਹੀਂ ਜਾ ਸਕਦਾ ਜਿਸ ਤਰ੍ਹਾਂ ਇਹਨਾਂ ਹੀ ਆਗੂਆਂ ਨੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਕੈਲੰਡਰ ਦਾ ਨਾਮ 'ਨਾਨਕਸ਼ਾਹੀ' ਰੱਖ ਕੇ ਅਸਲੀ ਕੈਲੰਡਰ ਦਾ ਪ੍ਰਭਾਵ ਘਟਾ ਦਿੱਤਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਹੁਣ ਇਕ ਨਵਾਂ ਗੁਰਦੁਆਰਾ ਸਾਹਿਬ ਹੋਰ ਉਸਾਰ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਜਾਵੇਗਾ ਕਿ ਆਹ ਗੁਰਦੁਆਰਾ ਸਾਹਿਬ ਹੀ 'ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੀ ਯਾਦਗਾਰ ਹੈ। ਹੌਲੀ-ਹੌਲੀ ਸਿੱਖ ਜਥੇਬੰਦੀਆਂ ਅਤੇ ਪੰਥ ਦਰਦੀ ਸੰਗਤਾਂ ਵੀ 'ਸ਼ਹੀਦੀ ਯਾਦਗਾਰ' ਦਾ ਮੁੱਦਾ ਛੱਡ ਦੇਣਗੀਆਂ।
ਜਿਸ ਤਰ੍ਹਾਂ ਹੁਣ ਹੋ ਰਿਹਾ ਹੈ ਇਸੇ ਤਰ੍ਹਾਂ ਹੀ ਜਿਸ ਯਾਦਗਾਰ ਨੂੰ ਦਿਖਾ ਕੇ ਪੂਰੀ ਸਿੱਖ ਕੌਮ ਸਾਰੀ ਦੁਨੀਆਂ ਨੂੰ ਇਹ ਦੱਸਣਾ ਸੀ ਕਿ ਭਾਰਤ ਵਿਚ ਸਿੱਖ ਕੌਮ ਦੀ ਹਾਲਤ ਕੀ ਹੈ, ਅਸੀਂ ਉਸ ਮਕਸਦ 'ਚ ਆਪਣੇ ਆਗੂਆਂ ਕਰਕੇ ਫੇਲ ਹੋ ਗਏ ਹਾਂ। ਜ਼ਾਹਰ ਹੈ ਕਿ ਕੌਮ ਨੂੰ ਇਹ ਧੋਖਾ ਦੇਣ ਵਿਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਦਾ ਇਸ ਅਹਿਮ ਯਾਦਗਾਰ ਦੀ ਸ਼ੁਰੂਆਤ ਸਮੇਂ ਨਾ ਪੁੱਜਣਾ ਵੀ ਮੰਦਭਾਗਾ ਕਿਹਾ ਜਾਣਾ ਚਾਹੀਦਾ ਹੈ। ਰਾਜਗੱਦੀ ਦੀ ਪ੍ਰਾਪਤੀ ਨੂੰ ਬਚਾਈ ਰੱਖਣ ਲਈ ਉਸ ਕੌਮ ਨੂੰ ਪਿੱਠ ਦੇ ਕੇ ਸ. ਬਾਦਲ ਆਪਣਾ ਭਵਿੱਖ ਦਾ ਇਤਿਹਾਸ ਬੁਰੇ ਪੰਨਿਆਂ 'ਤੇ ਲਿਖਵਾ ਰਹੇ ਹਨ ਜਿਸ ਕੌਮ ਨੇ ਉਹਨਾਂ ਨੂੰ ਸਾਰੀ ਉਮਰ ਸਰਦਾਰੀ ਬਖਸ਼ੀ ਰੱਖੀ ਹੈ। ਉਸ ਨੂੰ ਹੀ ਨਹੀਂ ਸਗੋਂ ਉਸ ਦੇ ਪੂਰੇ ਪਰਿਵਾਰ ਅਤੇ ਦੂਰ ਤੱਕ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਸਿੱਖਾਂ ਦੀਆਂ ਵੋਟਾਂ ਨਾਲ ਹੀ ਉਹਨਾਂ ਨੂੰ ਰਾਜਭਾਗ ਦਾ ਲੁਤਫ ਦਿੰਦੀਆਂ ਰਹੀਆਂ ਹਨ। ਹੁਣ ਜਦੋਂ ਕੌਮ ਦੇ ਅਹਿਮ ਮਾਮਲਿਆਂ ਤੋਂ ਵੀ ਸ. ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪਾਸਾ ਵੱਟਣਾ ਸ਼ੁਰੂ ਕੀਤਾ ਹੈ ਤਾਂ ਸਿੱਖਾਂ ਨੂੰ ਵੀ ਇਸ ਗੱਲ ਨੂੰ ਮਹਿਸੂਸ ਕਰਕੇ ਆਪਣੀ ਰਾਜਨੀਤਕ ਪਾਰਟੀ ਨੂੰ ਮੁੜ ਅਸਲੀ ਰਾਹ 'ਤੇ ਲਿਆਉਣ ਲਈ ਸੋਚਣਾ ਚਾਹੀਦਾ ਹੈ।
ਸ਼ਹੀਦੀ ਯਾਦਗਾਰ ਨੂੰ ਵਿਲੱਖਣ ਰੂਪ ਦੇਣ ਦੀ ਥਾਂ ਇਸ ਕੰਪਲੈਕਸ ਵਿਚ ਬਣੇ ਹੋਰ ਗੁਰਦੁਆਰਾ ਸਾਹਿਬਾਨਾਂ ਵਾਂਗ ਉਸਾਰ ਕੇ ਹੁਣ 'ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੀ ਯਾਦਗਾਰ' ਵਾਲੀ ਮੰਗ ਦਾ ਸਦਾ ਲਈ ਭੋਗ ਪਾ ਦਿੱਤਾ ਗਿਆ ਹੈ ਉਥੇ ਸਾਨੂੰ ਇਹ ਸਮਝਣ ਵਿਚ ਇਕ ਪਲ ਵੀ ਨਹੀਂ ਲੱਗਣਾ ਚਾਹੀਦਾ ਕਿ ਇਸ ਸਮੇਂ ਸਿੱਖ ਕੌਮ ਕਥਿਤ ਅਗਵਾਈ ਕਰ ਰਹੇ ਆਗੂਆਂ ਦੇ ਮਨ ਵਿਚ ਸਿੱਖ ਕੌਮ ਪ੍ਰਤੀ ਇਕ ਰੱਤੀ-ਮਾਸਾ ਵੀ ਮੋਹ ਨਹੀਂ ਸਗੋਂ ਉਹ ਆਪਣੇ ਸਿਆਸੀ ਆਗੂਆਂ ਨੂੰ ਰਾਜਨੀਤਕ ਫਾਇਦਾ ਪਹੁੰਚਾਉਣ ਲਈ ਕੌਮ ਦੇ ਵੱਡੇ ਮਸਲਿਆਂ ਨੂੰ ਆਪਣੇ ਹੱਥੀਂ ਉਲਟ ਪਾਸੇ ਤੋਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਸਿੱਖ ਵਿਦਵਾਨ ਸੱਜਣ ਵਾਰ-ਵਾਰ ਇਹ ਕਹਿੰਦੇ ਆਏ ਹਨ ਕਿ ਪੰਥ ਨੂੰ ਜੋਕ ਵਾਂਗੂ ਚਿੰਮੜੀਆਂ ਇਹਨਾਂ ਅਖੌਤੀ ਸਿੱਖ ਸ਼ਖਸੀਅਤਾਂ ਨੂੰ ਆਗੂਪੁਣੇ ਤੋਂ ਪਾਸੇ ਕਰੇ ਬਗੈਰ ਕੌਮ ਦੇ ਮਸਲੇ ਹੱਲ ਨਹੀਂ ਹੋਣੇ ਇਸ ਲਈ ਸਭ ਸਿੱਖ ਸੰਗਤਾਂ ਨੂੰ ਇਸ ਪ੍ਰਬੰਧਕੀ ਨਿਜ਼ਾਮ ਨੂੰ ਪਾਸੇ ਕਰਨ ਲਈ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇ ਅਜੇ ਵੀ ਕੌਮ ਬੇਫਿਕਰੀ ਦੀ ਗੂੜ੍ਹੀ ਨੀਂਦ ਦੇ ਵੱਸ ''ਚਲੋ ਕੋਈ ਗੱਲ ਨਹੀਂ'' ਨਾਲ ਸਬਰ ਕਰਦੀ ਰਹੀ ਤਾਂ ਸਾਨੂੰ ਇਹ ਮੰਨਣ ਵਿਚ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਭਾਰਤ ਵਿਚ ਸਿੱਖਾਂ ਦੀ ਹਾਲਤ ਜੈਨੀਆਂ, ਬੋਧੀਆਂ, ਪਾਰਸੀਆਂ ਵਰਗੀ ਹੋਣ ਵਿਚ ਜ਼ਿਆਦਾ ਸਮਾਂ ਬਾਕੀ ਨਹੀਂ ਰਹਿ ਗਿਆ। ਇਹਨਾਂ ਹਾਲਤਾਂ ਦੇ ਮੱਦੇਨਜ਼ਰ ਸਾਨੂੰ ਕੌਮ ਦੇ ਹਿੱਤਾਂ ਲਈ ਜਾਗਣਾ ਬਹੁਤ ਜ਼ਰੂਰੀ ਹੋ ਗਿਆ ਹੈ। ਅਸੀਂ ਪੂਰੀ ਕੌਮ ਦੀ ਬੇੜੀ ਦੇ ਮਲਾਹ ਉਹਨਾਂ ਲੋਕਾਂ ਨੂੰ ਨਾ ਬਣਾਈਏ ਜਿਹੜੇ ਸਾਗਰ ਦੇ ਅੱਧ ਵਿਚਕਾਰ ਜਾ ਕੇ ਦੁਸ਼ਮਣਾਂ ਨਾਲ ਸਮਝੌਤਾ ਕਰ ਲੈਣ। ਇਸ ਸਮੇਂ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨਾ ਅਤੇ ਸ਼ਹੀਦੀ ਯਾਦਗਾਰ ਦੀ ਕੌਮੀ ਗਤੀਸ਼ੀਲਤਾ ਨੂੰ ਰੋਕਣਾ ਸਿੱਖ ਕੌਮ ਦੇ ਆਗੂਆਂ ਦੇ ਦਿਲ ਦੀ ਤਸਵੀਰ ਨੂੰ ਪਰਦੇ 'ਤੇ ਰੂਪਮਾਨ ਕਰ ਦਿੱਤਾ ਹੈ ਜਿਸ ਤੋਂ ਇਹਨਾਂ ਦੇ ਅਸਲੀ ਚਿਹਰਿਆਂ ਦੀ ਪਛਾਣ ਕਰਨੀ ਮੁਸ਼ਕਲ ਨਹੀਂ ਰਹਿ ਜਾਂਦੀ।